ਸੰਪਾਦਕ ਸਾਹਿਬ,
ਵਿਚਾਰ-ਚਰਚਾ ਵਿਚ ਬਹੁਤ ਕੁਝ ਪੜ੍ਹਨ ਨੂੰ ਮਿਲ ਰਿਹਾ ਹੈ। 18 ਫਰਵਰੀ ਦੇ ਅੰਕ ਵਿਚ ਡਾæ ਸੰਦੀਪ ਸਿੰਘ ਨੇ ਆਪਣੇ ਲੇਖ Ḕਨੇਸ਼ਨ ਸਟੇਟ ਅਸਲ ਵਿਚ ਕੀ ਹੈ?Ḕ ਵਿਚ ਪਾਕਿਸਤਾਨ ਦੀ ਨੇਸ਼ਨ-ਸਟੇਟ ਵਜੋਂ ਮਿਸਾਲ ਦੇ ਕੇ ਨੇਸ਼ਨ-ਸਟੇਟ ਦੀ ਪਰਿਭਾਸ਼ਾ ਨੂੰ ਸ਼ਬਦ-ਜਾਲ, ਥਿਊਰੀਆਂ, ਘੋੜੇ ਜਾਂ ਜਹਾਜ਼ਾਂ ਦੀਆਂ ਤਸ਼ਬੀਹਾਂ ਤੋਂ ਬਾਹਰ ਕੱਢ ਕੇ, ਆਮ ਪਾਠਕ ਨੂੰ ਉਨ੍ਹਾਂ ਵਲੋਂ ਸਮਝੀ ਜਾਂਦੀ ਨੇਸ਼ਨ-ਸਟੇਟ ਦੀ ਜਿਉਂਦੀ-ਜਾਗਦੀ ਬਣੀ ਬਣਾਈ ਤਸਵੀਰ ਦੇ ਦਿੱਤੀ ਹੈ।
ਸੰਦੀਪ ਸਿੰਘ ਮੰਨਦੇ ਹਨ ਕਿ ਪਾਕਿਸਤਾਨ ਨੂੰ ਜਨਾਬ ਮੁਹੰਮਦ ਅਲੀ ਜਿਨਾਹ ਨੇ ਨੇਸ਼ਨ-ਸਟੇਟ ਵਜੋਂ ਕਾਇਮ ਕੀਤਾ ਸੀ। ਇਸੇ ਤਰ੍ਹਾਂ ਦੀ ਹੀ ਨੇਸ਼ਨ-ਸਟੇਟ ਸਿੱਖਾਂ ਵਾਸਤੇ ਖਾਲਿਸਤਾਨ ਬਣੇਗੀ।
ਸੰਦੀਪ ਸਿੰਘ ਪਾਕਿਸਤਾਨ ਨੂੰ ਨੇਸ਼ਨ-ਸਟੇਟ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਇਕ ਨੇਸ਼ਨ, ਕੌਮ ਦੀ ਹੋਂਦ ਅਤੇ ਸਟੇਟ ਦੀ ਹੋਂਦ ਮਿਲ ਕੇ ਨੇਸ਼ਨ-ਸਟੇਟ ਬਣਦੀ ਹੈ ਅਤੇ ਇਸ ਵਿਚ ਖੂਨ-ਖਰਾਬਾ ਨਹੀਂ ਹੋਵੇਗਾ। ਉਨ੍ਹਾਂ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਨਾਬ ਜਿਨਾਹ ਨੇ ਉਨ੍ਹਾਂ ਵਲੋਂ ਕਾਇਮ ਕੀਤੀ ਜਾ ਰਹੀ ਨੇਸ਼ਨ-ਸਟੇਟ ਯਾਨਿ ਪਾਕਿਸਤਾਨ ਨੂੰ ਖੁਦ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਸੀ। ਉਨ੍ਹਾਂ ਨੇ 11 ਅਗਸਤ 1947 ਨੂੰ ਪਾਕਿਸਤਾਨ ਕਾਂਸਟੀਚਿਊਟ ਅਸੈਂਬਲੀ, ਕਰਾਚੀ ਵਿਚ ਆਪਣੀ ਤਕਰੀਰ ਵਿਚ ਕਿਹਾ ਸੀ, “ਤੁਸੀਂ ਆਜ਼ਾਦ ਹੋ। ਹੁਣ ਤੁਸੀਂ ਨਾ ਮੁਸਲਮਾਨ ਅਤੇ ਨਾ ਹਿੰਦੂ ਹੋ, ਇਕ ਪਾਕਿਸਤਾਨੀ ਹੋਣ ਦੇ ਨਾਤੇ। ਧਰਮ ਤੁਹਾਡਾ ਨਿਜੀ ਵਿਸ਼ਵਾਸ ਹੈ। ਸਟੇਟ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਹੈ। ਤੁਹਾਡਾ ਕੋਈ ਵੀ ਧਰਮ, ਜਾਤ, ਫਿਰਕਾ ਹੋਵੇ, ਇਸ ਦਾ ਸਟੇਟ ਦੀ ਕਾਰਵਾਈ ਨਾਲ ਕੋਈ ਵਾਸਤਾ ਨਹੀਂ।”
ਇਸ ਬਿਆਨ ਨੂੰ ਅਖਬਾਰ ḔਡਾਨḔ, ਜੋ ਜਿਨਹਾ ਨੇ ਚਲਾਈ ਸੀ, ਵਿਚ ਤੁਸੀਂ ਪੜ੍ਹ ਸਕਦੇ ਹੋ। ਸੋ ਸੰਦੀਪ ਸਿੰਘ, ਜਿਨਹਾ ਦੇ ਇਸ ਬਿਆਨ ਤੋਂ ਬਾਅਦ ਵੀ ਪਾਕਿਸਤਾਨ ਨੂੰ ਨੇਸ਼ਨ-ਸਟੇਟ ਮੰਨਦੇ ਹਨ ਤਾਂ Ḕਮੈਂ ਨਾ ਮਾਨੂੰḔ ਵਾਲੀ ਗੱਲ ਹੋਵੇਗੀ।
ਜੇ ਉਹ ਫਿਰ ਵੀ ਪਾਕਿਸਤਾਨ ਨੂੰ ਖੂਨ-ਖਰਾਬੇ ਤੋਂ ਰਹਿਤ ਨੇਸ਼ਨ-ਸਟੇਟ ਦੀ ਮਿਸਾਲ ਮੰਨਦੇ ਹਨ ਤਾਂ ਕੀ ਉਹ ਦੱਸ ਸਕਦੇ ਕਿ ਪਾਕਿਸਤਾਨ ਦੇ ਟੁਕੜੇ ਕਿਉਂ ਹੋਏ? ਪਾਕਿਸਤਾਨ ਵਿਚ ਉਸ ਵਕਤ ਦੰਗੇ ਸ਼ੁਰੂ ਹੋ ਗਏ ਸਨ, ਜਦ 1948 ਵਿਚ ਜਿਨਾਹ ਨੇ ਢਾਕਾ ਵਿਚ ਕਹਿ ਦਿੱਤਾ ਸੀ ਕਿ ਸਿਰਫ ਉਰਦੂ ਹੀ ਪਾਕਿਸਤਾਨ ਦੀ ਕੌਮੀ ਜ਼ੁਬਾਨ ਹੋਵੇਗੀ। ਬੰਗਾਲੀਆਂ, ਭਾਵੇਂ ਉਹ ਵੀ ਮੁਸਲਮਾਨ ਹੀ ਸਨ, ਨੇ ਇਸ ਨੂੰ ਮਨਜ਼ੂਰ ਨਹੀਂ ਸੀ ਕੀਤਾ।
ਅੱਜ ਵੀ ਪਾਕਿਸਤਾਨ ਵਿਚ ਸੂਫੀ ਸੰਤਾਂ ਦੇ ਮਜ਼ਾਰਾਂ ਉਤੇ ਆਤਮਘਾਤੀ ਹਮਲੇ ਕਰਕੇ ਸੈਂਕੜੇ ਬੱਚੇ, ਔਰਤਾਂ, ਮਰਦ ਮਾਰੇ ਜਾ ਰਹੇ ਹਨ। ਇਕ ਸੂਫੀ ਸੰਤ ਨੇ ਹੀ ਤਾਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ। ਅਜੇ ਵੀ ਸੰਦੀਪ ਸਿੰਘ ਇਸ ਨੂੰ ਨੇਸ਼ਨ-ਸਟੇਟ ਮੰਨਦੇ ਹਨ? ਖੂਨ-ਖਰਾਬੇ ਤੋਂ ਰਹਿਤ?
