ਸੈਕਰਾਮੈਂਟੋ (ਬਿਊਰੋ): ਕੈਲੀਫੋਰਨੀਆ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਓਰੋਵਿਲ ਡੈਮ ਦੇ ਇਕ ਹਿੱਸੇ ਵਿਚ ਪਾੜ ਪੈਣ ਪਿਛੋਂ ਇਸ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਸੀ ਜਿਸ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਨੇ ਪ੍ਰਭਾਵਿਤ ਇਲਾਕਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ। ਇਨ੍ਹਾਂ ਹੁਕਮਾਂ ਕਰਕੇ ਕਰੀਬ ਦੋ ਲੱਖ ਲੋਕਾਂ ਉਤੇ ਬੇਘਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਇਨ੍ਹਾਂ ਵਿਚ ਕਰੀਬ ਵੀਹ ਹਜ਼ਾਰ ਲੋਕ ਪੰਜਾਬੀ ਹਨ।
ਸਮੁੱਚੀ ਯੂਬਾ ਕਾਊਂਟੀ ਹੜ੍ਹ ਦੀ ਮਾਰ ਹੇਠ ਹੈ। ਇਸ ਇਲਾਕੇ ਵਿਚ ਕਰੀਬ 13 ਫੀਸਦੀ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਲੋਕ ਹਨ। ਪੰਜਾਬੀ ਭਾਈਚਾਰੇ ਦੇ ਇੱਥੇ ਵੱਡੇ ਵੱਡੇ ਫਾਰਮ ਹਾਊਸ ਹਨ।
ਇਹ ਡੈਮ ਇਥੋਂ ਕੋਈ 75 ਮੀਲ ਦੂਰ ਹੈ। ਸੂਤਰਾਂ ਅਨੁਸਾਰ ਹਾਲ ਦੀ ਘੜੀ ਓਰੋਵਿਲ ਲੇਕ ਵਿਚ ਪਾਣੀ ਦਾ ਪੱਧਰ ਕੁਝ ਘਟ ਜਾਣ ਪਿਛੋਂ ਅਮਰੀਕਾ ਦੇ ਸਭ ਤੋਂ ਉਚੇ (770 ਫੁੱਟ) ਇਸ ਡੈਮ ਦੇ ਟੁੱਟਣ ਦਾ ਖਤਰਾ ਟਲ ਗਿਆ ਹੈ। ਲੇਕ ਵਿਚ ਐਤਵਾਰ ਸਵੇਰੇ ਪਾਣੀ ਦਾ ਪੱਧਰ 902æ59 ਫੁੱਟ ‘ਤੇ ਪਹੁੰਚ ਗਿਆ ਸੀ ਜੋ ਕਿ ਲੇਕ ਦਾ ਸਭ ਤੋਂ ਉਚਾ ਪੱਧਰ ਹੈ ਪਰ ਸੋਮਵਾਰ ਨੂੰ ਸਵੇਰੇ ਇਹ ਘਟ ਕੇ 898 ਫੁੱਟ ਦੇ ਕਰੀਬ ਰਹਿ ਗਿਆ ਸੀ। ਡੈਮ ਤੋਂ ਇਸ ਸਮੇਂ ਇੱਕ ਲੱਖ ਕਿਊਬਿਕ ਫੁੱਟ ਪਾਣੀ ਪ੍ਰਤੀ ਸੈਕਿੰਡ ਮੁੱਖ ਗੇਟ ਰਾਹੀਂ ਛੱਡਿਆ ਜਾ ਰਿਹਾ ਹੈ। ਇਸ ਬਿਪਤਾ ਮੌਕੇ ਲੋਕਾਂ ਦੀ ਮਦਦ ਲਈ ਸਿੱਖ ਭਾਈਚਾਰੇ ਨੇ ਅੱਗੇ ਆਉਂਦਿਆਂ ਗੁਰੂਘਰਾਂ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਹਨ ਅਤੇ ਵਿਸ਼ੇਸ਼ ਫੋਨ ਲਾਈਨਾਂ ਵੀ ਚਾਲੂ ਕੀਤੀਆਂ ਹਨ।
ਕੈਲੀਫੋਰਨੀਆ ਵਿਚ ਰਿਕਾਰਡ ਸੋਕਾ ਪੈਣ ਪਿਛੋਂ ਇਸ ਵਰ੍ਹੇ ਭਾਰੀ ਮੀਂਹ ਪਿਆ ਹੈ ਜੋ ਸਾਲ ਦੇ ਇਸ ਸਮੇਂ ਪੈਂਦੇ ਔਸਤ ਮੀਂਹ ਨਾਲੋਂ 228 ਫੀਸਦੀ ਵੱਧ ਹੈ। ਡੈਮ ਦੇ 50 ਸਾਲ ਦੇ ਇਤਿਹਾਸ ਵਿਚ ਇਹ ਹਾਲਾਤ ਪਹਿਲੀ ਵਾਰ ਪੈਦਾ ਹੋਏ ਹਨ। ਇਹ ਵੀ ਅਜੀਬ ਸਥਿਤੀ ਹੈ ਕਿ ਪੰਜ ਸਾਲ ਦੇ ਸੋਕੇ ਦੌਰਾਨ ਓਰੋਵਿਲ ਲੇਕ ਦਾ ਪਾਣੀ ਇਕ ਵਾਰ ਤਾਂ ਇਸ ਦੀ ਸਮਰੱਥਾ ਦਾ 33 ਫੀਸਦੀ ਰਹਿ ਗਿਆ ਸੀ ਪਰ ਇਨ੍ਹਾਂ ਸਰਦੀਆਂ ਵਿਚ ਰਿਕਾਰਡ ਮੀਂਹ ਪੈਣ ਕਰ ਕੇ ਹੜ੍ਹ ਦੀ ਇਹ ਸਥਿਤੀ ਪੈਦਾ ਹੋਈ ਹੈ। ਜ਼ਿਕਰਯੋਗ ਹੈ ਕਿ ਡੈਮ ਦੀ ਉਸਾਰੀ 1961 ਵਿਚ ਸ਼ੁਰੂ ਹੋਈ ਸੀ ਅਤੇ ਚਾਰ ਮਈ 1968 ਨੂੰ ਤਿਆਰ ਹੋ ਗਿਆ ਸੀ।
ਡੈਮ ਤੋਂ ਪਾਣੀ ਉਛਲਣ ਦੇ ਹਾਲਾਤ ਨਾਲ ਨਜਿੱਠਣ ਲਈ ਐਤਵਾਰ ਰਾਤੀਂ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਨੇ ਹੰਗਾਮੀ ਹੁਕਮ ਜਾਰੀ ਕਰ ਦਿੱਤੇ ਤਾਂ ਜੋ ਕਿਸੇ ਵੀ ਮਾੜੀ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕੀਤੇ ਜਾ ਸਕਣ।