ਨੇਸ਼ਨ ਸਟੇਟ ਅਸਲ ਵਿਚ ਹੈ ਕੀ?

ਸਿੱਖ ਵਿਦਵਾਨ ਸ਼ ਅਜਮੇਰ ਸਿੰਘ ਵੱਲੋਂ ਇਕ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਦੇ ਪ੍ਰਸੰਗ ਵਿਚ ‘ਪੰਜਾਬ ਟਾਈਮਜ਼’ ਦੇ 7 ਜਨਵਰੀ 2017 ਦੇ ਅੰਕ ਵਿਚ ਛਪੇ ਸੀਨੀਅਰ ਪੱਤਰਕਾਰ ਤੇ ਸਿੱਖ ਵਿਦਵਾਨ ਕਰਮਜੀਤ ਸਿੰਘ ਚੰਡੀਗੜ੍ਹ ਦੇ ਲੇਖ ‘ਥਿੜਕ ਗਏ ਹਨ ਅਜਮੇਰ ਸਿੰਘ ਆਪਣੀ ਮੰਜ਼ਿਲ ਤੋਂ’ ਨਾਲ ਸ਼ੁਰੂ ਹੋਈ ਵਿਚਾਰ-ਚਰਚਾ ਦੌਰਾਨ ਅਸੀਂ ਹਜਾਰਾ ਸਿੰਘ ਮਿਸੀਸਾਗਾ (ਕੈਨੇਡਾ), ਤਰਲੋਕ ਸਿੰਘ ਨਿਊ ਜਰਸੀ, ਕਮਲਜੀਤ ਸਿੰਘ ਫਰੀਮਾਂਟ,

ਡਾæ ਸੰਦੀਪ ਸਿੰਘ ਅਤੇ ਅਜਮੇਰ ਸਿੰਘ ਦੇ ਸਾਥੀ ਰਹੇ ਗੁਰਬਚਨ ਸਿੰਘ, ਹਾਕਮ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ-ਪਟਿਆਲਾ ਵਿਚ ਗੁਰੂ ਗੰ੍ਰਥ ਸਾਹਿਬ ਵਿਭਾਗ ਦੇ ਮੁਖੀ ਰਹਿ ਚੁਕੇ ਡਾæ ਗੁਰਨਾਮ ਕੌਰ ਕੈਨੇਡਾ ਦੇ ਵਿਚਾਰ ਛਾਪ ਚੁਕੇ ਹਾਂ। ਇਸ ਅੰਕ ਵਿਚ ਅਸੀਂ ਪ੍ਰਤੀਕਰਮ-ਦਰ-ਪ੍ਰਤੀਕਰਮ ਦੇ ਸਿਲਸਿਲੇ ਵਿਚ ਡਾæ ਸੰਦੀਪ ਸਿੰਘ ਅਤੇ ਕਮਲਜੀਤ ਸਿੰਘ ਫਰੀਮਾਂਟ ਦੇ ਵਿਚਾਰ ਛਾਪ ਰਹੇ ਹਾਂ। ਸਾਡਾ ਲੇਖਕਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਾਡਾ ਮਨਸ਼ਾ ਇਸ ਮੁੱਦੇ ਉਤੇ ਸੰਜੀਦਾ ਬਹਿਸ ਚਲਾਉਣਾ ਹੈ। ਆਈਆਂ ਹੋਰ ਲਿਖਤਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬੱਸ ਇਕ ਹੀ ਬੇਨਤੀ ਹੈ ਕਿ ਧੀਰਜ ਤੇ ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ

ਡਾæ ਸੰਦੀਪ ਸਿੰਘ
ਨੇਸ਼ਨ ਸਟੇਟ ਕਈ ਖਿਆਲਾਂ ਦੇ ਸੁਮੇਲ ਨਾਲ ਬਣਿਆ ਅਮੂਰਤ ਸੰਕਲਪ ਵੀ ਹੈ ਅਤੇ ਇਹ ਵਰਤਾਰੇ (ਫਿਨੌਮਿਨਾ) ਜਾਂ ਹਕੀਕਤ ਦੇ ਤੌਰ ‘ਤੇ ਵੀ ਇਸ ਦੀ ਹੋਂਦ ਹੈ। ਨੇਸ਼ਨ ਸਟੇਟ ਦਾ ਅਮੂਰਤ ਸੰਕਲਪ ਦੋ ਸੰਕਲਪਾਂ ਦਾ ਬਣਿਆ ਹੈ, ਇਕ ਨੇਸ਼ਨ ਤੇ ਦੂਜਾ ਸਟੇਟ। ਉਹ ਲੋਕ ਜਿਨ੍ਹਾਂ ਦਾ ਸਾਂਝਾ ਇਤਿਹਾਸ ਤੇ ਸਭਿਆਚਾਰ ਹੈ, ਇਕੋ ਨਸਲ ਦੇ ਹੋਣ, ਇਕੋ ਭਾਸ਼ਾ ਬੋਲਦੇ ਹੋਣ ਜਾਂ ਇਕੋ ਧਰਮ ਵਿਚ ਵਿਸ਼ਵਾਸ ਰੱਖਦੇ ਹੋਣ ਕਾਰਨ ਆਪਸ ਵਿਚ ਜੁੜੇ ਹੋਣ, ਨੇਸ਼ਨ ਜਾਂ ਕੌਮ ਕਹਾਉਂਦੇ ਹਨ। ਲੋਕ ਆਪੋ ਵਿਚ ਪਰਿਵਾਰਕ ਤੇ ਕਬਾਇਲੀ ਰਿਸ਼ਤਿਆਂ, ਨਸਲ, ਸਭਿਆਚਾਰ, ਇਤਿਹਾਸ, ਭਾਸ਼ਾ ਅਤੇ ਧਰਮ ਕਰ ਕੇ ਜੁੜੇ ਹੋ ਸਕਦੇ ਹਨ। ਉਹ ਆਪਸ ਵਿਚ ਇਨ੍ਹਾਂ ਸਭ ਜਾਂ ਸਿਰਫ ਇਕੋ ਕਾਰਨ ਕਰ ਕੇ ਵੀ ਜੁੜੇ ਹੋ ਸਕਦੇ ਹਨ। ਉਹ ਆਪਣੇ ਸਾਂਝੇ ਇਤਿਹਾਸ ਦੀ ਸਮੂਹਿਕ ਚੇਤਨਾ ਰੱਖਦੇ ਹਨ ਅਤੇ ਸਾਂਝਾ ਭਵਿਖ ਲੋਚਦੇ ਹਨ।
ਜੋ ਸਿੱਖ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ, ਜੰਮੂ ਵਿਚ ਰਹਿੰਦੇ ਹਨ, ਉਹ ਇਤਿਹਾਸ, ਸਭਿਆਚਾਰ, ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਕਰ ਕੇ ਆਪਸ ਵਿਚ ਜੁੜੇ ਹੋਏ ਹਨ ਤੇ ਜੋ ਸਿੱਖ ਬਾਹਰਲੇ ਮੁਲਕਾਂ ਵਿਚ ਰਹਿੰਦੇ ਹਨ ਅਤੇ ਹਿੰਦੁਸਤਾਨ ਦੇ ਹੋਰ ਸੂਬਿਆਂ ਜਾਂ ਕਸ਼ਮੀਰ ਤੋਂ ਹਨ, ਭਾਵੇਂ ਉਹ ਪੰਜਾਬੀ ਨਹੀਂ ਬੋਲਦੇ, ਫਿਰ ਵੀ ਉਹ ਸਿੱਖ ਧਰਮ, ਸਭਿਆਚਾਰ ਤੇ ਇਤਿਹਾਸ ਕਰ ਕੇ ਆਪੋ ਵਿਚ ਜੁੜੇ ਹੋਏ ਹਨ, ਸਿੱਖ ਨੇਸ਼ਨ ਦਾ ਹਿੱਸਾ ਹਨ, ਭਾਵੇਂ ਉਨ੍ਹਾਂ ਬੇਗਾਨੀ ਧਰਤੀ ਦਾ ਸਭਿਆਚਾਰ ਵੀ ਅਪਨਾ ਲਿਆ ਹੈ।
ਸਟੇਟ ਬਣਦੀ ਹੈ ਲੋਕ, ਜ਼ਮੀਨ ਤੇ ਸਰਕਾਰ ਦੇ ਸੁਮੇਲ ਨਾਲ। ਜੇ ਇਨ੍ਹਾਂ ਤਿੰਨਾਂ ਵਿਚੋਂ ਕੋਈ ਇਕ ਜਾਂ ਦੋ ਨਾ ਹੋਣ ਤਾਂ ਉਹ ਸਟੇਟ ਨਹੀਂ ਕਹਾ ਸਕਦੀ। ਸਟੇਟ ਸਿਰਫ ਲੋਕਾਂ ਤੇ ਜ਼ਮੀਨ ਨਾਲ ਨਹੀਂ ਬਣ ਸਕਦੀ। ਸਟੇਟ ਦਾ ਰਾਜ ਪ੍ਰਬੰਧ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ- ਜਮਹੂਰੀਅਤ, ਤਾਨਾਸ਼ਾਹੀ, ਰਾਜਸ਼ਾਹੀ, ਅਲਪਤੰਤਰ (ਓਲੀਗਾਰਕੀ), ਸੰਪਤੀਤੰਤਰ (ਟਾਈਮੋਕਰੇਸੀ), ਏਕਤੰਤਰ (ਔਟੋਕਰੇਸੀ) ਹੋ ਜਾਂ ਹਲੇਮੀ ਰਾਜ।
