ਸਿੱਖ ਵਿਦਵਾਨ ਸ਼ ਅਜਮੇਰ ਸਿੰਘ ਦੇ ਚਿੰਤਨ ਦੇ ਪ੍ਰਸੰਗ ਵਿਚ ‘ਪੰਜਾਬ ਟਾਈਮਜ਼’ ਦੇ 7 ਜਨਵਰੀ 2017 ਦੇ ਅੰਕ ਵਿਚ ਛਪੇ ਸੀਨੀਅਰ ਪੱਤਰਕਾਰ ਤੇ ਸਿੱਖ ਵਿਦਵਾਨ ਕਰਮਜੀਤ ਸਿੰਘ ਚੰਡੀਗੜ੍ਹ ਦੇ ਲੇਖ ‘ਥਿੜਕ ਗਏ ਹਨ ਅਜਮੇਰ ਸਿੰਘ ਆਪਣੀ ਮੰਜ਼ਿਲ ਤੋਂ’ ਉਪਰੰਤ ਅਰੰਭ ਹੋਈ ਵਿਚਾਰ-ਚਰਚਾ ਦੇ ਸਿਲਸਿਲੇ ਵਿਚ ਅਜਮੇਰ ਸਿੰਘ ਦੇ ਸਾਥੀ ਰਹੇ ਗੁਰਬਚਨ ਸਿੰਘ ਨੇ ਆਪਣੇ ਇਸ ਲੇਖ ਵਿਚ ਅਜਮੇਰ ਸਿੰਘ ਦੇ ਚਿੰਤਨ ਵਿਚਲੇ ਸਵੈ-ਵਿਰੋਧਾਂ ‘ਤੇ ਉਂਗਲ ਧਰਦਿਆਂ ਕਿਹਾ ਹੈ ਕਿ
ਜੇ ਉਹ ਸਿੱਖ ਪੰਥ ਨੂੰ ਕਿਸੇ ਪਛਮੀ ਤਰਜ ਦੇ ਕੌਮੀ ਚੌਖਟੇ ਵਿਚ ਫਿਟ ਕਰਨ ਦੀ ਥਾਂ ਸਿੱਖ ਰਾਜ ਦੇ ਸੰਕਲਪ ਦੀ ਤਲਾਸ਼ ਗੁਰਮਤਿ ਵਿਚੋਂ ਕਰਦੇ ਤਾਂ ਉਨ੍ਹਾਂ ਨੂੰ ‘ਹਲੇਮੀ ਰਾਜ’ ਤੇ ‘ਬੇਗਮਪੁਰਾ’ ਸਮਾਜ ਦੇ ਸੰਕਲਪਾਂ ਦੀ ਸਮਝ ਆ ਜਾਣੀ ਸੀ। -ਸੰਪਾਦਕ
ਗੁਰਬਚਨ ਸਿੰਘ
ਆਪਣੀ ਪੁਸਤਕ ‘ਗਦਰੀ ਬਾਬੇ ਕੌਣ ਸਨ’ ਵਿਚ ਸ਼ ਅਜਮੇਰ ਸਿੰਘ ਨੇ ਲਿਖਿਆ ਹੈ, “ਜੋ ਕੁਝ ਅਸੀਂ ਦੇਖਦੇ, ਸੁਣਦੇ, ਸੋਚਦੇ, ਕਰਦੇ ਅਤੇ ਚਿਤਵਦੇ ਹਾਂ, ਉਸ ਸਾਰੇ ਕੁਝ ਦਾ ਸਾਡੇ ਮਨ ਵਿਚ ਇਕ ਮੁਲਾਂਕਣ ਪ੍ਰਬੰਧ ਬਣਿਆ ਹੁੰਦਾ ਹੈ। ਇਹ ਪ੍ਰਬੰਧ ਹੀ ਸਾਡੀ ਕੁੱਲ ਹਸਤੀ ਨੂੰ ਦੂਸਰਿਆਂ ਸਾਹਮਣੇ ਪ੍ਰਗਟਾਉਂਦਾ ਤੇ ਦੂਜਿਆਂ ਨਾਲੋਂ ਵਖਰਿਆਉਂਦਾ ਹੈ। ਇਸ ਹਸਤੀ ਦੀ ਘਾੜਤ ਵਿਚ ਲੰਮੇ ਇਤਿਹਾਸ ਦਾ ਹੱਥ ਹੁੰਦਾ ਹੈ, ਜੋ ਸਾਡੇ ਪੁਰਖਿਆਂ ਨੇ ਜੀਵਿਆ ਹੁੰਦਾ ਏ। ਭਵਿਖ ਦਾ ਜੋ ਸੁਪਨਾ ਉਨ੍ਹਾਂ ਲਿਆ ਹੁੰਦਾ ਏ, ਉਹ ਸਾਨੂੰ ਵਿਰਾਸਤ ਵਜੋਂ ਮਿਲਦਾ ਏ, ਜਿਸ ਨੂੰ ਅਸੀਂ ਜ਼ਿੰਦਗੀ ਨਾਲੋਂ ਵੀ ਕੀਮਤੀ ਸਮਝਦੇ ਹਾਂ, ਕਿਉਂਕਿ ਜ਼ਿੰਦਗੀ ਦੀ ਕੀਮਤ ਹੀ ਇਸ ਵਿਚ ਪਈ ਹੁੰਦੀ ਏ। ਮਨੁਖੀ ਜ਼ਿੰਦਗੀ ਦੀ ਕੀਮਤ ਤੋਂ ਲੈ ਕੇ ਹਰ ਸ਼ੈਅ ਦੀ ਕੀਮਤ ਜੋ ਮਨੁਖ ਸਮਝਦਾ ਹੈ, ਉਹ ਇਤਿਹਾਸਕ ਵਿਰਾਸਤ ਵਿਚੋਂ ਹੀ ਤੈਅ ਹੁੰਦੀ ਏ। æææ ਇਤਿਹਾਸ ਬਿਨਾ ਭਵਿਖ ਦੀ ਕਲਪਨਾ ਨਹੀਂ ਹੋ ਸਕਦੀ, ਇਤਿਹਾਸ ਬਿਨਾ ਮਨੁਖ ਦੇ ਮਨੁਖ ਹੋਣ ਦੀ ਸੰਭਾਵਨਾ ਵੀ ਨਹੀਂ ਹੈ।”
ਅਜਮੇਰ ਸਿੰਘ ਦਾ ਇਹ ਕਥਨ ਅਧੂਰਾ ਸੱਚ ਹੈ। ਉਨ੍ਹਾਂ ਦਾ ਇਹ ਕਹਿਣਾ ਸਹੀ ਹੈ ਕਿ ਹਰ ਮਨੁਖ ਅਚੇਤ ਜਾਂ ਸੁਚੇਤ ਰੂਪ ਵਿਚ ਆਪਣੇ ਮਨ ਵਿਚ ਬਣੇ ਇਤਿਹਾਸ ਦੇ ਸੰਕਲਪਾਂ ਅਨੁਸਾਰ ਹੀ ਜਿਉਂਦਾ ਹੈ, ਪਰ ਉਹ ਇਹ ਨਹੀਂ ਦਸਦੇ ਕਿ ਇਹ ਇਤਿਹਾਸ ਨਿਰੰਤਰ ਵਿਕਸਿਤ ਹੋ ਰਹੀ ਫਿਲਾਸਫੀ ਦੀ ਦੇਣ ਹੁੰਦਾ ਹੈ। ਇਤਿਹਾਸ ਆਪਣੇ ਤੋਂ ਪਿਛਲੀ ਅਰਜਿਤ ਕੀਤੀ ਫਿਲਾਸਫੀ ਨੂੰ ਅਮਲ ਵਿਚ ਢਾਲਦਿਆਂ ਹੀ, ਅੱਗੇ ਵਿਕਾਸ ਕਰਦਾ ਹੈ ਅਤੇ ਆਪਣੇ ਠੋਸ ਅਮਲ ਰਾਹੀਂ ਨਿਕਲੇ ਅਨੁਭਵਾਂ ਨਾਲ ਇਸ ਫਿਲਾਸਫੀ ਦਾ ਹੋਰ ਅੱਗੇ ਵਿਕਾਸ ਕਰਦਾ ਜਾਂਦਾ ਹੈ। ਮਨੁਖ ਤੇ ਮਨੁਖੀ ਗਿਆਨ ਦੇ ਨਿਰੰਤਰ ਵਿਕਾਸ ਦਾ ਇਹੀ ਢੰਗ ਹੈ। ਫਿਲਾਸਫੀ ਦਾ ਨਿਰੰਤਰ ਵਧ ਰਿਹਾ ਇਹੀ ਗਿਆਨ, ਵਰਤਮਾਨ ਸਮੇਂ ਦੇ ਮਨੁਖ ਦੀ ਸਿਆਣਪ ਦਾ ਆਧਾਰ ਹੁੰਦਾ ਹੈ ਤੇ ਇਹੀ ਗਿਆਨ ਮਨੁਖ ਨੂੰ ਆਪਣੇ ਵਰਤਮਾਨ ਨੂੰ ਸਹਿਜ ਰੂਪ ਵਿਚ ਜਿਉਣ ਤੇ ਆਪਣੀ ਅਗਲੀ ਪੀੜ੍ਹੀ ਦਾ ਭਵਿਖ ਘੜਨ ਵਿਚ ਸਹਾਈ ਹੁੰਦਾ ਹੈ।
ਫਿਲਾਸਫੀ ਵਿਚਲਾ ਇਹ ਗਿਆਨ ਹੀ ਮਨੁਖ ਦੇ ਆਤਮਿਕ ਗਿਆਨ (ਆਤਮਾ) ਵਜੋਂ ਉਸ ਦੀ ਜ਼ਿੰਦਗੀ ਭਰ ਅਗਵਾਈ ਕਰਦਾ ਹੈ। ਇਹੀ ਆਤਮਿਕ ਗਿਆਨ ਮਨੁਖ ਦੇ ਆਪਣੇ ਬੇਮੁਹਾਰੇ ਮਨ ਨੂੰ ਕਾਬੂ ਵਿਚ ਰਖਦਾ ਹੈ ਅਤੇ ਉਸ ਨੂੰ ਆਪਣੇ ਵਿਕਸਿਤ ਇੰਦ੍ਰਿਆਵੀ ਜਜ਼ਬਿਆਂ ਦਾ ਅੰਨਦ ਮਾਣਨ ਦੀ ਜੁਗਤ ਦਸਦਾ ਹੈ। ਸਾਮਰਾਜੀ ਖਪਤਕਾਰੀ ਨੇ ਅਜੋਕੇ ਮਨੁਖ ਦੀ ਇਸੇ ਆਤਮਾ (ਆਤਮਿਕ ਗਿਆਨ) ਨੂੰ ਮਾਰ ਕੇ, ਉਸ ਦੇ ਬੇਮੁਹਾਰੇ ਮਨ ਨੂੰ ਕਾਬੂ ਵਿਚ ਕਰ ਲਿਆ ਹੈ।
ਆਪਣੇ ਸਭ ਤੋਂ ਪ੍ਰਸਿਧ ਨਾਵਲ ‘ਜੰਗ ਅਤੇ ਅਮਨ’ ਦੇ ਅਖੀਰਲੇ ਕਾਂਡ ਵਿਚ ਰੂਸੀ ਲੇਖਕ ਲਿਊ ਟਾਲਸਟਾਏ ਇਤਿਹਾਸ ਅਤੇ ਫਿਲਾਸਫੀ ਦੇ ਰਿਸ਼ਤੇ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਟਾਲਸਟਾਏ ਦੀ ਧਾਰਨਾ ਹੈ, “ਇਤਿਹਾਸ ਮਨੁਖ ਜਾਤੀ ਅਤੇ ਕੌਮਾਂ ਦੀ ਧੜਕਦੀ ਜ਼ਿੰਦਗੀ ਹੁੰਦਾ ਹੈ। ਇਸ ਨੂੰ ਆਪਣੀ ਸੋਚ ਦੀ ਪਕੜ ਵਿਚ ਲਿਆਉਣਾ ਤੇ ਸ਼ਬਦਾਂ ਵਿਚ ਵਰਣਨ ਕਰਨਾ, ਸਮੁਚੀ ਮਨੁਖ ਜਾਤੀ ਜਾਂ ਇਥੋਂ ਤਕ ਕਿ ਇਕ ਕੌਮ ਦੀ ਜ਼ਿੰਦਗੀ ਨੂੰ ਅਸਲੀ ਰੂਪ ਵਿਚ ਪੇਸ਼ ਕਰਨਾ ਅਸੰਭਵ ਜਾਪਦਾ ਹੈ। ਸਾਰੇ ਪੁਰਾਣੇ ਇਤਿਹਾਸਕਾਰਾਂ ਨੇ ਕਿਸੇ ਭਾਈਚਾਰੇ ਦੀ ਅਦਿਸ ਜ਼ਿੰਦਗੀ ਨੂੰ ਆਪਣੀ ਸੋਚ ਦੀ ਪਕੜ ਵਿਚ ਲਿਆਉਣ ਤੇ ਵਰਣਨ ਕਰਨ ਲਈ ਇਕੋ ਹੀ ਢੰਗ ਵਰਤਿਆ ਹੈ। ਉਨ੍ਹਾਂ ਨੇ ਲੋਕਾਂ ਉਤੇ ਰਾਜ ਕਰਨ ਵਾਲੇ ਵਿਅਕਤੀਆਂ ਦੇ ਜੀਵਨ ਦੀ ਪੇਸ਼ਕਾਰੀ ਕੀਤੀ ਤੇ ਇਹ ਸਮਝ ਲਿਆ ਕਿ ਇਨ੍ਹਾਂ ਵਿਅਕਤੀਆਂ ਦੀ ਸਰਗਰਮੀ ਸਮੁਚੀ ਕੌਮ ਦੀ ਸਰਗਰਮੀ ਦੀ ਪ੍ਰਤੀਨਿਧਤਾ ਕਰਦੀ ਹੈ।”
