ਪੰਜਾਬ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਦਿੱਲੀ ‘ਚ ਬਾਦਲਾਂ ਦਾ ਇਮਤਿਹਾਨ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦਾ ਨਤੀਜਾ 11 ਮਾਰਚ ਨੂੰ ਆਉਣਾ ਹੈ, ਪਰ ਸੱਤਾ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤੋਂ 10 ਦਿਨ ਪਹਿਲਾਂ ਹੀ ਇਕ ਲੋਕ ਫਤਵੇ ਦਾ ਸਾਹਮਣਾ ਕਰਨਾ ਪਏਗਾ। ਇਹ ਫਤਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀæਐਸ਼ਜੀæਪੀæਸੀæ) ਦੀਆਂ ਚੋਣਾਂ ਵਿਚ ਦਿੱਲੀ ਦੇ ਸਿੱਖ ਦੇਣਗੇ। ਦਿੱਲੀ ਕਮੇਟੀ ਲਈ ਵੋਟਾਂ 26 ਫਰਵਰੀ ਨੂੰ ਪੈਣਗੀਆਂ ਤੇ ਨਤੀਜੇ ਪਹਿਲੀ ਮਾਰਚ ਨੂੰ ਆਉਣਗੇ।

ਸਿਆਸੀ ਮਾਹਿਰਾਂ ਮੁਤਾਬਕ ਭਾਵੇਂ ਡੀæਐਸ਼ਜੀæਪੀæਸੀæ ਦੀਆਂ ਚੋਣਾਂ ਦਾ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਕੋਈ ਸਿੱਧਾ ਸਬੰਧ ਨਹੀਂ, ਪਰ ਇਨ੍ਹਾਂ ਦੇ ਨਤੀਜੇ ਪੰਜਾਬ ਬਾਰੇ ਵੀ ਬਹੁਤ ਕੁਝ ਸਪਸ਼ਟ ਕਰ ਦੇਣਗੇ। ਇਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵੀ ਸ਼੍ਰੋਮਣੀ ਅਕਾਲੀ ਦਲ ਹੀ ਕਾਬਜ਼ ਹੈ। ਇਸ ਲਈ ਵਿਰੋਧੀ ਧਿਰਾਂ ਪੰਜਾਬ ਨਾਲ ਜੁੜੇ ਮਸਲੇ ਹੀ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਉਠਾ ਰਹੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ਵਿਚ ਵੀ ਅਕਾਲੀ ਦਲ ਦੀ ਪਿਛਲੀ ਕਾਰਗੁਜ਼ਾਰੀ ਦੀ ਹੀ ਪਰਖ ਹੋਣੀ ਹੈ।
ਸ਼ਾਇਦ ਇਸੇ ਕਰ ਕੇ ਪੰਜਾਬ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵੀ ਰੋਚਕ ਬਣਦੀਆਂ ਦਿਖਾਈ ਦੇ ਰਹੀਆਂ ਹਨ। ਰੋਚਕ ਇਸ ਲਈ ਕਿਉਂਕਿ ਇਸ ਵਾਰ ਜਿਵੇਂ ਪੰਜਾਬ ਵਿਚ ਪਹਿਲੀ ਵਾਰ ਤਿਕੋਣਾ ਮੁਕਾਬਲਾ ਬਣਿਆ ਹੋਇਆ ਸੀ, ਉਸੇ ਤਰ੍ਹਾਂ ਦਿੱਲੀ ਵਿਚ ਵੀ ਇਸ ਵਾਰ ਸਿਰਫ ਦੋ ਨਹੀਂ, ਬਲਕਿ ਪੰਜ ਪਾਰਟੀਆਂ ਚੋਣ ਮੈਦਾਨ ਵਿਚ ਨਿੱਤਰੀਆਂ ਹਨ।
26 ਫਰਵਰੀ ਨੂੰ ਹੋਣ ਜਾ ਰਹੀ ਦਿੱਲੀ ਕਮੇਟੀ ਦੀ ਚੋਣ ਵਿਚ ਪੁਰਾਣੀਆਂ ਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ (ਸਰਨਾ ਧੜਾ) ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਪੰਥਕ ਸੇਵਾ ਦਲ ਵੀ ਨਿਤਰਿਆ ਹੈ। ਇਸ ਨੂੰ ‘ਆਪ’ ਦੇ ਦਿੱਲੀ ਤੋਂ ਐਮæਐਲ਼ਏæ ਅਵਤਾਰ ਸਿੰਘ ਕਾਲਕਾਜੀ ਚਲਾ ਰਹੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਕਾਲ ਵੈਲਫੇਅਰ ਸੁਸਾਇਟੀ ਵੀ ਮੈਦਾਨ ਵਿਚ ਨਿੱਤਰੀ ਹੈ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਸੰਸਥਾ ਸਿੱਖ ਸਦਭਾਵਨਾ ਦਲ ਵੀ ਪੂਰੇ ਜੋਸ਼ ਨਾਲ ਚੋਣ ਮੈਦਾਨ ਵਿਚ ਉਤਰਿਆ ਹੈ। ਭਾਈ ਵਡਾਲਾ ਨੇ ਪਿਛਲੇ 5 ਮਹੀਨਿਆਂ ਤੋਂ ਦਿੱਲੀ ਵਿਚ ਹੀ ਡੇਰੇ ਲਾਏ ਹੋਏ ਹਨ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ।
_________________________________________
ਅਕਾਲੀ ਦਲ ਦੇ ਪੋਸਟਰਾਂ ਤੋਂ ਬਾਦਲ ਪਰਿਵਾਰ ਗਾਇਬ
ਚੰਡੀਗੜ੍ਹ: ਅਕਾਲੀ ਦਲ ਬਾਦਲ ਦੇ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਦੇ ਉਮੀਦਵਾਰਾਂ ਵੱਲੋਂ ਜੋ ਪੋਸਟਰ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਗਾਇਬ ਹਨ। ਦਿੱਲੀ ਕਮੇਟੀ ਦੀਆਂ ਚੋਣਾਂ 26 ਫਰਵਰੀ ਨੂੰ ਹੋਣੀਆਂ ਹਨ। ਕਮੇਟੀ ਉਤੇ ਕਾਬਜ਼ ਅਕਾਲੀ ਦਲ ਨੇ 46 ਸੀਟਾਂ ਉਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਦਿੱਲੀ ਕਮੇਟੀ ਵਿਚ ਇਸ ਵਾਰ ਦੋ ਮੁੱਦੇ ਅਹਿਮ ਰਹਿਣ ਦੀ ਸੰਭਾਵਨਾ ਹੈ। ਪਹਿਲਾਂ ਮੁੱਦਾ ਹੈ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਦੂਜਾ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਅਕਾਲੀ ਦਲ ਨੂੰ ਹਮਾਇਤ ਦਾ ਮਾਮਲਾ। ਦੋਵੇਂ ਹੀ ਮੁੱਦਿਆਂ ਉਤੇ ਮੌਜੂਦਾ ਗੁਰਦੁਆਰਾ ਕਮੇਟੀ ਚੋਣਾਂ ਦੌਰਾਨ ਅਕਾਲੀ ਦਲ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ।
_________________________________________
ਪੰਥਕ ਧਿਰਾਂ ਵੀ ਨਹੀਂ ਦੇ ਰਹੀਆਂ ਔਰਤਾਂ ਨੂੰ ਨੁਮਾਇੰਦਗੀ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਅੱਜ ਤੱਕ ਦੇ ਇਤਿਹਾਸ ਵਿਚ ਔਰਤਾਂ ਦੀ ਭੂਮਿਕਾ ਨਾਮਾਤਰ ਰਹੀ ਹੈ। ਇਸ ਵਾਰ ਵੀ ਚੋਣ ਮੈਦਾਨ ਵਿਚ ਨਿੱਤਰੀਆਂ ਪੰਜ ਜਥੇਬੰਦੀਆਂ ਵੱਲੋਂ ਔਰਤਾਂ ਨੂੰ ਕੋਈ ਖਾਸ ਨੁਮਾਇੰਦਗੀ ਨਹੀਂ ਦਿੱਤੀ ਗਈ। ਹਾਲੇ ਤੱਕ ਕਿਸੇ ਵੀ ਵੱਡੇ ਸਿਆਸੀ ਧੜੇ ਨੇ ਔਰਤਾਂ ਨੂੰ ਟਿਕਟਾਂ ਨਹੀਂ ਦਿੱਤੀਆਂ। ਔਰਤ ਸੰਮੇਲਨ ਕਰਵਾਉਣ ਵਾਲੀਆਂ ਪਾਰਟੀਆਂ ਚੋਣਾਂ ਵੇਲੇ ਔਰਤਾਂ ਨੂੰ ਬਰਾਬਰ ਨੁਮਾਇੰਦਗੀ ਦੇਣ ਤੋਂ ਟਾਲਾ ਵੱਟ ਜਾਂਦੀਆਂ ਹਨ। ਉਮੀਦਵਾਰਾਂ ‘ਤੇ ਨਜ਼ਰ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਐਲਾਨੇ 46 ਉਮੀਦਵਾਰਾਂ ਵਿੱਚੋਂ ਇਕ ਵੀ ਔਰਤ ਨੂੰ ਟਿਕਟ ਨਹੀਂ ਦਿੱਤੀ ਗਈ। ਪਿਛਲੀਆਂ ਚੋਣਾਂ ਦੌਰਾਨ ਦਲਜੀਤ ਕੌਰ ਬਾਦਲ ਧੜੇ (ਵਸੰਤ ਵਿਹਾਰ ਹਲਕਾ ਜੋ ਹੁਣ ਸਫ਼ਦਰਜੰਗ) ਤੋਂ ਜਿੱਤ ਕੇ ਕਮੇਟੀ ਵਿਚ ਆਈ ਸੀ, ਪਰ ਬੀਬੀ ਦਾ ਉਚ ਆਗੂਆਂ ਨਾਲ ਮਨ-ਮਟਾਵ ਹੋਣ ਕਰ ਕੇ ਉਸ ਦੀਆਂ ਸਿਆਸੀ ਸਰਗਰਮੀਆਂ ਘਟ ਗਈਆਂ ਸਨ। ਸ਼੍ਰੋਮਣੀ ਅਕਾਲੀ ਦਲ, ਦਿੱਲੀ (ਸਰਨਾ ਧੜਾ) ਵੱਲੋਂ ਵੀ 46 ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਇਸ ਪਾਰਟੀ ਵਿਚ ਵੀ ਔਰਤ ਉਮੀਦਵਾਰ ਕੋਈ ਨਹੀਂ ਹੈ। ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਅਸੀਂ ਬੀਬੀਆਂ ਤੱਕ ਪਹੁੰਚ ਜ਼ਰੂਰ ਕੀਤੀ ਸੀ, ਪਰ ਕੋਈ ਬੀਬੀ ਚੋਣਾਂ ਲੜਨ ਲਈ ਤਿਆਰ ਨਹੀਂ ਹੈ।
__________________________________________
ਇਉਂ ਹੋਂਦ ‘ਚ ਆਈ ਸੀ ਦਿੱਲੀ ਗੁਰਦੁਆਰਾ ਕਮੇਟੀ
ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਹੀ ਹਿੱਸਾ ਸੀ। 1923 ਵਿਚ ਬਣੀ ਸ਼੍ਰੋਮਣੀ ਕਮੇਟੀ ਨੇ ਪੰਜਾਬ, ਹਰਿਆਣਾ, ਹਿਮਾਚਲ ਤੇ ਦਿੱਲੀ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਿਆ ਸੀ। ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਹੋਰ ਬਿਹਤਰ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਦਿੱਲੀ ਕਮੇਟੀ ਨਾਂ ਦੀ 11 ਮੈਂਬਰੀ ਕਮੇਟੀ ਬਣਾਈ ਸੀ। 1947 ‘ਚ ਆਜ਼ਾਦੀ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਦੀ ਆਬਾਦੀ ਵਧੀ। ਇਸ ਦੇ ਨਾਲ ਹੀ ਦਿੱਲੀ ਵਿਚ ਦੋ ਧੜੇ ਬਣ ਗਏ। ਇਸ ਕਰ ਕੇ ਤਣਾਅ ਵਧਣ ਲੱਗਾ, ਜਿਸ ਦੇ ਸਿੱਟੇ ਵਜੋਂ 1971 ਵਿਚ ਭਾਰਤ ਸਰਕਾਰ ਨੇ ਆਰਡੀਨੈਂਸ ਜ਼ਰੀਏ 5 ਮੈਂਬਰੀ ਗੁਰਦੁਆਰਾ ਬੋਰਡ ਬਣਾ ਦਿੱਤਾ।
