ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ (28 ਜੂਨ 1916-28 ਫਰਵਰੀ 2009) ਦੀ ਜਨਮ ਸ਼ਤਾਬਦੀ ਮੌਕੇ ਅਸੀਂ ਉਨ੍ਹਾਂ ਦੇ ਕੈਨੇਡਾ ਵੱਸਦੇ ਪੁੱਤਰ ਅਤੇ ਲੇਖਕ ਇਕਬਾਲ ਰਾਮੂਵਾਲੀਆ ਦਾ ਲਿਖਿਆ ਇਹ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
ਘਰਦਿਆਂ ਨੇ ਪੋਥੀ ਪੜ੍ਹਨ ਜਦੋਂ ਨੰਨ੍ਹੇ ਕਰਨੈਲ ਨੂੰ ਗੁਰਦੁਆਰੇ ਭੇਜਿਆ ਤਾਂ ਉਥੇ ਉਸਤਾਦ ਨੇ ਉਸ ਦੀ ਲਿਆਕਤ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਪਾਰਸ ਆਖਿਆ; ਤੇ ਮਗਰੋਂ ਇਹੀ ਸ਼ਬਦ ਉਸ ਦਾ ਤਖੱਲਸ ਹੋ ਨਿਬੜਿਆ। ਕਵੀਸ਼ਰੀ ਦੇ ਸ਼ੌਕ ਕਰ ਕੇ ਉਹ ਕਵੀਸ਼ਰ ਮੋਹਨ ਸਿੰਘ ਰੋਡੇ ਦੇ ਜਥੇ ਨਾਲ ਜਾ ਰਲਿਆ। ਫਿਰ ਤਾਂ ਚੱਲ ਸੋ ਚੱਲ। ਫਿਰ ਜਦੋਂ ਉਸ ਨੇ ਆਪਣਾ ਜਥਾ ਕਾਇਮ ਕੀਤਾ ਤਾਂ ਕਰਨੈਲ ਸਿੰਘ ਪਾਰਸ, ਰਣਜੀਤ ਸਿੰਘ ਸਿੱਧਵਾਂ ਅਤੇ ਚੰਦ ਸਿੰਘ ਜੰਡੀ ਇਕੱਠੇ 40 ਸਾਲ ਗਾਉਂਦੇ ਰਹੇ ਅਤੇ ਇਕੋ ਜਥਾ ਰੱਖ ਕੇ ਗਾਉਣ ਦਾ ਇਤਿਹਾਸ ਸਿਰਜ ਦਿੱਤਾ। -ਸੰਪਾਦਕ
ਇਕਬਾਲ ਰਾਮੂਵਾਲੀਆ
ਫੋਨ: 647-574-7357
ਸੌ ਸਾਲ ਪਹਿਲਾਂ ਜਨਮਿਆਂ ਬਾਪੂ ਪਾਰਸ ਆਜ਼ਾਦੀ ਤੋਂ ਬਾਅਦ, ਕਵੀਸ਼ਰੀ ਦੀ ਪ੍ਰਚੰਡ ਬਲਦੀ ਆਖਰੀ ਮਿਸ਼ਾਲ। ਰੰਗਲੀ, ਮਸਤਾਨੀ, ਬੇਪਰਵਾਹ ਜ਼ਿੰਦਗੀ ਜੀਣ ਵਾਲਾ ਤਰਕਸ਼ੀਲ, ਲੋਕ ਹਿਤੂ ਤੇ ਜਾਤਪਾਤ ਦੇ ਕੋਹੜ ਦਾ ਕੱਟੜ ਵਿਰੋਧੀ ਪਾਰਸ। 2009 ਵਿਚ ਸਮੇਟੇ, ਆਪਣੇ 93 ਸਾਲਾ ਜੀਵਨ ‘ਚ ਉਤਰਾਅ-ਚੜ੍ਹਾਅ, ਚੁਣੌਤੀਆਂ, ਦੁਸ਼ਵਾਰੀਆਂ ਨਾਲ ਖਹਿ-ਖਹਿ, ਘਸ-ਘਸ ‘ਕੈਲੇ’ ਤੋਂ ਕਰਨੈਲ, ਤੇ ਕਰਨੈਲ ਤੋਂ ‘ਪਾਰਸ’ ਬਣਿਆਂ ਬਾਪੂ ਪਾਰਸ।
ਦੋ ਸ਼ਬਦਾਂ ‘ਕਵ’ ਅਤੇ ‘ਈਸ਼ਰੀ’ ਦੇ ਸੁਮੇਲ ਵਿਚੋਂ ਉਦੈ ਹੋਇਆ ਸ਼ਬਦ ‘ਕਵੀਸ਼ਰੀ’ ਯਾਨਿ ਕਰਤਾਰੀ ਬੋਲ। ਸਰਲ ਬੋਲੀ ਵਿਚ, ਰਿਦਮ ਨੂੰ ਬਰਕਰਾਰ ਰਖਦਿਆਂ, ਕਾਫੀਏ ਦੀ ਬੰਦਿਸ਼ ਵਿਚ, ਭੋਲ਼ੇ ਭਾਲ਼ੇ, ਦਿਹਾਤੀ ਲੋਕਾਂ ਲਈ ਰਚੀ ਸਿੱਧੀ ਸਾਦੀ ਕਵਿਤਾ। ਲੋਕ ਗਾਇਕੀ ਦੀ ਸਭ ਤੋਂ ਪੁਰਾਤਨ ਵੰਨਗੀ। ਬਾਪੂ ਦਾਅਵਾ ਕਰਿਆ ਕਰਦਾ: ਦੁਨੀਆਂ ਦੇ ਹਰ ਖਿੱਤੇ ਤੇ ਹਰ ਬੋਲੀ ਵਿਚ ਗਾਇਕੀ ਦਾ ਅਰੰਭ ਕਵੀਸ਼ਰੀ ਤੋਂ ਹੀ ਹੋਇਆ, ਕਿਉਂਕਿ ਸਾਜ਼ ਦੀ ਈਜਾਦ ਤੋਂ ਕਰੋੜਾਂ ਵਰ੍ਹੇ ਪਹਿਲਾਂ, ਦੁੱਧ ਚੁੰਘਦੇ ਬਾਲਾਂ ਨੂੰ ਵਰਾਉਣ/ਸੁਲਾਉਣ ਲਈ, ਮਾਂਵਾਂ ਨੇ, ਕਿਸੇ ਵੀ ਬੋਲੀ ਵਿਚ, ਜੋ ਲੋਰੀਆਂ ਲੈਅਮਈ ‘ਹੂੰਅੰਅੰ, ਹੂੰਅੰਅੰæææ ਹਾਂਅਅ, ਹਾਂਅਅ’ ਕਰਦਿਆਂ ਗੁਣਗੁਣਾਈਆਂ, ਉਹ ਅਸਲ ਵਿਚ ਕਵੀਸ਼ਰੀ ਦੇ ਬੀਜ ਹੀ ਸਨ; ਸਾਜ਼ਾਂ ਤੋਂ ਬਗੈਰ ਤਰੰਨਮ ਵਿਚ ਉਚਰੀਆਂ ਤੁਕਬੰਦਕ ਲੋਰੀਆਂ।