ਪਰ ਸੁਆਲ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਕੌਮਾਂ ਨੂੰ ਆਪਣੀ ਮਰਜ਼ੀ ਅਨੁਸਾਰ ਕਿਵੇਂ ਢਾਲ ਲਿਆ ਤੇ ਉਨ੍ਹਾਂ ਦੇ ਆਪਣੇ ਮਨਾਂ ਨੂੰ ਕੌਣ ਰਾਹ ਵਿਖਾ ਰਿਹਾ ਸੀ? ਆਪਣੇ ਇਸ ਸੁਆਲ ਦੇ ਜੁਆਬ ਵਿਚ ਟਾਲਸਟਾਏ ਕਹਿੰਦਾ ਹੈ, “ਪ੍ਰਾਚੀਨ ਇਤਿਹਾਸਕਾਰਾਂ ਨੇ ਇਸ ਦਾ ਹੱਲ ਇਕ ਦੈਵੀ ਸ਼ਕਤੀ ਦੀ ਪਛਾਣ ਦੇ ਰੂਪ ਵਿਚ ਲੱਭ ਲਿਆ, ਜੋ ਕੌਮਾਂ ਦੀ ਇਛਾ ਨੂੰ ਕਿਸੇ ਚੋਣਵੇਂ ਵਿਅਕਤੀ ਦੀ ਇਛਾ ਅਨੁਸਾਰ ਢਾਲਦੀ ਹੈ ਅਤੇ ਪਹਿਲਾਂ ਤੋਂ ਹੀ ਨਿਸ਼ਚਿਤ ਨਿਸ਼ਾਨਿਆਂ ਦੀ ਪੂਰਤੀ ਲਈ, ਉਸ ਚੋਣਵੇਂ ਵਿਅਕਤੀ ਦੇ ਮਨ ਨੂੰ ਰਾਹ ਵਿਖਾਉਂਦੀ ਹੈ।æææਪ੍ਰਾਚੀਨ ਇਤਿਹਾਸਕਾਰਾਂ ਨੇ ਇਸ ਸੁਆਲ ਦਾ ਹੱਲ ਮਨੁਖੀ ਮਸਲਿਆਂ ਅੰਦਰ ਦੈਵੀ ਸ਼ਕਤੀ ਦੀ ਸਿਧੀ ਸ਼ਮੂਲੀਅਤ ਦੇ ਇਕ ਵਿਸ਼ਵਾਸ ਵਿਚ ਲੱਭ ਲਿਆ, ਪਰ ਆਧੁਨਿਕ ਇਤਿਹਾਸਕਾਰ ਸਿਧਾਂਤਕ ਤੌਰ ‘ਤੇ ਇਨ੍ਹਾਂ ਦੋਵਾਂ ਨੇਮਾਂ ਨੂੰ ਰੱਦ ਕਰ ਦਿੰਦਾ ਹੈ। ਇਸ ਲਈ ਆਧੁਨਿਕ ਇਤਿਹਾਸਕਾਰਾਂ ਨੇ ਪ੍ਰਾਚੀਨ ਇਤਿਹਾਸਕਾਰਾਂ ਦੀ ਦੈਵੀ ਸ਼ਕਤੀ ਉਤੇ ਨਿਰਭਰਤਾ ਅਤੇ ਮਨੁਖਤਾ ਲਈ ਪਹਿਲਾਂ ਤੋਂ ਹੀ ਨਿਸ਼ਚਿਤ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਦੀ ਧਾਰਨਾ ਤਾਂ ਨਕਾਰ ਦਿਤੀ, ਪਰ ਇਸ ਦਾ ਕੋਈ ਨਵਾਂ ਹੱਲ ਨਹੀਂ ਦਸਿਆ।”
ਟਾਲਸਟਾਏ ਦਾ ਮੱਤ ਹੈ, ਨਵੇਂ ਇਤਿਹਾਸਕਾਰਾਂ ਨੂੰ ਸ਼ਕਤੀ ਦੇ ਪ੍ਰਗਟਾਵੇ ਦਾ ਨਹੀਂ, ਸਗੋਂ ਉਸ ਸ਼ਕਤੀ ਨੂੰ ਪੈਦਾ ਕਰਨ ਵਾਲੇ ਕਾਰਨਾਂ ਦਾ ਅਧਿਐਨ ਕਰਨਾ ਚਾਹੀਦਾ ਸੀ, ਪਰ ਅਜੋਕੇ ਇਤਿਹਾਸਕਾਰਾਂ ਨੇ ਇੰਜ ਨਹੀਂ ਕੀਤਾ। ਪ੍ਰਾਚੀਨ ਇਤਿਹਾਸਕਾਰਾਂ ਦੇ ਦ੍ਰਿਸ਼ਟੀਕੋਣ ਨੂੰ ਸਿਧਾਂਤਕ ਰੂਪ ਵਿਚ ਨਕਾਰ ਕੇ ਆਧੁਨਿਕ ਇਤਿਹਾਸਕਾਰ ਅਜੇ ਵੀ ਅਮਲ ਵਿਚ ਉਸੇ ਸਿਧਾਂਤ ਨੂੰ ਵਰਤ ਰਿਹਾ ਹੈ। ਦੈਵੀ ਸ਼ਕਤੀਆਂ ਨਾਲ ਲੈਸ ਸਿਧੇ ਰੱਬ ਦੀ ਇਛਾ ਨਾਲ ਚਲਣ ਵਾਲੇ ਮਨੁਖਾਂ ਦੀ ਥਾਂ ਆਧੁਨਿਕ ਇਤਿਹਾਸਕਾਰਾਂ ਨੇ ਸਾਨੂੰ ਜਾਂ ਤਾਂ ਅਸਾਧਾਰਨ ਮਹਾਂਮਾਨਵੀ ਸਮਰਥਾ ਨਾਲ ਲੈਸ ਹੀਰੋ ਦਿਤੇ ਹਨ ਤੇ ਜਾਂ ਬਾਦਸ਼ਾਹ ਤੋਂ ਲੈ ਕੇ ਪੱਤਰਕਾਰਾਂ ਤਕ, ਲੋਕਾਂ ਦੀ ਅਗਵਾਈ ਕਰਨ ਵਾਲੇ ਅਡ ਅਡ ਤਰ੍ਹਾਂ ਦੇ ਆਮ ਮਨੁਖ ਦਿਤੇ ਹਨ।
ਟਾਲਸਟਾਏ ਨੇ ਨਵੇਂ ਬਣੇ ਯੂਰਪੀਨ ਇਤਿਹਾਸਕਾਰਾਂ ਦਾ ਮਜ਼ਾਕ ਉਡਾਉਂਦਿਆਂ ਲਿਖਿਆ ਹੈ, “ਯਹੂਦੀ, ਯੂਨਾਨੀ ਜਾਂ ਰੋਮਨ ਕੌਮਾਂ ਦੇ ਪਹਿਲਾਂ ਤੋਂ ਨਿਸ਼ਚਿਤ ਦੈਵੀ ਨਿਸ਼ਾਨਿਆਂ, ਜਿਨ੍ਹਾਂ ਨੂੰ ਪ੍ਰਾਚੀਨ ਇਤਿਹਾਸਕਾਰ ਮਨੁਖ ਜਾਤੀ ਦੇ ਵਿਕਾਸ ਦੇ ਸੂਚਕ ਸਮਝਦੇ ਸਨ, ਦੀ ਥਾਂ ਨਵੇਂ ਇਤਿਹਾਸਕਾਰਾਂ ਨੇ ਆਪਣਾ ਨਿਸ਼ਾਨਾ ਫਰਾਂਸੀਸੀ, ਜਰਮਨ ਜਾਂ ਅੰਗਰੇਜ਼ ਕੌਮਾਂ ਦੀ ਭਲਾਈ ਜਾਂ ਆਪਣੀ ਸਭ ਤੋਂ ਉਚੀ ਅਮੂਰਤ ਸੁਰ ਵਿਚ ਮਨੁਖ ਜਾਤੀ ਦੀ ਭਲਾਈ ਤੇ ਸਭਿਅਤਾ ਨੂੰ ਫੈਲਾਉਣਾ ਮਿਥਿਆ ਹੈ, ਜਿਸ ਤੋਂ ਉਨ੍ਹਾਂ ਦਾ ਭਾਵ ਇਕ ਵਡੇ ਮਹਾਂਦੀਪ ਦੀ ਛੋਟੀ ਜਿਹੀ ਉਤਰ ਪਛਮੀ ਨੁਕਰ ਵਿਚ ਰਹਿੰਦੇ ਲੋਕਾਂ ਤੋਂ ਹੈ। ਨਵੇਂ ਇਤਿਹਾਸਕਾਰਾਂ ਨੇ ਕਿਸੇ ਨਵੇਂ ਸੰਕਲਪ ਨੂੰ ਜਨਮ ਦਿਤੇ ਬਗੈਰ ਪੁਰਾਣੇ ਇਤਿਹਾਸਕਾਰਾਂ ਦੇ ਵਿਸ਼ਵਾਸ ਨਕਾਰ ਦਿਤੇ ਹਨ।”
ਅਸਲ ਵਿਚ ਅਜੋਕੇ ਮਨੁਖ ਦੇ ਸੰਤਾਪ ਦਾ ਮੁਖ ਕਾਰਨ ਇਹੀ ਹੈ। ਟਾਲਸਟਾਏ ਦੇ ਇਸ ਨਿਰਣੇ ਤੋਂ ਬਾਦ ਹੀ ਅਖੌਤੀ ਆਧੁਨਿਕ ਪਛਮੀ ਇਤਿਹਾਸਕਾਰੀ ਦੀ ਸਮਸਿਆ ਸਮਝ ਆਉਂਦੀ ਹੈ। ਅਜੋਕੀ ਮਾਰਕਸਵਾਦੀ ਲਹਿਰ ਦੀਆਂ ਉਲਝਣਾਂ ਦਾ ਕਾਰਨ ਵੀ ਇਹੀ ਹੈ।
ਟਾਲਸਟਾਏ ਦੇ ਇਸ ਨਿਰਣੇ ਅਨੁਸਾਰ ਪ੍ਰਾਚੀਨ ਇਤਿਹਾਸਕਾਰਾਂ ਨੇ ‘ਦੈਵੀ ਸ਼ਕਤੀ’ ਦੇ ਰੂਪ ਵਿਚ ਇਤਿਹਾਸ ਨੂੰ ਦਿਸ਼ਾ ਵਿਖਾਉਣ ਵਾਲੀ ਇਕ ‘ਰਬੀ’ ਸ਼ਕਤੀ ਦੀ ਖੋਜ ਕੀਤੀ ਸੀ, ਪਰ ਅਜੋਕੇ ਯੂਰਪੀਨ ਇਤਿਹਾਸਕਾਰਾਂ ਨੇ ਇਸ ਦੈਵੀ ਸ਼ਕਤੀ ਦੀ ਹੋਂਦ ਨੂੰ ਨਕਾਰ ਕੇ “ਆਪਣਾ ਨਿਸ਼ਾਨਾ ਫਰਾਂਸੀਸੀ, ਜਰਮਨ ਜਾਂ ਅੰਗਰੇਜ਼ ਕੌਮਾਂ ਦੀ ਭਲਾਈ æææ ਇਕ ਵਡੇ ਮਹਾਂਦੀਪ ਦੀ ਛੋਟੀ ਜਿਹੀ ਉਤਰ ਪਛਮੀ ਨੁੱਕਰ ਵਿਚ ਰਹਿੰਦੇ ਲੋਕਾਂ ਦੀ ਸਭਿਅਤਾ ਨੂੰ ਫੈਲਾਉਣਾ ਮਿਥ ਲਿਆ।” ਭਾਵ ਤਿੰਨਾਂ ਨਵੇਂ-ਨਵੇਂ ਬਣੇ ਪੂੰਜੀਵਾਦੀ ਮੁਲਕਾਂ ਨੇ ਆਪਣਾ ਇਤਿਹਾਸਕ ਕਾਰਜ ਸਾਰੇ ਸੰਸਾਰ ਵਿਚ ਪੂੰਜੀਵਾਦੀ ਸਭਿਅਤਾ ਫੈਲਾਉਣਾ ਮਿਥ ਲਿਆ ਜਿਸ ਦਾ ਜ਼ਿਕਰ ਕਾਰਲ ਮਾਰਕਸ ਨੇ ਕਮਿਊਨਿਸਟ ਮੈਨੀਫੈਸਟੋ ਵਿਚ ਕੀਤਾ ਹੈ ਤੇ ਜਿਸ ਨੂੰ ਹੁਣ ਤਕ ਉਹ ਅਮਰੀਕੀ ਸਾਮਰਾਜੀਆਂ ਦੀ ਮਦਦ ਨਾਲ ਸੰਸਾਰ ਭਰ ਵਿਚ ਫੈਲਾਉਣ ਦੇ ਯਤਨ ਕਰ ਰਹੇ ਹਨ।
ਸ਼ਾਇਦ ਇਹੀ ਕਾਰਨ ਹੈ ਕਿ ਅਮਰੀਕੀ ਸਾਮਰਾਜੀਏ ਆਪਣੇ ਮਨ ਵਿਚ ਇਹ ਸੱਚੀ-ਮੁਚੀ ਸਮਝਦੇ ਹੋਣ ਕਿ ਉਹ ਅਫਗਾਨਿਸਤਾਨ, ਇਰਾਕ, ਲੀਬੀਆ, ਸੀਰੀਆ ਤੇ ਅਨੇਕਾਂ ਅਫਰੀਕੀ ਮੁਲਕਾਂ ਵਿਚ ਖਤਰਨਾਕ ਹਥਿਆਰਾਂ ਤੇ ਡਰੋਨਾਂ ਨਾਲ ਵਡੇ ਪਧਰ ਉਤੇ ਲੋਕਾਂ ਦਾ ਕਤਲੇਆਮ ਕਰਕੇ ‘ਸਭਿਅਤਾ’ ਫੈਲਾਉਣ ਦਾ ਇਹੀ ‘ਇਤਿਹਾਸਕ’ ਕੰਮ ਕਰ ਰਹੇ ਹਨ। ਸਾਮਰਾਜੀਆਂ ਦੇ ਟੁਕੜਬੋਚ ਪੱਤਰਕਾਰ, ਇਤਿਹਾਸਕਾਰ ਤੇ ਉਨ੍ਹਾਂ ਦੀ ਦਲਾਲੀ ਉਤੇ ਪਲਣ ਵਾਲੇ ਸਾਡੇ ਦੇਸ਼ ਦੇ ਬੁਧੀਜੀਵੀ, ਇਸ ਨੂੰ ਇਉਂ ਹੀ ਪੇਸ਼ ਕਰਦੇ ਹਨ।
ਅਸਲ ਵਿਚ ਮਾਰਕਸ ਤੋਂ ਪਹਿਲਾਂ ਇਤਿਹਾਸ ਨੂੰ ਦਿਸ਼ਾ ਵਿਖਾਉਣ ਵਾਲੀ ਇਹ ‘ਦੈਵੀ ਸ਼ਕਤੀ’, ਰੱਬੀ ‘ਹੁਕਮ’ ਦੇ ਰੂਪ ਵਿਚ ਧਰਮਾਂ ਵਿਚ ਪ੍ਰਗਟ ਹੁੰਦੀ ਫਿਲਾਸਫੀ ਸੀ। ਮਾਰਕਸ ਨੇ ਇਸੇ ‘ਦੈਵੀ ਸ਼ਕਤੀ’ ਦੀ ਖੋਜ ਮਨੁਖ ਜਾਤੀ ਦੀ ਆਤਮਾ ਦੇ ਰੂਪ ਵਿਚ ਕੀਤੀ। ਉਸ ਦੀ ਖੋਜ ਨੇ ਹੀ ਦਸਿਆ ਕਿ ਇਹ ਦੈਵੀ ਸ਼ਕਤੀ ਨਿਰੰਤਰ ਵਿਕਸਿਤ ਹੋ ਰਹੀ ਫਿਲਾਸਫੀ ਦੇ ਰੂਪ ਵਿਚ ਮਨੁਖ ਜਾਤੀ ਦੀ ਆਪਣੀ (ਸਵੈ) ਚੇਤਨਾ ਹੈ। ਇਹੀ ਸਵੈਚੇਤਨਾ ਮਨੁਖ ਦੀ ਦੈਵਿਤਾ ਹੈ।
ਆਪਣੇ ਤੋਂ ਪਹਿਲੀ ਫਿਲਾਸਫੀ ਵਿਚਲੇ ਗਿਆਨ ਨੂੰ ਆਪਣੀ ਅਨੁਭਵੀ ਚੇਤਨਾ ਵਿਚ ਆਤਮਸਾਤ ਕਰਕੇ ਆਪਣੇ ਮਨ ‘ਚ ਪ੍ਰਗਟ ਹੁੰਦੇ ਸੰਕਲਪਾਂ ਨੂੰ ਸ਼ਬਦੀ ਰੂਪ ਦੇਣ ਵਾਲੇ ਫਿਲਾਸਫਰ ਹੀ ਮਹਾਂਪੁਰਖ ਹੁੰਦੇ ਹਨ। ਇਨ੍ਹਾਂ ਮਹਾਂਪੁਰਖਾਂ ਦੀ ਫਿਲਾਸਫੀ ਨੂੰ ਹੀ ਅਗਲੇ ਸਮੇਂ ਵਿਚ ਮਨੁਖ ਜਾਤੀ ਨੇ ਆਪਣੇ ਅਮਲ ਵਿਚ ਢਾਲਣਾ ਹੁੰਦਾ ਹੈ।
ਮਾਰਕਸ ਨੇ ਆਪਣੇ ਤੋਂ ਪਹਿਲੀ ਸਾਰੀ ਫਿਲਾਸਫੀ ਦੇ ਗਿਆਨ ਨੂੰ ਆਪਣੀ ਅਨੁਭਵੀ ਚੇਤਨਾ ਵਿਚ ਆਤਮਸਾਤ ਕਰਕੇ ਹੀ ਕਮਿਊਨਿਜ਼ਮ ਦਾ ਸੰਕਲਪ ਵਿਕਸਿਤ ਕੀਤਾ ਸੀ ਪਰ ਉਸ ਦੇ ਪੈਰੋਕਾਰਾਂ ਨੇ ਉਸ ਦੀ ਇਸ ਅਹਿਮ ਖੋਜ ਨੂੰ ਕੌਡੀਓਂ ਖੋਟਾ ਕਰ ਦਿਤਾ। ਮਾਰਕਸ ਦਾ ਕਹਿਣਾ ਸੀ, ਆਪਣੇ ਤੋਂ ਪਹਿਲੇ ਸਾਰੇ ਧਰਮਾਂ ਨੂੰ ਪੜ੍ਹ ਕੇ ਉਸ ਵਿਚਲੀ ਫਿਲਾਸਫੀ ਦੇ ਗਿਆਨ ਨੂੰ ਆਪਣੀ ਚੇਤਨਾ ਵਿਚ ਆਤਮਸਾਤ ਕਰੋ, ਪਰ ‘ਕਮਿਊਨਿਸਟਾਂ’ ਨੇ ਧਰਮਾਂ ਨੂੰ ਪੜ੍ਹੇ ਬਿਨਾ ਨਕਾਰ ਕੇ ਸਮੁਚੀ ਕਮਿਊਨਿਸਟ ਲਹਿਰ ਨੂੰ ਹੀ ਕੁਰਾਹੇ ਪਾ ਦਿਤਾ ਹੈ। ਮਾਰਕਸ ਨੇ ‘ਕਮਿਊਨਿਸਟ ਮੈਨੀਫੈਸਟੋ’ ਵਿਚ ਹੀ ਆਪਣਾ ਇਹ ਮਤਿ ਸਪਸ਼ਟ ਕਰ ਦਿਤਾ ਸੀ ਕਿ ਹਰ ਕੌਮ ਜਾਂ ਕੌਮੀਅਤ ਦੇ ਕਮਿਊਨਿਸਟਾਂ ਨੇ ਆਪਣੀ ਫਿਲਾਸਫੀ ਤੇ ਆਪਣੇ ਇਤਿਹਾਸ ਨੂੰ ਆਪਣੀ ਲਹਿਰ ਵਿਚ ਆਤਮਸਾਤ ਕਰਦਿਆਂ ਕਿਰਤੀ ਜਮਾਤ ਨੂੰ ਪੂੰਜੀਵਾਦੀ ਜਕੜ ਵਿਚੋਂ ਮੁਕਤ ਕਰਵਾ ਕੇ, ਉਸ ਨੂੰ ਆਲਮੀ ਲਹਿਰ ਨਾਲ ਜੋੜਨਾ ਹੈ। ਪਰ ਕਿਸੇ ਵੀ ਦੇਸ਼ ਦੀ ਕਮਿਊਨਿਸਟ ਲਹਿਰ ਨੇ ਉਸ ਦੀ ਇਸ ਨਸੀਹਤ ਨੂੰ ਨਹੀਂ ਗੌਲਿਆ।
ਇਤਿਹਾਸ ਹੋਰ ਕੁਝ ਨਹੀਂ, ਸਗੋਂ ਮਨੁਖ ਦੀ ਚੇਤਨਾ ਉਤੇ ਉਕਰਿਆ ਉਸ ਦੇ ਭਾਈਚਾਰੇ ਦਾ ਪਿਛੋਕੜ ਹੁੰਦਾ ਹੈ। ਕੋਈ ਇਤਿਹਾਸ ਪੜ੍ਹਦਾ ਹੈ ਜਾਂ ਨਹੀਂ, ਪਰ ਇਸ ਦਾ ਕੋਈ ਨਾ ਕੋਈ ਸੰਕਲਪ ਹਰ ਮਨੁਖ ਦੀ ਚੇਤਨਾ ਵਿਚ ਵਸਿਆ ਹੁੰਦਾ ਹੈ। ਇਹ ਭਾਵੇਂ ਸੁਣ-ਸੁਣਾ ਕੇ ਹੋਵੇ ਜਾਂ ਫਿਲਮਾਂ ਦੇ ਰੂਪ ਵਿਚ ਵੇਖਿਆ ਹੋਵੇ ਜਾਂ ਕਥਾ ਕਹਾਣੀਆਂ, ਨਾਵਲਾਂ ਆਦਿ ਦੇ ਰੂਪ ਵਿਚ ਪੜ੍ਹਿਆ ਹੋਵੇ। ਇਹ ਸਾਰੇ ਕਿਸੇ ਨਾ ਕਿਸੇ ਰੂਪ ਵਿਚ ਇਤਿਹਾਸ ਨੂੰ ਲੋਕਾਂ ਦੀ ਚੇਤਨਾ ਦਾ ਹਿੱਸਾ ਬਣਾਉਂਦੇ ਰਹਿੰਦੇ ਹਨ। ਹਰ ਮਨੁਖ ਦੀ ਚੇਤਨਾ ਵਿਚ ਵਰਤਮਾਨ ਤੇ ਇਤਿਹਾਸ ਨਿਰੰਤਰ ਇਕ-ਦੂਜੇ ਨਾਲ ਟਕਰਾਓ ਵਿਚ ਰਹਿੰਦੇ ਹਨ ਅਤੇ ਇਹੀ ਟਕਰਾਓ ਖੁਦ ਮਨੁਖ ਅਤੇ ਸਮੁਚੀ ਕੌਮ ਜਾਂ ਕੌਮੀਅਤ ਦੇ ਅਗਲੇ ਵਿਕਾਸ ਦੀ ਦਿਸ਼ਾ ਤੈਅ ਕਰਦਾ ਹੈ। ਇਹੀ ਸੰਘਰਸ਼ ਮਨੁਖ ਤੇ ਮਨੁਖ ਜਾਤੀ ਦਾ ਭਵਿਖ ਤੈਅ ਕਰਦਾ ਹੈ।
ਸਾਰੀਆਂ ਕਿਤਾਬਾਂ ਅਖਬਾਰਾਂ, ਫਿਲਮਾਂ ਜਾਂ ਮਨੁਖੀ ਸੰਚਾਰ ਦੇ ਹੋਰ ਰੂਪ, ਨਿਤ ਦਿਨ ਇਸੇ ਟਕਰਾਓ ਦਾ ਪ੍ਰਗਟਾਵਾ ਕਰਦੇ ਹਨ, ਅਸੀਂ ਇਸ ਪ੍ਰਤੀ ਸੁਚੇਤ ਹੋਈਏ ਜਾਂ ਨਾ। ਅਖਬਾਰਾਂ ਹਰ ਰੋਜ਼ ਪਿਛਲੇ ਇਤਿਹਾਸ ਨੂੰ ਖਬਰਾਂ ਅਤੇ ਹੋਰ ਲਿਖਤਾਂ ਵਿਚ ਸਮੇਟ ਕੇ ਹੀ ਅੱਗੇ ਤੁਰਦੀਆਂ ਹਨ। ਇਹ ਗਲਤ-ਠੀਕ ਰੂਪ ਵਿਚ ਮਨੁਖੀ ਚੇਤਨਾ ਵਿਚ ਉਕਰਿਆ ਜਾਂਦਾ ਹੈ। ਇਸ ਆਪਮੁਹਾਰੇ ਇਤਿਹਾਸ ਨੂੰ ਫਿਲਾਸਫੀ ਵਿਚਲਾ ਗਿਆਨ ਹੀ ਸਹੀ ਰਾਹ ਵਿਖਾ ਸਕਦਾ ਹੈ, ਜਿਸ ਨੂੰ ਅਜੋਕੀ ਮਨੁਖ ਜਾਤੀ ਨੇ ਸਾਮਰਾਜੀ ਖਪਤਕਾਰੀ ਸਭਿਆਚਾਰ ਦੇ ਢਹੇ ਚੜ੍ਹ ਕੇ ਵਿਸਾਰ ਦਿਤਾ ਹੈ।
