-ਜਤਿੰਦਰ ਪਨੂੰ
ਪੰਜਾਬ ਇਸ ਵਕਤ ਇੱਕ ਜਹਾਜ਼ ਤੋਂ ਉਤਰ ਕੇ ਦੂਸਰੀ ਉਡਾਣ ਦੀ ਉਡੀਕ ਵਿਚ ਕਿਸੇ ਹਵਾਈ ਅੱਡੇ ‘ਤੇ ਬੈਠੇ ਮੁਸਾਫਰ ਵਰਗੀ ਹਾਲਤ ਵਿਚ ਹੈ। ਅਗਲੀ ਉਡਾਣ ਉਡੀਕਦੇ ਹੋਣ ਜਾਂ ਰੇਲਵੇ ਸਟੇਸ਼ਨ ‘ਤੇ ਅਗਲੀ ਗੱਡੀ ਉਡੀਕਦੇ ਹੋਣ, ਇਕੱਠੇ ਬੈਠੇ ਲੋਕ ਆਪੋ ਵਿਚ ਕਈ ਵਾਰ ਗੱਲਾਂ ਵਿਚ ਲੱਗ ਜਾਂਦੇ ਹਨ ਤੇ ਇਹ ਗੱਲਾਂ ਮੌਸਮ ਤੋਂ ਸ਼ੁਰੂ ਹੋ ਕੇ ਘਰੇਲੂ ਹਾਲਤਾਂ ਤੱਕ ਚਲੀਆਂ ਜਾਂਦੀਆਂ ਹਨ।
ਪਿਛਲੇ ਦਸ ਸਾਲ ਅਤੇ ਉਨ੍ਹਾਂ ਵਿਚੋਂ ਖਾਸ ਕਰ ਕੇ ਪਿਛਲੇ ਪੰਜ ਸਾਲ ਅਸੀਂ ਏਦਾਂ ਦੀਆਂ ਗੱਲਾਂ ਹੁੰਦੀਆਂ ਜਦੋਂ ਕਈ ਮੌਕਿਆਂ ਉਤੇ ਸੁਣੀਆਂ, ਅਤੇ ਸਿਰਫ ਸੁਣੀਆਂ ਨਾ ਕਹੀਏ, ਕਈ ਵਾਰੀ ਅਸੀਂ ਖੁਦ ਕੀਤੀਆਂ, ਤਾਂ ਚਾਰ ਪੰਜਾਬੀ ਜਿੱਥੇ ਕਿਤੇ ਵੀ ਇਹੋ ਜਿਹੇ ਹਾਲਾਤ ਵਿਚ ਇਕੱਠੇ ਹੋਏ, ਗੱਲ ਆਖਰ ਵਿਚ ਪੰਜਾਬ ਦੀ ਹਾਲਤ ਦੀ ਚਰਚਾ ਤੱਕ ਪਹੁੰਚ ਜਾਂਦੀ ਸੀ। ਫਿਰ ਵਿਚੋਂ ਕੋਈ ਜਣਾ ਇਹ ਆਖਦਾ ਸੀ, ‘ਜੋ ਕੁਝ ਅੱਜ ਹੋ ਰਿਹਾ ਹੈ, ਏਦਾਂ ਚਗੱਤਿਆਂ ਵੇਲੇ ਵੀ ਨਹੀਂ ਹੋਇਆ ਹੋਣਾ।’
ਮੁਗਲ ਹਮਲਾਵਰ ਚੰਗੇਜ਼ ਖਾਂ ਦਾ ਪੁੱਤਰ ਚਗਤਾਈ ਖਾਂ ਹੁੰਦਾ ਸੀ ਤੇ ਉਸੇ ਕੁਨਬੇ ਵਿਚੋਂ ਫਿਰ ਬਾਬਰ ਬਾਦਸ਼ਾਹ ਹੋਇਆ ਹੈ। ਬਾਬਰ ਦੇ ਨਾਨਕੇ ਢੇਰੀ ਦੀ ਪੀੜ੍ਹੀ ਕਿਉਂਕਿ ਚਗਤਾਈ ਖਾਂ ਨਾਲ ਜੁੜਦੀ ਸੀ ਤੇ ਅੱਗੋਂ ਚਗਤਾਈ ਖਾਂ ਅਤੇ ਉਸ ਦੇ ਬਾਪ ਨੂੰ ਬੜੇ ਧੱਕੜਸ਼ਾਹ ਕਿਹਾ ਜਾਂਦਾ ਸੀ, ਇਸ ਲਈ ਬਾਬਰ ਨੂੰ ਵੀ ਆਮ ਲੋਕਾਂ ਦੀ ਬੋਲੀ ਵਿਚ ‘ਚਗੱਤਾ’ ਜਾਂ ਫਿਰ ਔਰਤਾਂ ਵੱਲੋਂ ਕਿਸੇ ਨੂੰ ‘ਔਂਤਰਿਆਂ ਦਾ’ ਕਹਿਣ ਵਾਂਗ ‘ਚਗੱਤਿਆਂ ਦਾ’ ਕਹਿ ਕੇ ਉਸ ਨਾਲ ਖਾਸ ਤਰ੍ਹਾਂ ਦੀ ਨਫਰਤ ਜ਼ਾਹਰ ਕੀਤੀ ਜਾਂਦੀ ਸੀ। ਪਿਛਲੇ ਸਾਲਾਂ ਵਿਚ ਪੰਜਾਬ ਦੇ ਜਿਹੜੇ ਰਾਜ ਬਾਰੇ ਇਹ ਕਿਹਾ ਜਾਣ ਲੱਗਾ ਕਿ ‘ਏਦਾਂ ਚਗੱਤਿਆਂ ਦੇ ਵਕਤ ਵੀ ਨਹੀਂ ਸੀ ਹੋਈ’, ਉਹ ਆਮ ਲੋਕਾਂ ਲਈ ਕਿੱਦਾਂ ਦਾ ‘ਸੁਲੱਖਣਾ’ ਸੀ, ਖੁਲਾਸਾ ਕਰਨ ਦੀ ਲੋੜ ਨਹੀਂ।
ਹੁਣ ਜਦੋਂ ਪੰਜਾਬ ਵਿਚ ਚਾਰ ਫਰਵਰੀ ਨੂੰ ਵੋਟਾਂ ਪੈ ਚੁਕੀਆਂ ਹਨ ਤੇ ਗਿਣਤੀ ਅਜੇ ਹੋਣੀ ਹੈ ਤਾਂ ਹਾਲਾਤ ਵਿਚ ਕੁਝ-ਕੁਝ ਨਵਾਂ ਜਿਹਾ ਵੇਖਿਆ ਜਾਣ ਲੱਗਾ ਹੈ। ਪਿਛਲੇ ਹਫਤੇ ਦੌਰਾਨ ਪੁਲਿਸ ਨੇ ਕਈ ਥਾਂਈਂ ਛਾਪੇ ਮਾਰੇ ਤੇ ਕਈ ਵੱਡੇ ਗੈਂਗਸਟਰ ਫੜੇ। ਅਖਬਾਰੀ ਸੂਤਰਾਂ ਵਿਚ ਇਹ ਗੱਲ ਕਈ ਵਾਰੀ ਚਰਚਾ ਵਿਚ ਆ ਚੁਕੀ ਹੈ ਕਿ ਇਨ੍ਹਾਂ ਗੈਂਗਸਟਰਾਂ ਬਾਰੇ ਪੁਲਿਸ ਨੂੰ ਬਹੁਤ ਕੁਝ ਪਤਾ ਹੁੰਦਿਆਂ ਵੀ ਉਹ ਹੁੱਥ ਪਾਉਣ ਤੋਂ ਕੰਨੀ ਕਤਰਾਉਂਦੀ ਸੀ ਤੇ ਹੁਣ ਅੱਧੀ-ਅੱਧੀ ਰਾਤ ਛਾਪੇ ਮਾਰਦੀ ਫਿਰਦੀ ਹੈ। ਪਹਿਲਾਂ ਕਾਰਵਾਈ ਕਿਉਂ ਨਾ ਕੀਤੀ ਗਈ ਤੇ ਹੁਣ ਏਨੀ ਤੇਜ਼ੀ ਕਿਸ ਗੱਲੋਂ ਵਿਖਾਈ ਜਾ ਰਹੀ ਹੈ, ਇਸ ਬਾਰੇ ਬਾਕੀ ਲੋਕਾਂ ਵਾਂਗ ਅਸੀਂ ਵੀ ਸੋਚਦੇ ਸਾਂ। ਇਸ ਹਫਤੇ ਇੱਕ ਸਮਾਜੀ ਸਮਾਗਮ ਵਿਚ ਪੁਲਿਸ ਦੇ ਕੁਝ ਅਫਸਰ ਮਿਲ ਪਏ ਤਾਂ ਰਸਮੀ ਦੁਆ-ਸਲਾਮ ਕਰਨ ਪਿੱਛੋਂ ਸਾਡੇ ਅੰਦਰਲੇ ਪੱਤਰਕਾਰ ਨੇ ਸਿਰ ਚੁਕਿਆ ਅਤੇ ਇਹੋ ਸਵਾਲ ਉਨ੍ਹਾਂ ਅਫਸਰਾਂ ਨੂੰ ਕਰ ਦਿੱਤਾ ਕਿ ‘ਅੱਜ-ਕੱਲ੍ਹ ਬੜੀ ਤੇਜ਼ੀ ਨਾਲ ਛਾਪੇ ਮਾਰੇ ਜਾ ਰਹੇ ਹਨ, ਰਾਤੋ-ਰਾਤ ਬਦਮਾਸ਼ਾਂ ਦੇ ਅੱਡੇ ਵੀ ਤੁਹਾਨੂੰ ਪਤਾ ਲੱਗ ਗਏ ਹਨ, ਇਹ ਚੱਕਰ ਕਿਸ ਤਰ੍ਹਾਂ ਚੱਲ ਪਿਆ ਹੈ?’ ਜਿਹੜਾ ਜਵਾਬ ਸਾਹਮਣੇ ਬੈਠੇ ਅਫਸਰ ਨੇ ਦਿੱਤਾ, ਉਹ ਸਾਡੀ ਸੋਚ ਨਾਲੋਂ ਬਹੁਤ ਪਰੇ ਦਾ ਸੀ।