ਸ਼ਬਦ ਪ੍ਰਧਾਨ ਗਾਇਕੀ ਹੈ ਕਵੀਸ਼ਰੀ, ਸਾਹ ਰੋਕ ਕੇ ਸੁਣਨ ਵਾਲੀ! ਸਾਜ਼ਾਂ ਤੋਂ ਬਿਨਾ ਉਚੀ ਸੁਰ ‘ਚ ਗਾਈ ਜਾਂਦੀ ਛੰਦਬੱਧ ਕਵਿਤਾ; ਸੂਰਮਿਆਂ, ਭਗਤਾਂ, ਦਰਵੇਸ਼ਾਂ, ਗੁਰੂਆਂ, ਤੇ ਆਸ਼ਕਾਂ ਦੀਆਂ ਕਥਾਵਾਂ, ਛੰਦਾਬੰਦੀ Ḕਚ ਬੁਣੀਆਂ! ਉਚੀ ਸੁਰ Ḕਚ ਕੀਤੀ ਇਨ੍ਹਾਂ ਕਥਾਵਾਂ ਦੀ ਗਾਇਕੀ ਜਿਸ ਨੂੰ ਪਿੰਡਾਂ ਦੀਆਂ ਸੱਥਾਂ, ਮੇਲਿਆਂ ਤੇ ਗੁਰਧਾਮਾਂ ਵਿਚ ਬੈਠੇ ਖਲੋਤੇ ਪੇਂਡੂ ਸਰੋਤੇ ਘੰਟਿਆਂ-ਬੱਧੀ ਸੁਣੀ ਜਾਂਦੇ।
ਬਾਪੂ ਕਰਨੈਲ ਸਿੰਘ ਪਾਰਸ ਦੀ ਕਵੀਸ਼ਰੀ ਉਸ ਦੇ ਸਮਕਾਲੀ ਕਵੀਸ਼ਰਾਂ ਤੋਂ ਬਿਲਕੁਲ ਵਿਲੱਖਣ ਤਾਂ ਸੀ ਹੀ, ਇਹ ਵੀ ਧਿਆਨਯੋਗ ਹੈ ਕਿ ਉਸ ਪਿਛੋਂ ਦੇ ਸਮੇਂ ਵਿਚ ਵੀ ਕਵੀਸ਼ਰੀ ਵਿਚ ਕੋਈ ਉਭਰਵਾਂ ਹਸਤਾਖਰ ਪੈਦਾ ਨਹੀਂ ਹੋ ਸਕਿਆ।
ਚੌਦਾਂ ਸਾਲ ਦੀ ਉਮਰ ਤੀਕ ਸਕੂਲੀ ਵਿਦਿਆ ਤੋਂ ਕੋਰਾ ਕਰਨੈਲ, ਸਵੈ-ਸਿੱਖਿਆ ਦੀਆਂ ਪੌੜੀਆਂ ਨਾਲ ਹੀ ਪੰਜਾਬੀ, ਹਿੰਦੀ, ਤੇ ਉਰਦੂ ਵਿਚ ਮੁਹਾਰਤ ਕਿਵੇਂ ਹਾਸਲ ਕਰ ਗਿਆ; ਦਾਤੀਆਂ, ਰੰਬਿਆਂ, ਕਹੀਆਂ, ਤੇ ਹਲ਼-ਪੰਜਾਲੀਆਂ ਵਿਚ ਘਿਰਿਆ, ਉਹ ਕਵੀਸ਼ਰੀ ਵੱਲ ਕਿਵੇਂ ਖਿੱਚਿਆ ਗਿਆ ਤੇ ਫਿਰ ਕਵੀਸ਼ਰੀ ਦਾ ਹੀ ਹੋ ਕੇ ਪੰਜਾਬੀ ਲੋਕਧਾਰਾ ਦੀ ਇਸ ਸਿਨਫ ‘ਤੇ ਕਿਵੇਂ ਛਾਇਆ ਰਿਹਾ, ਇਹ ਸਭ ਕੁਝ ਸਰਵਣ ਸਿੰਘ, ਡਾæ ਗੁਰਦੇਵ ਸਿੰਘ ਸਿੱਧੂ ਅਤੇ ਨਿੰਦਰ ਘੁਗਿਆਣਵੀ ਨੇ ਵਿਸਥਾਰ ਨਾਲ ਚਿਤਰਿਆ ਹੈ।
ਬਾਪੂ ਤੋਂ ਪਹਿਲੇ ਸਮਿਆਂ ਵਿਚ ਕਵੀਸ਼ਰੀ ਦਾ ਚਿਹਰਾ-ਮੋਹਰਾ ਹਾਲੇ ਪੂਰੀ ਤਰ੍ਹਾਂ ਨਿਖਰਿਆ ਨਹੀਂ ਸੀ, ਕਿਉਂਕਿ ਪੇਂਡੂ ਸਰੋਤਿਆਂ ਦਾ ਸੁਹਜ-ਸਵਾਦ ਹੀ ਹਾਲੇ ਵਿਕਸਿਤ ਨਹੀਂ ਸੀ ਹੋਇਆ। ਪੇਂਡੂ ਲੋਕ ਹਲਕੇ ਰੰਗ ਦੀ ਤੁਕਬੰਦੀ ਮਾਣਨ ਦੇ ਆਦੀ ਹੀ ਸਨ। ਇਸ ਲਈ ਆਪਣੇ ਬਚਪਨ ਵਿਚੋਂ ਗੁਜ਼ਰ ਰਹੀ ਕਵੀਸ਼ਰੀ ਐਵੇਂ ਤੁਕਬੰਦਕ ਜੁਗਾੜ ਹੀ ਹੁੰਦੀ ਸੀ; ਮਿਸਾਲ ਦੇ ਤੌਰ Ḕਤੇ:
ਮੋਰ ਪਾਵੇ ਪੈਲ ਸੱਪ ਜਾਵੇ ਖੱਡ ਨੂੰ;
ਬਗਲਾ ਭਗਤ ਚੁੱਕ ਲਿਆਵੇ ਡੱਡ ਨੂੰ।
ਬੋਤੀ ਉਤੇ ਬੈਠੇ ਜਦੋਂ ਤਿੰਨ ਸਿੰਘ ਜੀ;
ਭਾਰ ਸੀਗਾ ਬਾਹਲਾ ਬੋਤੀ ਪਈ ਰਿੰਗ ਜੀ।
ਰੱਬ ਦੀਆਂ ਕਰੀਆਂ ਨੂੰ ਕੌਣ ਮੋੜਦਾ;
ਕੱਸੀ ਉਤੇ ਖੜ੍ਹ ਕੇ ਕਬਿੱਤ ਜੋੜਦਾ!
