ਤੱਬੂ ਦੀ ਪਛਾਣ ਇਕ ਅਜਿਹੀ ਬਾਲੀਵੁੱਡ ਅਦਾਕਾਰਾ ਦੀ ਹੈ ਜਿਸ ਨੂੰ ਕਮਰਸ਼ੀਅਲ ਫ਼ਿਲਮਾਂ ਦੇ ਨਾਲ-ਨਾਲ ਆਰਟ ਫ਼ਿਲਮਾਂ ਵਿਚ ਵੀ ਓਨੀ ਹੀ ਸਫਲਤਾ ਹਾਸਲ ਹੋਈ ਹੈ। ਤੱਬੂ ਨੇ ਨਾ ਸਿਰਫ ਸਾਊਥ ਦੇ ਦਰਸ਼ਕਾਂ ਨੂੰ ਸਗੋਂ ਬਾਲੀਵੁੱਡ ਦੇ ਦਰਸ਼ਕਾਂ ਦੇ ਨਾਲ-ਨਾਲ ਹਾਲੀਵੁੱਡ ਨੂੰ ਵੀ ਕਈ ਸਫਲ ਫ਼ਿਲਮਾਂ ਦਿੱਤੀਆਂ ਪਰ ਕੁਝ ਹੀ ਸਮਾਂ ਪਹਿਲਾਂ ਤੱਬੂ ਮਸਾਲਾ ਫ਼ਿਲਮਾਂ ਵਿਚ ਬਹੁਤਾ ਕੰਮ ਨਾ ਕਰ ਸਕਣ ਦੇ ਆਪਣੇ ਮਲਾਲ ਨੂੰ ਜ਼ਾਹਿਰ ਕਰ ਚੁੱਕੀ ਹੈ। ਅਸਲ ਵਿਚ ਪਿਛਲੇ ਕਾਫੀ ਸਮੇਂ ਤੋਂ ਉਹ ਆਰਟ ਫ਼ਿਲਮਾਂ ਤੱਕ ਹੀ ਸੀਮਤ ਰਹਿ ਗਈ ਹੈ। ਇਸ ਬਾਰੇ ਤੱਬੂ ਨੇ ਕਿਹਾ ਸੀ ਕਿ ਬਾਲੀਵੁੱਡ ਤੇ ਤੇਲਗੂ ਫ਼ਿਲਮਾਂ ਵਿਚ ਉਸ ਦਾ ਬਹੁਤ ਚੰਗਾ ਸਮਾਂ ਰਿਹਾ ਹੈ ਤੇ ਉਸ ਨੇ ਸਾਊਥ ਵਿਚ ਤਾਂ ਸਿਰਫ ਮਸਾਲਾ ਫ਼ਿਲਮਾਂ ਹੀ ਕੀਤੀਆਂ ਹਨ ਪਰ ਹੁਣ ਉਹ ਹਿੰਦੀ ਫ਼ਿਲਮਾਂ ਵਿਚ ਵੀ ਮਸਾਲਾ ਫ਼ਿਲਮਾਂ ਲਈ ਤਰਸ ਰਹੀ ਹੈ। ਉਹ ਕਹਿੰਦੀ ਹੈ ਕਿ ਉਸ ਨੇ ਫ਼ਿਲਮਾਂ ਦੀ ਹੀਰੋਇਨ ਬਣਨ ਬਾਰੇ ਕਦੇ ਸੋਚਿਆ ਵੀ ਨਹੀਂ ਸੀ, ਫਿਰ ਵੀ ਇੰਨਾ ਕੁਝ ਹਾਸਲ ਕਰ ਲੈਣ ‘ਤੇ ਉਹ ਖੁਦ ਨੂੰ ਬਹੁਤ ਕਿਸਮਤ ਵਾਲੀ ਮੰਨਦੀ ਹੈ। ਉਂਝ ਹੁਣ ਉਸ ਦੀ ਇਹ ਇੱਛਾ ਕੁਝ ਹੱਦ ਤੱਕ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਸਲਮਾਨ ਖਾਨ ਦੀ ਅਗਲੀ ਫ਼ਿਲਮ ਵਿਚ ਤੱਬੂ ਵੀ ਇਕ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ। ਪਿਛਲੇ ਦਿਨੀਂ ਆਸਕਰ ਜੇਤੂ ਨਿਰਦੇਸ਼ਕ ਆਂਗ ਲੀ ਦੀ ਫ਼ਿਲਮ ‘ਲਾਈਫ਼ ਆਫ਼ ਪਾਈ’ ਵਿਚ ਕੰਮ ਕਰਨ ਵਾਲੀ ਤੱਬੂ ਨੂੰ ਸਲਮਾਨ ਦੀ ਉਸ ਫ਼ਿਲਮ ਲਈ ਸਾਈਨ ਕੀਤਾ ਗਿਆ ਹੈ ਜਿਸ ਦਾ ਨਿਰਮਾਣ ਸਲਮਾਨ ਦਾ ਭਰਾ ਸੋਹੇਲ ਖਾਨ ਕਰ ਰਿਹਾ ਹੈ।
______________________________________
100 ਕਰੋੜੀ ਫ਼ਿਲਮਾਂ