ਇਕ ਸਟੇਟ ਦੇ ਲੋਕ ਇਕ ਜਾਂ ਇਕ ਤੋਂ ਵੱਧ ਨੇਸ਼ਨ ਜਾਂ ਕੌਮ ਦੇ ਹੋ ਸਕਦੇ ਹਨ, ਜੇ ਉਹ ਵੱਖ-ਵੱਖ ਭਾਸ਼ਾ ਬੋਲਦੇ ਹਨ, ਵੱਖ-ਵੱਖ ਧਰਮਾਂ ਨੂੰ ਮੰਨਦੇ ਹਨ ਅਤੇ ਉਨ੍ਹਾਂ ਦਾ ਸਭਿਆਚਾਰ, ਨਸਲ ਤੇ ਇਤਿਹਾਸ ਵੱਖ-ਵੱਖ ਹੈ। ਹਿੰਦੁਸਤਾਨ ਅਜਿਹੀ ਸਟੇਟ ਹੈ ਜਿਸ ਵਿਚ ਕਈ ਕੌਮਾਂ ਰਹਿੰਦੀਆਂ ਹਨ। ਇਸ ਕਾਰਨ ਉਥੇ ਖਤਰਨਾਕ ਲੜਾਈ-ਝਗੜੇ ਦੇ ਕਈ ਕਾਰਨ ਮੌਜੂਦ ਹਨ ਤੇ ਕਦੇ ਵੀ ਖੂਨ-ਖਰਾਬਾ ਹੋ ਸਕਦਾ ਹੈ। ਸਿੱਖ ਨੇਸ਼ਨ ਸਟੇਟ ਖਾਲਿਸਤਾਨ ਦਾ ਮਤਲਬ ਇਹ ਨਹੀਂ ਕਿ ਇਸ ਨੂੰ ਮੰਗਣ ਵਾਲੇ ਖੂਨ-ਖਰਾਬਾ ਚਾਹੁੰਦੇ ਹਨ, ਸਗੋਂ ਇਸ ਦਾ ਮਤਲਬ ਉਸ ਖੂਨ-ਖਰਾਬੇ ਤੋਂ ਬਚਣਾ ਹੈ ਜੋ ਸਿੱਖਾਂ ਨੂੰ ਹਿੰਦੁਸਤਾਨ ਵਿਚ ਜਬਰੀ ਰੱਖਣ ਨਾਲ ਹੋ ਰਿਹਾ ਹੈ ਅਤੇ ਹੋਰ ਵੀ ਹੋ ਸਕਦਾ ਹੈ।
ਨੇਸ਼ਨ ਸਟੇਟ ਦੇ ਅਮੂਰਤ ਸੰਕਲਪ ਦੀ ਕੁਝ ਸਿੱਖ ਵਿਦਵਾਨ ਆਲੋਚਨਾ ਕਰ ਰਹੇ ਹਨ, ਇਹ ਵਿਦਵਾਨ ਸਿੱਖ ਕੌਮ ਦੀ ਇਕ ਧਿਰ ਜੋ ਸਿੱਖ ਕੌਮ ਦੀ ਕਿਆਦਤ ਦੀ ਦਾਅਵੇਦਾਰ ਹੈ, ਦੇ ਬੁਲਾਰੇ ਵਜੋਂ ਕੰਮ ਕਰ ਰਹੇ ਹਨ। ਨੇਸ਼ਨ ਸਟੇਟ ਦੇ ਸੰਕਲਪ ਦੀ, ਇਸ ਆਧਾਰ ‘ਤੇ ਆਲੋਚਨਾ ਕੀਤੀ ਜਾ ਰਹੀ ਹੈ ਕਿ ਇਹ ਪੱਛਮੀ ਸੰਕਲਪ ਹੈ, ਇਸ ਕਰ ਕੇ ਬਹੁਤ ਖੂਨ-ਖਰਾਬਾ ਹੋਇਆ। ਇਹ ਕਹਿਣਾ ਕਿ ਨੇਸ਼ਨ ਸਟੇਟ ਕਰ ਕੇ ਖੂਨ-ਖਰਾਬਾ ਹੋਇਆ, ਗਲਤ ਹੈ ਕਿਉਂਕਿ ਘੋਖ ਕਰਨ ‘ਤੇ ਪਤਾ ਲਗਦਾ ਹੈ ਕਿ ਖੂਨ-ਖਰਾਬੇ ਦਾ ਕਾਰਨ ਗਲਤ ਲੋਕਾਂ ਜਿਵੇਂ ਹਿਟਲਰ, ਮੁਸੋਲੀਨੀ, ਮਿਲੋਸਿਵਕ ਦਾ ਸਿਆਸੀ ਸੱਤਾ ‘ਤੇ ਕਾਬਜ਼ ਹੋਣਾ ਅਤੇ ਵੱਖ-ਵੱਖ ਕੌਮਾਂ ਵਿਚ ਪਹਿਲਾਂ ਹੀ ਨਫਰਤ ਹੋਣਾ ਸੀ ਜਿਸ ਨੂੰ ਹਾਕਮਾਂ ਨੇ ਸਿਆਸੀ ਲਾਹੇ ਲਈ ਵਰਤਿਆ।
ਨੇਸ਼ਨ ਸਟੇਟ ਦੇ ਸੰਕਲਪ ਨੂੰ ਪੱਛਮੀ ਸੰਕਲਪ ਤਾਂ ਕਿਹਾ ਜਾ ਸਕਦਾ ਹੈ, ਕਿਉਂਕਿ ਇਹ ਪੱਛਮ ਵਿਚ ਉਭਰਿਆ, ਪਰ ਖਿਆਲ ਰਹੇ ਕਿ ਖਿਆਲ ਜਾਂ ਸੰਕਲਪ ਜਦ ਇਕ ਵਾਰੀ ਬਣ ਜਾਂਦੇ ਹਨ ਤਾਂ ਸਰਵਵਿਆਪੀ ਹੁੰਦੇ ਹਨ। ਇਨ੍ਹਾਂ ਨੂੰ ਕਿਸੇ ਹੱਦਬੰਦੀ ਵਿਚ ਨਾ ਤਾਂ ਰੱਖਿਆ ਜਾ ਸਕਦਾ ਹੈ ਅਤੇ ਨਾ ਹੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨੇਸ਼ਨ ਸਟੇਟ ਦਾ ਸੰਕਲਪ ਪੱਛਮੀ ਸੰਕਲਪ ਨਹੀਂ, ਸਰਵਵਿਆਪੀ ਸੰਕਲਪ ਹੈ।