ਪਰ ਬਾਪੂ ਪਾਰਸ ਦੇ ਦਿਸਹੱਦੇ ਵੱਖਰੇ ਸਨ। ਉਸ ਨੇ ਕਿੱਸਾਕਾਰੀ ਕਰਦਿਆਂ, ਤੁਕਬੰਦਕ ਅਤੇ ਹਲਕੇ ਮੁਹਾਂਦਰੇ ਵਾਲੀ ਕਵੀਸ਼ਰੀ ਤੋਂ ਪ੍ਰਤੱਖ ਵਿੱਥ ਸਿਰਜ ਕੇ ਸਾਹਿਤਕ ਰੰਗ ਵਾਲੀ ਰਚਨਾ ਕੀਤੀ। ਚੜ੍ਹਦੀ ਜਵਾਨੀ ਵਿਚ ਰਚੇ, ਆਪਣੇ ਪਹਿਲੇ ਕਿੱਸੇ ‘ਦਹੂਦ ਬਾਦਸ਼ਾਹ’ ਵਿਚ ਹੀ ਉਸ ਦਾ ਨਿਵੇਕਲਾ ਰੰਗ ਉਘੜਨ ਲੱਗਾ ਸੀ। ਮਨੁੱਖਤਾ ਨੂੰ ਧਰਮਾਂ, ਜਾਤਾਂ, ਨਸਲਾਂ ਵਿਚ ਵੰਡੇ ਹੋਣ ਦੇ ਵਰਤਾਰੇ ਪ੍ਰਤੀ ਘਿਰਣਾ ਅਤੇ ਖਿਆਲੀ ਰੱਬ ਦੀ ਪ੍ਰਾਪਤੀ ਦੇ ਨਾਂ ‘ਤੇ, ਲੋਕਾਈ ਦੇ ਗੁੰਮਰਾਹ ਹੋਈ ਜਾਣ ਉਤੇ ਉਸ ਦਾ ਰੋਹ ‘ਦਹੂਦ ਬਾਦਸ਼ਾਹ’ ਵਿਚ ਹੀ ਠਾਠਾਂ ਮਾਰਦਾ ਨਜ਼ਰ ਆਉਂਦਾ ਹੈ। ਜਿਥੇ ਰਵਾਇਤੀ ਕਿੱਸਾਕਾਰ ਆਪਣੀ ਰਚਨਾ ਰੱਬ ਦੀ ਇਬਾਦਤ ਜਾਂ ਮੰਗਲਾਚਰਨ ਨਾਲ ਸ਼ੁਰੂ ਕਰਿਆ ਕਰਦੇ, ਬਾਪੂ ਪਾਰਸ ਨਵੀਂ ਪਗਡੰਡੀ ਸਿਰਜਣ ਦੇ ਰਾਹ ਤੁਰਿਆ:
ਵਾਹੇ-ਗੁਰੂ ਐ ਗਾਡ ਭਗਵਾਨ ਰੱਬਾ,
ਜ਼ਰਾ ਮੁੱਖ ਦਿਖਾਅ ਖੁਦਾ ਸਾਨੂੰ
ਬਾਂਗ ਸੰਖ ਘੜਿਆਲ ਤੇ ਗਿਰਗਟਾਂ ਤੂੰ,
ਆਪੋ ਵਿਚ ਨਾ ਪਿਆ ਲੜਾਅ ਸਾਨੂੰ
ਭਾਈਆਂ, ਪਾਦਰੀ, ਕਾਜ਼ੀਆਂ, ਬਾਹਮਣਾਂ ਦੇ,
ਅੱਡੋ ਅੱਡ ਦਿਖਲਾਂਵਦਾ ਰਾਹ ਸਾਨੂੰ
ਤੇਰੇ ਨਾਮ ਬਕਰੀਦ ‘ਤੇ ਲੱਖ ਗਊਆਂ,
ਮੁਸਲਮਾਨ ਕਰ ਦੇਣ ਕਤਲੇਆਮ ਰੱਬਾ
ਮੋਮਨ ਪੜ੍ਹਨ ਨਮਾਜ਼ਾਂ ਪਰ ਹਿੰਦੂਆਂ ਨੂੰ,
ਜ਼ਿਬਹਾ ਕਰੀ ਜਾਂਦੇ ਤੇਰੇ ਨਾਮ ਰੱਬਾ
ਖਾ ਜੇਂ ਸੂਰ ਈਸਾਈਆਂ ਦੇ ਚਰਚ ਬਹਿ ਕੇ,
ਮੁਸਲਮਾਨ ਨੂੰ ਕਹੇਂ ਹਰਾਮ ਰੱਬਾ
ਖੀਰ ਬਾਮ੍ਹਣਾਂ ਤੋਂ ਹਲਵਾ ਖਾਲਸੇ ਤੋਂ,
ਜਾਵੇਂ ਨਿਗਲ ਤੂੰ ਕੁੱਲ-ਤਮਾਮ ਰੱਬਾ
—
ਹਿੰਦੂ ਮੁਸਲਮ ਫਸਾਦ Ḕਤੇ ਫਿਰੇਂ ਖਿੜਿਆ,
ਵਾਹ ਬਈ ਵਾਹ ਖੁਦਾ ਅਲਬੇਲਿਆ ਓਇ
ਜਿਨ੍ਹਾਂ ਗੁੰਡਿਆਂ ਪੱਟ ਕਰੀਰ ਸਿੱਟੇ,
ਕੱਟ ਤੈਨੂੰ ਵੀ ਦੇਣਗੇ ਕੇਲਿਆ ਓਇ
ਭਗਤ ਵੇਂਹਦਿਆਂ ਨੰਗ ਕੰਗਾਲ ਹੋਗੇ,
ਤੇਰੇ ਨਾਮ ਦਾ ਜੂਆ ਜੇ ਖੇਲ੍ਹਿਆ ਓਏ
ਚੌਵੀ ਸਾਲ ਭਗਤੀ ਹੋ ਜੇ ਇਕ ਗਲਤੀ,
ਰੁੜ੍ਹ ਜੇਂ ਝੱਟ ਤੂੰ ਟੁੱਕ ਤੋਂ ਡੇਲਿਆ ਓਇ
ਤੇਰੇ ਹੁੰਦਿਆਂ ਹਿੰਦ ਵਿਚ ਰਾਤ ਕਾਲੀ
ਬੱਲੇ ਬੱਲੇ ਸਵੇਰ ਦਿਆ ਵੇਲਿਆ ਓਇ
ਜਗ੍ਹਾ ਖਾਣ ਦੀ ਸਿਰਾਂ ਨੂੰ ਪਾੜ ਦੇਵੇਂ,
ਕੌੜੇ ਬੂਟੇ ਨੂੰ ਲੱਗੇ Ḕਵੇ ਕੇਲਿਆ ਓਏ
ਹਿੰਦੂ ਖਾਲਸੇ ਮੁਸਲਮਾਂ ਜਦੋਂ Ḕਕੱਠੇ,
ਤੇਰੀ ਹਿੱਕ ਉਤੇ ਨਾਗ ਮੇਲ੍ਹਿਆ ਓਇ
—
ਹੈਜ਼ਾ ਕੋਹੜ ਸੁਜ਼ਾਕ ਤਪਦਿਕ ਲਾ ਕੇ,
ਤੰਦਰੁਸਤ ਨੂੰ ਜਾ ਬੀਮਾਰ ਕਰਦਾ
ਹਾੜੀ ਪੱਕੀ ਕਿਰਸਾਨ ਦੀ ਦੇਖ ਹੱਸੇ,
ਲੈ ਕੇ ਕਾਕੜੇ ਫਸਲ Ḕਤੇ ਵਾਰ ਕਰਦਾ
