ਡਾæ ਗੁਰਨਾਮ ਕੌਰ, ਕੈਨੇਡਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਹਨ। ਹਥਲੇ ਲੇਖ ਵਿਚ ਉਨ੍ਹਾਂ ਨਿਰੁਕਤ ਸ਼ਾਸਤਰੀ ਬਲਜੀਤ ਬਾਸੀ ਦੇ Ḕਪੰਜਾਬ ਟਾਈਮਜ਼Ḕ ਦੇ 18 ਫਰਵਰੀ ਦੇ ਅੰਕ ਵਿਚ ਛਪੇ ਲੇਖ ‘ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ’ ਦੇ ਹਵਾਲੇ ਨਾਲ ਸਿੱਖਾਂ ਵਿਚ ਆਈ ਧਾਰਮਿਕ ਸੰਕੀਰਣਤਾ ਉਤੇ ਗੰਭੀਰ ਟਿੱਪਣੀਆਂ ਕੀਤੀਆਂ ਹਨ ਕਿ
ਕਿਵੇਂ ਸਿੱਖਾਂ ਦਾ ਇਕ ਵਰਗ ਸਿੱਖ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਉਤੇ ਚੱਲਣ ਦੀ ਥਾਂ ਗੁਰਦੁਆਰਿਆਂ ‘ਤੇ ਕਬਜ਼ੇ ਲਈ ਆਪੋ ਵਿਚ ਲੜਦਿਆਂ ਗੁਰੂ ਗ੍ਰੰਥ ਸਾਹਿਬ ਦਾ ਮਾਣ ਸਤਿਕਾਰ ਹੀ ਭੁੱਲ ਜਾਂਦੇ ਹਨ ਪਰ ਮਾਨਸਿਕ ਸੰਕੀਰਣਤਾ ਕਰਕੇ ਕੁਝ ਲਫਜ਼ਾਂ ਉਤੇ ਹਿੰਦੂ ਲੇਬਲ ਲਾ ਧਰਦੇ ਹਨ। Ḕਪੰਜਾਬ ਟਾਈਮਜ਼Ḕ ਵਿਚ ਸਿੱਖ ਚਿੰਤਕ ਅਜਮੇਰ ਸਿੰਘ ਦੇ ਚਿੰਤਨ ਉਤੇ ਚੱਲ ਰਹੀ ਬਹਿਸ ਵਿਚ ਵੀ ਇਹ ਲੇਖ ਪ੍ਰਸੰਗਿਕ ਹੈ। -ਸੰਪਾਦਕ
ਡਾæ ਗੁਰਨਾਮ ਕੌਰ, ਕੈਨੇਡਾ
ਬਲਜੀਤ ਬਾਸੀ ਇੱਕ ਮਾਹਿਰ ਭਾਸ਼ਾ-ਵਿਗਿਆਨੀ ਹਨ ਅਤੇ ਉਨ੍ਹਾਂ ਦੇ ਲੇਖਾਂ ਵਿਚ ਹਰ ਵਾਰ ਭਾਸ਼ਾ ਸਬੰਧੀ, ਸ਼ਬਦਾਂ ਸਬੰਧੀ ਕੋਈ ਨਾ ਕੋਈ ਗੰਭੀਰ ਅਤੇ ਨਵੀਂ ਜਾਣਕਾਰੀ ਹੁੰਦੀ ਹੈ। ਕੁਝ ਸਿੱਖਣ ਦੀ ਉਤਸੁਕਤਾ ਨਾਲ ਮੈਂ ਹਮੇਸ਼ਾ ਹੀ ਉਨ੍ਹਾਂ ਦਾ ਲੇਖ ਧਿਆਨ ਨਾਲ ਪੜ੍ਹਦੀ ਹਾਂ। ਮੇਰੇ ਆਪਣੇ ਅਨੁਭਵ ਅਨੁਸਾਰ ਵੈਸੇ ਵੀ ‘ਪੰਜਾਬ ਟਾਈਮਜ਼’ ਵਿਚ ਕੁਝ ਛੱਡਣ ਵਾਲਾ ਨਹੀਂ ਹੁੰਦਾ। 18 ਫਰਵਰੀ ਦੇ ‘ਪੰਜਾਬ ਟਾਈਮਜ਼’ ਵਿਚ ਉਨ੍ਹਾਂ ਦਾ ਲੇਖ ‘ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ’ ਪੜ੍ਹਿਆ ਜੋ ਮੇਰੀ ਸਮਝ ਅਨੁਸਾਰ ਸਾਡੀ ਸੌੜੀ ਸੋਚ ਤੇ ਅਲਪ ਬੁੱਧੀ ਨੂੰ ਹਲੂਣਾ ਵੀ ਦਿੰਦਾ ਹੈ ਅਤੇ ਭਾਸ਼ਾ ਨੂੰ ਸਮਝਣ ਦੀ ਪ੍ਰੇਰਨਾ ਵੀ। ਉਨ੍ਹਾਂ ਆਪਣੇ ਲੇਖ ਵਿਚ ਸ਼ ਅਜਮੇਰ ਸਿੰਘ ਦੀ ਟੋਰਾਂਟੋ ਵਿਖੇ ਕੀਤੀ ਰੇਡੀਓ ਗੱਲਬਾਤ ਦੇ ਹਵਾਲੇ ਨਾਲ ਸ਼ਬਦ ‘ਸਿਰੀ-ਸ੍ਰੀ’ ਦੀ ਗੱਲ ਕੀਤੀ ਹੈ ਅਤੇ ਲੇਖ ਪੜ੍ਹਦਿਆਂ ਮੈਨੂੰ ਬਹੁਤ ਸਾਲ ਪਹਿਲਾਂ ਵਾਪਰੀ ਘਟਨਾ ਯਾਦ ਆ ਗਈ।
