ਕਹਿ ਰਵਿਦਾਸ ਨਿਦਾਨਿ ਦਿਵਾਨੇ

ਗੁਰੂ ਗ੍ਰੰਥ ਸਾਹਿਬ ਵਿਚ ਜਾਤ-ਪਾਤ ਦੇ ਭਿੰਨ-ਭੇਦ ਤੋਂ ਉਪਰ ਉਠ ਕੇ ਸਮੂਹ ਭਗਤਾਂ-ਸੰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਸਗੋਂ ਕਈ ਥਾਂ ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਆਪਣੇ ਤੋਂ ਵੀ ਉਪਰ ਦਾ ਦਰਜਾ ਦਿੱਤਾ ਹੈ ਪਰ ਅੱਜ ਦੀ ਸਥਿਤੀ ਦਾ ਦੁਖਾਂਤ ਇਹ ਹੈ ਕਿ ਅਸੀਂ ਗੁਰੂ ਸਾਹਿਬਾਨ ਤੋਂ ਬੇਮੁਖ ਹੋ ਕੇ ਜਾਤ-ਪਾਤ ਦੇ ਚਿਹਨ ਚੱਕਰ ਵਿਚ ਫਸ ਗਏ ਹਾਂ। ਗੁਰੂ ਸਾਹਿਬਾਨ ਨੇ ਕਿਸੇ ਵੀ ਤਰ੍ਹਾਂ ਦੇ ਭਿੰਨ-ਭੇਦ ਤੋਂ ਸਾਨੂੰ ਮੁਕਤ ਕੀਤਾ ਸੀ ਪਰ

ਅੱਜ ਅਸੀਂ ਜਾਤਾਂ ਦੇ ਆਧਾਰ ‘ਤੇ ਆਪੋ ਆਪਣੇ ਗੁਰਦੁਆਰੇ ਬਣਾਈ ਬੈਠੇ ਹਾਂ। ਕੀ ਇਹ ਸਭ ਗੁਰਬਾਣੀ ਦੀ ਰੋਸ਼ਨੀ ਵਿਚ ਸਹੀ ਹੈ? ਹਥਲੇ ਲੇਖ ਵਿਚ ਲੇਖਕ ਨੇ ਇਹੀ ਸਵਾਲ ਉਠਾਇਆ ਹੈ। -ਸੰਪਾਦਕ
ਜਸਵੰਤ ਸਿੰਘ ਜ਼ਫ਼ਰ
ਫੋਨ:91-96461-18208
ਸਿੱਖ ਲਹਿਰ ਸੁਤੰਤਰਤਾ, ਸਮਾਜਕ ਨਿਆਂ ਅਤੇ ਨਿਮਨ ਵਰਗ ਦੇ ਉਥਾਨ ਅਤੇ ਬਰਾਬਰੀ ਦੇ ਹੋਕੇ ਨਾਲ ਪੂਰੇ ਪੂਰਬੀ ਅਰਧ ਗੋਲੇ ‘ਤੇ ਇਕ ਦਮ ਉਭਰੀ ਸੀ ਜੋ ਪੂਰੀ ਮਨੁੱਖਤਾ ਨੂੰ ਹਰ ਤਰ੍ਹਾਂ ਨਾਲ ਬੁਲੰਦੀਆਂ ‘ਤੇ ਪਹੁੰਚਾਉਣ ਵਾਲੀ ਲੀਡਰਸ਼ਿਪ ਦੇਣ ਦੀ ਸੰਭਾਵਨਾ ਨਾਲ ਓਤਪੋਤ ਸੀ। ਇਸ ਨੇ ਸੰਸਾਰ ਭਰ ਦੇ ਦਲਿਤਾਂ, ਦਮਿਤਾਂ ਅਤੇ ਸ਼ੋਸ਼ਤ ਲੋਕਾਂ ਦਾ ਝੰਡਾ ਬਣਨਾ ਸੀ। ਕਮਜ਼ੋਰ ਬੰਦੇ, ਭਾਈਚਾਰੇ ਜਾਂ ਦੇਸ਼ ਨੂੰ ਡਰਾਉਣ ਵਾਲੇ ਹਰ ਜਾਬਰ ਅਤੇ ਸਾਮਰਾਜੀਏ ਲਈ ਖੌਫ ਬਣਨਾ ਸੀ। ਪਰ ਵਿਹਾਰਕ ਰੂਪ ਵਿਚ ਅਜਿਹਾ ਹੋ ਨਹੀਂ ਸਕਿਆ। ਅੱਜ ਅਸੀਂ ਕੇਵਲ ‘ਵੱਖਰੀ ਪਛਾਣ’ ਦਾ ਫਿਕਰ ਕਰਨ ਜੋਗੇ ਰਹਿ ਗਏ ਹਾਂ। ਚਿੰਤਨ ਗੋਚਰੀ ਗੱਲ ਇਹ ਹੈ ਕਿ ਅਸੀਂ ਕਿਧਰੇ ਕੇਸਾਂ ਅਤੇ ਪੱਗਾਂ ਦੇ ਦਿਖਾਵੇ ਨਾਲ ਹੀ ਗੁਜ਼ਰ ਬਸਰ ਅਤੇ ਸਬਰ ਕਰਨ ਜੋਗੇ ਨਾ ਰਹਿ ਜਾਈਏ। ਅਸਲ ਵਿਚ ਅਸੀਂ ਆਪਣੀਆਂ ਵਿਚਾਰਧਾਰਕ ਜੜ੍ਹਾਂ ਨਾਲੋਂ ਨਿਖੜ ਕੇ ਸਿੱਖੀ ਦੀ ਮੂਲ ਤਾਸੀਰ ਗੁਆਈ ਜਾ ਰਹੇ ਹਾਂ। ਭਗਤ ਰਵਿਦਾਸ ਵਰਗੇ ਸਿਧਾਂਤਕਾਰਾਂ ਅਤੇ ਚਿੰਤਕਾਂ ਦੀ ਰਚਨਾ ਨੂੰ ਸਮੁੱਚੇ ਭਾਈਚਾਰੇ ਦੇ ਵਿਰਾਸਤੀ ਗੌਰਵ ਦੇ ਰੂਪ ਵਿਚ ਸਥਾਪਿਤ ਕਰਨ ਦੀ ਲੋੜ ਹੈ।
ਗੁਰੂ ਨਾਨਕ ਨੇ ਲੰਮੀਆਂ ਵਾਟਾਂ ਮਾਰ ਕੇ ਗੁਰਮਤਿ ਗਿਆਨ ਪ੍ਰਕਾਸ਼ ਦੇ ਸਰੋਤਾਂ ਦੀ ਪਛਾਣ ਕਰਕੇ ਵੱਖ ਵੱਖ ਬਾਣੀਕਾਰਾਂ ਦੀ ਬਾਣੀ ਕਰੜੀ ਮਿਹਨਤ ਨਾਲ ਇਕੱਠੀ ਕੀਤੀ। ਉਨ੍ਹਾਂ ਤੋਂ ਪੌਣੀ ਕੁ ਸਦੀ ਪਹਿਲਾਂ ਹੋਏ ਭਗਤ ਰਵਿਦਾਸ ਦੀ ਬਾਣੀ ਗੁਰਮਤਿ ਗਿਆਨ ਅਤੇ ਗੁਰਮਤਿ ਚਿੰਤਨ ਦਾ ਅਹਿਮ ਖਜਾਨਾ ਸੀ। ਇਹ ਬਾਣੀ ਗੁਰੂ ਨਾਨਕ ਨੇ ਸੰਭਾਲ ਕੇ ਹੋਰ ਬਾਣੀਕਾਰਾਂ ਅਤੇ ਆਪਣੀ ਬਾਣੀ ਸਹਿਤ ਪੋਥੀ ਸਾਹਿਬ ਦੇ ਰੂਪ ਵਿਚ ਆਪਣੇ ਵਾਰਿਸ ਭਾਈ ਲਹਿਣੇ ਨੂੰ ਗੁਰਿਆਈ ਦੇ ਰੂਪ ਵਿਚ ਸੌਂਪੀ। ਗੁਰੂ ਅਮਰਦਾਸ ਨੇ ਇਸ ਬਾਣੀ ਨੂੰ ‘ਸੱਚ’ ਕਿਹਾ:
ਵਾਹੁ ਵਾਹੁ ਬਾਣੀ ਸਚੁ ਹੈ
ਗੁਰਮੁਖਿ ਲਧੀ ਭਾਲਿ॥
ਵਾਹੁ ਵਾਹੁ ਸਬਦੇ ਉਚਰੈ
ਵਾਹੁ ਵਾਹੁ ਹਿਰਦੈ ਨਾਲਿ॥ (ਪੰਨਾ 514)
ਇਸ ਤੋਂ ਬਾਅਦ ਹੋਰ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਰਚਨਾ ਸ਼ਾਮਿਲ ਹੋਣ ਨਾਲ ਇਸ ਪੋਥੀ ਸਾਹਿਬ ਨੇ ਗੁਰੂ ਅਰਜਨ ਦੇਵ ਤੱਕ ਪਹੁੰਚ ਕੇ ਆਦਿ ਸ੍ਰੀ ਗ੍ਰੰਥ ਸਾਹਿਬ ਦਾ ਰੂਪ ਧਾਰਨ ਕੀਤਾ। ਗੁਰੂ ਰਾਮਦਾਸ ਨੇ ਇਸ ਬਾਣੀ ਨੂੰ ਅੰਮ੍ਰਿਤ ਕਹਿ ਕੇ ਵਡਿਆਇਆ:
ਅੰਮ੍ਰਿਤ ਬਾਣੀ ਭਗਤ ਜਨਾ ਕੀ
ਮੇਰੀ ਜਿੰਦੁੜੀਏ ਮਨਿ ਸੁਣੀਐ
ਹਰਿ ਲਿਵ ਲਾਏ ਰਾਮ॥ (ਪੰਨਾ 538)
ਜੇ ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਸੱਚੀ ਬਾਣੀ ਮੰਨਦੇ ਹਾਂ ਤਾਂ ਗੁਰੂ ਅਮਰਦਾਸ ਮੁਤਾਬਕ ਭਗਤ ਰਵਿਦਾਸ ਸਮੇਤ ਇਹ ਸਾਰੇ ਬਾਣੀਕਾਰ ਸਾਡੇ ਸਤਿਗੁਰੂ ਹਨ:
ਬਾਣੀ ਤ ਕਚੀ ਸਤਿਗੁਰੂ ਬਾਝਹੁ
ਹੋਰ ਕਚੀ ਬਾਣੀ॥ (ਪੰਨਾ 920)
ਜੇ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਹੈ ਤਾਂ ਗੁਰੂ ਨਾਨਕ ਤੋਂ ਪਹਿਲਾਂ ਪੈਦਾ ਹੋਏ ਭਗਤ ਰਵਿਦਾਸ ਦੀ ਬਾਣੀ ਤਾਂ ਸਾਡੀ ਆਦਿ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 1192 ‘ਤੇ ਗੁਰੂ ਅਰਜਨ ਦੇਵ ਦਾ ਬਸੰਤ ਰਾਗ ਵਿਚ ਸ਼ਬਦ ਹੈ, ਜਿਸ ਵਿਚ ਉਹ ਗੁਰੂ ਨਾਨਕ ਦੇਵ ਨੂੰ ਰਿਸ਼ੀ ਬਾਲਮੀਕ ਅਤੇ ਧਰੂ ਭਗਤ ਤੋਂ ਚਲੀ ਆ ਰਹੀ ਭਗਤੀ ਪਰੰਪਰਾ ਦੀ ਨਿਰੰਤਰਤਾ ਵਜੋਂ ਦੇਖਦੇ ਹਨ। ਸ਼ਬਦ ਵਿਚ ਇਨ੍ਹਾਂ ਸਮੂਹ ਸੰਤਾਂ-ਭਗਤਾਂ ਨੂੰ ਨਮੋ ਕੀਤਾ ਗਿਆ ਹੈ। ਸ਼ਬਦ ਹੈ:
ਸੁਣਿ ਸਾਖੀ ਮਨ ਜਪਿ ਪਿਆਰ॥
ਅਜਾਮਲੁ ਉਧਰਿਆ ਕਹਿ ਏਕ ਬਾਰ॥
ਬਾਲਮੀਕੈ ਹੋਆ ਸਾਧਸੰਗੁ॥
ਧਰੂ ਕਉ ਮਿਲਿਆ ਹਰਿ ਨਿਸੰਗ॥
ਸ਼ਬਦ ਦੀ ਸਮਾਪਤੀ ਇਸ ਤਰ੍ਹਾਂ ਹੁੰਦੀ ਹੈ:
ਕਬੀਰਿ ਧਿਆਇਓ ਏਕ ਰੰਗ॥
ਨਾਮਦੇਵ ਹਰਿ ਜੀਉ ਬਸਹਿ ਸੰਗਿ॥
ਰਵਿਦਾਸ ਧਿਆਏ ਪ੍ਰਭ ਅਨੂਪ॥
ਗੁਰ ਨਾਨਕ ਦੇਵ ਗੋਵਿੰਦ ਰੂਪ॥
ਜਿਸ ਭਗਤੀ ਪਰੰਪਰਾ ਨੂੰ ਗੁਰੂ ਨਾਨਕ ਦੇਵ ਨੇ ਇਕ ਸ਼ਕਤੀਸ਼ਾਲੀ ਲਹਿਰ ਵਿਚ ਤਬਦੀਲ ਕੀਤਾ, ਭਗਤ ਰਵਿਦਾਸ ਨੂੰ ਇਸ ਸ਼ਬਦ ਰਾਹੀਂ ਉਸ ਪਰੰਪਰਾ ਦਾ ਅਹਿਮ ਪੜਾਅ ਜਾਂ ਮੀਲ ਪੱਥਰ ਤਸਲੀਮ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 1207 ‘ਤੇ ਸਾਰੰਗ ਰਾਗ ਵਿਚ ਦਰਜ ਇਕ ਹੋਰ ਸ਼ਬਦ ਵਿਚ ਗੁਰੂ ਅਰਜਨ ਦੇਵ ਭਗਤ ਰਵਿਦਾਸ ਤੇ ਦੂਸਰੇ ਬਾਣੀਕਾਰਾਂ ਦੀ ਸ੍ਰੇਸ਼ਠਤਾ ਦਾ ਧਿਆਨ ਧਰਦੇ ਹਨ ਅਤੇ ਆਪਣਾ ਪ੍ਰੇਰਨਾ ਸਰੋਤ ਮੰਨਦੇ ਹਨ। ਇਸ ਤੋਂ ਵੀ ਵਧ ਕੇ, ਖੁਦ ਨੂੰ ਉਨ੍ਹਾਂ ਦੇ ਚਰਨਾਂ ਦੀ ਧੂੜ ਆਖਦੇ ਹਨ:
ਭਲੋ ਕਬੀਰੁ ਦਾਸੁ ਦਾਸਨ ਕੋ
ਊਤਮੁ ਸੈਨੁ ਜਨੁ ਨਾਈ॥
ਊਚ ਤੇ ਊਚ ਨਾਮਦੇਉ ਸਮਦਰਸੀ
ਰਵਿਦਾਸ ਠਾਕੁਰ ਬਣਿ ਆਈ॥
ਜੀਉ ਪਿੰਡੁ ਤਨੁ ਧਨੁ ਸਾਧਨ ਕਾ
ਇਹੁ ਮਨੁ ਸੰਤ ਰੇਨਾਈ॥
ਸੰਤ ਪ੍ਰਤਾਪਿ ਭਰਮ ਸਭਿ ਨਾਸੇ
ਨਾਨਕ ਮਿਲੇ ਗੁਸਾਈ॥
ਗੁਰੂ ਅਰਜਨ ਦੇਵ ਤੋਂ ਪਹਿਲਾਂ ਗੁਰੂ ਰਾਮਦਾਸ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 835 ‘ਤੇ ਬਿਲਾਵਲ ਰਾਗ ਵਿਚ ਦਰਜ ਸ਼ਬਦ ਰਾਹੀਂ ਭਗਤ ਰਵਿਦਾਸ ਅਤੇ ਹੋਰ ਸੰਤਾਂ-ਭਗਤਾਂ ਦੀ ਜ਼ਾਤ (ਸ਼ਖਸੀਅਤ) ਨੂੰ ਸਭ ਜਾਤਾਂ ਤੋਂ ਸ੍ਰੇਸ਼ਠ ਕਹਿ ਕੇ ਵਡਿਆਉਂਦੇ ਹਨ:
ਅੰਡਜ ਜੇਰਜ ਸੇਤਜ ਉਤਭੁਜ
ਸਭਿ ਵਰਨ ਰੂਪ ਜੀਅ ਜੰਤ ਉਪਈਆ॥
ਸਾਧੂ ਸਰਣਿ ਪਰੈ ਸੋ ਉਬਰੈ
ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ॥
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ
ਰਵਿਦਾਸੁ ਚਮਿਆਰੁ ਚਮਈਆ॥
ਭੱਟ ਕਲ ਨੇ ਆਪਣੇ ਸਵੱਈਆਂ ਵਿਚ ਇਨ੍ਹਾਂ ਆਦਿ ਸੰਤਾਂ-ਭਗਤਾਂ ਦਾ ਉਚੇਚਾ ਜ਼ਿਕਰ ਕੀਤਾ ਹੈ:
ਗੁਣ ਗਾਵੈ ਰਵਿਦਾਸੁ
ਭਗਤੁ ਜੈਦੇਵ ਤ੍ਰਿਲੋਚਨ॥
ਨਾਮਾ ਭਗਤੁ ਕਬੀਰੁ ਸਦਾ ਗਾਵਹਿ
ਸਮ ਲੋਚਨ॥ (ਪੰਨਾ 1390)
ਇਸ ਤਰ੍ਹਾਂ ਹੋਰ ਬਾਣੀਕਾਰਾਂ ਦੀ ਰਚਨਾ ਵਿਚ ਭਗਤ ਰਵਿਦਾਸ ਦਾ ਆਦਰ ਭਰਿਆ ਜ਼ਿਕਰ ਉਨ੍ਹਾਂ ਦੀ ਗੁਰਮਤਿ ਅੰਦਰ ਵੱਡੀ ਵਡਿਆਈ ਨੂੰ ਸਥਾਪਿਤ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੇ ਸ੍ਰੀਰਾਗੁ ਵਿਚ 1, ਗਉੜੀ ਵਿਚ 2, ਗਉੜੀ ਬੈਰਾਗਣਿ ਵਿਚ 2, ਗਉੜੀ ਪੂਰਬੀ ਵਿਚ 1, ਆਸਾ ਰਾਗ ਵਿਚ 6, ਗੂਜਰੀ ਵਿਚ 1, ਸੋਰਠਿ ਵਿਚ 7, ਧਨਾਸਰੀ ਵਿਚ 3, ਜੈਤਸਰੀ ਵਿਚ 1, ਸੂਹੀ ਵਿਚ 3, ਬਿਲਾਵਲੁ ਵਿਚ 2, ਗੋਂਡ ਵਿਚ 2, ਰਾਮਕਲੀ ਵਿਚ 1, ਮਾਰੂ ਵਿਚ 2, ਕੇਦਾਰਾ ਵਿਚ 1, ਭੈਰਉ ਵਿਚ 1, ਬਸੰਤੁ ਵਿਚ 1 ਅਤੇ ਮਲਾਰ ਰਾਗ ਵਿਚ 3 ਸ਼ਬਦ ਮੌਜੂਦ ਹਨ। ਇਸ ਤਰ੍ਹਾਂ 18 ਰਾਗਾਂ ਵਿਚ ਉਨ੍ਹਾਂ ਦੇ ਕੁਲ 40 ਸ਼ਬਦ ਹਨ। ਪਰੰਤੂ ਉਨ੍ਹਾਂ ਦੇ ਬੋਲਾਂ, ਵਿਚਾਰਾਂ ਅਤੇ ਉਨ੍ਹਾਂ ਪ੍ਰਤੀ ਆਦਰ ਦੇ ਭਾਵ ਦੀ ਗੂੰਜ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਥਾਂ ਫੈਲੀ ਹੋਈ ਮਿਲਦੀ ਹੈ। ਗੁਰੂ ਸਾਹਿਬਾਨ ਦੇ ਭਗਤ ਰਵਿਦਾਸ ਪ੍ਰਤੀ ਸਤਿਕਾਰ ਅਤੇ ਆਤਮਿਕ ਨੇੜਤਾ ਕਾਰਨ ਉਨ੍ਹਾਂ ਦੀ ਬਾਣੀ ਵਿਚ ਭਗਤ ਰਵਿਦਾਸ ਦੇ ਬੋਲ ਆਪ ਮੁਹਾਰੇ ਆਣ ਮਿਲਦੇ ਹਨ। ਮਿਸਾਲ ਵਜੋਂ:
ਭਗਤ ਰਵਿਦਾਸ:
ਊਚੇ ਮੰਦਰ ਸੁੰਦਰ ਨਾਰੀ॥
ਰਾਮ ਨਾਮ ਬਿਨੁ ਬਾਜੀ ਹਾਰੀ॥
(ਪੰਨਾ 659)
ਗੁਰੂ ਨਾਨਕ:
ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ॥
ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ॥
(ਪੰਨਾ 412)
ਭਗਤ ਰਵਿਦਾਸ:
ਕਾਮ ਕ੍ਰੋਧ ਮਾਇਆ ਮਦ ਮਤਸਰ
ਇਨ ਪੰਚਹੁ ਮਿਲਿ ਲੂਟੇ॥ (ਪੰਨਾ 973)
ਗੁਰੂ ਅਰਜਨ ਦੇਵ:
ਕਾਮ ਕ੍ਰੋਧ ਮਾਇਆ ਮਦ ਮਤਸਰ
ਏ ਖੇਲਤ ਸਭਿ ਜੂਐ ਹਾਰੇ॥ (ਪੰਨਾ 379)
ਗੁਰੂ ਨਾਨਕ ਦੇਵ ਤੋਂ ਮਗਰਲੇ ਗੁਰੂ ਸਾਹਿਬਾਨ ਨੇ ਨਾਨਕ-ਮਾਰਗ ਦੇ ਪਾਂਧੀ ਹੋਣ ਕਰਕੇ ਆਪਣੇ ਆਪ ਨੂੰ ਬਾਣੀ ਵਿਚ ‘ਨਾਨਕ’ ਹੀ ਲਿਖਿਆ। ਭਗਤ ਕਬੀਰ ਦੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਲੋਕਾਂ ਵਿਚ ਕਈ ਥਾਂਈਂ ਜੋ ਸਲੋਕ ‘ਮਹਲਾ ਪੰਜਵਾਂ’ ਲਿਖ ਕੇ ਆਉਂਦੇ ਹਨ, ਉਨ੍ਹਾਂ ਵਿਚ ਗੁਰੂ ਅਰਜਨ ਦੇਵ ਨੇ ਆਪਣੇ ਨਾਂ ਲਈ ਨਾਨਕ ਦੀ ਬਜਾਏ ‘ਕਬੀਰ’ ਵਰਤਿਆ ਹੈ। ਇਸ ਗੱਲ ਨੂੰ ਭਗਤੀ ਲਹਿਰ ਦਾ ਵਿਚਾਰਧਾਰਕ ਪ੍ਰਵਾਹ ਕਹਿ ਸਕਦੇ ਹਾਂ ਕਿ ਭਗਤ ਕਬੀਰ ਨੇ ਆਪਣੇ ਇਕ ਸਲੋਕ ਵਿਚ ਖੁਦ ਨੂੰ ‘ਰਵਿਦਾਸ’ ਕਿਹਾ ਹੈ:
ਹਰਿ ਸੋ ਹੀਰਾ ਛਾਡਿ ਕੈ
ਕਰਹਿ ਆਨ ਕੀ ਆਸ॥
ਤੇ ਨਰ ਦੋਜਕ ਜਾਹਿਗੇ
ਸਤਿ ਭਾਖੈ ਰਵਿਦਾਸ॥ (ਪੰਨਾ 1377)
ਭਗਤ ਕਬੀਰ ਐਵੇਂ ਨਹੀਂ ਆਪਣੇ ਆਪ ਨੂੰ ਰਵਿਦਾਸ ਆਖਦੇ। ਉਹ ਆਪਣੀ ਸ਼ਖਸੀਅਤ ਦੀ ਬੁਲੰਦੀ ਪਿੱਛੇ ਭਗਤ ਰਵਿਦਾਸ ਦੀ ਹੋਂਦ ਦੇ ਮਹੱਤਵ ਨੂੰ ਪਛਾਣਦੇ ਸਨ। ਜਾਂ ਕਹਿ ਸਕਦੇ ਹਾਂ ਕਿ ਭਗਤ ਕਬੀਰ, ਭਗਤ ਰਵਿਦਾਸ ਦੇ ਬੋਲਾਂ ਨੂੰ ‘ਸਤਿ’ ਕਰਕੇ ਜਾਣਦੇ ਸਨ। ਇਸ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਉਨ੍ਹਾਂ ਦੀ ਬਾਣੀ ਵਿਚ ਭਗਤ ਰਵਿਦਾਸ ਦੇ ਬੋਲ ਕਿਵੇਂ ਘੁਲੇ-ਮਿਲੇ ਪਏ ਹਨ, ਸੋਚ ਮੰਡਲਾਂ ਵਿਚ ਭਗਤ ਰਵਿਦਾਸ ਕਿਵੇਂ ਛਾਏ ਹੋਏ ਹਨ। ਕਈ ਵਾਰ ਤਾਂ ਉਨ੍ਹਾਂ ਵਿਚੋਂ ਭਗਤ ਰਵਿਦਾਸ ਹੂਬਹੂ ਬੋਲਦੇ ਹਨ:
ਭਗਤ ਰਵਿਦਾਸ:
ਜਬ ਹਮ ਹੋਤੇ ਤਬ ਤੂ ਨਾਹੀ
ਅਬ ਤੂਹੀ ਮੈ ਨਾਹੀ॥ (ਪੰਨਾ 657)
ਭਗਤ ਕਬੀਰ:
ਜਬ ਹਮ ਹੋਤੇ ਤਬ ਤੁਮ ਨਾਹੀ
ਅਬ ਤੁਮ ਹਹੁ ਹਮ ਨਾਹੀ॥ (ਪੰਨਾ 339)
ਇਸ ਤਰ੍ਹਾਂ ਭਗਤ ਕਬੀਰ ਆਪਣੇ ਗੁਰਭਾਈ ਭਗਤ ਰਵਿਦਾਸ ਪ੍ਰਤੀ ਜਿਥੇ ਸਤਿਕਾਰ ਪ੍ਰਗਟ ਕਰਦੇ ਹਨ, ਉਥੇ ਉਨ੍ਹਾਂ ਦੇ ਵਿਚਾਰਾਂ ਦੀ ਪ੍ਰੋੜਤਾ ਵੀ ਕਰਦੇ ਹਨ। ਉਨ੍ਹਾਂ ਦੀ ਬਾਣੀ ਵਿਚ ਕਈ ਥਾਂਈਂ ਭਗਤ ਰਵਿਦਾਸ ਦੀਆਂ ਰਮਜ਼ਾਂ ਦਾ ਖੁਲਾਸਾ ਵੀ ਦੇਖ ਸਕਦੇ ਹਾਂ:
ਭਗਤ ਰਵਿਦਾਸ:
ਸੰਤ ਅਨੰਤਹਿ ਅੰਤਰੁ ਨਾਹੀ॥
(ਪੰਨਾ 486)
ਭਗਤ ਕਬੀਰ:
ਹਰਿ ਜਨੁ ਐਸਾ ਚਾਹੀਐ
ਜੈਸਾ ਹਰਿ ਹੀ ਹੋਇ॥ (ਪੰਨਾ 1372)
ਇਸ ਤੋਂ ਇਹ ਪੱਕਾ ਨਿਰਣਾ ਕਰਨਾ ਤਾਂ ਉਚਿਤ ਨਹੀਂ ਹੋਵੇਗਾ ਕਿ ਭਗਤ ਰਵਿਦਾਸ ਭਗਤ ਕਬੀਰ ਤੋਂ ਵਡੇਰੀ ਉਮਰ ਦੇ ਸਨ। ਉਨ੍ਹਾਂ ਦੀ ਜਨਮ ਮਿਤੀ ਜਾਂ ਸਾਲ ਸਬੰਧੀ ਕੋਈ ਪੱਕਾ ਪਤਾ ਨਹੀਂ ਹੈ। ਵੱਖ ਵੱਖ ਥਾਂਈਂ ਚੌਦਵੀਂ ਸਦੀ ਦੇ ਦੂਸਰੇ ਅੱਧ ਤੋਂ ਪੰਦਰਵੀਂ ਸਦੀ ਦੇ ਅਰੰਭ ਤੱਕ ਦੇ ਅਲੱਗ ਅਲੱਗ ਸਾਲ ਭਗਤ ਰਵਿਦਾਸ ਦੇ ਜਨਮ ਵਰ੍ਹੇ ਵਜੋਂ ਦਰਜ ਹਨ। ਇਨ੍ਹਾਂ ਮੁਤਾਬਕ ਉਹ ਭਗਤ ਨਾਮਦੇਵ ਨਾਲੋਂ ਲਗਭਗ ਸਦੀ-ਸਵਾ ਸਦੀ ਮਗਰੋਂ ਅਤੇ ਗੁਰੂ ਨਾਨਕ ਦੇਵ ਤੋਂ ਲਗਭਗ ਸਦੀ-ਪੌਣੀ ਸਦੀ ਪਹਿਲਾਂ ਪੈਦਾ ਹੋਏ ਹਨ। ਕੁਝ ਵਰ੍ਹਿਆਂ ਦੇ ਫਰਕ ਨਾਲ ਉਨ੍ਹਾਂ ਦਾ ਜੀਵਨ ਕਾਲ ਭਗਤ ਕਬੀਰ ਦੇ ਜੀਵਨ ਕਾਲ ਨਾਲ ਮਿਲਦਾ ਜੁਲਦਾ ਹੈ। ਆਪਣੀ ਬਾਣੀ ਵਿਚ ਕਈ ਥਾਂਈਂ ਭਗਤ ਰਵਿਦਾਸ ਨੇ ਭਗਤ ਕਬੀਰ ਪ੍ਰਤੀ ਜੋ ਸਤਿਕਾਰ ਪ੍ਰਗਟ ਕੀਤਾ ਹੈ, ਉਸ ਤੋਂ ਭਗਤ ਕਬੀਰ ਦੇ ਉਨ੍ਹਾਂ ਤੋਂ ਵਡੇਰੇ ਹੋਣ ਦਾ ਝਉਲਾ ਵੀ ਪੈਂਦਾ ਹੈ। ਭਗਤ ਕਬੀਰ ਦੀ ਬਾਣੀ ਵਿਚ ਖਾਸਾ ਕਰਾਰਾਪਨ ਹੈ ਅਤੇ ਭਗਤ ਰਵਿਦਾਸ ਦੀ ਬਾਣੀ ਵਿਚ ਮਿਠਾਸ ਤੇ ਹਲੀਮੀ ਵੱਧ ਹੈ। ਫਿਰ ਵੀ ਦੋਵਾਂ ਨੂੰ ਜਿੰਨਾ ਵਖਰਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਓਨੇ ਹੀ ਵੱਧ ਇਕ ਦੂਜੇ ਦੇ ਅੰਦਰੋਂ ਮਿਲਦੇ ਹਨ।