1947 ਦੇ ਹਿੰਦ ਬਟਵਾਰੇ ਸਮੇਂ ਮਨੁੱਖ ਹੱਥੋਂ ਮਨੁੱਖ ਨਾਲ ਹੋਏ ਇੰਤਹਾਈ ਜ਼ੁਲਮ ਪਾਰਸ ਨੇ ਅੱਖੀਂ ਦੇਖੇ ਸਨ, ਤੇ ਇਨ੍ਹਾਂ ਨੂੰ ਯਾਦ ਕਰ-ਕਰ ਸਾਰੀ ਉਮਰ ਫੁੱਟ-ਫੁੱਟ ਰੋਣ ਵਾਲਾ ਬਾਪੂ ਪਾਰਸ 1950ਵਿਆਂ ਦੇ ਜ਼ਮਾਨੇ ਵਿਚ ਹੀ ਗੈਬੀ ਸ਼ਕਤੀਆਂ ਦੀ ਹੋਂਦ ਨੂੰ ਨਾਕਾਰਨ ਲੱਗ ਪਿਆ ਸੀ। ਇਸੇ ਲਈ ਅਨੇਕਾਂ ਥਾਂਵਾਂ ਉਤੇ ਉਹ ਆਪਣਾ ਤਖ਼ੱਲਸ ‘ਮੁਨਕਿਰ’ ਵੀ ਵਰਤਦਾ ਰਿਹਾ। ਇਹ ਉਹ ਸਮਾਂ ਸੀ ਜਦੋਂ ਗੈਬੀ ਸ਼ਕਤੀਆਂ ਤੋਂ ਮੁਨਕਰ ਹੋਣ ਵਾਲੀ ਵਿਚਾਰਧਾਰਾ ਲਈ ਪੰਜਾਬੀ ਬੋਲੀ ਵਿਚ ਹਾਲੇ ‘ਤਰਕਸ਼ੀਲ’ ਲਫਜ਼ ਈਜਾਦ ਨਹੀਂ ਸੀ ਹੋਇਆ।
ਕਿੱਸਾਕਾਰੀ ਤਾਂ ਉਸ ਨੇ 1947 ਦੇ ਕਰੀਬ ਹੀ ਸ਼ੁਰੂ ਕਰ ਦਿੱਤੀ ਸੀ। ਉਸ ਦਾ ਪਹਿਲਾ ਹੀ ਕਿੱਸਾ ‘ਦਹੂਦ ਬਾਦਸ਼ਾਹ’ ਮੋਗੇ ਦੇ ਪ੍ਰਕਾਸ਼ਕ ਕਿਸ਼ਨ ਸਿੰਘ ਹਮੀਰ ਸਿੰਘ ਐਂਡ ਸਨਜ਼ ਨੇ ਲੱਖਾਂ ਦੀ ਗਿਣਤੀ ਵਿਚ ਛਾਪਿਆ। ‘ਦਹੂਦ ਬਾਦਸ਼ਾਹ’ ਦੀ ਮਕਬੂਲੀਅਤ ਨੇ ਉਸ ਦੇ ਕਵੀਸ਼ਰੀ ਜਥੇ ਦੀ ਮਹਿਮਾ ਵੀ ਦੂਰ ਦੂਰ ਤੀਕ ਫੈਲਾ ਦਿੱਤੀ।
ਫਿਰ 1950 ਦਾ ਦੌਰ ਆ ਗਿਆ। ਅਮੀਰੀ ਦਾ ਚਿੰਨ੍ਹ ਬਣਿਆਂ ਗ੍ਰਾਮੋਫੋਨ ਪਿੰਡਾਂ ਦੇ ਵਿਰਲੇ ਵਿਰਲੇ ਘਰਾਂ ‘ਚ ਦਿਸਣ ਲੱਗਾ। ਥੋੜ੍ਹੇ ਸਮੇਂ ਬਾਅਦ ਲਾਊਡਸਪੀਕਰ ਆ ਗਿਆ ਜਿਸ ਨੇ ਬਰਾਤਾਂ ਦੇ ਮਨੋਰੰਜਨ ਲਈ ਗ੍ਰਾਮੋਫੋਨ ਉਪਰ ਲਾਖ ਦੇ ਤਵੇ ਵਜਾਉਣ ਦਾ ਰਿਵਾਜ ਲੈ ਆਂਦਾ। ਬਰਾਤਾਂ, ਬਰਾਤ ਘਰਾਂ ਜਾਂ ਧਰਮਸ਼ਾਲਾਵਾਂ ਵਿਚ ਉਤਰਦੀਆਂ। ਲਾਊਡਸਪੀਕਰਾਂ ਦੇ ਧੂਤਰੂ ਬਰਾਤ ਘਰਾਂ ਦੀਆਂ ਛੱਤਾਂ ‘ਤੇ ਮੰਜਿਆਂ ਦੇ ਸਿਰ ਜੋੜ ਕੇ ਉਪਰ ਟਿਕਾਏ ਹੁੰਦੇ। ਧੂਤਰੂਆਂ ‘ਚੋਂ ਲਲਕਾਰੇ ਮਾਰਦਾ ਗੌਣ ਸਾਰੀ-ਸਾਰੀ ਰਾਤ ਪਿੰਡ ‘ਚ ਗਲੀਆਂ ਤੇ ਘਰਾਂ ਦੀ ਨੀਂਦ ਉਖੇੜੀ ਜਾਂਦਾ ਤੇ ਹਵਾ ਅਤੇ ਹਨੇਰੇ ਨੂੰ ਝੰਜੋੜੀ ਜਾਂਦਾ। ਬਰਾਤ ਉਤਰਦੀ ਤਾਂ ਲੋਕਾਂ ਨੂੰ ਪਤਾ ਹੁੰਦਾ ਕਿ ਬਰਾਤ ਘਰ ਵਿਚ ਬਰਾਤੀਆ ਦੇ ਮੰਜੇ ਮੱਲਦਿਆਂ ਹੀ, ਅਮਰ ਸਿੰਘ ਸ਼ੌਕੀ ਦੀ ਦਮਦਾਰ ਆਵਾਜ਼ ਨੇ ਹਵਾ ਨੂੰ ਚੀਰਨ ਲੱਗ ਜਾਣਾ ਹੁੰਦਾ ਸੀ:
ਸਹਿਬਾਂ ਵਾਜਾਂ ਮਾਰਦੀ,
ਕਹਿੰਦੀ ਉਠ ਖੜ੍ਹ ਮਿਰਜ਼ਾ ਯਾਰ ਵੇ!
ਜਾਂ ਜਗਰਾਵਾਂ ਵਾਲੇ ਟੁੰਡੇ ਦੇ ਬੋਲ ਧੂਤਰੂਆਂ ਵਿਚੋਂ ਉਛਲਣ ਲੱਗ ਪੈਂਦੇ:
ਭੰਨ ਸੁੱਟੀਆਂ ਸੁਹਾਗ ਦੀਆਂ ਚੂੜੀਆਂ
ਜਿਨ੍ਹਾਂ ਨੂੰ ਪੈ’ਗੇ ਯਾਰ ਪਿਟਣੇ!
ਪਰ 1957 ਦੇ ਸਾਲ, ਬਰਾਤਾਂ ਦੇ ਉਤਰਦਿਆਂ ਅਚਾਨਕ ਹੀ ਲਾਊਡਸਪੀਕਰਾਂ ਵਿਚੋਂ, ਸਾਰੰਗੀਆਂ-ਅਲਗੋਜ਼ਿਆਂ ਦੇ ਰਵਾਇਤੀ ਰੰਗ ਦੀ ਗਾਇਕੀ ਦੀ ਥਾਂ, ਉਚੀਆਂ ਆਵਾਜ਼ਾਂ ਵਿਚ ਅਸਲੋਂ ਨਵਾਂ ਵਾਵਰੋਲਾ ਉਠਣ ਲੱਗਾ। ਸਾਜ਼ਾਂ ਤੋਂ ਸੱਖਣੀ ਗਾਇਕੀ ਦਾ ਵਾਵਰੋਲਾ ਸੀ ਇਹ!
ਬਰਾਤ ਉਤਦਿਆਂ ਹੀ ਧੂਤਰੂ ਵਿਚੋਂ ਕੋਈ ਬੰਦਾ ਕਾਹਲੀ-ਕਾਹਲੀ ਬੋਲਦਾ, “ਜਿਸ ਵੇਲੇ ਛੋਟੇ ਸਾਹਿਬਜ਼ਾਦੇ ਗ੍ਰਿਫਤਾਰ ਕੀਤੇ ਸਿਰਹੰਦ ਅੱਪੜੇ ਤਾਂ ਪਾਣੀ ਭਰਦੀਆਂ ਕੁੜੀਆਂ, ਦੱਸੀਂ ਖਾਂ ਸਿੱਧਵਾਂ ਵਾਲਿਆ ਕੀ ਕਹਿੰਦੀਆਂ ਨੇ!”
ਇਹ ਕਰਨੈਲ ਸਿੰਘ ਪਾਰਸ ਸੀ।
ਫਿਰ ਨਾ ਕੋਈ ਤਾਲ ਤੇ ਨਾ ਹੀ ਕੋਈ ਸਾਜ਼। ਬੱਸ ਤਿੱਖੀ ਆਵਾਜ਼ ਵਿਚ ਗਾਇਕੀ ਉਭਰਦੀ:
ਕਿਉਂ ਪਕੜ ਮਾਸੂਮਾਂ ਨੂੰ,
ਨੀ ਇਹ ਲਈ ਪੁਲਸੀਏ ਜਾਂਦੇ,
ਤੱਕ ਨੂਰ ਅਲਾਹੀ ਨੂੰ,
ਨਿਉਂ ਨਿਉਂ ਪਰਬਤ ਸੀਸ ਨਿਵਾਂਦੇ
ਇਹ ਬਾਪੂ ਦੇ ਜਥੇ ਦਾ ‘ਆਗੂ’ ਗਾਇਕ ਰਣਜੀਤ ਸਿੱਧਵਾਂ ਸੀ। ਰਣਜੀਤ ਦੀ ਪੰਗਤੀ ਮੁਕਦਿਆਂ ਹੀ ਬਾਪੂ ਪਾਰਸ ਅਤੇ ਸਾਥੀ ਚੰਦ ਜੰਡੀ ਦੀ ਜੋੜੀ ਇਕ-ਸੁਰ ਆਵਾਜ਼ ਵਿਚ ਗਾਉਂਦੀ:
ਲਗਦੀ ਨਿਰਦੋਸ਼ਾਂ ਦੀ,
ਆਯੂ ਦਸ ਸਾਲਾਂ ਤੋਂ ਥੋੜ੍ਹੀ।
ਕਿਉਂ ਫੜੀ ਸਿਪਾਹੀਆਂ ਨੇ,
ਭੈਣੋਂ ਇਹ ਹੰਸਾਂ ਦੀ ਜੋੜੀ!
ਤਵਿਆਂ ਦੇ ਸਿਆੜਾਂ ਵਿਚ ਬੀਜੀ ਕਵੀਸ਼ਰੀ ਨੇ ਬਾਪੂ ਦੇ ਕਵੀਸ਼ਰੀ ਜਥੇ ਦੀ ਮਹਿਮਾ ਏਨੀ ਪ੍ਰਚੰਡ ਕਰ ਦਿੱਤੀ ਕਿ ਮਾਲਵੇ ਵਿਚ ਬਾਪੂ ਦੇ ਕਵੀਸ਼ਰੀ ਜਥੇ ਦੀ ਬੁਕਿੰਗ ਕਈ ਕਈ ਮਹੀਨੇ ਅਗਾਊਂ ਹੋਣ ਲੱਗੀ। ਗਾਇਕੀ ਦੇ ਸ਼ੌਕੀਨ, ਬਾਪੂ ਦੇ ਕਵੀਸ਼ਰੀ ਅਖਾੜੇ ਸੁਣਨ ਲਈ ਵੀਹ-ਵੀਹ ਮੀਲ ਤੋਂ ਘੋੜਿਆਂ-ਊਠਾਂ ਉਪਰ ਚੜ੍ਹ ਕੇ ਆਉਣ ਲੱਗੇ।
ਬਾਪੂ ਪਾਰਸ ਉਤੇ ਕਵੀਸ਼ਰੀ ਦੇ ਨਾਲ ਹੀ ਗਿਆਨ ਹਾਸਲ ਕਰਨ ਦੀ ਅਮਿੱਟ ਭੁੱਖ: ਪਾਣੀ ਵਿਚ ਘੁਲੇ ਪਾਣੀ ਵਾਂਗ ਇਕੋ ਜੋਤ ਤੇ ਇਕੋ ਹੀ ਮੂਰਤ! ਬਾਪੂ ਕੋਲ ਹਰ ਵਕਤ ਚਮੜੇ ਦਾ ਬੈਗ ਹੁੰਦਾ, ਤਿੰਨ ਚਾਰ ਤਹਿਆਂ ਵਾਲਾ। ਵਿਚਕਾਰਲੀ ਤਹਿ ਵਿਚ ਇਕ ਮੋਟ-ਸਰੀਰੀ ਸ਼ੀਸ਼ੀ ਤੇ ਦੋ ਬੋਤਲਾਂ! ਸ਼ੀਸ਼ੀ ਵਿਚ, ਕਾਲੇ ਲੂਣ, ਸੁੰਢ, ਤੇ ਕਾਲੀ ਮਿਰਚ ਦਾ ਪਾਊਡਰ ਪੀਸ ਕੇ ਇਕ-ਜਾਨ ਕੀਤਾ ਹੋਇਆ; ਇਸ ਮਿਸ਼ਰਨ ਦਾ ਇਕ ਚਮਚਾ ਉਹ ਲੱਸੀ ਵਿਚ ਘੋਲ ਲੈਂਦਾ, ਤੇ ਇਕ ਚੂੰਢੀ ਦਾਲ-ਸਬਜ਼ੀ ਉਤੇ ਭੁੱਕ ਲੈਂਦਾ। ਬਾਪੂ ਕਿਹਾ ਕਰੇ, ਮੈਂ ਆਯੁਰਵੈਦਿਕ ਬਾਕਾਇਦਾ ਪੜ੍ਹੀ ਵੀ ਐ ਤੇ ਇਸ ਹੁਨਰ ਅਨੁਸਾਰ ਦੁਆਈ-ਬੂਟੀ ਵੀ ਕੀਤੀ ਐ! ਬਹੁਤੀਆਂ ਬੀਮਾਰੀਆਂ ਦੀ ਜੜ੍ਹ ਪੇਟ ਵਿਚਲੀ ਗੜਬੜ ਤੋਂ ਸ਼ੁਰੂ ਹੁੰਦੀ ਐ; ਕਾਲਾ ਲੂਣ, ਕਾਲੀ ਮਿਰਚ ਤੇ ਸੁੰਢ ਪੇਟ ਨੂੰ ਤੰਦਰੁਸਤ ਰਖਦੇ ਐ!