ਆਪਣੇ ਵੇਲੇ ਦੇ ਪ੍ਰਸਿਧ ਮਾਰਕਸਵਾਦੀ ਇਨਕਲਾਬੀ ਚਿੰਤਕ ਕ੍ਰਿਸਟੌਫਰ ਕੌਡਵੈਲ ਦਾ ਕਥਨ ਹੈ, “ਇਤਿਹਾਸਕ ਭੌਤਿਕਵਾਦ ਬੀਤੇ ਦੇ ਗਿਆਨ ਦੀ ਇਕ ਮੁਰਦਾ ਲਾਸ਼ ਨਹੀਂ ਹੁੰਦੀ, ਜਿਵੇਂ ਕਿ ਬੀਤਿਆ ਵਰਤਮਾਨ ਤੋਂ ਟੁਟਿਆ ਹੋਇਆ ਤੇ ਉਸ ਤੋਂ ਕੋਈ ਵਖਰਾ ਵਰਤਾਰਾ ਹੋਵੇ ਜਾਂ ਸਾਡੇ ਸਾਹਮਣੇ ਹੋ ਰਹੀਆਂ ਮਨੁਖੀ-ਸਮਾਜੀ ਸਰਗਰਮੀਆਂ, ਕੁਝ ਚਿਰ ਲਈ ਅਸੀਂ ਜਿਨ੍ਹਾਂ ਸਰਗਰਮੀਆਂ ਦੀ ਸਿਖਰ ਉਤੇ ਹਾਂ-ਇਕ ਲਹਿਰ ਵਿਚਲੀਆਂ ਤਾਕਤਾਂ-ਸਾਡੇ ਤੋਂ ਬਿਲਕੁਲ ਬਾਹਰੀ ਹੋਣ। ਇਹ ਵਰਤਮਾਨ ਵਿਚ ਕ੍ਰਿਆਸ਼ੀਲ ਬੀਤਿਆ ਹੈ, ਜੋ ਭਵਿਖ ਸਿਰਜਣ ਲਈ ਯਤਨਸ਼ੀਲ ਮਨੁਖਾਂ ਦੀ ਮਦਦ ਕਰ ਰਿਹਾ ਹੈ।”
ਮਾਰਕਸ ਤੋਂ ਪਹਿਲੇ ਜਰਮਨ ਫਿਲਾਸਫਰ ਹੀਗਲ ਦਾ ਕਥਨ ਹੈ, “ਫਿਲਾਸਫੀ ਦਾ ਇਤਿਹਾਸ ਬੀਤੇ ਨਾਲ ਨਹੀਂ, ਸਗੋਂ ਸਦਾ ਰਹਿਣ ਵਾਲੇ ਵਰਤਮਾਨ ਨਾਲ ਸਬੰਧ ਰਖਦਾ ਹੈ ਅਤੇ ਇਹ ਮਨੁਖੀ ਬੌਧਿਕਤਾ ਦੇ ਕੁਰਾਹਿਆਂ ਦਾ ਅਜਾਇਬਘਰ ਨਹੀਂ, ਸਗੋਂ ਸਾਰੀਆਂ ਰੱਬੀ ਰੂਹਾਂ (ਮਹਾਂਪੁਰਖਾਂ) ਦੇ ਇਕ-ਦੂਜੇ ਪਿਛੋਂ ਹੋਏ ਦਵੰਦਵਾਦੀ ਵਿਕਾਸ ਨਾਲ ਸਬੰਧਤ ਹੈ।”
ਏਂਗਲਜ ਨੇ ਹੀਗਲ ਦੇ ਇਸ ਕਥਨ ਦੀ ਪੁਸ਼ਟੀ ਕੀਤੀ ਹੈ, “ਹੀਗਲ ਦਾ ਦਵੰਦਵਾਦ ਕਦੇ ਨਾ ਰੁਕਣ ਵਾਲੀ, ਨਿਰੰਤਰ ਪ੍ਰਵਾਹਸ਼ੀਲ ਤਾਕਤਵਰ ਸੋਚ ਸ਼ਕਤੀ, ਹੋਰ ਕੁਝ ਨਹੀਂ ਸਗੋਂ ਸ਼ੁਧ ਸੋਚ ਵਿਚ ਮਨੁਖ ਜਾਤੀ ਦੀ ਚੇਤਨਾ ਹੈ, ਸਰਬਵਿਆਪੀ ਸੰਸਾਰ ਦੀ ਚੇਤਨਾ।”
ਮਾਰਕਸ ਦਾ ਇਤਿਹਾਸ ਬਾਰੇ ਕਥਨ ਹੈ, “ਇਤਿਹਾਸ ਕੁਝ ਨਹੀਂ ਕਰਦਾ, ਇਤਿਹਾਸ ‘ਕੋਲ ਕੋਈ ਅਪਾਰ ਦੌਲਤ’ ਨਹੀਂ, ਇਤਿਹਾਸ ਖੁਦ ਕੋਈ ਲੜਾਈ ਨਹੀਂ ਲੜਦਾ। ਇਹ ਮਨੁਖ, ਅਸਲੀ ਜਿਉਂਦਾ ਜਾਗਦਾ ਮਨੁਖ ਹੈ, ਜਿਹੜਾ ਇਹ ਸਾਰਾ ਕੁਝ ਕਰਦਾ ਹੈ। ਜਿਸ ਕੋਲ ਦੌਲਤ ਹੈ ਅਤੇ ਜਿਹੜਾ ਲੜਦਾ ਹੈ। ਵਿਅਕਤੀ ਤੋਂ ਬਿਨਾ ਇਤਿਹਾਸ ਇਹ ਨਹੀਂ ਸੀ ਹੋਣਾ, ਜਿਵੇਂ ਕਿ ਇਹ ਹੈ। ਮਨੁਖ ਨੂੰ ਇਕ ਸਾਧਨ ਵਜੋਂ ਵਰਤ ਕੇ ਹੀ, ਇਤਿਹਾਸ ਆਪਣਾ ਨਿਸ਼ਾਨਾ ਪ੍ਰਾਪਤ ਕਰਦਾ ਹੈ। ਇਤਿਹਾਸ ਹੋਰ ਕੁਝ ਨਹੀਂ, ਸਗੋਂ ਆਪਣੇ ਨਿਸ਼ਾਨੇ ਪ੍ਰਾਪਤ ਕਰਨ ਲਈ ਮਨੁਖੀ ਸਰਗਰਮੀ ਹੈ।”
ਫਿਲਾਸਫੀ ਸਰਬਵਿਆਪੀ ਭਾਵ ਕੁਦਰਤੀ ਨੇਮਾਂ (ਹੁਕਮ) ਦੀ ਜਾਣਕਾਰੀ ਦਿੰਦੀ ਹੈ, ਜਦੋਂ ਕਿ ਇਤਿਹਾਸ ਸਰਗਰਮ ਮਨੁਖਾਂ ਰਾਹੀਂ ਕਿਸੇ ਸਭਿਆਚਾਰਕ ਘੇਰੇ ਵਿਚ ਆਪਣੀ ਹੋਣੀ ਘੜਦਾ ਹੈ। ਕਮਿਊਨਿਜ਼ਮ ਭਾਵ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਜਜ਼ਬੇ ਨਾਲ ਜਿਉਣ ਵਾਲੇ ਚੇਤੰਨ ਸਮਾਜ ਵਿਚ ਪਹੁੰਚ ਕੇ, ਭਾਵੇਂ ਇਤਿਹਾਸ ਤੇ ਫਿਲਾਸਫੀ ਇਕ-ਮਿਕ ਹੋ ਜਾਣ, ਪਰ ਅਜੇ ਇਹ ਦੂਰ ਭਵਿਖ ਦੀ ਗੱਲ ਹੈ।
ਗਿਆਨ ਦਾ ਮਾਰਗ
ਸ਼ ਅਜਮੇਰ ਸਿੰਘ ਦੇ ਚਿੰਤਨ ਸੰਸਾਰ ਦੀ ਹੋਰ ਥਾਹ ਪਾਉਣ ਲਈ, ਉਨ੍ਹਾਂ ਦੀ ਪੰਜਵੀਂ ਕਿਤਾਬ ‘ਤੀਜੇ ਘਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦੇ ਸਤਵੇਂ ਕਾਂਡ ‘ਗਿਆਨ ਦੇ ਮਾਰਗ’ ਦਾ ਸੱਚ ਕੀ ਹੈ, ਤੋਂ ਅਰੰਭ ਕਰਨਾ ਸ਼ਾਇਦ ਵੱਧ ਲਾਹੇਵੰਦ ਰਹੇਗਾ। ਕਿਉਂਕਿ ਇਸ ਨਾਲ ਉਨ੍ਹਾਂ ਦੇ ਸਮੁਚੇ ਗਿਆਨ ਪ੍ਰਬੰਧ ਨੂੰ ਸਮਝਣਾ ਸੌਖਾ ਹੋ ਜਾਵੇਗਾ। ਇਸ ਕਾਂਡ ਵਿਚ ਉਨ੍ਹਾਂ ਨੇ ਤਰਕਸ਼ੀਲਤਾ ਤੇ ਮਾਨਵਵਾਦ ਦੀ ਚਰਚਾ ਕੀਤੀ ਹੈ। ਇਸ ਕਾਂਡ ਦੀ ਸ਼ੁਰੂਆਤ ਉਨ੍ਹਾਂ ਨੇ ਆਸ਼ੀਸ ਨੰਦੀ ਦੇ ਇਸ ਕਥਨ ਨਾਲ ਕੀਤੀ ਹੈ, “20ਵੀਂ ਸਦੀ ਦੇ ਅੰਤਲੇ ਚਿੰਨ੍ਹ ਪੁਲਾੜ ਖੋਜਾਂ ਤੇ ਕੰਪਿਊਟਰ ਨਹੀਂ ਹਨ, ਬਲਕਿ ਗੈਸ ਚੈਂਬਰ ਤੇ ਹੀਰੋਸ਼ੀਮਾ ਹਨ।”
ਇਸ ਕਾਂਡ ਵਿਚ ਹੀ ਉਨ੍ਹਾਂ ਨੇ ਪ੍ਰਸਿਧ ਮਾਰਕਸਵਾਦੀ ਇਤਿਹਾਸਕਾਰ ਐਰਿਕ ਹੌਬਸਬਾਮ ਦਾ ਇਕ ਹਵਾਲਾ ਦਿਤਾ ਹੈ, “1914 ਤੋਂ ਲੈ ਕੇ 1991 ਤਕ, 75 ਸਾਲਾਂ ਦੇ ਅਰਸੇ ਅੰਦਰ, ‘ਮਨੁਖੀ ਫੈਸਲਿਆਂ ਦੁਆਰਾ’ 18 ਕਰੋੜ 70 ਲੱਖ ਲੋਕ ਮੌਤ ਦੇ ਮੂੰਹ ਵਿਚ ਧਕ ਦਿਤੇ ਗਏ। ਦੋ ਹੋਰ ਵਿਦਵਾਨਾਂ ਦੇ ਹਾਲ ਹੀ ਦੇ ਇਕ ਅੰਦਾਜ਼ੇ ਅਨੁਸਾਰ ਪਿਛਲੀ ਸਦੀ ਦੌਰਾਨ ਜੰਗ ਨਾਲ ਸਬੰਧਤ ਹਿੰਸਾ ਦੀਆਂ ਵਾਰਦਾਤਾਂ ਦੀ ਸਾਲਾਨਾ ਦਰ 55,000 ਬਣਦੀ ਹੈ। 1950 ਤੋਂ 1989 ਤਕ, ਜਿਸ ਨੂੰ ‘ਸੀਤ ਜੰਗ’ (ਕੋਲਡ ਵਾਰ) ਦਾ ਦੌਰ ਕਿਹਾ ਜਾਂਦਾ ਹੈ, ਦੌਰਾਨ ਇਹ ਸਾਲਾਨਾ ਦਰ ਇਕ ਲਖ ਅੱਸੀ ਹਜ਼ਾਰ ਦੇ ਅੰਕੜੇ ਤਕ ਪਹੁੰਚ ਗਈ ਸੀ।”
