ਬੂਟਾ ਸਿੰਘ
ਫੋਨ: +91-94634-74342
ਵਿਚਾਰਾਂ ਦੀ ਆਜ਼ਾਦੀ ਨੂੰ ਕੁਚਲਣ ਦੇ ਏਜੰਡੇ ਤਹਿਤ ਇਸ ਵਕਤ ਜੈ ਨਰਾਇਣ ਵਿਆਸ ਯੂਨੀਵਰਸਿਟੀ ਜੋਧਪੁਰ (ਰਾਜਸਥਾਨ) ਹਿੰਦੂਤਵੀ ਫਾਸ਼ੀਵਾਦੀਆਂ ਦੇ ਨਿਸ਼ਾਨੇ ‘ਤੇ ਹੈ। ਬਹਾਨਾ ਇਹ ਬਣਾਇਆ ਗਿਆ ਕਿ ਮਸ਼ਹੂਰ ਵਿਦਵਾਨ ਨਿਵੇਦਿਤਾ ਮੈਨਨ ਨੇ ਜੋ ਲੈਕਚਰ ਦਿੱਤਾ ਸੀ, ਉਹ ਰਾਸ਼ਟਰ ਵਿਰੋਧੀ ਸੀ; ਕਿ ਕਾਨਫਰੰਸ ਦੀ ਰਿਸੋਰਸ ਪਰਸਨ ਨੇ ਹਿੰਦੁਸਤਾਨੀ ਫ਼ੌਜ ਬਾਬਤ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।
ਇਸ ਬਹਾਨੇ ਯੂਨੀਵਰਸਿਟੀ ਦੀ ਹੋਣਹਾਰ ਪ੍ਰੋਫੈਸਰ ਰਾਜਸ਼੍ਰੀ ਰਾਣਾਵਤ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ, ਹਾਲਾਂਕਿ ਦਲੀਲ ਦੇ ਲਿਹਾਜ਼ ਨਾਲ ਉਹ ਭਾਸ਼ਣਕਰਤਾ ਨਹੀਂ, ਮਹਿਜ਼ ਕਾਨਫਰੰਸ ਦੀ ਪ੍ਰਬੰਧਕ ਸੀ। ਸੰਘ ਬ੍ਰਿਗੇਡ ਦੇ ਦਬਾਓ ਹੇਠ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਮੇਟੀ ਬਣਾ ਦਿੱਤੀ ਜੋ ਜਾਂਚ ਕਰ ਕੇ ਸਿਫ਼ਾਰਸ਼ ਕਰੇਗੀ ਕਿ ਸਬੰਧਤ ਪ੍ਰੋਫੈਸਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ।
ਦਰਅਸਲ, ਇਸ ਵਿਚਾਰ ਚਰਚਾ ਵਿਚ ਰਾਸ਼ਟਰ ਵਿਰੋਧ ਵਾਲੀ ਕੋਈ ਗੱਲ ਨਹੀਂ ਸੀ, ਪਰ ਫਾਸ਼ੀਵਾਦੀ ਦਸਤੂਰ ਨੂੰ ਵਿਚਾਰ ਚਰਚਾ ਮਨਜ਼ੂਰ ਨਹੀਂ। ਉਨ੍ਹਾਂ ਦੀ ਸਿੱਧੀ ਜਿਹੀ ਦਲੀਲ ਹੈ ਕਿ ਉਨ੍ਹਾਂ ਦੇ ਬੋਲ ਅੰਤਮ ਸੱਚ ਹਨ, ਬਾਕੀ ਸਾਰਿਆਂ ਦੀ ਸੋਚ ਰਾਸ਼ਟਰ ਵਿਰੋਧੀ ਹੈ। ਸਰਕਾਰ ਦਾ ਵਿਰੋਧ, ਦੇਸ਼ ਦਾ ਵਿਰੋਧ ਹੈ। ਕੁਲ ਆਲਮ ਵਿਚ ਫਾਸ਼ੀਵਾਦੀਆਂ ਨੇ ਆਪਣੇ ਤਾਨਾਸ਼ਾਹ ਰਾਜ ਦੇ ਜ਼ੁਲਮਾਂ ਉਪਰ ਪਰਦਾ ਬਣਾਈ ਰੱਖਣ ਲਈ ਹਮੇਸ਼ਾ ਰਾਸ਼ਟਰ ਭਗਤੀ ਨੂੰ ਬਹਾਨਾ ਬਣਾਇਆ ਹੈ। ਯੂਨੀਵਰਸਿਟੀਆਂ ਮਨੁੱਖੀ ਦਿਮਾਗ ਨੂੰ ਹਰ ਚੀਜ਼ ਨੂੰ ਦਲੀਲ ਨਾਲ ਪਰਖਣ ਦੀ ਸਿਖਲਾਈ ਦੇਣ ਦਾ ਜ਼ਰੀਆ ਹੋਣ ਕਾਰਨ ਫਾਸ਼ੀਵਾਦੀ ਏਜੰਡੇ ਦੇ ਰਾਹ ਵਿਚ ਵੱਡੀ ਰੁਕਾਵਟ ਬਣਦੀਆਂ ਹਨ। ਇਸੇ ਲਈ ਫਾਸ਼ੀਵਾਦ ਦੇ ਸਿੱਕੇਬੰਦ ਪੈਰੋਕਾਰ ਸੰਘ ਪਰਿਵਾਰ ਦਾ ਮੂਲ ਮੰਤਰ ਹੀ ਦਲੀਲਬਾਜ਼ੀ, ਵਿਚਾਰਾਂ ਦੀ ਆਜ਼ਾਦੀ ਅਤੇ ਰਚਨਾਤਮਕਤਾ ਦੇ ਇਸ ਸੋਮੇ ਨੂੰ ਖ਼ਤਮ ਕਰਨ ਉਪਰ ਹੈ। ਇਹ ਸੰਘ-ਤੰਤਰ ਹਰ ਥਾਂ ਪਹਿਲਾਂ ਕਿਸੇ ਵਿਚਾਰ ਚਰਚਾ ਨੂੰ ਉਸ ਦੇ ਅਸਲ ਪ੍ਰਸੰਗ ਨਾਲੋਂ ਤੋੜ ਅਤੇ ਵਿਗਾੜ ਕੇ ਰਾਸ਼ਟਰ ਵਿਰੋਧ ਦਾ ਮੁੱਦਾ ਖੜ੍ਹਾ ਕਰਦਾ ਹੈ, ਜਿਸ ਨੂੰ ਪ੍ਰਚਾਰਨ ਵਿਚ ਮੀਡੀਆ ਦਾ ਇਕ ਹਿੱਸਾ ਝੱਟ ਸਰਗਰਮ ਹੋ ਜਾਂਦਾ ਹੈ। ਚੋਣਵੇਂ ਚਿੰਤਕਾਂ ਅਤੇ ਵਿਦਵਾਨਾਂ ਉਪਰ ਮੀਡੀਆ ਟਰਾਇਲ ਚਲਦਾ ਹੈ ਅਤੇ ਉਨ੍ਹਾਂ ਨੂੰ ਆਹਲਾ ਸਿੱਖਿਆ ਸੰਸਥਾਵਾਂ ਵਿਚੋਂ ਬਰਖ਼ਾਸਤ ਕਰਵਾ ਕੇ ਪਿਛਾਂਹਖਿੱਚੂ ਵਿਚਾਰਾਂ ਦੀ ਚੁਣੌਤੀ ਰਹਿਤ ਚੌਧਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਆਓ ਜ਼ਰਾ ਜਾਣੀਏ ਕਿ ਜੋਧਪੁਰ ਯੂਨੀਵਰਸਿਟੀ ਵਿਚ ਵਿਚਾਰ ਚਰਚਾ ਦਾ ਮੁੱਦਾ ਕੀ ਸੀ।