ਇਸ ਤੋਂ ਬਾਅਦ 1971 ਦਾ ਦਿੱਲੀ ਸਿੱਖ ਗੁਰਦੁਆਰਾ ਐਕਟ ਬਣਿਆ ਤੇ ਦਿੱਲੀ ਵਿਚ ਵੱਖਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣ ਗਈ। ਐਕਟ ਮੁਤਾਬਕ 1974 ਵਿਚ ਪਹਿਲੀ ਵਾਰ ਕਮੇਟੀ ਦੀਆਂ ਚੋਣਾਂ ਹੋਈਆਂ। ਚੁਣੀ ਗਈ ਕਮੇਟੀ ਦੇ ਅਧਿਕਾਰ ਖੇਤਰ ਵਿਚ ਦਿੱਲੀ ਦੇ ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਤੇ ਸਾਂਭ-ਸੰਭਾਲ, ਇਤਿਹਾਸਕ ਗੁਰਧਾਮਾਂ ਤੇ ਯਾਦਗਾਰਾਂ ਜ਼ਰੀਏ ਸਿੱਖੀ ਨੂੰ ਪ੍ਰਫੁਲਿਤ ਕਰਨਾ, ਦਿੱਲੀ ਵਿਚ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਵਿੱਦਿਆ ਦੇ ਖੇਤਰ ਵਿਚ ਕਾਰਜ ਕਰਨੇ, ਮੁਫਤ ਦਵਾਖਾਨੇ ਖੋਲ੍ਹਣਾ ਤੇ ਸਿੱਖ ਭਾਈਚਾਰੇ ਦੀ ਭਲਾਈ ਦੇ ਕੰਮ ਕਰਨਾ ਆਉਂਦੇ ਹਨ। ਦਿੱਲੀ ਕਮੇਟੀ ਦੇ ਮੈਂਬਰਾਂ ਦੀ ਕੁੱਲ ਗਿਣਤੀ 55 ਹੈ ਜਿਨ੍ਹਾਂ ਵਿਚ 46 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ, ਜਦਕਿ 9 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਇਨ੍ਹਾਂ 9 ਮੈਂਬਰਾਂ ਵਿਚ ਦੋ ਮੈਂਬਰ ਦਿੱਲੀ ਦੇ ਸਿੱਖਾਂ ਵਿਚੋਂ ਹੁੰਦੇ ਹਨ, ਇਕ ਮੈਂਬਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦਾ ਹੁੰਦਾ ਹੈ, ਚਾਰ ਮੈਂਬਰਾਂ ਨੂੰ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਚੁਣ ਕੇ ਭੇਜਿਆ ਜਾਂਦਾ ਹੈ। ਬਾਕੀ ਦੋ ਮੈਂਬਰ ਦਿੱਲੀ ਕਮੇਟੀ ਦੇ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਨਾਮਜ਼ਦ ਕੀਤੇ ਜਾਂਦੇ ਹਨ। ਕਮੇਟੀ ਦੀ ਚੋਣ ਹਰ ਚਾਰ ਸਾਲ ਬਾਅਦ ਹੁੰਦੀ ਹੈ। ਕਮੇਟੀ ਦੀ ਐਕਜ਼ੈਕਟਿਵ ਕਮੇਟੀ ਵਿਚ ਪੰਦਰਾਂ ਮੈਂਬਰ ਹੁੰਦੇ ਹਨ, ਜਿਨ੍ਹਾਂ ਵਿਚ ਕਮੇਟੀ ਦਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਜਾਇੰਟ ਸਕੱਤਰ ਸਮੇਤ 10 ਹੋਰ ਕਮੇਟੀ ਮੈਂਬਰ ਸ਼ਾਮਲ ਹੁੰਦੇ ਹਨ। ਦਿੱਲੀ ਕਮੇਟੀ ਦਾ ਸਾਰਾ ਪ੍ਰਬੰਧ ਸੰਗਤ ਵੱਲੋਂ ਗੁਰਦੁਆਰਿਆਂ ‘ਚ ਕੀਤੇ ਜਾਂਦਾ ਚੜ੍ਹਾਵੇ ਨਾਲ ਚਲਦਾ ਹੈ।
ਚੋਣ ਲੜਨ ਲਈ ਸ਼ਰਤਾਂ: ਦਿੱਲੀ ਕਮੇਟੀ ਦੇ ਮੈਂਬਰਾਂ ਦੀ ਚੋਣ ਲੜਨ ਲਈ ਘੱਟ ਤੋਂ ਘੱਟ ਉਮਰ 25 ਸਾਲ ਹੋਣੀ ਜ਼ਰੂਰੀ ਹੈ। ਉਮੀਦਵਾਰ ਸਾਬਤ-ਸੂਰਤ ਅੰਮ੍ਰਿਤਧਾਰੀ ਸਿੱਖ ਹੋਣਾ ਚਾਹੀਦਾ ਹੈ। ਉਮੀਦਵਾਰ ਕੋਈ ਵੀ ਨਸ਼ਾ ਨਹੀਂ ਕਰਦਾ ਹੋਣਾ ਚਾਹੀਦਾ। ਉਮੀਦਵਾਰ ਨੂੰ ਪੰਜਾਬੀ ਬੋਲਣੀ, ਪੜ੍ਹਨੀ ਤੇ ਲਿਖਣੀ ਆਉਣੀ ਚਾਹੀਦੀ ਹੈ। ਉਮੀਦਵਾਰ ਤੇ ਉਸ ਦਾ ਪਰਿਵਾਰ ਸਿੱਖੀ ਨੂੰ ਸਮਰਪਤ ਭਾਵਨਾ ਵਾਲਾ ਹੋਣਾ ਚਾਹੀਦਾ ਹੈ।