ਸੰਨ 1990 ਦੇ ਨਵੰਬਰ-ਦਸੰਬਰ ਦੀ ਗੱਲ ਹੈ, ਜਦੋਂ ਮੈਂ ਪੰਜਾਬ ਦੀਆਂ ਤਿੰਨਾਂ ਯੂਨੀਵਰਸਿਟੀਆਂ ਦੇ ਕੁਝ ਵਿਦਵਾਨਾਂ ਨਾਲ ਸਾਬਕਾ ਆਈæਏæਐਸ਼ (ਸਵਰਗੀ) ਸ਼ ਦਲਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਸਟੱਡੀਜ਼ ਨਾਲ ਸਬੰਧਤ ਸੈਮੀਨਾਰਾਂ ਵਿਚ ਹਿੱਸਾ ਲੈਣ ਲਈ ਪਹਿਲੀ ਵਾਰ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਆਈ ਸਾਂ। ਟੋਰਾਂਟੋ ਯੂਨੀਵਰਸਿਟੀ ਵਿਚ ਦੋ ਰੋਜ਼ਾ ਸੈਮੀਨਾਰ ਦੇ ਜਿਸ ਸੈਸ਼ਨ ਵਿਚ ਮੈਂ ਪਰਚਾ ਪੜ੍ਹਨਾ ਸੀ, ਉਸ ਦੀ ਪ੍ਰਧਾਨਗੀ ਸਿੱਖ ਇਤਿਹਾਸਕਾਰ ਡਾæ ਹਰਜਿੰਦਰ ਸਿੰਘ ਦਿਲਗੀਰ ਕਰ ਰਹੇ ਸਨ। ਮੇਰਾ ਪਰਚਾ ‘ਸਿੱਖ ਰੈਵੇਲੇਸ਼ਨ’ ਉਤੇ ਸੀ। ਸੈਮੀਨਾਰ ਪਰੰਪਰਾ ਅਨੁਸਾਰ ਸੈਸ਼ਨ ਦੇ ਅਖੀਰ ਵਿਚ ਪ੍ਰਧਾਨਗੀ ਕਰ ਰਹੀ ਹਸਤੀ ਨੇ ਸੈਸ਼ਨ ਵਿਚ ਪੜ੍ਹੇ ਗਏ ਪਰਚਿਆਂ ‘ਤੇ ਟਿੱਪਣੀਆਂ ਕਰਨੀਆਂ ਹੁੰਦੀਆਂ ਹਨ। ਪਰਚਾ ਪੜ੍ਹਦਿਆਂ ਜਦੋਂ ਮੈਂ ‘ਸ੍ਰੀ ਗੁਰੂ ਨਾਨਕ ਦੇਵ’ ਜਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਕਿਹਾ ਤਾਂ ਪ੍ਰਧਾਨ ਜੀ ਮੈਨੂੰ ਵਿਚੇ ਹੀ ਟੋਕਣ ਲੱਗੇ, “ਸ੍ਰੀ ਸ਼ਬਦ ਨਹੀਂ ਵਰਤਣਾ, ਇਹ ਹਿੰਦੂ ਸ਼ਬਦ ਹੈ।” ਮੈਂ ਕਾਫੀ ਹੈਰਾਨ-ਪ੍ਰੇਸ਼ਾਨ ਹੋਈ।
ਇਸੇ ਸੈਮੀਨਾਰ ਲੜੀ ਦੌਰਾਨ ਦੂਜੀ ਘਟਨਾ ਨਿਊ ਯਾਰਕ ਦੀ ਹੈ। ਉਥੇ ਜਦੋਂ ਪਰਚੇ ਪੜ੍ਹੇ ਜਾਣ ਪਿਛੋਂ ਵਿਦਵਾਨ-ਸਰੋਤਿਆਂ ਨੂੰ ਪ੍ਰਸ਼ਨਾਂ ਲਈ ਸੱਦਾ ਦਿੱਤਾ ਗਿਆ ਤਾਂ ਇਥੇ ਰਹਿੰਦੇ ਇੱਕ ਭਾਈ ਸਾਹਿਬ, ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸਾਈਕਲਿੰਗ ਦੇ ਕੋਚ ਰਹਿ ਚੁਕੇ ਸਨ, ਉਠ ਕੇ ਬੋਲੇ, “ਇਨ੍ਹਾਂ ਸੈਮੀਨਾਰਾਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਵੀ ਉਸੇ ਯੂਨੀਵਰਸਿਟੀ ਵਿਚੋਂ ਆਇਆ ਹਾਂ ਜਿਸ ਵਿਚੋਂ ਡਾæ ਗੁਰਨਾਮ ਕੌਰ ਆਏ ਹਨ। ਮੈਨੂੰ ਪਤਾ ਹੈ, ਯੂਨੀਵਰਸਿਟੀਆਂ ਵਿਚ ਕਿਸ ਦੇ ਕਹਿਣ ‘ਤੇ ਰਿਸਰਚ ਹੁੰਦੀ ਹੈ। ਥੀਸਿਸ ਪਹਿਲਾਂ ਵਾਈਸ ਚਾਂਸਲਰ ਪੜ੍ਹਦਾ ਹੈ, ਫਿਰ ਉਸ ਨੂੰ ਰਾਜੀਵ ਗਾਂਧੀ (ਕਾਂਗਰਸੀ ਪ੍ਰਧਾਨ ਮੰਤਰੀ) ਪੜ੍ਹਦਾ ਹੈ ਤੇ ਸਾਰੀ ਰਿਸਰਚ ਕੇਂਦਰੀ ਸਰਕਾਰ ਦੇ ਹੁਕਮਾਂ ਅਨੁਸਾਰ ਹੁੰਦੀ ਹੈ।”
