ਸਮੇਂ ਦੇ ਨਾਲ ਚਿਹਰੇ ਯਾਦਾਂ ਵਿਚੋਂ ਮਿਟਣ ਲਗਦੇ ਹਨ ਪਰ ਕੁਝ ਚਿਹਰੇ ਖੂਬਸੂਰਤ ਤੇ ਇੰਨੇ ਦਿਲਕਸ਼ ਹੁੰਦੇ ਹਨ ਕਿ ਯਾਦਾਂ ਦੇ ਸੁਨਹਿਰੇ ਫਰੇਮ ਵਿਚ ਹਮੇਸ਼ਾ ਲਈ ਠਹਿਰ ਜਾਂਦੇ ਹਨ। ਵਹੀਦਾ ਰਹਿਮਾਨ ਹੀ ਉਹ ਚਿਹਰਾ ਹੈ ਜੋ ਦਰਸ਼ਕਾਂ ਦੀਆਂ ਯਾਦਾਂ ਵਿਚ ਦਮਕਦੇ ਸਿਤਾਰਿਆਂ ਵਾਂਗ ਜੜਿਆ ਹੈ। ਵਹੀਦਾ ਸੱਚਮੁਚ ਮਿੱਠੀ ਗੁਲਾਬੀ ਮੁਸਕਰਾਹਟ ਨਾਲ ਸਜੀ ਉਹ ਸ਼ਖਸੀਅਤ ਹਨ ਜੋ ਇੰਨੀ ਉਮਰ ਬੀਤਣ ਪਿੱਛੋਂ ਵੀ ਓਨੀ ਹੀ ਚਮਕੀਲੀ ਤੇ ਫੁਰਤੀਲੀ ਹੈ ਜਿੰਨੀ ਕਿ ਉਹ ਕਰੀਅਰ ਦੀ ਸ਼ੁਰੂਆਤ ਵਿਚ ਹੁੰਦੀ ਸੀ।
ਵਹੀਦਾ ਤੋਂ ਪਹਿਲੀਆਂ ਅਭਿਨੇਤਰੀਆਂ ਸੁੰਦਰਤਾ, ਅਦਾਕਾਰੀ ਤੇ ਮਿਹਨਤ ਦੇ ਦਮ ‘ਤੇ ਅੱਗੇ ਵਧੀਆਂ, ਵਹੀਦਾ ਵਿਚ ਇਨ੍ਹਾਂ ਤਿੰਨਾਂ ਤੋਂ ਇਲਾਵਾ ਇਕ ਹੋਰ ਗੱਲ ਸੀ ਤੇਜ਼ ਦਿਮਾਗ ਤੇ ਨਿਮਰ ਭਾਵਨਾਵਾਂ ਦਾ ਸੁਮੇਲ।
‘ਪਿਆਸਾ ਦੀ ਗੁਲਾਬੀ ਵੇਸਵਾ ਹੈ ਪਰ ਉਸ ਦੀਆਂ ਅਦਾਵਾਂ ਨਿਪੁੰਨ ਅਦਾਕਾਰੀ ਸ਼ੈਲੀ ਕਾਰਨ ਮਾਸੂਮ ਤੇ ਸਹਿਜ ਲਗਦੀਆਂ ਹਨ। ‘ਗਾਈਡ’ ਦੀ ਰੋਜ਼ੀ ਮਰਦਾਨਗੀ ਰਹਿਤ ਪਤੀ ਦੀਆਂ ਵਰਜਨਾਵਾਂ ਨੂੰ ਤੋੜ ਕੇ ਰਾਜੂ ਗਾਈਡ ਨਾਲ ਇਤਰਾਉਂਦੀ ਹੈ। ‘ਆਜ ਫਿਰ ਜੀਨੇ ਕੀ ਤਮੰਨਾ ਹੈææææ’ ਉਦੋਂ ਉਸ ਦੀ ਇਹ ਖੁੱਲ੍ਹ ਦਰਸ਼ਕ ਖੁਸ਼ੀ ਨਾਲ ਸਵੀਕਾਰ ਕਰਦੇ ਹਨ। ‘ਸਾਹਿਬ ਬੀਵੀ ਔਰ ਗੁਲਾਮ’ ਵਿਚ ਵਹੀਦਾ ਦੀਆਂ ਸ਼ੋਖ ਤੇ ਚੁਲਬੁਲੀਆਂ ਅਦਾਵਾਂ ਦਰਸ਼ਕਾਂ ਨੂੰ ਮਿੱਠੇ ਅਹਿਸਾਸ ਵਿਚ ਡੁਬੋ ਗਈਆਂ।
‘ਚੌਦਵ੍ਹੀਂ ਕਾ ਚਾਂਦ’ ਵਿਚ ਪਤੀ ਨੂੰ ਭਰਪੂਰ ਚਾਹੁਣ ਵਾਲੀ ਰਵਾਇਤੀ ਤੇ ਸਮਰਪਿਤ ਵਹੀਦਾ ਵਰਗੀ ਪਤਨੀ ਦਾ ਕਿਰਦਾਰ ਵੀ ਕਾਬਿਲ-ਏ-ਤਾਰੀਫ ਸੀ। ‘ਖਾਮੋਸ਼ੀ’ ਦੀ ਨਰਸ ਰਾਧਾ ਦੀ ਤੜਫ ਤੇ ਖਾਮੋਸ਼ ਆਹ ਕਿਸ ਨੂੰ ਨਹੀਂ ਰੁਆਉਂਦੀ। ‘ਨੀਲਕਮਲ’ ਦੀ ਨਾਇਕਾ ਹਾਲਾਤ ਦੀ ਸ਼ਿਕਾਰ ਹੋ ਕੇ ਵੀ ਦੋਸ਼ਾਂ ਵਿਚਾਲੇ ਮਰਿਆਦਾਵਾਂ ਦੇ ਅੰਦਰ ਬੇਗੁਨਾਹੀ ਦਾ ਸਬੂਤ ਭਾਲਦੀ ਹੈ। ਅਸਫਲ ਫ਼ਿਲਮਾਂ ਨਾਲ ਵੀ ਵਹੀਦਾ ਸਫਲ ਹੋ ਗਈ।
ਉਹ ਇਕ ਬੇਮਿਸਾਲ ਅਦਾਕਾਰਾ ਹੀ ਨਹੀਂ ਸਗੋਂ ਬਿਹਤਰੀਨ ਇਨਸਾਨ ਵੀ ਹਨ। ਗੁਰੂਦੱਤ ਨਾਲ ਉਨ੍ਹਾਂ ਦੀ ਸੰਵੇਦਨਸ਼ੀਲ ਜੋੜੀ ਦਰਸ਼ਕਾਂ ਨੇ ਕਾਫੀ ਪਸੰਦ ਕੀਤੀ। ਪੰਜ ਫ਼ਿਲਮਾਂ ਤੋਂ ਵਧੇਰੇ ਇਹ ਜੋੜੀ ਨਿੱਜੀ ਕਾਰਨਾਂ ਕਰਕੇ ਪਰਦੇ ‘ਤੇ ਨਹੀਂ ਆ ਸਕੀ ਜਦਕਿ ਆਪਣੇ ਪਹਿਲੇ ਅਦਾਕਾਰ ਦੇਵ ਆਨੰਦ ਦੇ ਨਾਲ ‘ਸੀæਆਈæਡੀæ’, ‘ਸੋਲ੍ਹਵਾਂ ਸਾਲ’, ‘ਕਾਲਾ ਬਾਜ਼ਾਰ’, ‘ਰੂਪ ਕੀ ਰਾਨੀ, ਚੋਰੋਂ ਕਾ ਰਾਜਾ’, ‘ਬਾਤ ਏਕ ਰਾਤ ਕੀ’, ‘ਗਾਈਡ’ ਤੇ ‘ਪ੍ਰੇਮ ਪੁਜਾਰੀ’ ਸਮੇਤ ਸੱਤ ਫ਼ਿਲਮਾਂ ਵਹੀਦਾ ਨੇ ਕੀਤੀਆਂ। ਵਹੀਦਾ ਰਹਿਮਾਨ ਨਿੱਜੀ ਤ੍ਰਾਸਦੀਆਂ ਵਿਚੋਂ ਤੁਰੰਤ ਉੱਭਰ ਕੇ ਆਉਣ ਦਾ ਨਾਂ ਹੈ। ਕਰੀਅਰ ਦੀ ਸਿਖਰ ‘ਤੇ ਮਾਂ ਨੂੰ ਗੁਆਇਆ। ਕਰੀਅਰ ਦੌਰਾਨ ਗੁਰੂਦੱਤ ਨਾਲ ਨੇੜਤਾ ਤੇ ਫਿਰ ਕੜਵਾਹਟ। ਗੀਤਾ ਦੱਤ ਨਾਲ ਮੱਤਭੇਦ, ਅਚਾਨਕ ਗੁਰੂਦੱਤ ਦਾ ਆਤਮ-ਹੱਤਿਆ ਕਰ ਲੈਣਾ, ਇਹ ਕੁਝ ਅਜਿਹੇ ਤਕਲੀਫਦੇਹ ਪਲ ਸਨ ਜਦੋਂ ਵਹੀਦਾ ਮਾਨਸਿਕ ਤੌਰ ‘ਤੇ ਬੇਚੈਨ ਰਹੀ।ਅਜਿਹੇ ਵਿਚ ਰਲੇ-ਮਿਲੇ ਪਲਾਂ ਵਿਚ ਫ਼ਿਲਮ ‘ਸ਼ਗੁਨ’ ਵਿਚ ਕੋ-ਸਟਾਰ ਰਹੇ ਕੰਵਲਜੀਤ ਨਾਲ ਵਿਆਹ ਕਰਕੇ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪਤੀ ਦੇ ਗੁਜ਼ਰ ਜਾਣ ਤੋਂ ਇਕ ਮਹੀਨੇ ਬਾਅਦ ਅਨੁਪਮ ਖੇਰ ਨੇ ਉਨ੍ਹਾਂ ਨੂੰ ਫ਼ਿਲਮ ‘ਓਮ ਜੈ ਜਗਦੀਸ਼’ ਦੀ ਆਫਰ ਦਿੱਤੀ। ਪੁੱਤਰ ਸੋਹੇਲ ਤੇ ਬੇਟੀ ਕਾਸ਼ਵੀ ਦੇ ਕਹਿਣ ‘ਤੇ ਤਕਰੀਬਨ 11 ਸਾਲਾਂ ਬਾਅਦ ਵਹੀਦਾ ਫ਼ਿਲਮਾਂ ਵਿਚ ਪਰਤ ਆਈ।
Leave a Reply