ਮਾਨਵਤਾ ਦਾ ਪੰਘੂੜਾ-ਮਾਂ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਛਪਦੀਆਂ ਆਪਣੀਆਂ ਲਿਖਤਾਂ ਵਿਚ ਘਰ ਦੀਆਂ ਬਰਕਤਾਂ, ਘਰ ਦੇ ਬੂਹੇ ਅਤੇ ਵਿਹੜੇ ਦੀਆਂ ਸਿਫਤਾਂ ਕਰ ਚੁਕੇ ਹਨ। ਉਨ੍ਹਾਂ ਕੰਧਾਂ ਦੀ ਵਾਰਤਾ ਸੁਣਾਉਂਦਿਆਂ ਕਿਹਾ ਸੀ ਕਿ

ਕੰਧਾਂ ਇਤਿਹਾਸ ਤੇ ਅਕੀਦਤਯੋਗ ਥਾਂਵਾਂ ਬਣਦੀਆਂ ਨੇ। ਕਮਰੇ ਬਾਰੇ ਉਨ੍ਹਾਂ ਲਿਖਿਆ ਸੀ ਕਿ ਕੋਈ ਕਮਰਾ, ਕਿਸੇ ਨੂੰ ਨੈਲਸਨ ਮੰਡੇਲਾ, ਭਗਤ ਸਿੰਘ, ਜੈ ਪ੍ਰਕਾਸ਼ ਨਰਾਇਣ ਜਾਂ ਸੂ ਕੁਈ ਬਣਾ ਕੇ ਲੋਕਾਂ ਦੇ ਸਨਮੁਖ ਕਰਦਾ ਏ ਜੋ ਸਮੇਂ ਦੀਆਂ ਮੁਹਾਰਾਂ ਮੋੜਨ ਦੇ ਸਮਰੱਥ ਹੁੰਦੇ ਨੇ। ਪਿਛਲੇ ਲੇਖ ਵਿਚ ਉਨ੍ਹਾਂ ਨਸੀਹਤ ਕੀਤੀ ਸੀ ਕਿ ਦਸਤਕ ਦੀ ਦਾਸਤਾਨ ਜ਼ਰੂਰ ਸੁਣਿਓ ਤਾਂ ਕਿ ਤੁਸੀਂ ਕਦੇ ਤਾਂ ਦਸਤਕ ਦੇ ਰੂ-ਬ-ਰੂ ਹੋ, ਆਪਣੇ ਸਾਹਾਂ ਉਤੇ ਨਰੋਏ ਨਕਸ਼ਾਂ ਦੀ ਇਬਾਦਤ ਲਿਖ ਸਕੋ। ਹਥਲੇ ਲੇਖ ਵਿਚ ਉਨ੍ਹਾਂ ਮਾਂ ਦੀ ਮਮਤਾ ਦੇ ਨਿੱਘ ਦੀ ਗੱਲ ਕਰਦਿਆਂ ਕਿਹਾ ਹੈ ਕਿ ਮਾਂ, ਸਿਰਫ ਮਾਂ ਹੁੰਦੀ ਏ ਜੋ ਸਭ ਤੋਂ ਵੱਡੀ ਦਾਤੀ ਹੁੰਦਿਆਂ ਵੀ ਨਿਮਾਣੀ ਬਣੀ ਰਹਿੰਦੀ ਏ। ਇਸ ਨੂੰ ਫਿਰਕਿਆਂ, ਜਾਤਾਂ ਜਾਂ ਵਰਣਾਂ Ḕਚ ਨਹੀਂ ਵੰਡਿਆ ਜਾ ਸਕਦਾ ਕਿਉਂਕਿ ਮਾਂ ਦਾ ਧਰਮ ਹੁੰਦਾ ਏ, ਮਾਨਵਤਾ ਨੂੰ ਤਾਮੀਰ ਕਰਨਾ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਕੰਧ Ḕਤੇ ਲਟਕ ਰਹੀ ਤਸਵੀਰ। ਗੋਦ Ḕਚ ਬੱਚੇ ਨੂੰ ਦੁੱਧ ਚੁੰਘਾ ਰਹੀ ਮਾਂ। ਬੱਚੇ ਦੇ ਮੁਖੜੇ ‘ਤੇ ਝਲਕਦੀ ਤ੍ਰਿਪਤੀ ਅਤੇ ਮਾਂ ਦੇ ਚਿਹਰੇ Ḕਤੇ ਸੰਪੂਰਨਤਾ ਤੇ ਸਕੂਨ ਦਾ ਅਹਿਸਾਸ। ਬੱਚੇ ਦੇ ਆਲੇ-ਦੁਆਲੇ ਫੈਲਿਆ ਉਸ ਦਾ ਸੰਸਾਰ ਅਤੇ ਸੁੱਖਨਵਰ ਪਲਾਂ ਦੀ ਬਹਾਰ। ਤਸਵੀਰ ਦੇ ਹੇਠਾਂ ਲਿਖਿਆ ਸਮਿਆਂ ਦਾ ਸੱਚ, “ਮਾਂ ਦੀ ਸੋਚ, ਮਾਨਵਤਾ ਦਾ ਪੰਘੂੜਾ ਏ। ਇਸ ਵਿਚ ਮਨੁੱਖੀ ਸਭਿਅਤਾ ਦਾ ਮੁਹਾਂਦਰਾ ਸਿਰਜਿਆ ਅਤੇ ਨਿਖਾਰਿਆ ਜਾਂਦਾ ਏ।”
