ਬਚਾਓ ਵਿਚ ਹੀ ਬਚਾਓ ਹੈ

ਗੁਲਜ਼ਾਰ ਸਿੰਘ ਸੰਧੂ
ਭਾਰਤੀ ਸੰਸਦ ਵੱਲੋਂ ਸਥਾਪਿਤ ਕੀਤੀ ਗਈ ਮਾਹਿਰਾਂ ਦੀ ਕਮੇਟੀ ਨੇ ਮੋਟਰ ਵਹੀਕਲਜ਼ (ਸੋਧ) ਬਿੱਲ ਲਈ ਕੁਝ ਅਹਿਮ ਮਦਾਂ ਸ਼ਾਮਿਲ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤੀ ਵਸੋਂ ਵਿਚ ਆ ਰਹੇ ਵਾਧੇ ਵਾਂਗ ਮੋਟਰ ਗੱਡੀਆਂ ਦੇ ਵਾਧੇ ਦਾ ਵੀ ਅੰਤ ਨਹੀਂ। ਸਿੱਟੇ ਵਜੋਂ ਸੜਕ ਦੁਰਘਟਨਾਵਾਂ ਕਾਰਨ ਅਜਾਈਂ ਜਾਣ ਵਾਲੀਆਂ ਜਾਨਾਂ ਵਿਚ ਵੀ ਵਾਧਾ ਹੋ ਰਿਹਾ ਹੈ।

ਮਨੁੱਖੀ ਜਾਨਾਂ ਦੇ ਬਚਾਓ ਲਈ ਜਿਹੜੇ ਉਪਾਓ ਕਮੇਟੀ ਨੇ ਸੁਝਾਏ ਹਨ, ਉਨ੍ਹਾਂ ਵਿਚ ਸੜਕਾਂ ਦੇ ਕੰਢੇ ਲੋੜੀਂਦੇ ਪਾਰਕਿੰਗ ਸਥਾਨ ਬਣਾਉਣਾ ਸਭ ਤੋਂ ਉਤੇ ਹੈ। ਵਿਗਿਆਨਿਕ ਤਫਤੀਸ਼ ਲੱਭਣਾ ਉਸ ਤੋਂ ਅੱਗੇ, ਤੇ ਸੜਕਾਂ ਦੇ ਠੇਕੇਦਾਰਾਂ ਵਲੋਂ ਕੀਤੀ ਅਣਗਹਿਲੀ ਉਤੇ ਭਾਰੀ ਜੁਰਮਾਨੇ ਤੇ ਹਰਜਾਨੇ ਦੀ ਵਿਵਸਥਾ ਕਰਨਾ, ਉਸ ਤੋਂ ਅੱਗੇ। ਭਾਰਤ ਵਿਚ ਗੱਡੀਆਂ ਬਣਾਉਣ ਵਾਲੇ ਉਦਯੋਗਾਂ ਲਈ ਲੋੜੀਂਦਾ ਕਾਨੂੰਨ ਬਣਾ ਕੇ ਨਵੀਆਂ ਗੱਡੀਆਂ ਦੀ ਰਫਤਾਰ ਤੇ ਗਤੀ ਸੀਮਤ ਕੀਤੀ ਜਾਣ ਅਤੇ ਲੋੜ ਤੋਂ ਵੱਧ ਭਾਰ ਚੁੱਕ ਕੇ ਜਾਣ ਵਾਲੀ ਗੱਡੀ ਦਾ ਵਾਧੂ ਭਾਰ ਲਾਹ ਕੇ ਸੁੱਟਣ ਤੋਂ ਬਿਨਾ ਗੱਡੀ ਦੀ ਬਣਤਰ ਸਮੇਂ ਉਸ ਵਿਚ ਅਜਿਹੀ ਵਿਧੀ ਦਾ ਪ੍ਰਬੰਧ ਕਰਨਾ ਕਿ ਉਹ ਵਾਧੂ ਭਾਰ ਲੈ ਕੇ ਚੱਲ ਹੀ ਨਾ ਸਕੇ, ਵੀ ਸ਼ਾਮਿਲ ਹੈ। ਜੇ ਕੋਈ ਬੰਦਾ ਕਿਸੇ ਗੱਡੀ ਨੂੰ ਚਲਾਉਣ ਦੇ ਅਯੋਗ ਹੁੰਦਾ ਹੋਇਆ ਵੀ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਦਾ ਜੁਰਮਾਨਾ 1000 ਰੁਪਏ ਤੋਂ ਵਧਾ ਕੇ 5000 ਰੁਪਏ ਕੀਤਾ ਜਾਵੇ। ਭਾਰੀ ਗੱਡੀਆਂ ਦੀ ਚਲਾਈ ਤੇ ਵਰਤੋਂ ਸਵੇਰੇ ਤਿੰਨ ਵਜੇ ਤੋਂ ਪੰਜ ਵਜੇ ਤੱਕ ਮਨ੍ਹਾਂ ਹੋਵੇ, 500 ਕਿਲੋਮੀਟਰ ਤੋਂ ਦੂਰ ਜਾਣ ਵਾਲੀਆਂ ਗੱਡੀਆਂ ਲਈ ਦੋ ਡਰਾਈਵਰਾਂ ਦਾ ਹੋਣਾ ਹੀ ਨਹੀਂ ਡਰਾਈਵਰਾਂ, ਕੰਡਕਟਰਾਂ ਤੇ ਸਬੰਧਤ ਕਰਮਚਾਰੀਆਂ ਦੀ ਇੰਸੋਰੈਂਸ ਵੀ ਲਾਜ਼ਮੀ ਕੀਤੀ ਜਾਵੇ। ਇਥੇ ਹੀ ਬੱਸ ਨਹੀਂ, ਜੇ ਹੋ ਸਕੇ ਨਿਯਮਤ ਸਮੇਂ ਦੇ ਅੰਦਰ-ਅੰਦਰ ਡਰਾਈਵਰਾਂ ਨੂੰ ਦੁਰਘਟਨਾ ਦਾ ਸ਼ਿਕਾਰ ਹੋਏ ਦੋਸ਼ੀਆਂ ਦੀ ਹਸਪਤਾਲ ਵਿਚ ਪਿਆਂ ਦੀ ਬੇਵਸੀ ਦਿਖਾਈ ਜਾਵੇ।
ਸੜਕੀ ਦੁਰਘਟਨਾਵਾਂ ਦੇ ਵਾਧੇ ਨੂੰ ਮੁੱਖ ਰੱਖਦਿਆਂ ਇਨ੍ਹਾਂ ਸੁਝਾਵਾਂ ਦਾ ਸਵਾਗਤ ਕਰਨਾ ਬਣਦਾ ਹੈ ਪਰ ਇਹ ਵੀ ਦੇਖਿਆ ਜਾਵੇ ਕਿ ਇਨ੍ਹਾਂ ਉਤੇ ਅਮਲ ਕਰਨ ਵਿਚ ਅਣਗਹਿਲੀ ਨਾ ਹੋਵੇ।
ਪੰਜਾਬ ਚੋਣਾਂ ਦੀ ਕਹਾਣੀ, ਸਬੰਧਤ ਧਿਰਾਂ ਦੀ ਜ਼ੁਬਾਨੀ: ਪੰਜਾਬ ਵਿਧਾਨ ਸਭਾ ਚੋਣਾਂ ਉਪਰੰਤ ਨਜੂਮੀ ਤੇ ਭਵਿੱਖਵਾਣੀ ਦੇ ਮਾਹਰ ਹੀ ਨਹੀਂ, ਸਬੰਧਤ ਆਗੂ ਤੇ ਉਮੀਦਵਾਰ ਵੀ ਵੱਡੀਆਂ ਆਸਾਂ ਲਾਈ ਬੈਠੇ ਹਨ। ਹੋਰ ਤਾਂ ਹੋਰ ਚੋਣਾਂ ਲਈ ਹੁੰਮ-ਹੁਮਾ ਕੇ ਦੇਸ਼ ਆਏ ਪਰਵਾਸੀ ਵੀ ਆਪੋ ਆਪਣੀ ਪਾਰਟੀਆਂ ਤੇ ਉਮੀਦਵਾਰਾਂ ਦੀ ਜਿੱਤ ਦੇ ਜਸ਼ਨਾਂ ਵਿਚ ਸ਼ਾਮਿਲ ਹੋਏ ਬਿਨਾ ਪਰਦੇਸ ਨਹੀਂ ਪਰਤਣਾ ਚਾਹੁੰਦੇ। ਮੀਡੀਆ ਅਨੁਸਾਰ ਅਜਿਹੇ ਪਰਵਾਸੀਆਂ ਦੀ ਗਿਣਤੀ ਵੀ ਘੱਟ ਨਹੀਂ ਜੋ ਆਪਣੇ ਉਮੀਦਵਾਰਾਂ ਦੇ ਜਸ਼ਨਾਂ ਨਾਲ ਵੱਡੀ ਪੱਧਰ ਉਤੇ ਅਖੰਡ ਪਾਠ ਕਰਵਾ ਕੇ ਉਪਰ ਵਾਲੇ ਦਾ ਸ਼ੁਕਰਾਨਾ ਕੀਤੇ ਬਿਨਾ ਨਹੀਂ ਜਾਣਾ ਚਾਹੁੰਦੇ। ਕਿਸੇ ਇਕ ਪਾਰਟੀ ਦੇ ਨਹੀਂ-‘ਆਪ’, ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਪ੍ਰਣਾਏ ਅਨੇਕਾਂ ਪਰਵਾਸੀ ਇਨ੍ਹਾਂ ਚੋਣਾਂ ਬਾਰੇ ਉਤਸੁਕ ਸਨ ਤੇ ਹਾਲੀ ਵੀ ਹਨ।
ਮੀਡੀਆ ਅਨੁਸਾਰ ‘ਆਪ’ ਦਾ ਸਮਰਥਨ ਕਰਨ ਲਈ 35,000 ਪਰਵਾਸੀਆਂ ਨੇ ਹੱਥ ਖੜ੍ਹੇ ਕੀਤੇ ਸਨ ਜਿਨ੍ਹਾਂ ਵਿਚੋਂ 18-20 ਹਜ਼ਾਰ ਆਏ ਤੇ ਉਨ੍ਹਾਂ ਵਿਚੋਂ ਬਹੁਤੇ ਪੰਜਾਬ ਵਿਚ ਆਪੋ-ਆਪਣੇ ਟਿਕਾਣਿਆਂ ਉਤੇ ਡਟੇ ਹੋਏ ਹਨ। ਦੇਸ਼ ਤੋਂ ਦੂਰ ਬੈਠੇ ਸਾਰੇ ਪਰਵਾਸੀਆਂ ਦਾ ਤਬਦੀਲੀ ਰਹੀ ਉਤਸੁਕ ਹੋਣਾ ਕੁਦਰਤੀ ਹੈ, ਇਸ ਲਈ ਕਿ ਤਬਦੀਲੀ ਉਨ੍ਹਾਂ ਨੂੰ ਉਤਸ਼ਾਹ ਦਿੰਦੀ ਹੈ। ਜਿਥੋਂ ਤੱਕ ਮੇਰੇ ਜਾਣੂ ਉਮੀਦਵਾਰਾਂ ਦਾ ਸਬੰਧ ਹੈ, ਕਾਂਗਰਸੀ ਆਪਣਾ ਝੰਡਾ ਲਹਿਰਾ ਰਹੇ ਹਨ ਤੇ ‘ਆਪ’ ਵਾਲੇ ਝਾੜੂ ਨਾਲ ਹੂੰਝਾ ਫੇਰਨ ਦੇ ਦਾਅਵੇ ਕਰਦੇ ਹਨ। ਵਿਅਕਤੀਗਤ ਸੋਚਾਂ ਦੇ ਆਧਾਰ ‘ਤੇ ਗੱਲ ਕਰਨੀ ਹੋਵੇ ਤਾਂ ਅਕਾਲੀ-ਭਾਜਪਾ ਵਾਲੇ ਹੀ ਐਸੇ ਹਨ ਜਿਨ੍ਹਾਂ ਵਿਚੋਂ ਪਹਿਲਾਂ ਵਾਲਾ ਦਮ-ਖਮ ਗਾਇਬ ਹੈ। ਦੇਖੀਏ 11 ਮਾਰਚ ਦੀ ਸ਼ਾਮ ਪੰਜਾਬ ਲਈ ਕੀ ਸੁਨੇਹਾ ਲੈ ਕੇ ਆਉਂਦੀ ਹੈ। ਨਿਸ਼ਚੇ ਹੀ ਇਸ ਵਾਰ ਦੀਆਂ ਚੋਣਾਂ ਸਬੰਧਤ ਧਿਰਾਂ ਨੂੰ ਛੱਡ ਕੇ ਸਾਰਿਆਂ ਲਈ ਮੌਜ ਮੇਲਾ ਬਣੀਆਂ ਹੋਈਆਂ ਹਨ।
ਅੰਤਿਕਾ: ਬਹਾਦਰ ਸ਼ਾਹ ਜ਼ਫਰ
ਦੁਸ਼ਮਨ ਜੋ ਹਸੀਨੋ ਕੋ ਹਮ ਜਾਨ ਕੇ ਕਹਿਤੇ ਹੈਂ,
ਯੂੰ ਹੀ ਨਹੀਂ ਕਹਿਤੇ ਕੁਛ ਜਾਨ ਕੇ ਕਹਿਤੇ ਹੈਂ।
ਹਮ ਤੇਰੀ ਤਰਹ ਕਾਫਿਰ ਝੂਠੇ ਨਹੀਂ ਉਲਫਤ ਮੇਂ,
ਜੋ ਕਹਿਤੇ ਹੈਂ ਸਾਥ ਅਪਨੇ ਈਮਾਨ ਕੇ ਕਹਿਤੇ ਹੈਂ।
ਭੇਦ ਅਪਨਾ ਜ਼ਫਰ ਸਭ ਸੇ ਕਹਿ ਦੇਤੇ ਨਹੀਂ ਦਾਨਾਅ,
ਕਹਿਤੇ ਹੈਂ ਤੋ ਇਨਸਾਨ ਕੋ ਪਹਿਚਾਨ ਕੇ ਕਹਿਤੇ ਹੈਂ।