ਉਨ੍ਹਾਂ ਦੇ ਇਕ ਹੋਰ ਹਵਾਲੇ ਅਨੁਸਾਰ “ਗਿਆਨ-ਵਿਗਿਆਨ ਤੇ ਸਭਿਅਤਾ ਦੇ ਯੁਗ ਅੰਦਰ ਹੀਰੋਸ਼ੀਮਾ ਤੇ ਨਾਗਾਸਾਕੀ ਉਤੇ ਸੁਟੇ ਗਏ ਐਟਮੀ ਬੰਬਾਂ ਨਾਲ ਕੁਝ ਕੁ ਪਲਾਂ ਵਿਚ ਹੀ ਜਿੰਨੀ ਤਬਾਹੀ ਹੋ ਗਈ ਸੀ, ਉਨੀ ਸ਼ਾਇਦ ‘ਬਰਬਰਤਾ ਵਹਿਸ਼ਤ ਦੇ ਯੁਗ’ ਅੰਦਰ ਈਸਾਈਅਤ ਤੇ ਇਸਲਾਮ ਦੇ ਪੈਰੋਕਾਰਾਂ ਵਿਚਾਲੇ ਸਦੀ ਭਰ ਚਲੀ ਜਹਾਦੀ ਜੰਗਾਂ ਦੀ ਲੜੀ ਵਿਚ ਰਲ ਕੇ ਨਹੀਂ ਹੋਈ ਹੋਣੀ। ਐਟਮੀ ਬੰਬਾਂ ਦੀ ਮਚਾਈ ਤਬਾਹੀ ਕੇਵਲ 4 ਲਖ ਤੋਂ ਵੱਧ ਮਨੁਖੀ ਜਾਨਾਂ ਦੀ ਬਲੀ ਲੈਣ ਤਕ ਸੀਮਤ ਨਹੀਂ ਸੀ ਰਹੀ। ਇਸ ਦੇ ਵਿਨਾਸ਼ਕਾਰੀ ਅਸਰਾਂ ਦਾ ਘੇਰਾ ਕਿਤੇ ਵਡਾ ਤੇ ਨਤੀਜੇ ਕਿਤੇ ਵਧ ਕਰੁਣਾਮਈ ਤੇ ਚਿਰ-ਕਾਲੀ ਸਨ। ਇਕ ਹੋਰ ਤਾਜ਼ਾ ਅੰਦਾਜ਼ੇ ਮੁਤਾਬਿਕ ਇਰਾਕ ‘ਚ ਅਮਰੀਕੀ ਹਮਲੇ ਦੀ ਬਦੌਲਤ 2003 ਤੋਂ ਲੈ ਕੇ 2011 ਤਕ 5 ਲਖ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਨਵੰਬਰ 2014 ਤਕ ਅਮਰੀਕਾ ਵੱਲੋਂ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਸਰਹਦੀ ਖੇਤਰ ਅੰਦਰ ਕੀਤੇ ਗਏ ਡਰੋਨ ਹਮਲਿਆਂ ‘ਚ 3674 ਲੋਕ ਮਾਰੇ ਜਾ ਚੁਕੇ ਸਨ। ਇਨ੍ਹਾਂ ਹਮਲਿਆਂ ਦੌਰਾਨ ਮਿਥੇ ਹੋਏ ਇਕ ‘ਦੋਸ਼ੀ’ ਨੂੰ ਮਾਰਨ ਲਈ ਔਸਤਨ 25 ਬੇਦੋਸ਼ੇ ਲੋਕਾਂ ਦੀ ਬਲੀ ਲਈ ਗਈ।”
ਸ਼ ਅਜਮੇਰ ਸਿੰਘ ਜੇ ‘ਪੂੰਜੀਵਾਦ’ ਤੇ ‘ਸਮਾਜਵਾਦ’ ਨੂੰ ਇਕ-ਦੂਜੇ ਵਿਚ ਰਲਗਡ ਨਾ ਕਰਦੇ ਅਤੇ ਕਮਿਊਨਿਸਟ ਲਹਿਰ ਨੂੰ ‘ਇਤਿਹਾਸ ਦਾ ਇਕ ਆਰਜੀ ਵਰਤਾਰਾ’ ਨਾ ਸਮਝਦਿਆਂ ਉਸ ਦੀ ਘੋਖ-ਪੜਤਾਲ ਕਰਦੇ, ਤਾਂ ਉਨ੍ਹਾਂ ਨੂੰ ਇਹ ਗੱਲ ਬੜੀ ਛੇਤੀ ਸਮਝ ਆ ਜਾਣੀ ਸੀ ਕਿ ਇਹ ਸਾਰਾ ਕੁਝ ਪੂੰਜੀਵਾਦੀ ਸਾਮਰਾਜ ਦੀ ਦੇਣ ਹੈ ਅਤੇ ਇਸ ਦੇ ਇਹ ਸਾਰੇ ਵਹਿਸ਼ੀ ਲਛਣ ਕਾਰਲ ਮਾਰਕਸ ਅਤੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਆਗੂ ਵਲਾਦੀਮੀਰ ਇਲਿਅਚ ਲੈਨਿਨ ਨੇ ਪਹਿਲਾਂ ਹੀ ਬਿਆਨ ਕੀਤੇ ਹੋਏ ਹਨ। ਜੇ ਇਸ ਦੇ ਬਾਵਜੂਦ ਕਮਿਊਨਿਸਟ ਲਹਿਰ ਨੇ ਸਾਮਰਾਜੀ ਪੂੰਜੀਵਾਦ ਦੇ ਇਨ੍ਹਾਂ ਵਹਿਸ਼ੀ ਲਛਣਾਂ ਵੱਲ ਧਿਆਨ ਨਹੀਂ ਦਿਤਾ, ਤਾਂ ਅਮਜੇਰ ਸਿੰਘ ਦਾ ਫਰਜ਼ ਸੀ ਕਿ ਉਹ ਆਪਣੇ ‘ਗਿਆਨ ਦੇ ਮਾਰਗ’ ਦੀ ਖੋਜ ਉਸ ਤੋਂ ਸ਼ਰੂ ਕਰਨ ਦੀ ਥਾਂ ਇਸ ਨੁਕਤੇ ਤੋਂ ਸ਼ੁਰੂ ਕਰਦੇ ਕਿ ਕਮਿਊਨਿਸਟ ਲਹਿਰ ਨੇ ਸਾਮਰਾਜੀ ਪੂੰਜੀਵਾਦ ਦੇ ਇਨ੍ਹਾਂ ਵਹਿਸ਼ੀ ਲਛਣਾਂ ਵੱਲ ਧਿਆਨ ਕਿਉਂ ਨਹੀਂ ਦਿਤਾ? ਜੇ ਉਹ ਇਧਰ ਨੂੰ ਤੁਰਦੇ ਤਾਂ ਉਨ੍ਹਾਂ ਨੂੰ ਇਸ ਸਮੁਚੀ ਸਾਮਰਾਜੀ ਵਹਿਸ਼ਤ ਦੀ ਹਕੀਕਤ ਸਮਝ ਆ ਜਾਣੀ ਸੀ। ਪਰ ਅਜਮੇਰ ਸਿੰਘ ਕਿਸੇ ਮਸਲੇ ਦੀ ਧੁਰ ਤਹਿ ਤਕ ਨਾ ਜਾਣ ਦਾ, ਜੋ ਦੋਸ਼ ਦੂਜਿਆਂ ਉਤੇ ਲਾਉਂਦੇ ਹਨ, ਖੁਦ ਉਸੇ ‘ਯਥਾਰਥਵਾਦੀ ਸਿਧਾਂਤ ਰਚਨਾ’ ਦੀ ਪਹੁੰਚ ਦਾ ਸ਼ਿਕਾਰ ਹੋ ਗਏ ਹਨ। ਉਹ ਖੁਦ ਵਰਤਾਰਿਆਂ ਦੀ ਧੁਰ ਤਹਿ ਤਕ ਜਾਣ ਦੇ ਯਤਨ ਨਹੀਂ ਕਰਦੇ।
ਅਜਮੇਰ ਸਿੰਘ ‘ਗੈਰ-ਯਥਾਰਥਵਾਦੀ ਸਿਧਾਂਤ ਰਚਨਾ’ ਦੀ ਬੜੀ ਖੂਬਸੂਰਤ ਪੇਸ਼ਕਾਰੀ ਕਰਦੇ ਹਨ। ਉਨ੍ਹਾਂ ਦਾ ਕਥਨ ਹੈ, “ਵਿਗਿਆਨ ਦਾ ਅਸਲੀ ਐਬ ਇਸ ਦਾ ਗਿਆਨ ਹਾਸਲ ਕਰਨ ਦੀ ਵਿਧੀ ਵਿਚ ਹੈ, ਖਾਸ ਤੌਰ ‘ਤੇ ਸਮਾਜੀ ਵਿਗਿਆਨ ਦੇ ਖੇਤਰ ਵਿਚ। ਇਹ ਵਿਧੀ ਕੀ ਹੈ? ਕਿਸੇ ਵਰਤਾਰੇ ਬਾਰੇ ਵਿਅਕਤੀ ਦੇ ਵਿਚਾਰ ਸਬੰਧਤ ਵਰਤਾਰੇ ਦੇ ਸਿਧੇ ਅਨੁਭਵ ਵਿਚੋਂ ਨਹੀਂ ਬਣਦੇ। ਇਹ ਵਰਤਾਰੇ ਦੀ ਹਦੀਸੀ ਭਾਵ ਅਖਰੀ ਵਿਆਖਿਆ (ੜeਰਬਅਲ ਨਿਟeਰਪਰeਟਅਟਿਨ) ਤੋਂ ਬਣਦੇ ਹਨ। ਮਿਸਾਲ ਵਜੋਂ ਭਾਰਤ ਅੰਦਰ ਆਮ ਆਦਮੀ ‘ਫਿਰਕਾਪ੍ਰਸਤੀ’ ਦਾ ਮਤਲਬ ਓਹੀ ਸਮਝਦਾ ਹੈ, ਜੋ ਉਸ ਨੇ ਕਿਤਾਬਾਂ ਤੇ ਲੇਖਾਂ ਵਿਚ ਪੜ੍ਹਿਆ ਜਾਂ ਭਾਸ਼ਣਾਂ ਵਿਚ ਸੁਣਿਆ ਹੁੰਦਾ ਹੈ। ਇਸ ਬਾਰੇ ਉਸ ਦੇ ਆਪਣੇ ਮੌਲਿਕ ਅਨੁਭਵ ਦੀ ਕੋਈ ਹੈਸੀਅਤ ਨਹੀਂ। ਸੋ ਇੰਜ ਵਿਗਿਆਨ-ਮੁਖੀ ਕਲਚਰ ‘ਚ ਲੋਕ ਸਾਇੰਸ ਵਲੋਂ ਵਿਕਸਿਤ ਕੀਤੀਆਂ ਆਮ ਧਾਰਨਾਵਾਂ (ਘeਨeਰਅਲਟਿਇਸ), ਯਾਨਿ ਸਿਧਾਂਤਕ ਘਾੜਤਾਂ (ਠਹeੋਰeਟਚਿਅਲ ਚੋਨਸਟਰੁਚਟਸ) ਨੂੰ ਹੀ ‘ਅਸਲੀ ਤੱਥ’ ਮੰਨਣ ਲਗ ਪੈਂਦੇ ਹਨ। ਖਾਸ ਕਰਕੇ ਉਦੋਂ, ਜਦੋਂ ਇਹ ਆਮ ਧਾਰਨਾਵਾਂ ਉਨ੍ਹਾਂ ਦੇ ਕਲਚਰ-ਮੁਖੀ ਪੂਰਵ-ਝੁਕਾਵਾਂ ਜਾਂ ਤੁਅਸਬਾਂ ਦੇ ਅਨੁਕੂਲ ਹੋਣ। ਇਸ ਸਵੈ-ਸਿਰਜੇ ‘ਸੱਚ’ ਨੂੰ ਆਧਾਰ ਬਣਾ ਕੇ ਨੀਤੀਆਂ ਘੜੀਆਂ ਤੇ ਲਾਗੂ ਕੀਤੀਆਂ ਜਾਂਦੀਆਂ ਹਨ। ਬਸ ਇਥੋਂ ਹੀ ਸਾਰੀ ਗੜਬੜ ਸ਼ੁਰੂ ਹੋ ਜਾਂਦੀ ਹੈ। ‘ਕਰੰਸੀ’ ਦੀ ਥਾਂ ‘ਕਰੈਡਿਟ ਕਾਰਡ’ ਲੈ ਲੈਂਦਾ ਹੈ। ਅਮੂਰਤ ਵਿਚਾਰ ਠੋਸ ਯਥਾਰਥ ਉਤੇ ਅਸਰਦਾਰ ਰੂਪ ਵਿਚ ਭਾਰੂ ਹੋ ਜਾਂਦੇ ਹਨ।”