ਇਸ ਕਥਨ ਨੇ ਮੈਨੂੰ ਪਹਿਲਾਂ ਤੋਂ ਵੀ ਵੱਧ ਪ੍ਰੇਸ਼ਾਨ ਕੀਤਾ ਅਤੇ ਮੈਂ ਤੁਰੰਤ ਉਸ ਨੂੰ ਉਤਰ ਦੇਣ ਲਈ ਅਹੁਲੀ, ਪਰ ਮੈਨੂੰ ਸ਼ ਦਲਜੀਤ ਸਿੰਘ ਨੇ ਰੋਕ ਲਿਆ ਕਿ ਅਸੀਂ ਕਿਸੇ ਨਾਲ ਬਹਿਸ ਨਹੀਂ ਕਰਨੀ। ਮੈਨੂੰ ਉਸ ਦੇ ਇਸ ਕਥਨ ਨੇ ਇਸ ਲਈ ਬਹੁਤ ਪ੍ਰੇਸ਼ਾਨ ਕੀਤਾ ਕਿ ਮੈਂ ਆਪਣੇ ਪੀਐਚæਡੀæ ਦੇ ਤਜ਼ਰਬੇ ਤੋਂ ਜਾਣਦੀ ਸਾਂ ਕਿ ਖੋਜਾਰਥੀ ਨੂੰ ਗਾਈਡ ਲੱਭਣਾ ਪੈਂਦਾ ਹੈ, ਥੀਸਿਸ ਚੈਕ ਕਰਾਉਣ ਲਈ; ਕਿਸੇ ਵੀ ਵਾਈਸ ਚਾਂਸਲਰ ਜਾਂ ਪ੍ਰਧਾਨ ਮੰਤਰੀ ਕੋਲ ਕਿਵੇਂ ਸਮਾਂ ਹੋ ਸਕਦਾ ਹੈ, ਕਿਸੇ ਦਾ ਥੀਸਿਸ ਪੜ੍ਹਨ ਦਾ?
ਮੈਨੂੰ ਡਾæ ਦੀਵਾਨ ਸਿੰਘ (ਮਰਹੂਮ ਪ੍ਰੋਫੈਸਰ ਅਤੇ ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਜੋ ਮੇਰੇ ਦੋ ਨਿਰੀਖਕਾਂ ਵਿਚੋਂ ਇੱਕ ਸਨ ਤੇ 1987 ਵਿਚ ਮੇਰਾ ਪੀਐਚæਡੀ ਦਾ ਵਾਈਵਾ ਲੈਣ ਆਏ ਸਨ, ਦਾ ਕਿਹਾ ਚੇਤੇ ਆ ਗਿਆ। ਜਦੋਂ ਵਾਈਵਾ ਹੋ ਗਿਆ ਤਾਂ ਥੀਸਿਸ ਬੰਦ ਕਰਕੇ ਕਮੇਟੀ ਦੇ ਸਾਹਮਣੇ ਬਜ਼ੁਰਗ ਪ੍ਰੋਫੈਸਰ ਕਹਿੰਦੇ, “ਕੀ ਤੁਸੀਂ ਸਿੱਖਾਂ ਨੂੰ ‘੍ਰeਅਸੋਨ ਸਿਖਾ’ ਪੜ੍ਹਾ ਸਕਦੇ ਹੋ? (ਮੇਰਾ ਪੀਐਚæ ਡੀ ਦਾ ਥੀਸਿਸ “੍ਰeਅਸੋਨ ਅਨਦ ੍ਰeਵeਲਅਟਿਨ ਨਿ ੰਕਿਹਸਿਮ” ਹੈ)।
ਸ਼ ਕਮਲਜੀਤ ਸਿੰਘ, ਫਰੀਮਾਂਟ ਨੇ ਇੱਥੋਂ ਦੇ ਗੁਰਦੁਆਰਿਆਂ ਵਿਚ ਜੋ ਵਾਪਰਦਾ ਹੈ, ਖਾਸ ਕਰਕੇ ਕਮੇਟੀਆਂ ‘ਤੇ ਕਬਜ਼ਾ ਕਰਨ ਲਈ, ਉਸ ਦਾ ਹਵਾਲਾ ਦਿੱਤਾ ਹੈ। ਸੰਨ 1994 ਵਿਚ ਮੈਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਹੋਰ ਵਿਦਵਾਨਾਂ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਤੇ ਅਕਾਲ ਤਖਤ ਸਾਹਿਬ ਦੇ ਤਤਕਾਲੀ ਕਾਰਜਕਾਰੀ ਜਥੇਦਾਰ ਦੀ ਅਗਵਾਈ ਵਿਚ ਦੁਬਾਰਾ ਕਾਨਫਰੰਸਾਂ ਵਿਚ ਹਿੱਸਾ ਲੈਣ ਆਈ। ਨਿਊ ਯਾਰਕ ਕਾਨਫਰੰਸ ਦੇ ਆਖਰੀ ਦਿਨ ਬਹੁਤ ਵੱਡਾ ਇਕੱਠ ਸੀ। ਲਹਿਰ ਦੇ ਸਾਰੇ ਸਿਰਕੱਢ ਲੀਡਰ, ਸਮੇਤ ਸਵਰਗੀ ਸ਼ ਗੰਗਾ ਸਿੰਘ ਢਿੱਲੋਂ ਦੇ, ਪਹੁੰਚੇ ਹੋਏ ਸਨ ਜਿਨ੍ਹਾਂ ਵਿਚੋਂ ਕਈ ਤਾਂ ਆਪਣੇ ਪ੍ਰਾਈਵੇਟ ਹਵਾਈ ਜਹਾਜ਼ ‘ਤੇ ਆਏ ਸਨ। ਸਟੇਜ ਤੋਂ ਖੂਬ ਗਰਮਾ-ਗਰਮ ਭਾਸ਼ਣ ਹੋਏ।
