ਸੰਧੂਰੀ ਸੰਧੂ

ਸਦਾਬਹਾਰ ਗੁਲਜ਼ਾਰ ਸਿੰਘ ਸੰਧੂ-4
ਪ੍ਰਿੰਸੀਪਲ ਸਰਵਣ ਸਿੰਘ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਜਾਪਦੀਆਂ ਹਨ। ਉਨ੍ਹਾਂ ਸਾਹਿਤਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਇਹ ਲੰਮਾ ਲੇਖ ਭੇਜਿਆ ਹੈ

ਜੋ ਉਨ੍ਹਾਂ ਦੀ ਮਾਰਚ ਮਹੀਨੇ ਛਪ ਕੇ ਆ ਰਹੀ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਵਿਚ ਸ਼ਾਮਲ ਹੋਵੇਗਾ। ਪ੍ਰਿੰਸੀਪਲ ਸਰਵਣ ਸਿੰਘ ਵੀ ਸੰਧੂ ਜੱਟ ਹਨ। ਹੁਣ ਇਹ ਫੈਸਲਾ ਪਾਠਕਾਂ ‘ਤੇ ਛਡਦੇ ਹਾਂ ਕਿ ਉਹ ਇਸ ਲੇਖ ਵਿਚ ਆਪਣੇ ਸੰਧੂ ਭਰਾ (ਗੁਲਜ਼ਾਰ ਸੰਧੂ) ਦੀ ਵਡਿਆਈ ਕਰਦੇ ਹਨ ਜਾਂ ਫਿਰ ਸ਼ਰੀਕ ਬਣ ਕੇ ਉਨ੍ਹਾਂ ਦੇ ਪਾਜ਼ ਉਧੇੜਦੇ ਹਨ। -ਸੰਪਾਦਕ
ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਦਸਵੀਂ ਪਾਸ ਕਰ ਕੇ ਗੁਲਜ਼ਾਰ ਸਿੰਘ ਸੰਧੂ ਖਾਲਸਾ ਕਾਲਜ ਮਾਹਿਲਪੁਰ ਵਿਚ ਦਾਖਲ ਹੋ ਗਿਆ। ਕਾਲਜ ਪੜ੍ਹਦਿਆਂ ਕਵਿਤਾ ਨੂੰ ਮੂੰਹ ਮਾਰਨ ਲੱਗ ਪਿਆ, ਉਸ ਦੀ ਇਕ ਕਵਿਤਾ ਕਾਲਜ ਦੇ ਮੈਗਜ਼ੀਨ ਵਿਚ ਵੀ ਛਪੀ। ਕਿੱਸਿਆਂ ਤੋਂ ਬਾਅਦ ਪੰਜਾਬੀ ਦੇ ਰਸਾਲੇ ਪੜ੍ਹਨੇ ਉਹਦਾ ਮਨਭਾਉਂਦਾ ਸ਼ੌਕ ਸੀ। ਕਾਲਜ ਤੋਂ ਬੀæ ਏæ ਕਰ ਕੇ ਉਹ ਦਿੱਲੀ ਚਲਾ ਗਿਆ। ਦਿੱਲੀ ਉਹਦੇ ਮਾਮਿਆਂ ਦਾ ਟੈਕਸੀਆਂ ਦਾ ਕਾਰੋਬਾਰ ਸੀ। ਆਸ ਸੀ ਕਿ ਉਹ ਵੀ ਟੈਕਸੀਆਂ ਦੇ ਕਾਰੋਬਾਰ ਵਿਚ ਪੈ ਜਾਵੇਗਾ ਜਾਂ ਦਿੱਲੀ ਤੋਂ ਵਲਾਇਤ ਚਲਾ ਜਾਵੇਗਾ, ਪਰ ਉਹ ਪਹਿਲਾਂ ਗਿਆਨੀ, ਤੇ ਫਿਰ ਕੈਂਪ ਕਾਲਜ ਦਿੱਲੀ ਤੋਂ ਅੰਗਰੇਜ਼ੀ ਦੀ ਐਮæ ਏæ ਕਰਨ ਲੱਗ ਪਿਆ। ਵੀਹ ਸਾਲ ਦੀ ਉਮਰ ਵਿਚ ਜਦੋਂ ਉਹ ਦਿੱਲੀ ਨੂੰ ਤੁਰਿਆ ਸੀ ਤਾਂ ਉਸ ਦੇ ਪਿਤਾ ਨੇ ਮੱਤ ਦਿੱਤੀ ਸੀ, “ਵੇਖੀਂ ਗੁਲਜ਼ਾਰ ਪੁੱਤ, ਸ਼ਿਕਾਇਤ ਨਾ ਆਵੇ ਤੇਰੀ।” ਨਾਲ ਹੀ ਕਿਹਾ ਸੀ, “ਜੇ ਪੈਸੇ ਦੀ ਲੋੜ ਹੋਵੇ ਤਾਂ ਕਰਜ਼ ਨਹੀਂ ਲੈਣਾ। ਉਧਾਰ ਫੜ ਲਈਂ। ਕੋਈ ਗਲ਼ਤ ਕੰਮ ਨਹੀਂ ਕਰਨਾ।”
