ਚੋਣਾਂ ਤੋਂ ਬਾਅਦ ਪੰਜਾਬ ਵਿਚ ਗੈਂਗਸਟਰਾਂ ਦੀ ਆਈ ਸ਼ਾਮਤ

ਚੰਡੀਗੜ੍ਹ: ਗੈਂਗਸਟਰ ਹੁਣ ਪੰਜਾਬ ਦੀਆਂ ਜੇਲ੍ਹਾਂ ਵਿਚ ਚੰਮ ਦੀਆਂ ਨਹੀਂ ਚਲਾ ਸਕਣਗੇ। ਪੰਜਾਬ ਦੇ ਜੇਲ੍ਹ ਵਿਭਾਗ ਵੱਲੋਂ ਹਾਲ ਹੀ ਵਿਚ ਜੇਲ੍ਹਾਂ ਅੰਦਰ ਬੰਦ ਗੈਂਗਸਟਰਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਇਨ੍ਹਾਂ ਵਾਸਤੇ ਵਿਸ਼ੇਸ਼ ਹਾਈ ਸਕਿਉਰਿਟੀ ਜ਼ੋਨ ਬਣਾਉਣ ਦਾ ਫੈਸਲਾ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਇਸ ਵੇਲੇ ਜੇਲ੍ਹਾਂ ਵਿਚ ਕੁੱਲ 250 ਗੈਂਗਸਟਰ ਹਨ, ਜਿਨ੍ਹਾਂ ਵਿਚੋਂ 35 ਕਾਫੀ ਖਤਰਨਾਕ ਮੰਨੇ ਜਾਂਦੇ ਹਨ। ਇਸ ਫੈਸਲੇ ਤਹਿਤ ਹੁਣ ਗੈਂਗਸਟਰ ਜੇਲ੍ਹਾਂ ਵਿਚ ਹੋਰ ਅਪਰਾਧੀਆਂ ਜਾਂ ਆਮ ਬੈਰਕਾਂ ਵਿਚ ਨਹੀਂ ਰੱਖੇ ਜਾਣਗੇ। ਗੈਂਗਸਟਰਾਂ ਲਈ ਜੇਲ੍ਹਾਂ ਵਿਚ ਵਿਸ਼ੇਸ਼ ਸੁਰੱਖਿਆ ਜ਼ੋਨ ਬਣਾ ਕੇ ਉਨ੍ਹਾਂ ਨੂੰ ਹੋਰ ਕੈਦੀਆਂ ਤੋਂ ਵੱਖਰਾ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ ਪਹਿਲਾਂ ਗੈਂਗਸਟਰਾਂ ਨੂੰ ਵੱਖ-ਵੱਖ ਆਮ ਬੈਰਕਾਂ ਵਿਚ ਰੱਖਿਆ ਜਾਂਦਾ ਸੀ। ਪਹਿਲੇ ਪੜਾਅ ਵਿਚ ਨੌਂ ਕੇਂਦਰੀ ਜੇਲ੍ਹਾਂ ਪਟਿਆਲਾ, ਲੁਧਿਆਣਾ, ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਫਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਅੰਮ੍ਰਿਤਸਰ ਅਤੇ ਹਾਈ ਸਕਿਉਰਟੀ ਜੇਲ੍ਹ ਨਾਭਾ ਵਿਚ ਸਪੈਸ਼ਲ ਹਾਈ ਸਕਿਉਰਟੀ ਜ਼ੋਨ ਬਣਾਏ ਜਾਣਗੇ, ਜਿਨ੍ਹਾਂ ਵਿਚ ਖਤਰਨਾਕ ਕੈਦੀ ਰੱਖੇ ਜਾਣਗੇ। ਇਸ ਫੈਸਲੇ ਨਾਲ ਗੈਂਗਸਟਰ ਜੇਲ੍ਹ ਵਿਚ ਬੰਦ ਹੋਰ ਕੈਦੀਆਂ ਨਾਲ ਘੁਲ ਮਿਲ ਕੇ ਨਵੇਂ ਗਰੋਹ ਬਣਾਉਣ ਦੇ ਸਮਰੱਥ ਵੀ ਨਹੀਂ ਰਹਿਣਗੇ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿਚ ਬਣਾਏ ਜਾ ਰਹੇ ਨਵੇਂ ਵਿਸ਼ੇਸ਼ ਜ਼ੋਨਾਂ ਉਪਰ ਆਧੁਨਿਕ ਤਕਨੀਕਾਂ ਨਾਲ ਕਾਂ ਅੱਖ ਰੱਖੀ ਜਾਵੇਗੀ ਅਤੇ ਸੀæਸੀæਟੀæਵੀæ ਕੈਮਰਿਆਂ ਦਾ ਵੀ 24 ਘੰਟੇ ਪਹਿਰਾ ਰਹੇਗਾ। ਗੈਂਗਸਟਰਾਂ ਦੀਆਂ ਜੇਲ੍ਹ ਵਿਚ ਸਰਗਰਮੀਆਂ ਵੀ ਸੀਮਤ ਕੀਤੀਆਂ ਜਾਣਗੀਆਂ। ਗੈਗਸਟਰਾਂ ਨਾਲ ਮੁਲਾਕਾਤਾਂ ਦਾ ਸਮਾਂ ਵੀ ਆਮ ਕੈਦੀਆਂ ਤੋਂ ਵੱਖਰਾ ਰੱਖਿਆ ਜਾਵੇਗਾ। ਵਿਸ਼ੇਸ਼ ਜ਼ੋਨਾਂ ਲਈ ਨਵੀਆਂ ਉਸਾਰੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਦੇ ਇਰਦ ਗਿਰਦ 4ਜੀ ਨੂੰ ਵੀ ਜਾਮ ਕਰਨ ਵਾਲੇ ਵਿਸ਼ੇਸ਼ ਜੈਮਰ ਲਾਏ ਜਾਣਗੇ। ਇਨ੍ਹਾਂ ਜ਼ੋਨਾਂ ਵਿਚ ਜੇਲ੍ਹ ਦੇ ਵਿਸ਼ੇਸ਼ ਤੇ ਪੂਰੀ ਤਰ੍ਹਾਂ ਪਰਖੇ ਸਟਾਫ ਨੂੰ ਤਾਇਨਾਤ ਕੀਤਾ ਜਾਵੇਗਾ। ਸਹਾਇਕ ਸੁਪਰਡੈਂਟ ਰੈਂਕ ਦਾ ਅਧਿਕਾਰੀ ਇਨ੍ਹਾਂ ਵਿਸ਼ੇਸ਼ ਜ਼ੋਨਾਂ ਦਾ ਇੰਚਾਰਜ ਹੋਵੇਗਾ। ਇਨ੍ਹਾਂ ਜ਼ੋਨਾਂ ਵਿਚ ਤਾਇਨਾਤ ਸਟਾਫ ਦੀ ਪਛਾਣ ਛੁਪਾਉਣ ਲਈ ਵਰਦੀ ਉਪਰ ਨੇਮ ਪਲੇਟ ਲਾਉਣ ਤੋਂ ਵੀ ਛੋਟ ਹੋਵੇਗੀ। ਇਨ੍ਹਾਂ ਵਿਸ਼ੇਸ਼ ਜ਼ੋਨਾਂ ਵਿਚ ਤਾਇਨਾਤ ਸਟਾਫ ਨੂੰ 10 ਤੋਂ ਲੈ ਕੇ 15 ਫੀਸਦੀ ਤੱਕ ਰਿਸਕ ਭੱਤਾ ਦੇਣ ਦੀ ਤਜਵੀਜ਼ ਵੀ ਸਰਕਾਰ ਨੂੰ ਭੇਜੀ ਗਈ ਹੈ।
____________________________________________
ਪੁਲਿਸ ਨੇ ਗੈਂਗਸਟਰ ਭੁਲੇਖੇ ਬੇਦੋਸ਼ੇ ਨੂੰ ਮਾਰਿਆ
ਮਲੇਰਕੋਟਲਾ: ਗੈਂਗਸਟਰਾਂ ਤੇ ਪੁਲਿਸ ਵਿਚਾਲੇ ਹੋਈ ਫਾਇਰਿੰਗ ਵਿਚ ਬੇਕਸੂਰ ਦੀ ਮੌਤ ਹੋ ਗਈ। ਮਾਮਲਾ ਮਲੇਰਕੋਟਲਾ ਦਾ ਹੈ, ਜਿਥੋਂ ਦੀ ਮਤੋਈ ਰੋਡ ਉਤੇ ਗੋਲੀ ਕਾਂਡ ਵਿਚ ਬੇਕਸੂਰ ਦਲਿਤ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਬੌਬੀ ਪਿੰਡ ਜਿੱਤਵਾਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਪਿੰਡ ਜਿੱਤਵਾਲ ਵਿਚ ਕੁਝ ਸ਼ੱਕੀ ਵਿਅਕਤੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਪਿੰਡ ਨੂੰ ਘੇਰ ਲਿਆ।
ਪੁਲਿਸ ਵੱਲੋਂ ਮਾਰੇ ਗਏ ਛਾਪੇ ਦੌਰਾਨ ਚੱਲੀ ਗੋਲੀ ਵਿਚ ਜਿੱਤਵਾਲ ਵਾਸੀ ਬਿਕਰਮਜੀਤ ਸਿੰਘ ਬੌਬੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਅਨੁਸਾਰ ਪੁਲਿਸ ਨੇ ਬੌਬੀ ਨੂੰ ਗੈਂਗਸਟਰ ਸਮਝ ਕੇ ਮਾਰਿਆ ਹੈ ਜਦੋਂਕਿ ਪੁਲਿਸ ਦਾ ਕਹਿਣਾ ਹੈ ਕਿ ਬਿਕਰਮਜੀਤ ਸਿੰਘ ਦੀ ਮੌਤ ਘਰ ਅੰਦਰ ਲੁਕੇ ਨੌਜਵਾਨਾਂ ਵੱਲੋਂ ਚਲਾਈ ਗੋਲੀ ਨਾਲ ਹੋਈ ਹੈ। ਮ੍ਰਿਤਕ ਦੇ ਪਿਤਾ ਰਘਵੀਰ ਸਿੰਘ ਤੇ ਮਾਤਾ ਮਨਜਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਬਿਕਰਮਜੀਤ ਸਿੰਘ ਨੂੰ ਫਰਜ਼ੀ ਮੁਕਾਬਲੇ ਵਿਚ ਮਾਰਿਆ ਹੈ।