ਮਾਂ ਇਕ ਸੇਧ ਏ, ਜੀਵਨ ਅਰਸ਼ Ḕਤੇ ਪਹਿਲਾ ਨਕਸ਼ ਉਲੀਕਣ ਵਾਲੇ ਜੀਵ ਲਈ। ਜੀਵਨ-ਜਾਚ, ਬਿਲਕੁਲ ਕੋਰੇ ਜੀਵਨ-ਮਾਰਗੀਆਂ ਲਈ। ਆਸ ਏ, ਤੁਰਨ ਦੀ ਕੋਸ਼ਿਸ਼ Ḕਚ ਰੁੱਝੇ ਜੁਆਕ ਦੀ ਅਤੇ ਇਕ ਅਗਲੇਰਾ ਕਦਮ ਏ ਰਿੜ੍ਹ ਰਹੇ ਬਾਲਕ ਲਈ।
ਮਾਂ, ਪਿਆਰ ਦਾ ਭਰ ਵਗਦਾ ਦਰਿਆ ਏ ਜੋ ਹਰ ਇਕ ਨੂੰ ਨੀਰ ਤੇ ਨੂਰ ਵੰਡਦਾ, ਸਮਿਆਂ ਦੇ ਵਿਹੜੇ ਨੂੰ ਭਾਗ ਲਾਉਂਦਾ, ਮਨੁੱਖਤਾ ਦੀ ਚਿਰੰਜੀਵਤਾ ਦਾ ਪੈਗਾਮ, ਧਰਤ ਦੇ ਨਾਮ ਲਾਉਂਦਾ ਏ। ਇਹ ਵਗਦਾ ਨਿਰਮਲ ਨੀਰ, ਬੁੱਕੋ-ਬੁੱਕ ਮੋਹ-ਮੁਹੱਬਤ ਵੰਡਦਿਆਂ ਵੀ, ਭਰਿਆ-ਭੁਕੰਨਾ ਰਹਿੰਦਾ ਏ।
ਮਾਂ ਜਨਮ ਹੀ ਨਹੀਂ ਦਿੰਦੀ, ਸੋਚ ਵੀ ਦਿੰਦੀ ਏ ਅਤੇ ਹੋਸ਼ ਵੀ। ਮਾਂ ਦੇ ਮਨ ਦੀਆਂ ਭਾਵਨਾਵਾਂ ਕੁੱਖ Ḕਚ ਪਲਦੇ ਬੱਚੇ ਨੂੰ ਪ੍ਰਭਾਵਿਤ ਕਰਦੀਆਂ, ਉਸ ਦਾ ਵਰਤਮਾਨ ਵੀ ਨਿਸ਼ਚਿਤ ਕਰਦੀਆਂ ਨੇ ਅਤੇ ਭਵਿੱਖ ਵੀ। ਮਾਂ ਦੀ ਸੋਚ ਦੀਆਂ ਤੰਦਾਂ, ਅਣਜੰਮੇ ਬੱਚੇ ਦਾ ਤਸੱਵੁਰ ਕਰਦੀਆਂ, ਉਸ ਨਾਲ ਲਾਡ ਲਡਾਉਂਦੀਆਂ ਨੇ। ਮਾਂ, ਜਦੋਂ ਕੁੱਖ Ḕਤੇ ਹੱਥ ਫੇਰ, ਕੁੱਖ ਵਿਚਲੇ ਬੱਚੇ ਦੇ ਵਿਕਾਸ ਨੂੰ ਕਿਆਸਦੀ ਏ ਤਾਂ ਉਸ ਦੇ ਜ਼ਿਹਨ Ḕਚ ਉਤਰਦੇ ਨੇ ਵੱਖੋ ਵੱਖਰੇ ਨਾਂ, ਖਿਡੌਣਿਆਂ ਦੀ ਲੰਮੀ ਸੂਚੀ ਅਤੇ ਸੁਚੱਜੀ ਪਰਵਰਿਸ਼ ਲਈ ਯੋਗ ਵਿਉਂਤਬੰਦੀ।
ਮਾਂ ਮਨੁੱਖਤਾ ਦੀ ਜਨਮਜਾਤੀ ਏ। ਮਨੁੱਖ ਦੇ ਸਮੁੱਚੇ ਸੰਸਕਾਰ, ਮਨੁੱਖੀ ਵਿਹਾਰ ਅਤੇ ਉਸ ਦਾ ਕਿਰਦਾਰ, ਮਾਂ ਦੀ ਦੇਣ ਏ। ਮਾਂ ਦੀ ਗੋਦ ਹੀ ਨਿਸ਼ਚਿਤ ਕਰਦੀ ਏ ਕਿ ਬੱਚਾ ਇਨਸਾਨ ਬਣੇਗਾ ਕਿ ਹੈਵਾਨ, ਦਰਿੰਦਾ ਬਣੇਗਾ ਕਿ ਰਹਿਮਦਿਲ, ਅਫਸਰ ਬਣੇਗਾ ਕਿ ਮਜ਼ਦੂਰ ਜਾਂ ਪਹਿਚਾਣ ਬਣੇਗਾ ਕਿ ਮਿਟਿਆ ਹੋਇਆ ਨਾਮੋ-ਨਿਸ਼ਾਨ।
ਮਾਂ, ਮੁਹੱਬਤੀ ਪਲਾਂ ਦੀ ਅਜਿਹੀ ਆਬਸ਼ਾਰ ਏ ਜੋ ਜੀਵਨ ਦੇ ਅਹਿਸਾਸਾਂ ਨੂੰ ਤਾਜ਼ਗੀ ਬਖਸ਼, ਮਨੁੱਖੀ ਸਰੋਕਾਰਾਂ ਦਾ ਮੁਹਾਂਦਰਾ ਪਲੋਸਦੀ ਏ।