ਲਿਖਣ ਦੀ ਚੇਟਕ ਉਸ ਨੂੰ ਮਾਹਿਲਪੁਰ ਤੋਂ ਹੀ ਲੱਗ ਚੁੱਕੀ ਸੀ। ਬਾਲ ਸੰਦੇਸ਼ ਵਿਚ ਲੇਖ ਛਪ ਗਿਆ ਸੀ। ਦਿੱਲੀ ਜਾ ਕੇ ਆਪਣੇ ਤਾਏ ਦੀ ਕਹਾਣੀ ‘ਹਵਾਲਦਾਰ ਬਖਤਾਵਰ ਸਿੰਘ’ ਲਿਖੀ ਜੋ ਗਿਆਨੀ ਕੁਲਦੀਪ ਸਿੰਘ ਨੇ 1955 ਵਿਚ ਸੈਨਿਕ ਸਮਾਚਾਰ ਵਿਚ ਛਾਪੀ। ਉਸ ਦੇ 20 ਰੁਪਏ ਮਿਲੇ ਜੋ ਉਹਨੀਂ ਦਿਨੀਂ ਅੱਜ ਦੇ ਦੋ ਹਜ਼ਾਰ ਤੋਂ ਵੱਧ ਸਨ। ਉਸ ਨੂੰ ‘ਪ੍ਰੀਤਮ’ ਰਸਾਲੇ ਦੀ ਸੰਪਾਦਕੀ ਮਿਲ ਗਈ। ਮਹੀਨੇ ਦੇ ਪਹਿਲਾਂ 55 ਰੁਪਏ, ਫਿਰ 65 ਤੇ ਅਖ਼ੀਰ 75 ਰੁਪਏ। ਕਦੇ ‘ਪ੍ਰੀਤਮ’ ਦੇ ਪਹਿਲੇ ਐਡੀਟਰ ਡਾਕਟਰ ਗੋਪਾਲ ਸਿੰਘ, ਪ੍ਰੀਤਮ ਸਿੰਘ ਸਫ਼ੀਰ ਤੇ ਵਣਜਾਰਾ ਬੇਦੀ ਰਹੇ ਸਨ। ਉਹਨਾਂ ਵਾਲੀ ਕੁਰਸੀ ‘ਤੇ ਨੌਜੁਆਨ ਸੰਧੂ ਜਾ ਬੈਠਾ। ਉਹਨੀਂ ਦਿਨੀਂ ਕਰੋਲ ਬਾਗ ਵਿਚ ਹਰਿਭਜਨ ਸਿੰਘ, ਕਵੀ ਤਾਰਾ ਸਿੰਘ ਤੇ ਈਸ਼ਵਰ ਚਿੱਤਰਕਾਰ ਹੋਰੀਂ ਰਹਿੰਦੇ ਸਨ ਜਿਨ੍ਹਾਂ ਨਾਲ ਉਸ ਦਾ ਮੇਲ ਜੋਲ ਹੋਣਾ ਸ਼ੁਰੂ ਹੋ ਗਿਆ। ਉਹ ਉਹਨਾਂ ਨਾਲ ਸਾਹਿਤਕਾਰੀ ਨੂੰ ਮੂੰਹ ਮਾਰਨ ਲੱਗ ਪਿਆ।
ਦਿੱਲੀ ਉਦੋਂ ਟੈਕਸੀਆਂ ਵਿਚ ਦੋ ਨਾਂ ਮਸ਼ਹੂਰ ਸਨ। ਰੀਗਲ ਟੈਕਸੀ ਸਟੈਂਡ ਵਾਲਾ ਚਰਨ ਸਿੰਘ ਤੇ ਰੇਲਵੇ ਟੈਕਸੀ ਸਟੈਂਡ ਵਾਲਾ ਸੁਖਦੇਵ ਸਿੰਘ। ਗੁਲਜ਼ਾਰ ਦੇ ਦੱਸਣ ਮੂਜਬ ਉਹਦੇ ਮਾਮਿਆਂ ਕੋਲ ਏਨੀਆਂ ਟੈਕਸੀਆਂ ਸਨ ਕਿ ਇਕ ਦੂਜੀ ਪਿੱਛੇ ਖਲ੍ਹਿਆਰੀਏ ਤਾਂ ਪੂਰੀ ਰੇਲ ਗੱਡੀ ਬਣ ਸਕਦੀ ਸੀ। ਫਿਰ ਉਨ੍ਹਾਂ ‘ਚ ਰੌਲਾ ਪੈ ਗਿਆ। ਇਕ ਦੂਜੇ ਨੂੰ ਮਰਨ ਮਾਰਨ ‘ਤੇ ਤੁਲ ਗਏ। ਪਿੰਡੋਂ ਗੁਲਜ਼ਾਰ ਦਾ ਨਾਨਾ ਦਿੱਲੀ ਪਹੁੰਚਿਆ। ਨਾਨੇ ਨੇ ਰਾਜ਼ੀਨਾਮਾ ਕਰਾਉਣ ਲਈ ਕੇਵਲ ਦੋ ਲਫ਼ਜ਼ ਬੋਲੇ, “ਬੇਹਯਾ ਕੁਲੱਛਣੇ”। ਬਾਅਦ ਵਿਚ ਗੁਲਜ਼ਾਰ ਸੰਧੂ ਨੇ ਇਸੇ ਨਾਂ ਦੀ ਕਹਾਣੀ ਲਿਖੀ।
ਦਿੱਲੀ ‘ਚ ਉਸ ਨੇ ਕਈ ਪਾਪੜ ਵੇਲੇ। ਗਿਆਨੀ ਪਾਸ ਕਰਨ ਪਿੱਛੋਂ ਦੋ ਰਸਾਲਿਆਂ ਦੀ ਸੰਪਾਦਕੀ ਕੀਤੀ। ਅੰਗਰੇਜ਼ੀ ਤੋਂ ਪੰਜਾਬੀ ‘ਚ ਅਨੁਵਾਦ ਕੀਤੇ। ਨਿਊ ਆਰਟਸ ਕਾਲਜ ਦੀ ਆਰਜ਼ੀ ਪ੍ਰੋਫੈਸਰੀ ਕੀਤੀ। ਪੀæ ਟੀæ ਕਾਲਜ ‘ਚ ਟਿਊਸ਼ਨਾਂ ਪੜ੍ਹਾਈਆਂ। ਅਕਾਊਂਟਸ ਆਫਿਸ ‘ਚ ਕਲਰਕੀ ਉਪਰੰਤ ਖੇਤੀ ਕਾਉਂਸਲ ‘ਚ ਐਡੀਟਰੀ ਕੀਤੀ। ਨਾਲ ਕਹਾਣੀਆਂ ਲਿਖੀਆਂ। ਲੇਖਕਾਂ ਨਾਲ ਸਾਂਝ ਪਾਈ। ਮਹਿਫ਼ਲਾਂ ਵਿਚ ਹਾਸੇ ਵੰਡੇ।