ਗੁਰੂ ਸਹਿਬਾਨ ਦਾ ਭਗਤ ਰਵਿਦਾਸ ਪ੍ਰਤੀ ਸਤਿਕਾਰ ਤੇ ਸ਼ਰਧਾ ਉਨ੍ਹਾਂ ਨਾਲ ਜੁੜੀਆਂ ਅਖੌਤੀ ਕਰਾਮਾਤਾਂ ਦੀਆਂ ਕਹਾਣੀਆਂ ਕਾਰਨ ਨਹੀਂ ਸਗੋਂ ਉਨ੍ਹਾਂ ਦੀ ਪ੍ਰੇਮਾ ਭਗਤੀ, ਸ਼ੁਭਚਿੰਤਨ ਅਤੇ ਵੈਰਾਗ ਨਾਲ ਭਰਪੂਰ ਸ਼ਖਸੀਅਤ ਕਾਰਨ ਹੈ, ਉਨ੍ਹਾਂ ਦੀ ਬਾਣੀ ਦੀ ਉਚਤਾ ਕਾਰਨ ਹੈ। ਸੰਖੇਪਤਾ ਇਸ ਬਾਣੀ ਦਾ ਉਘੜਵਾਂ ਗੁਣ ਹੈ। ਗੁਰੂ ਸਾਹਿਬਾਨ ਨੇ ਉਨ੍ਹਾਂ ਦੇ ਥੋੜ੍ਹੇ ਲਫਜ਼ਾਂ ‘ਚੋਂ ਬਹੁਤਾ ਸੁਣਿਆ। ਇਸੇ ਕਰਕੇ ਉਨ੍ਹਾਂ ਨੇ ਕਈ ਥਾਂਈਂ ਆਪਣੀ ਬਾਣੀ ਰਾਹੀਂ ਭਗਤ ਰਵਿਦਾਸ ਦੇ ਵਿਚਾਰਾਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੀ ਬਾਣੀ ਨੂੰ ਬਖਾਨਿਆਂ ਅਤੇ ਵਿਸਥਾਰਿਆ ਹੈ। ਮਿਸਾਲ ਵਜੋਂ ਗੁਰੂ ਗ੍ਰੰਥ ਸਾਹਿਬ ਦੇ ਪੰਨਾ 794 ਉਤੇ ਦਰਜ ਸ਼ਬਦ ਵਿਚ ਭਗਤ ਰਵਿਦਾਸ ਨੇ ਮਨੁੱਖ ਦੇ ਅੰਤ ਸਮੇਂ ਦਾ ਥੋੜ੍ਹੇ ਸ਼ਬਦਾਂ ਰਾਹੀਂ ਵਰਣਨ ਕੀਤਾ ਹੈ। ਗੁਰੂ ਤੇਗ ਬਹਾਦਰ ਨੇ ਪੰਨਾ 634 ‘ਤੇ ਦਰਜ ਸ਼ਬਦ ਰਾਹੀਂ ਭਗਤ ਰਵਿਦਾਸ ਦੇ ਇਸ ਸ਼ਬਦ ਨੂੰ ਵਿਸਥਾਰ ਨਾਲ ਸਮਝਾਇਆ ਹੈ। ਦੋਨਾਂ ਸ਼ਬਦਾਂ ਦੀਆਂ ਦੋ ਦੋ ਸਤਰਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ:
ਭਗਤ ਰਵਿਦਾਸ:
ਘਰ ਕੀ ਨਾਰਿ ਉਰਹਿ ਤਨ ਲਾਗੀ॥
ਉਹ ਤਉ ਭੂਤੁ ਭੂਤੁ ਕਰਿ ਭਾਗੀ॥
ਗੁਰੂ ਤੇਗ ਬਹਾਦਰ:
ਘਰ ਕੀ ਨਾਰਿ ਬਹੁਤੁ ਹਿਤੁ
ਜਾ ਸਿਉ ਸਦਾ ਰਹਤ ਸੰਗ ਲਾਗੀ॥
ਜਬ ਹੀ ਹੰਸ ਤਜੀ ਇਹ ਕਾਇਆ
ਪ੍ਰੇਤ ਪ੍ਰੇਤ ਕਰਿ ਭਾਗੀ॥
ਇਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵਿਦਾਸ ਦੇ ਬੋਲਾਂ, ਵਿਚਾਰਾਂ, ਸੰਕਲਪਾਂ ਅਤੇ ਸਰੋਕਾਰਾਂ ਦੇ ਬੀਜਾਂ, ਬੂਟਿਆਂ ਅਤੇ ਬਿਰਖਾਂ ਦੇ ਦਰਸ਼ਨ ਕਰ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਸਮੇਂ ਹਰੇਕ ਬਾਣੀ ਦੇ ਅੱਗੇ ਪਰਮਾਤਮਾ ਦੇ ਸੰਕਲਪ ਦਾ ਤੱਤ ਸਾਰ ਪੇਸ਼ ਕਰਨ ਵਾਲਾ ਜੋ ਪੂਰਾ ਜਾਂ ਸੰਖੇਪ ਮੂਲ ਮੰਤਰ ਦਰਜ ਕੀਤਾ ਗਿਆ ਹੈ, ਉਸ ਮੂਲ ਮੰਤਰ ਦੇ ਅਨੇਕਾਂ ਬੀਜ ਭਗਤ ਰਵਿਦਾਸ ਦੀ ਬਾਣੀ ਵਿਚ ਸੌਖਿਆਂ ਹੀ ਦਿਸ ਸਕਦੇ ਹਨ:
ਸੋਈ ਬਸਿ ਰਸਿ ਮਨ ਮਿਲੇ
ਗੁਨ ਨਿਰਗੁਨ ਏਕ ਬਿਚਾਰ॥ (ਪੰਨਾ 346)
ਸਰਬੇ ਏਕੁ ਅਨੇਕੈ ਸੁਆਮੀ
ਸਭ ਘਟ ਭੋਗਵੈ ਸੋਈ॥ (ਪੰਨਾ 657)
ਕਹਿ ਰਵਿਦਾਸ ਸਭੈ ਜਗੁ ਲੂਟਿਆ॥
ਹਮ ਤਉ ਏਕ ਰਾਮੁ ਕਹਿ ਛੂਟਿਆ॥
(ਪੰਨਾ 794)
ਏਕੁ ਮੁਕੰਦੁ ਕਰੈ ਉਪਕਾਰੁ॥
ਹਮਰਾ ਕਹਾ ਕਰੈ ਸੰਸਾਰੁ॥ (ਪੰਨਾ 875)
ਏਕ ਹੀ ਏਕ ਅਨੇਕ ਹੋਇ ਬਿਸਥਰਿਓ
ਆਨ ਰੇ ਆਨ ਭਰਪੂਰਿ ਸੋਊ॥
(ਪੰਨਾ 1293)
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ
ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥
(ਪੰਨਾ 694)
ਮਨ ਕਾ ਸੁਭਾਉ ਸਭੁ ਕੋਈ ਕਰੈ॥
ਕਰਤਾ ਹੋਇ ਸੁ ਅਨਭੈ ਰਹੈ॥
(ਪੰਨਾ 1167)
ਜਨ ਰਵਿਦਾਸ ਰਾਮ ਰੰਗਿ ਰਾਤਾ॥
ਇਉ ਗੁਰ ਪਰਸਾਦਿ ਨਰਕ ਨਹੀ ਜਾਤਾ॥
(ਪੰਨਾ 487)
ਤਨੁ ਮਨੁ ਅਰਪਉ ਪੂਜ ਚਰਾਵਉ॥
ਗੁਰ ਪਰਸਾਦਿ ਨਿਰੰਜਨੁ ਪਾਵਉ॥
(ਪੰਨਾ 525)
ਇਸ ਤਰ੍ਹਾਂ ਭਗਤ ਰਵਿਦਾਸ ਆਪਣੇ ਚਿੰਤਨ ਰਾਹੀਂ ਸਿੱਖ ਧਰਮ ਦਾ ਵਿਚਾਰਧਾਰਕ ਆਧਾਰ ਤਿਆਰ ਕਰਨ ਵਿਚ ਅਹਿਮ ਹਿੱਸਾ ਪਾਉਂਦੇ ਹਨ। ਇਨ੍ਹਾਂ ਸ਼ਬਦਾਂ ਤੋਂ ਇਲਾਵਾ ਉਨ੍ਹਾਂ ਦੀ ਬਾਣੀ ਵਿਚਲੀ ਬਹੁਤ ਸਾਰੀ ਸ਼ਬਦਾਵਲੀ ਸਿੱਖੀ ਦੀ ਪਛਾਣ ਦੀ ਸ਼ਬਦਾਵਲੀ ਬਣੀ। ਜਿਵੇਂ ਗੁਰੂ, ਸਤਿਗੁਰੂ, ਸੰਗਤ, ਸਾਧ ਸੰਗਤ, ਸੰਤ, ਸਿਮਰਨ, ਅੰਮ੍ਰਿਤ, ਪੰਥ ਆਦਿ:
ਪਰਮ ਪਰਸ ਗੁਰੁ ਭੇਟੀਐ
ਪੂਰਬ ਲਿਖਤ ਲਿਲਾਟ॥ (ਪੰਨਾ 346)
ਰਵਿਦਾਸ ਦਾਸ ਉਦਾਸ ਤਜੁ ਭ੍ਰਮੁ
ਤਪਨ ਤਪੁ ਗੁਰ ਗਿਆਨ॥
æææ
ਮਾਧਉ ਸਤਸੰਗਤਿ ਸਰਨਿ ਤੁਮਰੀ॥
ਹਮ ਅਉਗਨ ਤੁਮ ਉਪਕਾਰੀ॥
æææ
ਸਤਸੰਗਤਿ ਮਿਲਿ ਰਹੀਐ
ਮਾਧਉ ਜੈਸੇ ਮਧੁਪ ਮਖੀਰਾ॥
æææ
ਸੰਤ ਤੁਝੀ ਤਨੁ ਸੰਗਤਿ ਪ੍ਰਾਨ॥
ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ॥
(ਪੰਨਾ 486)
ਤੁਮ ਕਹੀਅਤ ਹੌ ਜਗਤ ਗੁਰ ਸੁਆਮੀ॥
ਹਮ ਕਹੀਅਤ ਕਲਿਜੁਗ ਕੇ ਕਾਮੀ॥
(ਪੰਨਾ 710)
ਸਾਧਸੰਗਤਿ ਬਿਨਾ ਭਾਉ ਨਹੀ ਊਪਜੈ
ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥
(ਪੰਨਾ 694)
ਮਿਲਤ ਪਿਆਰੋ ਪ੍ਰਾਨ ਨਾਥੁ
ਕਵਨ ਭਗਤਿ ਤੇ॥
ਸਾਧਸੰਗਤਿ ਪਾਈ ਪਰਮ ਗਤੇ॥
(ਪੰਨਾ 1293)
