‘ਗੁਜਰਾਤ ਫਾਈਲਾਂ’ ਕਿਤਾਬ ਦਲੇਰ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਮਿਸਾਲੀ ਲਿਖਤ ਹੈ ਜਿਸ ‘ਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਜਦੋਂ ਇਹ ਕਿਤਾਬ ਛਾਪਣ ਲਈ ਕਿਸੇ ਪ੍ਰਕਾਸ਼ਕ ਨੇ ਹਾਮੀ ਨਹੀਂ ਭਰੀ, ਉਹਨੇ ਇਹ ਕਿਤਾਬ ਆਪੇ ਛਾਪ ਲਈ। ਇਸ ਕਿਤਾਬ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।
ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ। -ਸੰਪਾਦਕ
ਮੈਂ ਅਸ਼ੋਕ ਨਰਾਇਣ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਕੇæ ਚਕਰਵਰਤੀ ਦੇ ਨਾਂ ਮੇਰੇ ਲਈ ਸਿਫ਼ਾਰਸ਼ੀ ਰੁੱਕਾ ਲਿਖ ਦੇਣ ਜੋ ਮੀਡੀਆ ਤੋਂ ਅਤੇ ਗੁਜਰਾਤ ਦੀ ਅਫਸਰਸ਼ਾਹੀ ਵਿਚਲੇ ਆਪਣੇ ਹਮ-ਰੁਤਬਾ ਲੋਕਾਂ ਤੋਂ ਦੂਰ ਇਕ ਤਰ੍ਹਾਂ ਨਾਲ ਇਕਾਂਤ ਵਿਚ ਰਹਿ ਰਿਹਾ ਸੀ। ਗੁਜਰਾਤ ਹਿੰਸਾ ਦੌਰਾਨ ਉਹ ਪੁਲਿਸ ਮੁਖੀ ਸੀ। ਉਹ ਮੁੰਬਈ ਦੇ ਖਾਰ ਉਪ-ਸ਼ਹਿਰੀ ਅਮੀਰ ਇਲਾਕੇ ਵਿਚ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਰਹਿ ਰਿਹਾ ਸੀ।
ਮੈਂ ਬਾਂਦਰਾ ਲਈ ਬੱਸ ਲਈ ਜਿਥੋਂ ਆਟੋ ਲੈ ਕੇ ਖਾਰ ਜਾਣਾ ਸੀ, ਉਥੇ ਚਕਰਵਰਤੀ ਇਕ ਮਸ਼ਹੂਰ ਸਕੂਲ ਲਾਗੇ ਰਹਿੰਦਾ ਸੀ। ਉਹਨੇ ਮੈਨੂੰ ਆਪਣੀ ਸ਼ੋਖ ਪਤਨੀ ਨਾਲ ਤੁਆਰਫ਼ ਕਰਾਇਆ ਜੋ ਅਮੀਰ ਖ਼ਾਨਦਾਨ ਨਾਲ ਸਬੰਧਤ ਸੀ। ਬੈਠਕ ਵਿਚ ਨਿੰਮਾ-ਨਿੰਮਾ ਚਾਨਣ ਸੀ ਅਤੇ ਮੈਂ ਪ੍ਰੇਸ਼ਾਨ ਸੀ। ਐਨੇ ਥੋੜ੍ਹੇ ਚਾਨਣ ਵਿਚ ਕੋਈ ਫੁਟੇਜ ਕਿਵੇਂ ਰਿਕਾਰਡ ਕਰਾਂਗੀ? ਕੀ ਬਹਾਨਾ ਬਣਾ ਕੇ ਟਿਊਬਾਂ ਜਗਾਉਣ ਲਈ ਕਹਾਂ?
ਚਕਰਵਰਤੀ ਨੇ ਮੈਨੂੰ ਮੇਰੀ ਅਮਰੀਕਾ ਵਿਚਲੀ ਜ਼ਿੰਦਗੀ ਬਾਰੇ ਪੁੱਛਿਆ। ਉਸ ਦੀ ਪਤਨੀ ਨੇ ਦੱਸਿਆ ਕਿ ਉਸ ਦੀ ਅਭਿਨੇਤਰੀ ਬਣਨਾ ਚਾਹੁੰਦੀ ਧੀ ਅਮਰੀਕਾ ਰਹਿ ਰਹੀ ਸੀ। ਉਸ ਨੇ ਆਪਣੀ ਅਭਿਨੇਤਰੀ ਧੀ ਨਾਲ ਰਾਬਤਾ ਬਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਦੀ ਛੋਟੀ ਧੀ ਘਰ ਆ ਗਈ ਜੋ ਕਿਸੇ ਏਅਰਲਾਈਨ ਵਿਚ ਨੌਕਰੀ ਕਰਦੀ ਸੀ। ਮੈਂ ਇਕ ਮਹੀਨੇ ਦੌਰਾਨ ਚਕਰਵਰਤੀ ਨੂੰ ਤਿੰਨ ਵਾਰ ਮਿਲੀ। ਪਹਿਲੀ ਫੇਰੀ ਬਹੁਤ ਸੰਖੇਪ ਸੀ ਅਤੇ ਮੈਂ ਖ਼ੁਦ ਨੂੰ ਕੱਛ ਵਿਚ ਕੀਤੀ ਸ਼ੂਟਿੰਗ ਅਤੇ ਉਥੇ ਵੱਖੋ-ਵੱਖਰੇ ਘੁਮਿਆਰਾਂ ਨੂੰ ਮਿਲਣ ਤੇ ਗੁਜਰਾਤ ਦਾ ਮਸ਼ਹੂਰ ਉਤਰਾਇਣ ਮੇਲਾ ਦੇਖਣ ਦੀ ਤਫ਼ਸੀਲ ਸਾਂਝੀ ਕਰਨ ਤਕ ਮਹਿਦੂਦ ਰੱਖਿਆ। ਉਸ ਦੀ ਸਹੇਲੀ ਅਤੇ ਅਸ਼ੋਕ ਨਰਾਇਣ ਦੀ ਪਤਨੀ ਨੇ ਮੈਨੂੰ ਆਪਣੇ ਘਰ ਦੁਪਹਿਰ ਦੇ ਖਾਣੇ ਮੌਕੇ ਜੋ ਜ਼ਾਇਕੇਦਾਰ ਤੰਦੂਰੀ ਪਨੀਰ ਖਵਾਇਆ ਸੀ, ਮੈਂ ਸ੍ਰੀਮਤੀ ਚਕਰਵਰਤੀ ਨੂੰ ਉਸ ਬਾਰੇ ਦੱਸਿਆ। ਸ੍ਰੀਮਤੀ ਚਕਰਵਰਤੀ ਛੇਤੀ ਹੀ ਮੇਰੇ ਨਾਲ ਐਨਾ ਰਚਮਿਚ ਗਈ।
ਮੈਂ ਉਨ੍ਹਾਂ ਨੂੰ ਅਗਲੇ ਹਫ਼ਤੇ ਮਿਲਣ ਦਾ ਇਕਰਾਰ ਕੀਤਾ ਜੋ ਨਿਭਾਇਆ ਵੀ। ਇਸ ਵਾਰ ਮੈਂ ਸ੍ਰੀਮਤੀ ਚਕਰਵਰਤੀ ਲਈ ਪੇੜਿਆਂ ਦਾ ਡੱਬਾ ਲੈ ਗਈ। ਚਕਰਵਰਤੀ ਸੰਕੋਚ ਨਾਲ ਗੱਲ ਕਰਨ ਵਾਲਾ ਬੰਦਾ ਸੀ। ਉਸ ਦੀ ਪਤਨੀ ਨੇ ਦੱਸਿਆ ਕਿ ਦਿਆਨਤਦਾਰ ਹੋਣ ਦੇ ਬਾਵਜੂਦ ਉਸ ਦੇ ਪਤੀ ਨਾਲ ਬੇਗਾਨਿਆਂ ਵਾਲਾ ਸਲੂਕ ਕੀਤਾ ਗਿਆ।
ਉਸ ਦੀ ਗਾਲੜੀ ਪਤਨੀ ਨਾਲ ਗੱਲਬਾਤ ਦੌਰਾਨ ਮੈਂ ਇਹ ਚੰਗੀ ਤਰ੍ਹਾਂ ਜਾਣ ਲਿਆ ਸੀ ਕਿ ਉਸ ਦੀ ਖ਼ਾਮੋਸ਼ੀ ਕਿਵੇਂ ਤੋੜਨੀ ਹੈ। ਮੈਂ ਉਨ੍ਹਾਂ ਸਾਰੇ ਅਫ਼ਸਰਾਂ ਦੇ ਨਾਂ ਛੱਡ ਦਿੱਤੇ ਜਿਨ੍ਹਾਂ ਨੂੰ ਮੈਂ ਗੁਜਰਾਤ ਵਿਚ ਮਿਲੀ ਸੀ ਅਤੇ ਉਹ ਬਿਰਤਾਂਤ ਹੀ ਪੇਸ਼ ਕੀਤਾ ਜੋ ਮੈਂ ਉਨ੍ਹਾਂ ਤੋਂ ਸੁਣਿਆ ਸੀ। ਇਹ ਸਾਰਾ ਕੁਝ ਭੋਲੇਪਣ ਅਤੇ ਹੈਰਾਨੀ ਦੇ ਬਿਹਤਰੀਨ ਵਿਖਾਵੇ ਦੇ ਹਿੱਸੇ ਵਜੋਂ ਕੀਤਾ ਗਿਆ। ਇਸ ਨਾਲ ਅੜਿੱਕਾ ਦੂਰ ਹੋ ਗਿਆ।
ਇਸ ਤੋਂ ਪਹਿਲਾਂ ਕਿ ਮੈਂ ਚਕਰਵਰਤੀ ਨਾਲ ਗੱਲਬਾਤ ਦਾ ਵੇਰਵਾ ਲਿਖਾਂ, ਕੁਝ ਖ਼ਬਰਾਂ ਸਾਂਝੀਆਂ ਕਰਨੀਆਂ ਜ਼ਰੂਰੀ ਹਨ ਜੋ ਗੁਜਰਾਤ ਦੇ ਅਖ਼ਬਾਰਾਂ ਵਿਚ ਉਸ ਬਾਰੇ ਛਪੀਆਂ ਸਨ। ਮੁੱਖਧਾਰਾ ਮੀਡੀਆ ਵਲੋਂ ਉਸ ਉਪਰ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਗ਼ੈਰ-ਕਾਰਜਕੁਸ਼ਲ ਡੀæਜੀæ ਸੀ ਜੋ ਉਸ ਫਿਰਕੂ ਅੱਗ ਉਪਰ ਕਾਬੂ ਨਹੀਂ ਪਾ ਸਕਿਆ।