ਗੁਲਜ਼ਾਰ ਸੰਧੂ ਨੂੰ ਮੈਂ ਪਹਿਲੀ ਵਾਰ ਉਹਦੀ ਅਨੁਵਾਦ ਪੁਸਤਕ ‘ਜੀਵਨ ਤੇ ਸਾਹਿਤ’ ਪੜ੍ਹ ਕੇ ਜਾਣਿਆ ਸੀ। ਇਹ ਮੈਕਸਿਮ ਗੋਰਕੀ ਦੇ ਲੇਖਾਂ ਦਾ ਅਨੁਵਾਦ ਸੀ। 1962 ਦੀਆਂ ਗਰਮੀਆਂ ਦੀ ਗੱਲ ਹੈ। ਮੈਂ ਉਦੋਂ ਦਿੱਲੀ ਯੂਨੀਵਰਸਿਟੀ ਤੋਂ ਐਮæ ਏæ ਕਰਨ ਗਿਆ ਸਾਂ। ਸਾਡੇ ਪੀਰੀਅਡ ਆਰਟਸ ਫੈਕਲਟੀ ਬਿਲਡਿੰਗ ਵਿਚ ਲੱਗਦੇ ਸਨ। ਉਹ ਪੁਸਤਕ ਮੈਂ ਯੂਨੀਵਰਸਿਟੀ ਦੀ ਲਾਇਬ੍ਰੇਰੀ ਤੋਂ ਹਾਸਲ ਕੀਤੀ ਸੀ। ਉਸ ਤੋਂ ਬਾਅਦ ਮੈਂ ਸੰਧੂ ਦੀ ਹਰ ਰਚਨਾ ਪੜ੍ਹੀ। ਸਾਡਾ ਪਹਿਲਾ ਮੇਲ 1962 ਵਿਚ ਦਿੱਲੀ ਦੇ ਖ਼ਾਲਸਾ ਕਾਲਜ ਵਿਚ ਹੋਇਆ। ਅਸੀਂ ਪੰਜਾਬੀ ਦਾ ਸਾਹਿਤਕ ਸਮਾਗਮ ਕੀਤਾ ਤਾਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਵੀ ਆਇਆ, ਗਾਰਗੀ ਵੀ, ਸਫ਼ੀਰ ਵੀ ਤੇ ਕਈ ਕਵੀ ਜਨ ਵੀ। ਉਸੇ ਸਮਾਗਮ ਵਿਚ ਗੁਲਜ਼ਾਰ ਸੰਧੂ ਮਿਲਿਆ। ਸੁਆਰ ਕੇ ਕਤਰੀ ਹੋਈ ਛੱਲਿਆਂ ਵਾਲੀ ਖੁੱਲੀ ਦਾੜ੍ਹੀ, ਦਗਦਾ ਚਿਹਰਾ। ਕਨਾਟ ਪਲੇਸ ਵਾਲੇ ਇੰਡੀਅਨ ਕਾਫੀ ਹਾਊਸ ਵਿਚ ਲੇਖਕਾਂ ਦੀ ਸੱਥ ਜੁੜਦੀ। ਕਦੇ ਕਦੇ ਸੰਧੂ ਵੀ ਆ ਜਾਂਦਾ। ਉਹਦੇ ਤੇ ਹਜ਼ਾਰਾ ਸਿੰਘ ਗੁਰਦਾਸਪੁਰੀ ਦੇ ਉਚੇ ਠਹਾਕੇ ਸਭਨਾਂ ਦਾ ਧਿਆਨ ਖਿੱਚਦੇ। ਉਥੇ ਬਿਸ਼ਨ ਸਿੰਘ ਉਪਾਸ਼ਕ ਹੁੰਦਾ, ਤਾਰਾ ਸਿੰਘ ਕਾਮਲ ਹੁੰਦਾ, ਸੰਸਾਰ ਸਿੰਘ ਗਰੀਬ, ਦੇਵ ਰਾਜ ਚਾਨਣਾ ਤੇ ਗੁਰਦੇਵ ਰੁਪਾਣੇ ਵਰਗੇ ਹੁੰਦੇ। ਇਕ ਹੁੰਦਾ ਸੀ ਬੂਟਾ ਸਿੰਘ ਕਹਾਣੀਕਾਰ। ਉਹਨੇ 1964 ਵਿਚ ਗੁਲਜ਼ਾਰ ਸਿੰਘ ਸੰਧੂ ਦਾ ਰੇਖਾ ਚਿੱਤਰ ਲਿਖਿਆ- ਅਖੇ ਗੁਲਜ਼ਾਰ ਸਿੰਘ ਦੇ ਨਾਂ ਅੱਗੇ ਸੰਧੂ ਸ਼ਬਦ ਇਸ ਤਰ੍ਹਾਂ ਹੈ, ਜਿਵੇਂ ਪੁਰਾਣੀ ਹਵੇਲੀ ਨੂੰ ਵੱਜਿਆ ਸਿਆਲਕੋਟੀ ਜੰਦਰਾ। ਇਕ ਵਾਰ ਬੂਟਾ ਸਿੰਘ ਨੇ ਗੁਲਜ਼ਾਰ ਦੀ ਮਾਤਾ ਕੋਲ ਗੁਲਜ਼ਾਰ ਦੇ ਲਾਇਕ ਹੋਣ ਦੀ ਗੱਲ ਕੀਤੀ ਤਾਂ ਮਾਤਾ ਕਹਿੰਦੀ, “ਹੋਊ ਵੀਰਾ ਲੈਕ, ਅਸੀਂ ਤਾਂ ਉਹਦੀ ਕੋਈ ਲੈਕੀ ਦੇਖੀ ਨੀ। ਦੇਖ ਲੈ ਕਿੱਡਾ ਵੱਡਾ ਹੋ ਗਿਆ। ਸੁੱਖ ਨਾਲ ਵਿਆਹ ਕਰਾਵੇ, ਪੁੱਤ ਧੀ ਜੰਮੇ, ਪਿੰਡ ਆਵੇ ਜਾਵੇ ਤਾਂ ਸਾਨੂੰ ਵੀ ਠੰਢ ਪਵੇ। ਅਸੀਂ ਵੀ ਕਹੀਏ ਬਈ ਸਾਡਾ ਅਬਸਰ ਪੁੱਤ ਲੈਕ ਆ।”
ਆਲੋਚਕ ਗੁਰਬਚਨ, ਗੁਲਜ਼ਾਰ ਸੰਧੂ ਨੂੰ ‘ਰਾਜਧਾਨੀ ਦਾ ਸਿਪਾਹ ਸਲਾਰ’ ਲਿਖਦੈ, “ਉਦੋਂ ਗੁਲਜ਼ਾਰ ਦੀ ਉਮਰ ਵੀਹਾਂ ਤੋਂ ਵੀ ਘੱਟ ਸੀ। ਜੇ ਦਿੱਲੀ ਵੱਲ ਮੂੰਹ ਨਾ ਕਰਦਾ ਤਾਂ ਸਾਊਥਾਲ ਪੁੱਜ ਜਾਂਦਾ। ਹੋਰ ਜ਼ੋਰ ਲਗਾਂਦਾ ਤਾਂ ਵੈਨਕੂਵਰ ਜਾਂ ਕੈਲੀਫੋਰਨੀਆ। 1953 ‘ਚ ਬੀæ ਏæ ਪਾਸ ਲਈ ਵਿਦੇਸ਼ ਜਾਣਾ ਅੱਜ ਵਾਂਗ ਮੁਸ਼ਕਿਲ ਤਾਂ ਸੀ ਨਹੀਂ। ਜੇ ਕਿਤੇ ਉਹ ਭਾਰਤ ਦੀ ਥਾਂ ਅਮਰੀਕਾ ਦੀ ਰਾਜਧਾਨੀ ਪੁੱਜ ਜਾਂਦਾ ਤਾਂ ਦਿੱਲੀ ਸੁੰਨੀ ਹੋ ਜਾਂਦੀ ਤੇ ਸਾਹਿਤ ਵਿਚ ਪੈਦਾ ਹੋਣ ਵਾਲੀ ਖਾਈ ਨੂੰ ਕੌਣ ਭਰਦਾ? ਅਮਰੀਕਾ ਵਿਚ ਲੋਕ ਉਸ ਨੂੰ ‘ਮਿਸਟਰ ਸੈਂਡੀ’ ਕਹਿੰਦੇ।” ਗੁਰਬਚਨ, ਗੁਲਜ਼ਾਰ ਸਿੰਘ ਸੰਧੂ ਨੂੰ ਨਵੇਂ ਯੁੱਗ ਦਾ ਜੱਟ ਕਹਿ ਕੇ ਨਿਵਾਜਦੈ।
1958 ਵਿਚ ਉਹ ਡਲਹੌਜ਼ੀ ਗਿਆ ਤਾਂ ਇਕੋ ਹਫ਼ਤੇ ‘ਚ ਕਿਤਾਬ ਜੋਗੀਆਂ ਕਹਾਣੀਆਂ ਲਿਖ ਲਿਆਇਆ। ਉਸ ਦੀਆਂ ਕਹਾਣੀਆਂ ਦੀ ਪਹਿਲੀ ਪੁਸਤਕ ‘ਹੁਸਨ ਦੇ ਹਾਣੀ’ 1963 ਵਿਚ ਪ੍ਰਕਾਸ਼ਿਤ ਹੋਈ। ਦਿੱਲੀ ‘ਚ ਪੈਰ ਜਮਾਉਂਦਿਆਂ ਉਹ ਅਮਰੀਕਾ ਦੇ ਸੂਚਨਾ ਵਿਭਾਗ ਨਾਲ ਜੁੜ ਗਿਆ ਜਿਥੇ ਰੋਜ਼ 40 ਰੁਪਏ ਦਾ ਅਨੁਵਾਦ ਕਰਨ ਲੱਗਾ। ਉਦੋਂ ਉਹਦੀ ਐਡੀਟਰੀ ਦੀ ਤਨਖਾਹ ਸੌ ਰੁਪਏ ਤੋਂ ਵੀ ਘੱਟ ਹੁੰਦੀ ਸੀ।
ਸੰਧੂ ਨੂੰ ਗਿਆਨੀ ਤੇ ਅੰਗਰੇਜ਼ੀ ਦੀ ਐਮæ ਏæ ਕਰਨ ਪਿਛੋਂ ਅਕਾਊਂਟੈਂਟ ਜਨਰਲ ਦੇ ਦਫਤਰ ਵਿਚ ਨੌਕਰੀ ਮਿਲ ਗਈ। ਫਿਰ ਭਾਰਤੀ ਖੇਤੀਬਾੜੀ ਖੋਜ ਸੰਸਥਾ ਵਿਚ ਪੰਜਾਬੀ ਦਾ ਸਬ ਐਡੀਟਰ ਬਣ ਗਿਆ ਅਤੇ 1969 ‘ਚ ਐਡੀਟਰ ਲੱਗ ਗਿਆ। 1977 ਵਿਚ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵਿਚ ਕਮਿਉਨੀਕੇਸ਼ਨ ਡੀਪਾਰਟਮੈਂਟ ਦਾ ਜਾਇੰਟ ਡਾਇਰੈਕਟਰ ਜਾ ਲੱਗਾ। 1979 ‘ਚ ਲੁਧਿਆਣੇ ਤੋਂ ਮੁੜ ਕੇ ਫਿਰ ਦਿੱਲੀ ਖੇਤੀ ਮੰਤਰਾਲੇ ਵਿਚ ਡਾਇਰੈਕਟਰ ਪਬਲਿਕ ਕੋਆਪ੍ਰੇਸ਼ਨ ਬਣ ਗਿਆ। ਦਿੱਲੀ ਉਸ ਨੇ ਭਾਰਤ ਸਰਕਾਰ ਦੀ 28 ਸਾਲ ਨੌਕਰੀ ਕੀਤੀ।
1984 ਵਿਚ ਉਹ ਦਿੱਲੀ ਛੱਡ ਕੇ ਚੰਡੀਗੜ੍ਹ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਆ ਲੱਗਾ। ਤਿੰਨ ਸਾਲ ਸੰਪਾਦਕੀ ਕੀਤੀ। ਟ੍ਰਿਬਿਊਨ ਵਿਚ ਆਉਣ ਨਾਲ ਉਸ ਨੂੰ ਸਾਰੇ ਦਾ ਸਾਰਾ ਪੰਜਾਬ, ਅੱਧਾ ਹਰਿਆਣਾ ਤੇ ਇਕ ਤਿਹਾਈ ਹਿਮਾਚਲ ਪ੍ਰਦੇਸ਼ ਜਾਣਨ ਲੱਗ ਪਿਆ। ਦਿੱਲੀ ਬੈਠਾ ਰਹਿੰਦਾ ਤਾਂ ਕੀਹਨੇ ਪੁੱਛਣਾ ਸੀ? ਫੇਰ ਇਕ ਦਿਨ ਉਹ ਵੀ ਆਇਆ ਕਿ ਉਹ ਆਰਟਸ ਕੌਂਸਲ ਦੇ ਚੇਅਰਮੈਨ ਵਜੋਂ ਡਾæ ਮਹਿੰਦਰ ਸਿੰਘ ਰੰਧਾਵਾ ਵਾਲੀ ਕੁਰਸੀ ‘ਤੇ ਜਾ ਬੈਠਿਆ। ‘ਦੇਸ਼ ਸੇਵਕ’ ਦਾ ਬਾਨੀ ਐਡੀਟਰ ਬਣਿਆ। ਪੰਜਾਬ ਰੈੱਡ ਕਰਾਸ ਦਾ ਸੈਕਟਰੀ। ਪੰਜਾਬੀ ਯੂਨੀਵਰਸਿਟੀ ਵਿਚ ਜਰਨਲਿਜ਼ਮ ਦਾ ਪ੍ਰੋਫ਼ੈਸਰ। ਇਹ ਸਭ ‘ਪੰਜਾਬੀ ਟ੍ਰਿਬਿਊਨ’ ਕਰ ਕੇ ਹੋਇਆ।
ਜਦੋਂ ਉਹ ‘ਪੰਜਾਬੀ ਟ੍ਰਿਬਿਊਨ’ ਦਾ ਐਡੀਟਰ ਸੀ ਤਾਂ ਬਹੁਤੇ ਸਟਾਫ਼ ਮੈਂਬਰ ਉਹਦੇ ਨਾਲ ਖ਼ੁਸ਼ ਰਹੇ ਤੇ ਕੁਝ ਇਕ ਨਾਰਾਜ਼ ਵੀ ਹੋਏ। ਜਿਹੜੇ ਨਾਰਾਜ਼ ਹੋਏ, ਉਨ੍ਹਾਂ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਖੇ ਸੰਧੂ ਦੀ ਥਰਮਸ ਵਿਚ ਚਾਹ ਨਹੀਂ, ਕੁਝ ਹੋਰ ਹੁੰਦੈ। ਢੱਕਣ ਲਾਹ ਕੇ ਦੇਖਣ ਦੀ ਕਦੇ ਨੌਬਤ ਨਾ ਆਈ। ਮਖੌਲ ਉਡਾਇਆ ਗਿਆ ਕਿ ਸੰਧੂ ਦਫ਼ਤਰ ‘ਚ ਬੈਠਾ-ਬੈਠਾ ਸੌਂ ਜਾਂਦੈ। ਸੰਧੂ ਨੇ ਬੇਪਰਵਾਹੀ ਨਾਲ ਕਿਹਾ, ਹਾਂ ਮੈਂ ਸੌਂ ਜਾਨਾਂ। ਨੀਂਦ ਮੈਨੂੰ ਸਭ ਤੋਂ ਪਿਆਰੀ ਐ। ਨਰਾਜ਼ ਧੜੇ ਨੇ ਪ੍ਰਚਾਰਿਆ, ਪਈ ਸੰਧੂ ਦੀ ਸੰਪਾਦਨਾ ਵਿਚ ਅਖ਼ਬਾਰ ਦੀ ਇਸ਼ਾਇਤ ਘਟ ਰਹੀ ਹੈ। ਅਸਲੀਅਤ ਦੀ ਘੋਖ ਕਿਸੇ ਨਾ ਕੀਤੀ। ਆਖ਼ਰ ਜੋੜ ਤੋੜ ਨੇ ਸੰਧੂ ਨੂੰ ਰੋਜ਼ਾਨਾ ਅਖ਼ਬਾਰ ਦੀ ਐਡੀਟਰੀ ਛੱਡਣ ਲਈ ਮਜਬੂਰ ਕਰ ਦਿੱਤਾ। ਸੰਧੂ ਨੇ ਕਿਹੜਾ ਕਿੱਲੇ ਗੱਡੇ ਸਨ? ਉਹ ਥਰਮਸ ਚੁੱਕ ਕੇ ਬਾਹਰ ਆ ਗਿਆ ਤੇ ਸੜਕ ਸਵਾਰ ਹੋ ਗਿਆ। ਉਦੋਂ ਉਹਦੀ ਉਮਰ 50ਵਿਆਂ ਵਿਚਕਾਰ ਸੀ। ਨਾ ਏਧਰ ਦਾ ਸੀ ਨਾ ਓਧਰ ਦਾ।
ਸ਼ਾਮ ਨੂੰ ਸਰੂਰ ‘ਚ ਟਹਿਲਦਾ ਉਹ ਟ੍ਰਸਟ ਦੇ ਚੇਅਰਮੈਨ ਦੀ ਕੋਠੀ ਮੂਹਰ ਦੀ ਲੰਘਿਆ। ਖੜ੍ਹ ਕੇ ਗੇਟ ‘ਤੇ ਦਸਤਕ ਦੇ ਦਿੱਤੀ। ਚੇਅਰਮੈਨ ਨੇ ਸਮਝਿਆ, ਨੌਕਰੀ ਜਾਰੀ ਰੱਖਣ ਦੀ ਮਿੰਨਤ ਕਰਨ ਆਇਆ ਹੋਊ। ਉਸ ਨੇ ਅੰਦਰ ਆਉਣ ਲਈ ਕਿਹਾ, ਪਰ ਸੰਧੂ ਨੇ ਕਿਹਾ, “ਤੁਸੀਂ ਹੀ ਗੇਟ ‘ਤੇ ਆ ਕੇ ਗੱਲ ਸੁਣ ਲਓ, ਮੈਂ ਕਿਤੇ ਛੇਤੀ ਜਾਣੈ।” ਉਹ ਗੇਟ ‘ਤੇ ਆਇਆ ਤਾਂ ਸੰਧੂ ਨੇ ਧੰਨਵਾਦ ਕੀਤਾ ਅਤੇ ਕਿਹਾ, “ਮੈਂ ਇਸ ਲਈ ਆਇਆਂ, ਬਈ ਤੁਸੀਂ ਮੈਨੂੰ ਨੌਕਰੀ ‘ਚੋਂ ਕੱਢਣ ਦਾ ਗ਼ਮ ਨਾ ਲਾਇਓ। ਮਨ ‘ਤੇ ਕੋਈ ਬੋਝ ਨਾ ਪਾਇਓ। ਬੇਫਿਕਰ ਹੋ ਕੇ ਸੰਵੋ। ਮੈਨੂੰ ਹੋਰ ਕੰਮ ਬਥੇਰੇ। ਆਪਣਾ ਕੋਈ ਰੌਲਾ ਈ ਨੀ।”
000
ਸੰਧੂ ਦੀ ਜੀਵਨ ਸਾਥਣ ਡਾæ ਸੁਰਜੀਤ ਕੌਰ ਸੰਧੂ ਕਹਿੰਦੀ ਹੈ ਕਿ ਉਹ ਦੋਸਤਾਂ ਵਰਗਾ ਪਤੀ ਹੈ ਤੇ ਪਤੀਆਂ ਵਰਗਾ ਦੋਸਤ। ਬਤੌਰ ਸ਼ਖ਼ਸ ਗੁਲਜ਼ਾਰ ਬਹੁਤ ਮਿਹਰਬਾਨ ਤੇ ਨਿੱਘਾ ਹੈ। ਮਹਿਫ਼ਲਾਂ ਜਾਂ ਮੁਹਿੰਮਾਂ ਵਿਚ ਝੱਟ ਲਾੜਾ ਬਣ ਜਾਂਦਾ ਹੈ। ਫਿਰ ਤਾਂ ਉਹਦੀ ਸੱਤਵੇਂ ਸੁਰ ਵਾਲੀ ਆਵਾਜ਼ ਅਤੇ ਠਹਾਕੇ ਹੀ ਗੂੰਜਦੇ ਹਨ। ਉਹਦੀ ਸਾਦਗੀ ਤੇ ਸਾਫ਼ਗੋਈ ਦੇ ਨਾਲ ਭਰਪੂਰ ਮਿਹਰਬਾਨੀਆਂ ਉਛਾਲੇ ਮਾਰਦੀਆਂ ਰਹਿੰਦੀਆਂ ਹਨ। ਉਂਜ ਹੁਣ ਉਹਦਾ ਗੁੱਸਾ ਛੇਤੀ ਸਿਰ ਚੁੱਕ ਲੈਂਦਾ ਹੈ। ਗੁਲਜ਼ਾਰ ਜੁਗਤੂ/ਸਕੀਮੀ/ਜੁਗਾੜੂ ਨਹੀਂ। ਜੱਟ ਸਿੱਖ ਹੋਣ ਅਤੇ ਇਨ੍ਹਾਂ ਦੇ ਇਤਿਹਾਸਕ ਤੇ ਸਭਿਆਚਾਰਕ ਪਿਛੋਕੜ ‘ਤੇ ਉਹਨੂੰ ਬੜਾ ਮਾਣ ਹੈ। ਕੌਫੀ ਉਹ ਆਪ ਬਣਾਉਂਦਾ ਹੈ। ਉਹਦੀ ਬੋਤੇ ਦੀ ਸਵਾਰੀ ਵਾਲੀ ਕਹਾਣੀ ‘ਆਪਣੀ ਸਵਾਰੀ’ ਪੜ੍ਹ ਕੇ ਮੇਰਾ ਹਾਸਾ ਬੰਦ ਨਾ ਹੋਵੇ। ਆਪਣੇ ਸਾਮਾਨ ਨੂੰ ਸਾਂਭਣ ਦਾ ਉਹਨੂੰ ਬਹੁਤਾ ਚੱਜ ਨਹੀਂ ਅਤੇ ਕਿਸੇ ਹੋਰ ਨੂੰ ਇਹ ਕਰਨ ਦੀ ਆਗਿਆ ਨਹੀਂ। ਉਰਦੂ ਸ਼ਾਇਰੀ ਦਾ ਬਹੁਤ ਸ਼ੌਕੀਨ ਹੈ। ਆਮਦਨ ਕਰ ਬਾਰੇ ਉਹਨੂੰ ਕੁਝ ਵੀ ਪਤਾ ਨਹੀਂ। ਛੋਟੀਆਂ ਬੱਚਤਾਂ ਵਿਚ ਉਹਦਾ ਉਕਾ ਯਕੀਨ ਨਹੀਂ। ਵਿਆਹ ਲਈ ‘ਹਾਂ’ ਕਰਨ ਦਾ ਇਕ ਕਾਰਨ ਇਹ ਵੀ ਸੀ ਕਿ ਉਹ ਕੰਜੂਸ ਨਹੀਂ। ਮਹਿਮਾਨ ਨਿਵਾਜ਼ ਸਿਰੇ ਦਾ। ਖਾਣੇ ‘ਤੇ ਅੱਠ ਬੰਦੇ ਸੱਦਣੇ ਤੇ ਵਧਦੇ-ਵਧਦੇ ਚੌਵੀ ਪੰਝੀ ਹੋ ਜਾਣੇ। ਮੈਂ ਫਿਲਮਾਂ ਦੇਖਣ ਦੀ ਸ਼ੌਕੀਨ ਸਾਂ, ਇਹ ਘੁਰਾੜੇ ਮਾਰਨ ਦੇ। ਅੱਕ ਕੇ ਸਿਨਮੇ ਜਾਣਾ ਛੱਡ ਦਿੱਤਾ। ਦਾਰੂ ਪਹਿਲਾਂ ਕਦੇ ਕਦੇ, ਫਿਰ ਆਮ, ਫਿਰ ਛੱਡ’ਤੀ। ਮਹਿਮਾਨ ਘਟ ਗਏ ਕਿ ਕੀ ਲੈਣਾ ਜਾ ਕੇ। ਹੁਣ ਕਦੇ ਕਦਾਈਂ। ਅਯੁਰਵੈਦਿਕ ਦਵਾਈ ਲਿਆਉਂਦਾ, ਪਰ ਖਾਂਦਾ ਨਹੀਂ। ਮੇਰੀ ਸਵੇਰ ਦੀ ਚਾਹ ਉਹਦੇ ਹੱਥ ਦੀ ਬਣੀ ਹੁੰਦੀ ਹੈ।
ਸੰਧੂ ਦੀ ਸ਼ਖਸੀਅਤ ਵਿਚ ਅਜੀਬ ਕਿਸਮ ਦੀ ਆਵਾਰਗੀ ਹੈ। ਉਹ ਆਪਣੀ ਪੱਤਰਕਾਰੀ ਵਿਚ ਸਿਆਣਪਾਂ ਨਹੀਂ ਘੋਟਦਾ, ਮੱਤਾਂ ਨਹੀਂ ਦਿੰਦਾ। ਕਿਤੇ ਵੀ ਸੰਕੀਰਨ ਨਹੀਂ ਹੁੰਦਾ। ਖੁੱਲ੍ਹਾ ਖੁਲਾਸਾ, ਉਦਮੀ, ਨਿੱਘਾ ਤੇ ਇਮਾਨਦਾਰ ਬੰਦਾ ਹੈ ਉਹ। ਉਸ ਨੂੰ ਰਿਸ਼ਤੇ ਬਣਾਉਣੇ ਵੀ ਆਉਂਦੇ ਹਨ ਤੇ ਪੁਗਾਉਣੇ ਵੀ। ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਅਤੇ ਹਰ ਪਲ ਨੂੰ ਚਾਅ ਨਾਲ ਜਿਉਣ ਵਾਲਾ ਬੰਦਾ ਹੈ। ਲਾਪਰਵਾਹ, ਬੇਬਾਕ ਤੇ ਬੇਪ੍ਰਵਾਹ। ਜਰਨਲਿਸਟ ਨਵਜੀਤ ਜੌਹਲ ਨੇ ਲਿਖਿਆ, “ਸੰਧੂ ਸਾਹਿਬ ਨਾਲ ਕੁਝ ਸਮਾਂ ਬਿਤਾ ਕੇ ਮੈਂ ਇਹ ਮਹਿਸੂਸ ਕੀਤਾ ਕਿ ਉਹ ਗਿਣਤੀ ਦੇ ਕੁਝ ਇਕ ਲੇਖਕਾਂ ‘ਚੋਂ ਇਕ ਹੈ ਜਿਨ੍ਹਾਂ ਦੀ ਲੇਖਣੀ ਅਤੇ ਸ਼ਖਸੀਅਤ ‘ਚ ਪੂਰੀ ਤਰ੍ਹਾਂ ਇਕਸਾਰਤਾ ਤੇ ਇਕਸੁਰਤਾ ਹੈ।”