ਮਮਤਾ-ਮਈ ਸਰੋਕਾਰ, ਮਾਂ ਦੇ ਵਿਚਾਰਾਂ ਦੀ ਸ਼ੁੱਧਤਾ ਅਤੇ ਉਚਮਤਾ, ਉਸ ਦੇ ਖਿਆਲਾਂ ਵਿਚਲੀ ਪਾਕੀਜ਼ਗੀ ਬੱਚੇ ਦੀ ਸੋਚ ਦਾ ਨਿਰਮਾਣ ਕਰਦੀ, ਉਸ ਲਈ ਨਿੱਗਰ ਧਰਾਤਲ ਬਣਦੀ ਏ। ਨਰੋਈ ਸੋਚ ਵਾਲੀ ਮਾਂ ਦੇ ਬੱਚੇ, ਨਰੋਈਆਂ ਸੋਚਾਂ ਦੇ ਅਲੰਬਰਦਾਰ ਬਣਦੇ ਨੇ।
ਬੱਚੇ ਦੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ Ḕਚ ਰੁੱਝੀ ਹੋਈ, ਤੋਤਲੇ ਬੋਲਾਂ ਨਾਲ ਹੁੰਗਾਰਾ ਭਰਦੀ, ਬੱਚੇ ਦੇ ਪਹਿਲਾ ਕਦਮ ਪੁੱਟਣ ਦੀ ਪ੍ਰਾਪਤੀ Ḕਤੇ ਰਸ਼ਕ ਕਰਦੀ ਮਾਂ ਨੂੰ ਕਿਤੇ ਅਛੋਪਲੇ ਜਿਹੇ ਨਿਹਾਰਿਓ, ਤੁਹਾਨੂੰ ਦੁਨਿਆਵੀ ਖੁਸ਼ੀਆਂ ਦਾ ਅਸੀਮ ਅੰਬਰ ਖਲਾਅ ਨਜ਼ਰ ਆਵੇਗਾ। ਇਕ ਦੂਜੇ Ḕਚੋਂ ਤ੍ਰਿਪਤੀ ਦੇ ਭਾਵਾਂ ਨਾਲ ਲਬਰੇਜ਼ ਮਾਂ-ਬੱਚਾ, ਦੁਨਿਆਵੀ ਸਰੋਕਾਰਾਂ ਤੋਂ ਬਹੁਤ ਉਪਰ ਉਠ ਜ਼ਿੰਦਗੀ ਦੇ ਮਾਸੂਮ, ਰੰਗੀਨ ਤੇ ਹੁਸੀਨ ਪਲਾਂ ਦੀ ਇਬਾਦਤ ਸਿਰਜਦੇ ਨੇ।
ਮਾਂ, ਸਦਾਬਹਾਰ ਫਲਸਫਾ ਏ ਜਿਉਣ ਦਾ, ਥੀਣ ਦਾ। ਮਾਂ ਦੀ ਜੀਵਨ-ਸ਼ੈਲੀ Ḕਚ ਜੀਵਨ ਦੇ ਸਮੁੱਚ ਦੀ ਸਾਰਥਿਕਤਾ ਨੂੰ ਉਪਜਾਉਣ ਦਾ ਹੁਨਰ ਏ।
ਮਾਂ, ਧਰਤੀ ਉਪਰ ਸਾਖਸ਼ਾਤ ਰੱਬ ਏ ਜੋ ਮਨੁੱਖ ਨੂੰ ਜਨਮ ਦਿੰਦੀ, ਪਾਲਦੀ, ਪੋਸਦੀ ਤੇ ਮਨੁੱਖ ਲਈ ਸਭੈ ਨਿਆਮਤਾਂ ਦੇ ਦਰ ਖੋਲ੍ਹ, ਚੰਗੇਰੇ ਜੀਵਨ ਲਈ ਖੈਰਾਂ ਵੀ ਮੰਗਦੀ ਏ ਅਤੇ ਨਰੋਈਆਂ ਮੰਜ਼ਿਲਾਂ ਦਾ ਸਿਰਨਾਵਾਂ ਵੀ ਮਸਤਕ ਵਿਚ ਟਿਕਾਉਂਦੀ ਏ।
ਮਾਂ ਇਕ ਵਰਦਾਨ ਏ, ਖੁਦਾ ਦੀ ਦਰਗਾਹ Ḕਚ ਗੂੰਜਦੀ ਅਜ਼ਾਨ ਏ, ਮਾਸੂਮਾਂ ਦੇ ਭਾਵਾਂ ਦੀ ਪਰਵਾਜ਼ Ḕਚ ਰੁੱਝਿਆ ਭਗਵਾਨ ਏ ਅਤੇ ਸੋਚ ਤੇ ਹੋਸ਼ Ḕਚ ਰਚ ਚੁਕੀ ਕੁਰਾਨ ਏ।
ਮਾਂਵਾਂ ਇਤਿਹਾਸ ਦੀਆਂ ਸਿਰਜਣਹਾਰੀਆਂ ਹੁੰਦੀਆਂ ਨੇ। ਉਨ੍ਹਾਂ ਦੀ ਸੁਲੱਖਣੀ ਕੁੱਖ ਹੀ ਵਕਤ ਦੀਆਂ ਮੁਹਾਰਾਂ ਮੋੜਨ ਦੇ ਸਮਰੱਥ ਹੁੰਦੀ ਏ। ਮਾਤਾ ਗੁਜ਼ਰੀ ਵਰਗੀ ਮਾਂ, ਆਪਣੇ ਪਤੀ, ਪੁੱਤਰ ਤੇ ਪੋਤਰਿਆਂ ਦੀ ਕੁਰਬਾਨੀ ਤੋਂ ਸਦਕੇ ਜਾਂਦੀ, ਇਤਿਹਾਸ ਦੇ ਵਰਕਿਆਂ Ḕਤੇ ਅਮਿੱਟ ਹਸਤਾਖਰ ਛੱਡ ਗਈ ਏ।