ਖਿਆਲ ਅਤੇ ਸੰਕਲਪ ਦੋ ਤਰ੍ਹਾਂ ਦੇ ਹੁੰਦੇ ਹਨ। ਇਕ ਉਹ ਜੋ ਇਨਸਾਨ ਕਿਸੇ ਵਰਤਾਰੇ ਨੂੰ ਹਕੀਕਤ ‘ਚ ਦੇਖਣ ਪਿਛੋਂ ਬਣਾਉਂਦਾ ਹੈ ਤੇ ਭਾਸ਼ਾ ਵਿਚ ਬਿਆਨ ਕਰਦਾ ਹੈ। ਘੋੜੇ ਦਾ ਖਿਆਲ ਅਜਿਹਾ ਖਿਆਲ ਹੈ ਜੋ ਇਨਸਾਨ ਘੋੜਾ ਦੇਖ ਕੇ ਬਣਾਉਂਦਾ ਹੈ। ਇਕ ਵਾਰ ਬਣ ਗਿਆ ਤਾਂ ਸਦਾ ਵਾਸਤੇ ਬਣ ਗਿਆ। ਕੁਝ ਖਿਆਲ ਤੇ ਸੰਕਲਪ ਉਹ ਹੁੰਦੇ ਹਨ ਜੋ ਇਨਸਾਨ ਪਹਿਲਾਂ ਸੋਚਦਾ ਅਤੇ ਭਾਸ਼ਾ ਵਿਚ ਬਿਆਨ ਕਰਦਾ ਹੈ, ਜਦਕਿ ਉਸ ਖਿਆਲ ਜਾਂ ਸੰਕਲਪ ਵਾਲੀ ਅਸਲ ਚੀਜ਼ ਜਾਂ ਫਿਨੌਮਿਨਾ ਅਜੇ ਹੋਂਦ ਵਿਚ ਨਹੀਂ ਆਇਆ ਹੁੰਦਾ। ਹਵਾਈ ਜਹਾਜ਼ ਦਾ ਖਿਆਲ ਪਹਿਲਾਂ ਸੋਚਿਆ ਤੇ ਸ਼ਬਦਾਂ ਵਿਚ ਬਿਆਨ ਕੀਤਾ ਗਿਆ, ਤੇ ਬਾਅਦ ਵਿਚ ਉਸ ਦਾ ਨਕਸ਼ਾ ਬਣਾਇਆ ਅਤੇ ਫਿਰ ਅਸਲ ਬਣਾਇਆ ਗਿਆ। ਪਾਕਿਸਤਾਨ ਦਾ ਖਿਆਲ ਮੁਸਲਮਾਨਾਂ ਵਾਸਤੇ ਬਣਿਆ, ਇਕ ਨੇਸ਼ਨ ਸਟੇਟ ਜਿਸ ਦੇ ਲੋਕਾਂ ਨੂੰ ਇਸਲਾਮ ਉਤੇ ਵਿਸ਼ਵਾਸ ਆਪਸ ਵਿਚ ਜੋੜ ਕੇ ਰੱਖਦਾ ਹੋਵੇ, ਪਹਿਲਾਂ ਸੋਚਿਆ ਗਿਆ ਤੇ ਭਾਸ਼ਾ ‘ਚ ਬਿਆਨ ਕੀਤਾ ਗਿਆ, ਫਿਰ ਮੁਸਲਮਾਨਾਂ ‘ਚ ਪਹੁੰਚਾਇਆ ਗਿਆ ਤੇ ਮੁਸਲਮਾਨਾਂ ਨੇ ਆਪਣੇ ਕਾਇਦ (ਲੀਡਰ) ਦੀ ਗੱਲ ਸੁਣੀ ਤੇ ਉਸ ਉਤੇ ਚੱਲੇ। ਨਤੀਜੇ ਵਜੋਂ ਪਾਕਿਸਤਾਨ ਬਣਿਆ।
ਇਹ ਕਹਿਣਾ ਗਲਤ ਨਹੀਂ ਕਿ ਕਈ ਨੇਸ਼ਨ ਸਟੇਟ ਦੀ ਹੋਂਦ ਪਹਿਲਾਂ ਤੋਂ ਹੀ ਹੈ, ਜਦਕਿ ਨੇਸ਼ਨ ਸਟੇਟ ਦਾ ਅਮੂਰਤ ਸੰਕਲਪ ਅਜੇ ਉਭਰਿਆ ਨਹੀਂ ਸੀ। ਹੋਂਦ ਸੀ, ਪਰ ਇਨ੍ਹਾਂ ਨੂੰ ਨੇਸ਼ਨ ਸਟੇਟ ਨਹੀਂ ਸੀ ਆਖਿਆ ਜਾਂਦਾ। ਕਈ ਨੇਸ਼ਨ ਸਟੇਟ ਅਜੇ ਹਕੀਕਤ ਵਿਚ ਕਾਇਮ ਹੋਣੇ ਹਨ, ਪਰ ਇਨ੍ਹਾਂ ਦਾ ਖਿਆਲ ਉਨ੍ਹਾਂ ਨੇਸ਼ਨ ਜਾਂ ਕੌਮਾਂ ਦੇ ਲੋਕਾਂ ਦੇ ਮਨਾਂ ਵਿਚ ਵਸਦਾ ਹੈ, ਉਨ੍ਹਾਂ ਦੀ ਸੋਚ ਉਨ੍ਹਾਂ ਦੀ ਸਮੂਹਿਕ ਚੇਤਨਾ ਵਿਚ ਵਸਦਾ ਹੈ।