ਬੈਗ ਦੀ ਦੂਜੀ ਤਹਿ ਵਿਚ ਦੋ ਬੋਤਲਾਂ ਹੁੰਦੀਆਂ ਜਿਨ੍ਹਾਂ ਦੇ ਡੱਟਾਂ ਵਿਚੋਂ ਖਾਰਜ ਹੁੰਦੀ ਬਦਾਮ-ਰੋਗਨ ਦੀ ਸੁਗੰਧੀ ਤੇ ਮੱਛੀ ਦੇ ਤੇਲ ਦੀ ਗੰਧ! ਮੱਛੀ ਦਾ ਸਫੈਦ ਤੇਲ, ਅਧ-ਰਿੜਕੀ ਲੱਸੀ ਤੋਂ ਵੀ ਗਾੜ੍ਹਾ। ਬਦਾਮ ਰੋਗਨ ਤੇ ਮੱਛੀ-ਤੇਲ ਦੀ ਗੰਧ-ਸੁਗੰਧ ਬੈਗ ਦੀ ਚਮੜਈ ਗੰਧ ਨਾਲ ਇਕ-ਮਿਕ ਹੋ ਰਹੀਆਂ ਹੁੰਦੀਆਂ। ਬੈਗ ਦੀ ਤੀਜੀ ਤਹਿ ਵਿਚ ਹਿੰਦੀ, ਪੰਜਾਬੀ ਤੇ ਉਰਦੂ ਦੇ ਅਖਬਾਰ ਅਤੇ ਚੌਥੀ ਵਿਚ ‘ਫੁੱਲ-ਸਕੇਪ’ (ਫੂਲਜ਼-ਕੈਪ) ਕਾਗਜ਼ਾਂ ਦੀ ਥਹੀ: ਥਹੀ ਨੂੰ, ਖੱਬੇ ਕੋਨੇ ਵਿਚ ਮੋਚੀ ਤੋਂ ਕਰਾਈ ਮੋਰੀ ਵਿਚੋਂ ਮੋਟਾ ਧਾਗਾ ਲੰਘਾ ਕੇ ਬੰਨ੍ਹਿਆ ਹੁੰਦਾ। ਬੱਸ ਸਟੈਂਡਾਂ ਅਤੇ ਪਲੈਟਫਾਰਮਾਂ ਉਤੇ ਬੱਸਾਂ/ਰੇਲਾਂ ਉਡੀਕਦਿਆਂ ਅਤੇ ਉਨ੍ਹਾਂ ਦੀ ਸਵਾਰੀ ਕਰਦਿਆਂ ਬਾਪੂ ਪਾਰਸ ਦਾ ਚਮੜਈ ਬੈਗ ਉਸ ਦੇ ਪੱਟਾਂ ਉਪਰ ਹੁੰਦਾ ਅਤੇ ਕਾਗਜ਼ਾਂ ਦੀ ਥਹੀ ਬੈਗ ਉਤੇ। ਉਹ ਕਾਗਜ਼ਾਂ ਉਪਰ ਸ਼ਬਦਾਂ ਦੇ ਬੀਜ ਬੀਜਦਾ ਅਤੇ ਸ਼ਬਦਾਂ ਵਿਚੋਂ ਖਿੜਦੀ ਕਵੀਸ਼ਰੀ ਨੂੰ ਦੇਖ-ਦੇਖ ਮੁਸਕਰਾਉਂਦਾ। ਉਸ ਦਾ ਮਕਬੂਲ ਛੰਦ ‘ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ’ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਦੇ ਬੈਂਚ ਉਪਰ ਗੱਡੀ ਦੀ ਇੰਤਜ਼ਾਰ ਵਿਚ ਬੈਠਿਆਂ, ਆਉਂਦੀਆਂ-ਜਾਂਦੀਆਂ ਰੇਲ ਗੱਡੀਆਂ ਵਿਚੋਂ ਲਹਿੰਦੇ-ਚੜ੍ਹਦੇ ਮੁਸਾਫਰਾਂ ਨੂੰ ਦੇਖ ਕੇ ਹੀ ਉਪਜਿਆ ਸੀ। ਫਿਰ ਜਿਸ ਪਿੰਡ ਵਿਚ ਕਵੀਸ਼ਰੀ ਦਾ ਪ੍ਰੋਗਰਾਮ ਹੁੰਦਾ, ਜਥੇ ਦਾ ਉਤਾਰਾ ਕਿਸੇ ਘਰ ਦੇ ਕੋਨੇ ਵਿਚ ਬਣੀ ਬੈਠਕ ਵਿਚ ਹੁੰਦਾ। ਬਾਪੂ ਦੇ ਸਾਥੀ ਰਣਜੀਤ ਸਿੱਧਵਾਂ ਅਤੇ ਚੰਦ ਜੰਡੀ, ਦੁਪਹਿਰ ਦੇ ਖਾਣੇ ਵਿਚ ਭੂਕਾਂ ਵਾਲੇ ਗੰਢੇ ਤੇ ਚਟਣੀ ਛਕ ਕੇ, ਮੰਜੇ ਉਤੇ ਪਏ ਸਿਰਹਾਣਿਆਂ ਵੱਲ ਝਾਕਣ ਲਗਦੇ। ਦਸਾਂ ਕੁ ਮਿੰਟਾਂ ਵਿਚ ਹੀ ਉਨ੍ਹਾਂ ਦੇ ਘੁਰਾੜੇ ਬੈਠਕ ਦੀ ਹਵਾ ਵਿਚ ਪਿਆਜ਼ ਤੇ ਅਚਾਰ ਦੀ ਗੰਧ ਘੋਲਣ ਲਗਦੇ, ਪਰ ਬਾਪੂ ਪਾਰਸ ਦੇ ਅੰਦਰ ਪਈ ਗਿਆਨ-ਜਗਿਆਸਾ ਅੰਗੜਾਈਆਂ ਲੈਣ ਲਗਦੀ। ਉਹ ਆਪਣੇ ਚਮੜਈ ਬੈਗ ਦੀਆਂ ਵੱਧਰੀਆਂ ਟਟੋਲਣ ਲਗਦਾ! ਅਗਲੇ ਪਲੀਂ ਉਹ ਕਿਸੇ ਅਖਬਾਰ ਦੇ ਜਾਂ ‘ਪ੍ਰੀਤ ਲੜੀ’ ਰਸਾਲੇ ਦੇ ਤੇ ਜਾਂ ਕਿਸੇ ਕਿਤਾਬ ਦੇ ਵਰਕਿਆਂ ਉਪਰ ਝੁਕਿਆ ਹੁੰਦਾ।
ਪਾਕਿਸਤਾਨ ਬਣਨ ਤੋਂ ਬਾਅਦ ਬਾਪੂ ਪਾਰਸ, ਗੁਰਬਖਸ਼ ਸਿੰਘ ਦੇ ਮਾਸਿਕ ਰਸਾਲੇ ‘ਪ੍ਰੀਤ ਲੜੀ’ ਦਾ ਬਾਕਾਇਦਾ ਪਾਠਕ ਬਣ ਗਿਆ ਸੀ। ‘ਪ੍ਰੀਤ ਲੜੀ’ ਨੇ ਜਿੱਥੇ ਉਸ ਨੂੰ ਨਵਚੇਤਨਾ ਦੇ ਬੂਹੇ ਲਿਆ ਖਲਿਆਰਿਆ, ਵਹਿਮਾਂ, ਜਾਦੂ ਟੂਣਿਆਂ ਤੇ ਗੈਬੀ ਸ਼ਕਤੀਆਂ ਦੇ ਭਰਮ ਤੋਂ ਮੁਕਤ ਕੀਤਾ, ਜਾਤ-ਪਾਤ ਦੇ ਕੋਹੜ ਦਾ ਕੱਟੜ ਵਿਰੋਧੀ ਬਣਾਇਆ, ਉਥੇ ਉਸ ਦੀ ਕਵੀਸ਼ਰੀ ‘ਚ ਸਾਹਿਤਕ ਰੰਗ ਵੀ ਲਿਆਂਦਾ। ਉਹ ਨਵੀਆਂ ਤਸ਼ਬੀਹਾਂ, ਨਵੇਂ ਅਲੰਕਾਰ ਅਤੇ ਨਵੀਂ ਸੋਚ ਲੈ ਕਵੀਸ਼ਰੀ ਦਾ ਮੁਹਾਂਦਰਾ ਨਿਖਾਰਦਾ ਰਿਹਾ।