ਅਜਮੇਰ ਸਿੰਘ ਦਾ ਇਹ ਕਥਨ ਠੋਸ ਸੱਚਾਈ ਬਿਆਨ ਕਰਦਾ ਹੈ। ਪਰ ਜਦੋਂ ਉਹ ਖੁਦ ਇਸ ਤਰਕ ਦੀ ਵਰਤੋਂ ਯਥਾਰਥ ਵਿਚ ਕਰਦੇ ਹਨ, ਤਾਂ ਇਨ੍ਹਾਂ ਹੀ ਖੱਬੇ ਪੱਖੀਆਂ ਤੇ ਉਦਾਰਪੰਥੀਆਂ ਦੀਆਂ ਧਾਰਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਖੱਬੇ ਪੱਖੀਆਂ ਤੇ ਉਦਾਰਪੰਥੀਆਂ ਦੀ ਮਿਸਾਲ ਦਿੰਦਿਆਂ ਉਨ੍ਹਾਂ ਦਾ ਕਹਿਣਾ ਹੈ, “ਖੱਬੇ ਪੱਖੀਆਂ ਤੇ ਉਦਾਰਪੰਥੀਆਂ ਵੱਲੋਂ ਸਿੱਖ ਕੌਮ ਦੀ ਨਿਆਰੀ ਤੇ ਸੁਤੰਤਰ ਹਸਤੀ ਦੀ ਧਾਰਨਾ ਪ੍ਰਤੀ ਅਪਨਾਇਆ ਕੱਟੜ ਦੋਖੀ ਵਤੀਰਾ, ਉਨ੍ਹਾਂ ਦੇ ਠੋਸ ਯਥਾਰਥ ਦੇ ਸਿਧੇ ਅਨੁਭਵ ਵਿਚੋਂ ਪੈਦਾ ਨਹੀਂ ਹੋਇਆ। ਇਹ ਉਨ੍ਹਾਂ ਦੇ ਮਨਾਂ ਅੰਦਰ ‘ਕੌਮ’ ਦੀ ਪਰਿਭਾਸ਼ਾ ਬਾਰੇ ਵਸੀ ਆਮ ਧਾਰਨਾ, ਜੋ ਉਨ੍ਹਾਂ ਨੇ ਇਕ ਖਾਸ ਵੰਨਗੀ ਦੀਆਂ ਕਿਤਾਬਾਂ ਤੇ ਲਿਖਤਾਂ ਵਿਚੋਂ ਗ੍ਰਹਿਣ ਕੀਤੀ ਹੈ ਅਤੇ ਜਿਸ ਨੂੰ ਉਹ ਸੌ ਫੀਸਦੀ ਸੱਚੀ ਤੇ ‘ਵਿਗਿਆਨਕ’ ਮੰਨ ਕੇ ਚਲਦੇ ਹਨ, ਵਿਚੋਂ ਪੈਦਾ ਹੋਇਆ ਹੈ। ਸੋ ਇਸ ਤਰ੍ਹਾਂ ਇਹ ‘ਸਿਧਾਂਤਕ ਘਾੜਤ’ (ਕਲਪਨਾ) ਹੀ ਉਨ੍ਹਾਂ ਲਈ ‘ਤੱਥ’ (ਠੋਸ ਯਥਾਰਥ) ਦਾ ਰੁਤਬਾ ਅਖਤਿਆਰ ਕਰ ਗਈ ਹੈ। ਅਸਲੀ ਤੱਥ ਮਨਫੀ ਹੋ ਗਿਆ ਹੈ, ਸਿਧਾਂਤਕ ਘਾੜਤ ਵਿਚ ਉਨ੍ਹਾਂ ਦਾ ਇਹ ਵਿਸ਼ਵਾਸ ਏਨਾ ਪਕਾ ਹੈ ਕਿ ਠੋਸ ਯਥਾਰਥ ਉਨ੍ਹਾਂ ਲਈ ਪੂਰੀ ਤਰ੍ਹਾਂ ਬੇਮਾਅਨਾ (ੀਰਰeਲeਵਅਨਟ) ਹੋ ਜਾਂਦਾ ਹੈ।”
ਬੇਸ਼ਕ ਸਿੱਖ ਕੌਮ ਦੀ ਧਾਰਨਾ ਬਾਰੇ ਉਹ ਖੁਦ ਅਨੁਭਵੀ ਸੱਚ ਨਾਲੋਂ ਟੁਟ ਕੇ ਆਪਣੇ ਮਨ ਅੰਦਰ ਪਛਮੀ ਗਿਆਨ ਪ੍ਰਬੰਧ ਦੇ ਘੜੇ ਕੌਮੀ ਸੰਕਲਪਾਂ ਵਿਚ ਸਿੱਖ ਪੰਥ ਨੂੰ ਫਿਟ ਕਰਨਾ ਲੋਚਦੇ ਹਨ। ਉਨ੍ਹਾਂ ਦੀਆਂ ਪਹਿਲੀਆਂ ਲਿਖਤਾਂ ਕੌਮ ਬਾਰੇ ਅਜਿਹੀਆਂ ਘੜੀਆਂ ਘੜਾਈਆਂ ਧਾਰਨਾਵਾਂ ਨੂੰ ਹੀ ਮੰਨਣ ਲਈ ਮਜਬੂਰ ਕਰਦੀਆਂ ਹਨ। ਸਿੱਖ ਪੰਥ ਦੇ ਸਰਬਵਿਆਪੀ ਤਸੱਵਰ ਨੂੰ ਉਹ ਕੌਮੀ ਚੌਖਟੇ ਤਕ ਸੀਮਤ ਕਰ ਦਿੰਦੇ ਹਨ। ਆਪਣੀ ਇਸੇ ਘਾੜਤ ਦਾ ਹੁਣ ਉਨ੍ਹਾਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ। ਜੇ ਉਹ ਸਿੱਖ ਪੰਥ ਨੂੰ ਕਿਸੇ ਪਛਮੀ ਤਰਜ ਦੇ ਕੌਮੀ ਚੌਖਟੇ ਵਿਚ ਫਿਟ ਕਰਨ ਦੀ ਥਾਂ ਸਿੱਖ ਰਾਜ ਦੇ ਸੰਕਲਪ ਦੀ ਤਲਾਸ਼ ਗੁਰਮਤਿ ਵਿਚੋਂ ਕਰਦੇ ਤਾਂ ਉਨ੍ਹਾਂ ਨੂੰ ‘ਹਲੇਮੀ ਰਾਜ’ ਤੇ ‘ਬੇਗਮਪੁਰਾ’ ਸਮਾਜ ਦੇ ਸੰਕਲਪਾਂ ਦੀ ਸਮਝ ਆ ਜਾਣੀ ਸੀ। ਸਿੱਖਾਂ ਨੇ ਪੰਜਾਬ ‘ਚ ਬਹੁਗਿਣਤੀ-ਘਟਗਿਣਤੀ ਦੇ ਆਧਾਰ ਉਤੇ ਰਾਜ ਨਹੀਂ ਲੈਣਾ, ਸਗੋਂ ਆਪਣੀ ਸਰਬਤ ਦੇ ਭਲੇ ਦੀ ਫਿਲਾਸਫੀ ਦੇ ਆਧਾਰ ‘ਤੇ ਰਾਜ ਲੈਣਾ ਹੈ। ਹੁਣ ਤਕ ਸਾਰੇ ਰਾਜਪ੍ਰਬੰਧ ਫਿਲਾਸਫੀ ਦੇ ਆਧਾਰ ‘ਤੇ ਹੀ ਸਿਰਜੇ ਜਾਂਦੇ ਰਹੇ ਹਨ। ਪਛਮੀ ਜਮਹੂਰੀਅਤ ਦਾ ਆਧਾਰ ਵੀ ਪਲੈਟੋ ਅਤੇ ਇਸਾਈਅਤ ਦੀ ਫਿਲਾਸਫੀ ਹੈ, ਜਿਸ ਨੂੰ ਸਾਮਰਾਜੀ ਪੂੰਜੀਵਾਦੀ ਆਰਥਿਕਤਾ ਚਲਾ ਰਹੀ ਹੈ ਅਤੇ ਜੋ ਹੁਣ ਆਪਣਾ ਖੋਖਲਾਪਣ ਆਪਣੇ ਅਮਲ ਵਿਚ ਸ਼ੱਰੇਆਮ ਪ੍ਰਗਟ ਕਰ ਰਹੀ ਹੈ। ਇਸ ਸਬੰਧੀ ਡਾæ ਅੰਬੇਦਕਰ ਦੀ ਪੜਚੋਲ ਬੜੀ ਕੀਮਤੀ ਜਾਣਕਾਰੀ ਦਿੰਦੀ ਹੈ।
ਕਹਿਣ ਨੂੰ ਭਾਵੇਂ ਸਾਡੇ ਦੇਸ਼ ਨੂੰ ਚਲਾਉਣ ਲਈ ਇਕ ਧਰਮ ਨਿਰਪਖ ਤੇ ਜਮਹੂਰੀ ਵਿਧਾਨ ਹੈ, ਪਰ ਅਸਲ ਵਿਚ ਇਸ ਨੂੰ ਬ੍ਰਾਹਮਣਵਾਦੀ ਸੋਚ ਅਤੇ ਦਲਾਲ ਸਾਮਰਾਜੀ ਅਰਥਚਾਰਾ ਚਲਾ ਰਿਹਾ ਹੈ। ਇਸੇ ਲਈ ਮੌਜੂਦਾ ਰਾਜਪ੍ਰਬੰਧ ਦਾ ਸੰਤਾਪ ਸਮੁਚੇ ਦੇਸ਼ ਦੇ ਲੋਕ ਭੁਗਤ ਰਹੇ ਹਨ। ਉਨ੍ਹਾਂ ਨੂੰ ਇਸ ਸੰਤਾਪ ਵਿਚੋਂ ਬਾਬਾ ਵਿਸਾਖਾ ਸਿੰਘ ਦੀ ਸੋਚ ਹੀ ਬਾਹਰ ਕੱਢ ਸਕਦੀ ਹੈ। ਸਿੱਖਾਂ ਵਾਸਤੇ ਮਸਲਾ ਇਸ ਸੋਚ ਭਾਵ ਸਿੱਖ ਫਿਲਾਸਫੀ ਦੇ ਅਨੁਸਾਰ ਅਜੋਕੇ ਰਾਜ ਦੇ ਨਕਸ਼ ਘੜਨ ਦਾ ਹੈ, ਸਿੱਖਾਂ ਤੇ ਸਿੱਖੀ ਨੂੰ ਕਿਸੇ ਕੌਮੀ ਚੌਖਟੇ ਵਿਚ ਫਿਟ ਕਰਨ ਦਾ ਨਹੀਂ।
ਸ਼ ਅਜਮੇਰ ਸਿੰਘ ਅਜੋਕੀ ਸੰਸਾਰ ਹਾਲਤ ਨੂੰ ਬੜੇ ਠੀਕ ਪ੍ਰਸੰਗ ਵਿਚ ਰਖ ਕੇ ਵੇਖਦੇ ਹਨ। ਉਨ੍ਹਾਂ ਦਾ ਕਥਨ ਹੈ, “ਇਸ ਵੇਲੇ ਕੁਝ ਵਿਕਰਾਲ ਸਮਸਿਆਵਾਂ ਤੇ ਚੁਣੌਤੀਆਂ ਮਾਨਵਤਾ ਨੂੰ ਘੂਰ ਰਹੀਆਂ ਹਨ। ਹਕੀਕਤ ਨੂੰ ਜੇ ਖੁਲ੍ਹੀਆਂ ਅੱਖਾਂ ਨਾਲ ਦੇਖਿਆ ਜਾਏ ਤਾਂ ਮਾਨਵਤਾ ਦੇ ਸਿਰ ਉਤੇ ਸਰਬਨਾਸ ਦਾ ਖਤਰਾ ਮੰਡਰਾ ਰਿਹਾ ਹੈ। ਦਰਪੇਸ਼ ਸੰਕਟ ਦਾ ਸਭ ਤੋਂ ਗੂੜ੍ਹਾ ਇਜ਼ਹਾਰ ਵਾਤਾਵਰਣ ਦੀ ਖਰਾਬੀ ਦੇ ਰੂਪ ਵਿਚ ਹੋ ਰਿਹਾ ਏ। ਬਹੁਤਾ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ, ਮਨੁਖ ਨੇ ਆਪਣੇ ਆਲੇ-ਦੁਆਲੇ ਨੂੰ ਜਿੰਨਾ ਗੰਦਾ ਅਤੇ ਅਪਵਿਤਰ ਕਰ ਦਿਤਾ ਹੈ, ਹਵਾ, ਮਿੱਟੀ ਤੇ ਪਾਣੀ ਦੇ ਬੁਨਿਆਦੀ ਤਤਾਂ ਨੂੰ ਜਿੰਨਾ ਦੂਸ਼ਿਤ ਕਰ ਦਿਤਾ ਹੈ, ਜੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਾਡੀ ਧਰਤੀ ਇਨ੍ਹਾਂ ਮਨੁਖੀ ਪਾਪਾਂ ਦਾ ਭਾਰ ਹੋਰ ਬਹੁਤੀ ਦੇਰ ਤਕ ਨਹੀਂ ਝੱਲ ਸਕੇਗੀ। ਇਸ ਕਰਕੇ ਇਸ ਵੇਲੇ ਮਨੁਖਤਾ ਦੇ ਸਨਮੁਖ ਸਭ ਤੋਂ ਵੱਡਾ ਤੇ ਤਦੀ ਵਾਲਾ ਸੁਆਲ ਇਹ ਖੜਾ ਹੋ ਗਿਆ ਹੈ ਕਿ ਵਾਤਾਵਰਣ ਦੀ ਖਰਾਬੀ ਦੇ ਬੇਰੋਕ ਵਗ ਰਹੇ ਇਸ ਰੁਝਾਨ ਨੂੰ ਠੱਲ੍ਹ ਕਿਵੇਂ ਪਾਈ ਜਾਵੇ?”