________________________________________
ਗੈਂਗਸਟਰ ਗੁਰਪ੍ਰੀਤ ਸੇਖੋਂ ਸਾਥੀਆਂ ਸਮੇਤ ਕਾਬੂ
ਮੋਗਾ: ਪਿੰਡ ਢੁੱਡੀਕੇ ਵਿਚ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਸੁੱਖਾ ਕਾਹਲਵਾਂ ਹੱਤਿਆ ਅਤੇ ਨਾਭਾ ਜੇਲ੍ਹ ਬਰੇਕ ਕਾਂਡ ਵਿਚ ਲੋੜੀਂਦੇ ਖਤਰਨਾਕ ਗੈਂਗਸਟਰ ਗੁਰਪ੍ਰੀਤ ਸੇਖੋਂ ਸਮੇਤ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗੈਂਗਸਟਰ ਇਕ ਪਰਵਾਸੀ ਪੰਜਾਬੀ ਦੀ ਕੋਠੀ ਵਿਚ ਲੁਕੇ ਹੋਏ ਸਨ। ਪੁਲਿਸ ਨੇ ਮੌਕੇ ਤੋਂ ਤਿੰਨ ਪਿਸਤੌਲ ਅਤੇ ਇਕ 12 ਬੋਰ ਦੀ ਬੰਦੂਕ ਤੇ ਦੋ ਗੱਡੀਆਂ ਕਬਜ਼ੇ ਵਿਚ ਲਈਆਂ ਹਨ।
ਪਿੰਡ ਢੁੱਡੀਕੇ ਵਿਚ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਅਤੇ ਏæਆਈæਜੀæ ਕਾਊਂਟਰ ਇੰਟੈਲੀਜੈਂਸ ਪਟਿਆਲਾ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਢੁੱਡੀਕੇ ਵਿਚ ਖਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਜੋ ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਮੁਦਕੀ ਦਾ ਰਹਿਣ ਵਾਲਾ ਹੈ, ਨੇ ਆਪਣੇ ਤਿੰਨ ਸਾਥੀਆਂ ਨਾਲ ਪਰਵਾਸੀ ਪੰਜਾਬੀ ਦੇ ਘਰ ਪਨਾਹ ਲਈ ਹੋਈ ਹੈ। ਪਟਿਆਲਾ ਪੁਲਿਸ ਦੇ ਐਸ਼ਪੀ ਦੀ ਅਗਵਾਈ ਹੇਠ ਪਿੰਡ ਢੁੱਡੀਕੇ ਵਿਚ ਸਬੰਧਤ ਘਰ ਨੂੰ ਘੇਰਾ ਪਾ ਲਿਆ ਅਤੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਅੰਦਰ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਪੰਦਰਾਂ ਮਿੰਟ ਗੋਲੀ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਨਾਭਾ ਜੇਲ੍ਹ ਬਰੇਕ ਕਾਂਡ ਦੇ ਮੁੱਖ ਸਰਗਨਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਤਿੰਨ ਸਾਥੀ ਮਨਵੀਰ ਸਿੰਘ ਸੇਖੋਂ, ਰਾਜਵਿੰਦਰ ਸਿੰਘ ਰਾਜਾ ਉਰਫ ਸੁਲਤਾਨ ਪਿੰਡ ਮੰਗੇਵਾਲਾ, ਕੁਲਵਿੰਦਰ ਸਿੰਘ ਢਿੰਬਰੀ ਵਾਸੀ ਸਿਧਾਣਾ ਨੂੰ ਕਾਬੂ ਕਰ ਲਿਆ।