ਡੇਰੇ ਤੋਂ ਅਸ਼ੀਰਵਾਦ ਲੈਣ ਗਏ ਸਿਆਸੀ ਆਗੂਆਂ ਨੂੰ ਘੇਰਾ

ਬਠਿੰਡਾ: ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਟੀਮ ਨੇ ਡੇਰਾ ਸਿਰਸਾ ਗਏ ਉਮੀਦਵਾਰਾਂ ਦੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੁਢਲੇ ਪੜਾਅ ਉਤੇ ਟੀਮ ਨੇ ਡੇਰਾ ਸਿਰਸਾ ਗਏ ਉਮੀਦਵਾਰਾਂ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪ ਇਕੱਤਰ ਕੀਤੀਆਂ ਹਨ ਅਤੇ ਹੋਰ ਸਰੋਤਾਂ ਤੋਂ ਸਬੰਧਤ ਮੈਟੀਰੀਅਲ ਇਕੱਠਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ 26 ਜਨਵਰੀ ਨੂੰ ਦਰਜਨਾਂ ਅਕਾਲੀ ਤੇ ਕਾਂਗਰਸੀ ਉਮੀਦਵਾਰ ਡੇਰਾ ਮੁਖੀ ਨੂੰ ਮਿਲਣ ਡੇਰਾ ਸਿਰਸਾ ਗਏ ਸਨ,

ਜਦੋਂ ਕਿ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਮੁਖੀ ਖਿਲਾਫ਼ ਹੁਕਮਨਾਮਾ ਜਾਰੀ ਹੈ। ਇਥੋਂ ਤੱਕ ਕਿ ਉਸ ਮਗਰੋਂ ਬਠਿੰਡਾ ਤੇ ਮਾਨਸਾ ਦੇ ਅਕਾਲੀ ਉਮੀਦਵਾਰਾਂ ਨੇ ਬਠਿੰਡਾ ਵਿਚ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਸਮਾਗਮ ਵਿਚ ਵੀ ਸ਼ਮੂਲੀਅਤ ਕੀਤੀ ਸੀ, ਜਿਸ ਵਿਚ ਸਿਆਸੀ ਵਿੰਗ ਨੇ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਸ਼੍ਰੋਮਣੀ ਕਮੇਟੀ ਤਰਫੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਵਿਚ ਬਲਦੇਵ ਸਿੰਘ, ਅਮਰਜੀਤ ਸਿੰਘ ਚਾਵਲਾ ਅਤੇ ਗੁਰਚਰਨ ਸਿੰਘ ਗਰੇਵਾਲ ਨੂੰ ਸ਼ਾਮਲ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜਾਂਚ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮੁੱਢਲੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਚਸ਼ਮਦੀਦਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇਗਾ ਅਤੇ ਮੀਡੀਆ ਰਿਪੋਰਟਾਂ ਵੀ ਇਕੱਠੀਆਂ ਕੀਤੀਆਂ ਜਾਣਗੀਆਂ। ਜੋ ਵੀ ਸਿੱਖ ਉਮੀਦਵਾਰ ਡੇਰੇ ਗਏ ਹਨ, ਭਾਵੇਂ ਉਹ ਅਕਾਲੀ ਹਨ ਜਾਂ ਕਾਂਗਰਸੀ, ਉਹ ਜਾਂਚ ਘੇਰੇ ਵਿਚ ਆਉਣਗੇ। ਤੱਥ ਇਕੱਠੇ ਹੋਣ ਮਗਰੋਂ ਉਮੀਦਵਾਰਾਂ ਨੂੰ ਵੀ ਪੱਖ ਜਾਣਨ ਲਈ ਬੁਲਾ ਸਕਦੇ ਹਨ। ਜਾਂਚ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਉਹ ਆਪਣੇ ਸਰੋਤਾਂ ਰਾਹੀਂ ਲੋੜੀਂਦੇ ਸਬੂਤ ਜੁਟਾ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਸਿਰਫ ਸਿੱਖ ਉਮੀਦਵਾਰਾਂ ਦੀ ਹੀ ਜਾਂਚ ਕਰਨਗੇ। ਵੀਡੀਓਜ਼ ਵੀ ਇਕੱਠੇ ਕੀਤੇ ਗਏ ਹਨ ਅਤੇ ਕੋਸ਼ਿਸ਼ ਕਰਨਗੇ ਕਿ ਉਹ ਤੈਅ ਸਮੇਂ ਵਿਚ ਜਾਂਚ ਮੁਕੰਮਲ ਕਰ ਲੈਣ। ਸੂਤਰ ਆਖਦੇ ਹਨ ਕਿ ਦਿੱਲੀ ਚੋਣਾਂ ਵਿਚ ਡੇਰਾ ਮਾਮਲਾ ਭਖ ਰਿਹਾ ਹੈ, ਜਿਸ ਕਰ ਕੇ ਜਾਂਚ ਕਮੇਟੀ ‘ਤੇ ਜਾਂਚ ਜਲਦੀ ਮੁਕੰਮਲ ਕਰਨ ਦਾ ਦਬਾਅ ਹੈ। ਦੱਸਣਯੋਗ ਹੈ ਕਿ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਦੇ ਸਿਆਸੀ ਵਿੰਗ ਨਾਲ ਵਾਅਦਾ ਵੀ ਕਰ ਲਿਆ ਸੀ ਕਿ ਉਹ ਜਲਦੀ ਡੇਰਾ ਮੁਖੀ ਦਾ ਪੰਜਾਬ ਵਿਚ ਸਤਿਸੰਗ ਕਰਾਉਣਗੇ।
________________________________________
ਡੇਰੇ ਦੇ ਦਾਅਵੇ ਨੇ ਬਾਦਲਾਂ ਦੀਆਂ ਮੁਸ਼ਕਲਾਂ ਵਧਾਈਆਂ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਡੇਰੇ ਤੋਂ ਕੋਈ ਹਮਾਇਤ ਨਹੀਂ ਮੰਗੀ, ਸਗੋਂ ਡੇਰੇ ਨੇ ਖੁਦ ਹੀ ਹਮਾਇਤ ਕੀਤੀ ਹੈ। ਦੂਜੇ ਪਾਸੇ ਡੇਰੇ ਦੇ ਸਿਆਸੀ ਵਿੰਗ ਨੇ ਦਾਅਵਾ ਕੀਤਾ ਹੈ ਕਿ ਐਤਕੀਂ ਡੇਰੇ ਦੀ ਹਮਾਇਤ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਤੋਂ ਬਚਾਏਗੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਦੇ ਮੰਗਣ ‘ਤੇ ਹੀ ਹਮਾਇਤ ਕੀਤੀ ਗਈ ਹੈ। ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ 3 ਮੈਂਬਰੀ ਕਮੇਟੀ ‘ਤੇ ਹੀ ਸਭ ਦੀਆਂ ਨਜ਼ਰਾਂ ਹਨ। ਕਾਬਲੇਗੌਰ ਹੈ ਕਿ ਜਦੋਂ ਡੇਰੇ ਜਾਣ ਵਾਲੇ ਸਾਰੇ ਸਿੱਖ ਉਮੀਦਵਾਰਾਂ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਸੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਉਨ੍ਹਾਂ ਨੇ ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਨਹੀਂ ਮੰਗੀ। ਬਾਦਲ ਦੇ ਇਸ ਬਿਆਨ ਤੋਂ ਬਾਅਦ ਡੇਰੇ ਦੇ ਸਿਆਸੀ ਵਿੰਗ ਨੇ ਬਾਦਲ ਦੇ ਹਮਾਇਤ ਨਾ ਮੰਗਣ ਵਾਲੇ ਬਿਆਨ ਨਾਲ ਅਸਹਿਮਤੀ ਜਤਾਈ ਹੈ। ਡੇਰੇ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਕਿਹਾ ਹੈ ਕਿ ਬਿਨਾ ਮੰਗਿਆਂ ਕੁਝ ਨਹੀਂ ਮਿਲਦਾ। ਰਾਮ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਚੋਣਾਂ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਮਾਇਤ ਵਿਚ ਵੋਟਾਂ ਪਾਈਆਂ ਹਨ। ਇਨ੍ਹਾਂ ਵੋਟਾਂ ਕਰ ਕੇ ਹੀ ਅਕਾਲੀ ਦਲ ਦੇ ਉਮੀਦਵਾਰ ਨਮੋਸ਼ੀਜਨਕ ਹਾਰ ਤੋਂ ਬਚਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਵਿੰਗ ਦੀ ਅਪੀਲ ਮਗਰੋਂ 80 ਫੀਸਦੀ ਡੇਰਾ ਪੈਰੋਕਾਰਾਂ ਨੇ ਅਕਾਲੀ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ।