ਨਿਊ ਯਾਰਕ ਤੋਂ ਅਸੀਂ ਟੋਰਾਂਟੋ ਪਹੁੰਚੇ ਅਤੇ ਇੱਕ ਹਫਤੇ ਬਾਅਦ ਵੈਨਕੂਵਰ ਚਲੇ ਗਏ। ਸਾਨੂੰ ਖਬਰ ਮਿਲੀ ਕਿ ਰਿਚਮੰਡ ਹਿੱਲ, ਨਿਊ ਯਾਰਕ ਦੇ ਗੁਰੂ ਘਰ ਵਿਚ ਸਿੱਖਾਂ ਦੇ ਦੋ ਧੜਿਆਂ ਦੀ ਕਬਜ਼ੇ ਲਈ ਲੜਾਈ ਹੋ ਗਈ ਹੈ ਅਤੇ ਪੁਲਿਸ ਬੂਟਾਂ ਸਮੇਤ, ਹੈਲੀਕਾਪਟਰਾਂ ਰਾਹੀਂ ਗੁਰਦੁਆਰੇ ਵਿਚ ਉਤਰੀ। ਲੜਾਈ ਦਾ ਆਲਮ ਇਹ ਸੀ ਕਿ ਹਮਲਾ ਕਰਨ ਆਈ ਪਾਰਟੀ ਨੇ ਚੌਰ ਕਰ ਰਹੇ ਸਿੰਘ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਪਰਵਾਹ ਕੀਤੇ ਬਿਨਾ, ਮੌਰਾਂ ਵਿਚ ਡਾਂਗ ਮਾਰੀ। ਸੁਣਨ ਵਿਚ ਇਹ ਵੀ ਆਇਆ ਕਿ ਨਿਊ ਯਾਰਕ ਦੇ ਸੈਮੀਨਾਰ ਵਿਚ ਯੂਨੀਵਰਸਿਟੀਆਂ ਵਿਚ ਹੋ ਰਹੀ ਖੋਜ ‘ਤੇ ਕਿੰਤੂ-ਪ੍ਰੰਤ ਕਰਨ ਵਾਲਾ ਵੀਰ, ਲੜਾਈ ਕਰਨ ਵਾਲਿਆਂ ਵਿਚ ਮੋਢੀਆਂ ‘ਚੋਂ ਸੀ।
ਕੁਝ ਸਮਾਂ ਪਹਿਲਾਂ ਇਸੇ ਕਿਸਮ ਦੇ ਕਬਜ਼ੇ ਲਈ ਕੈਨੇਡਾ ਦੇ ਜੀæਟੀæਏ (ਗਰੇਟਰ ਟੋਰਾਂਟੋ ਏਰੀਆ) ਦੇ ਇੱਕ ਗੁਰਦੁਆਰੇ ਵਿਚ ਲੜਾਈ ਹੋਈ। ਕਬਜ਼ਾ ਕਰਾਉਣ ਲਈ ਸਿੰਘ ਤਿਆਰ-ਬਰ-ਤਿਆਰ ਹੋ ਕੇ ਮਦਦ ਲਈ ਥੋੜੀ ਦੂਰ ਪੈਂਦੇ ਛੋਟੇ ਸ਼ਹਿਰ ਕਿਚਨਰ ਤੋਂ ਵੀ ਜਥੇ ਦੇ ਰੂਪ ਵਿਚ ਆਏ, ਜਿਨ੍ਹਾਂ ਵਿਚ ਅੰਮ੍ਰਿਤਧਾਰੀ ਕੇਸਕੀਆਂ ਸਜਾਈ ਬੀਬੀਆਂ ਵੀ ਸ਼ਾਮਲ ਸਨ। ਗਹਿਗੱਚ ਲੜਾਈ ਵਿਚ ਕਿਰਪਾਨਾਂ ਚੱਲੀਆਂ, ਦਸਤਾਰਾਂ ਲੱਥੀਆਂ ਅਤੇ ਗੁਰੂ ਦੀ ਬਖਸ਼ਿਸ਼ ਕੇਸ ਵੀ ਖਿਲਰੇ। ਸੰਨ 1984 ਵਿਚ ਫਰਵਰੀ ਦੇ ਅਖੀਰ, ਮਾਰਚ ਦੇ ਸ਼ੁਰੂ ਤੱਕ ਪਹੁੰਚਦਿਆਂ ਹਾਲਾਤ ਇੰਨੇ ਵਿਸਫੋਟਕ ਹੋ ਗਏ ਕਿ ਆਮ ਸਿੱਖ ਵੀ ਭੈ-ਭੀਤ ਸਨ।
ਸਾਡੇ ਪ੍ਰਬੰਧਕੀ ਸਟਾਫ ਵਿਚ ਇੱਕ ਪੂਰਨ ਗੁਰਸਿੱਖ ਭਾਈ ਸਾਹਿਬ ਸਨ ਅਤੇ ਉਨ੍ਹਾਂ ਦੇ ਮਾਤਾ ਜੀ ਦਰਬਾਰ ਸਾਹਿਬ ਦੇ ਨੇੜੇ ਕਿਸੇ ਸਕੂਲ ਵਿਚ ਅਧਿਆਪਕ ਹੋਣ ਕਰਕੇ ਉਨ੍ਹਾਂ ਨੂੰ ਦਰਬਾਰ ਸਾਹਿਬ ਬਾਰੇ ਕਾਫੀ ਜਾਣਕਾਰੀ ਸੀ। ਨਿਰੰਕਾਰੀ ਕਾਂਡ ਵੇਲੇ ਉਹ ਭਾਈ ਫੌਜਾ ਸਿੰਘ ਦੇ ਜਥੇ ਵਿਚ ਸ਼ਾਮਲ ਸਨ। ਇੱਕ ਦਿਨ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਖਾਲਸਾ ਪੰਥ ਨੂੰ ਦਿੱਤੇ ਗਏ ਅਧਿਕਾਰ ਅਨੁਸਾਰ ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਤਾਂ ਬੇਨਤੀ-ਖਾਲਸਈ ਹੁਕਮ ਕਰਕੇ ਮਨਾ ਲਿਆ ਸੀ ਕਿ ਉਹ ਚਮਕੌਰ (ਸਾਹਿਬ) ਦੀ ਗੜ੍ਹੀ ਛੱਡ ਦੇਣ ਅਤੇ ਉਥੋਂ ਕੂਚ ਕਰ ਜਾਣ; ਕੀ ਪੰਜ ਸਿੰਘ ਮਿਲ ਕੇ ਸੰਤਾਂ ਨੂੰ ਬੇਨਤੀ ਨਹੀਂ ਕਰ ਸਕਦੇ ਕਿ ਉਹ ਦਰਬਾਰ ਸਾਹਿਬ ਦੇ ਬਾਹਰੋਂ ਲਹਿਰ ਨੂੰ ਚਲਾਉਣ?
ਖਾਲਿਸਤਾਨ ਦੇ ਹੱਕ ਵਿਚ ਪਾਕਿਸਤਾਨ ਦਾ ਹਵਾਲਾ ਆਮ ਹੀ ਦਿੱਤਾ ਜਾਂਦਾ ਹੈ। ਅੱਜ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਿਆਂ ਦਾ ਜੋ ਹਾਲ ਹੈ, ਉਹ ਤਾਂ ਹਰ ਰੋਜ਼ ਅਖਬਾਰਾਂ ਵਿਚ ਪੜ੍ਹਦੇ ਹੀ ਹਾਂ ਪਰ ਆਮ ਪਾਕਿਸਤਾਨੀ ਆਵਾਮ ਦਾ ਕੀ ਹਾਲ ਹੈ? ਇਹ ਵੀ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਕੋਈ ਵੀ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਦਾ (ਹਾਲ ਹੀ ਵਿਚ ਇਕ ਮਸਜਿਦ ਦੇ ਬਾਹਰ ਬੰਬ ਧਮਾਕੇ ਵਿਚ ਸੌ ਤੋਂ ਵੱਧ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ)। ਸਾਡੇ ਗਵਾਂਢ ‘ਚ ਇੱਕ ਪਾਕਿਸਤਾਨੀ ਸਿੱਖ ਪਰਿਵਾਰ ਰਹਿੰਦਾ ਹੈ। ਉਹ ਪੜ੍ਹਿਆ-ਲਿਖਿਆ ਪਰਿਵਾਰ ਹੈ ਅਤੇ ਭਾਈ ਸਾਹਿਬ ਸ਼ਾਇਦ ਬੈਂਕ ਵਿਚੋਂ ਸੇਵਾ ਮੁਕਤ ਮੈਨੇਜਰ ਹਨ। ਇੱਕ ਦਿਨ ਗੱਲਾਂ ਗੱਲਾਂ ਵਿਚ ਭੈਣ ਜੀ ਦੱਸ ਰਹੇ ਸਨ (ਜਿਵੇਂ ਉਨ੍ਹਾਂ ਦੇ ਬਜ਼ੁਰਗਾਂ ਨੇ ਦੱਸਿਆ ਹੋਵੇਗਾ) ਕਿ ਪਾਕਿਸਤਾਨ ਬਣਨ ਵੇਲੇ ਉਹ ਵੀ ਆਪਣੇ ਪਰਿਵਾਰ ਅਤੇ ਸਮਾਨ ਸਮੇਤ ਭਾਰਤ ਵੱਲ ਤੁਰ ਪਏ ਸੀ। ਰਸਤੇ ਵਿਚ ਪੰਜਾ ਸਾਹਿਬ ਉਨ੍ਹਾਂ ਦੀ ਸੱਸ ਦੇ ਪੇਕੇ ਸਨ ਅਤੇ ਉਨ੍ਹਾਂ ਦੇ ਜ਼ੋਰ ਪਾਉਣ ‘ਤੇ ਉਹ ਵੀ ਉਥੇ ਹੀ ਠਹਿਰ ਗਏ, ਤੇ ਪਾਕਿਸਤਾਨ ਵਿਚ ਹੀ ਰਹਿ ਗਏ। ਉਨ੍ਹਾਂ ਦੀ ਵੱਡੀ ਬੇਟੀ ਉਥੇ ਹੀ ਹੈ ਪਰ ਬਾਕੀ ਧੀਆਂ-ਪੁੱਤਰ ਕੈਨੇਡਾ ਹਨ। ਕਹਿੰਦੇ, ਮੇਰੀ ਵੱਡੀ ਬੇਟੀ ਹਮੇਸ਼ਾ ਕਹਿੰਦੀ ਹੈ ਕਿ ਮਾਂ ਜਾਂ ਤੇ ਸਾਨੂੰ ਹਿੰਦੁਸਤਾਨ ਚਲੇ ਜਾਣਾ ਚਾਹੀਦਾ ਸੀ ਤੇ ਜਾਂ ਫਿਰ ਮੁਸਲਮਾਨ ਬਣ ਜਾਂਦੇ। ਉਹ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਦੀ ਬੇਟੀ ਡਾਕਟਰ ਬਣਨਾ ਚਾਹੁੰਦੀ ਸੀ ਅਤੇ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ ਪਰ ਉਨ੍ਹਾਂ ਆਪਣੀ ਬੱਚੀ ਨੂੰ ਡਰਦਿਆਂ ਘਰੋਂ ਬਾਹਰ ਨਹੀਂ ਕੱਢਿਆ ਤੇ ਪੜ੍ਹਨੋਂ ਹਟਾ ਲਿਆ। ਇਸ ਤੋਂ ਸਹਿਜੇ ਹੀ ਕਈ ਗੱਲਾਂ ਦੀ ਸਮਝ ਲੱਗ ਸਕਦੀ ਹੈ।