æææ ਪਹਿਲੀ ਅਤੇ ਦੋ ਫਰਵਰੀ ਨੂੰ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ‘ਹਿਸਟਰੀ ਰੀਕਾਂਸਟਰੂਡ ਥਰੂ ਲਿਟਰੇਚਰ: ਨੇਸ਼ਨ, ਆਈਡੈਂਟਿਟੀ, ਕਲਚਰ’ ਸਿਰਲੇਖ ਹੇਠ ਕਾਨਫਰੰਸ ਕਰਵਾਈ ਗਈ। ਇਹ ਵਿਦਵਾਨਾਂ, ਇਤਿਹਾਸਕਾਰਾਂ ਅਤੇ ਚਿੰਤਕਾਂ ਦੀ ਗੰਭੀਰ ਵਿਚਾਰ ਚਰਚਾ ਸੀ ਜੋ ਕਿਸੇ ਵੀ ਪਹਿਲੂ ਤੋਂ ਸਿਆਸੀ ਪ੍ਰਚਾਰ ਲਈ ਨਹੀਂ ਸੀ। ਇਸ ਵਿਚ ਵੱਖ-ਵੱਖ ਵਿਚਾਰਾਂ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਬੁਲਾਇਆ ਗਿਆ। ਕਾਨਫਰੰਸ ਦੀ ਮੁੱਖ ਪ੍ਰਬੰਧਕ ਪ੍ਰੋਫੈਸਰ ਰਾਜਸ਼੍ਰੀ ਰਾਣਾਵਤ ਵਲੋਂ ਇਹ ਯਕੀਨੀ ਬਣਾਇਆ ਗਿਆ ਕਿ ਸੰਵਾਦ ਵੰਨ-ਸੁਵੰਨਤਾ ਵਾਲਾ ਹੋਵੇ ਜਿਸ ਵਿਚ ਵੱਖੋ-ਵੱਖਰੇ ਵਿਚਾਰਾਂ ਦੇ ਨੁਮਾਇੰਦੇ ਆਪਣੇ ਵਿਚਾਰ ਪੇਸ਼ ਕਰਨ। ਸੁਦਰਸ਼ਨ ਰਾਓ (ਚੇਅਰਪਰਸਨ, ਭਾਰਤੀ ਇਤਿਹਾਸ ਖੋਜ ਇੰਡੀਅਨ ਕੌਂਸਲ), ਸੰਦੀਪ ਦੀਕਸ਼ਤ (ਕਾਂਗਰਸ), ਸੇਸ਼ਾਧਾਰੀ ਚਾਰੀ (ਆਰæਐਸ਼ਐਸ਼) ਨੂੰ ਉਚੇਚੇ ਤੌਰ ‘ਤੇ ਬੁਲਾਇਆ ਗਿਆ। ਸ੍ਰੀ ਸੇਸ਼ਾਧਰੀ ਦਾ ਕਹਿਣਾ ਸੀ ਕਿ ਉਸ ਦੀ ਤਬੀਅਤ ਠੀਕ ਨਹੀਂ, ਇਸ ਕਰ ਕੇ ਉਸਦੀ ਥਾਂ ਵਿਦਵਾਨ ਹਿਮਾਂਸ਼ੂ ਰਾਏ ਨੂੰ ਬੁਲਾਇਆ ਗਿਆ। ਇਨ੍ਹਾਂ ਤੋਂ ਇਲਾਵਾ ਦਿੱਲੀ, ਗੁਜਰਾਤ ਤੇ ਰਾਜਸਥਾਨ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਤੋਂ ਬਹੁਤ ਸਾਰੇ ਵਿਦਵਾਨਾਂ ਨੂੰ ਬੁਲਾਇਆ ਗਿਆ, ਜਿਵੇਂ ਨਿਵੇਦਿਤਾ ਮੈਨਨ (ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਦਿੱਲੀ), ਅਮੀਨਾ ਕਾਜ਼ੀ ਅਨਸਾਰੀ ਤੇ ਰਿਜ਼ਵਾਨ ਕੈਸਰ (ਜਾਮੀਆ ਮਿਲੀਆ ਯੂਨੀਵਰਸਿਟੀ, ਦਿੱਲੀ), ਅਵਦੇਸ਼ ਕੁਮਾਰ ਸਿੰਘ (ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ), ਆਸ਼ੂਤੋਸ਼ ਮੋਹਨ (ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਦਿੱਲੀ), ਬਾਲਾਜੀ ਰਘੂਨਾਥਨ (ਸੈਂਟਰਲ ਯੂਨੀਵਰਸਿਟੀ ਆਫ ਗੁਜਰਾਤ), ਗੌਹਰ ਰਜ਼ਾ (ਸਾਇੰਸਦਾਨ ਤੇ ਫਿਲਮਸਾਜ਼), ਐਸ਼ਵਰਿਆ ਭੱਟੀ (ਐਡਵੋਕੇਟ ਸੁਪਰੀਮ ਕੋਰਟ)। ਨੌਜਵਾਨ ਖੋਜਕਾਰ ਵਿਦਵਾਨਾਂ ਨੂੰ ਵੀ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ। ਇੰਞ ਇਹ ਯੂਨੀਵਰਸਿਟੀ ਦੇ ਹਾਲ ਅੰਦਰ ਇਕ ਸੌ ਦੇ ਕਰੀਬ ਨੌਜਵਾਨ ਵਿਦਿਆਰਥੀਆਂ ਅਤੇ ਵਿਦਵਾਨ ਖੋਜਕਾਰਾਂ ਦੀ ਅੱਜ ਦੇ ਭਖਦੇ ਸਵਾਲਾਂ ਨੂੰ ਲੈ ਕੇ ਵਿਚਾਰ ਚਰਚਾ ਸੀ।
ਲੇਕਿਨ ਵਿਚਾਰਾਂ ਦਾ ਸੰਵਾਦ ਹੀ ਤਾਂ ਹੈ ਜੋ ਹਿੰਦੂਤਵੀ ਫਾਸ਼ੀਵਾਦੀ ਫ਼ਿਤਰਤ ਨੂੰ ਗਵਾਰਾ ਨਹੀਂ। ਪਹਿਲਾਂ ਪੁਣੇ ਦਾ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਸੰਘ ਦੇ ਫਾਸ਼ੀਵਾਦ ਦੀ ਭੇਟ ਚੜ੍ਹਿਆ ਅਤੇ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਵਿਚ ਰੋਹਿਤ ਵੇਮੂਲਾ ਦੇ ਸੰਸਥਾਈ ਕਤਲ ਨੂੰ ਸਿਲਸਿਲੇਵਾਰ ਅੰਜਾਮ ਦਿੱਤਾ ਗਿਆ। ਫਿਰ ਸੰਘ ਬ੍ਰਿਗੇਡ ਨੇ ਜੇæਐਨæਯੂæ ਦਿੱਲੀ ਨੂੰ ਨਿਸ਼ਾਨਾ ਬਣਾਇਆ। ਤਿੰਨ ਵਿਦਿਆਰਥੀ ਆਗਆਂ ਨੂੰ ਜਮਹੂਰੀ ਸੰਵਾਦ ਰਚਾਉਣ (ਜੋ ਇਸ ਸੰਸਥਾ ਦੀ ਕਾਇਮੀ ਦੇ ਤੋਂ ਹੀ ਇਸ ਦੀ ਨਿਆਰੀ ਰਵਾਇਤ ਰਹੀ ਹੈ) ਦੀ ਸਜ਼ਾ ਦੇਸ਼ ਧ੍ਰੋਹ ਦਾ ਕੇਸ ਦਰਜ ਕਰ ਕੇ ਅਤੇ ਬੇਤਹਾਸ਼ਾ ਰਾਜਕੀ ਦਹਿਸ਼ਤ ਪਾ ਕੇ ਦਿੱਤੀ ਗਈ। ਕਿਸੇ ਅਦਾਲਤ ਵਿਚ ਉਨ੍ਹਾਂ ਦਾ ਜੁਰਮ ਸਾਬਤ ਕੀਤੇ ਬਿਨਾ ਹੀ ਮੀਡੀਆ ਟਰਾਇਲ ਦੁਆਰਾ ਉਨ੍ਹਾਂ ਖ਼ਿਲਾਫ਼ ਖ਼ਤਰਨਾਕ ਹੱਦ ਤਕ ਮਾਹੌਲ ਭੜਕਾਇਆ ਗਿਆ। ਹਿੰਦੁਸਤਾਨੀ ਪਾਰਲੀਮੈਂਟ ਉਪਰ ਕਥਿਤ ਹਮਲੇ ਦੇ ਮੁਲਜ਼ਮ (ਜਿਸ ਦੇ ਮੁਜਰਿਮ ਹੋਣ ਬਾਰੇ ਸਜ਼ਾ ਦੇਣ ਵਾਲੀ ਅਦਾਲਤ ਨੂੰ ਵੀ ਸ਼ੱਕ ਸੀ ਤੇ ਜਿਸ ਨੂੰ ਜੱਜਾਂ ਨੇ ਮਹਿਜ਼ ਰਾਸ਼ਟਰ ਦੀ ਸਮੂਹਿਕ ਆਤਮਾ ਦੀ ਤਸੱਲੀ ਲਈ ਹੀ ਫਾਹੇ ਲਾਉਣ ਦਾ ਹੁਕਮ ਸੁਣਨ ਦਿੱਤਾ ਸੀ) ਨੂੰ ਦਿੱਤੀ ਗਈ ਫਾਂਸੀ ਬਾਰੇ ਨਾਗਰਿਕਾਂ ਦਾ ਮਿਲ ਕੇ ਵਿਚਾਰ ਚਰਚਾ ਕਰਨਾ ਵੀ ਦੇਸ਼ ਧ੍ਰੋਹ ਬਣਾ ਦਿੱਤਾ ਗਿਆ। ਫਿਰ ਇਹ ਸਿਲਸਿਲਾ ਅਲਾਹਾਬਾਦ, ਅਲੀਗੜ੍ਹ, ਕਲਕੱਤਾ, ਪਟਿਆਲਾ, ਦਿੱਲੀ ਆਦਿ ਵੱਖ-ਵੱਖ ਯੂਨੀਵਰਸਿਟੀਆਂ ਵਿਚ ਸਾਹਮਣੇ ਆਇਆ ਜਿਥੇ ਸੰਘ ਬ੍ਰਿਗੇਡ ਵਲੋਂ ਸ਼ਰੇਆਮ ਗੁੰਡਾਗਰਦੀ ਕਰ ਕੇ ਰੌਸ਼ਨ-ਖ਼ਿਆਲ ਚਿੰਤਕਾਂ ਅਤੇ ਜ਼ਹੀਨ ਵਿਦਿਆਰਥੀਆਂ ਕੋਲੋਂ ਗੰਭੀਰ ਚਰਚਾਵਾਂ ਜਥੇਬੰਦ ਕਰਨ ਦੀ ਜਮਹੂਰੀ ਸਪੇਸ ਖੋਹਣ ਦੀ ਸਿਰਤੋੜ ਕੋਸ਼ਿਸ਼ ਕੀਤੀ ਗਈ, ਪਰ ਬੇਖ਼ੌਫ਼ ਚਿੰਤਕਾਂ ਅਤੇ ਚੇਤੰਨ ਵਿਦਿਆਰਥੀਆਂ ਦੇ ਅਡੋਲ ਜਜ਼ਬੇ ਨੇ ਸੰਘ ਨੂੰ ਇਕ ਵਾਰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਜ਼ਿਆਦਾਤਰ ਮਾਮਲਿਆਂ ਵਿਚ ਮੁਕਾਮੀ ਪੁਲਿਸ ਅਧਿਕਾਰੀ, ਯੂਨੀਵਰਸਿਟੀ ਪ੍ਰਸ਼ਾਸਨ, ਮੀਡੀਆ ਦਾ ਇਕ ਹਿੱਸਾ ਅਤੇ ਸੰਘ ਬ੍ਰਿਗੇਡ ਇਨ੍ਹਾਂ ਹਮਲਿਆਂ ਦੌਰਾਨ ਜ਼ਾਹਰਾ ਤੌਰ ‘ਤੇ ਇਕ ਹੋ ਕੇ ਸੰਘ ਦੇ ਏਜੰਡੇ ਲਈ ਕੰਮ ਕਰਦੇ ਦੇਖੇ ਗਏ।
