ਆਜ਼ਾਦੀ ਦੀ ਲੜਾਈ ਵਿਚ ਪੰਜ ਭਗਤ ਸਿੰਘ ਹੋਏ ਸਨ ਸ਼ਹੀਦ

ਚੰਡੀਗੜ੍ਹ: ਆਜ਼ਾਦੀ ਦੀ ਲੜਾਈ ਵਿਚ ਆਪਣਾ ਸਭ ਕੁਝ ਵਾਰ ਦੇਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂ ਤਾਂ ਸਾਰੀ ਦੁਨੀਆਂ ਜਾਣਦੀ ਹੈ, ਪਰ ਰੋਚਕ ਗੱਲ ਇਹ ਹੈ ਕਿ ਦੇਸ਼ ਖਾਤਰ ਇਕ ਭਗਤ ਸਿੰਘ ਨਹੀਂ, ਬਲਕਿ ਪੰਜ ਭਗਤ ਸਿੰਘ ਸ਼ਹੀਦ ਹੋਏ ਸਨ। ਇਨ੍ਹਾਂ ਵਿਚੋਂ ਸ਼ਹੀਦ-ਏ-ਆਜ਼ਮ ਤੋਂ ਇਲਾਵਾ ਤਿੰਨ ਦਾ ਸਬੰਧ ਅੰਮ੍ਰਿਤਸਰ ਤੇ ਇਕ ਦਾ ਸਬੰਧ ਫਿਰੋਜ਼ਪੁਰ ਨਾਲ ਸੀ।

ਇਸ ਦਾ ਖੁਲਾਸਾ ਕੇਂਦਰ ਸਰਕਾਰ ਵੱਲੋਂ ਜਾਰੀ ਡਿਕਸ਼ਨਰੀ ਆਫ ਮਾਰਟੀਅਰਜ਼ ਵਿਚ ਕੀਤਾ ਗਿਆ ਹੈ। ਬਠਿੰਡਾ ਨਿਵਾਸੀ ਹਰਮਿਲਾਪ ਸਿੰਘ ਗਰੇਵਾਲ ਨੇ ਸੂਚਨਾ ਦੇ ਅਧਿਕਾਰ ਤਹਿਤ ਰਾਸ਼ਟਰਪਤੀ ਤੋਂ ਜਾਣਕਾਰੀ ਮੰਗੀ ਸੀ ਕਿ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਮਿਲਿਆ ਹੈ ਜਾਂ ਨਹੀਂ? ਇਸ ਦੇ ਜਵਾਬ ਵਿਚ ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਦੱਸਿਆ ਕਿ ਸਾਲ 2008 ਵਿਚ ਸਰਕਾਰ ਨੇ ਦੇਸ਼ ਖਾਤਰ ਸ਼ਹੀਦ ਹੋਣ ਵਾਲੇ ਦੇਸ਼ ਭਗਤਾਂ ਦੀ ਜਾਣਕਾਰੀ ਇਕੱਠੀ ਕਰਨ ਦਾ ਹੁਕਮ ਦਿੱਤਾ ਸੀ।
ਇਸ ਤੋਂ ਬਾਅਦ 2012 ‘ਚ ਡਿਕਸ਼ਨਰੀ ਆਫ ਮਾਰਟੀਅਰਜ਼ ਰਿਲੀਜ਼ ਕੀਤੀ ਗਈ। ਇਸ ਵਿਚ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਨਾਲ ਹੀ ਦੱਸਿਆ ਗਿਆ ਕਿ ਦੇਸ਼ ਖਾਤਰ ਪੰਜ ਭਗਤ ਸਿੰਘ ਨਾਂ ਦੇ ਨੌਜਵਾਨ ਸ਼ਹੀਦ ਹੋਏ ਹਨ। ਡਿਕਸ਼ਨਰੀ ‘ਚ 1857 ਤੋਂ 1947 ਵਿਚਾਲੇ ਸ਼ਹੀਦ ਹੋਣ ਵਾਲੇ ਸਾਰੇ ਦੇਸ਼ ਭਗਤਾਂ ਦਾ ਜ਼ਿਕਰ ਹੈ। ਅਣਵੰਡੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ ਨਿਵਾਸੀ ਭਗਤ ਸਿੰਘ ਨੂੰ ਆਜ਼ਾਦੀ ਲਈ 8 ਅਪਰੈਲ 1929 ਨੂੰ ਨੈਸ਼ਨਲ ਅਸੈਂਬਲੀ ਵਿਚ ਬੰਬ ਸੁੱਟਣ ਦੇ ਮਾਮਲੇ ‘ਚ 23 ਮਾਰਚ 1931 ਨੂੰ ਲਾਹੌਰ ਕੇਂਦਰੀ ਜੇਲ੍ਹ ‘ਚ ਸੁਖਦੇਵ ਤੇ ਰਾਜਗੁਰੂ ਨਾਲ ਫਾਂਸੀ ਦਿੱਤੀ ਗਈ ਸੀ। ਇਸ ਸਬੰਧੀ ਫਿਰੋਜ਼ਪੁਰ ‘ਚ ਐਫ਼ ਆਈæ ਆਰæ ਦਰਜ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤਾਵਾ ਖੁਰਦ ਨਿਵਾਸੀ ਸਿੱਖ ਜੱਟ ਭਗਤ ਸਿੰਘ ਨੂੰ ਵੀ ਕੇਂਦਰ ਸਰਕਾਰ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ। ਉਹ ਗੁਰੂ ਕੇ ਬਾਗ ਅੰਮ੍ਰਿਤਸਰ ਅਗਸਤ 1922 ‘ਚ ਪੁਲਿਸ ਲਾਠੀਚਾਰਜ ‘ਚ ਸ਼ਹੀਦ ਹੋਏ ਸਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤੋਸੜਾ ਟੋਡਾ ਖੁਰਦ ਨਿਵਾਸੀ ਭਗਤ ਸਿੰਘ 1922 ਵਿਚ ਅੰਮ੍ਰਿਤਸਰ ਵਿਚ ਗੁਰੂ ਕੇ ਬਾਗ ਤੱਕ ਸ਼ਾਂਤਮਈ ਢੰਗ ਨਾਲ ਕੱਢੇ ਗਏ ਸਿੱਖ ਜਥੇ ਵਿਚ ਸ਼ਾਮਲ ਸਨ, ਪਰ ਲਾਠੀਚਾਰਜ ‘ਚ ਸ਼ਹੀਦ ਹੋ ਗਏ। ਉਹ ਅਕਾਲੀ ਮੂਵਮੈਂਟ ਵਿਚ ਵੀ ਸ਼ਾਮਲ ਸਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਤੇਰਾ ਖੁਰਦ ਪਿੰਡ ਦੇ ਭਗਤ ਸਿੰਘ ਪੁਲਿਸ ਲਾਠੀਚਾਰਜ ‘ਚ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਅੰਗਰੇਜ਼ਾਂ ਖਿਲਾਫ ਅਕਾਲੀ ਲਹਿਰ ‘ਚ ਹਿੱਸਾ ਲਿਆ ਸੀ। ਪੁਲਿਸ ਰਿਕਾਰਡ ਮੁਤਾਬਕ ਉਹ 4 ਦਸੰਬਰ 1922 ਨੂੰ ਸ਼ਹੀਦ ਹੋਏ ਸਨ। ਉਨ੍ਹਾਂ ਦੇ ਦੋ ਪੁੱਤਰ ਸਨ।
ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਬਾਨਾ ਨਿਵਾਸੀ ਭਗਤ ਸਿੰਘ ਗੁਰੀਲਾ ਰੈਜੀਮੈਂਟ ‘ਚ ਸਨ, ਪਰ ਸ਼ਹੀਦ ਕਿਵੇਂ ਹੋਏ, ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੂਚਨਾ ਅਧਿਕਾਰ ਤਹਿਤ ਕੇਂਦਰ ਸਰਕਾਰ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਜਦ 2012 ਵਿਚ ਸਾਰਿਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ? ਜੇ ਨਹੀਂ ਕੀਤੀ ਗਈ ਤਾਂ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਦਾ ਬਿਨਾ ਦੇਰੀ ਸਨਮਾਨ ਕੀਤਾ ਜਾਵੇ।