ਸਾਲ 2012 ਵਿਚ ਬੇਸ਼ੱਕ ਸਿਰਫ਼ ਗਿਣੀਆਂ ਚੁਣੀਆਂ ਫ਼ਿਲਮਾਂ ਹੀ 100 ਕਰੋੜ ਦਾ ਅੰਕੜਾ ਪਾਰ ਕਰਕੇ ਸਾਲ ਦੀਆਂ ਹਿੱਟ ਫ਼ਿਲਮਾਂ ਬਣ ਸਕੀਆਂ ਪਰ ਇਨ੍ਹਾਂ 100 ਕਰੋੜੀ ਫ਼ਿਲਮਾਂ ਵਿਚ ਸਲਮਾਨ ਖਾਨ ਦੀ ਫ਼ਿਲਮ ‘ਏਕ ਥਾ ਟਾਈਗਰ’ ਇਕ ਵਾਰ ਫਿਰ ਬਾਜ਼ੀ ਮਾਰ ਕੇ ਇਸ ਪਾਇਦਾਨ ਦੇ ਪਹਿਲੇ ਸਥਾਨ ‘ਤੇ ਪਹੁੰਚ ਗਈ।
‘ਏਕ ਥਾ ਟਾਈਗਰ’ ਸਾਲ 2012 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸਾਬਤ ਹੋਈ ਹੈ ਤੇ ਯਸ਼ ਰਾਜ ਦੇ ਬੈਨਰ ਵਾਲੀ ਇਸ ਫ਼ਿਲਮ ਵੱਲੋਂ ਤਕਰੀਬਨ 198 ਕਰੋੜ ਦੀ ਕਮਾਈ ਕੀਤੇ ਜਾਣ ਦੀ ਖ਼ਬਰ ਹੈ। ਦੂਜੇ ਨੰਬਰ ‘ਤੇ ਅਕਸ਼ੈ ਕੁਮਾਰ ਦੀ ਫ਼ਿਲਮ ‘ਰਾਊਡੀ ਰਾਠੌਰ’ ਰਹੀ ਹੈ ਜਿਸ ਨੇ 131 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਫ਼ਿਲਮ ਨਾਲ ਸੋਨਾਕਸ਼ੀ ਸਿਨਹਾ ਦਾ ਭਵਿੱਖ ਵੀ ਅਗਾਂਹ ਲਈ ਸੁਨਹਿਰਾ ਹੋ ਗਿਆ। ਤੀਜੇ ਨੰਬਰ ‘ਤੇ ਸੰਜੇ ਦੱਤ ਤੇ ਰਿਤਿਕ ਰੌਸ਼ਨ ਦੀ ‘ਅਗਨੀਪੱਥ’ ਫ਼ਿਲਮ ਰਹੀ ਜਿਸ ਨੇ ਤਕਰੀਬਨ 123 ਕਰੋੜ ਦੀ ਕਮਾਈ ਕੀਤੀ। ਸਵਰਗੀ ਨਿਰਦੇਸ਼ਕ ਯਸ਼ ਚੋਪੜਾ ਦੇ ਨਿਰਦੇਸ਼ਨ ਵਾਲੀ ਫ਼ਿਲਮ ‘ਜਬ ਤਕ ਹੈ ਜਾਨ’ ਚੌਥੇ ਨੰਬਰ ‘ਤੇ ਰਹੀ ਹੈ ਤੇ ਅਜੇ ਵੀ ਕਮਾਈ ਕਰ ਰਹੀ ਹੈ। ਸ਼ਾਹਰੁਖ ਖਾਨ, ਕੈਟਰੀਨਾ ਕੈਫ਼ ਤੇ ਅਨੁਸ਼ਕਾ ਸ਼ਰਮਾ ਅਭਿਨੀਤ ਇਸ ਫ਼ਿਲਮ ਨੇ ਅਜੇ ਤੱਕ 121 ਕਰੋੜ ਦੀ ਕਮਾਈ ਕਰ ਲਈ ਹੈ ਤੇ ਅਜੇ ਵੀ ਇਸ ਦਾ ਵਪਾਰ ਜਾਰੀ ਹੈ। ਪੰਜਵੇਂ ਨੰਬਰ ਦਾ ਸਥਾਨ ਹਾਸਲ ਕਰਨ ਵਾਲੀ ਫ਼ਿਲਮ ‘ਬਰਫੀ’ ਹੈ। ‘ਹਾਊਸਫੁਲ-2’ 114 ਕਰੋੜ ਦੀ ਕਮਾਈ ਨਾਲ 6ਵੇਂ ਨੰਬਰ ‘ਤੇ ਰਹੀ ਹੈ। ‘ਸਨ ਆਫ ਸਰਦਾਰ’ 7ਵੇਂ ਸਥਾਨ ‘ਤੇ 105 ਕਰੋੜ ਦਾ ਵਪਾਰ ਕੀਤਾ।8ਵੇ ਨੰਬਰ ‘ਤੇ ‘ਬੋਲ ਬਚਨ’ 102 ਕਰੋੜ, ਂਆਮਿਰ ਖਾਨ ਦੀ ‘ਤਲਾਸ਼’ ਨੇ ਨੌਵਾਂ ਤੇ ਦਸਵਾਂ ਸਥਾਨ ਅਕਸ਼ੈ ਕੁਮਾਰ ਦੀ ਹੀ ਫ਼ਿਲਮ ‘ਓ ਮਾਈ ਗੌਡ’ ਨੇ ਹਾਸਲ ਕਰਦੇ ਹੋਏ 82 ਕਰੋੜ ਦੀ ਕਮਾਈ ਕੀਤੀ ਹੈ। ਤਲਾਸ਼ ਨੇ ਸਾਲ ਦੇ ਦਸੰਬਰ ਮਹੀਨੇ ਤੱਕ 91 ਕਰੋੜ ਦਾ ਕਾਰੋਬਾਰ ਕੀਤਾ ਸੀ ਤੇ ਇਹ ਫ਼ਿਲਮ ਨੂੰ 100 ਕਰੋੜੀ ਕਲੱਬ ਵਿਚ ਸ਼ਾਮਲ ਹੋ ਸਕਦੀ ਹੈ।
Leave a Reply