ਦਿੱਲੀ ‘ਚ ਵੀ ਪੰਥਕ ਮੁੱਦਿਆਂ ‘ਤੇ ਘਿਰੇ ਬਾਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪੰਥਕ ਮਸਲਿਆਂ ਉਤੇ ਦਿੱਲੀ ਵਿਚ ਵੀ ਬੁਰੀ ਤਰ੍ਹਾਂ ਘਿਰ ਗਿਆ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰੇ ਦੀ ਹਮਾਇਤ ਲੈਣਾ ਅਕਾਲੀ ਦਲ ਨੂੰ ਦਿੱਲੀ ਵਿਚ ਮਹਿੰਗਾ ਪੈ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਮੁੱਖ ਮੁੱਦਾ ਡੇਰਾ ਸਿਰਸਾ ਨਾਲ ਅਕਾਲੀ ਦਲ ਦੇ ਸਬੰਧ ਹੀ ਬਣ ਗਿਆ ਹੈ।

ਸਿੱਖ ਜਥੇਬੰਦੀਆਂ ਅਕਾਲੀ ਦਲ ਨੂੰ ‘ਡੇਰਾ ਸਿਰਸਾ ਅਕਾਲੀ ਦਲ’ ਕਹਿ ਰਹੀਆਂ ਹਨ। ਪਾਰਟੀ ਨਾਲ ਸਬੰਧਤ ਦਿੱਲੀ ਦੇ ਅਕਾਲੀ ਆਗੂਆਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਕਿਹਾ ਹੈ ਕਿ ਡੇਰਾ ਸਿਰਸਾ ਦੀ ਹਮਾਇਤ ਵਿਚ ਗਏ ਆਗੂਆਂ ਨੂੰ ਦਿੱਲੀ ਦੀਆਂ ਚੋਣਾਂ ਤੋਂ ਦੂਰ ਹੀ ਰੱਖਿਆ ਜਾਵੇ। ਇਸ ਮਾਮਲੇ ਉਤੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵੀ ਭਰਵੀਂ ਚਰਚਾ ਹੋਈ। ਡੇਰੇ ਵਿਚ ਜਾ ਕੇ ਵੋਟਾਂ ਮੰਗਣ ਵਾਲੇ ਅਕਾਲੀ ਨੇਤਾਵਾਂ ਨੇ ਜਿਥੇ ਇਸ ਮਾਮਲੇ ਨੂੰ ਸਰਸਰੀ ਮੰਨਦਿਆਂ ਰਸਮੀ ਕਾਰਵਾਈ ਨਾਲ ‘ਰਫ਼ਾ-ਦਫ਼ਾ’ ਕਰਨ ਦਾ ਤਰਕ ਪੇਸ਼ ਕੀਤਾ, ਉਥੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਕਿਹਾ ਕਿ ਇਸ ਮਾਮਲੇ ਦਾ ਅਕਾਲ ਤਖ਼ਤ ਉਤੇ ਮੁਕੰਮਲ ਕਾਰਵਾਈ ਕਰਨ ਤੋਂ ਬਾਅਦ ਹੀ ਨਿਬੇੜਾ ਹੋਣਾ ਚਾਹੀਦਾ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਡੇਰੇ ਦੇ ਸ਼ਰਧਾਲੂਆਂ ਦੀਆਂ ਵੋਟਾਂ ਮੰਗਣ ਵਾਲੇ ਅਕਾਲੀ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਵੱਲੋਂ ਬਣਾਈ ਕਮੇਟੀ ਨੂੰ ਵੀ ਜਲਦਬਾਜ਼ੀ ਵਿਚ ਚੁੱਕਿਆ ਕਦਮ ਕਰਾਰ ਦੇ ਕੇ ਆਲੋਚਨਾ ਵੀ ਕੀਤੀ ਹੈ। ਮਾਮਲੇ ਨੂੰ ਲਮਕਾਉਣ ਵਜੋਂ ਕਾਂਗਰਸ ਨਾਲ ਸਬੰਧਤ ਡੇਰੇ ‘ਤੇ ਜਾਣ ਵਾਲੇ ਸਿੱਖ ਨੇਤਾਵਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਉਪਰ ਸੱਦਣ ਦੀ ਗੱਲ ਚੱਲ ਰਹੀ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਮੇਟੀ ਬਣਾਉਣ ਤੋਂ ਪਹਿਲਾਂ ਵਿਚਾਰ ਕਰ ਲੈਣੀ ਚਾਹੀਦੀ ਸੀ। ਸੀਨੀਅਰ ਆਗੂਆਂ ਨੇ ਮੰਨਿਆ ਕਿ ਡੇਰੇ ਦੀ ਹਮਾਇਤ ਨਾਲ ਪਾਰਟੀ ਨੂੰ ਭਵਿੱਖ ਵਿਚ ਸਿਆਸੀ ਤੌਰ ਉਤੇ ਭਾਰੀ ਨੁਕਸਾਨ ਹੋ ਸਕਦਾ ਹੈ। ਆਗੂਆਂ ਮੁਤਾਬਕ ਪਾਰਟੀ ਦਾ ਮੁੱਖ ਆਧਾਰ ਸਿੱਖ ਵੋਟਰ ਪਾਰਟੀ ਤੋਂ ਦੂਰ ਜਾ ਸਕਦਾ ਹੈ। ਡੇਰਾ ਮੁਖੀ ਖਿਲਾਫ਼ ਸ੍ਰੀ ਅਕਾਲ ਤਖਤ ਤੋਂ 2007 ਵਿਚ ਜਾਰੀ ਹੁਕਮਨਾਮੇ ਨੂੰ ਲਾਗੂ ਕਰਨ ਲਈ ਤੂਲ ਵੀ ਅਕਾਲੀ ਨੇਤਾਵਾਂ ਵੱਲੋਂ ਹੀ ਦਿੱਤੀ ਗਈ ਸੀ। ਵਿਧਾਨ ਸਭਾ ਚੋਣਾਂ ਦੌਰਾਨ ਵੀ ਪਾਰਟੀ ਵੱਲੋਂ ਸਿੱਖ ਵੋਟ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲ ਭੁਗਤਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਪਾਰਟੀ ਦੇ ਇਕ ਸੰਸਦ ਮੈਂਬਰ ਨੇ ਮੰਨਿਆ ਹੈ ਕਿ ਦਿੱਲੀ ਚੋਣਾਂ ਵਿਚ ਇਹ ਮਾਮਲਾ ਅਕਾਲੀ ਦਲ ਦੇ ਰਾਜਸੀ ਵਿਰੋਧੀਆਂ ਵੱਲੋਂ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।
ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜਾਂਚ ਕਮੇਟੀ ਦੀ ਰਿਪੋਰਟ 26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਚੋਣਾਂ ਤੋਂ ਬਾਅਦ ਹੀ ਸ੍ਰੀ ਅਕਾਲ ਤਖਤ ਨੂੰ ਸੌਂਪੀ ਜਾਵੇਗੀ। ਜਾਂਚ ਕਮੇਟੀ ਨੇ ਵੀ ਕਿਹਾ ਹੈ ਕਿ ਜਾਂਚ ਦੌਰਾਨ ਡੇਰੇ ਗਏ ਸਿੱਖ ਆਗੂਆਂ ਦਾ ਪੱਖ ਲੈਣ ਵਿਚ ਸਮਾਂ ਲੱਗ ਸਕਦਾ ਹੈ। ਉਧਰ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ‘ਡੇਰਾ ਸਿਰਸਾ ਅਕਾਲੀ ਦਲ’ ਦਾ ਨਾਂ ਦਿੰਦਿਆਂ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਦੇਣ। ਉਨ੍ਹਾਂ ਦਿੱਲੀ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਦਲ ਨੂੰ ਵੋਟਾਂ ਨਾ ਪਾਉਣ ਅਤੇ ਬੇਰੰਗ ਵਾਪਸ ਭੇਜਣ। ਇਕ ਬਿਆਨ ਵਿਚ ਭਾਈ ਮੋਹਕਮ ਸਿੰਘ ਨੇ ਦਿੱਲੀ ਦੇ ਸੰਤਾਂ-ਮਹਾਂਪੁਰਸ਼ਾਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਨਕਾਰ ਕੇ ਪੰਥਕ ਪਰੰਪਰਾਵਾਂ ‘ਤੇ ਪਹਿਰਾ ਦੇਣ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਖਤ ਸਾਹਿਬਾਨ ਦੀ ਮਾਣ ਮਰਿਆਦਾ ਅਤੇ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਵੱਡੀ ਢਾਹ ਲਾਈ ਹੈ, ਪਰ ਇਨ੍ਹਾਂ ਦੀਆਂ ਆਪਣੀਆਂ ਜਾਇਦਾਦਾਂ ਤੇ ਹੋਰ ਵਸੀਲਿਆਂ ਵਿਚ ਨਿਰੰਤਰ ਵਾਧਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਰ-ਵਾਰ ਹੋਣਾ ਵੀ ਸਾਬਤ ਕਰਦਾ ਹੈ ਕਿ ਇਸ ਪਿੱਛੇ ਕੋਈ ਡੂੰਘੀ ਸਾਜਿਸ਼ ਹੈ, ਜਿਸ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਵਿਚ 96 ਥਾਵਾਂ ‘ਤੇ ਬੇਅਦਬੀ ਹੋਈ ਹੈ, ਪਰ ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਗਿਆ।
________________________________________________
ਬਹੁਕੋਣੇ ਮੁਕਾਬਲੇ ਨੇ ਬਣਾਈ ਰੋਚਕ ਸਥਿਤੀ
ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੰ ਚੋਣ ਲਈ ਕੁੱਲ 335 ਉਮੀਦਵਾਰ ਮੈਦਾਨ ਵਿਚ ਨਿੱਤਰ ਗਏ ਹਨ। ਇਨ੍ਹਾਂ 335 ਉਮੀਦਵਾਰਾਂ ਵਿਚ 46 ਸੀਟਾਂ ਉਤੇ ਸ਼੍ਰੋਮਣੀ ਅਕਾਲੀ (ਬਾਦਲ) ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਸਾਰੇ 46-46 ਉਮੀਦਵਾਰ ਚੋਣ ਲੜ ਰਹੇ ਹਨ। ਇਸ ਵਾਰ ਮੁਕਾਬਲਾ ਬਹੁਕੋਣਾ ਹੋਣ ਕਰ ਕੇ ਅਤੇ ਪੰਜ ਤੋਂ ਵਧ ਧੜੇ ਚੋਣ ਮੈਦਾਨ ਵਿਚ ਹੋਣ ਕਰ ਕੇ ਕਮੇਟੀ ਚੋਣ ਕਾਫੀ ਰੋਚਕ ਬਣੀ ਹੋਈ ਹੈ। ਇਸ ਦੇ ਨਾਲ ਪੰਥਕ ਸੇਵਾ ਦਲ ਦੇ 39 ਉਮੀਦਵਾਰ, ਭਾਈ ਰਣਜੀਤ ਸਿੰਘ ਦੀ ਸਰਪ੍ਰਸਤੀ ਵਾਲੀ ਅਕਾਲ ਸਹਾਇ ਵੈਲਫੇਅਰ ਐਸੋਸੀਏਸ਼ਨ ਦੇ 11 ਮੈਂਬਰ ਹਨ। ਸਾਰੀਆਂ ਸੀਟਾਂ ਤੋਂ ਆਜ਼ਾਦ ਉਮੀਦਵਾਰਾਂ ਦੀ ਗਿਣਤੀ 184 ਹੈ ਤੇ 85 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲਏ ਹਨ। ਦੱਸ ਦਈਏ ਕਿ ਦਿੱਲੀ ਕਮੇਟੀ ਲਈ ਸਿੱਖ ਸੰਗਤ ਵੱਲੋਂ 46 ਉਮੀਦਵਾਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ, ਦੋ ਮੈਂਬਰ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਵਜੋਂ ਸਰਬਸੰਮਤੀ ਨਾਲ ਚੁਣੇ ਜਾਂਦੇ ਹਨ, ਦੋ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ਤੇ ਇਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕੁੱਲ 51 ਮੈਂਬਰੀ ਕਮੇਟੀ ਵਿਚ ਬਹੁਮਤ ਲਈ 26 ਮੈਂਬਰਾਂ ਦਾ ਸਮਰਥਨ ਜ਼ਰੂਰੀ ਹੁੰਦਾ ਹੈ। ਹਾਲਾਂਕਿ ਚਾਰ ਤਖਤਾਂ ਦੇ ਸਿੰਘ ਸਾਹਿਬਾਨ ਵੀ ਕਮੇਟੀ ਦੇ ਮੈਂਬਰ ਹੁੰਦੇ ਹਨ, ਪਰ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ। ਪਿਛਲੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ 37 ਮੈਂਬਰ ਜਿੱਤੇ ਸਨ ਜਦਕਿ ਸਰਨਾ ਧੜੇ ਦੇ ਸਿਰਫ 8 ਮੈਂਬਰ ਜਿੱਤੇ ਸਨ। ਕੁੱਲ 46 ਉਮੀਦਵਾਰਾਂ ਵਿਚੋਂ 1 ਮੈਂਬਰ ਕੇਂਦਰੀ ਗੁਰੂ ਸਿੰਘ ਸਭਾ ਦਾ ਜਿੱਤਿਆ ਸੀ। ਇਸ ਵਾਰ ਮੁਕਾਬਲਾ ਦੂਹਰਾ ਨਹੀਂ ਬਲਕਿ ਪੰਜਕੋਣਾ ਬਣਿਆ ਹੋਇਆ ਹੈ।