ਫਿਲਮ ‘ਇਰਾਦਾ’ ਵਿਚ ਪੰਜਾਬ ਦੇ ਪਾਣੀ ਦੀ ਬਾਤ ਪਾਈ ਗਈ ਹੈ ਜੋ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਸਿਤਮਜ਼ਰੀਫੀ ਇਹ ਕਿ ਇਸ ਪਾਸੇ ਕੋਈ ਖਾਸ ਧਿਆਨ ਵੀ ਨਹੀਂ ਦਿੱਤਾ ਜਾ ਰਿਹਾ। ਅਸਲ ਵਿਚ ਜਦੋਂ ਹਰ ਮਸਲੇ ਉਤੇ ਸਿਆਸਤ ਕੀਤੀ ਜਾ ਰਹੀ ਹੋਵੇ, ਤਾਂ ਲੋਕਾਂ ਨਾਲ ਜੁੜੇ ਮਸਲੇ ਬਹੁਤ ਪਿਛਾਂਹ ਛੁੱਟ ਜਾਂਦੇ ਹਨ। ਇਹੀ ਨੁਕਤਾ ਇਸ ਫਿਲਮ ਦੀ ਕਹਾਣੀ ਹੈ।
ਅਹਿਮ ਮਸਲੇ ਵਾਲੀ ਇਸ ਫਿਲਮ ਵਿਚ ਉਘੇ ਅਦਾਕਾਰ ਨਸੀਰੂਦੀਨ ਸ਼ਾਹ, ਦਿਵਿਆ ਦੱਤਾ, ਅਰਸ਼ਦ ਵਾਰਸੀ, ਸ਼ਰਦ ਕੇਲਗਰ ਅਤੇ ਸਾਗਰਿਕਾ ਘਟਗੇ ਨੇ ਵੱਖ-ਵੱਖ ਕਿਰਦਾਰ ਨਿਭਾਏ ਹਨ। ਇਹ ਅਪਰਨਾ ਸਿੰਘ ਦੀ ਪਲੇਠੀ ਫਿਲਮ ਹੈ। ਬਤੌਰ ਫਿਲਮਸਾਜ਼ ਉਸ ਨੇ ਪਾਣੀ ਦੇ ਮੁੱਦੇ ਨੂੰ ਜਿਸ ਢੰਗ ਨਾਲ ਪੇਸ਼ ਕੀਤਾ ਹੈ, ਉਸ ਦਾ ਕੋਈ ਜਵਾਬ ਨਹੀਂ ਹੈ। ਕਈ ਥਾਂਵਾਂ ਉਤੇ ਇਹ ਦਸਤਾਵੇਜ਼ੀ ਫਿਲਮ ਵਧੇਰੇ ਜਾਪਦੀ ਹੈ। ਫਿਲਮ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਫਿਲਮ ਖਾਸ ਮੁੱਦੇ ਨੂੰ ਲੈ ਕੇ ਬਣਾਈ ਗਈ ਹੈ। ਫਿਲਮ ਵਿਚ ਦਿਖਾਇਆ ਗਿਆ ਹੈ ਕਿ ਸਿਆਸਤ ਆਮ ਲੋਕਾਂ ਦੇ ਮਸਲਿਆਂ ਉਤੇ ਕਿਸ ਕਦਰ ਮਾਰ ਕਰ ਸਕਦੀ ਹੈ। ਇਸ ਬਿਰਤਾਂਤ ਨੂੰ ਅਪਰਨਾ ਸਿੰਘ ਨੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ। ਫਿਲਮ ਵਿਚ ਸਿਆਸਤਦਾਨਾਂ ਦੀਆਂ ਵਧੀਕੀਆਂ ਸਿਰ ਚੜ੍ਹ ਬੋਲਦੀਆਂ ਹਨ, ਪਰ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ। ਲੋਕ ਬੱਸ ਤੜਫਦੇ ਰਹਿ ਜਾਂਦੇ ਹਨ। ਲੋਕਾਂ ਦੀ ਇਹ ਬੇਵਸੀ ਵਾਰ-ਵਾਰ ਉਜਾਗਰ ਹੁੰਦੀ ਹੈ। ਫਿਲਮ ਵਿਚ ਅਰਸ਼ਦ ਵਾਰਸੀ ਨੇ ਆਪਣੀ ਅਦਾਕਾਰੀ ਨਾਲ ਕਮਾਲ ਕੀਤੀ ਹੈ। ਨਸੀਰੂਦੀਨ ਸ਼ਾਹ ਦੇ ਤਾਂ ਕਿਆ ਕਹਿਣੇ!
ਅਪਰਨਾ ਸਿੰਘ ਮੁਤਾਬਕ, ਉਹ ਇਸ ਫਿਲਮ ਬਾਰੇ ਕਾਫ਼ੀ ਚਿਰ ਤੋਂ ਖੋਜ ਕਰ ਰਹੀ ਸੀ। ਉਸ ਨੂੰ ਤਸੱਲੀ ਹੈ ਕਿ ਉਹ ‘ਇਰਾਦਾ’ ਵਰਗੀ ਫਿਲਮ ਬਣਾ ਸਕੀ ਹੈ। ਉਹ ਖੁਸ਼ ਹੈ ਕਿ ਫਿਲਮ ਵਿਚ ਸਭ ਅਦਾਕਾਰਾਂ ਨੇ ਰੂਹ ਨਾਲ ਕੰਮ ਕੀਤਾ। ਕੁਝ ਫਿਲਮ ਆਲੋਚਕਾਂ ਵੱਲੋਂ ਭਾਵੇਂ ਇਸ ਫਿਲਮ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ ਅਤੇ ਕਿਤੇ-ਕਿਤੇ ਫਿਲਮ ਬੋਝਲ ਹੋਣ ਦੀਆਂ ਗੱਲਾਂ ਵੀ ਕੀਤੀਆਂ ਹਨ, ਪਰ ਕੁੱਲ ਮਿਲਾ ਕੇ ਇਹ ਫਿਲਮ ਲੋਕਾਂ ਅਤੇ ਲੋਕਾਂ ਦੇ ਮਸਲਿਆਂ ਨੂੰ ਉਭਾਰਦੀ ਹੈ, ਇਸ ਲਈ ਅਜਿਹੇ ਪ੍ਰੋਜੈਕਟ ਦਾ ਸਵਾਗਤ ਹੀ ਹੋਣਾ ਚਾਹੀਦਾ ਹੈ। ਫਿਲਮ ਦੇਖ ਕੇ ਜਾਪਦਾ ਹੈ ਕਿ ਅਪਰਨਾ ਸਿੰਘ ਫਿਲਮ ਜਗਤ ਦਾ ਮਾਣ ਬਣੇਗੀ।
-ਗੁਰਜੰਟ ਸਿੰਘ