ਕਦੇ ਬਿਮਾਰ ਹੋਏ ਬੱਚੇ ਦੀ ਸਿਹਤਯਾਬੀ ਲਈ ਫਿਕਰਮੰਦ, ਖਾਣਾ-ਪੀਣਾ ਭੁੱਲੀ ਤੇ ਲਿਲਕੜੀਆਂ ਲੈਂਦੀ ਮਾਂ ਵੰਨੀਂ ਦੇਖਿਓ, ਤੁਹਾਨੂੰ ਮਾਂ ਦੇ ਦਰਦ ਦੀ ਇੰਤਹਾ ਸਮਝ ਆ ਜਾਵੇਗੀ। ਆਪਣੇ ਬੱਚੇ ਦੀ ਤੰਦਰੁਸਤੀ ਅਤੇ ਖੁਸ਼ੀ Ḕਚੋਂ ਆਪਣੇ ਲਈ ਖੁਸ਼ੀ ਤਲਾਸ਼ਣ ਵਾਲੀ ਮਾਂ, ਜੱਗ ਦੇ ਕਸ਼ਟ ਨਿਵਾਰਨ ਦੀ ਸਮਰੱਥਾ ਰੱਖਦੀ ਏ। ਉਸ ਦੇ ਚਾਅਵਾਂ ਦੀ ਥਾਹ ਪਾਉਣ ਲਈ, ਬੱਚੇ ਦੇ ਮੁਖੜੇ Ḕਚੋਂ ਆਪਣੇ ਨਕਸ਼ ਪਛਾਣਦੀ ਮਾਂ ਨੂੰ ਵਾਚਣਾ, ਅਸੀਮ ਸਮੁੰਦਰਾਂ ਦੀ ਨੀਲਤਣ ਵਰਗੀ ਪਵਿੱਤਰਤਾ ਦੇ ਦਰਸ-ਦੀਦਾਰੇ ਹੋਣਗੇ।
ਮਜ਼ਹਬੀ ਦੰਗਿਆਂ ਦਾ ਤਾਂਡਵ ਨਾਚ, ਮਾਂ ਦੇ ਸਾਹਮਣੇ ਉਸ ਦੇ ਲਾਡਲੇ ਦੇ ਗਲ Ḕਚ ਪਾਇਆ ਬਲਦਾ ਟਾਇਰ ਤੇ ਵਰਤਦਾ ਕਹਿਰ। ਮਾਂ ਦੀ ਹਿੱਕ Ḕਚ ਦਫਨ ਹਉਕਾ, ਪੌਣਾਂ ਨੂੰ ਰੁਆਵੇ, ਫਿਜ਼ਾ ਨੂੰ ਪੀੜਾ-ਪੀੜਾ ਕਰ ਜਾਵੇ ਅਤੇ ਹਟਕੋਰੇ ਬਣੇ ਬੋਲਾਂ Ḕਚ ਰੁਦਨ ਸਮਾਵੇ। ਆਪਣੇ ਜਿਗਰ ਦੇ ਟੋਟੇ ਦੀ ਚੀਸ ਕਾਰਨ ਮਾਂ ਦਾ ਆਂਦਰਾਂ ਵੰਨੀਂ ਹੱਥ ਜਾਵੇ। ਬੱਚਿਆਂ ਦੀ ਆਈ ਮਰਨ ਵਾਲੀ ਮਾਂ ਮੌਤ ਦੀਆਂ ਆਂਦਰਾਂ ਨੋਚਣ ਲਈ ਤਿਆਰ।
ਮਾਂ, ਮਰ ਤਾਂ ਸਕਦੀ ਏ ਪਰ ਆਪਣੇ ਬੋਟਾਂ ਨੂੰ ਕੋਈ ਆਂਚ ਆਵੇ ਜਾਂ ਤਕਲੀਫ ਹੋਵੇ, ਕਦੇ ਜਰ ਨਹੀਂ ਸਕਦੀ। ਇਸੇ ਲਈ ਤਾਂ ਕਈ ਵਾਰ ਮਾਂ ਭੁੱਖੀ ਰਹਿ ਕੇ ਵੀ ਬੋਟਾਂ ਦੇ ਮੂੰਹ Ḕਚ ਚੋਗ ਜ਼ਰੂਰ ਪਾਉਂਦੀ ਏ।
ਮਾਂ ਦੀ ਕੁੱਖ ਕਦੇ ਬਾਂਝ ਨਾ ਹੋਵੇ, ਮਨੁੱਖੀ ਪੀੜ੍ਹੀ ਨੂੰ ਅੱਗੇ ਤੋਂ ਅੱਗੇ ਤੋਰਦੀ ਰਹੇ। ਇਸ ਦੀ ਕੁੱਖ ਦਾ ਦਰਦ, ਸਮਿਆਂ ਕੋਲੋਂ ਸਹਿ ਨਹੀਂ ਹੋਣਾ, ਕਲਮ ਕੋਲੋਂ ਕਹਿ ਨਹੀਂ ਹੋਣਾ ਅਤੇ ਪੌਣਾਂ ਕੋਲੋਂ, ਬਿਨ ਕਹਿਆਂ ਰਹਿ ਨਹੀਂ ਹੋਣਾ।
ਮਾਂ, ਮਮਤਾਈ ਦੀਪਕ ਦੀ ਜਗਦੀ ਲੋਅ। ਸੁਘੜ ਸਿਆਣਪਾਂ ਦੀ ਸਾਂਝੀ ਸੋਅ। ਹਰ ਇਕ ਲਈ ਮਨ Ḕਚ ਪੈਂਦੀ ਖੋਹ ਅਤੇ ਉਸ ਖੋਹ ਦੀ ਇਬਾਦਤ ਕਰਦਿਆਂ ਮਾਣੀ ਹੋਈ ਮਿੱਠੜੀ ਛੋਹ।