ਅਮਜੇਰ ਸਿੰਘ ਦਾ ਇਕ ਹੋਰ ਕਥਨ ਹੈ, “ਅੱਜ ਦੁਨੀਆਂ ਸਾਹਮਣੇ ਦੂਜਾ ਵਡਾ ਮਸਲਾ ਚਾਰੇ ਤਰਫ ਫੈਲੀ ਲੁਟ-ਖਸੁਟ, ਖੋਹਾ-ਖੋਹੀ, ਜੁਰਮ, ਜਬਰ, ਹਿੰਸਾ ਤੇ ਖੂਨ-ਖਰਾਬੇ ਦਾ ਹੈ। ਇਸ ਬੱਜਰ ਹਕੀਕਤ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਚਕਾਚੌਂਧ ਕਰ ਦੇਣ ਵਾਲੀ ਸਾਰੀ ਪਦਾਰਥਕ ਤਰੱਕੀ ਦੇ ਬਾਵਜੂਦ ਮਨੁਖ ਰੂਹਾਨੀ ਤੌਰ ਉਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਕੰਗਾਲ ਹੋ ਗਿਆ ਹੈ। ਉਸ ਦੀ ਹਿਰਸ ਦਾ ਕੋਈ ਹੱਦ-ਬੰਨਾ ਨਹੀਂ ਰਿਹਾ। ਹਰ ਕਿਸਮ ਦੇ ਵਿਸ਼ੇ-ਵਿਕਾਰ ਵਧੇ ਹਨ, ਘਟੇ ਨਹੀਂ। ਸੰਸਾਰ ਅੰਦਰ ਆਰਥਿਕ ਨਾਬਰਾਬਰੀ, ਸਮਾਜੀ ਵਿਤਕਰਾ, ਰਾਜਸੀ ਦਾਬਾ ਤੇ ਜਬਰ, ਅਨਿਆਂ, ਜ਼ੁਲਮੋ-ਤਸ਼ੱਦਦ, ਜੁਰਮ, ਹਿੰਸਾ, ਝਗੜੇ-ਬਿਖਾਦ, ਖੂਨੀ ਜੰਗਾਂ, ਸਮੂਹਿਕ ਕਤਲੇਆਮ ਤੇ ਨਸਲਕੁਸ਼ੀ ਦੀਆਂ ਵਾਰਦਾਤਾਂ ਵਿਚ ਓੜਕਾਂ ਦਾ ਵਾਧਾ ਹੋਇਆ ਹੈ। ਤਿੰਨ ਸਦੀਆਂ ਤੋਂ ‘ਗਿਆਨ ਵਿਗਿਆਨ ਦਾ ਮਾਰਗ’ ਅਪਨਾ ਕੇ ਚਲਣ ਤੋਂ ਬਾਅਦ ਵੀ ਮਨੁਖ ਦੀ ਨਾ ਤਾਂ ਵਿਨਾਸ਼ਕਾਰੀ ਬਿਰਤੀ ਹੀ ਬਦਲੀ ਹੈ ਅਤੇ ਨਾ ਵਿਗਿਆਨ, ਕਿਸੇ ਲਿਹਾਜ਼ ਨਾਲ ਵੀ, ਜੁਰਮ, ਜਬਰ, ਹਿੰਸਾ, ਕਤਲੋਗਾਰਤ ਤੇ ਖੂਨੀ ਜੰਗਾਂ ਦੇ ਨਾਮੁਰਾਦ ਵਰਤਾਰਿਆਂ ਦੇ ਨਿਸ਼ੇਧ ਰੁਝਾਨਾਂ ਦੀ ਰੋਕਥਾਮ ਕਰ ਸਕਣ ਵਿਚ ਸਫਲ ਹੋ ਸਕਿਆ ਹੈ। ਜਿਨ੍ਹਾਂ ਬੁਰਾਈਆਂ ਲਈ ਪਛਮੀ ਗਿਆਨ ਚਿੰਤਨ ਨੇ ਧਰਮ ਨੂੰ ਦ੍ਰਿੜ-ਨਿਸ਼ਚਿਤ ਲਹਿਜੇ ਵਿਚ ਦੋਸ਼ੀ ਕਰਾਰ ਦਿਤਾ ਸੀ, ਅੱਜ ਇਸ ਨੂੰ ਉਨ੍ਹਾਂ ਸਾਰੇ ਹੀ ਦੋਸ਼ਾਂ ਦਾ ਆਪ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਾਰ ਦੀ ਇਸ ਅਜੋਕੀ ਦੁਰਦਸ਼ਾ ਦੀ ਜ਼ਿੰਮੇਵਾਰੀ ਕਿਹੜੇ ਗਿਆਨ ਪ੍ਰਬੰਧ ਤੇ ਸਭਿਅਤਾ ਦੇ ਸਿਰ ਆਇਦ ਹੁੰਦੀ ਹੈ?”
ਜੇ ਅਜਮੇਰ ਸਿੰਘ ਆਪਣੇ ਇਨ੍ਹਾਂ ਸਾਰੇ ਸਵਾਲਾਂ ਦੀ ਗੰਭੀਰਤਾ ਨੂੰ ਸਮਝਦੇ ਤੇ ਪਛਮੀ ਬੁਧੀਜੀਵੀਆਂ ਦੀਆਂ ਸੈਂਕੜੇ ਕਿਤਾਬਾਂ ਪੜ੍ਹਨ ਦੀ ਥਾਂ ਸਿਰਦਾਰ ਕਪੂਰ ਸਿੰਘ ਦੀ ਲਿਖੀ ਇਕ ਕਿਤਾਬ ਧਿਆਨ ਨਾਲ ਪੜ੍ਹ ਲੈਂਦੇ ਜਾਂ ਪ੍ਰੋæ ਪੂਰਨ ਸਿੰਘ ਤੇ ਅਲਾਮਾ ਇਕਬਾਲ ਦੀਆਂ ਕੁਝ ਲਿਖਤਾਂ ਪੜ੍ਹ ਲੈਂਦੇ, ਤਾਂ ਉਨ੍ਹਾਂ ਨੂੰ ਆਪਣੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਣਾ ਸੀ, ਪਤਾ ਲਗ ਜਾਣਾ ਸੀ ਕਿ ਇਹ ਸਾਰਾ ਕੁਝ ਸਾਮਰਾਜੀ ਵਹਿਸ਼ਤ ਦੀ ਦੇਣ ਹੈ। ਇਹ ਸਾਮਰਾਜੀ ਵਹਿਸ਼ਤ ਇਕ ਐਸੀ ਬਲਾ ਹੈ, ਜਿਸ ਨੇ ਸੰਸਾਰ ਭਰ ਦੇ ਲੋਕਾਂ ਦੀ ਬਹੁਗਿਣਤੀ ਨੂੰ ਖਪਤਕਾਰੀ ਦੇ ਮਕੜਜਾਲ ਵਿਚ ਫਸਾ ਕੇ, ਉਨ੍ਹਾਂ ਦੇ ਮਨੁਖੀ ਸਵੈਮਾਣ ਨੂੰ ਕੁਚਲ ਦਿਤਾ ਹੈ। ਖਪਤਕਾਰੀ ਦੇ ਇਸੇ ਭਰਮਜਾਲ ਨੇ ਆਲਮੀ ਕਮਿਊਨਿਸਟ ਲਹਿਰ ਹੜੱਪ ਲਈ ਹੈ। ਇਸੇ ਮਾਨਸਿਕ ਰੋਗ ਨੇ ਖਾਲਿਸਤਾਨੀ ਲਹਿਰ ਦਾ ਇਹ ਹਸ਼ਰ ਕੀਤਾ ਹੈ। ਨਹੀਂ ਤੇ ਕੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਵਰਗਾ ਨੀਚ ਤੇ ਕਮੀਨਾ ਮਨੁਖ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਅਦਾਰਿਆਂ ਉਤੇ ਨਾਜਾਇਜ਼ ਕਬਜਾ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਦੇ ‘ਜਥੇਦਾਰ’ ਤੇ ਹੋਰਨਾਂ ‘ਜਥੇਦਾਰਾਂ’ ਨੂੰ ਆਪਣੀਆਂ ਕਠਪੁਤਲੀਆਂ ਵਾਂਗ ਨਚਾ ਰਿਹਾ ਹੈ।
ਸਾਮਰਾਜੀ ਪੂੰਜੀਵਾਦ ਦੇ ਇਸ ਵਹਿਸ਼ੀ ਖਾਸੇ ਬਾਰੇ ਇਹ ਸਾਰੀ ਜਾਣਕਾਰੀ ਮਾਰਕਸ, ਏਂਗਲਜ ਤੇ ਲੈਨਿਨ ਦੀਆਂ ਲਿਖਤਾਂ ਤੋਂ ਹੀ ਮਿਲਦੀ ਹੈ। ਇਹ ਸਾਮਰਾਜੀ ‘ਸਭਿਅਤਾ’ ਹੀ ‘ਸੰਸਾਰ ਦੀ ਇਸ ਅਜੋਕੀ ਦੁਰਦਸ਼ਾ’ ਲਈ ਜਿੰਮੇਵਾਰ ਹੈ। ਅਜਮੇਰ ਸਿੰਘ ਨੇ ਆਪਣੇ ਇਕ ਕਥਨ ਵਿਚ ਵੀ ਇਸ ਸੱਚ ਦੀ ਪੁਸ਼ਟੀ ਕੀਤੀ ਹੈ, “ਦੁਨੀਆਂ ਭਰ ਅੰਦਰ ਸੱਚੇ ਵਾਤਾਵਰਣ ਪ੍ਰੇਮੀ ਇਸ ਗੱਲ ਬਾਰੇ ਇਕ ਰਾਇ ਹਨ ਕਿ ਵਾਤਾਵਰਣ ਦੀ ਖਰਾਬੀ ਦਾ ਮੂਲ ਕਾਰਨ ਖਪਤਕਾਰੀ ਸਭਿਆਚਾਰ ਹੈ। ਲੋਕਾਂ ਅੰਦਰ ਚੀਜ਼ਾਂ ਦੀ ਭੁੱਖ ਏਨੀ ਵਧ ਗਈ ਏ ਕਿ ਵਸਤਾਂ ਦੀ ਪੈਦਾਵਾਰ ਲੋੜ ਨਾਲੋਂ ਕਿਤੇ ਵਾਧੂ ਤੇ ਉਕਾ ਹੀ ਫਜ਼ੂਲ ਹੋ ਰਹੀ ਹੈ। ਇਸ ਕਰਕੇ ਜੇ ਵਾਤਾਵਰਣ ਦੀ ਖਰਾਬੀ ਦੇ ਰੁਝਾਨ ਨੂੰ ਠੱਲ੍ਹ ਪਾਉਣੀ ਹੈ ਤਾਂ ਲਗਾਤਾਰ ਵਧ ਰਹੀ ਪੈਦਾਵਾਰ ਦੇ ਸਿਲਸਿਲੇ ਨੂੰ ਲਗਾਮ ਦੇਣੀ ਪੈਣੀ ਹੈ, ਇਸ ਨੂੰ ਥਾਂਏਂ ਬਰੇਕਾਂ ਲਾਉਣੀਆਂ ਜ਼ਰੂਰੀ ਹੋ ਗਈਆਂ ਹਨ। ਇਸ ਵਾਸਤੇ ਲੋਕਾਂ ਦੀ ਬਿਰਤੀ ਨੂੰ ਬਦਲਣਾ, ਉਨ੍ਹਾਂ ਅੰਦਰ ਚੀਜ਼ਾਂ ਦੀ ਭੁਖ ਉਤੇ ਕਾਬੂ ਪਾਉਣਾ, ਭਾਵ ਖਪਤਕਾਰੀ ਸਭਿਆਚਾਰ ਤੋਂ ਮੁਕਤ ਹੋਣਾ ਪਹਿਲੀ ਤੇ ਅਤਿ ਜ਼ਰੂਰੀ ਲੋੜ ਬਣ ਗਈ ਹੈ।æææ ਕਿਸੇ ਫਲਸਫੇ ਅਥਵਾ ਗਿਆਨ ਪ੍ਰਬੰਧ ਦੇ ਭਵਿਖ-ਮੁਖੀ ਹੋਣ ਦਾ ਨਿਰਣਾ ਇਸ ਗੱਲ ਤੋਂ ਤੈਅ ਹੋਵੇਗਾ। ਬੜੀ ਸਿਧੀ ਤੇ ਸਪਸ਼ਟ ਜਿਹੀ ਗੱਲ ਐ। ਸੋ ਅਲਗ-ਅਲਗ ਗਿਆਨ ਪ੍ਰਬੰਧਾਂ ਨੂੰ ਇਸ ਰੋਸ਼ਨੀ ਵਿਚ ਰਖ ਕੇ ਵਿਚਾਰਨ ਨਾਲ ਮਸਲਾ ਸੌਖਾ ਹੱਲ ਹੋ ਸਕਦਾ ਹੈ।”
ਬੇਮੁਹਾਰੀ ਖਪਤਕਾਰੀ ਦੀ ਇਹ ਭੁਖ ਪੂੰਜੀਵਾਦੀ-ਸਾਮਰਾਜੀ ਮੰਡੀ ਦੀ ਦੇਣ ਹੈ ਅਤੇ ਇਸ ਬਾਰੇ ਮਾਰਕਸ ਏਂਗਲਜ਼ ਨੇ ਆਪਣੀਆਂ ਅਨੇਕਾਂ ਲਿਖਤਾਂ ਵਿਚ ਹਵਾਲੇ ਦਿਤੇ ਹੋਏ ਹਨ। ਇਸੇ ਕਰਕੇ ਉਨ੍ਹਾਂ ਨੇ ਇਸ ਪੂੰਜੀਵਾਦੀ ਪ੍ਰਬੰਧ ਨੂੰ ਉਲਟਾ ਕੇ ਇਸ ਦੀ ਥਾਂ ਕਮਿਊਨਿਸਟ ਸਮਾਜ ਦੀ ਸਿਰਜਣਾ ਦਾ ਹੋਕਾ ਦਿਤਾ ਸੀ। ਖਪਤਕਾਰੀ ਦੀ ਇਹ ਭੁਖ ਕਿਉਂ ਪੈਦਾ ਹੁੰਦੀ ਹੈ, ਇਸ ਦੇ ਕਾਰਨਾਂ ਨੂੰ ਮੈਂ ਆਪਣੀ ਇਕ ਲਿਖਤ (ਸਾਮਰਾਜੀ ਵਹਿਸ਼ਤ ਬਨਾਮ ਸਰਬਤ ਦਾ ਭਲਾ) ਵਿਚ ਵਿਸਥਾਰ ਨਾਲ ਬਿਆਨ ਕੀਤਾ ਹੈ ਅਤੇ ਇਹ ਜਾਣਕਾਰੀ ਵੀ ਦਿਤੀ ਹੈ ਕਿ ਇਹ ਭੁਖ ਸਿਰਫ ਤੇ ਸਿਰਫ ਸਾਰੇ ਧਰਮਾਂ ਵਿਚਲੇ ਆਤਮਿਕ ਗਿਆਨ ਨਾਲ ਹੀ ਦੂਰ ਹੋ ਸਕਦੀ ਹੈ।