ਜੋ ਲੋਕ ਖਾਲਿਸਤਾਨ ਜਾਂ ਨੇਸ਼ਨ ਸਟੇਟ ਦੇ ਸੰਕਲਪ ਖਿਲਾਫ ਬੋਲ ਰਹੇ ਹਨ, ਅਸਲ ਵਿਚ ਖਾਲਿਸਤਾਨ ਖਿਲਾਫ ਬੋਲ ਰਹੇ ਹਨ। ਉਹ ਚਾਹੁੰਦੇ ਹਨ ਕਿ ਸਿੱਖ ਇਸ ਖਿਆਲ ਨੂੰ ਆਪਣੀ ਸੋਚ, ਆਪਣੇ ਮਨਾਂ ਵਿਚੋਂ ਕੱਢ ਸੁੱਟਣ। ਖਾਲਿਸਤਾਨ ਦਾ ਖਿਆਲ 1947 ਤੋਂ ਕਈ ਵਰ੍ਹੇ ਪਹਿਲਾਂ ਉਭਰਿਆ, ਪਰ ਇਹ ਖਿਆਲ ਸਿੱਖਾਂ ਦੇ ਮਨਾਂ ਵਿਚ 1984 ਦੇ ਘੱਲੂਘਾਰੇ ਤੋਂ ਬਾਅਦ ਪੱਕੀ ਜੜ੍ਹ ਲਾ ਕੇ ਘਰ ਕਰ ਗਿਆ। 1980 ਦੇ ਦਹਾਕੇ ਵਿਚ ਬਹੁਤ ਸਾਰੇ ਦਸਤਾਵੇਜ਼ ਛਪੇ ਹਨ ਜਿਨ੍ਹਾਂ ਵਿਚ ਖਾਲਿਸਤਾਨ ਦੇ ਖਿਆਲ ਨੂੰ ਹਲੇਮੀ ਰਾਜ ਪ੍ਰਬੰਧ ਵਜੋਂ ਹਕੀਕਤ ਵਿਚ ਇਸ ਦੁਨੀਆਂ ਉਤੇ ਕਾਇਮ ਕਰਨ ਬਾਰੇ ਦੱਸਿਆ ਗਿਆ। ਖਾਲਿਸਤਾਨ ਵਿਚ ਸਿੱਖ ਤੇ ਗੈਰ-ਸਿੱਖ, ਸਭ ਬਰਾਬਰ ਦੇ ਸ਼ਹਿਰੀ ਹੋਣਗੇ, ਸਭ ਨੂੰ ਬਰਾਬਰ ਦੇ ਹੱਕ ਮਿਲਣਗੇ। ਜੋ ਲੋਕ ਖਾਲਿਸਤਾਨ ਦੀ ਭੈੜੀ ਤਸਵੀਰ ਪੇਸ਼ ਕਰ ਕੇ ਸਿੱਖਾਂ ਅਤੇ ਖਾਲਿਸਤਾਨ ਪ੍ਰਤੀ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਜਾਣੇ ਜਾਂ ਅਨਜਾਣੇ ਹਿੰਦੁਤਸਾਨੀ ਆਕਾ/ਮਾਲਿਕ ਦੀ ਸੇਵਾ ਕਰ ਰਹੇ ਹਨ।
ਸ਼ ਕਮਲਜੀਤ ਸਿੰਘ ਫਰੀਮਾਂਟ ਨੇ ਮੇਰੇ ਪਿਛਲੇ ਲੇਖ ‘ਅਜਮੇਰ ਸਿੰਘ ਦੇ ਖਿਆਲਾਂ ਦੀ ਹਕੀਕਤ’ ਵਿਚ ਪ੍ਰਗਟਾਏ ਕੁਝ ਵਿਚਾਰਾਂ ‘ਤੇ ਕਿੰਤੂ ਕੀਤੇ ਹਨ। ਮੈਂ ਕਿਹਾ ਸੀ ਕਿ ਸਿੱਖ ਜਦ ਵੀ ਰਾਜ ਕਰਨਗੇ, ਉਹ ਗੁਰੂ ਸਾਹਿਬਾਨ ਦੇ ਦੱਸੇ ਮੁਤਾਬਕ ਹਲੇਮੀ ਨੇਸ਼ਨ ਸਟੇਟ ਰਾਜ ਪ੍ਰਬੰਧ ਕਾਇਮ ਕਰਨਗੇ। ਮੈਂ ਇਹ ਗੱਲ ਇਸ ਕਰ ਕੇ ਕਹੀ ਸੀ, ਕਿਉਂਕਿ ਜੋ ਲੋਕ ਖਾਲਿਸਤਾਨ ਦੇ ਸੰਘਰਸ਼ ਵਿਚ ਸ਼ਾਮਲ ਹਨ, ਇਸ ਖਾਤਰ ਜਾਨਾਂ ਵਾਰ ਚੁੱਕੇ ਹਨ, ਉਨ੍ਹਾਂ ਨੂੰ ਗੁਰੂ ਸਾਹਿਬ ਦੇ ਸ਼ਬਦਾਂ ‘ਤੇ ਵਿਸ਼ਵਾਸ ਹੈ ਕਿ ਸਿੱਖ ਹਲੇਮੀ ਰਾਜ ਕਾਇਮ ਕਰਨਗੇ। ਕੋਈ ਜ਼ਰੂਰੀ ਨਹੀਂ ਕਿ ਜੋ ਸਿੱਖ ਸਿਆਸਤਦਾਨ ਹੁਣ ਨਜ਼ਰ ਆ ਰਹੇ ਹਨ, ਉਦੋਂ ਵੀ ਉਹੀ ਹੋਣ ਜਦ ਖਾਲਿਸਤਾਨ ਕਾਇਮ ਹੋਵੇ।