___________________________________________
ਸਾਂਡਰਸ ਨੂੰ ਮਾਰਨ ਵਾਲੀ ਪਿਸਤੌਲ ਦੀ ਪਛਾਣ ਹੋਈ
ਇੰਦੌਰ: 90 ਸਾਲ ਪਹਿਲਾਂ 17 ਦਸੰਬਰ, 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਨੇ ਅੰਗਰੇਜ਼ ਅਫਸਰ ਜਾਨ ਸਾਂਡਰਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਪਿਸਤੌਲ ਨਾਲ ਸਾਂਡਰਸ ‘ਤੇ ਗੋਲੀ ਚਲਾਈ ਗਈ ਸੀ, ਉਹ ਇੰਦੌਰ ਦੇ ਇਕ ਸੀæਐਸ਼ਡਬਲਿਊæਟੀæ ਮਿਊਜ਼ੀਅਮ ਵਿਚ ਰੱਖੀ ਸੀ, ਪਰ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਹੁਣ ਇਸ ਪਿਸਤੌਲ ਦੀ ਪਛਾਣ ਕਰ ਲਈ ਗਈ ਹੈ ਅਤੇ ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖਣ ਪਹੁੰਚ ਰਹੇ ਹਨ। ਇੰਦੌਰ ਸਥਿਤ ਸੀæਐਸ਼ਡਬਲਿਊæਟੀæ ਸੀਮਾ ਸੁਰੱਖਿਆ ਬਲ ਦੇ ਰੇਓਟੀ ਫਾਈਰਿੰਗ ਰੇਂਜ ‘ਚ ਡਿਸਪਲੇ ‘ਤੇ ਭਗਤ ਸਿੰਘ ਦੀ ਗੰਨ ਦੀ ਜ਼ਿੰਮੇਵਾਰੀ ਸੀæਐਸ਼ ਡਬਲਿਊæਟੀæ ਮਿਊਜ਼ੀਅਮ ਦੇ ਸੁਰੱਖਿਆ ਅਸਿਸਟੈਂਟ ਕਮਾਡੈਂਟ ਵਿਜੇਂਦਰ ਸਿੰਘ ਦੀ ਹੈ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਦੀ ਪਿਸਤੌਲ ਸੀਰੀਅਲ ਨੰਬਰ ਸਾਂਡਰਸ ਦੇ ਕੇਸ ਰਿਕਾਰਡ ਨਾਲ ਚੈਕ-ਮੈਚ ਕੀਤਾ ਤਾਂ ਦੋਵਾਂ ਦੇ ਨੰਬਰ ਇਕ ਹੀ ਨਿਕਲੇ। ਭਗਤ ਸਿੰਘ ਦੀ æ32 ਐਮæਐਮæ ਦੀ ਕੋਲਟ ਆਟੋਮੈਟਿਕ ਗੰਨ 90 ਸਾਲ ਬਾਅਦ ਸਟੋਰ ਰੂਮ ‘ਚੋਂ ਕੱਢ ਕੇ ਡਿਸਪਲੇ ‘ਤੇ ਲਗਾਈ ਗਈ ਹੈ। ਸੀæਐਸ਼ਡਬਲਿਊæਟੀæ ਮਿਊਜ਼ੀਅਮ ‘ਚ ਦੂਸਰੇ ਵਿਸ਼ਵ ਯੁੱਧ ਦੇ ਸਮੇਂ ਦੇ ਵੀ ਹਥਿਆਰ ਰੱਖੇ ਹੋਏ ਹਨ।