ਜਦੋਂ ਗੁਜਰਾਤ ਦੀ ਹਿੰਸਾ ਅਤੇ ਨਾ ਸਿਰਫ਼ 2002 ਦੀ ਹਿੰਸਾ ਦੌਰਾਨ ਨਰੇਂਦਰ ਮੋਦੀ ਤੇ ਅਮਿਤ ਸ਼ਾਹ ਦੇ ਰਾਜ ਅਧੀਨ ਗੁਜਰਾਤ ਦੀ ਸਗੋਂ ਫ਼ੌਜਦਾਰੀ ਜੁਰਮਾਂ ਦੇ ਹੋਰ ਅਹਿਮ ਦੌਰ ਦੀ ਜਾਂਚ ਵੀ ਹੋਈ ਤਾਂ ਸਪਸ਼ਟ ਤੌਰ ‘ਤੇ ਚਕਰਵਰਤੀ ਉਨ੍ਹਾਂ ਸਭ ਤੋਂ ਅਹਿਮ ਨਾਵਾਂ ਵਿਚੋਂ ਇਕ ਸੀ। ਮਾਰਚ 2002 ਨੂੰ ‘ਟਾਈਮਜ਼ ਆਫ ਇੰਡੀਆ’ ਨੇ ਰਿਪੋਰਟ ਛਾਪੀ ਕਿ ਚਕਰਵਰਤੀ ਨੇ ਪੁਲਿਸ ਮਹਿਕਮੇ ਦੇ ਤਬਾਦਲਿਆਂ ਬਾਰੇ ਗੁਜਰਾਤ ਸਰਕਾਰ ਉਪਰ ਸਵਾਲਾਂ ਦੀ ਝੜੀ ਲਗਾ ਦਿੱਤੀ ਸੀ।
ਚਕਰਵਰਤੀ ਦੇ ਘਰ ਆਪਣੀ ਦੂਜੀ ਫੇਰੀ ਮੌਕੇ ਓੜਕ ਉਸ ਨੇ ਮੇਰੇ ਜਾਸੂਸੀ ਕੈਮਰੇ ਅੱਗੇ ਆਪਣੀ ਖ਼ਾਮੋਸ਼ੀ ਤੋੜ ਹੀ ਦਿੱਤੀ। ਉਸ ਵਲੋਂ ਆਪਣੇ ਅਫ਼ਸਰਾਂ ਵਲੋਂ ਸਟੈਂਡ ਲਏ ਜਾਣ ਦੀਆਂ ਰਿਪੋਰਟਾਂ ਤਾਂ ਸਨ, ਪਰ ਕਿਸੇ ਦੀ ਵੀ ਤਸਦੀਕ ਨਹੀਂ ਹੁੰਦੀ ਸੀ। ਆਖ਼ਿਰਕਾਰ, ਉਹ ਮੀਡੀਆ ਅਤੇ ਨਾਲ ਹੀ ਆਪਣੇ ਸਹਿ-ਕਰਮੀਆਂ ਨਾਲ ਕੋਈ ਗੱਲ ਕਰਨ ਤੋਂ ਇਨਕਾਰੀ ਹੋ ਗਿਆ ਸੀ।
ਜਦੋਂ ਮੈਂ ਹੋਰ ਅਫ਼ਸਰਾਂ ਨਾਲ ਆਪਣੀਆਂ ਮਿਲਣੀਆਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਸੁਣਾਈਆਂ, ਆਖ਼ਿਰਕਾਰ ਚਕਰਵਰਤੀ ਨੇ ਜ਼ੁਬਾਨ ਖੋਲ੍ਹ ਲਈ, ਸ਼ਾਇਦ ਇਸ ਲਈ ਕਿ ਉਸ ਨੂੰ ਮਹਿਸੂਸ ਹੋ ਗਿਆ ਕਿ ਬਹੁਤ ਸਾਰੀ ਜ਼ੁਬਾਨੀ-ਕਲਾਮੀ ਚਰਚਾ ਤਕ ਮੈਂ ਪਹਿਲਾਂ ਹੀ ਰਸਾਈ ਕਰ ਚੁੱਕੀ ਸੀ। ਆਖ਼ਿਰਕਾਰ ਮੈਂ ਗੁਜਰਾਤ ਹਿੰਸਾ ਬਾਰੇ ਉਸ ਦਾ ਮੂੰਹ ਖੁੱਲ੍ਹਵਾ ਲਿਆ ਸੀ।