ਫਿਰ ਸੰਘ ਬ੍ਰਿਗੇਡ ਨੇ ਹਰਿਆਣਾ ਸੈਂਟਰਲ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਜਿਥੇ ਅੰਗਰੇਜ਼ੀ ਅਤੇ ਵਿਦੇਸ਼ੀ ਜ਼ੁਬਾਨਾਂ ਬਾਰੇ ਵਿਭਾਗ ਵਲੋਂ ‘ਦਰੋਪਦੀ’ ਨਾਟਕ ਦਾ ਮੰਚਨ ਕਰਵਾਇਆ ਗਿਆ ਸੀ ਜੋ ਮਸ਼ਹੂਰ ਲਿਖਾਰੀ ਅਤੇ ਕਾਰਕੁਨ ਮਹਾਸ਼ਵੇਤਾ ਦੇਵੀ ਦੀ ਇਸੇ ਨਾਂ ਵਾਲੀ ਕਹਾਣੀ ਦਾ ਨਾਟਕੀ ਰੂਪਾਂਤਰ ਸੀ। ਕਹਾਣੀ ਵਿਚ ਨਾਟਕਕਾਰ ਨੇ ਅੰਤਿਕਾ ਦੇ ਤੌਰ ‘ਤੇ ਕੁਝ ਕੁ ਅਜੋਕੀਆਂ ਮਿਸਾਲਾਂ ਜੋੜ ਕੇ ਇਸ ਨੂੰ ਵਧੇਰੇ ਪ੍ਰਸੰਗਕ ਬਣਾ ਦਿੱਤਾ ਸੀ। ਇਹ ਸਮਾਗਮ ਮਹਾਸ਼ਵੇਤਾ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਗਿਆ ਸੀ ਜਿਸ ਦਾ 28 ਜੁਲਾਈ ਨੂੰ ਦੇਹਾਂਤ ਹੋ ਗਿਆ ਸੀ। ਪ੍ਰੋਫੈਸਰ ਸਨੇਹਸਤਾ ਅਤੇ ਪ੍ਰੋਫੈਸਰ ਮਨੋਜ ਕੁਮਾਰ ਵਲੋਂ ਤਿਆਰ ਕਰਵਾਏ ਇਸ ਨਾਟਕ ਵਿਚ ਹਿੰਦੁਸਤਾਨੀ ਫ਼ੌਜ ਵਲੋਂ ਔਰਤਾਂ ਉਪਰ ਕੀਤੀ ਜਾ ਰਹੀ ਜਿਨਸੀ ਹਿੰਸਾ ਨੂੰ ਦਿਖਾਇਆ ਗਿਆ ਸੀ। ਨਾਟਕ ਦੀ ਅੰਤਿਕਾ ਵਿਚ ਕਸ਼ਮੀਰ, ਉੱਤਰ-ਪੂਰਬੀ ਰਿਆਸਤਾਂ ਅਤੇ ਆਦਿਵਾਸੀ ਇਲਾਕਿਆਂ ਵਿਚ ਔਰਤਾਂ ਉਪਰ ਜਿਨਸੀ ਹਿੰਸਾ ਦੀ ਬੇਬਾਕ ਤਸਵੀਰ ਪੇਸ਼ ਕੀਤੀ ਗਈ ਸੀ। ਸੰਘ ਬ੍ਰਿਗੇਡ ਨੂੰ ਇਤਰਾਜ਼ ਸੀ ਕਿ ਨਾਟਕ ਫ਼ੌਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਇਥੇ ਸੰਘ ਦਾ ਮਖੌਟਾਧਾਰੀ ਕਿਰਦਾਰ ਮੂੰਹ ਚੜ੍ਹ ਬੋਲ ਰਿਹਾ ਸੀ- ਸੰਘ ਪ੍ਰਚਾਰਕਾਂ ਦੀ ਮੋਦੀ ਸਰਕਾਰ ਇਸ ਮਹਾਨ ਲਿਖਾਰੀ ਦੀ ਸਾਹਿਤਕ ਦੇਣ ਲਈ ਉਸ ਨੂੰ ਸ਼ਰਧਾਂਜਲੀ ਭੇਂਟ ਕਰ ਰਹੀ ਸੀ ਅਤੇ ਸੰਘ ਬ੍ਰਿਗੇਡ ਦੀ ਹੀ ਇਕ ਸੰਸਥਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਉਸੇ ਲਿਖਾਰੀ ਦੀ ਕਹਾਣੀ ਦੇ ਨਾਟਕੀ ਰੂਪਾਂਤਰ ਨੂੰ ਦੇਸ਼ ਧ੍ਰੋਹੀ ਕਰਾਰ ਦੇ ਕੇ ਨਾਟਕ ਦੇ ਪ੍ਰਬੰਧਕਾਂ ਵਿਰੁਧ ਦੇਸ਼ ਧ੍ਰੋਹ ਦੇ ਪਰਚੇ ਦਰਜ ਕਰਾਉਣ ਲਈ ਧੜਾਧੜ ਪ੍ਰਦਰਸ਼ਨ ਕਰ ਰਹੀ ਸੀ।
ਜੋਧਪੁਰ ਯੂਨੀਵਰਸਿਟੀ ਦੀ ਕਾਨਫਰੰਸ ਅੰਦਰ ਪ੍ਰੋਫੈਸਰ ਮੈਨਨ ਅਤੇ ਉਚ ਕੋਟੀ ਦੇ ਹੋਰ ਵਿਦਵਾਨਾਂ ਵਲੋਂ ਆਪਣੇ ਭਾਸ਼ਣ ਦੌਰਾਨ ਉਠਾਏ ਠੋਸ ਨੁਕਤਿਆਂ ਉਪਰ ਬਹਿਸ ਕਰਨਾ ਸੰਘ ਬ੍ਰਿਗੇਡ ਦੇ ਵੱਸ ਦੀ ਗੱਲ ਨਹੀਂ ਜਿਨ੍ਹਾਂ ਦੀ ਮੂਲ ਵਿਰਾਸਤ ਹੀ ਨਫ਼ਰਤ, ਮਕਾਰੀ ਅਤੇ ਝੂਠ ਦਾ ਮੁਜੱਸਮਾ ਮਨੂਸਮ੍ਰਿਤੀ ਤੇ ਬੁਜ਼ਦਿਲੀ ਹੈ। ਉਨ੍ਹਾਂ ਨੇ ਵਿਚਾਰ ਪੇਸ਼ ਕਰਨ ਵਾਲੇ ਚਿੰਤਕਾਂ ਦੇ ਕਿਸੇ ਇਕ ਵੀ ਨੁਕਤੇ ਦਾ ਜਵਾਬ ਨਹੀਂ ਦਿੱਤਾ। ਫ਼ੌਜ ਉਪਰ ਬਦਨਾਮੀ ਦੇ ਉਪਰੋਕਤ ਕਲੰਕ ਬਾਰੇ ਸ਼ਾਇਦ ਹੀ ਕਿਸੇ ਜਾਗਰੂਕ ਬੰਦੇ ਨੂੰ ਕੋਈ ਭੁਲੇਖਾ ਹੋਵੇ। ਹਿੰਦੁਸਤਾਨੀ ਫ਼ੌਜ, ਨੀਮ-ਫ਼ੌਜੀ ਬਲ ਅਤੇ ਪੁਲਿਸ ਸਮੇਤ ਰਾਜਤੰਤਰ ਦੀਆਂ ਤਮਾਮ ਅਖੌਤੀ ਸੁਰੱਖਿਆ ਏਜੰਸੀਆਂ ਇਸ ਮੁਲਕ ਦੇ ਗ਼ਰੀਬ, ਨਿਤਾਣੇ, ਲੁੱਟੇਪੁੱਟੇ ਅਤੇ ਦੱਬੇਕੁਚਲੇ ਲੋਕਾਂ ਪ੍ਰਤੀ ਆਪਣੇ ਧਾੜਵੀ ਰਵੱਈਏ ਨੂੰ ਲੈ ਕੇ ਹਮੇਸ਼ਾ ਵਿਵਾਦਾਂ ਦੇ ਘੇਰੇ ਵਿਚ ਰਹੀਆਂ ਹਨ। ਹਿੰਦੁਸਤਾਨੀ ਫ਼ੌਜ ਦੇ ਜਰਨਲ ਬਿਪਿਨ ਰਾਵਤ ਦਾ ਹਾਲੀਆ ਬਿਆਨ ਫ਼ੌਜ ਦੀ ਫ਼ਿਤਰਤ ਦਾ ਸਿੱਕੇਬੰਦ ਨਮੂਨਾ ਹੈ ਜਿਸ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਫ਼ੌਜ ਦੀਆਂ ਕਾਰਵਾਈਆਂ ਵਿਚ ਰੁਕਾਵਟਾਂ ਪੈਦਾ ਕਰ ਕੇ ਕਸ਼ਮੀਰ ਦੇ ਅਵਾਮ ਇੰਤਹਾਪਸੰਦਾਂ ਦੀ ਮਦਦ ਕਰਦੇ ਹਨ, ਜੇ ਉਹ ਪ੍ਰਦਰਸ਼ਨ ਬੰਦ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਇੰਤਹਾਪਸੰਦਾਂ ਦੇ ਹਮਾਇਤੀ ਮੰਨ ਕੇ ਨਿਸ਼ਾਨਾ ਬਣਾਇਆ ਜਾਵੇਗਾ।
ਹਕੂਮਤੀ ਹਥਿਆਰਬੰਦ ਲਸ਼ਕਰਾਂ ਵਲੋਂ ਢਾਹੇ ਜਾ ਰਹੇ ਬੇਤਹਾਸ਼ਾ ਜ਼ੁਲਮਾਂ ਅਤੇ ਹਿੰਦੁਸਤਾਨੀ ਸਟੇਟ ਤੋਂ ਬਾਗ਼ੀ ਸਮਾਜੀ ਸਮੂਹਾਂ ਦੀਆਂ ਔਰਤਾਂ ਵਿਰੁੱਧ ਵਿਆਪਕ ਪੈਮਾਨੇ ‘ਤੇ ਜਿਨਸੀ ਹਿੰਸਾ ਦੀਆਂ ਰਿਪੋਰਟਾਂ ਨੂੰ ਤੱਥਾਂ ਸਹਿਤ ਖਾਰਜ ਕਰਨ ਦੀ ਹਿੰਮਤ ਹੁਕਮਰਾਨ ਜਮਾਤਾਂ ਦੀ ਕਿਸੇ ਪਾਰਟੀ ਵਿਚ ਵੀ ਨਹੀਂ। ਠੋਸ ਦਲੀਲਾਂ ਪੱਖੋਂ ਕੰਗਾਲ ਹੁਕਮਰਾਨ ਜਮਾਤ ਰਾਸ਼ਟਰਵਾਦੀ ਜਜ਼ਬਾਤ ਭੜਕਾਉਣ ਲਈ ਫ਼ੌਜ ਦੀ ਦੇਸ਼ ਭਗਤੀ ਦਾ ਢੰਡੋਰਾ ਪਿੱਟਣਾ ਸ਼ੁਰੂ ਕਰ ਦਿੰਦੀ ਹੈ। ਇਸ ਜ਼ਰੀਏ ਅਸਲ ਹਕੀਕਤ ਤੋਂ ਅਵਾਮ ਦਾ ਧਿਆਨ ਸਹਿਜੇ ਹੀ ਭਟਕਾਇਆ ਜਾ ਸਕਦਾ ਹੈ। ਤਵਾਰੀਖ਼ ਗਵਾਹ ਹੈ ਕਿ ਫਾਸ਼ੀਵਾਦ ਦੀ ਚੜ੍ਹ ਕਿੰਨੀ ਵੀ ਮੱਚ ਜਾਵੇ, ਜ਼ਮੀਰ ਦੀ ਆਵਾਜ਼ ਸੁਣਨ ਵਾਲੇ ਬੁੱਧੀਜੀਵੀਆਂ ਦਾ ਬੀਜਨਾਸ਼ ਕਦੇ ਨਹੀਂ ਹੁੰਦਾ। ਇਕ ਵਾਰ ਫਿਰ ਹਿਟਲਰ ਦੇ ਭਗਤਾਂ ਦੇ ਪੱਲੇ ਨਮੋਸ਼ੀ ਹੀ ਪਵੇਗੀ ਅਤੇ ਵਿਚਾਰਾਂ ਦੀ ਆਜ਼ਾਦੀ ਦਾ ਪਰਚਮ ਬੁਲੰਦ ਰਹੇਗਾ।