ਸੰਧੂ ਸ਼ਿਵ ਕੁਮਾਰ ਨੂੰ ‘ਓਏ ਪੰਡਤਾ’ ਕਹਿ ਕੇ ‘ਵਾਜ ਮਾਰਦਾ ਸੀ। ਇਕ ਵਾਰ ਪ੍ਰੋæ ਮੋਹਨ ਸਿੰਘ ਦਿੱਲੀ ਉਹਦੇ ਘਰ ਗਿਆ ਹੋਇਆ ਸੀ। ਅੰਮ੍ਰਿਤਾ ਪ੍ਰੀਤਮ, ਦੁੱਗਲ ਤੇ ਕੁਝ ਹੋਰ ਲੇਖਕ ਜੁੜੇ ਹੋਏ ਸਨ। ਦਾਰੂ ਦਾ ਦੌਰ ਚਾਲੂ ਸੀ। ਲੋਰ ‘ਚ ਆਏ ਮੋਹਨ ਸਿੰਘ ਨੇ ਗੱਲ ਸੁਣਾਈ- “ਸਿਆਲਕੋਟ ਦਾ ਇਕ ਜੱਟ ਸੀ ਜੱਟ। ਜੋਤਰਾ ਲਾ ਕੇ ਘਰ ਮੁੜਿਆ ਤੇ ਆਪਣੀ ਕਾਕੋ ਨੂੰ ਕਹਿਣ ਲੱਗਾ, ਰੋਟੀ ਜਲਦੀ ਪਾ ਦੇ, ਭੁੱਖ ਬੜੀ ਲੱਗੀ ਆ। ਕਾਕੋ ਨੇ ਘਿਉ ਸ਼ੱਕਰ ਨਾਲ ਰੋਟੀ ਪਾ ਦਿੱਤੀ। ਉਹਨੇ ਇਕੋ ਗਰਾਹੀ ਭੰਨੀ ਸੀ ਕਿ ਬਾਹਰ ਪਿੜਾਂ ‘ਚ ਵਿਸਾਖੀ ਦਾ ਢੋਲ ਵੱਜ ਪਿਆ। ਢੋਲ ਦੀ ਆਵਾਜ਼ ਸੁਣ ਕੇ ਕੁੜੀ ਦਾ ਪਿਉ ਕੁੜੀ ਨੂੰ ਕਹਿਣ ਲੱਗਾ, ਬੱਸ ਓ ਬੱਚੀ ਬੱਸ, ਬੱਸ ਓ ਬੱਚੀ ਬੱਸ਼ææ।” ਤੇ ਨੱਚਦਾ ਹੋਇਆ ਪਿੜਾਂ ਵੱਲ ਨੱਠ ਉਠਿਆ।
ਸੰਧੂ ਦੱਸਦਾ ਹੈ ਕਿ ਮੋਹਨ ਸਿੰਘ ਵੀ ਉਹਦੇ ਘਰ ਚੁਟਕੀਆਂ ਵਜਾਉਂਦਾ ‘ਬੱਸ ਓ ਬੱਚੀ ਬੱਸ’ ਕਹਿੰਦਾ ਨੱਚਣ ਲੱਗ ਪਿਆ ਸੀ!
ਸੁਰਜੀਤ ਪਾਤਰ: ਗੁਲਜ਼ਾਰ ਸਿੰਘ ਸੰਧੂ ਦਾ ਰੰਗ ਸੰਧੂਰੀ ਹੈ। ਉਸ ਨੂੰ ਦੇਖ ਕੇ ਲੱਗਦਾ ਹੈ ਜਿਵੇਂ ‘ਸੰਧੂ’ ਸ਼ਬਦ ‘ਸੰਧੂਰੀ’ ਤੋਂ ਬਣਿਆ ਹੋਵੇ। ਉਹ ਭਾਵੇਂ ਕਨਾਟ ਪਲੇਸ ਦੇ ਰੈਂਬਲ ਰੈਸਤੋਰਾਂ ਵਿਚ ਬੈਠਾ ਕਿਸੇ ਮੇਮ ਨਾਲ ਚਾਹ ਪੀ ਰਿਹਾ ਹੋਵੇ, ਭਾਵੇਂ ਦਿੱਲੀ ਦੀਆਂ ਸੜਕਾਂ ‘ਤੇ ਕਾਰ ਚਲਾ ਰਿਹਾ ਹੋਵੇ, ਉਸ ਦੇ ਕੋਲ ਬੈਠਿਆਂ ਹਮੇਸ਼ਾ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਹਰੇ ਕਚੂਰ ਤੂਤਾਂ ਦੀ ਸੰਘਣੀ ਛਾਵੇਂ ਪਾਣੀ ਵਾਲਾ ਖੂਹ ਵਗ ਰਿਹਾ ਹੋਵੇ ਤੇ ਨਾਲ ਹੀ ਵਗ ਰਹੀ ਹੋਵੇ ਹਲਕੀ ਠੰਢੀ ਹਵਾ, ਤੇ ਚਲ੍ਹੇ ਦੇ ਚਾਂਦੀ-ਰੰਗੇ ਪਾਣੀ ਵਿਚ ਸ਼ਰਬਤੀ ਖਰਬੂਜ਼ੇ ਠੰਢੇ ਹੋ ਰਹੇ ਹੋਣ। ਮੈਂ ਗੁਲਜ਼ਾਰ ਸਿੰਘ ਸੰਧੂ ਨੂੰ ਸਿਰਫ਼ ਹੱਸਦਿਆਂ ਦੇਖਿਆ ਹੈ। ਉਸ ਨੂੰ ਗੁੱਸਾ ਵੀ ਆਉਂਦਾ ਹੈ, ਇਹ ਸਿਰਫ਼ ਸੁਣਿਆ ਹੈ।