‘ਇਹ ਹੁਣ ਤਕ ਦੇ ਸਭ ਤੋਂ ਭੈੜੇ ਫ਼ਸਾਦ ਸਨ। ਮੁੱਕਦੀ ਗੱਲ ਇਨ੍ਹਾਂ ਫ਼ਸਾਦਾਂ ਦੀ ਕੋਈ ਵਾਜਬ ਬੁਨਿਆਦ ਨਹੀਂ ਸੀ। ਇਥੇ ਫ਼ਸਾਦ ਗੋਧਰਾ ਵਿਖੇ ਰੇਲ ਗੱਡੀ ਨੂੰ ਸਾੜੇ ਜਾਣ ਤੋਂ ਬਾਅਦ ਹੋਏ। ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਡੱਬੇ ਵਿਚ ਵੀæਐਚæਪੀæ ਦੇ ਲੋਕ ਸਨ ਜੋ ਅਯੁੱਧਿਆ ਤੋਂ ਵਾਪਸ ਆ ਰਹੇ ਸਨ। ਪੂਰੀ ਰੇਲ ਗੱਡੀ ਹੀ ਉਨ੍ਹਾਂ ਦੀ ਸੀ। ਵਾਪਰਿਆ ਇਹ ਕਿ ਇਸ ਤੋਂ ਬਾਅਦ ਫ਼ਸਾਦ ਸ਼ੁਰੂ ਹੋ ਗਏ। ਮੈਂ ਜੋ ਕਹਿ ਰਿਹਾ ਹਾਂ ਉਹ ਇਹ (ਕਿ) ਆਮ ਤੌਰ ‘ਤੇ ਜਦੋਂ ਫ਼ਸਾਦ ਹੁੰਦੇ ਹਨ, ਕੋਈ ਵਜ੍ਹਾ ਹੁੰਦੀ ਹੈ, ਤੇ ਇਹ ਜ਼ਿਆਦਤਰ ਸਥਾਨਕ ਹੁੰਦੇ ਹਨ। ਇਥੇ ਜੋ ਵਜ੍ਹਾ ਸੀ, ਜਾਪਦਾ ਸੀ ਉਹਨੂੰ ਹਿੰਦੂ ਭਾਈਚਾਰੇ ਨੇ ਸਮੂਹਿਕ ਤੌਰ ‘ਤੇ ਆਪਣੇ ਲਈ ਖ਼ਤਰਾ ਸਮਝਿਆ ਸੀ।’
‘ਹੁਣ ਕੌਣ ਲੋਕ ਨੇ ਜੋ ਫ਼ਸਾਦਾਂ ਵਿਚ ਹਿੱਸਾ ਲੈਂਦੇ ਹਨ। ਗ਼ਰੀਬ ਲੋਕæææ। ਇਥੇ ਸਾਰੇ ਹੀ ਅਮੀਰ ਲੋਕ ਸੜਕਾਂ ਉਪਰ ਨਿਕਲੇ ਹੋਏ ਸਨ। ਕੁਝ ਲੋਕ ਫ਼ੋਨ ਕਰ ਕੇ ਦੱਸ ਰਹੇ ਸਨ, “ਸਰ, ਸ਼ੌਪਰਜ਼ ਸਟਾਪ ਮੇਂ ਮਰਸਡੀਜ਼ ਮੇਂ ਲੋਗ ਆਕਰ ਲੂਟ ਰਹੇ ਹੈਂ”।’
‘ਮੁੱਢ ਕਦੀਮ ਤੋਂ ਇਤਿਹਾਸ ਹਿੰਦੂਆਂ ਨੂੰ ਇਹੀ ਸਿਖਾਉਂਦਾ ਕਿ ਗ਼ਜ਼ਨੀ ਤੇ ਬਾਬਰ ਨੇ ਹਿੰਦੁਸਤਾਨ ਉਪਰ ਹਮਲੇ ਕੀਤੇ ਅਤੇ ਸੋਮਨਾਥ ਦੀ ਲੁੱਟਮਾਰ ਕੀਤੀ। ਇਸੇ ਕਰ ਕੇ ਇਥੇ ਵੀ ਹਿੰਦੂਆਂ ਦੀ ਜ਼ਿਹਨੀਅਤ ਵਿਚ ਇਹੀ ਵਸਿਆ ਹੋਇਆ ਹੈ, ਤੇ ਹਿੰਦੁਸਤਾਨ ਵਿਚ ਫ਼ਸਾਦ ਤਾਂ 1965 ਤੋਂ ਹੁੰਦੇ ਆ ਰਹੇ ਹਨ। ਹਜ਼ਾਰਾਂ ਲੋਕ ਪਹਿਲਾਂ ਵੀ ਮਾਰੇ ਗਏ ਸਨ।’
ਸਵਾਲ: ਮੇਰਾ ਅੰਦਾਜ਼ਾ ਹੈ ਕਿ ਜਿਹੜੀ ਗੱਲ ਮੋਦੀ ਦੇ ਖ਼ਿਲਾਫ਼ ਗਈ, ਉਹ ਇਹ ਸੀ ਕਿ ਉਹ ਆਰæਐਸ਼ਐਸ਼ ਨਾਲ ਸਬੰਧਤ ਸੀ ਅਤੇ ਉਸ ਨੇ ਫ਼ਸਾਦਾਂ ਦੌਰਾਨ ਆਰæਐਸ਼ਐਸ਼ ਅਤੇ ਵੀæਐਚæਪੀæ ਦੀ ਮਦਦ ਕੀਤੀ?
ਜਵਾਬ: ਜਿਸ ਬੰਦੇ ਦੀ ਪਰਵਰਿਸ਼ ਆਰæਐਸ਼ਐਸ਼ ਦੇ ਕਾਡਰ ਵਜੋਂ ਹੋਈ ਸੀ, ਉਸ ਨੇ ਉਨ੍ਹਾਂ ਦੀਆਂ ਮੰਗਾਂ ਅੱਗੇ ਝੁਕਣਾ ਹੀ ਸੀ।
ਸਵਾਲ: ਉਹ ਆਰæਐਸ਼ਐਸ਼ ਅੱਗੇ ਝੁਕ ਗਿਆ।
ਜਵਾਬ: ਉਹ ਜਿਸ ਪੁਜੀਸ਼ਨ ਵਿਚ ਸੀ, ਹੋਰ ਕੁਝ ਕਰ ਹੀ ਨਹੀਂ ਸਕਦਾ ਸੀ।
ਸਵਾਲ: ਤੁਹਾਡੇ ਲਈ ਤਾਂ ਮੁਸ਼ਕਿਲ ਹੋ ਗਈ ਹੋਵੇਗੀ?