ਸੰਦੀਪ ਸਿੰਘ ਨੂੰ ਅੱਜ ਕੱਲ੍ਹ ਦੇ ਕੋਈ ਵੀ ਸਿੱਖ ḔਸਿਆਸਤਦਾਨḔ ਖਾਲਿਸਤਾਨ ਬਣਾਉਣ ਦੇ ਲਾਇਕ ਨਹੀਂ ਦਿਸਦੇ। ਉਨ੍ਹਾਂ ਨੇ ਸਿੱਖ ਸਿਆਸਤਦਾਨ ਦਾ ਸ਼ਬਦ ਵਰਤ ਕੇ ਸਿਆਸਤ ਨੂੰ ਹੀ ਸਟੇਟ ਬਣਾਉਣ ਦਾ ਜ਼ਿੰਮੇਵਾਰ ਮੰਨ ਕਬੂਲ ਕਰ ਲਿਆ ਹੈ। ਸਿਆਸਤ ਦਾ ਤਾਂ ਸਿੱਖੀ ਨਾਲ ਕੋਈ ਵਾਸਤਾ ਹੀ ਨਹੀਂ ਹੈ। ਉਹ ਤਾਂ ਗੁਰੂ ਸ਼ਬਦ ‘ਤੇ ਖੜ੍ਹੀ ਹੈ। ਫਿਰ ḔਸਿੱਖḔ ਅਤੇ Ḕਸਿੱਖ ਸਿਆਸਤਦਾਨḔ ਬਿਲਕੁਲ ਇਕ ਦੂਜੇ ਦੇ ਉਲਟ ਕਾਰਜ ਸ਼ਕਤੀਆਂ ਹਨ। ਸਿਆਸਤਦਾਨ ਤਾਂ ਸਿਆਸਤਦਾਨ ਹੀ ਹੋ ਸਕਦਾ ਹੈ! ਤਾਕਤ ਦਾ ਧਨੀ, ਨਾ ਕਿ ਧਰਮ ਦਾ ਧਨੀ। ਸੰਦੀਪ ਸਿੰਘ ਦੀ ਸੋਚਣੀ ਧਰਮ ਤੋਂ ਪਹਿਲਾਂ ਸਿਆਸਤ ਨੂੰ ਹੀ ਖਾਲਿਸਤਾਨ ਬਣਾਉਣ ਦੀ ਜ਼ਿੰਮੇਵਾਰੀ ਦੇ ਬੈਠੀ ਹੈ।
ਮੈਂ ਜੋ ਖਦਸ਼ਾ ਜ਼ਾਹਰ ਕੀਤਾ ਸੀ ਕਿ ਸੰਦੀਪ ਸਿੰਘ ਉਨ੍ਹਾਂ ਸਿੱਖਾਂ ਨੂੰ, ਜਿਵੇਂ ਚੀਫ ਜਸਟਿਸ ਆਫ ਇੰਡੀਆ, ਸੈਨਾ ਦੇ ਮੁਖੀ, ਏਅਰ ਫੋਰਸ ਦੇ ਮੁਖੀ, ਚੀਫ ਮਨਿਸਟਰ ਆਦਿ ਜੋ ਭਾਰਤ ਸਰਕਾਰ ਦਾ ਹਿੱਸਾ ਹਨ, ਨੂੰ ਗੈਰ ਸਿੱਖ ਹੀ ਨਾ ਕਰਾਰ ਦੇ ਦੇਣ! ਉਹੀ ਹੋਇਆ, ਉਨ੍ਹਾਂ ਨੇ ਇਨ੍ਹਾਂ ਨੂੰ ਗੁਲਾਮ ਸਿੱਖ ਕਹਿ ਹੀ ਦਿੱਤਾ।
ਹੁਣ ਸੰਦੀਪ ਸਿੰਘ ਆਪਣੇ ਆਪ ਨੂੰ ਆਜ਼ਾਦ ਸਿੱਖ ਅਖਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜੇ ਕਿਸੇ ਵੀ ਅਦਾਰੇ ਵਾਸਤੇ ਕੰਮ ਕਰਦੇ ਹੋਣ ਜੋ ਕਿ ਭਾਰਤ ਵਿਚ ਮੌਜੂਦ ਹੈ, ਉਸ ਨੂੰ ਛੱਡ ਦੇਣ ਅਤੇ ਇਸ ਗੁਲਾਮੀ ਸਿਸਟਮ ਵਿਚ ਪ੍ਰਾਪਤ ਕੀਤੀਆਂ ਡਿਗਰੀਆਂ ਨੂੰ ਤਿਲਾਂਜਲੀ ਦੇ ਕੇ ਆਜ਼ਾਦ ਹੋਣ ਦਾ ਝੰਡਾ ਚੁੱਕਣ। ਬਣਦੀ ਸਰਦੀ ਮਾਲੀ ਮਦਦ ਦਾਸ ਵੀ ਦੇ ਦੇਵੇਗਾ (ਪੰਜਾਬ ਟਾਈਮਜ਼ ਦੇ ਜ਼ਰੀਏ)। ਉਨ੍ਹਾਂ ਨੂੰ ਇਹ ਕੰਮ ਦੂਸਰਿਆਂ ‘ਤੇ ਨਹੀਂ ਛੱਡਣਾ ਚਾਹੀਦਾ ਕਿਉਂਕਿ “ਸਿੱਖ ਸੰਗਤਾਂ ਤਾਂ ਲਾਪਰਵਾਹ ਹਨ।” (ਬਕੌਲ ਕਰਮਜੀਤ ਸਿੰਘ ਚੰਡੀਗੜ੍ਹ)
-ਕਮਲਜੀਤ ਸਿੰਘ ਫਰੀਮਾਂਟ