ਆਮਨਾ ਕੌਰ
ਸੰਨ ਸੰਤਾਲੀ ਵਾਲੀ ਵੰਡ ਅਤੇ ਭਾਰਤ-ਪਾਕਿਸਤਾਨ ਰਿਸ਼ਤਿਆਂ ਬਾਰੇ ਦੋ ਫਿਲਮਾਂ ਅੱਜ ਕੱਲ੍ਹ ਚਰਚਾ ਵਿਚ ਹਨ। ਪਹਿਲੀ ਫਿਲਮ ‘ਬੈਂਡ ਇਟ ਲਾਈਕ ਬੈਕਹੈਮ’ ਵਰਗੀ ਸਫਲ ਫਿਲਮ ਦੀ ਨਿਰਦੇਸ਼ਕ ਗੁਰਿੰਦਰ ਚੱਢਾ ਦੀ ‘ਵਾਇਸਰਾਏ’ਜ਼ ਹਾਊਸ’ ਹੈ। ਇਸ ਵਿਚ ਹਿੰਦੁਸਤਾਨ ਦੀ ਵੰਡ ਵੇਲੇ ਚੱਲੀ ਸਿਆਸਤ ਬਾਰੇ ਟਿੱਪਣੀਆਂ ਹਨ। ਗੁਰਿੰਦਰ ਇਸ ਫਿਲਮ ਉਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਸੀ ਅਤੇ ਹੁਣ ਇਹ ਫਿਲਮ ਤਿਆਰ ਹੈ।
ਜਰਮਨੀ ਵਿਚ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਅਤੇ ਇੰਗਲੈਂਡ ਵਿਚ ਤਿੰਨ ਮਾਰਚ ਨੂੰ ਰਿਲੀਜ਼ ਹੋਣੀ ਹੈ। ਉਸ ਨੇ ਇਹ ਫਿਲਮ ਪੌਲ ਬਰਗਸ ਤੇ ਮੋਇਰਾ ਬਫ਼ਿਨੀ ਨਾਲ ਰਲ ਕੇ ਲਿਖੀ ਹੈ ਅਤੇ ਇਸ ਫਿਲਮ ਵਿਚ ਹੁਮਾ ਕਰੈਸ਼ੀ ਤੇ ਮਨੀਸ਼ ਦਿਆਲ ਤੋਂ ਇਲਾਵਾ ਹਿਊ ਬੋਨਵਿਲੇ, ਗਿਲੀਅਨ ਐਂਡਰਸਨ ਤੇ ਮਾਈਕਲ ਗੈਮਬਨ ਵਰਗੇ ਸਮਰੱਥ ਅਦਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਕੁੱਲ 106 ਮਿੰਟਾਂ ਦੀ ਇਹ ਫਿਲਮ ਅੰਗਰੇਜ਼ੀ ਵਿਚ ਹੈ ਜਿਸ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਏæਆਰæ ਰਹਿਮਾਨ ਨੇ ਤਿਆਰ ਕੀਤਾ ਹੈ। ਫਿਲਮ ਦੀ ਸ਼ੂਟਿੰਗ ਬਹੁਤਾ ਕਰ ਕੇ ਜੋਧਪੁਰ ਵਿਚ ਕੀਤੀ ਗਈ ਹੈ। ਗੁਰਿੰਦਰ ਚੱਢਾ ਦਾ ਦਾਅਵਾ ਹੈ ਕਿ ਹਿੰਦੁਸਤਾਨ ਦੀ ਵੰਡ ਵੇਲੇ ਜੋ ਸਿਆਸਤ ਉਸ ਵਕਤ ਕੀਤੀ ਗਈ, ਉਸ ਦੇ ਕੁਝ ਅਹਿਮ ਪੱਖ ਇਸ ਫਿਲਮ ਵਿਚ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਦੂਜੀ ਪੰਜਾਬੀ ਫਿਲਮ ‘ਦੁਸ਼ਮਨ’ ਹੈ ਜੋ ਉਘੇ ਫਿਲਮਸਾਜ਼ ਮਹੇਸ਼ ਭੱਟ ਦੀ ਨਿਗਰਾਨੀ ਹੇਠ ਤਿਆਰ ਕੀਤੀ ਗਈ ਹੈ। ਇਸ ਫਿਲਮ ਦੀ ਨਿਰਦੇਸ਼ਕ ਮਹੇਸ਼ ਭੱਟ ਕੈਂਪ ਦੀ ਉਘੀ ਲਿਖਾਰੀ ਸਗੁਫ਼ਤਾ ਰਫ਼ੀਕ ਹੈ ਜਿਸ ਨੇ ਕਈ ਸਫ਼ਲ ਫਿਲਮਾਂ ਦੀਆਂ ਕਹਾਣੀਆਂ ਲਿਖੀਆਂ ਹਨ। ਪਹਿਲਾਂ ਪਹਿਲ ਜਦੋਂ ਉਸ ਨੇ ਇਸ ਫਿਲਮ ਦੀ ਕਹਾਣੀ ਬਾਰੇ ਆਪਣੇ ਨੇੜਲਿਆਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕੀਤਾ ਤਾਂ ਇਹ ਸੁਝਾਅ ਸਾਹਮਣੇ ਆਇਆ ਕਿ ਇਸ ਤਰ੍ਹਾਂ ਦੇ ਵਿਸ਼ੇ ਵਾਲੀ ਫਿਲਮ ਚੱਲਣੀ ਮੁਸ਼ਕਿਲ ਹੈ, ਪਰ ਸਗੁਫ਼ਤਾ ਰਫ਼ੀਕ ਨੇ ਆਪਣਾ ਇਰਾਦਾ ਨਹੀਂ ਬਦਲਿਆ ਅਤੇ ਜਦੋਂ ਇਸ ਫਿਲਮ ਦੀ ਪਟਕਥਾ ਤਿਆਰ ਹੋਈ ਤਾਂ ਸਭ ਨੂੰ ਪਸੰਦ ਆ ਗਈ। ਇਸ ਫਿਲਮ ਵਿਚ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਗੱਲ ਵੱਖਰੇ ਜ਼ਾਵੀਏ ਤੋਂ ਕੀਤੀ ਗਈ ਹੈ। ਫਿਲਮ ਵਿਚ ਕਰਤਾਰ ਚੀਮਾ, ਜਸ਼ਨ ਸਿੰਘ ਅਤੇ ਸ਼ਾਕਸੀ ਗੁਲਾਟੀ ਨੇ ਅਹਿਮ ਕਿਰਦਾਰ ਨਿਭਾਏ ਹਨ। ਮਹੇਸ਼ ਭੱਟ ਦਾ ਕਹਿਣਾ ਹੈ ਕਿ ਦੋਹਾਂ ਮੁਲਕਾਂ ਦੇ ਲੋਕ ਆਪਸ ਵਿਚ ਚੰਗੇ ਸਬੰਧ ਚਾਹੁੰਦੇ ਹਨ, ਪਰ ਕੁਝ ਸਿਆਸੀ ਮਜਬੂਰੀਆਂ ਕਾਰਨ ਆਏ ਦਿਨ ਨਫ਼ਰਤਾਂ ਦਾ ਹੜ੍ਹ ਆਇਆ ਰਹਿੰਦਾ ਹੈ। ਇਹ ਫਿਲਮ ਦੋਵਾਂ ਮੁਲਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਚਿਤਰਨ ਹੈ। ਫਿਲਮ ਦੇ ਦੋ ਹੀਰੋ ਹਨ ਜੋ ਦੋ ਮੁਲਕਾਂ ਦੇ ਨੁਮਾਇੰਦਾ ਪਾਤਰ ਹਨ। ਇਸ ਵਿਚ ਬਿਨਾਂ ਸ਼ੱਕ ਡਰਾਮਾ ਤੇ ਰੁਮਾਂਸ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਫਿਲਮ ਦਾ ਮਨੋਰੰਜਨ ਵਾਲਾ ਪੱਖ ਵੀ ਧਿਆਨ ਖਿਚੇਗਾ, ਪਰ ਇਸ ਫਿਲਮ ਦਾ ਸੁਨੇਹਾ ਇਸ ਦਾ ਅਸਲ ਮਕਸਦ ਹੈ।