ਜਵਾਬ: ਮੇਰੀ ਪਹੁੰਚ ਸੀ ਕਿ ਆਪਣੇ ਅਧਿਕਾਰਾਂ ਅੰਦਰ ਰਹਿ ਕੇ ਵਾਹ ਲਾਵਾਂਗਾ ਤੇ ਵੱਧ ਤੋਂ ਵੱਧ ਮੁਸਲਮਾਨਾਂ ਦੀ ਮਦਦ ਦੇ ਯਤਨ ਕੀਤੇ, ਜਾਨਾਂ ਬਚਾਈਆਂ ਗਈਆਂ; ਬਸ ਅਹਿਸਾਨ ਜਾਫ਼ਰੀ ਦੀ ਜਾਨ ਨਹੀਂ ਬਚਾਈ ਜਾ ਸਕੀæææ।
ਸਵਾਲ: ਅਹਿਸਾਨ ਜਾਫ਼ਰੀ ਕੌਣ ਸੀ?
ਜਵਾਬ: ਸਾਬਕਾ ਐਮæਪੀæ ਸੀ। ਹਜੂਮ ਨੇ ਉਸ ਦੀ ਹੱਤਿਆ ਕਰ ਦਿੱਤੀ, ਘਰ ਸਾੜ ਦਿਤਾ। ਉਸ ਪੂਰੇ ਇਲਾਕੇ ਉਪਰ ਹਮਲਾ ਕੀਤਾ ਗਿਆ। ਪੁਲਿਸ ਵਕਤ ਸਿਰ ਉਥੇ ਨਹੀਂ ਪਹੁੰਚ ਸਕੀ।
ਸਵਾਲ: ਤਾਂ ਹੀ ਤੁਸੀਂ ਨਿਸ਼ਾਨਾ ਬਣੇ?
ਜਵਾਬ: ਦੇਖੋ, ਮੇਰੇ ਮਤਹਿਤ ਬਹੁਤ ਸਾਰੇ ਲੋਕ ਕੰਮ ਕਰਦੇ ਹਨæææ ਪੂਰੀ ਦਰਜੇਬੰਦੀ ਹੈ। ਅਹਿਮਦਾਬਾਦ ਦਾ ਕਮਿਸ਼ਨਰ, ਉਸ ਦਾ ਆਈæਜੀæ ਅਤੇ ਫਿਰ ਉਸ ਦਾ ਜੂਨੀਅਰ। ਮੈਂ ਕਮਿਸ਼ਨਰ ਨੂੰ ਹੁਕਮ ਦਿੱਤੇ, ਮੈਂ ਤਾਂ ਉਸ ਨੂੰ ਹੀ ਕਹਿਣਾ ਸੀ, ਪਰ ਕਮਿਸ਼ਨਰ ਕਹਿੰਦਾ ਹੈ ਕਿ ਉਸ ਨੇ ਆਪਣੇ ਅਫ਼ਸਰਾਂ ਨੂੰ ਆਦੇਸ਼ ਦੇ ਦਿੱਤਾ ਸੀ, ਪਰ ਜਦੋਂ ਉਹ ਪਹੁੰਚੇ ਉਹ (ਅਹਿਸਾਨ ਜਾਫ਼ਰੀ) ਪਹਿਲਾਂ ਹੀ ਮਾਰਿਆ ਜਾ ਚੁੱਕਾ ਸੀ।
ਸਵਾਲ: ਮੈਂ ਇਹੀ ਕਹਿ ਰਹੀ ਹਾਂ। ਤੁਸੀਂ ਉਹ ਭੁਗਤ ਰਹੇ ਹੋ ਜੋ ਦੂਜਿਆਂ ਨੇ ਕੀਤਾ। ਉਹ ਸਟੇਟ ਤੋਂ ਇਨਾਮ-ਸਨਮਾਨ ਲੈ ਰਹੇ ਹਨ?
ਜਵਾਬ: ਇਸੇ ਕਰ ਕੇ ਕਹਿ ਰਿਹਾਂ ਕਿ ਮੀਡੀਆ ਤੁਅੱਸਬੀ ਰਿਹਾ ਹੈ, ਇਸ ਨੇ ਕਹਾਣੀ ਦੇ ਦੋਵੇਂ ਪੱਖ ਨਹੀਂ ਸੁਣੇ।
ਸਵਾਲ: ਫ਼ਸਾਦਾਂ ਦੌਰਾਨ ਤੁਸੀਂ ਨਾਖੁਸ਼ੀ ਜ਼ਾਹਿਰ ਕੀਤੀ ਸੀ?
ਜਵਾਬ: ਹਾਂ, ਕੁਝ ਗੱਲਾਂ ਧਿਆਨ ‘ਚ ਲਿਆਂਦੀਆਂ।
ਸਵਾਲ: ਮੁੱਖ ਮੰਤਰੀ ਤਕ ਸਿੱਧੀ ਪਹੁੰਚ ਨਹੀਂ ਸੀ?