ਮਾਰਕਸ ਵਲੋਂ ਵਿਕਸਿਤ ਕੀਤੀ ਕਮਿਊਨਿਸਟ ਫਿਲਾਸਫੀ ਇਸੇ ਆਤਮਿਕ ਗਿਆਨ ਦਾ ਅਨੁਭਵ ਕਰਵਾਉਂਦੀ ਹੈ, ਪਰ ਉਸ ਨੂੰ ਆਲਮੀ ਕਮਿਊਨਿਸਟ ਲਹਿਰ ਨੇ ਅਣਗੌਲਿਆ ਕਰ ਦਿਤਾ ਹੈ। ਇਹੀ ਆਤਮਿਕ ਗਿਆਨ ਗੁਰਮਤਿ ਨੇ ਦਿੱਤਾ ਹੈ।
ਪਾਕਿਸਤਾਨੀ ਮੂਲ ਦੇ ਇਕ ਵਿਦਵਾਨ ਅਕਬਰ ਐਸ਼ ਅਹਿਮਦ ਦੇ ਇਸ ਹਵਾਲੇ ਨਾਲ ਅਜਮੇਰ ਸਿੰਘ ਨੇ ਇਨ੍ਹਾਂ ਸਾਰੇ ਦੋਸ਼ਾਂ ਲਈ ਨਿਸ਼ਚਿਤ ਰੂਪ ਵਿਚ ਪਛਮੀ ਸਭਿਅਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ, “ਇਹ ਸਭਿਅਤਾ ਕਿਸੇ ਨੈਤਿਕ ਫਲਸਫੇ ਜਾਂ ਅਸੂਲਾਂ ਦੇ ਸੰਗ੍ਰਿਹ ਆਸਰੇ ਨਹੀਂ ਚਲਦੀ। ਇਸ ਦੀ ਗਤੀਸ਼ੀਲ ਊਰਜਾ ਦਾ ਸੋਮਾ ਵਿਅਕਤੀਵਾਦ ਹੈ। ਗਲਬਾ ਪਾਉਣ ਦੀ ਖਾਹਿਸ਼, ਪਦਾਰਥਕ ਵਸਤਾਂ ਹਾਸਲ ਕਰਨ ਤੇ ਇਨ੍ਹਾਂ ਦੇ ਭੰਡਾਰ ਜਮ੍ਹਾਂ ਕਰਨ ਦੀ ਅੰਨ੍ਹੀ ਭੁੱਖ! ਹਰ ਨਵੀਂ ਵਿਕਸਿਤ ਹੋਈ ਤਕਨਾਲੋਜੀ ਤੁਹਾਡੇ ਘਰ ਪਹੁੰਚਣੀ ਚਾਹੀਦੀ ਹੈ। ਇਕ ਦੂਜੇ ਨਾਲੋਂ ਵਧ-ਚੜ੍ਹ ਕੇ ਭੋਗਵਿਲਾਸ ਕਰਨ; ਗੱਲ ਕੀ ਜੀਵਨ ਦੇ ਹਰ ਖੇਤਰ ਅੰਦਰ-ਟੈਨਿਸ ਖੇਡਣ ਤੋਂ ਲੈ ਕੇ ਕਾਮ, ਵਣਜ-ਵਪਾਰ ਤੇ ਕਾਰ ਚਲਾਉਣ ਤਕ, ਹਾਵੀ ਹੋਣ ਦੀ ਅੰਨ੍ਹੀ ਖਾਹਿਸ਼ ਵਿਚੋਂ ਪੈਦਾ ਹੋਈ ਤੀਬਰ ਊਰਜਾ ਹੀ ਹੈ, ਜੋ ਇਸ ਸਭਿਅਤਾ ਨੂੰ ਗਤੀਸ਼ੀਲ ਬਣਾਉਂਦੀ ਹੈ। ਇਸ ‘ਚ ਨੈਤਿਕਤਾ ਕੋਈ ਮਾਅਨੇ ਨਹੀਂ ਰਖਦੀ, ਉਤਮ ਤਕਨਾਲੋਜੀ ਹੀ ਸਭ ਕੁਝ ਹੈ। ਪਰ ਇਸ ਦੇ ਆਪਣੇ ਹੀ ਵਿਸ਼ਲੇਸ਼ਕਾਂ ਦੇ ਪੇਸ਼ ਕੀਤੇ ਸਬੂਤ ਚਾਰੇ ਪਾਸੇ ਪਸਰੇ ਅਸੰਤੋਖ ਤੇ ਨਿਰਾਸ਼ਾ ਦੀ ਕਹਾਣੀ ਦਸਦੇ ਹਨ।
æææਇਸ ਰੌਸ਼ਨੀ ਵਿਚ ਵੇਖਿਆਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਸਭਿਅਤਾ ਮਨੁਖਤਾ ਨੂੰ ਦਰਪੇਸ਼ ਸੁਆਲਾਂ ਦੇ ਜੁਆਬ ਮੁਹੱਈਆ ਨਹੀਂ ਕਰਦੀ। ਅਸਲ ਵਿਚ ਇਸ ਨੇ ਐਟਮੀ ਹਥਿਆਰਾਂ ਦੇ ਜਿੰਨੇ ਭੰਡਾਰ ਜਮ੍ਹਾਂ ਕਰ ਲਏ ਹਨ, ਇਸ ਦੀ ਲਾਲਸਾ ਨੇ ਵਾਤਾਵਰਣ ਨੂੰ ਜਿਸ ਹੱਦ ਤਕ ਦੂਸ਼ਿਤ ਕਰ ਦਿਤਾ ਹੈ, ਇਸ ਦੀ ਹਵਸ ਨੇ ਦੁਨੀਆਂ ਦੇ ਸੋਮਿਆਂ ਨੂੰ ਜਿਸ ਕਦਰ ਚੁੰਡ-ਮਰੁੰਡ ਕੇ ਰਖ ਦਿਤਾ ਹੈææææ ਉਸ ਨਾਲ ਧਰਤੀ ਉਤੋਂ ਨੇੜ ਭਵਿਖ ਅੰਦਰ ਹੀ ਜੀਵਨ ਦਾ ਖਾਤਮਾ ਹੋ ਜਾਣ ਦਾ ਹਕੀਕੀ ਖਤਰਾ ਖੜਾ ਹੋ ਗਿਆ ਹੈ।”
ਪਛਮੀ ਸਭਿਅਤਾ ਬਾਰੇ ਏਨਾ ਸਪਸ਼ਟ ਫਤਵਾ ਦੇਣ ਦੇ ਬਾਵਜੂਦ ਅਜਮੇਰ ਸਿੰਘ ਹਾਲੇ ਵੀ ਇਹ ਕਹਿਣ ਦੀ ਜੁਰਅਤ ਕਰ ਰਹੇ ਹਨ ਕਿ “ਜੋ ਇਨਟੈਂਸ ਡਿਬੇਟ ਚੱਲ ਰਹੀ ਹੈ, ਇੰਟਲੈਕਚੁਅਲ ਵਰਲਡ ਦੇ ਵਿਚ, ਦੁਨੀਆਂ ਪਧਰ ਦੇ ਉਤੇ, ਵੈਸਟ ਦੇ ਵਿਚ ਖਾਸ ਕਰਕੇ, ਅਜਿਹੀ ਸ਼ਾਇਦ ਪਹਿਲਾਂ ਨਹੀਂ ਚਲੀ ਸੀ, ਇਨਲਾਈਟਨਮੈਂਟ ਤੋਂ ਸ਼ਾਇਦ ਪਹਿਲੀਵਾਰ, ਤੇ ਇਸ ਰਗੜ ਵਿਚੋਂ ਸਾਰੀ ਵਿਚੋਂ ਜਰਨੀਇੰਗ ਦੇ ਵਿਚੋਂ ਨੈਚੁਰਲੀ ਰਾਹ ਨਿਕਲਣਗੇ, ਬੜੇ ਬਰੀਲੀਐਂਟ ਮਾਈਂਡ ਇਸ ਗੱਲ ‘ਤੇ ਲਗੇ ਪਏ ਨੇ।”
ਜੇ ਅਕਬਰ ਐਸ਼ ਅਹਿਮਦ ਦਾ ਪਛਮੀ ਸਭਿਅਤਾ ਬਾਰੇ ਉਕਤ ਨਿਰਣਾ ਦਰੁਸਤ ਹੈ ਤਾਂ ਫਿਰ ਅਜਮੇਰ ਸਿੰਘ ਦਾ ਖੁਦ ਅਜੇ ਵੀ ਪਛਮ ਵਲੋਂ ਹੀ ਕਿਸੇ ਨਵੇਂ ਰਾਹ ਦੀ ਆਸ ਕਰਨੀ ਤੇ ਸਿੱਖ ਮਨਾਂ ਨੂੰ ਵੀ ਉਧਰ ਵੇਖਣ ਲਾਈ ਰਖਣਾ, ਕਿਸੇ ਭਰਮ ਤੋਂ ਵਧ ਕੁਝ ਨਹੀਂ? ਕਿਉਂਕਿ ਜਿਸ ਸਭਿਅਤਾ ਦਾ ਆਧਾਰ ਕੋਈ ਮਨੁਖਤਾ ਪਖੀ ਫਿਲਾਸਫੀ ਨਹੀਂ, ਸਗੋਂ ਪੂੰਜੀਵਾਦੀ ਸਾਮਰਾਜੀ ਲੁਟੇਰਾ ਰਾਜਪ੍ਰਬੰਧ ਹੈ, ਜਿਸ ਦਾ ਇਕੋ-ਇਕ ਮੰਤਵ ਮੁਨਾਫਾ ਕਮਾਉਣਾ ਤੇ ਵਧਾਉਣਾ ਹੈ ਤੇ ਜਿਹੜੀ ਸਭਿਅਤਾ ਅੱਜ ਸਮੁਚੀ ਮਨੁਖ ਜਾਤੀ ਨੂੰ ਤਬਾਹੀ ਦੇ ਇਸ ਕੰਢੇ ਲੈ ਆਈ ਹੈ, ਉਹ ਮਨੁਖਤਾ ਨੂੰ ਹੋਰ ਕੀ ਨਵਾਂ ਰਾਹ ਵਿਖਾਏਗੀ? ਜੇ ਅਜਮੇਰ ਸਿੰਘ ਸਿੱਖ ਇਤਿਹਾਸ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਤੋਂ ਵੀ ਜਾਣੂ ਹੁੰਦੇ ਤਾਂ ਪਤਾ ਲਗਦਾ ਕਿ ਅੱਜ ਕਿਸੇ ਨਵੇਂ ਗਿਆਨ ਦੀ ਰੌਸ਼ਨੀ ਦੀ ਕਿਰਨ, ਪਛਮ ਵਲੋਂ ਨਹੀਂ ਸਗੋਂ ਪੂਰਬ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਵਿਚੋਂ ਮਿਲਣੀ ਹੈ। ਜੇ ਆਲਮੀ ਕਮਿਊਨਿਸਟ ਲਹਿਰ ਨੇ ਮਾਰਕਸ-ਏਂਗਲਜ ਦੀ ਫਿਲਾਸਫੀ ਨੂੰ ਅਮਲ ਵਿਚ ਲਿਆਂਦਾ ਹੁੰਦਾ ਤਾਂ ਸ਼ਾਇਦ ਅਜੋਕੀ ਮਨੁਖਤਾ ਇਸ ਸਾਮਰਾਜੀ ਸੰਤਾਪ ਤੋਂ ਬਚ ਜਾਂਦੀ, ਪਰ ਇੰਜ ਨਾ ਹੋ ਸਕਿਆ।
ਹੁਣ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੀ ਮਾਓ-ਜੇ-ਤੁੰਗ ਦੇ ਸਭਿਆਚਾਰਕ ਇਨਕਲਾਬ ਨੂੰ ਅਗੇ ਵਧਾ ਸਕਦੀ ਹੈ ਤੇ ਮਾਰਕਸ-ਏਂਗਲਜ-ਲੈਨਿਨ ਦੀ ਵਿਕਸਿਤ ਕੀਤੀ ਇਨਕਲਾਬੀ ਰਾਜਨੀਤੀ ਵਿਚ ਜਾਨ ਪਾ ਸਕਦੀ ਹੈ। ਮਨੁਖ ਜਾਤੀ ਕੋਲ ਆਪਣੇ ਬਚਾਓ ਦਾ ਸਿਰਫ ਇਹੀ ਇਕ ਰਾਹ ਹੈ। ਕਿਉਂਕਿ ਸਿਰਫ ਇਹੀ ਫਿਲਾਸਫੀ ਮਨੁਖੀ ਜ਼ਿੰਦਗੀ ਨੂੰ ਕੁਦਰਤੀ ਨੇਮਾਂ ਅਨੁਸਾਰੀ ਵਿਉਂਤਣ ਲਈ ਵਚਨਬਧ ਹੈ। ਇਸਲਾਮ ਦੀ ਜਹਾਦੀ ਵਿਆਖਿਆ ਇਸ ਦੀ ਪੁਸ਼ਟੀ ਕਰਦੀ ਹੈ ਤੇ ਮੌਜੂਦਾ ਪੋਪ ਦੀ ਅਗਵਾਈ ਵਿਚ ਇਸਾਈਅਤ ਇਧਰ ਨੂੰ ਜਾ ਰਹੀ ਹੈ। ਡਾæ ਅੰਬੇਦਕਰ ਦੀ ਬ੍ਰਹਮਵਾਦੀ ਫਿਲਾਸਫੀ ਇਸੇ ਦ੍ਰਿਸ਼ਟੀਕੋਣ ਦਾ ਵਿਸਥਾਰ ਹੈ। ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੀ ਭਾਵਨਾ ਵਾਲੀ ਪੂਰਬੀ ਜਮਹੂਰੀਅਤ ਦਾ ਆਧਾਰ, ਇਹੀ ਬ੍ਰਹਮਵਾਦੀ ਫਿਲਾਸਫੀ ਹੈ।