ਬੇਹੱਦ ਘਾਤਕ ਹੈ ਸ਼ਰਧਾ ਦੀ ਸਿਆਸਤ

ਗੁਰਚਰਨ ਸਿੰਘ ਨੂਰਪੁਰ
ਫੋਨ: +91-98550-51099
ਪਿਆਰ ਅਤੇ ਜੰਗ ਦੇ ਵੀ ਸ਼ਾਇਦ ਕੁਝ ਨੇਮ ਹੁੰਦੇ ਹਨ, ਪਰ ਮੌਜੂਦਾ ਰਾਜਨੀਤੀ ਬਾਰੇ ਕਿਹਾ ਜਾ ਸਕਦਾ ਹੈ ਕਿ ਇਸ ਵਿਚ ਹੁਣ ਸਭ ਕੁਝ ਜਾਇਜ਼ ਹੋ ਗਿਆ ਹੈ। ਨੀਵੇਂ ਪੱਧਰ ਦੀ ਤੋਹਮਤਬਾਜ਼ੀ, ਵੱਖ-ਵੱਖ ਨਸ਼ੇ, ਅਸਰ-ਰਸੂਖ, ਪੈਸਾ, ਛੋਟੇ-ਵੱਡੇ ਲਾਲਚ, ਇਸ਼ਤਿਹਾਰਬਾਜ਼ੀ, ਮੁੱਲ ਦੀਆਂ ਖ਼ਬਰਾਂ, ਹੋਰ ਨਹੀਂ ਤਾਂ ਚੋਣਾਂ ਦੌਰਾਨ ਵਿਰੋਧੀ ਉਮੀਦਵਾਰ ਦੀਆਂ ਵੋਟਾਂ ਵੰਡਣ ਲਈ ਉਸੇ ਨਾਂ ਵਾਲੇ ਹੋਰ ਬੰਦੇ ਖੜ੍ਹੇ ਕਰਨ ਵਰਗੀਆਂ ਨੈਤਿਕ ਗਿਰਾਵਟਾਂ, ਚੋਣ ਮੁਹਿੰਮਾਂ ਦਾ ਹਿੱਸਾ ਬਣ ਰਹੀਆਂ ਹਨ।

ਇਨ੍ਹਾਂ ਸਭ ਅਲਾਮਤਾਂ ਵਿਚੋਂ ਇਕ ਵੱਡੀ ਅਲਾਮਤ ਹੈ ਵੱਖ-ਵੱਖ ਡੇਰਿਆਂ ਦੇ ਸ਼ਰਧਾਲੂਆਂ ਦੀਆਂ ਵੋਟਾਂ ਲੈਣ ਲਈ ਡੇਰੇਦਾਰਾਂ ਦੇ ਚਰਨ ਫੜਨੇ। ਚੋਣਾਂ ਨੇੜੇ ਆਉਂਦਿਆਂ ਹੀ ਰਾਜਸੀ ਨੇਤਾਵਾਂ ਦੀ ਡੇਰੇਦਾਰਾਂ ਪ੍ਰਤੀ ਸੁੱਤੀ ਸ਼ਰਧਾ ਝੱਟ ਜਾਗ ਉਠਦੀ ਹੈ।
ਸਦੀਆਂ ਤੋਂ ਧਰਮ ਅਤੇ ਰਾਜਨੀਤੀ ਦਾ ਗਠਜੋੜ ਰਿਹਾ ਹੈ। ਰਾਜਨੀਤੀ ਆਪਣੇ ਸੌੜੇ ਸਵਾਰਥੀ ਹਿਤਾਂ ਲਈ ਧਰਮ ਨੂੰ ਆਪਣੀ ਲੋੜ ਅਨੁਸਾਰ ਵਰਤਦੀ ਆਈ ਹੈ, ਪਰ ਇਹ ਸਭ ਕੁਝ ਲੁਕਵੇਂ ਢੰਗ ਨਾਲ ਹੁੰਦਾ ਸੀ। ਅੱਜ ਦੇ ਗਿਆਨ-ਵਿਗਿਆਨ ਦੇ ਯੁੱਗ ਵਿਚ ਇਹ ਸਭ ਘਟਣਾ ਚਾਹੀਦਾ ਸੀ, ਪਰ ਇਹ ਸਭ ਹੁਣ ਪ੍ਰਤੱਖ ਰੂਪ ਵਿਚ ਹੋਣ ਲੱਗ ਪਿਆ ਹੈ। ਅੱਜ ਦੇ ਦੌਰ ਵਿਚ ਧਾਰਮਿਕ ਸ਼ਰਧਾ ਨੂੰ ਵੋਟਾਂ ਲਈ ਵਰਤਣਾ ਕਿਵੇਂ ਵੀ ਜਾਇਜ਼ ਨਹੀਂ ਆਖਿਆ ਜਾ ਸਕਦਾ। ਇਹ ਲੋਕਤੰਤਰਕ ਮਰਿਆਦਾਵਾਂ ਦੇ ਖਿਲਾਫ਼ ਹੈ। ਰਾਜਸੀ ਪਾਰਟੀਆਂ ਜਿਨ੍ਹਾਂ ਨੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਭੂਮਿਕਾ ਨਿਭਾਉਣੀ ਹੁੰਦੀ ਹੈ, ਜੇ ਉਹ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਹੀ ਸੰਵਿਧਾਨਕ ਮਰਿਆਦਾਵਾਂ ਦੇ ਖਿਲਾਫ਼ ਜਾ ਕੇ ਕਰਦੀਆਂ ਹਨ ਤਾਂ ਸਮਰੱਥ ਤੇ ਨਿਰਪੱਖ ਭੂਮਿਕਾ ਨਿਭਾਉਣ ਦੀ ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ?
ਕਿਸੇ ਸੰਸਥਾ ਨਾਲ ਜੁੜੇ ਸ਼ਰਧਾਲੂਆਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਕਿਸੇ ਸੰਸਥਾ, ਡੇਰੇ ਜਾਂ ਸਾਧ ਸੰਤ ਪ੍ਰਤੀ ਸ਼ਰਧਾ ਰੱਖਣੀ ਆਪਣੀ ਥਾਂ ਹੈ, ਪਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਵੱਖਰੀ ਗੱਲ ਹੈ। ਹਰ ਨਾਗਰਿਕ ਨੂੰ ਆਪਣੀ ਵੋਟ ਦੀ ਵਰਤੋਂ ਆਪਣੇ ਵਿਵੇਕ ਨਾਲ ਕਰਨੀ ਚਾਹੀਦੀ ਹੈ, ਇਹ ਕਿਸੇ ਡੇਰੇ ਦੇ ਹਿੱਤਾਂ ਲਈ ਨਹੀਂ ਬਲਕਿ ਦੇਸ਼/ਸਮਾਜ ਦੇ ਚੰਗੇ ਭਵਿੱਖ ਲਈ ਹੋਣੀ ਚਾਹੀਦੀ ਹੈ। ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਇਹ ਮੁਸਤੈਦੀ ਵਰਤੀ ਜਾਂਦੀ ਹੈ ਕਿ ਕੋਈ ਧਿਰ ਪੈਸਾ, ਸ਼ਰਾਬ ਜਾਂ ਹੋਰ ਨਸ਼ੇ ਵੰਡ ਕੇ ਵੋਟਰਾਂ ਨੂੰ ਪ੍ਰਭਾਵਿਤ ਨਾ ਕਰੇ, ਪਰ ਸ਼ਰਧਾ ਵੱਸ ਹੋਏ ਲੋਕਾਂ ਦੇ ਵੱਡੇ ਵਰਗ ਨੂੰ ਜੇ ਕੋਈ ਆਪਣੀ ਮਰਜ਼ੀ ਨਾਲ ਕਿਸੇ ਇਕ ਪਾਰਟੀ ਦੇ ਹੱਕ ਵਿਚ ਭੁਗਤਾਉਂਦਾ ਹੈ ਤਾਂ ਕੀ ਇਹ ਵੀ ਉਸੇ ਤਰ੍ਹਾਂ ਦਾ ਅਪਰਾਧ ਨਹੀਂ? ਇਹ ਬਹੁਤ ਮਾੜਾ ਰੁਝਾਨ ਹੈ ਅਤੇ ਇਹ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ। ਕਿਸੇ ਸੰਸਥਾ ਜਾਂ ਸਾਧ ਸੰਤ ਦਾ ਸ਼ਰਧਾਲੂਆਂ ਦੀ ਸ਼ਰਧਾ ਨੂੰ ਵੋਟਾਂ ਵਿਚ ਵਟਾਉਣਾ ਅਤੇ ਇਨ੍ਹਾਂ ਵੋਟਾਂ ਦਾ ਸੌਦਾ ਕਰਨਾ ਨੈਤਿਕ ਗਿਰਾਵਟ ਹੈ। ਇਹ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਸੌਦੇਬਾਜ਼ੀ ਵਿਚ ਰਾਜਸੀ ਨੇਤਾਵਾਂ ਦੇ ਪ੍ਰਤੱਖ ਅਤੇ ਡੇਰੇਦਾਰਾਂ ਦੇ ਇਸ ਵਿਚ ਲੁਕਵੇਂ ਆਪਣੇ ਹਿੱਤ ਹੁੰਦੇ ਹਨ। ਇਹ ਦੋਵੇਂ ਧਿਰਾਂ ਇਕ ਦੂਜੇ ਦੀਆਂ ਪੂਰਕ ਹੋ ਕੇ ਚਲਦੀਆਂ ਹਨ। ਰਾਜਸੀ ਨੇਤਾਵਾਂ ਨੂੰ ਬਹੁਗਿਣਤੀ ਲੋਕਾਂ ਦੇ ਦਰਾਂ Ḕਤੇ ਜਾਣ ਨਾਲੋਂ ਇਕੋ ਥਾਂ ਸੌਦਾ ਕਰਨਾ ਫਿੱਟ ਬੈਠਦਾ ਹੈ ਅਤੇ ਡੇਰੇਦਾਰ ਸ਼ਰਧਾਲੂਆਂ ਦੀ ਵੋਟ ਦੀ ਵੱਟਕ ਨਾਲ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਦੇ ਹਨ। ਇਹੋ ਕਾਰਨ ਹੈ ਕਿ ਪੰਜਾਬ ਹੀ ਨਹੀਂ, ਪੂਰੇ ਭਾਰਤ ਵਿਚ ਸਾਧਾਂ-ਸੰਤਾਂ ਦੇ ਡੇਰਿਆਂ ਦਾ ਤੇਜ਼ੀ ਨਾਲ ਵਿਸਥਾਰ ਹੋਣ ਲੱਗ ਪਿਆ ਹੈ। ਹਜ਼ਾਰਾਂ ਏਕੜ ਜ਼ਮੀਨਾਂ ਅਤੇ ਡੇਰਿਆਂ ਦੀਆਂ ਬਰਾਂਚਾਂ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿਚ ਖੁੱਲ੍ਹ ਰਹੀਆਂ ਹਨ। ਇਥੇ ਹੀ ਬਸ ਨਹੀਂ, ਡੇਰੇਦਾਰ ਹੁਣ ਕਾਰੋਬਾਰੀ ਅਤੇ ਵਪਾਰੀ ਬਣ ਕੇ ਵੱਖ-ਵੱਖ ਤਰ੍ਹਾਂ ਦੇ ਉਤਪਾਦਾਂ ਦੀਆਂ ਫੈਕਟਰੀਆਂ ਲਗਾ ਕੇ ਆਪਣਾ ਮਾਲ ਵੀ ਵੇਚਣ ਲੱਗ ਪਏ ਹਨ। ਕਾਰਪੋਰੇਟ ਕੰਪਨੀਆਂ ਵਾਂਗ ਇਹ ਹਰ ਪਾਸੇ ਆਪਣਾ ਗਲਬਾ ਪਾ ਕੇ ਕਮਾਈ ਕਰਨ ਵਿਚ ਇਕ-ਦੂਜੇ ਤੋਂ ਅੱਗੇ ਨਿਕਲ ਜਾਣ ਦੀ ਦੌੜ ਵਿਚ ਹਨ। ਇਹ ਸਭ ਕੁਝ ਰਾਜਸੀ ਨੇਤਾਵਾਂ/ਪਾਰਟੀਆਂ ਦੀ ਮਿਲੀਭੁਗਤ ਨਾਲ ਹੀ ਸੰਭਵ ਹੁੰਦਾ ਹੈ। ਕੁਝ ਡੇਰੇਦਾਰਾਂ ਖਿਲਾਫ਼ ਸਰੀਰਕ ਸ਼ੋਸ਼ਣ ਤੋਂ ਲੈ ਕੇ ਕਤਲਾਂ ਤੱਕ ਦੇ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ, ਪਰ ਇਸ ਸਬੰਧੀ ਕਾਨੂੰਨ ਦੀ ਪਹੁੰਚ ਉਸ ਤਰ੍ਹਾਂ ਦੀ ਬਿਲਕੁਲ ਨਹੀਂ ਹੁੰਦੀ ਜਿਵੇਂ ਆਮ ਬੰਦੇ ਪ੍ਰਤੀ ਹੁੰਦੀ ਹੈ। ਅੱਜ ਜਿਸ ਤਰ੍ਹਾਂ ਸਾਡੀਆਂ ਰਾਸ਼ਟਰੀ ਪੱਧਰ ਦੀਆਂ ਵੱਡੀਆਂ ਰਾਜਸੀ ਪਾਰਟੀਆਂ ਦੇ ਆਗੂ ਜਿਵੇਂ ਇਨ੍ਹਾਂ ਡੇਰੇਦਾਰਾਂ ਅੱਗੇ ਡੰਡੌਤ ਕਰਦੇ ਹਨ, ਇਸ ਤੋਂ ਇਹ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਵਿੱਖ ਵਿਚ ਲੋਕਤੰਤਰਕ ਮਰਿਆਦਾਵਾਂ ਰਸਾਤਲ ਵੱਲ ਜਾਣਗੀਆਂ।
ਰਾਜਸੀ ਨੇਤਾਵਾਂ ਅਤੇ ਸਾਧਾਂ-ਸੰਤਾਂ ਦਾ ਗਠਜੋੜ, ਇਨ੍ਹਾਂ ਸਾਧਾਂ ਸੰਤਾਂ ਨੂੰ ਸੱਤਾ ਦੇ ਭਿਆਲ ਬਣਾਉਂਦਾ ਹੈ। ਲੋਕਤੰਤਰ ਦੀ ਅਸਲ ਸ਼ਕਤੀ ਲੋਕ ਹੁੰਦੇ ਹਨ, ਪਰ ਇਹ ਗਠਜੋੜ ਲੋਕਤੰਤਰ ਵਿਚੋਂ ਲੋਕਾਂ ਦੀ ਭੂਮਿਕਾ ਘਟਾਉਣ ਦਾ ਕੰਮ ਕਰਦਾ ਹੈ। ਰਾਜਸੀ ਨੇਤਾਵਾਂ ਵੱਲੋਂ ਸਾਧਾਂ-ਸੰਤਾਂ ਡੇਰਿਆਂ Ḕਤੇ ਮੱਥੇ ਰਗੜਨੇ ਅਤੇ ਉਨ੍ਹਾਂ ਨੂੰ ਸੱਤਾ ਦੇ ਭਿਆਲ ਬਣਾਉਣਾ ਦਰਸਾਉਂਦਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਰਾਜ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਉਸ ਨੂੰ ਸੰਚਾਲਤ ਕਰਨ ਵਾਲੀ ਤਾਕਤ ਡੇਰੇਦਾਰ ਬਣ ਜਾਣਗੇ। ਲੋਕ ਨੁਮਾਇੰਦੇ ਇਕ ਤਰ੍ਹਾਂ ਨਾਲ ਇਨ੍ਹਾਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਜਾਣਗੇ। ਦੇਸ਼ ਅਤੇ ਸਮਾਜ ਲਈ ਇਹ ਚਿੰਤਾਜਨਕ ਹੈ।
ਇਹ ਤਾਂ ਸਪਸ਼ਟ ਹੈ ਕਿ ਰਾਜਸੀ ਨੇਤਾਵਾਂ ਦੀ ਸਰਪ੍ਰਸਤੀ ਹੇਠ ਡੇਰਾਵਾਦ ਤੇਜ਼ੀ ਨਾਲ ਫੈਲ ਰਿਹਾ ਹੈ। ਰੋਜ਼ਾਨਾ ਜੀਵਨ ਦੀਆਂ ਮੁਸ਼ਕਿਲਾਂ ਅਤੇ ਦੁੱਖਾਂ ਦਰਦਾਂ ਦੇ ਸਤਾਏ ਲੋਕ ਇਸ ਪ੍ਰਬੰਧ ਨੂੰ ਕੋਸਣ ਦੀ ਬਜਾਏ ਆਪਣੀ ਕਿਸਮਤ ਨੂੰ ਕੋਸਦੇ ਇਨ੍ਹਾਂ ਸੰਸਥਾਵਾਂ Ḕਤੇ ਚੜ੍ਹਾਵੇ ਚੜ੍ਹਾਉਂਦੇ ਹਨ, ਹੱਡ ਗੋਡੇ ਰਗੜਦੇ ਹਨ। ਇਥੋਂ ਆਪਣੇ ਚੰਗੇਰੇ ਭਵਿੱਖ ਦੀ ਆਸ ਕਰਦੇ ਹਨ। ਲੋਕਾਂ ਦੀ ਇਹ ਮਾਨਸਿਕਤਾ ਲੋਕਾਂ, ਖਾਸ ਕਰ ਕੇ ਉਨ੍ਹਾਂ ਦੇ ਬੱਚਿਆਂ ਨੂੰ ਅੰਧਵਿਸ਼ਵਾਸੀ ਬਣਾਉਂਦੀ ਹੈ। ਉਹ ਵਿਵੇਕਸ਼ੀਲ ਹੋਣ ਦੀ ਬਜਾਏ ਕਿਸਮਤਵਾਦੀ ਬਣ ਜਾਂਦੇ ਹਨ। ਆਪਣੀਆਂ ਨਿੱਜੀ ਅਤੇ ਸਮਾਜਿਕ ਸਮੱਸਿਆਵਾਂ ਨੂੰ ਕਿਸੇ ਗੈਬੀ ਸ਼ਕਤੀ ਦੇ ਕਰੋਪੀ ਮੰਨ ਕੇ ਇਹ ਲੋਕ ਸਾਧਾਂ-ਸੰਤਾਂ ਦੇ ਲੜ ਲੱਗ ਕੇ ਅਗਲੇ ਜਨਮਾਂ ਨੂੰ ਸੰਵਾਰਨ ਦੀ ਕਲਪਨਾ ਕਰਦੇ ਹਨ, ਭਰਮ ਪਾਲਦੇ ਹਨ, ਜਦਕਿ ਉਨ੍ਹਾਂ ਦੀ ਇਸ ਮਾਨਸਿਕਤਾ ਦਾ ਲਾਹਾ ਲੈ ਕੇ ਸਾਧ-ਸੰਤ ਇਸੇ ਜਨਮ ਵਿਚ ਹੀ ਸ਼ਹਿਨਸ਼ਾਹਾਂ ਵਰਗਾ ਜੀਵਨ ਬਿਤਾਉਂਦੇ ਹਨ। ਲੋਕਾਂ ਦੇ ਅੰਧਵਿਸ਼ਵਾਸ ਤੋਂ ਆਪਣੀਆਂ ਤਿਜੌਰੀਆਂ ਭਰਦੇ ਹਨ ਅਤੇ ਆਪਣੀਆਂ ਜਾਇਦਾਦਾਂ ਦਾ ਲਗਾਤਾਰ ਵਿਸਥਾਰ ਕਰਦੇ ਹਨ। ਦੂਜੇ ਪਾਸੇ ਸਮਾਜ ਵਿਚ ਪਸਰਦੀਆਂ ਅਜਿਹੀਆਂ ਬੁਰਾਈਆਂ ਸਮਾਜ ਨੂੰ ਬੌਧਿਕ ਪੱਖੋਂ ਕਮਜ਼ੋਰ ਬਣਾ ਦਿੰਦੀਆਂ ਹਨ। ਦੁਨੀਆ ਭਰ ਵਿਚ ਦੇਖਿਆ ਗਿਆ ਹੈ ਕਿ ਜਿਨ੍ਹਾਂ ਖਿਤਿਆਂ ਵਿਚ ਅਜਿਹੇ ਕਰਮ ਕਾਂਡ ਅਤੇ ਅੰਧਵਿਸ਼ਵਾਸ ਵਧੇਰੇ ਹੁੰਦੇ ਹਨ, ਉਥੇ ਬਹੁਗਿਣਤੀ ਲੋਕ ਲਾਈਲੱਗ ਮਾਨਸਿਕਤਾ ਵਾਲੇ ਬਣ ਜਾਂਦੇ ਹਨ। ਇਨ੍ਹਾਂ ਵਿਚੋਂ ਵਿਵੇਕਸ਼ੀਲ, ਵਿਦਵਾਨ, ਸਾਹਿਤਕਾਰ, ਵਿਗਿਆਨੀ ਅਤੇ ਦਾਰਸ਼ਨਿਕ ਮਨੁੱਖ ਪੈਦਾ ਨਹੀਂ ਹੁੰਦੇ। ਕਿਸੇ ਵੀ ਸਮਾਜ ਨੂੰ ਤਰੱਕੀ ਅਤੇ ਵਿਕਾਸ ਕਰਨ ਲਈ ਡੇਰਿਆਂ ਦੇ ਵਿਸਥਾਰ ਦੀ ਨਹੀਂ, ਬਲਕਿ ਚੰਗੇ ਵਿਦਵਾਨਾਂ, ਵਿਗਿਆਨੀਆਂ, ਮਨੋਵਿਗਿਆਨੀਆਂ, ਅਰਥ ਸ਼ਾਸਤਰੀਆਂ, ਸਮਾਜ ਸ਼ਾਸਤਰੀਆ, ਚੰਗੇ ਅਧਿਆਪਕਾਂ, ਵਿਵੇਕਸ਼ੀਲ ਰਾਜ ਨੇਤਾਵਾਂ ਅਤੇ ਵਿਦਵਾਨਾਂ ਦੀ ਲੋੜ ਹੈ। ਕਿਸੇ ਵੀ ਖਿੱਤੇ ਵਿਚ ਫੈਲੀ ਲਾਈਲੱਗ ਮਾਨਸਿਕਤਾ ਉਥੋਂ ਦੇ ਮਨੁੱਖਾਂ ਨੂੰ ਉਹ ਨਹੀਂ ਹੋਣ ਦਿੰਦੀ ਜੋ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ।
ਸਦੀਆਂ ਤੋਂ ਪੁਰੋਹਿਤ ਵਰਗ ਅਤੇ ਰਾਜਨੀਤੀ ਜਿਥੇ ਇਕ ਦੂਜੇ ਦੇ ਹਿਤਾਂ ਦੇ ਰਖਵਾਲੇ ਬਣਦੇ ਆਏ ਹਨ, ਉਥੇ ਸਮਾਜ ਵਿਚ ਲੋਕ ਹਿਤਾਂ ਲਈ ਸਥਾਪਤੀ ਦੇ ਵਿਰੁੱਧ ਬਗ਼ਾਵਤੀ ਸੁਰਾਂ ਵੀ ਉਠਦੀਆਂ ਰਹੀਆਂ ਹਨ ਜੋ ਸਮੇਂ ਦੀਆਂ ਹਕੂਮਤਾਂ ਦੀਆਂ ਕੁਟਿਲ ਨੀਤੀਆਂ ਨੂੰ ਨੰਗਿਆਂ ਕਰਦੀਆਂ ਰਹੀਆਂ ਹਨ। ਇਹ ਆਵਾਜ਼ਾਂ ਅਵਾਮ ਨੂੰ ਉਨ੍ਹਾਂ ਹਕੂਮਤਾਂ ਦੇ ਕੁਸ਼ਾਸਨ ਪ੍ਰਤੀ ਸੁਚੇਤ ਕਰ ਕੇ ਚੰਗਾ ਸਮਾਜ ਸਿਰਜਣ ਦਾ ਸੁਨੇਹਾ ਦਿੰਦੀਆਂ ਰਹੀਆਂ ਹਨ। ਉਹ ਧਿਰਾਂ ਜਿਨ੍ਹਾਂ ਨੇ ਲੋਕਾਂ ਨੂੰ ਪੈਰ-ਪੈਰ Ḕਤੇ ਹਕੂਮਤਾਂ ਦੀਆਂ ਕੁਟਿਲ ਨੀਤੀਆਂ ਤੋਂ ਸੁਚੇਤ ਕਰਨਾ ਹੁੰਦਾ ਹੈ, ਜੇ ਉਹੀ ਰਾਜਨੇਤਾਵਾਂ ਨਾਲ ਘਿਓ-ਖਿਚੜੀ ਹੋ ਜਾਂਦੀਆਂ ਹਨ ਤਾਂ ਸਮਾਜ ਦਾ ਭਲਾ ਕਿਵੇਂ ਹੋ ਸਕਦਾ ਹੈ? ਗੁਰੂ ਨਾਨਕ ਨੂੰ ਆਪਣੇ ਸਮੇਂ ਦੌਰਾਨ ਹਕੂਮਤੀ ਨਸ਼ੇ ਵਿਚ ਹੁੰਦੇ ਜਬਰ ਨੂੰ ਵੇਖ ਕੇ ਕਹਿਣਾ ਪਿਆ ਸੀ- ਰਾਜੇ ਸ਼ੀਹ ਮੁਕੱਦਮ ਕੁੱਤੇ। ਇਸੇ ਤਰ੍ਹਾਂ ਬਾਬਰ ਦੀ ਫ਼ੌਜ ਨੂੰ ਉਹ Ḕਪਾਪ ਦੀ ਜੰਝḔ ਕਹਿ ਕੇ ਭੰਡਦੇ ਹਨ। ਜਿਵੇਂ ਅੱਜ ਸਾਡੇ ਸਮਾਜ ਵਿਚ ਹਰ ਪਾਸੇ ਭ੍ਰਿਸ਼ਟਾਚਾਰ, ਮਾਰਧਾੜ, ਜਬਰ ਜਨਾਹ ਅਤੇ ਅਨਿਆਂ ਹੋ ਰਹੇ ਹਨ, ਅਜਿਹੇ ਹਾਲਾਤ ਨੂੰ ਦੇਖ ਕੇ ਹੀ ਗੁਰੂ ਨਾਨਕ ਨੇ ਆਪਣੇ ਸਮੇਂ ਦੇ ਕਾਜ਼ੀਆਂ, ਮੁਲ੍ਹਾਂ, ਮੁਲਾਣਿਆਂ ਅਤੇ ਬ੍ਰਾਹਮਣਾਂ ਨੂੰ ਝਾੜ ਪਾਉਂਦਿਆਂ ਫਰਮਾਇਆ ਸੀ- ਕਾਜੀ ਕੂੜ ਬੋਲ ਮਲੁ ਖਾਇ ਬਰਾਮਣ ਨਾਵੇ ਜੀਆ ਘਾਇ॥ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦਾ ਸਾਰਾ ਜੀਵਨ ਦੱਬੇ-ਕੁਚਲੇ ਲੋਕਾਂ ਦੀ ਲੜਾਈ ਲੜਦਿਆਂ ਗੁਜ਼ਰਿਆ। ਉਹ ਸਮਾਜ ਦੀ ਹੇਠਲੀ ਸ਼੍ਰੇਣੀ ਦੇ ਲੋਕਾਂ ਨੂੰ ਹਕੂਮਤ ਦੇ ਜਬਰ ਵਿਰੁੱਧ ਸੰਘਰਸ਼ਸ਼ੀਲ ਬਣਨ ਦੀ ਪ੍ਰੇਰਨਾ ਦਿੰਦੇ ਰਹੇ। ਬੁੱਲ੍ਹੇ ਸ਼ਾਹ ਵਰਗੇ ਸੂਫੀ ਫ਼ਕੀਰ ਆਪਣੇ ਕਲਾਮ ਵਿਚ ਰੰਘੜ ਨਾਲੋਂ ਖਿੰਘਰ ਚੰਗਾ ਕਹਿ ਕੇ ਰੰਘੜਾਂ, ਜਗੀਰਦਾਰਾਂ ਅਤੇ ਰਾਜਿਆਂ ਦੇ ਝੋਲੀ ਚੁੱਕਾਂ ਦੀ ਆਲੋਚਨਾ ਕਰਦੇ ਹਨ। ਅੱਜ ਅਸੀਂ ਵੇਖਦੇ ਹਾਂ ਕਿ ਜੋ ਧਿਰਾਂ ਲੋਕ ਹਤੈਸ਼ੀ ਹੋਣ ਦਾ ਭਰਮ ਸਿਰਜਦੀਆਂ ਹਨ, ਧਾਰਮਿਕ ਅਤੇ ਸਮਾਜਿਕ ਪੱਖ ਤੋਂ ਲੋਕਾਂ ਦੀ ਅਗਵਾਈ ਕਰਦੀਆਂ ਹਨ, ਉਹ ਹੁਣ ਰਾਜਨੇਤਾਵਾਂ ਨਾਲ ਸੱਤਾ ਦੀ ਭਿਆਲੀ ਦੀ ਸੌਦੇਬਾਜ਼ੀ ਕਰ ਰਹੀਆਂ ਹਨ।