ਜਵਾਬ: ਦੇਖੋ, ਉਥੇ ਇਕ ਤੰਤਰ ਹੈ, ਤੁਸੀਂ ਸਰਕਾਰ ਨੂੰ ਹੁਕਮ ਨਹੀਂ ਦੇ ਸਕਦੇ। ਇਕ ਹੱਦ ਤੋਂ ਅੱਗੇ ਤੁਸੀਂ ਬਹੁਤਾ ਕੁਝ ਨਹੀਂ ਕਰ ਸਕਦੇ।
ਸਵਾਲ: ਤੁਸੀਂ ਪ੍ਰੇਸ਼ਾਨ ਹੋਵੋਗੇ ਕਿ ਤੁਸੀਂ ਜੋ ਦੱਸ ਰਹੇ ਸੀ, ਨੋਟਿਸ ਨਹੀਂ ਲਿਆ ਜਾ ਰਿਹਾ?
ਜਵਾਬ: ਹਾਂ, ਪਰ ਇਹ ਖੇਡ ਦਾ ਹਿੱਸਾ ਹੈ।
ਸਵਾਲ: ਤੁਹਾਨੂੰ ਬੋਲਣਾ ਚਾਹੀਦੈ?
ਜਵਾਬ: ਬੇਟੀ ਵੀ ਇਹੀ ਕਹਿ ਰਹੀ ਹੈæææ।
ਸਵਾਲ: ਜਾਂਚ ਵਾਲੀਆਂ ਇਨਕੁਆਰੀਆਂ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ: ਬੈਨਰਜੀ ਕਮਿਸ਼ਨ ਰਿਪੋਰਟ ਸੀ ਜਿਸ ਨੇ ਕਿਹਾ ਕਿ ਉਥੇ ਸਾਜ਼ਿਸ਼ ਕੰਮ ਕਰ ਰਹੀ ਸੀ, ਪਰ ਉਸ ਦਾ ਅਦਾਲਤੀ ਅਮਲ ਨਾਲ ਕੋਈ ਲਾਗਾਦੇਗਾ ਨਹੀਂ ਸੀ, ਇਸ ਕਰ ਕੇ ਉਸ ਨੂੰ ਵਿਚਾਰਿਆ ਨਹੀਂ ਜਾ ਸਕਦਾ। ਫਿਰ ਸੁਪਰੀਮ ਕੋਰਟ ਦੀ ਬਣਾਈ ‘ਸਿਟ’ ਹੈ। ਇਸ ਤੋਂ ਅੱਗੇ ਰਾਜ ਵਲੋਂ ਬਣਾਇਆ ਨਾਨਾਵਤੀ ਕਮਿਸ਼ਨ ਹੈ।
ਸਵਾਲ: ਇਨ੍ਹਾਂ ਤੁਹਾਥੋਂ ਪੁੱਛਗਿੱਛ ਕੀਤੀ?
ਜਵਾਬ: ਹਾਂ।
ਸਵਾਲ: ਕਿਹੜੀ ਜਾਂਚ ਅਸਰਦਾਇਕ ਸੀ?
ਜਵਾਬ: ਨਾਨਾਵਤੀ (ਕਮਿਸ਼ਨ) ਵਧੇਰੇ ਅਸਰਦਾਇਕ ਸੀ। ਤੁਸੀਂ ਜਾਣਦੇ ਹੋ, ਮੈਂ ਕੀ ਕਹਿ ਰਿਹਾ ਹਾਂ!
ਸਵਾਲ: ਤੁਹਾਡੀ ਮੁਰਾਦ ਸਰਕਾਰ ਤੋਂ ਹੈ?
ਜਵਾਬ: ਬਿਲਕੁਲ। ਦੇਖੋ, ਉਨ੍ਹਾਂ ਦੇ ਬੰਦੇ, ਮੁਕੱਦਮਾ, ਬਚਾਓ ਪੱਖ ਦੇ ਮੁਸਲਮਾਨ ਵਕੀਲ। ਦੇਖੋ, ਮੈਂ ਮੀਡੀਆ ਵਿਚ ਗੱਲ ਨਹੀਂ ਲਿਜਾਵਾਂਗਾ, ਮੈਂ ਢੁੱਕਵੇਂ ਕਮਿਸ਼ਨ ਅੱਗੇ ਆਪਣੀ ਗੱਲ ਰੱਖਾਂਗਾ।
ਸਵਾਲ: ਸੁਪਰੀਮ ਕੋਰਟ ਵਲੋਂ ਬਿਠਾਈ ਜਾਂਚ ਤਾਂ ਨਿਰਪੱਖ ਹੋਵੇਗੀ?
ਜਵਾਬ: ਇਹ ਇਸ ਕਰ ਕੇ ਹੋਇਆ ਕਿ ਜਾਫ਼ਰੀ ਦੀ ਵਿਧਵਾ ਨੇ ਸ਼ਿਕਾਇਤ ਕੀਤੀ ਸੀ।
ਸਵਾਲ: ਗ੍ਰਹਿ ਮੰਤਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ? ਉਸ ਦੇ ਮਤਹਿਤ ਕੰਮ ਕੀਤਾ?
ਜਵਾਬ: ਉਸ ਨਾਲ ਖੜਕਦੀ ਰਹਿੰਦੀ ਸੀ।
ਸਵਾਲ: ਫ਼ਸਾਦਾਂ ਦੌਰਾਨ?
ਜਵਾਬ: ਨਹੀਂ, ਫ਼ਸਾਦਾਂ ਤੋਂ ਬਾਅਦ। ਉਹ ਅਕਸ਼ਰਧਾਮ ਹਮਲੇ ਤੋਂ ਬਾਅਦ ਮੰਤਰੀ ਬਣਿਆ।
ਸਵਾਲ: ਫ਼ਸਾਦਾਂ ਦੌਰਾਨ ਤੁਸੀਂ ਘੁਟਣ ਮਹਿਸੂਸ ਕਰ ਰਹੇ ਸੀ? ਇਸ ਦਾ ਵਿਰੋਧ ਕੀਤਾ?
ਜਵਾਬ: ਮੈਂ ਅੰਦਰੋਂ ਲੜਾਈ ਲੜੀ। ਇਕ ਚੀਜ਼ ਹੈ ਬਹਾਦਰ ਹੋਣਾ ਜਾਂ ਲੋਕਾਂ ਤੇ ਪ੍ਰੈੱਸ ਵਿਚ ਜਾਣਾ। ‘ਟਾਈਮਜ਼ ਆਫ ਇੰਡੀਆ’ ਨੇ ਮੇਰੇ ਖ਼ਿਲਾਫ਼ ਲਿਖਿਆ ਕਿ ਜੇ ਚਕਰਵਰਤੀ ਦੀ ਜ਼ਮੀਰ ਹੁੰਦੀ ਤਾਂ ਅਸਤੀਫ਼ਾ ਦੇ ਦਿੰਦਾ। ਮੈਂ ਅਸਤੀਫ਼ਾ ਕਿਉਂ ਦਿੰਦਾ? ਮੇਰਾ ਤੌਖਲਾ ਸੀ ਕਿ ਜਿਹੜਾ ਕੋਈ ਬੰਦਾ ਮੇਰੀ ਥਾਂ ਲਵੇਗਾ, ਉਹ ਉਨ੍ਹਾਂ ਦੀ ਮਦਦ ਕਰ ਸਕਦਾ ਸੀ।
ਸਵਾਲ: ਜੇ ਬੰਦ ਦਾ ਸੱਦਾ ਨਾ ਦਿੱਤਾ ਹੁੰਦਾ, ਕੀ ਹਾਲਤ ‘ਤੇ ਕਾਬੂ ਪਾਉਣ ‘ਚ ਮਦਦ ਮਿਲਦੀ?
ਜਵਾਬ: ਯਕੀਨਨ!
ਸਵਾਲ: ਉਸ (ਮੁੱਖ ਮੰਤਰੀ ਮੋਦੀ) ਨੇ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ?
ਜਵਾਬ: ਉਸ ਨੇ ਮੈਨੂੰ ਕੋਈ ਗ਼ੈਰਕਾਨੂੰਨੀ ਹੁਕਮ ਨਹੀਂ ਦਿੱਤੇ। ਉਹ ਆਪਣੇ ਮੌਤ ਦੇ ਵਾਰੰਟਾਂ ‘ਤੇ ਦਸਤਖ਼ਤ ਨਹੀਂ ਕਰੇਗਾ।
ਸਵਾਲ: ਹੁਕਮ ਲੁਕਵੇਂ ਤੌਰ ‘ਤੇ ਨਹੀਂ ਦਿੱਤੇ ਜਾ ਸਕਦੇ?
ਜਵਾਬ: ਇਹ ਇਕੱਲੇ-ਇਕੱਲੇ ਨੂੰ ਦਿੱਤੇ ਜਾਣਗੇ, 20 ਬੰਦਿਆਂ ਦੇ ਸਾਹਮਣ ਨਹੀਂ ਜਿਨ੍ਹਾਂ ਵਿਚੋਂ ਪੰਜ ਤੁਹਾਡੇ ਖ਼ਿਲਾਫ਼ ਵੀ ਹੋ ਸਕਦੇ ਹਨ।
ਸਵਾਲ: ਫਿਰ ਤੁਹਾਨੂੰ ਖੂੰਜੇ ਲਾ ਦਿੱਤਾ?