ਲੱਖਾਂ ਦੇ ਹਿਸਾਬ ਨਾਲ ਪੰਜਾਬੀ ਸਿੱਖ ਅੱਜ ਪਰਦੇਸਾਂ ਵਿਚ ਬੈਠੇ ਹਨ ਜੋ ਉਥੋਂ ਦੇ ਪੱਕੇ ਸ਼ਹਿਰੀ ਵੀ ਹਨ। ਇਸ ਤੋਂ ਬਿਨਾ ਬਹੁਤ ਸਾਰੇ ਅਮਰੀਕਨ ਮੂਲ ਦੇ ਸਿੱਖ, ਮੈਕਸੀਕਨ, ਜਰਮਨ, ਬੈਲਜੀਅਮ ਅਤੇ ਬ੍ਰਾਜੀਲੀਅਨ ਸਿੱਖ ਹਨ। ਇੱਥੋਂ ਤੱਕ ਕਿ ਜਪਾਨੀ ਮੂਲ ਦੀਆਂ ਦੋ ਸਿੱਖ ਬੀਬੀਆਂ-ਕੁਦਰਤਿ ਕੌਰ ਅਤੇ ਦਲਜੀਤ ਕੌਰ ਨੂੰ ਮੈਂ ਮਿਲੀ ਵੀ ਹੋਈ ਹਾਂ। ਉਨ੍ਹਾਂ ਦੀ ਕਿਹੜੀ ਕੌਮੀਅਤ, ਕਿਸ ਆਧਾਰ ‘ਤੇ ਮੰਨੀ ਜਾਵੇਗੀ?
ਭਾਸ਼ਾ ਦਾ ਸਬੰਧ ਆਮ ਤੌਰ ‘ਤੇ ਕਿਸੇ ਇਲਾਕੇ ਜਾਂ ਖਿੱਤੇ ਨਾਲ ਹੁੰਦਾ ਹੈ ਜੋ ਉਥੋਂ ਦੇ ਵਸਨੀਕਾਂ ਦੀ ਸਾਂਝੀ ਹੁੰਦੀ ਹੈ। ਇਸ ਦਾ ਸਬੰਧ ਧਰਮ ਨਾਲ ਘੱਟ ਪਰ ਲੋਕਾਂ ਅਤੇ ਖਿੱਤੇ ਨਾਲ ਵੱਧ ਹੁੰਦਾ ਹੈ। ਜਦੋਂ ਉਸ ਬੋਲੀ ਵਿਚ ਕਿਸੇ ਧਰਮ ਗ੍ਰੰਥ ਦੀ ਰਚਨਾ ਹੋ ਜਾਂਦੀ ਹੈ ਤਾਂ ਉਹ ਹੋਰ ਜ਼ਿਆਦਾ ਸਤਿਕਾਰਯੋਗ ਹੋ ਜਾਂਦੀ ਹੈ। ਸ਼ਬਦ ਉਹ ਹੀ ਹੁੰਦੇ ਹਨ ਪਰ ਹਰ ਧਾਰਮਿਕ ਪਰੰਪਰਾ ਅਨੁਸਾਰ ਉਸ ਵਿਚ ਵਰਤੀ ਗਈ ਸ਼ਬਦਾਵਲੀ ਦਾ ਸੰਕਲਪਾਂ ਦੇ ਰੂਪ ਵਿਚ ਅਰਥਾਂ ਦਾ ਤਬਾਦਲਾ (ਟਰਾਂਸਫਰਮੇਸ਼ਨ) ਹੋ ਜਾਂਦਾ ਹੈ। ਬਲਜੀਤ ਬਾਸੀ ਨੇ ਵੀ ਇਸ ਵੱਲ ਇਸ਼ਾਰਾ ਕੀਤਾ ਹੈ। ਮਿਸਾਲ ਵਜੋਂ ਹਿੰਦੂ ਪਰੰਪਰਾ ਵਿਚ ਦੇਵਤਿਆਂ ਲਈ ਵਰਤੇ ਗਏ ਖਾਸ ਸ਼ਬਦ ਜਦੋਂ ਬਾਣੀ ਵਿਚ ਵਰਤੇ ਗਏ ਤਾਂ ਜਿਵੇਂ ਗੋਬਿੰਦ, ਗੋਪਾਲ, ਵਿਸ਼ਨੂੰ, ਰਾਮ, ਬੀਠਲ ਆਦਿ ਦੇ ਅਰਥਾਂ ਦਾ ਬਿਲਕੁਲ ਤਬਾਦਲਾ ਹੋ ਗਿਆ ਅਤੇ ਉਹ ਦੇਵਤਿਆਂ ਦੇ ਪ੍ਰਤੀਕ ਨਾ ਹੋ ਕੇ ਅਕਾਲ ਪੁਰਖ ਦੇ ਪ੍ਰਤੀਕ ਬਣ ਗਏ। ਇਸੇ ਤਰ੍ਹਾਂ ਸ਼ਬਦ ‘ਬ੍ਰਹਮ’ ਅਤੇ ‘ਆਤਮਾ’ ਵੈਦਿਕ ਸ਼ਾਸਤਰਾਂ ਵਿਚ ਵੀ ਵਰਤੇ ਗਏ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਏ ਹਨ ਪਰ ਸੰਕਲਪਕ ਰੂਪ ਵਿਚ ਇਨ੍ਹਾਂ ਦੀ ਵੈਦਿਕ ਸ਼ਾਸਤਰਾਂ ਨਾਲੋਂ ਬਿਲਕੁਲ ਟਰਾਂਸਫਰਮੇਸ਼ਨ ਹੋ ਗਈ ਹੈ ਅਤੇ ਇਨ੍ਹਾਂ ਦੇ ਸੰਕਲਪਕ ਅਰਥ ਹਿੰਦੂ ਪਰੰਪਰਾ ਨਾਲੋਂ ਬਿਲਕੁਲ ਵਿਲੱਖਣ ਹਨ। ਇਹੀ ਨਹੀਂ, ਵੈਦਿਕ ਸ਼ਾਸਤਰਾਂ ਵਿਚ ਵੀ ਸੰਕਲਪਕ ਰੂਪ ਵਿਚ ਉਨ੍ਹਾਂ ਹੀ ਸ਼ਬਦਾਂ ਦੀ ਇੱਕ ਦੀ ਦੂਸਰੇ ਸ਼ਾਸਤਰ ਨਾਲੋਂ ਬਿਲਕੁਲ ਭਿੰਨਤਾ ਹੈ। ਇਹ ਕਹਿਣਾ ਕਿ ਇਹ ਹਿੰਦੂ ਸ਼ਬਦ ਹਨ, ਉਸੇ ਕਿਸਮ ਦੇ ਅਗਿਆਨ ਦਾ ਮੁਜਾਹਰਾ ਹੈ ਜਿਸ ਤਰ੍ਹਾਂ ਆਰæਐਸ਼ਐਸ਼ ਨੇਤਾ ਦੇ ਇਸ ਬਿਆਨ ਵਿਚ ਹੈ ਕਿ ਹਿੰਦੁਸਤਾਨ ਵਿਚ ਰਹਿਣ ਵਾਲੇ ਸਾਰੇ ਵਾਸੀ ‘ਹਿੰਦੂ’ ਹਨ। ‘ਹਿੰਦੂ’ ਹੋਣ ਅਤੇ ‘ਹਿੰਦੁਸਤਾਨੀ’ ਹੋਣ ਵਿਚ ਬਹੁਤ ਫਰਕ ਹੈ। ਖੈਰ! ਇਹ ਵੱਖਰਾ ਵਿਸ਼ਾ ਹੈ।
ਇੱਕ ਹੋਰ ਦਿਲਚਸਪ ਤੱਥ ਦਾ ਮੈਂ ਜ਼ਿਕਰ ਕਰਨਾ ਚਾਹਾਂਗੀ। ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਦੁੱਖ-ਸੁੱਖ ਵਿਚ, ਬੈਠਦਿਆਂ-ਉਠਦਿਆਂ, ਰੈਣ ਸਬਾਈ ਕੀਰਤਨ ਵਿਚ, ਅਰਦਾਸ ਵਿਚ ‘ਵਾਹਿਗੁਰੂ ਵਾਹਿਗੁਰੂ’ ਸ਼ਬਦ ਦਾ ਜਾਪ ਕਰਦੇ ਹਾਂ, ਉਸ ਅਕਾਲ ਪੁਰਖ ਨੂੰ ਯਾਦ ਕਰਨ ਲਈ। ‘ਵਾਹਿਗੁਰੂ’ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੈ, ਸਿਰਫ ਭੱਟ ਬਾਣੀ ਵਿਚ:
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥
ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ
ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥੨॥੭॥ (ਪੰਨਾ 1402)
ਸਿੱਖ ਵਿਦਵਾਨਾਂ-ਗਿਆਨੀ ਗੁਰਦਿੱਤ ਸਿੰਘ ਅਤੇ ਪ੍ਰੋæ ਸਾਹਿਬ ਸਿੰਘ ਅਨੁਸਾਰ “ਪੰਜਾਬ ਦੇ ਭੱਟ ਜਾਤਿ ਦੇ ਸਾਰਸੁਤ ਬ੍ਰਾਹਮਣ ਸਨ। ਉਹ ਆਪਣੀ ਉਤਪਤੀ ਕੌਸ਼ਸ਼ ਰਿਸ਼ੀ ਤੋਂ ਦੱਸਦੇ ਹਨ। ਉਚੀਆਂ ਜਾਤਾਂ ਦੇ ਬ੍ਰਾਹਮਣ, ਭੱਟਾਂ ਨੂੰ ਆਪਣੇ ਤੋਂ ਨੀਵੀਂ ਜਾਤ ਦੇ ਬ੍ਰਾਹਮਣ ਸਮਝਦੇ ਹਨ। ਇਹ ਲੋਕ ਸਰਸਵਤੀ ਨਦੀ ਦੇ ਕੰਢੇ ਵੱਸੇ ਹੋਏ ਸਨ। ਇਹ ਨਦੀ ਪਹਿਲਾਂ ਪਹੋਏ (ਜ਼ਿਲਾ ਕਰਨਾਲ) ਕੋਲੋਂ ਦੀ ਵਗਦੀ ਸੀ। ਜੋ ਭੱਟ ਨਦੀ ਦੇ ਉਰਲੇ ਪਾਸੇ ਵੱਸਦੇ ਸਨ, ਉਹ ਸਾਰਸੁਤ ਅਤੇ ਜੋ ਪਾਰਲੇ ਪਾਸੇ ਵੱਸਦੇ ਸਨ, ਉਹ ਗੌੜ ਅਖਵਾਉਣ ਲੱਗ ਪਏ।” (ਭੱਟ ਵਹੀ ਅਨੁਸਾਰ ਭੱਟਾਂ ਬਾਰੇ ਹੋਰ ਜਾਣਕਾਰੀ ਵੀ ਪ੍ਰਾਪਤ ਹੈ)।
ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਅੰਗਰੇਜ਼ਾਂ ਦੀ ਸਰਪ੍ਰਸਤੀ ਵਿਚ ਮਹੰਤਾਂ ਦੇ ਗੁਰਦੁਆਰਿਆਂ ‘ਤੇ ਕਬਜ਼ੇ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਅਤੇ ਗੁਰਦੁਆਰਿਆਂ ਦੇ ਸੁਧਾਰ ਹਿੱਤ ਅਕਾਲੀ ਲਹਿਰ ਚੱਲੀ ਜਿਸ ਵਿਚ ਬੱਬਰ ਅਕਾਲੀਆਂ ਨੇ ਵਧ-ਚੜ੍ਹ ਕੇ ਹਿੱਸਾ ਪਾਇਆ। ਸਿੰਘਾਂ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ। ਉਹ ਆਦਰਸ਼ਵਾਦੀ ਸਨ ਤੇ ਕਿਸੇ ਆਦਰਸ਼ ਲਈ ਸ਼ਹੀਦੀਆਂ ਦਿੱਤੀਆਂ। ਕੀ ਉਨ੍ਹਾਂ ਨੇ ਕਦੀ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਵਾਰਿਸ ਅਕਾਲੀ ਪਾਰਟੀ ਅਜਿਹੀ ਹੋਵੇਗੀ, ਜਿਹੋ ਜਿਹੀ ਅੱਜ ਹੈ? ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਇਹ ਹਨ ਕਿ ਪੰਜਾਬ ਦੀ ਜੁਆਨੀ ਅੱਜ ਨਸ਼ਿਆਂ ਦੀ ਮਾਰ ਹੇਠ ਹੈ, ਕਿਸਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੈ, ਧੀਆਂ-ਭੈਣਾਂ ਦੀ ਬੇਹੁਰਮਤੀ ਨਿੱਤ ਦਿਹਾੜੇ ਹੋ ਰਹੀ ਹੈ, ਲੋਕਾਂ ਦੀ ਜਾਨ-ਮਾਲ ਸੁਰੱਖਿਅਤ ਨਹੀਂ ਹੈ, ਬੇਰੁਜ਼ਗਾਰੀ ਨੇ ਜੁਆਨੀ ਦਾ ਲੱਕ ਤੋੜ ਦਿੱਤਾ ਹੈ ਅਤੇ ਨੌਜੁਆਨ ਪੀੜ੍ਹੀ ਹਰ ਹਾਲ ਉਥੋਂ ਭੱਜਣਾ ਚਾਹੁੰਦੀ ਹੈ। ਪੰਜਾਬ ਦਾ ਪਾਣੀ, ਹਵਾ, ਮਿੱਟੀ-ਸਭ ਦੂਸ਼ਿਤ ਹੋ ਗਿਆ ਹੈ ਅਤੇ ਪੰਜਾਬ ਕੈਂਸਰ ਵਰਗੇ ਭਿਆਨਕ ਰੋਗਾਂ ਦੀ ਮਾਰ ਹੇਠ ਹੈ। ਇਹ ਸਭ ਪੰਥਕ ਕਹਾਉਂਦੀ ਅਕਾਲੀ ਸਰਕਾਰ ਦੇ 10 ਸਾਲ ਦੇ ਰਾਜ ਵਿਚ ਵਾਪਰਿਆ ਹੈ। ਪੰਜਾਬ ਦੀ ਏਨੀ ਲੁੱਟ-ਖਸੁੱਟ ਅਤੇ ਦੁਰਗਤੀ ਪਹਿਲਾਂ ਕਦੇ ਨਹੀਂ ਹੋਈ! ਇਸ ਵੇਲੇ ਦੀ ਸਭ ਤੋਂ ਵੱਡੀ ਜ਼ਰੂਰਤ ਪੰਜਾਬ ਨੂੰ ਮੁੜ ਲੀਹ ‘ਤੇ ਲਿਆਉਣ ਦੀ ਹੈ ਜਿਸ ਬਾਰੇ ਪ੍ਰੋæ ਪੂਰਨ ਸਿੰਘ ਨੇ ਕਿਹਾ ਸੀ, “ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ।”
ਬਲਜੀਤ ਬਾਸੀ ਭਾਸ਼ਾ ਵਿਗਿਆਨ (ਨਿਰੁਕਤ ਸ਼ਾਸਤਰ) ਦੇ ਜਾਦੂਗਰ ਹਨ ਅਤੇ ਮੇਰੀ ਬੇਨਤੀ ਹੈ ਕਿ ਉਹ ਕੌਰ, ਕੁਮਾਰ ਅਤੇ ਕੰਵਰ ਸ਼ਬਦਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਉਣ ਤਾਂ ਚੰਗਾ ਹੋਵੇਗਾ।