ਪੁਲਿਸ ਦਾ ਉਹ ਸੀਨੀਅਰ ਅਫਸਰ ਕਹਿਣ ਲੱਗਾ ਕਿ ਤੁਸੀਂ ਵੋਟਾਂ ਪਾ ਕੇ ਜਾਂ ਪਵਾ ਕੇ ਵਿਹਲੇ ਹੋ ਗਏ ਹੋ ਤੇ ਅਸੀਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕੁਝ ਕਰ ਕੇ ਵਿਹਲੇ ਹੋਣਾ ਚਾਹੁੰਦੇ ਹਾਂ। ਫਿਰ ਉਸ ਨੇ ਬਿਨਾ ਲੁਕਾਏ ਇਹ ਗੱਲ ਕਹਿ ਦਿੱਤੀ ਕਿ ਅਪਰਾਧ ਜਗਤ ਵਿਚ ਪੁਲਿਸ ਦੇ ਸੂਹੀਏ ਏਨੇ ਕੁ ਹੁੰਦੇ ਹਨ ਕਿ ਬੜਾ ਕੁਝ ਨਾਲੋ-ਨਾਲ ਵੀ ਕੀਤਾ ਜਾ ਸਕਦਾ ਹੈ ਤੇ ਅਖਬਾਰ ਵਿਚ ਖਬਰਾਂ ਦੀ ਬਾਕੀ ਕਿਸੇ ਹੋਰ ਸਫੇ ਉਤੇ ਕੱਢਣ ਵਾਂਗ ਕੋਈ ਕੇਸ ਕਿਸੇ ਅਗਲੇ ਸਾਲ ਲਈ ਰੱਖਣ ਦੀ ਲੋੜ ਬਹੁਤੀ ਨਹੀਂ ਹੁੰਦੀ, ਪਰ ਅਸੀਂ ਕੰਮ ਨਹੀਂ ਕਰ ਸਕਦੇ। ਸਾਡੇ ਉਤੇ ਸਿਰਫ ਵੱਡੇ ਗੈਂਗਸਟਰਾਂ ਵਾਸਤੇ ਹੀ ਸਿਆਸੀ ਦਬਾਅ ਨਹੀਂ ਪੈਂਦਾ, ਸਧਾਰਨ ਚੇਨੀਆਂ ਲਾਹੁਣ ਵਾਲਾ ਬੰਦਾ ਵੀ ਫੜੀਏ ਤਾਂ ਥਾਣੇ ਪਹੁੰਚਣ ਤੋਂ ਪਹਿਲਾਂ ਦਸ ਫੋਨ ਹਾਕਮ ਪਾਰਟੀ ਦੇ ਅਤੇ ਪੰਜ ਕੁ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਆ ਜਾਂਦੇ ਹਨ। ਜਿਹੜੇ ਬਦਮਾਸ਼ਾਂ ਨੇ ਪੁਲਿਸ ਉਤੇ ਹਮਲੇ ਕੀਤੇ ਤੇ ਕੁਝ ਥਾਂਈਂ ਪੁਲਿਸ ਵਾਲਿਆਂ ਦੇ ਕਤਲ ਤੱਕ ਕੀਤੇ ਹੁੰਦੇ ਹਨ, ਉਨ੍ਹਾਂ ਨੂੰ ਵੀ ਫੜ ਲਈਏ ਤਾਂ ਸਾਨੂੰ ਕਾਰਵਾਈ ਕਰਨ ਤੋਂ ਰੋਕਿਆ ਜਾਂਦਾ ਹੈ। ਬਠਿੰਡੇ ਜ਼ਿਲ੍ਹੇ ਵਿਚ ਇੱਕ ਬੰਦਾ ਪੁਲਿਸ ਵਾਲਿਆਂ ਦੇ ਅੱਖਾਂ ਵਿਚ ਮਿਰਚਾਂ ਸੁੱਟ ਕੇ ਉਨ੍ਹਾਂ ਤੋਂ ਆਪਣੇ ਬੰਦੇ ਛੁਡਾ ਕੇ ਅਤੇ ਪੁਲਿਸ ਦੇ ਆਟੋਮੈਟਿਕ ਹਥਿਆਰ ਵੀ ਖੋਹ ਕੇ ਲੈ ਗਿਆ, ਪੁਲਿਸ ਉਸ ਨੂੰ ਲੱਭਦੀ ਫਿਰੇ ਤੇ ਉਹ ਇੱਕ ਦਿਨ ਇੱਕ ਸਮਾਗਮ ਵਿਚ ਪੁਲਿਸ ਦੀਆਂ ਅੱਖਾਂ ਮੂਹਰੇ ਪੰਜਾਬ ਸਰਕਾਰ ਦੇ ਇੱਕ ਵੱਡੇ ਮੰਤਰੀ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ। ਅਦਾਲਤ ਵਿਚੋਂ ਭਗੌੜਾ ਐਲਾਨੇ ਜਾ ਚੁਕੇ ਉਸ ਬੰਦੇ ਲਈ ਸਾਡੇ ਕੋਲ ਗ੍ਰਿਫਤਾਰੀ ਵਾਰੰਟ ਸਨ ਤੇ ਮੰਤਰੀ ਨੇ ਜਦੋਂ ਉਸ ਦੇ ਗਲ਼ ਸਿਰੋਪਾਓ ਪਾਇਆ, ਮੂਹਰੇ ਬੈਠੀ ਭੀੜ ਉਸੇ ਬੰਦੇ ਲਈ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡੀ ਜਾਂਦੀ ਸੀ। ਸਮੁੰਦਰ ਵਿਚ ਰਹਿ ਕੇ ਮਗਰਮੱਛ ਨਾਲ ਵੈਰ ਪਾਉਣਾ ਤੇ ਕਿਸੇ ਰਾਜ ਦੀ ਪੁਲਿਸ ਵਿਚ ਰਹਿੰਦਿਆਂ ਕਿਸੇ ਕੈਬਨਿਟ ਮੰਤਰੀ ਨਾਲ ਵੈਰ ਪਾਉਣ ਦੀ ਭੁੱਲ ਕਰਨਾ, ਇੱਕੋ ਜਿਹਾ ਖਤਰਨਾਕ ਸਮਝਿਆ ਜਾਂਦਾ ਹੈ। ਹੁਣ ਅਸੀਂ ਇਸੇ ਕਰ ਕੇ ਤਿੱਖੀ ਚਾਲ ਵਗ ਰਹੇ ਹਾਂ ਕਿ ਗਿਆਰਾਂ ਮਾਰਚ ਨੂੰ ਨਤੀਜੇ ਆਉਣ ਤੋਂ ਪਹਿਲਾਂ ਜਿੰਨਾ ਗੰਦ ਸਮੇਟ ਸਕਦੇ ਹਾਂ, ਸਮੇਟ ਲਈਏ, ਵਰਨਾ ਪੰਜਾਬ ਵਿਚ ਜਿਸ ਪਾਰਟੀ ਦੀ ਸਰਕਾਰ ਵੀ ਬਣੀ, ਇਨ੍ਹਾਂ ਬਦਮਾਸ਼ਾਂ ਨੇ ਉਸ ਦੇ ਅੰਦਰ ਆਪਣੇ ਸਰਪ੍ਰਸਤ ਪੈਦਾ ਕਰ ਲੈਣੇ ਹਨ।