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ
ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ॥
ਮਨੁ ਸੁ ਮਧੁਕਰੁ ਕਰਉ
ਚਰਨ ਹਿਰਦੇ ਧਰਉ
ਰਸਨ ਅੰਮ੍ਰਿਤ ਰਾਮ ਨਾਮ ਭਾਖਉ॥
(ਪੰਨਾ 694)
ਪੁਰ ਸਲਾਤ ਕਾ ਪੰਥੁ ਦੁਹੇਲਾ॥
ਸੰਗਿ ਨ ਸਾਥੀ ਗਵਨੁ ਇਕੇਲਾ॥
(ਪੰਨਾ 793)
ਜਨਮੁ ਸਿਰਾਨੋ ਪੰਥੁ ਨ ਸਵਾਰਾ॥
ਸਾਂਝ ਪਰੀ ਦਹ ਦਿਸ ਅੰਧਿਆਰਾ॥
(ਪੰਨਾ 793)
ਭਗਤ ਰਵਿਦਾਸ ਦੀ ਰਚਨਾ ਵਿਚ ਉਨ੍ਹਾਂ ਦੀ ਕਿਰਤ ਅਤੇ ਕਾਰ ਵਿਹਾਰ ਨਾਲ ਜੁੜੀ ਸ਼ਬਦਾਵਲੀ ਕਈ ਥਾਂਈਂ ਸਾਹਮਣੇ ਆਉਂਦੀ ਹੈ: ਜਿਵੇਂ ਢੋਰ, ਜੁੱਤੀ, ਰੰਬੀ, ਆਰ, ਧਾਗਾ, ਤੋਪਾ, ਗੰਢ ਆਦਿ। ਇਹ ਸ਼ਬਦਾਵਲੀ ਉਨ੍ਹਾਂ ਦੀ ਰਚਨਾ, ਸ਼ਖਸੀਅਤ ਅਤੇ ਅਨੁਭਵ ਨਾਲ ਇਕਸੁਰਤਾ ਦੀ ਲਖਾਇਕ ਹੈ। ਆਧੁਨਿਕ ਸਮੇਂ ਵਿਚ ਪ੍ਰਗਤੀਵਾਦੀ ਅਖਵਾਉਣ ਵਾਲੇ ਲੋਕਾਂ ਨੇ ਕਿਰਤੀ ਨੂੰ ਕਿਰਤ ਦੇ ਗੌਰਵ ਅਤੇ ਅਨੰਦ ਤੋਂ ਵਿਛੁੰਨਣ ਦੀ ਬੜੀ ਸਰਗਰਮ ਅਤੇ ਅਸਰਦਾਰ ਭੂਮਿਕਾ ਨਿਭਾਈ ਹੈ। ਕਿਰਤ ਤੋਂ ਕਿਰਤੀ ਦਾ ਮੋਹ ਭੰਗ ਕਰਨ ਵਾਲੇ ਪਾਠ ਪੜ੍ਹਾਏ ਗਏ। ਪਰ ਭਗਤ ਰਵਿਦਾਸ ਕਿਰਤ ਦੇ ਗੌਰਵ ਅਤੇ ਅਨੰਦ ਦੇ ਨਾਲ ਨਾਲ ਕਿਰਤੀ ਦੇ ਸਵੈ-ਮਾਣ ਨੂੰ ਉਜਾਗਰ ਕਰਦੇ ਹਨ, ਕਿਰਤ ਨਾਲ ਜੁੜੀ ਗਿਲਾਨੀ ਨੂੰ ਹੂੰਝਦੇ-ਪੂੰਝਦੇ ਹਨ ਅਤੇ ਦੂਸਰਿਆਂ ਦੀ ਕਿਰਤ ਦੇ ਸਿਰ ‘ਤੇ ਪਲਣ ਵਾਲੇ ਅਖੌਤੀ ਉਚ ਵਰਗ ਨੂੰ ਸ਼ਰਮਿੰਦਗੀ ਦਾ ਗੱਫਾ ਪਰੋਸਦੇ ਹਨ। ਸਿੱਖ ਵਿਚਾਰਧਾਰਾ ਦੀਆਂ ਨੀਂਹਾਂ ਵਿਚ ਪਈ ਭਗਤ ਰਵਿਦਾਸ ਵਰਗੇ ਕਿਰਤੀਆਂ ਦੀਆਂ ਸ਼ਖਸੀਅਤਾਂ ਦੀ ਸ਼ਕਤੀ ਅਤੇ ਵਿਚਾਰਾਂ ਦੀ ਰੌਸ਼ਨੀ ਇਕੱਤਰ ਹੋ ਕੇ ਸਿੱਖ ਧਰਮ ਦਾ ਬੁਨਿਆਦੀ ਅਸੂਲ ‘ਕਿਰਤ ਕਰਨਾ’ ਬਣਦੀ ਹੈ। ਭਗਤ ਰਵਿਦਾਸ ਨੇ ਕਰੀਬ ਹਰੇਕ ਸ਼ਬਦ ਦੇ ਅੰਤ ਵਿਚ ਆਪਣੇ ਨਾਂ ਦੇ ਨਾਲ ਆਪਣੀ ਨੀਵੀਂ ਸਮਝੀ ਜਾਂਦੀ ਜਾਤ ਦਾ ਨਾਂ ਦਰਜ ਕਰਕੇ ਜਨਮ ਆਧਾਰਤ ਊਚ-ਨੀਚ ਵਾਲੇ ਜਾਤੀ ਪ੍ਰਬੰਧ ਦੀ ਨਿਮਰਤਾ ਦੀ ਜੁਗਤ ਨਾਲ ਖਿੱਲੀ ਉਡਾਈ ਹੈ। ਉਨ੍ਹਾਂ ਦੇ ਜਾਤ ਪਾਤ ਵਿਰੋਧੀ ਵਿਚਾਰਾਂ ਨੂੰ ਅਗਾਂਹ ਤੋਰਦੇ ਹੋਏ ਗੁਰੂ ਸਾਹਿਬਾਨ ਨੇ ਸਾਂਝੇ ਲੰਗਰਾਂ ਅਤੇ ਸਰੋਵਰਾਂ ਦੀ ਰਵਾਇਤ ਨਾਲ ਬਰਾਬਰੀ ਨੂੰ ਵਿਹਾਰਕ ਅਤੇ ਸਮਾਜਕ ਤੌਰ ‘ਤੇ ਵਿਸਥਾਰ ਦੇਣ ਦਾ ਮਹਾਨ ਕਾਰਜ ਕੀਤਾ।
‘ਕਿਰਤ ਕਰਨਾ’ ਤੋਂ ਬਾਅਦ ‘ਨਾਮ ਜਪਣਾ’ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ। ਸਾਰੇ ਬਾਣੀਕਾਰਾਂ ਨੇ ਧਰਮ ਦੇ ਨਾਂ ‘ਤੇ ਹੋਣ ਵਾਲੇ ਕਰਮ ਕਾਂਡਾਂ ਨੂੰ ਰੱਦ ਕੀਤਾ ਹੈ। ਇਨ੍ਹਾਂ ਦੀ ਥਾਂ ਪ੍ਰੇਮ ਭਗਤੀ ਜਾਂ ‘ਨਾਮ ਜਪਨ’ ਦੇ ਮਹੱਤਵ ਨੂੰ ਸਥਾਪਿਤ ਕੀਤਾ ਹੈ। ਕਰਮ ਕਾਂਡਾਂ ‘ਚੋਂ ਮੂਰਤੀਆਂ ਅੱਗੇ ਦੀਵੇ ਬਾਲ ਕੇ ਕੀਤੀ ਜਾਂਦੀ ਆਰਤੀ ਸਭ ਤੋਂ ਆਕਰਸ਼ਕ ਕਰਮ ਕਾਂਡ ਸੀ। ਇਸ ਸਬੰਧੀ ਕਈ ਬਾਣੀਕਾਰਾਂ ਦੀ ਬਾਣੀ ਸਾਡੇ ਸਾਹਮਣੇ ਹੈ, ਜਿਸ ‘ਚ ਇਸ ਰਸਮ ਪੂਰਤੀ ਦੀ ਥਾਂ ਸਮੁੱਚੀ ਸ੍ਰਿਸ਼ਟੀ ਦੇ ਕਰਤਾ ਦੇ ਬਲਿਹਾਰੇ ਜਾਣ ਦੀ ਗੱਲ ਕੀਤੀ ਗਈ। ਭਗਤ ਰਵਿਦਾਸ ਦੀ ਬਾਣੀ ਵਿਚ ਆਰਤੀ ਦੀ ਸਾਰੀ ਸਮੱਗਰੀ ਨੂੰ ਪਿਛਾਂਹ ਕਰਕੇ ਉਸ ਦੀ ਜਗ੍ਹਾ ‘ਨਾਮੁ’ ਨੂੰ ਵਡਿਆਇਆ ਗਿਆ ਹੈ:
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ
ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ
ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥
(ਪੰਨਾ 694)
ਆਰਤੀ ਦੇ ਹਵਾਲੇ ਨਾਲ ਭਗਤ ਕਬੀਰ, ਭਗਤ ਸੈਨ, ਭਗਤ ਪੀਪਾ ਅਤੇ ਭਗਤ ਧੰਨਾ ਤੋਂ ਬਾਅਦ ਗੁਰੂ ਨਾਨਕ ਦੇਵ ਨੇ ਬ੍ਰਹਿਮੰਡੀ ਆਰਤੀ ਸਬੰਧੀ ਸ਼ਾਹਕਾਰ ਰਚਨਾ ਕੀਤੀ:
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ॥
ਭਵ ਖੰਡਨਾ ਤੇਰੀ ਆਰਤੀ॥ (ਪੰਨਾ 13)
ਭਗਤ ਰਵਿਦਾਸ ਲਈ ਭਗਤੀ ਜਾਂ ਧਰਮ ਨਿਜੀ ਪ੍ਰਾਪਤੀ, ਖੁਸ਼ੀ ਜਾਂ ਮੁਕਤੀ ਲਈ ਨਹੀਂ, ਸਗੋਂ ਨਿਆਂ ਤੇ ਬਰਾਬਰੀ ਆਧਾਰਤ ਸਮਾਜ ਅਤੇ ਸੰਸਾਰ ਦਾ ਸੁਪਨਾ ਹੈ, ਜਿਥੇ ਹਰ ਕੋਈ ਖੁਸ਼ੀ, ਖੁਸ਼ਹਾਲੀ, ਸੁਤੰਤਰਤਾ ਅਤੇ ਮੁਹੱਬਤ ਭਰੇ ਜੀਵਨ ਦਾ ਭਾਗੀ ਬਣ ਸਕੇ। ਤਕੜੇ ਦੇ ਰੋਹਬ, ਜ਼ੁਲਮ ਅਤੇ ਸ਼ੋਸ਼ਣ ਦਾ ਕੋਈ ਸ਼ਿਕਾਰ ਨਾ ਹੋਵੇ:
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥
(ਪੰਨਾ 345)
ਇਹ ਸੁਪਨਾ ਗੁਰੂ ਸਾਹਿਬਾਨ ਦੁਆਰਾ ਖੜ੍ਹੀ ਕੀਤੀ ਗਈ ਸਿੱਖ ਲਹਿਰ ਦੇ ਏਜੰਡੇ ਦਾ ਕੇਂਦਰੀ ਨੁਕਤਾ ਬਣਿਆ। ਸਿੱਖੀ ਦੇ ਪ੍ਰਚਾਰ ਦਾ ਭਾਵ ਇਸ ਸੁਪਨੇ ਨੂੰ ਜਨ ਜਨ ਦੇ ਖੂਨ ਵਿਚ ਉਤਾਰਨਾ ਸੀ ਅਤੇ ਖਾਲਸਾ ਪੰਥ ਦੀ ਸਾਜਨਾ ਇਸ ਸੁਪਨੇ ਦੀ ਪੂਰਤੀ ਲਈ ਇਨਕਲਾਬੀ ਪ੍ਰਤਿਬੱਧਤਾ ਦਾ ਐਲਾਨ-ਨਾਮਾ ਸੀ। ਜਿਸ ਭਗਤ ਰਵਿਦਾਸ ਪ੍ਰਤੀ ਗੁਰੂ ਸਾਹਿਬਾਨ ਅਥਾਹ ਸ਼ਰਧਾ, ਸਤਿਕਾਰ, ਸਮਰਪਣ ਅਤੇ ਪ੍ਰਤਿਬੱਧਤਾ ਦਾ ਭਾਵ ਪ੍ਰਗਟ ਕਰਦੇ ਹਨ, ਉਨ੍ਹਾਂ ਪ੍ਰਤੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਦੇ ਸ਼ਰਧਾਲੂ ਅਖਵਾਉਣ ਵਾਲਿਆਂ ਦੇ ਮਨ ਵਿਚ ਅਥਾਹ ਸ਼ਰਧਾ ਅਤੇ ਸਤਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਸਤਿਕਾਰ ਜੇ ਗੁਰੂ ਸਾਹਿਬਾਨ ਤੋਂ ਵੱਧ ਨਹੀਂ ਤਾਂ ਘੱਟ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਪਰ ਅਫਸੋਸ ਹੈ ਕਿ ਅਸੀਂ ਜਦ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਉਨ੍ਹਾਂ ਦੀ ਬਾਣੀ ਦਾ ਜ਼ਿਕਰ ਕਰਦੇ ਹਾਂ ਤਾਂ ਵੀ ਸਾਡੀ ਭਾਵਨਾ ਉਨ੍ਹਾਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਵਾਲੀ ਨਹੀਂ, ਸਗੋਂ ਹੋਰ ਹੀ ਤਰ੍ਹਾਂ ਦੀ ਹੁੰਦੀ ਹੈ। ਉਨ੍ਹਾਂ ਦੇ ਬਹਾਨੇ ਅਸੀਂ ਆਪਣੀ ਵਡਿਆਈ ਕਰ ਰਹੇ ਹੁੰਦੇ ਹਾਂ ਕਿ ਦੇਖੋ ਅਸੀਂ ਕਿੰਨੇ ਮਹਾਨ ਹਾਂ ਜਿਨ੍ਹਾਂ ਦੇ ਗੁਰੂਆਂ ਨੇ ਰਵਿਦਾਸ ਭਗਤ ਵਰਗੇ ‘ਛੋਟਿਆਂ’ ਨੂੰ ਆਪਣੇ ਬਰਾਬਰ ਥਾਂ ਦਿੱਤੀ? ਪਰ ਕੀ ਅਸੀਂ ਆਪਣੇ ਮਨਾਂ ਵਿਚ ਜਾਂ ਆਪਣੇ ਵਤੀਰੇ ਵਿਚ ਉਨ੍ਹਾਂ ਨੂੰ ਗੁਰੂਆਂ ਬਰਾਬਰ ਥਾਂ ਦਿੱਤੀ ਹੈ? ਗੁਰੂ ਸਾਹਿਬਾਨ ਤਾਂ ਆਪਣਾ ਤਨ, ਮਨ, ਧਨ ਉਨ੍ਹਾਂ ਦੇ ਚਰਨਾਂ ਵਿਚ ਸੌਂਪਣ ਦੀ ਗੱਲ ਕਰਦੇ ਹਨ। ਪਰ ਅਸੀਂ ਆਪਣੇ ਆਪ ਨੂੰ ਭਗਤ ਰਵਿਦਾਸ ਦੇ ਨਾ ਕਹਾਉਣ ਜਾਂ ਹੋਣ ਦੀ ਗੁੱਝੀ ਪਰ ਵੱਡੀ ਅਤੇ ਖਤਰਨਾਕ ਝਿਜਕ ਦੇ ਸ਼ਿਕਾਰ ਹਾਂ। ਕੀ ਅਸੀਂ ਉਨ੍ਹਾਂ ਦੀ ਜਾਤੀ ਦੇ ਲੋਕਾਂ ਨੂੰ ਆਪਣੇ ਬਰਾਬਰ ਦੀ ਮਾਨਸ ਕੀ ਜਾਤ ਸਵੀਕਾਰਦੇ ਹਾਂ? ਭਗਤ ਰਵਿਦਾਸ ਦਾ ਪੁਰਬ ਮਨਾਉਣ ਦੀ ਜ਼ਿੰਮੇਵਾਰੀ ਸਿਰਫ ਉਨ੍ਹਾਂ ਦੀ ਜਾਤੀ ਦੇ ਲੋਕਾਂ ਦੀ ਹੀ ਕਿਉਂ ਸਮਝਦੇ ਹਾਂ? ਉਨ੍ਹਾਂ ਨੂੰ ਭਗਤ ਰਵਿਦਾਸ ਦੇ ਨਾਂ ‘ਤੇ ਵੱਖਰੇ ਗੁਰਦੁਆਰੇ ਜਾਂ ਮੰਦਿਰ ਬਣਾਉਣ ਦੀ ਲੋੜ ਕਿਉਂ ਪੈ ਰਹੀ ਹੈ?
ਅਸੀਂ ਸਿੱਖੀ ਤੇ ਕਾਬਜ਼ ਲੋਕ ਗੁਰੂਆਂ ਨੂੰ ਅੱਵਲ ਅਤੇ ਭਗਤਾਂ ਨੂੰ ਦੋਇਮ ਦਰਜੇ ਦੇ ਬਾਣੀਕਾਰ ਮੰਨਣ ਦੀ ਮਾਨਸਿਕ ਗੁੰਝਲ ਦੇ ਸ਼ਿਕਾਰ ਹਾਂ। ਸਾਡੇ ਵਲੋਂ ਦਿੱਤੀ ਜਾ ਰਹੀ ਅਜਿਹੀ ਮਾਨਤਾ ਦਾ ਸਿਗਨਲ ਜਦ ਉਨ੍ਹਾਂ ਦੀ ਜਾਤੀ ਦੇ ਰਵਿਦਾਸ ਨਾਮਲੇਵਾ ਲੋਕਾਂ ਨੂੰ ਮਿਲਦਾ ਹੈ ਤਾਂ ਉਹ ਭਗਤ ਰਵਿਦਾਸ ਨੂੰ ਉਚਾ ਕਰਨ ਦੀ ਕੋਸ਼ਿਸ਼ ਵਜੋਂ ਉਨ੍ਹਾਂ ਨੂੰ ਭਗਤ ਰਵਿਦਾਸ ਦੀ ਬਜਾਏ ਗੁਰੂ ਰਵਿਦਾਸ ਕਹਿਣਾ ਸ਼ੁਰੂ ਕਰਦੇ ਹਨ। ਇਸ ਨਾਲ ਸਾਨੂੰ ਹੋਰ ਤਕਲੀਫ ਹੁੰਦੀ ਹੈ ਕਿ ਇਹ ਆਪਣੇ ਰਵਿਦਾਸ ਨੂੰ ਸਾਡੇ ਗੁਰੂ ਨਾਨਕ ਅਤੇ ਦੂਸਰੇ ਗੁਰੂਆਂ ਦੇ ਬਰਾਬਰ ਪੇਸ਼ ਕਰਨ ਦੀ ਹਮਾਕਤ ਕਿਉਂ ਕਰਦੇ ਹਨ। ਇਸ ਤਰ੍ਹਾਂ ਦੋਨੋਂ ਧਿਰਾਂ ਨਾ ਕੇਵਲ ਖੁਦ ਤਣਾਓ ਦਾ ਸ਼ਿਕਾਰ ਹੁੰਦੀਆਂ ਹਨ ਸਗੋਂ ਗੁਰਬਾਣੀ ਦੇ ਸਾਂਝੀਵਾਲਤਾ, ਬਰਾਬਰੀ ਅਤੇ ਇਕਸੁਰਤਾ ਦੇ ਭਾਵ ਦੇ ਉਲਟ ਬਾਣੀਕਾਰਾਂ ਨੂੰ ਹੀ ਇਕ ਦੂਸਰੇ ਵਿਰੁਧ ਤਣਾਓ ਦੀ ਸਥਿਤੀ ਵਿਚ ਲਿਆ ਖੜ੍ਹੇ ਕਰਦੀਆਂ ਹਨ। ਇਹ ਤਣਾਓ ਸਿੱਖ ਧਰਮ ਦੀ ਅੰਤਰੀਵ ਸੱਤਿਆ ਨੂੰ ਘਟਾ ਕੇ ਇਸ ਨੂੰ ਵਿਆਪਕ ਸਮਾਜਕ ਅਤੇ ਰਾਜਨੀਤਕ ਕ੍ਰਾਂਤੀ ਵਿਚ ਰੁਪਾਂਤ੍ਰਿਤ ਹੋਣ ਤੋਂ ਰੋਕਦੇ ਹਨ। ਸਮਝਣ ਅਤੇ ਮਨਾਂ ਵਿਚ ਵਸਾਉਣ ਵਾਲੀ ਗੱਲ ਇਹ ਹੈ ਕਿ ਪੰਚਮ ਪਾਤਸ਼ਾਹ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੀ ਬਾਣੀ ਦੇ ਅਰੰਭ ਵਿਚ ਗੁਰੂ ਲਿਖਣ ਦੀ ਬਜਾਏ ਇਹ ਬਾਣੀ ਸਧਾਰਨ ਸੂਚਨਾ ਵਾਂਗ ਮਹਲਾ ਪਹਿਲਾ, ਮਹਲਾ ਦੂਜਾ, ਮਹਲਾ ਤੀਜਾ ਆਦਿ ਲਿਖ ਕੇ ਦਰਜ ਕੀਤੀ। ਪਰ ਭਗਤ ਰਵਿਦਾਸ ਦੇ ਸ਼ਬਦਾਂ ਅੱਗੇ ਬਾਣੀ ‘ਰਵਿਦਾਸ ਜੀ ਕੀ’ ਜਾਂ ‘ਰਵਿਦਾਸ ਜੀਉ ਕੀ’ ਲਿਖਿਆ ਹੈ, ਭਾਵ ਉਨ੍ਹਾਂ ਨੂੰ ਗੁਰੂ ਨਾਨਕ ਤੋਂ ਵੀ ਵੱਡਾ ਆਦਰ ਦਿੱਤਾ ਹੈ। ਗੁਰੂ ਸਾਹਿਬਾਨ ਨੇ ਹੋਰ ਪੂਰਬਲੇ ਬਾਣੀਕਾਰਾਂ ਦੇ ਨਾਲ ਨਾਲ ਉਨ੍ਹਾਂ ਨੂੰ ਆਪਣਾ ਪੁਰਖਾ ਮੰਨਿਆ ਅਤੇ ਉਨ੍ਹਾਂ ਨੂੰ ਆਪਣੇ ਤੋਂ ਉਚਾ ਸਥਾਨ ਦਿੱਤਾ। ਉਨ੍ਹਾਂ ਨੂੰ ਆਪਣੇ ਨਾਲ ਰਲਾਇਆ-ਬੈਠਾਇਆ ਨਹੀਂ ਸਗੋਂ ਆਪ ਉਨ੍ਹਾਂ ਦੇ ਨਾਲ ਰਲੇ ਬੈਠੇ ਹਨ:
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥ (ਪੰਨਾ 15)
ਇਸ ਲਈ ਸਮੂਹ ਬਾਣੀਕਾਰਾਂ ਪ੍ਰਤੀ ਹਰ ਵਰਗ ਦੇ ਸ਼ਰਧਾਲੂਆਂ ਦੇ ਰਵੱਈਏ ਨੂੰ ਦਰੁਸਤ ਕਰਨ ਲਈ ਇਹ ਜ਼ਰੂਰੀ ਹੈ ਕਿ ਜਾਤੀ ਕਾਰਨ ਭਗਤ ਰਵਿਦਾਸ ‘ਤੇ ਆਪਣਾ ਅਧਿਕਾਰ ਸਮਝਣ ਵਾਲੇ ਸ਼ਰਧਾਲੂਆਂ ਨੂੰ ਦੂਸਰੀਆਂ ਜਾਤੀਆਂ ਦੇ ਬਾਣੀਕਾਰਾਂ ਪ੍ਰਤੀ ਵੀ ਗੁਰੂ ਜਾਂ ਸਤਿਗੁਰੂ ਵਾਲਾ ਸਮਾਨ ਸਤਿਕਾਰ ਰੱਖਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਨੇ ਉਚ ਜਾਤ ਵਾਲਿਆਂ ਦੀ ਰੀਸ ਜਾਂ ਕੁਲੀਨਤਾ ਨੂੰ ਛੱਡ ਕੇ ‘ਤਿਨ ਕੇ ਸੰਗ ਸਾਥ’ ਨੂੰ ਚੁਣਿਆ। ਨੀਵੀਆਂ ਕਹੀਆਂ ਜਾਂਦੀਆਂ ਜਾਤਾਂ ਵਾਲੇ ਸਿੱਖ ਗੁਰੂ ਸਾਹਿਬਾਨ ਦੇ ਨਜ਼ਦੀਕੀ ਅਤੇ ਵਿਸ਼ਵਾਸ ਪਾਤਰ ਹੁੰਦੇ ਸਨ। ਕਿਸੇ ਵੇਲੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਨਾਲ ਇਸ ਸ਼ਰਤ ‘ਤੇ ਰਲਣ ਲਈ ਤਿਆਰ ਹੋ ਗਏ ਸਨ ਕਿ ਉਨ੍ਹਾਂ ਨੂੰ ਇਨ੍ਹਾਂ ਨੀਵੀਆਂ ਜਾਤਾਂ ਦੇ ਸਿੱਖਾਂ ਨਾਲੋਂ ਉਚੇਰਾ ਸਨਮਾਨ ਦਿੱਤਾ ਜਾਏ, ਪਰ ਗੁਰੂ ਸਾਹਿਬ ਨੇ ਅਜਿਹਾ ਮਨਜੂਰ ਨਹੀਂ ਸੀ ਕੀਤਾ। ਗੁਰੂ ਕਾਲ ਤੋਂ ਮਿਸਲਾਂ ਤੱਕ ਸਿੱਖ ਸਫਾਂ ਅੰਦਰ ਜਾਤ ਵਖਰੇਵਾਂ ਨਹੀਂ ਸੀ। ਗਰੀਬ ਸਿੱਖਾਂ ਦੇ ਰੂਪ ਵਿਚ ਕਿਰਤ ਅਤੇ ਗੁਣਾਂ ਦਾ ਬੋਲ ਬਾਲਾ ਸੀ। ਪਰ ਮਿਸਲਾਂ ਮਗਰੋਂ ਸਥਿਤੀ ਵਿਚ ਲਗਾਤਾਰ ਅਤੇ ਤੇਜ਼ੀ ਨਾਲ ਗਿਰਾਵਟ ਆਈ। ਗੁਰਦੁਆਰਿਆਂ ‘ਤੇ ਕਾਬਜ਼ ਹੋਏ ਮਹੰਤਾਂ ਨੇ ਇਨ੍ਹਾਂ ਦਾ ਪੂਰੀ ਤਰ੍ਹਾਂ ਪੁਜਾਰੀਕਰਨ ਕਰ ਦਿੱਤਾ। ਗੁਰਦੁਆਰਿਆਂ ਵਿਚ ਵੀ ਜਾਤ ਵਿਤਕਰਾ ਮੰਦਰਾਂ ਵਾਂਗ ਆਮ ਹੋ ਗਿਆ। ਉਨੀਵੀਂ ਸਦੀ ਦੇ ਅਖੀਰ ਵਿਚ ਗਿਆਨੀ ਦਿੱਤ ਸਿੰਘ ਵਰਗੇ ਰਵਿਦਾਸੀਏ ਆਗੂਆਂ ਅਤੇ ਵੀਹਵੀਂ ਸਦੀ ਦੇ ਅਰੰਭ ਵਿਚ ਗੁਰਦੁਆਰਾ ਸੁਧਾਰ ਲਹਿਰ ਨੇ ਇਸ ਰੁਝਾਨ ਨੂੰ ਠੱਲ ਪਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਗੁਰੂ ਨਾਨਕ ਦੇਵ ਦਾ ਉਦਾਸੀਆਂ ਤੋਂ ਮਗਰੋਂ ਕਰਤਾਰਪੁਰ ਖੇਤੀ ਕਰਨਾ ਨੀਵੇਂ ਸਮਝੇ ਜਾਂਦੇ ਕਿਰਤੀਆਂ ਅਤੇ ਕਿਰਤ ਦੇ ਗੌਰਵ ਨੂੰ ਉਭਾਰਨ ਦਾ ਕਾਰਜ ਸੀ। ਸਿੱਖੀ ਵਿਚ ਊਚ-ਨੀਚ ਦਾ ਭੇਦ ਨਾ ਹੋਣ ਕਰਕੇ ਹੀ ਪੰਜਾਬ ਦੇ ਜੱਟਾਂ ਨੇ ਸਿੱਖ ਬਣਨਾ ਸ਼ੁਰੂ ਕੀਤਾ ਸੀ, ਕਿਉਂਕਿ ਉਦੋਂ ਜੱਟਾਂ ਨੂੰ ਵੀ ਸ਼ੂਦਰ ਜਾਤ ਹੀ ਸਮਝਿਆ ਜਾਂਦਾ ਸੀ। ਇਹ ਮਿੱਟੀ ਨਾਲ ਮਿੱਟੀ ਤੇ ਪਸ਼ੂਆਂ ਨਾਲ ਪਸ਼ੂ ਹੋ ਕੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੀ ਜਾਤ ਸੀ। ਸਿੱਖੀ ਦੇ ਕਲੇਵਰ ‘ਚ ਆਉਣ ਨਾਲ ਨਿਸਚਿਤ ਤੌਰ ‘ਤੇ ਪੰਜਾਬ ਦੇ ਜੱਟਾਂ ਦਾ ਸਮਾਜਿਕ ਵੱਕਾਰ ਕਾਫੀ ਉਚਾ ਹੋਇਆ। ਅੱਜ ਸੱਤਾ ਦਾ ਫੈਸਲਾ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਹੁੰਦਾ ਹੈ। ਬਹੁਗਿਣਤੀ ਹੋਣ ਕਰਕੇ ਪੰਜਾਬ ਵਿਚ ਜੱਟਾਂ ਨੂੰ ਸੱਤਾਧਾਰੀ ਹੋਣ ਦਾ ਉਹ ਰੁਤਬਾ ਹਾਸਲ ਹੋ ਗਿਆ ਜੋ ਮੱਧਕਾਲ ਦੌਰਾਨ ਬ੍ਰਾਹਮਣਾਂ ਨੂੰ ਭਾਰਤ ਵਿਚ ਹਾਸਲ ਸੀ।
ਹੁਣ ਪੰਜਾਬ ਦੇ ਪਿੰਡਾਂ ਵਿਚ ਬ੍ਰਾਹਮਣ ਪਰਿਵਾਰਾਂ ਦਾ ਸਮਾਜਕ ਰੁਤਬਾ ਬਿਲਕੁਲ ਹਾਸ਼ੀਏ ‘ਤੇ ਜਾ ਚੁੱਕਾ ਹੈ। ਰਾਜ ਅਤੇ ਧਰਮ ਸੰਸਥਾਵਾਂ ਉਪਰ ਜੱਟਾਂ ਦਾ ਕੰਟਰੋਲ ਹੈ। ਇਹੀ ਕਾਰਨ ਹੈ ਕਿ ਹਰ ਤਰ੍ਹਾਂ ਦੀ ਕੁਰਹਿਤ ਅਤੇ ਬੱਜਰ ਕੁਰਹਿਤ ਦਾ ਧਾਰਨੀ ਹੋਣ ਦੇ ਬਾਵਜੂਦ ਜੱਟ ਦਾ ਪੁੱਤਰ ਜੱਟ-ਸਿੱਖ ਹੀ ਹੁੰਦਾ ਹੈ। ਸਾਰੇ ਰਾਜਸੀ ਫੈਸਲੇ ਜੱਟ ਵੋਟ ਨੂੰ ਕੇਂਦਰ ਵਿਚ ਰੱਖ ਕੇ ਕੀਤੇ ਜਾਂਦੇ ਹਨ। ਜੱਟ ਸੱਭਿਆਚਾਰ ਹੀ ਪੰਜਾਬੀ ਸੱਭਿਆਚਾਰ ਜਾਂ ਸਿੱਖ ਸੱਭਿਆਚਾਰ ਵਜੋਂ ਪੇਸ਼ ਹੋ ਰਿਹਾ ਹੈ।