ਇਹ ਗੁਲਜ਼ਾਰ ਦੇ ਖੁੱਲ੍ਹੇ-ਡੁੱਲ੍ਹੇ ਤੇ ਨਿਰਛਲ ਸੁਭਾਅ ਸਦਕਾ ਹੀ ਹੈ ਕਿ ਉਸ ਦੀਆਂ ਦੋਸਤੀਆਂ ਦਾ ਘੇਰਾ ਸਾਹਿਤਕਾਰਾਂ ਤੋਂ ਇਲਾਵਾ ਵੱਡੇ-ਵੱਡੇ ਆਈæਏæਐਸ਼ ਤੇ ਆਈæਪੀæਐਸ਼ ਅਫ਼ਸਰਾਂ, ਬਿਊਰੋਕਰੇਟਾਂ, ਸਿਆਸਤਦਾਨਾਂ, ਬੰਗਾਲੀਆਂ, ਮਦਰਾਸੀਆਂ ਤੇ ਅਮਰੀਕਨਾਂ ਤਕ ਫੈਲਿਆ ਹੋਇਆ ਹੈ। ਉਹ ਸਵਰਾਜ ਪਾਲ ਤੋਂ ਲੈ ਕੇ ਸੰਸਾਰ ਸਿੰਘ ਗਰੀਬ ਤਕ ਦੀ ਸੰਗਤ ਮਾਣ ਸਕਦਾ ਹੈ। ਕਿਸੇ ਸਮੇਂ ਦਿੱਲੀ ਦੇ ਅੰਤਲੇ ਸਿਰੇ ‘ਤੇ ਭਾਪਾ ਪ੍ਰੀਤਮ ਸਿੰਘ ਦਾ ਨਵਯੁਗ ਫਾਰਮ ਉਸ ਦੀ ਮਨਭਾਉਂਦੀ ਸੈਰਗਾਹ ਹੁੰਦਾ ਸੀ।
ਗੁਲਜ਼ਾਰ ਸੰਧੂ ਨਾਲ ਇੰਟਰਵਿਊ ਕਰੋ ਤਾਂ ਸਵਾਲਾਂ ਦੇ ਜਵਾਬ ਬੜੇ ਦਿਲਚਸਪ ਮਿਲਦੇ ਹਨ। ਮਿਲਦੇ ਵੀ ਕਈ ਵਾਰ ਹਾਸੇ-ਹਾਸੇ ਵਿਚ ਹਨ। ਉਸ ਨੇ ਊੜਾ, ਐੜਾ, ਈੜੀ ਸੱਜੇ ਹੱਥ ਦੀ ਜੇਠੀ ਉਂਗਲ ਨਾਲ ਸੁਥਰੀ ਤੇ ਮਹੀਨ ਰੇਤ ਵਿਚ ਹੀ ਉਕਰੇ ਸਨ। ਧਰਤੀ ਦੇ ਵਿਹੜੇ ਨੂੰ ਲਕੜੀ ਦੀ ਫੱਟੀ, ਰੇਤ ਨੂੰ ਸਿਆਹੀ ਤੇ ਉਂਗਲ ਨੂੰ ਕਲਮ ਦਾ ਰੂਪ ਧਾਰਦਿਆਂ ਦੇਰ ਨਹੀਂ ਲੱਗੀ। ਮਾਲਵੇ ‘ਚ ਕਲਮਾਂ ਕਾਨਿਆਂ ਤੋਂ ਬਣਦੀਆਂ ਸਨ ਅਤੇ ਦੁਆਬੇ ਤੇ ਕੰਢੀ ਦੇ ਇਲਾਕਿਆਂ ਵਿਚ ਨੜਿਆਂ ਤੋਂ। ਉਦੋਂ ਕਲਮ ਵੀ ਨੰਗੀ ਸੀ ਤੇ ਪਾੜ੍ਹਿਆਂ ਦੇ ਪੈਰ ਵੀ ਨੰਗੇ। ਉਹਦੀ ਪੀੜ੍ਹੀ ਦੇ ਬੰਦਿਆਂ ਦੀ ਅਕਲ ਉਮਰਾਂ ਕਰ ਕੇ ਨਹੀਂ, ਬਚਪਨ ਦੇ ਨੰਗੇ ਪੈਰਾਂ ਦੀ ਦੇਣ ਹੈ।
ਸੰਧੂ ਕਹਿੰਦਾ ਹੈ ਕਿ ਮੈਂ ਕੋਈ ਗੁਣੀ, ਗਿਆਨੀ ਜਾਂ ਵਿਦਵਾਨ ਨਹੀਂ, ਪਰ ਮੈਨੂੰ ਦ੍ਰਿੜਤਾ ਤੇ ਦਮ ਵਿਰਸੇ ਵਿਚ ਮਿਲੇ ਹਨ। ਮੇਰੇ ਬਾਪ ਦਾਦੇ ਦੇ ਮੰਜ਼ਿਲਾਂ ਮਾਰਨ ਦੇ ਦਮ ਤੋਂ। ਊਠ ਵਾਹੁਣ ਦੇ ਸਫ਼ਰਾਂ ਤੇ ਭਾਰ ਢੋਣ ਦੀ ਦ੍ਰਿੜਤਾ ਤੋਂ। ਉਦੋਂ ਪਹਾੜਾਂ ਵਿਚ ਸੜਕਾਂ ਨਾ ਹੋਣ ਕਾਰਨ ਟਰੱਕ ਨਹੀਂ ਸਨ ਚੱਲਦੇ। ਊਠਾਂ ਵਾਲੇ ਮਾਲਕ ਤੇ ਚਾਲਕ ਆਪ ਹੀ ਸਨ। ਕਈ ਵਾਰੀ ਭਾੜੇ ‘ਤੇ ਮਾਲ ਨਾ ਮਿਲਣ ਦੀ ਹਾਲਤ ਵਿਚ ਖਾਲੀ ਮੁੜਨ ਦੀ ਥਾਂ ਅਗਲੇ ਸਫ਼ਰ ਤੋਂ ਪਹਿਲਾਂ ਉਸ ਥਾਂ ਦੀ ਫਸਲ ਜਾਂ ਫਲ ਤੇ ਮੇਵਾ ਖਰੀਦ ਕੇ ਊਠਾਂ ‘ਤੇ ਲੱਦ ਲੈਂਦੇ ਸਨ ਜਿਸ ਨੂੰ ਅਗਲੀ ਠਾਹਰ ਉਤੇ ਪਹੁੰਚ ਕੇ ਵੇਚ ਦਿੱਤਾ ਜਾਂਦਾ ਸੀ। ਇਉਂ ਉਹ ਇਕ ਤਰ੍ਹਾਂ ਦੇ ਨਿੱਕੇ ਮੋਟੇ ਵਪਾਰੀ ਵੀ ਸਨ। ਨਫ਼ਾ ਤੇ ਨੁਕਸਾਨ ਉਨ੍ਹਾਂ ਲਈ ਨਿੱਤ ਦੀ ਖੇਡ ਸੀ। ਨਾ ਹੀ ਨਫ਼ਾ ਉਨ੍ਹਾਂ ਦੇ ਸਿਰ ਨੂੰ ਚੜ੍ਹਦਾ ਸੀ ਤੇ ਨਾ ਹੀ ਨੁਕਸਾਨ ਉਨ੍ਹਾਂ ਨੂੰ ਲਾਚਾਰ ਤੇ ਨਿਰਾਸ਼ ਕਰਦਾ ਸੀ। ਸਾਬਤ ਕਦਮੀ, ਦ੍ਰਿੜਤਾ ਤੇ ਦਮ ਹੀ ਉਨ੍ਹਾਂ ਦੀ ਸ਼ਕਤੀ ਸੀ ਤੇ ਇਹੀਓ ਉਨ੍ਹਾਂ ਦੀ ਸ਼ਾਹ ਰਗ।
(ਚਲਦਾ)