________________________________________
ਡੇਰਾ ਸਿਰਸਾ ਮਾਮਲੇ ਦੀ ਜਾਂਚ ਕਮੇਟੀ ‘ਤੇ ਸਵਾਲ
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ‘ਚ ਹਮਾਇਤ ਹਾਸਲ ਕਰਨ ਲਈ ਡੇਰਾ ਸਿਰਸਾ ਪਹੁੰਚੇ ਸਿੱਖ ਲੀਡਰਾਂ ਖਿਲਾਫ ਸ਼੍ਰੋਮਣੀ ਕਮੇਟੀ ਦੀ ਜਾਂਚ ‘ਤੇ ਸਵਾਲ ਉਠੇ ਹਨ। ਦਲ ਖਾਲਸਾ ਨੇ ਕਿਹਾ ਹੈ ਕਿ ਇਹ ਜਾਂਚ ਦੀ ਕੋਈ ਤੁਕ ਨਹੀਂ। ਸਿੱਖ ਵਿਦਵਾਨ ਵੀ ਇਸ ਜਾਂਚ ਨਾਲ ਸਹਿਮਤ ਨਜ਼ਰ ਨਹੀਂ ਆ ਰਹੇ। ਦਲ ਖਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੂੰ ਪੁੱਛਿਆ ਹੈ ਕਿ ਕੀ ਹੁਣ ਅਕਾਲੀ ਦਲ ਦੇ ਹੇਠਲੇ ਪੱਧਰ ਦੇ ਆਗੂ ਆਪਣੇ ਹੀ ਉਚ ਆਗੂਆਂ ਦੇ ਗੈਰ ਸਿਧਾਂਤਕ ਕਾਰਨਾਮਿਆਂ ਦੀ ਜਾਂਚ ਕਰਨਗੇ? ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਪ੍ਰੋæ ਬਡੂੰਗਰ ਦਾ ਇਹ ਫੈਸਲਾ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਥਾਣੇਦਾਰ ਨੂੰ ਕਿਹਾ ਜਾਵੇ ਕਿ ਉਹ ਏæਡੀæਜੀæਪੀ ਦੇ ਖਿਲਾਫ ਜਾਂਚ ਕਰੇ। ਕਾਬਲੇਗੌਰ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਾਂਚ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਅੰਤ੍ਰਿਮ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੂੰ ਸ਼ਾਮਲ ਕੀਤਾ ਹੈ। ਦਿਲਚਸਪ ਗੱਲ ਹੈ ਕਿ ਇਹ ਮੈਂਬਰ ਅਕਾਲੀ ਦਲ ਦੇ ਹਮਾਇਤੀ ਹਨ।
_______________________________________
ਜਾਂਚ ਕਮੇਟੀ ਬਾਰੇ ਇਤਰਾਜ਼ ਜਾਇਜ਼ ਨਹੀਂ: ਬਡੂੰਗਰ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਜਾਂਚ ਕਮੇਟੀ ਨਿਰਪੱਖ ਢੰਗ ਨਾਲ ਕੰਮ ਕਰ ਰਹੀ ਹੈ। ਜਾਂਚ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਹੁਦੇਦਾਰ ਸ਼ਾਮਲ ਹਨ, ਜਿਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਹੈ ਅਤੇ ਉਹ ਨਿਰਪੱਖ ਢੰਗ ਨਾਲ ਜਾਂਚ ਕਰਨਗੇ। ਉਨ੍ਹਾਂ ਆਖਿਆ ਕਿ ਜਾਂਚ ਕਮੇਟੀ ‘ਤੇ ਇਤਰਾਜ਼ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।