ਕਿੱਸਾ ‘ਬਾਗੀ ਸੁਭਾਸ਼’ ਉਸ ਨੇ 1947 ਦੇ ਕਰੀਬ ਲਿਖਿਆ। ਉਸ ਤੋਂ ਪਹਿਲਾਂ ਦੇ ਕਿੱਸਾਕਾਰ ਜਿਥੇ ਆਪਣਾ ਕਿੱਸਾ ਰੱਬ ਦੀ ਅਰਾਧਨਾ ਨਾਲ ਸ਼ੁਰੂ ਕਰਿਆ ਕਰਦੇ, ਉਥੇ ਰੱਬ ਤੇ ਹੋਰ ਗੈਬੀ ਸ਼ਕਤੀਆਂ ਦੀ ਹੋਂਦ ਬਾਰੇ ਸ਼ੰਕਾਵਾਦੀ ਹੋ ਗਿਆ ਪਾਰਸ ਆਪਣੀ ਕਿੱਸਾਕਾਰੀ ਦਾ ਆਗਾਜ਼ ਅਸਲੋਂ ਨਿਵੇਕਲੇ ਢੰਗ ਦੀਆਂ ਬੈਂਤਾਂ ਨਾਲ ਕਰਦਾ:
ਸੋਚਣ ਦੇਖੀਏ ਜੇ ਚੜ੍ਹ ਕੇ ਜਗ੍ਹਾ ਉਚੀ,
ਤੇਰੀ ਢੂੰਡ ਮੇਂ ਕਈ ਇਨਸਾਨ ਥੱਕੇ।
ਘੇਸਲ ਮਾਰ ਕੇ ਰਿਹਾ ਤੂੰ ਘੂਕ ਸੁੱਤਾ,
ਕਰ ਕਰ ਮੌਲਵੀ ਹਿਫਜ਼ ਕੁਰਾਨ ਥੱਕੇ।
ਤੈਨੂੰ ਇਕ ਨਾ ਸੁਣੀ ਓ ਖੁਦਾਵੰਦਾ,
ਬਾਂਗਾਂ ਦੇਂਦਿਆਂ ਨੇ ਮੁਸਲਮਾਨ ਥੱਕੇ।
ਬਾਮ੍ਹਣ ਬਣ ਕੇ ਪੁਚਕਾਰਦਾ ਰਿਹਾ ਸਾਨੂੰ,
ਦਾਨ ਦੇਂਵਦੇ ਅਸੀਂ ਜਜਮਾਨ ਥੱਕੇ।
—
ਰਾਜਗੁਰੂ ਤੇ ਭਗਤ ਕਰਤਾਰ ਤਾਈਂ,
ਤੈਂ ਕਿਉਂ ਵੇਲਣੇ ਵਿਚ ਦੀ ਵੇਲਿਆ ਓਇ।
ਅੱਠੇ ਪਹਿਰ ਆਖੇਂ ਮੇਰੇ ਵੱਲ ਦੇਖੋ,
ਸਾਨੂੰ ਕੰਮ ਨਾ ਕਰਨ ਦਏਂ ਵਿਹਲਿਆ ਓਇ।
ਸੋਨ-ਮੋਹਰਾਂ ਨੇ ਮਣਾਂ-ਮੂੰਹ ਚਰਲੀਆਂ ਤੂੰ,
ਇਹ ਕੀ ਕੀਤਾ ਹੈ ਤਾਂਬੇ ਦਿਆ ਧੇਲਿਆ ਓਇ।
ਅਸੀਂ ਧੱਕ ਕੇ ਚਾੜ੍ਹੀਏ ਉਤਾਂਹ ਤੈਨੂੰ,
ਉਲਟਾ ਸਾਨੂੰ ਹੀ ਦਰੜ ਦਏਂ ਠੇਲ੍ਹਿਆ ਓਇ।
ਪਾਰਸ ਦੀ ਕਿੱਸਾਕਾਰੀ ਬਹੁ-ਦਿਸ਼ਾਵੀ ਸੀ। ਜਿਥੇ ਉਸ ਨੇ ਕੌਲਾਂ, ਦਹੂਦ ਬਾਦਸ਼ਾਹ, ਪੂਰਨ ਆਦਿਕ ਲੋਕ ਗਾਥਾਵਾਂ ਨੂੰ ਆਪਣੀ ਕਵੀਸ਼ਰੀ ਦਾ ਕੇਂਦਰ ਬਣਾਇਆ, ਉਥੇ ਬਾਗੀ ਸੁਭਾਸ਼, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਜ਼ਿੰਦਗੀ ਨੂੰ ਕਿੱਸੇ ਦੇ ਰੂਪ ਵਿਚ ਲਿਖਣ ਵਾਲਾ ਪਹਿਲਾ ਕਵੀਸ਼ਰ ਵੀ ਬਾਪੂ ਪਾਰਸ ਹੀ ਸੀ।
ਯੂਨੀਵਰਸਿਟੀਆਂ ਦੇ ਪੰਜਾਬੀ ਵਿਭਾਗਾਂ ਉਤੇ, ਰਵਾਇਤੀ ਤੌਰ Ḕਤੇ ਸ਼ਹਿਰੀ ਪਿਛੋਕੜ ਵਿਚੋਂ ਆਏ ਲੋਕਾਂ ਦੀ ਜਕੜ ਹੁੰਦੀ ਸੀ। ਉਨ੍ਹਾਂ ਲਈ ਕਵੀਸ਼ਰੀ ‘ਅਛੂਤ’ ਬਰਾਦਰੀਆਂ ਵਾਂਗ ਸੀ। ਪਹਿਲੀ ਗੱਲ ਤਾਂ ਇਹ ਕਿ ਸ਼ਹਿਰੀ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ‘ਕਵੀਸ਼ਰੀ’ ਹੁੰਦੀ ਕੀ ਹੈ? ਕਦੇ ਕੋਈ ਬੰਦਾ ‘ਕਵੀਸ਼ਰੀ’ ਲਫਜ਼ ਉਚਾਰ ਦਿੰਦਾ, ਕਾਲਜਾਂ, ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੇ ਬੁੱਲ੍ਹਾਂ ਉਤੇ ਖਚਰੀਆਂ ਹਾਸੀਆਂ ਉਗ ਪੈਂਦੀਆਂ। ਫਿਰ ਸੱਤਰਿਆਂ ਦੇ ਵਰ੍ਹੇ ਆਣ ਢੁੱਕੇ: ਖੇਤਾਂ ਵਿਚੋਂ ਚਰ੍ਹੀਆਂ, ਬਾਜਰੇ ਦੇ ਸਿੱਟਿਆਂ, ਸਰ੍ਹੋਂ ਦੇ ਫੁੱਲਾਂ ਤੇ ਮੱਕੀਆਂ ਦੀ ਮਹਿਕ, ਅਤੇ ਕੜ੍ਹਾਹਿਆਂ ਵਿਚ ਉਬਲਦੇ ਤੱਤੇ ਗੁੜ ਦੀ ਸੁਗੰਧ ਨਾਲ ਭਰੀਆਂ ਜੇਬਾਂ ਲੈ ਕੇ ਪੇਂਡੂ ਰਹਿਤਲ ਵਿਚੋਂ ਉਦੈ ਹੋਏ ਮੁੰਡੇ-ਕੁੜੀਆਂ, ਯੂਨੀਵਰਸਿਟੀਆਂ ਦੇ ਗਲਿਆਰਿਆਂ ਦੀ ਰੌਣਕ ਬਣਨ ਲੱਗੇ; ਸਾਹਿਤਕ ਗੋਸ਼ਟੀਆਂ ਵਿਚ ਚੁੰਝਾਂ ਫਸਾਉਣ ਲੱਗੇ। ਨਵੀਂ ਸੋਚ ਵਾਲੇ ਇਨ੍ਹਾਂ ਮੁੰਡੇ-ਕੁੜੀਆਂ ਨੂੰ ਕੋਈ ਖਬਰ ਨਹੀਂ ਸੀ ਕਿ ਉਹ ਕਵੀਸ਼ਰੀ ਨੂੰ, ਪੰਜਾਬੀ ਲੋਕਧਾਰਾ ਦੀ ਅਣਗੌਲੀ ਪਰ ਵਿਸ਼ੇਸ਼ ਵੰਨਗੀ ਦੇ ਤੌਰ Ḕਤੇ ਸਥਾਪਤ ਕਰਨ ਦੇ ਇਤਿਹਾਸਕ ਕਾਰਜ ਵਿਚ ਜੁਟੇ ਹੋਏ ਸਨ। ਕਵੀਸ਼ਰੀ ‘ਜੱਟੀ’ ਤੋਂ ‘ਹੀਰ’ ਬਣਨ ਲੱਗੀ। ਕਵੀਸ਼ਰੀ ਨੂੰ ਸੱਥਾਂ ਤੋਂ ਉਠਾ ਕੇ ਰੇਡੀਓ, ਗ੍ਰਾਮੋਫੋਨ, ਸੀæਡੀæ ਅਤੇ ਕਾਲਜਾਂ-ਯੂਨੀਵਰਸਿਟੀਆਂ ਦੀਆਂ ਸਟੇਜਾਂ ਤੀਕ ਅਪੜਾਉਣ ਵਿਚ ਬਾਪੂ ਪਾਰਸ ਦੀ ਵਿਸ਼ੇਸ਼ ਘਾਲਣਾ ਦਾ ਜ਼ਿਕਰ ਹੋਣ ਲੱਗਾ।
ਬਾਪੂ ਪਾਰਸ ਨੇ ਆਪਣੀ ਕਵੀਸ਼ਰੀ ਦੇ ਨਿਵੇਕਲੇ ਰੰਗ, ਤਰਕਸ਼ੀਲਤਾ ਅਤੇ ਜਾਤਪਾਤ ਦੇ ਕੱਟੜ ਵਿਰੋਧੀ ਦੇ ਤੌਰ Ḕਤੇ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੀਕ ਜਿਉਂਦਿਆਂ ਹੀ ਆਪਣੇ ਨਾਮ ਨੂੰ ਸਤਿਕਾਰਯੋਗ ਬਣਾ ਲਿਆ ਸੀ। ਨਵੇਂ ਯੁੱਗ ਵਿਚ ਉਸ ਦੀ ਕਵੀਸ਼ਰੀ ਦਾ ਚਰਚਾ ਯੂਨੀਵਰਸਿਟੀਆਂ ਦੇ ਖੋਜ ਕਾਰਜਾਂ ਦਾ ਵਿਸ਼ਾ ਵੀ ਬਣ ਰਿਹਾ ਹੈ।
ਬਾਪੂ ਪਾਰਸ ਆਪਣੀ ਕਵੀਸ਼ਰੀ ਦੇ ਨਾਲ ਨਾਲ ਆਪਣੀ ਬੇਪਰਵਾਹ ਜ਼ਿੰਦਗੀ ਕਰ ਕੇ ਵੀ ਸਤਿਕਾਰਿਆ ਜਾਂਦਾ ਸੀ। ਨਾ ਕਿਸੇ ਨਾਲ ਵੈਰ, ਨਾ ਝਗੜਾ। ਨਾ ਹੰਕਾਰ, ਨਾ ਫੁਕਰਾਪੰਥੀ। ਕਿਹਾ ਕਰੇ, ਮੁੰਡਿਓ ਕਮਾਈ ਦਾ ਮੀਟਰ ਨਾ ਖੜ੍ਹਨ ਦੇਵੋ, ਤੇ ਸੋਹਣੀ ਜ਼ਿੰਦਗੀ ਜੀਣ ਲਈ ਖਰਚ ਵੀ ਕਰੋ; ਕੰਜੂਸੀ ਤੇ ਫਜ਼ੂਲ ਖਰਚੀ ਦੋਵੇਂ ਮਾੜੀਆਂ; ਸੰਜਮ ਨਾਲ ਪੈਸਾ ਖਰਚੋ।
ਬਜ਼ੁਰਗੀ ਦੌਰਾਨ ਅਕਾਦਮਿਕ ਸਮਾਗਮਾਂ ਵਿਚ ਆਪਣੀ ਦਮਦਾਰ, ਠੇਠ ਮਲਵਈ ਬੋਲੀ ਵਿਚ ਆਪਣੇ ਦਲੀਲਮਈ ਭਾਸ਼ਣ ਨਾਲ ਉਹ ਵੱਡੇ ਵੱਡੇ ਵਿਦਵਾਨਾਂ ਨੂੰ ਵੀ ਕੀਲ ਲੈਂਦਾ ਸੀ। ਭਾਸ਼ਣਾਂ ਵਿਚ ਤਨਜ਼, ਚੁਟਕਲੇਬਾਜ਼ੀ ਅਤੇ ਟਿੱਚਰ-ਮਸ਼ਕਰੀ ਵੀ ਕਰੀ ਜਾਂਦਾ। ਬਾਪੂ ਪਾਰਸ ਨੇ ਤੀਹ ਦੇ ਕਰੀਬ ਕਿੱਸਿਆਂ ਦੀ ਰਚਨਾ ਕੀਤੀ ਜਿਨ੍ਹਾਂ ਵਿਚ ਰਵਾਇਤੀ ਲੋਕ ਗਾਥਾਵਾਂ (ਦਹੂਦ, ਕੌਲਾਂ, ਪੂਰਨ, ਸਰਵਣ, ਤਾਰਾ ਰਾਣੀ ਆਦਿਕ) ਤੋਂ ਇਲਾਵਾ ਸਿੱਖ ਇਤਿਹਾਸ ਅਤੇ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਨੂੰ ਵੀ ਆਪਣੀ ਕਿੱਸਾਕਾਰੀ ਦਾ ਵਿਸ਼ਾ ਬਣਾਇਆ। ਵੀਹਵੀਂ ਸਦੀ ਦੇ ਨਾਮਵਰ ਕਵੀਸ਼ਰ/ਕਿੱਸਾਕਾਰ, ਹੁਸੀਨ ਮਨੁੱਖ ਤੇ ਚਿੰਤਕ ਬਾਪੂ ਪਾਰਸ ਨੂੰ ਉਸ ਦੀ ਜਨਮ ਸ਼ਤਾਬਦੀ ਉਤੇ ਸਲਾਮ!