ਅਸੀਂ ਜਾਣਦੇ ਹਾਂ ਕਿ ਅਕਾਲੀ ਦਲ ਨੇ ਪਿਛਲੇ ਦਸ ਸਾਲ ਅਕਾਲੀ ਹੋਣ ਦਾ ਸਿਰਫ ਫੱਟਾ ਟੰਗੀ ਰੱਖਿਆ ਸੀ, ਅਕਾਲੀਪੁਣੇ ਦੀਆਂ ਬਾਕੀ ਸਭ ਗੱਲਾਂ ਛੱਡ ਦਿੱਤੀਆਂ ਸਨ। ਕਿਸੇ ਟੁੱਟੇ-ਭੱਜੇ ਯੂਥ ਅਕਾਲੀ ਲੀਡਰ ਦੇ ਰੱਖੇ ਪ੍ਰੋਗਰਾਮ ਵਾਸਤੇ ਵੀ ਗੁਰੂ ਕੀ ਗੋਲਕ ਵਿਚੋਂ ਟਰੱਕਾਂ ਵਿਚ ਭਰ ਕੇ ਏਦਾਂ ਲੰਗਰ ਭੇਜਿਆ ਜਾਂਦਾ ਸੀ, ਜਿਵੇਂ ਲੰਚ ਸਪਲਾਈ ਦੀ ਬੁਕਿੰਗ ਸਮੇਂ ਸਿਰ ਭੁਗਤਾਉਣ ਦੀ ਮਜਬੂਰੀ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਹਿਸਟਰੀ ਸ਼ੀਟਰ ਬੰਦਿਆਂ ਬਾਰੇ ਪਹਿਲਾਂ ਵੀ ਸੁਣਿਆ ਸੀ, ਫਿਰ ਇਸ ਵਿਚ ਵਾਧਾ ਹੋ ਗਿਆ। ਜਿਹੜੇ ਯੂਥ ਆਗੂ ਇਸ ਦੌਰ ਵਿਚ ਅੱਗੇ ਆਏ, ਉਨ੍ਹਾਂ ਵਿਚੋਂ ਕੁਝ ਨਾਂ ਲੋਕਾਂ ਦੀ ਜ਼ਬਾਨ ਉਤੇ ਚੜ੍ਹੇ ਹੋਏ ਹਨ। ਫਰੀਦਕੋਟ ਦੇ ਨਿਸ਼ਾਨ ਸਿੰਘ ਦੀ ਕਹਾਣੀ ਚੇਤੇ ਕਰਨ ਦੀ ਕਿਸੇ ਨੂੰ ਲੋੜ ਨਹੀਂ। ਅੰਮ੍ਰਿਤਸਰ ਵਿਚ ਥਾਣੇ ਤੋਂ ਮਸਾਂ ਸੌ ਗਜ਼ ਦੂਰ ਪੁਲਿਸ ਵਾਲਿਆਂ ਦੀਆਂ ਅੱਖਾਂ ਮੂਹਰੇ ਪੁਲਿਸ ਦੇ ਥਾਣੇਦਾਰ ਨੂੰ ਭਰੇ ਬਾਜ਼ਾਰ ਇੱਕ ਯੂਥ ਆਗੂ ਰਾਣੇ ਵੱਲੋਂ ਗੋਲੀਆਂ ਨਾਲ ਭੁੰਨਣ ਅਤੇ ਗੋਲੀਆਂ ਮੁੱਕਣ ਉਤੇ ਘਰੋਂ ਜਾ ਕੇ ਦੂਸਰੀ ਗੰਨ ਲਿਆ ਕੇ ਲਾਸ਼ ਨੂੰ ਗੋਲੀਆਂ ਮਾਰਨ ਪਿੱਛੋਂ ਪੰਜਾਬ ਦੇ ਇੱਕ ਮੰਤਰੀ ਦੇ ਨਾਂ ਦੀ ਜ਼ਿੰਦਾਬਾਦ ਦੇ ਨਾਅਰੇ ਲਾਉਣ ਦੀ ਘਟਨਾ ਵੀ ਪੰਜਾਬ ਦੇ ਲੋਕਾਂ ਨੂੰ ਯਾਦ ਹੋਵੇਗੀ। ਲੁਧਿਆਣੇ ਦੇ ਇੱਕ ਪੱਬ ਵਿਚ ਇੱਕ ਸੀਨੀਅਰ ਪੁਲਿਸ ਅਫਸਰ ਨੂੰ ਕੁੱਟਣ ਪਿੱਛੋਂ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਗਿਆ ਤੇ ਹਸਪਤਾਲ ਪਿਆ ਵਿਚਾਰਾ ਪੁਲਿਸ ਅਫਸਰ ਆਪਣਾ ਦੁੱਖ ਦੱਸਣ ਦੀ ਥਾਂ ਇਹੋ ਕਹੀ ਜਾ ਰਿਹਾ ਸੀ ਕਿ ਮੇਰਾ ਪੈਰ ਤਿਲਕ ਗਿਆ ਸੀ। ਪੱਤਰਕਾਰ ਕਹਿੰਦੇ ਸਨ ਕਿ ਅਸੀਂ ਸੀæਸੀæਟੀæਵੀæ ਰਿਕਾਰਡਿੰਗ ਵਿਚ ਤੁਹਾਨੂੰ ਸੁੱਟੇ ਜਾਂਦੇ ਵੇਖਿਆ ਹੈ, ਪਰ ਉਹ ਜ਼ੋਰਾਵਰਾਂ ਦੇ ਦਬਕੇ ਹੇਠ ਇਹੋ ਗੱਲ ਕਹੀ ਜਾਂਦਾ ਸੀ ਕਿ ਰਿਕਾਰਡਿੰਗ ਦਾ ਪਤਾ ਨਹੀਂ, ਮੈਂ ਤਾਂ ਆਪ ਹੀ ਡਿੱਗਾ ਸਾਂ।
‘ਪੰਜਾਬ ਵਿਚ ਜਿਸ ਪਾਰਟੀ ਦੀ ਸਰਕਾਰ ਵੀ ਬਣੀ’, ਬਦਮਾਸ਼ਾਂ ਜੋਗੇ ਸਰਪ੍ਰਸਤ ਉਸੇ ਵਿਚ ਨਿਕਲ ਪੈਣ ਦਾ ਪੁਲਿਸ ਦੇ ਉਸ ਅਫਸਰ ਦਾ ਤੌਖਲਾ ਸਾਡੇ ਲਈ ਵੀ ਨਵੀਂ ਸੋਚ ਦਾ ਸਿਰ ਦਰਦ ਦੇਣ ਵਾਲਾ ਸੀ। ਪਿਛਲੇ ਦਿਨੀਂ ਚੋਣ ਚੱਲਦੀ ਵਿਚ, ਤੇ ਉਸ ਤੋਂ ਪਹਿਲਾਂ ਵੀ, ਪੰਜਾਬ ਵਿਚ ਹੁੰਦੇ-ਵਾਪਰਦੇ ਦੀ ਘੋਖ ਰੱਖਣ ਦੀ ਜਿੰਨੀ ਕੁ ਕੋਸ਼ਿਸ਼ ਅਸੀਂ ਕੀਤੀ ਸੀ, ਉਸ ਵਿਚੋਂ ਸਾਡਾ ਇਹ ਸਿਰ-ਦਰਦ ਵਧਾਉਣ ਵਾਲੀਆਂ ਕਈ ਮਿਸਾਲਾਂ ਲੱਭ ਜਾਂਦੀਆਂ ਸਨ।
ਸਾਡੇ ਲਈ ਇਹ ਕਥਾ ਹੁਣ ਪੁਰਾਣੀ ਹੋ ਚੁਕੀ ਹੈ ਕਿ ਅਬੋਹਰ ਵਿਚ ਸ਼ਰਾਬ ਦਾ ਕਾਰੋਬਾਰੀ ਸ਼ਿਵ ਲਾਲ ਡੋਡਾ ਉਸ ਖੇਤਰ ਵਿਚ ਅਕਾਲੀ ਦਲ ਦੇ ਲੀਡਰ ਵਜੋਂ ਸਰਕਾਰ ਦੀ ਢੋਅ ਹੋਣ ਕਾਰਨ ਜ਼ੁਲਮਾਂ ਦਾ ਝੱਖੜ ਝੁਲਾਈ ਜਾਂਦਾ ਸੀ ਤੇ ਪੁਲਿਸ ਦੇ ਅਫਸਰਾਂ ਨੇ ਆਪਣੀਆਂ ਅੱਖਾਂ ਉਤੇ ਪੱਟੀ ਬੰਨ੍ਹੀ ਹੋਈ ਸੀ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਰੋਜ਼ ਜੇਲ੍ਹ ਵਿਚ ਉਹ ਮੀਟਿੰਗਾਂ ਕਰਦਾ ਰਿਹਾ ਤੇ ਕਿਸੇ ਰੋਕਿਆ ਨਹੀਂ ਸੀ, ਪਰ ਜ਼ਾਬਤਾ ਲੱਗਦੇ ਸਾਰ ਛਾਪਾ ਪੈ ਗਿਆ ਤਾਂ ਉਸ ਦੇ ਜੋੜੀਦਾਰ ਅਕਾਲੀ ਆਗੂ ਵੀ ਫਸੇ ਫਿਰਦੇ ਹਨ। ਨਵੀਂ ਗੱਲ ਇਹ ਜਾਣ ਲੈਣੀ ਚਾਹੀਦੀ ਹੈ ਕਿ ਰਾਜਸਥਾਨ ਵਿਚ ਇੱਕ ਚੋਣ ਮੌਕੇ ਸ਼ਿਵ ਲਾਲ ਡੋਡਾ ਦੇ ਦਿੱਤੇ ਪੈਸੇ ਨਾਲ ਜਿਹੜਾ ਬੰਦਾ ਉਮੀਦਵਾਰ ਬਣਿਆ ਤੇ ਹਾਰਨ ਪਿੱਛੋਂ ਸ਼ਰਾਬ ਦੇ ਕਾਰੋਬਾਰ ਵਿਚ ਸ਼ਿਵ ਲਾਲ ਡੋਡਾ ਦੇ ਕਾਰਿੰਦੇ ਦਾ ਕੰਮ ਕਰਦਾ ਸੀ, ਉਸ ਨੂੰ ਜਨਵਰੀ ਵਿਚ ਆਮ ਆਦਮੀ ਪਾਰਟੀ ਨੇ ਆਪਣੇ ਵਿਚ ਸ਼ਾਮਲ ਕਰ ਲਿਆ ਸੀ। ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਕਿ ਉਸੇ ਡੋਡਾ-ਜੁੰਡੀ ਵਿਚੋਂ ਇੱਕ ਹੋਰ ਪਿਆਦਾ ਉਸ ਹਲਕੇ ਦੇ ਕਾਂਗਰਸੀ ਵਿਧਾਇਕ ਤੋਂ ਕੁਝ ਓਹਲਾ ਰੱਖ ਕੇ ਦਿੱਲੀ ਦੇ ਇੱਕ ਵੱਡੇ ਆਗੂ ਰਾਹੀਂ ਕਾਂਗਰਸ ਦੀ ਹਾਈ ਕਮਾਂਡ ਵਿਚਲੇ ਇੱਕ ‘ਪੌਣਾ ਅਕਾਲੀ’ ਮੰਨੇ ਜਾਂਦੇ ਲੀਡਰ ਤੱਕ ਕੁੰਡੀ ਪਾ ਆਇਆ ਹੈ।
ਪੁਲਿਸ ਅਸਲ ਵਿਚ ਰਾਜਕੀ ਤਾਕਤ ਦਾ ਸਭ ਤੋਂ ਵੱਡਾ ਹਥਿਆਰ ਹੁੰਦੀ ਹੈ। ਇਹ ਤਾਕਤ ਲੋਕਾਂ ਦੇ ਹਿੱਤ ਲਈ ਵਰਤੀ ਜਾਣੀ ਚਾਹੀਦੀ ਹੈ, ਪਰ ਰਾਜ ਜਿਹੜੀ ਵੀ ਪਾਰਟੀ ਦੇ ਹੱਥ ਆ ਜਾਵੇ, ਉਹ ਚਾਰ ਕੰਮ ਖੁਦ ਗਲਤ ਕਰਾਉਂਦੀ ਤੇ ਚੌਦਾਂ ਪੁਲਿਸ ਵਾਲਿਆਂ ਨੂੰ ਆਪਣੇ ਲਈ ਕਰਦੇ ਰਹਿਣ ਦੇ ਮੌਕੇ ਦੇ ਦਿੰਦੀ ਹੈ। ਹੋਰ ਰਾਜਾਂ ਦੀ ਪੁਲਿਸ ਵਾਂਗ ਪੰਜਾਬ ਪੁਲਿਸ ਦਾ ਅਕਸ ਵੀ ਚੰਗਾ ਨਹੀਂ ਹੋ ਸਕਿਆ, ਪਰ ਇਸ ਵਿਚ ਕਈ ਅਫਸਰ ਏਦਾਂ ਦੇ ਮੌਜੂਦ ਹਨ, ਜਿਹੜੇ ਝਿਜਕ ਤੋਂ ਬਿਨਾ ਆਖਦੇ ਹਨ ਕਿ ਸਾਡੇ ਮੋਢਿਆਂ ਉਤੇ ਤਾਰੇ ਹੀ ਚਮਕਦੇ ਹਨ, ਉਦਾਂ ਇਲਾਕੇ ਦੇ ਵਿਧਾਇਕ ਦਾ ਕੋਈ ਚੇਲਾ ਵੀ ਅੱਧੀ ਰਾਤ ਨੂੰ ਦੋ ਪੈਗ ਲਾ ਕੇ ਮੰਦਾ-ਚੰਗਾ ਬਕ ਦੇਵੇ ਤਾਂ ਉਸ ਦੀ ਬਕਵਾਸ ਸਹਿਣੀ ਪੈਂਦੀ ਹੈ। ਅਗਲੇ ਦਿਨ ਅਸੀਂ ਅਜੇ ਸੋਚਦੇ ਹੁੰਦੇ ਹਾਂ ਕਿ ਇਸ ਦੀ ਸ਼ਿਕਾਇਤ ਕਰੀਏ ਜਾਂ ਨਾ, ਤੇ ਓਨੀ ਦੇਰ ਨੂੰ ਵਿਧਾਇਕ ਜਾਂ ਮੰਤਰੀ ਦਾ ਫੋਨ ਆ ਜਾਂਦਾ ਹੈ ਕਿ ਤੁਸੀਂ ਰਾਤੀਂ ਮੇਰੇ ਬੰਦੇ ਨਾਲ ਬੜੀ ‘ਬਦਤਮੀਜ਼ੀ’ ਕੀਤੀ ਸੀ। ਏਨਾ ਨਿੱਘਰ ਗਿਆ ਹੈ ਪੰਜਾਬ!
ਹੁਣ ਜਦੋਂ ਪੰਜਾਬ ਦੇ ਲੋਕ ਵੋਟਾਂ ਪਾ ਕੇ ਇਨ੍ਹਾਂ ਦੇ ਨਤੀਜੇ ਬਾਰੇ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਹਨ, ਸਾਨੂੰ ਚਿੰਤਾ ਇਸ ਗੱਲ ਦੀ ਹੈ ਕਿ ਅਗਲਾ ਰਾਜ ਕਿੱਦਾਂ ਦਾ ਹੋਵੇਗਾ? ਪਿਛਲੇ ਦਸ ਸਾਲਾਂ ਦੇ ਰਾਜ, ਅਤੇ ਖਾਸ ਕਰ ਕੇ ਪੰਜ ਸਾਲਾਂ ਦੇ ਰਾਜ, ਬਾਰੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਸ ਵਿਚ ਉਹ ਕੁਝ ਹੁੰਦਾ ਰਿਹਾ, ਜਿਹੜਾ ਚਗੱਤਿਆਂ ਵੇਲੇ ਵੀ ਨਹੀਂ ਸੀ ਹੁੰਦਾ, ਇਥੇ ਕਿਤੇ ਫਿਰ ਇਹੋ ਕੁਝ ਤਾਂ ਨਹੀਂ ਹੋਣ ਲੱਗੇਗਾ? ਅਸੀਂ ਪੰਜਾਬ ਦੀ ਨਵੀਂ ਸਰਕਾਰ ਨੂੰ ਮਾਣਨ, ਹੰਢਾਉਣ ਜਾਂ ਭੁਗਤਣ ਲਈ ਜਦੋਂ ਆਪਣੇ ਆਪ ਨੂੰ ਮਾਨਸਿਕ ਪੱਖੋਂ ਤਿਆਰ ਕਰ ਰਹੇ ਹਾਂ, ਹਰ ਤਰ੍ਹਾਂ ਦੇ ਮਾੜੇ ਅਨਸਰ ਅਗਲੀ ਸਰਕਾਰ ਵਿਚ ਆਪਣਾ ਸਰਪ੍ਰਸਤ ਲੱਭਣ ਵਾਸਤੇ ਸਰਗਰਮ ਹੋ ਚੁਕੇ ਹਨ। ਇਸ ਗੱਲ ਨਾਲ ਹੁਣ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿੱਦਾਂ ਦੀ ਸਰਕਾਰ ਚਾਹੁੰਦੇ ਹਾਂ, ਕਿਉਂਕਿ ਵੋਟਾਂ ਪੈ ਚੁਕੀਆਂ ਹਨ, ਪਰ ਇਸ ਗੱਲ ਬਾਰੇ ਚਿੰਤਾ ਜ਼ਰੂਰ ਹੈ ਕਿ ਅਗਲੀ ਸਰਕਾਰ ਕਿੱਦਾਂ ਦੀ ਹੋਵੇਗੀ, ਉਸ ਦਾ ਰਾਜ ਚਗੱਤਿਆਂ ਵਾਲਾ ਹੋਵੇਗਾ ਜਾਂæææ?