ਜਵਾਬ: ਹਾਂ, ਅਸ਼ੋਕ ਨਰਾਇਣ ਮੇਰਾ ਮਿੱਤਰ ਸੀ। ਮੁੱਖ ਸਕੱਤਰ ਸੂਬਾ ਰਾਓ ਵੀ ਮੇਰਾ ਮਿੱਤਰ ਜ਼ਰੂਰ ਸੀ, ਪਰ ਸੱਚੀਮੁੱਚੀ ਦਾ ਨਹੀਂ ਸੀ, ਕਿਉਂਕਿ ਮੈਂ ਉਸ ਨਾਲ ਸਹਿਮਤ ਨਹੀਂ ਸੀ।
ਚਕਰਵਰਤੀ ਇਥੇ ਗੁਜਰਾਤ ਦੇ ਮੁੱਖ ਸਕੱਤਰ ਸੂਬਾਰਾਓ ਦਾ ਜ਼ਿਕਰ ਕਰ ਰਿਹਾ ਹੈ। ਜਿਸ ਨੂੰ ਵੀ ਮੈਂ ਮਿਲੀ, ਸਾਰਿਆਂ ਨੇ ਇਹੀ ਕਿਹਾ ਕਿ ਹਿੰਸਾ ਦੌਰਾਨ ਉਹ ਮੋਦੀ ਦਾ ਬੰਦਾ ਸੀ।
ਇਕ ਅਖ਼ਬਾਰ ਦੀ ਰਿਪੋਰਟ ਵਿਚ ਸੂਬਾਰਾਓ ਬਾਰੇ ਕਿਹਾ ਗਿਆ ਸੀ- ‘ਸਾਬਕਾ ਮੁੱਖ ਸਕੱਤਰ ਜੋ 2003 ਵਿਚ ਸੇਵਾ-ਮੁਕਤ ਹੋਇਆ, ਉਸ ਨੂੰ ਗੁਜਰਾਤ ਐਨਰਜੀ ਰੈਗੂਲੇਟਰੀ ਕਮਿਸ਼ਨ ਦੀ ਚੇਅਰਮੈਨੀ ਨਾਲ ਨਿਵਾਜਿਆ ਗਿਆ। ਗੁਜਰਾਤ ਵਿਚ ਇਸ ਅਹੁਦੇ ਉਪਰ ਆਮ ਤੌਰ ‘ਤੇ ਸੇਵਾ-ਮੁਕਤ ਜੱਜਾਂ ਨੂੰ ਲਗਾਇਆ ਜਾਂਦਾ ਹੈ।’
ਚਕਰਵਰਤੀ ਵਿਰੋਧਾਂ ਨਾਲ ਭਰਿਆ ਬੰਦਾ ਹੈ ਜਿਸ ਕੋਲ ਆਪਣੇ ਹੀ ਵਰਦੀਧਾਰੀਆਂ ਬਾਰੇ ਤਲਖ਼ ਸਚਾਈਆਂ ਹਨ ਜਿਨ੍ਹਾਂ (ਸ੍ਰੀਕੁਮਾਰ ਵਰਗਿਆਂ) ਨੇ ਉਸ ਦੇ ਮੁਤਾਬਿਕ ਇਨਸਾਫ਼ ਦਿੱਤੇ ਜਾਣ ਦੀ ਗੱਲ ਕਰਨ ‘ਚ ਬਹੁਤ ਦੇਰੀ ਕਰ ਦਿੱਤੀ। ਇਹ ਮੰਨਿਆ ਜਾ ਸਕਦਾ ਹੈ ਕਿ ਸ੍ਰੀਕੁਮਾਰ ਨੇ ਥੋੜ੍ਹਾ ਦੇਰ ਨਾਲ ਖ਼ਾਮੋਸ਼ੀ ਤੋੜੀ ਅਤੇ ਸੰਜੀਵ ਭੱਟ ਦੇ ਸੱਚ ਦੇ ਰੂਪਾਂਤਰ ਵਿਚ ਵਜ਼ਨ ਨਹੀਂ ਜਾਂ ਇਹ ਨਿੱਗਰ ਸਬੂਤ ਪੇਸ਼ ਨਹੀਂ ਕਰਦਾ, ਪਰ ਕੀ ਇਸ ਨਾਲ ਚਕਰਵਰਤੀ ਬਤੌਰ ਡੀæਜੀæ ਕੁਲ ਜ਼ਿੰਮੇਵਾਰੀ ਤੋਂ ਬਰੀ ਹੋ ਜਾਂਦਾ ਹੈ? ਇਕ ਡੀæਜੀæ ਜਾਂ ਪੁਲਿਸ ਰੈਂਕ ਦੇ ਕਿਸੇ ਹੋਰ ਅਧਿਕਾਰੀ ਲਈ ਸਰਕਾਰ ਵਿਚਲੇ ਇਕ ਸੀਨੀਅਰ ਅਤੇ ਤਾਕਤਵਰ ਬੰਦੇ ਨਾਲ ਟੱਕਰ ਲੈਣਾ ਸੱਚੀਮੁੱਚੀ ਬਹੁਤ ਮੁਸ਼ਕਿਲ ਹੈ। ਇਸ ਮਾਮਲੇ ਵਿਚ, ਉਹ ਅਮਿਤ ਸ਼ਾਹ ਨਾਲ ਨਜਿੱਠ ਰਹੇ ਸਨ ਜੋ ਸਿੰਘਲ, ਰੈਗਰ, ਅਸ਼ੋਕ ਨਰਾਇਣ, ਪ੍ਰਿਯਾਦਰਸ਼ੀ ਅਤੇ ਹੁਣ ਚਕਰਵਰਤੀ ਸਮੇਤ ਉਨ੍ਹਾਂ ਸਾਰਿਆਂ ਮੁਤਾਬਿਕ ਕਾਇਦਾ-ਕਾਨੂੰਨ ਦੀ ਘੱਟ ਹੀ ਪ੍ਰਵਾਹ ਕਰਦਾ ਸੀ ਤੇ ਅਧਿਕਾਰੀਆਂ ਨੂੰ ਗ਼ੈਰਕਾਨੂੰਨੀ ਹੁਕਮ ਦਿੰਦਾ ਸੀ; ਪਰ ਕੀ ਖ਼ਾਮੋਸ਼ ਰਹਿ ਕੇ ਚਕਰਵਰਤੀ ਫਿਰਕੂ ਹਿੰਸਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆ ਰਿਹਾ ਸੀ?
(ਚਲਦਾ)