ਜਦੋਂ ਮਾਂ ਮਰ ਜਾਂਦੀ ਹੈ ਤਾਂ ਨਾਲ ਹੀ ਮਰ ਜਾਂਦੀ ਏ ਘਰ ਦੀ ਉਡੀਕ। ਭੁੱਲ ਜਾਂਦਾ ਏ ਦਰਾਂ ਨੂੰ ਚੋਇਆ ਹੋਇਆ ਤੇਲ ਅਤੇ ਡੋਲ੍ਹਿਆ ਹੋਇਆ ਪਾਣੀ। ਕੋਈ ਨਹੀਂ ਮਨਾਉਂਦਾ ਸ਼ਗਨ, ਘਰੋਂ ਤੁਰਨ ਲੱਗਿਆਂ ਅਤੇ ਨਾ ਹੀ ਕੋਈ ਨੀਝ ਨਾਲ ਘਰੋਂ ਤੁਰਿਆਂ ਦੀਆਂ ਦੂਰ ਤੀਕ ਪੈੜਾਂ ਨਿਹਾਰਦਾ ਏ। ਦਫਨ ਹੋ ਜਾਂਦੇ ਨੇ, ਮਾਂਵਾਂ ਉਪਰ ਧੀਆਂ ਦੇ ਦਾਈਏ। ਸਿਸਕ ਕੇ ਰਹਿ ਜਾਂਦੀ ਹੈ ਦੁੱਧ ਪੀ ਕੇ ਘਰੋਂ ਤੁਰਨ ਲੱਗਿਆਂ ਮੂੰਹ ਨੂੰ ਲੂਣ ਲਾਉਣ ਦੀ ਨਸੀਹਤ। ਕਬਰਾਂ ਦੇ ਰਾਹ ਪੈਂਦੀ ਏ, ਚੀਜ਼ ਮੰਗਣ ਦੀ ਬੱਚੇ ਦੀ ਰਿਹਾੜ। ਹਉਕਾ ਬਣ ਜਾਂਦੀ ਏ ਸ਼ਰਾਰਤ। ਨਿਰਮੋਹੇ ਪਲਾਂ ਦੀ ਵਹਿੰਗੀ ਢੋਂਦਾ ਮਨੁੱਖ, ਤ੍ਰਿਸਕਾਰ ਦੀ ਜ਼ਿੰਦਗੀ ਜਿਉਂਦਾ ਏ। ਧੀਆਂ ਕੋਲੋਂ ਛੁੱਟ ਜਾਂਦਾ ਏ ਪੇਕਾ ਘਰ, ਤਿੜਕ ਜਾਂਦਾ ਏ ਮਾਪਿਆਂ ਦਾ ਮਾਣ, ਧੁਆਂਖਿਆ ਜਾਂਦਾ ਏ ਪੇਕਿਆਂ ਦਾ ਰੋਅਬ, ਵਿਲਕਦੀ ਏ ਮਾਂ-ਧੀ ਦੀ ਸਾਂਝੀ ਬੁੱਕਲ ਅਤੇ ਫਿਰ ਧੀ ਪਰਾਈ ਹੋਣ ਦਾ ਦਰਦ, ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦੀ ਏ।
ਆਪ ਸਿੱਲੀ ਥਾਂ Ḕਤੇ ਪੈ ਕੇ ਬੱਚੇ ਨੂੰ ਸੁੱਕੀ ਥਾਂ ਪਾਉਣ ਵਾਲੀ, ਬੱਚੇ ਦੀ ਚੀਖ Ḕਚ ਚੀਖ ਬਣ ਜਾਣ ਵਾਲੀ ਅਤੇ ਬੱਚੇ ਦੇ ਸਾਹਾਂ Ḕਚੋਂ ਆਪਣੇ ਸਾਹ ਲੈਣ ਵਾਲੀ ਮਾਂ ਜਦੋਂ ਬੇਵਕਤ ਤੁਰ ਜਾਵੇ ਤਾਂ ਰੁਲ ਜਾਂਦੇ ਨੇ ਮਾਂ-ਮਛੋਰ। ਦਰਿੰਦੇ ਖੋਹ ਲੈਂਦੇ ਨੇ ਸੁਪਨੇ ਤੇ ਟੁਕਰ। ਕਿਸੇ ਦੀ ਮੁਹਤਾਜੀ Ḕਚ ਅਲੂਆਂ ਫੁੱਲ, ਖਿੜ੍ਹਨ ਤੋਂ ਪਹਿਲਾਂ ਹੀ ਮੁਰਝਾ ਕੇ ਉਦਾਸ ਰੁੱਤ ਦਾ ਨਗਮਾ ਬਣ ਜਾਂਦਾ ਏ। Ḕਕੇਰਾਂ ਜਦੋਂ ਮਾਂ-ਪਿਉ, ਭੈਣ-ਭਰਾ ਵਾਹਰਾ ਦੋਸਤ ਵਿਆਹੁਣ ਤੁਰਿਆ ਤਾਂ ਉਸ ਦੇ ਨੈਣਾਂ Ḕਚ ਉਮਡੀ ਦਰਦ, ਗਮ ਤੇ ਤਨਹਾਈ ਦੀ ਇੰਤਹਾ ਦੇਖਣਾ, ਮੇਰੀ ਜ਼ਿੰਦਗੀ ਦੇ ਸਭ ਤੋਂ ਪੀੜਤ ਪਲ ਸਨ।