ਪਹਿਲਾਂ ਪਛੜੀਆਂ ਸ਼੍ਰੇਣੀਆਂ ਦੇ ਕਿਰਤੀਆਂ ਨੂੰ ਨਾਲ ਲੈ ਕੇ ਖੇਤੀ ਕਰਦਾ ਜੱਟ ਦਸਾਂ ਨਹੁੰਆਂ ਨਾਲ ਕਿਰਤ ਕਰਦਾ ਸੀ। ਆਪਸ ਵਿਚ ਸਾਂਝ ਅਤੇ ਸੀਰ ਸੀ। ਫਿਰ ਪਰਵਾਸੀ ਮਜ਼ਦੂਰਾਂ ਤੋਂ ਖੇਤੀ ਕਰਵਾਉਣ ਲਈ ਇਕ ਉਂਗਲ ਨਾਲ ਨਿਰਦੇਸ਼ ਦੇਣ ਲੱਗ ਪਿਆ। ਨਵੇਂ ਆਰਥਿਕ ਸਮੀਕਰਣਾਂ ਤਹਿਤ ਅਜਿਹਾ ਕਰਨ ਦੀ ਇਸ ਇਕ ਉਂਗਲ ਵਿਚ ਸੱਤਿਆ ਨਾ ਰਹੀ ਤਾਂ ਜੱਟ ਖੁਦਕੁਸ਼ੀਆਂ ਕਰਨ ਲੱਗ ਪਿਆ। ਪੰਜਾਬ ਹਰਿਆਣਾ ਦੇ ਬਾਰਡਰ ਨਾਲ ਲੱਗਦੇ ਲਹਿਰਾਗਾਗਾ ਇਲਾਕੇ ਦੇ ਪਿੰਡਾਂ ਵਿਚ ਪਿਛਲੇ ਸਾਲਾਂ ਵਿਚ ਜੱਟਾਂ ਦੀਆਂ ਸੈਂਕੜੇ ਖੁਦਕੁਸ਼ੀਆਂ ਹੋਈਆਂ। ਸੰਨ 2006 ਵਿਚ ਅਸੀਂ 7-8 ਦੋਸਤਾਂ ਦਾ ਗਰੁਪ ਇਸ ਇਲਾਕੇ ਦੇ ਅਜਿਹੇ ਪਰਿਵਾਰਾਂ ਨੂੰ ਮਿਲੇ ਜਿਨ੍ਹਾਂ ਦੇ ਕਮਾਊ ਪੁਰਸ਼ ਮੈਂਬਰ ਖੁਦਕੁਸ਼ੀ ਕਰ ਚੁੱਕੇ ਸਨ। ਅਸੀਂ ਇਨ੍ਹਾਂ ਪਰਿਵਾਰਾਂ ਦੇ 13 ਸਾਲ ਤੋਂ ਉਪਰ ਉਮਰ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਾਡੇ ਕੋਲ ਲੁਧਿਆਣੇ ਆ ਜਾਣ, ਉਨ੍ਹਾਂ ਨੂੰ ਫੈਕਟਰੀਆਂ ਵਿਚ ਰੁਜ਼ਗਾਰ ਦਾ ਪ੍ਰਬੰਧ ਕਰ ਕੇ ਦੇਵਾਂਗੇ ਅਤੇ ਸਭ ਦੇ ਰਹਿਣ ਅਤੇ ਖਾਣ-ਪੀਣ ਦਾ ਵੀ ਸਾਂਝੇ ਤੌਰ ‘ਤੇ ਪ੍ਰਬੰਧ ਕਰ ਦਿਆਂਗੇ। ਪਰ ਇਕ ਵੀ ਨੌਜਵਾਨ ਨੇ ਸਾਡੇ ਇਸ ਸੱਦੇ ਨੂੰ ਪਰਵਾਨ ਨਹੀਂ ਕੀਤਾ। ਸ਼ਾਇਦ ਉਨ੍ਹਾਂ ਦੇ ਜੱਟ ਹੋਣ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜ ਦਿੱਤਾ ਸੀ। ਅਜਿਹਾ ਜੱਟਪੁਣਾ ਵਰਤਮਾਨ ਆਰਥਿਕ ਹਾਲਤਾਂ ਦੇ ਮੱਦੇਨਜ਼ਰ ਬਿਲਕੁਲ ਵਾਰਾ ਨਹੀਂ ਖਾਂਦਾ। ਪਰ ਜੱਟ-ਕੇਂਦਰਤ ਵੋਟ-ਰਾਜਨੀਤੀ ਜੱਟਪੁਣੇ ਨੂੰ ਹਰ ਕੀਮਤ ‘ਤੇ ਜਿਉਂਦਾ ਅਤੇ ਸੰਗਠਿਤ ਰੱਖਣ ਲਈ ਬਜਿੱਦ ਹੈ। ਧਰਤੀ ਹੇਠਲੇ ਪਾਣੀ ਨੂੰ ਮੁਕਾਉਣ ਲਈ ਮਹਿੰਗੇ ਭਾਅ ਬਣਾਈ ਅਤੇ ਖਰੀਦੀ ਜਾਂਦੀ ਬਿਜਲੀ ਟਿਊਬਵੈਲਾਂ ਲਈ ਮੁਫਤ ਦੇਣਾ, ਵਾਤਾਵਰਣ ਨੂੰ ਜ਼ਹਿਰੀਲਾ ਕਰਨ ਵਾਲੇ ਰਸਾਇਣਾਂ ਦੀ ਬੇਰੋਕ ਵਰਤੋਂ ਅਤੇ ਇਨ੍ਹਾਂ ‘ਤੇ ਦਿੱਤੀ ਜਾਂਦੀ ਸਬਸਿਡੀ ਮੋਟੀਆਂ ਮਿਸਾਲਾਂ ਹਨ। ਪਰ ਇੰਜ ਵੀ ਜੱਟ ਨਾ ਤਾਂ ਆਪ ਬਚ ਰਿਹਾ ਹੈ ਸਗੋਂ ਪੂਰੇ ਸਮਾਜਿਕ ਆਰਥਿਕ ਪ੍ਰਬੰਧ ‘ਤੇ ਵੀ ਉਲਟ ਅਸਰ ਪੈ ਰਿਹਾ ਹੈ। ਬਾਹਰਲੇ ਮੁਲਕਾਂ ਵਿਚ ਜਾ ਕੇ ਪੰਜਾਬ ਦਾ ਜੱਟ ਕਿਰਤ ਦੀ ਦ੍ਰਿਸ਼ਟੀ ਤੋਂ ਰਾਮਗੜ੍ਹੀਆ, ਰਵਿਦਾਸੀਆ, ਬਾਲਮੀਕੀਆ ਆਦਿ ਬਣ ਕੇ ਆਪਣੀ ਖੁਸ਼ਹਾਲੀ ਅਤੇ ਸਵੈਮਾਣ ਦੇ ਨਵੇਂ ਦੁਆਰ ਖੋਲ੍ਹ ਰਿਹਾ ਹੈ। ਉਧਰ ਕਿਰਤ ਦਾ ਸਬੰਧ ਜਾਤ-ਪਾਤ ਜਾਂ ਊਚ-ਨੀਚ ਨਾਲ ਨਹੀਂ ਸਗੋਂ ਕਮਾਈ ਅਤੇ ਸਵੈਮਾਣ ਨਾਲ ਹੈ। ਸਮੁੱਚੇ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਵਿਕਾਸ ਲਈ ਪੰਜਾਬ ਵਿਚ ਜੱਟਾਂ ਨੂੰ ਜੱਟਪੁਣਾ ਤਿਆਗ ਕੇ ਭਗਤ ਰਵਿਦਾਸ, ਕਬੀਰ, ਨਾਮਦੇਵ, ਸਦਨਾ, ਸੈਣ, ਬਾਲਮੀਕ ਆਦਿ ਵਾਲੀਆਂ ਕਿਰਤਾਂ ਅਤੇ ਦਸਤਕਾਰੀਆਂ ਵਿਚ ਆਧੁਨਿਕ ਮੁਹਾਰਤ ਹਾਸਲ ਕਰਨੀ ਪਏਗੀ। ਸਰਕਾਰਾਂ ਨੂੰ ਸਨਅਤੀਕਰਨ ਅਤੇ ਸ਼ਹਿਰੀ ਵਿਕਾਸ ਵੱਲ ਵਧੇਰੇ ਧਿਆਨ ਦੇਣਾ ਪਵੇਗਾ। ਪਰ ਇਹ ਸਭ ਤਾਂ ਹੀ ਹੋ ਸਕੇਗਾ ਜੇ ਅਸੀਂ ਉਨ੍ਹਾਂ ਨੂੰ ਆਪਣੇ ਮਨਾਂ ਅਤੇ ਵਤੀਰੇ ਵਿਚ ਉਹ ਸਥਾਨ ਦੇਵਾਂਗੇ ਜੋ ਸਥਾਨ ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਦਿੱਤਾ ਸੀ। ਸਮੂਹ ਸਿੱਖਾਂ ਨੂੰ ਉਨ੍ਹਾਂ ਦੇ ਪੈਰੋਕਾਰ ਹੋਣ ਦੇ ਗੌਰਵ ਦੇ ਧਾਰਨੀ ਹੋਣਾ ਪਏਗਾ। ਜਾਤ ਨਾਲ ਜੁੜੀ ਹੋਛੀ ਹਊਮੈ ਨੂੰ ਤਿਆਗਣਾ ਪਏਗਾ, ਜਿਹਾ ਕਿ ਗੁਰੂ ਅਮਰਦਾਸ ਦਾ ਬਚਨ ਹੈ:
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥
ਚਾਰੇ ਵਰਨ ਆਖੈ ਸਭੁ ਕੋਈ॥
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ॥
ਮਾਟੀ ਏਕ ਸਗਲ ਸੰਸਾਰਾ॥
ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ॥
(ਪੰਨਾ 1127)