ਮਾਂ ਕਦੇ ਮਰਦੀ ਨਹੀਂ ਕਿਉਂਕਿ ਅਸਥੂਲ ਰੂਪ ਵਿਚ ਮਾਂ ਆਪਣੇ ਬੱਚਿਆਂ ਵਿਚ ਵਿਚਰਦੀ, ਉਨ੍ਹਾਂ ਦਾ ਮਾਰਗ ਦਰਸ਼ਨ ਕਰਦੀ, ਉਨ੍ਹਾਂ ਦੀਆਂ ਮੰਜ਼ਿਲਾਂ ਰੁਸ਼ਨਾਉਂਦੀ ਏ। ਇਸੇ ਲਈ ਤਾਂ ਮਰਨ ਤੋਂ ਬਾਅਦ ਕੰਧ Ḕਤੇ ਲਟਕਦੀ ਮਾਂ ਦੀ ਉਦਾਸ ਜਿਹੀ ਤਸਵੀਰ, ਆਪਣੇ ਸੁਪਨਿਆਂ ਦੀ ਸੰਪੂਰਨਤਾ Ḕਚੋਂ ਸੁੱਖ ਦੀ ਕਾਮਨਾ ਕਰਦੀ ਪ੍ਰਤੀਤ ਹੁੰਦੀ ਏ।
ਮਾਂ, ਸਿਰਫ ਮਾਂ ਹੁੰਦੀ ਏ। ਇਸ ਨੂੰ ਫਿਰਕਿਆਂ, ਜਾਤਾਂ ਜਾਂ ਵਰਣਾਂ Ḕਚ ਨਹੀਂ ਵੰਡਿਆ ਜਾ ਸਕਦਾ ਕਿਉਂਕਿ ਮਾਂ ਦਾ ਧਰਮ ਹੁੰਦਾ ਏ, ਮਾਨਵਤਾ ਨੂੰ ਤਾਮੀਰ ਕਰਨਾ। ਹਰ ਇੱਕ ਦੀ ਤਲੀ Ḕਤੇ ਚਾਵਾਂ ਨੂੰ ਧਰਨਾ। ਹਰ ਜ਼ੁਲਮ ਨੂੰ ਜਰਨਾ ਅਤੇ ਕੁਰਖਤ ਬੋਲਾਂ ਦੀ ਬੀਹੀ Ḕਚ ਵਿਚਰਦਿਆਂ ਵੀ, ਸੀ ਨਾ ਕਰਨਾ।
ਜੀਵਾਂ ਦੇ ਹਰ ਰੂਪ ਲਈ ਮਾਂ ਇਕ ਸੰਘਣੀ ਛਾਂ ਏ, ਇਕ ਆਸਰਾ ਏ, ਇਕ ਛੱਤ ਏ, ਇਕ ਰੈਣ ਬਸੇਰਾ ਏ ਜਿਥੇ ਬਹਿ ਕੇ ਤੁਸੀਂ ਆਪਣੀਆਂ ਮਾਨਸਿਕ, ਆਰਥਿਕ, ਸਰੀਰਕ ਤੇ ਸਮਾਜਿਕ ਉਲਝਣਾਂ ਦਾ ਹੱਲ ਤਲਾਸ਼ਦੇ ਹੋ। ਤਾਹੀਓਂ ਤਾਂ ਬੱਚੇ, ਬਾਪ ਦੀ ਬਜਾਏ ਆਪਣੇ ਸਾਰੇ ਰਾਜ਼ ਮਾਂ ਨਾਲ ਸਾਂਝੇ ਕਰ, ਉਸ ਕੋਲੋਂ ਸੇਧ ਤੇ ਅਸ਼ੀਰਵਾਦ ਪ੍ਰਾਪਤ ਕਰ ਅਗਲੇਰਾ ਕਦਮ ਪੁੱਟਦੇ ਨੇ। ਮਾਂ ਕਦੇ ਵੀ ਬੱਚਿਆਂ ਨੂੰ ਗਲਤ ਸਿੱਖਿਆ ਨਹੀਂ ਦਿੰਦੀ। ਉਸ ਦੀ ਸੋਚ ਵਿਚ ਤਾਂ ਹਮੇਸ਼ਾ ਹੀ ਕੁੱਖੋਂ ਜਾਇਆਂ ਦੀ ਬਿਹਤਰੀ ਪਨਪਦੀ ਏ।
ਉਚੇਰੀ ਪੜ੍ਹਾਈ ਜਾਂ ਕਮਾਈ ਲਈ ਘਰੋਂ ਬਾਹਰ ਪੈਰ ਧਰ ਰਹੀ ਔਲਾਦ। ਮਾਂ ਦੇ ਕਾਲਜੇ ਨੂੰ ਪੈ ਰਹੀ ਖੋਹ। ਕਈ ਤਰ੍ਹਾਂ ਦੀਆਂ ਹਦਾਇਤਾਂ ਤੇ ਸਿਆਣਪਾਂ ਨੂੰ ਪੱਲੇ ਬੰਨਣ ਲਈ ਸਮਝੌਤੀਆਂ। ਦੁਨੀਆਂ ਦੇ ਬਹੁਰੂਪਾਂ ਅਤੇ ਵਿਭਿੰਨ ਪਰਤਾਂ ਦੀ ਜਾਣਕਾਰੀ ਸਾਂਝੀ ਕਰਦੀ ਮਾਂ, ਮੁਹਾਠਾਂ Ḕਤੇ ਤੇਲ ਚੋਅ ਅਤੇ ਦਰਾਂ Ḕਤੇ ਪਾਣੀ ਡੋਲ ਭਰੇ ਹੋਏ ਮਨ ਨਾਲ ਜਿਗਰ ਦੇ ਟੁਕੜੇ ਨੂੰ ਆਪਣੇ ਕੋਲੋਂ ਦੂਰ ਕਰਦੀ। ਦੂਰ ਤੀਕ ਤੁਰੀ ਜਾਂਦੀ ਔਲਾਦ ਦੀਆਂ ਪੈੜਾਂ ਨਿਹਾਰਦੀ। ਉਨ੍ਹਾਂ ਦੇ ਸੁੱਖੀਂ ਸਾਂਦੀ ਘਰ ਪਰਤਣ ਲਈ ਅਰਦਾਸਾਂ ਕਰਦੀ ਅਤੇ ਸੁੱਖਾਂ ਸੁੱਖਦੀ। ਨਜ਼ਰ ਤੋਂ ਔਝਲ ਹੋਣ Ḕਤੇ ਘਰ ਵੱਲ ਮੁੜਦੀ ਅਤੇ ਬੱਚਿਆਂ ਨਾਲ ਭਰਿਆ ਭੁਕੰਨਾ ਘਰ, ਹੁਣ ਸੱਖਣਾ ਸੱਖਣਾ ਖਾਣ ਨੂੰ ਆਵੇ। ਬੱਚਿਆਂ ਤੇ ਉਨ੍ਹਾਂ ਦੀਆਂ ਗੱਲਾਂ ਨੂੰ ਯਾਦ ਕਰ ਫਿਸ ਪੈਣਾ। ਘਰੋਂ ਦੂਰ ਪਰਦੇਸੀ ਹੋਈਆਂ ਆਂਦਰਾਂ ਦੀ ਖੋਹ, ਜੀਵਨ Ḕਚ ਉਦਾਸੀ ਤੇ ਉਪਰਾਮਤਾ ਭਰਦੀ। ਘੜੀ ਪਲ ਦੀ ਦੂਰੀ ਨਾ ਜਰਨ ਵਾਲੀ ਮਾਂ, ਲੰਮੇ ਵਿਛੋੜੇ Ḕਚ ਪਸੀਜੀ, ਧੁਖਦੀ ਅੱਗ ਦਾ ਗੋਹੜਾ ਬਣੀ, ਦੀਦਿਆਂ ਨੂੰ ਖਾਰੇ ਪਾਣੀ ਦੀਆਂ ਨਦੀਆਂ ਬਣਾ ਬੱਚਿਆਂ ਦੀ ਭਵਿੱਖੀ ਆਮਦ Ḕਚੋਂ ਕਦੇ-ਕਦੇ ਸਕੂਨ ਦੇ ਕੁਝ ਪਲ ਕਿਆਸਦੀ।
ਮਾਂ ਇਕ ਸਮਰਪਣ ਏ, ਆਪਣੇ ਬੱਚਿਆਂ ਦੇ ਉਜਲੇ ਭਵਿੱਖ ਪ੍ਰਤੀ, ਹੱਸਦੇ ਵੱਸਦੇ ਘਰ ਲਈ, ਨਰੋਏ ਸਮਾਜ ਦੀ ਉਤਪਤੀ ਲਈ ਅਤੇ ਸਭ ਤੋਂ ਵਧੀਆ ਮਨੁੱਖ ਦੀ ਸਿਰਜਣਾ ਪ੍ਰਤੀ।
ਮਾਂ ਲਈ ਬੱਚੇ, ਬੱਚੇ ਹੀ ਰਹਿੰਦੇ ਨੇ ਭਾਵੇਂ ਉਹ ਕਿੰਨੇ ਵੀ ਵੱਡੇ ਅਫਸਰ, ਉਚੇ ਅਹੁਦਿਆਂ ਦਾ ਮਾਣ ਜਾਂ ਕੋਈ ਵੀ ਸਨਮਾਨ ਪ੍ਰਾਪਤ ਕਰਨ। ਮਾਂ ਨੂੰ ਹੱਕ ਹੁੰਦਾ ਏ, ਨਿੱਕੇ ਨਾਮ ਨਾਲ ਹਾਕ ਮਾਰਨਾ। ਰੋਅਬ ਪਾਉਣ ਵਾਲਿਆਂ Ḕਤੇ ਰੋਅਬ ਪਾਉਣਾ ਅਤੇ ਉਨ੍ਹਾਂ ਦੇ ਮਨਾਂ Ḕਚ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਅਹਿਸਾਸ ਉਪਜਾਉਣਾ। ਤਾਹੀਉਂ ਤਾਂ ਆਪਣੀ ਮਾਂ ਦੇ ਮਰਨ Ḕਤੇ ਬਾਦਸ਼ਾਹ ਅਕਬਰ ਨੇ ਕਿਹਾ ਸੀ, “ਮੈਨੂੰ ਬਾਦਸ਼ਾਹ ਸਲਾਮਤ ਕਹਿਣ ਵਾਲੇ ਤਾਂ ਬਹੁਤ ਹੋਣਗੇ, ਪਰ ਮੈਨੂੰ ḔਅਕੂḔ ਕਹਿ ਕੇ Ḕਵਾਜ ਮਾਰਨ ਵਾਲੀ ਮਾਂ ਅੱਜ ਮਰ ਗਈ ਏ।” ਮਾਂ ਦੇ Ḕਵਾਜ ਮਾਰਨ Ḕਚ ਵੀ ਲੋਹੜੇ ਦੀ ਅਪਣੱਤ ਅਤੇ ਦਾਈਆ ਹੁੰਦਾ ਏ।
ਜਦੋਂ ਮਾਂ ਦੀ ਅੱਖ Ḕਚ ਹੰਝੂ ਟਪਕਦਾ ਏ ਤਾਂ ਰੋਂਦੀ ਏ ਮਾਨਵਤਾ, ਹਟਕੋਰੇ ਭਰਦਾ ਏ ਸੁਹਿਰਦਤਾ ਦਾ ਸੰਕਲਪ, ਗਮਾਂ ਦੀ ਪੈ ਜਾਂਦੀ ਏ ਰਾਤ ਅਤੇ ਸੁੱਜੇ ਹੋਈ ਦੀਦਿਆਂ ਨਾਲ ਦਸਤਕ ਦਿੰਦੀ ਏ ਪ੍ਰਭਾਤ।
ਮਾਂ ਦੀ ਦੇਣ ਨੂੰ ਭੁੱਲਣ ਵਾਲੇ, ਅਕ੍ਰਿਤਘਣਤਾ ਦਾ ਹਉਕਾ ਮਨ Ḕਚ ਪਾਲਦੇ, ਸੁਲਗਦੇ ਪਲਾਂ ਦਾ ਤੰਦੂਰ ਬਣੇ ਰਹਿੰਦੇ ਨੇ ਸਾਰੀ ਉਮਰ।
ਕੁੱਖੋਂ ਜਾਇਆਂ ਦੇ ਸੱਭੇ ਕਾਰਜ ਸੰਵਾਰਦਿਆਂ, ਭੰਬੀਬੀ ਬਣੀ ਮਾਂ ਅਸੀਸਾਂ ਦਾ ਸ਼ਗਨ ਪਾਉਂਦੀ, ਯੁੱਗ ਯੁੱਗ ਜੀਵੋ, ਜਵਾਨੀਆਂ ਮਾਣੋਂ ਦਾ ਅਸ਼ੀਰਵਾਦ ਦਿੰਦੀ, ਨਿਰਮਾਣਤਾ ਦੀ ਮੂਰਤ ਬਣੀ, ਦਰੀਂ ਤੇਲ ਚੋਂਦੀ ਏ। ਮਾਂ, ਮਾਂ ਹੀ ਹੁੰਦੀ ਏ ਜੋ ਸਭ ਤੋਂ ਵੱਡੀ ਦਾਤੀ ਹੁੰਦਿਆਂ ਵੀ ਨਿਮਾਣੀ ਬਣੀ ਰਹਿੰਦੀ ਏ।
ਮਾਂ ਦੀ ਕੁੱਖ ਸੁਲੱਖਣੀ ਹੋ ਜਾਂਦੀ ਏ ਜਦੋਂ ਉਸ ਦੀ ਗੋਦ Ḕਚ ਖੇਡਿਆ, ਅਟਕ ਦਰਿਆ ਨੂੰ ਅਟਕਾਉਂਦਾ ਏ, ਜ਼ਾਲਮਾਂ ਨਾਲ ਆਢਾ ਲਾਉਂਦਾ ਏ, ਕਹਿਰ ਸਾਹਵੇਂ ਹਿੱਕ ਡਾਹੁੰਦਾ ਏ, ਧਰਤ Ḕਤੇ ਪਸਰੇ ਹਨੇਰ Ḕਚ ਚਾਨਣ ਦੀ ਰਿਸ਼ਮ ਉਪਜਾਉਂਦਾ ਏ ਅਤੇ ਨਵੀਂਆਂ ਪੈੜਾਂ ਦਾ ਸਿਰਨਾਵਾਂ ਸਮਿਆਂ ਦੇ ਵਰਕੇ Ḕਤੇ ਉਕਰਾਉਂਦਾ ਏ।
ਮਾਂ ਦੀ ਕਦੇ ਬੇਕਦਰੀ ਨਾ ਕਰੋ ਕਿਉਂਕਿ ਮਾਂ ਵਕਗਾ ਮਿੱਠੜਾ ਮੇਵਾ, ਜਦੋਂ ਜਹਾਨੋਂ ਤੁਰ ਜਾਂਦਾ ਏ ਤਾਂ ਫਿਰ ਮਾਂ ਦੀਆਂ ਮਿੱਠੀਆਂ ਯਾਦਾਂ, ਕੌੜੀਆਂ ਨਸੀਹਤਾਂ ਤੇ ਸੁਘੜ ਸਿਆਣਪਾਂ, ਸਾਡੇ ਮੱਥੇ Ḕਚ ਚਾਨਣ ਦਾ ਧੂਣਾ ਮਘਾਉਂਦੀਆਂ ਨੇ। ਵਕਤ ਵਿਹਾਜਣ ਤੋਂ ਬਾਅਦ, ਸਿਰਫ ਪਛਤਾਵਾ ਹੀ ਸਾਡੇ ਪੱਲੇ ਰਹਿ ਜਾਂਦਾ ਏ। ਮਾਂ ਤਾਂ ਸਿਵਿਆਂ ਦੀ ਰਾਖ ਬਣ ਕੇ ਵੀ, ਆਪਣੀ ਬਗੀਚੀ ਦੇ ਵੱਸਣ, ਫੁੱਲਣ ਲਈ ਖਾਦ ਬਣ ਜਾਂਦੀ ਏ।
ਮਾਂ ਸਾਡਾ ਸੁਹਜ ਏ, ਵਡਿਆਈ ਏ, ਦਾਨਾਈ ਏ ਅਤੇ ਸਾਡੀਆਂ ਸੋਚਾਂ ਵਿਚ ਉਪਜਦੀ ਚੰਗਿਆਈ ਏ।
ਮਾਂ ਦਾ ਦਰਜਾ ਸਭ ਤੋਂ ਉਤਮ ਏ। ਉਤਮ ਹੈ ਇਸ ਦੀ ਪ੍ਰਤੀਬੱਧਤਾ, ਸੁਹਿਰਦਤਾ ਅਤੇ ਸਮਰਪਣ। ਵਿਲੱਖਣ ਏ ਇਸ ਦਾ ਤਿਆਗ। ਅਜ਼ੀਮ ਏ ਇਸ ਦੀ ਕੁਰਬਾਨੀ ਅਤੇ ਕੁਦਰਤ ਦੇ ਹਰ ਕਿਣਕੇ Ḕਤੇ ਉਕਰੀ ਹੁੰਦੀ ਏ ਮਾਂ ਦੀ ਕਹਾਣੀ।