ਹਲੇਮੀ ਰਾਜ ਦੀ ਗੱਲ ਵੱਖ-ਵੱਖ ਲੋਕਾਂ ਨੇ ਪਹਿਲਾਂ ਵੀ ਬੜੀ ਵਾਰ ਕੀਤੀ ਹੈ। ਇਹ ਕੋਈ ਕਾਲਪਨਿਕ ਰਾਜ ਪ੍ਰਬੰਧ ਨਹੀਂ ਹੈ, ਇਸ ਬਾਰੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ (ਅੰਗ 74) ਵਿਚ ਦਰਜ ਸ਼ਬਦ ਸਿਰੀ ਰਾਗੁ ਵਿਚ ਇਲਾਹੀ ਹੁਕਮ ਫਰਮਾਉਂਦੇ ਹਨ,
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥
ਪੈ ਕੋਇ ਨ ਕਿਸੈ ਰਞਾਣਦਾ॥
ਸਭ ਸੁਖਾਲੀ ਵੁਠੀਆ ਇਹੁ
ਹੋਆ ਹਲੇਮੀ ਰਾਜੁ ਜੀਉ॥
ਵੱਖ-ਵੱਖ ਸਿਆਸੀ ਧੜਿਆਂ ਦੇ ਇਕ ਨਾ ਹੋਣ ਦੇ ਕਈ ਕਾਰਨ ਹਨ। ਇਕ ਤਾਂ ਖਾਲਿਸਤਾਨ ਕਿਵੇਂ ਹਾਸਲ ਕੀਤਾ ਜਾਵੇ, ਇਸ ਬਾਰੇ ਰਾਏ ਵੱਖ-ਵੱਖ ਹੈ। ਦੂਜਾ ਹਿੰਦੁਤਸਾਨ ਦੀ ਸਰਕਾਰ ਇਨ੍ਹਾਂ ਨੂੰ ਇਕੱਠਿਆਂ ਨਹੀਂ ਹੋਣ ਦਿੰਦੀ। ਹਲੇਮੀ ਰਾਜ ਕੋਈ ਵੱਖ-ਵੱਖ ਨਹੀਂ ਹੈ, ਇਹ ਇਕੋ ਹੀ ਹੈ ਜੋ ਗੁਰੂ ਸਾਹਿਬ ਨੇ ਕਿਹਾ ਹੈ, ਹਲੇਮੀ ਰਾਜ ਕੋਈ ਮੇਰੇ ਇਕੱਲੇ ਵਾਸਤੇ ਨਹੀਂ, ਇਹ ਸਭ ਵਾਸਤੇ ਹੋਵੇਗਾ, ਤੇ ਇਸ ਨੂੰ ਬਣਾਉਣ ਦਾ ਕੰਮ ਇਕ ਬੰਦੇ ਦਾ ਨਹੀਂ, ਸਾਰੇ ਲੋਕ ਭਾਈਵਾਲ ਹੋਣਗੇ।
ਹਿੰਦੁਸਤਾਨ ਦੀ ਸਰਕਾਰ ਸਿੱਖਾਂ ਉਤੇ ਜਬਰ ਤੇ ਜ਼ੁਲਮ ਕਰ ਰਹੀ ਹੈ, ਤੇ ਇਹ ਸਭ ਗੁਲਾਮ ਮਾਨਸਿਕਤਾ ਵਾਲੇ ਉਨ੍ਹਾਂ ਸਿੱਖਾਂ ਤੋਂ ਕਰਵਾ ਰਹੀ ਹੈ ਜੋ ਇਸ ਦੇ ਹੱਥ ਠੋਕੇ ਬਣੇ ਹੋਏ ਹਨ। ਇਹ ਸਮਝਣਾ ਜ਼ਰੂਰੀ ਹੈ ਕਿ ਸਰਕਾਰ ਡਾæ ਮਨਮੋਹਨ ਸਿੰਘ ਜਿਹੇ ਸਿੱਖਾਂ ਨੂੰ ਉਚੇ ਅਹੁਦਿਆਂ ਨਾਲ ਕਿਉਂ ਨਿਵਾਜਦੀ ਹੈ? ਤਾਂ ਜੋ ਸਿੱਖਾਂ ਨੂੰ ਭੁਲੇਖੇ ਵਿਚ ਰੱਖਿਆ ਜਾ ਸਕੇ ਕਿ ਸਿੱਖ ਤਾਂ ਰਾਜ ਕਰ ਰਹੇ ਹਨ, ਉਹ ਗੁਲਾਮ ਨਹੀਂ, ਪਰ ਅਸਲ ਵਿਚ ਸਰਕਾਰ ਗੁਲਾਮ ਮਾਨਸਿਕਤਾ ਵਾਲੇ ਸਿੱਖਾਂ ਨੂੰ ਉਚੇ ਅਹੁਦੇ ਦੇ ਕੇ ਉਨ੍ਹਾਂ ਤੋਂ ਹੀ ਸਿੱਖ ਮਰਵਾਉਂਦੀ ਹੈ। ਇਸ ਦਾ ਸਰਕਾਰ ਨੂੰ ਇਹ ਵੀ ਫਾਇਦਾ ਹੁੰਦਾ ਹੈ ਕਿ ਆਜ਼ਾਦੀ ਪਸੰਦ ਸਿੱਖਾਂ ਦਾ ਗੁੱਸਾ ਸਿੱਖਾਂ ‘ਤੇ ਹੀ ਨਿਕਲਦਾ ਹੈ ਅਤੇ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਾ ਅਸਲ ਦੁਸ਼ਮਣ ਕੌਣ ਹੈ? ਚੇਤੇ ਰਹੇ ਕਿ ਕਬਾਇਲੀ ਮੂਲ ਦੇ ਨਕਸਲੀਆਂ ਨੂੰ ਖਤਮ ਕਰਨ ਖਾਤਰ ਵੀ ਹਿੰਦੁਸਤਾਨ ਸਰਕਾਰ ਨੇ ਕਬਾਇਲੀ ਮੂਲ ਦੇ ਲੋਕਾਂ ਦੀ ਹੀ ਸਲਵਾ ਜੁਡਮ ਬਣਾਈ ਸੀ ਅਤੇ ਉਨ੍ਹਾਂ ਨੂੰ ਹਥਿਆਰ ਦੇ ਕੇ ਆਪਣੇ ਹੀ ਕਬਾਇਲੀ ਭਰਾ ਮਰਵਾਏ ਸਨ।
ਮੈਂ ਆਪਣੇ ਆਈਡਲ ਦੇ ਅੰਧਵਿਸ਼ਵਾਸ ਦੀ ਗੱਲ ਨਹੀਂ ਕੀਤੀ। ਮੈਂ ਕਿਹਾ ਸੀ ਕਿ ਜੇ ਤੁਸੀਂ ਕਿਸੇ ਨੂੰ ਆਪਣਾ ਆਈਡਲ ਮੰਨ ਲੈਂਦੇ ਹੋ (ਜਿਵੇਂ ਕੁਝ ਲੋਕਾਂ ਨੇ ਅਜਮੇਰ ਸਿੰਘ ਨੂੰ ਮੰਨਿਆ ਹੋਇਆ ਹੈ), ਤਾਂ ਤੁਹਾਡੀ ਸੋਚ ਉਸ ਤੋਂ ਅਗਾਂਹ ਨਹੀਂ ਜਾ ਸਕਦੀ। ਸਿੱਖਾਂ ਨੂੰ ਗੁਰੂ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ, ਨਾ ਕਿ ਅਜਮੇਰ ਸਿੰਘ ਵਰਗਿਆਂ ਤੋਂ! ਕਮਜ਼ੋਰ ਦਿਲ ਵਾਲੇ ਅਕਸਰ ਸੰਘਰਸ਼ ਨੂੰ ਅੱਧ ਵਿਚਾਲੇ ਹੀ ਛੱਡ ਕੇ ਦੌੜ ਜਾਂਦੇ ਹਨ ਅਤੇ ਦੂਜਿਆਂ ਨੂੰ ਗਲਤ ਕਹਿੰਦੇ ਰਹਿੰਦੇ ਹਨ।
ਕੁਝ ਲੋਕ ਨੇਸ਼ਨ ਸਟੇਟ ਦੇ ਸੰਕਲਪ ਨੂੰ ਘਿਨਾਉਣੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਸਪਾਲ ਸਿੰਘ ਸਿੱਧੂ ਨੇ ਤਾਂ ਇਸ ਨੂੰ ਫਰੈਂਕਇਨਸਟੀਨ ਮੌਂਸਟਰ (ਜੋ ਇਕ ਨਾਵਲ ਦਾ ਕਾਲਪਨਿਕ ਪਾਤਰ ਹੈ) ਦੇ ਬਰਾਬਰ ਠਹਿਰਾ ਦਿੱਤਾ ਹੈ। ਨੇਸ਼ਨ ਸਟੇਟ ਬਾਰੇ ਇਹੋ ਜਿਹੇ ਗਲਤ ਬਿਆਨ ਸੱਚਾਈ ਤੋਂ ਕੋਹਾਂ ਦੂਰ ਹਨ।
ਜਸਪਾਲ ਸਿੰਘ ਦਾ ਲੇਖ ‘ਕਨਫਿਊਜ਼ਨ ਅਬਾਊਟ ਨੇਸ਼ਨ ਸਟੇਟ ਇਜ਼ ਡੇਂਜਰਸ ਫਾਰ ਸਿੱਖਜ਼’ ਕੋਈ ਭੰਬਲਭੂਸਾ ਦੂਰ ਨਹੀਂ ਕਰਦਾ; ਸਗੋਂ ਇਸ ਨੂੰ ਹੋਰ ਵਧਾਉਂਦਾ ਹੈ। ਉਹ ਨੇਸ਼ਨ ਸਟੇਟ ਦੇ ਸੰਕਲਪ ਨੂੰ ਘਿਨਾਉਣੇ ਦੈਂਤ ਦੇ ਰੂਪ ਵਿਚ ਪੇਸ਼ ਕਰ ਰਹੇ ਹਨ ਅਤੇ ਸਿੱਖਾਂ ਨੂੰ ਸੁਝਾਅ ਦੇ ਰਹੇ ਹਨ ਕਿ ਸਿੱਖ ਹਿੰਦੁਸਤਾਨ ਦੀ ਅਬਾਦੀ ਦਾ ਸਿਰਫ 2 ਫੀਸਦੀ ਹਨ, ਭਾਵ ਸਿੱਖਾਂ ਦਾ ਹਿੰਦੂ ਬਹੁਗਿਣਤੀ ਦੇ ਮੁਕਾਬਲੇ ਜਿੱਤਣ ਦੇ ਕੋਈ ਆਸਾਰ ਨਹੀਂ। ਉਹ ਇਸ਼ਾਰਾ ਕਰ ਰਹੇ ਹਨ ਕਿ ਸਿੱਖਾਂ ਦਾ ਵੱਖਰਾ ਨੇਸ਼ਨ ਸਟੇਟ, ਸਿੱਖਾਂ ਦੇ ਹਿੱਤ ਵਿਚ ਨਹੀਂ ਅਤੇ ਸਿੱਖਾਂ ਨੂੰ ਹਿੰਦੁਸਤਾਨ ਵਿਚ ਖੁਸ਼ੀ ਜਾਂ ਗਮੀ ਨਾਲ ਰਹਿਣਾ ਚਾਹੀਦਾ ਹੈ। ਇਹ ਗੱਲ ਸਾਫ ਹੋਣੀ ਚਾਹੀਦੀ ਹੈ ਕਿ ਸਿੱਖਾਂ ਦੀ ਗਿਣਤੀ ਭਾਵੇਂ ਘੱਟ ਹੈ, ਫਿਰ ਵੀ ਸਿੱਖ ਨੇਸ਼ਨ/ਕੌਮ ਹੈ ਅਤੇ ਸਿੱਖਾਂ ਦਾ ਆਪਣਾ ਸੌਵਰਨ ਸਟੇਟ ਹੋਣਾ ਚਾਹੀਦਾ ਹੈ। ਉਂਜ, ਇਹ ਸਹੀ ਨਹੀਂ ਹੈ ਕਿ ਸਿੱਖ ਘੱਟਗਿਣਤੀ ਹਨ। ਇਹ ਗੱਲ ਧਿਆਨਯੋਗ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਨੇ ਸਿਰ ਮੰਗੇ ਸਨ ਤਾਂ 80,000 ਜਾਂ 100,000 ਦੇ ਕਰੀਬ ਲੋਕਾਂ ਵਿਚੋਂ ਸਿਰਫ 5 ਬੰਦੇ ਹੀ ਸਿਰ ਦੇਣ ਲਈ ਖੜ੍ਹੇ ਹੋਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਿੱਖਾਂ ਦੀ ਆਬਾਦੀ ਕੁੱਲ ਅਬਾਦੀ ਦਾ ਸਿਰਫ 11 ਜਾਂ 13 ਫੀਸਦੀ ਸੀ, ਪਰ ਸਿੱਖ ਬਹੁਤ ਵੱਡੇ ਇਲਾਕੇ ਉਤੇ ਰਾਜ ਕਰ ਰਹੇ ਸਨ।
ਹਿੰਦੁਸਤਾਨ ਤੇ ਪਾਕਿਸਤਾਨ ‘ਟੂ ਨੇਸ਼ਨ ਥਿਊਰੀ’ ਦੇ ਆਧਾਰ ਉਤੇ 1947 ਵਿਚ ਤਦ ਹੋਂਦ ਵਿਚ ਆਏ, ਜਦ ਅੰਗਰੇਜ਼ ਇਸ ਖਿੱਤੇ ਨੂੰ ਛੱਡ ਕੇ ਗਏ; ਪਰ ਹਿੰਦੁਤਸਾਨ ਕੋਈ ਨੇਸ਼ਨ ਸਟੇਟ ਨਹੀਂ ਹੈ, ਕਿਉਂਕਿ ਇਸ ਵਿਚ ਕਈ ਨੇਸ਼ਨ ਹਨ; ਹਿੰਦੁਸਤਾਨ ਵਿਚ ਵੱਖ-ਵੱਖ ਧਰਮਾਂ, ਨਸਲਾਂ ਅਤੇ 23 ਤੋਂ ਵੱਧ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ। 1947 ਵਿਚ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਬਣਨ ਵੇਲੇ ਹੋਏ ਖੂਨ-ਖਰਾਬੇ ਦਾ ਕਾਰਨ ਹਿੰਦੁਸਤਾਨ ਤੇ ਪਾਕਿਸਤਾਨ ਦਾ ਕਾਇਮ ਹੋਣਾ ਨਹੀਂ ਸੀ, ਸਗੋਂ ਇਸ ਦਾ ਕਾਰਨ ਦੱਬੀ ਹੋਈ ਆਪਸੀ ਨਫਰਤ ਦਾ ਸਾਹਮਣੇ ਆਉਣਾ ਸੀ। ਜਸਪਾਲ ਸਿੰਘ ਦਾ ਇਹ ਕਹਿਣਾ ਕਿ ਖੂਨ-ਖਰਾਬੇ ਦਾ ਕਾਰਨ, ਲੋਕਾਂ ਵਿਚ ਧਾਰਮਿਕ ਨਫਰਤ ਨਹੀਂ ਸੀ, ਕਿਉਂਕਿ ਲੋਕ ਸਦੀਆਂ ਤੋਂ ਸ਼ਾਂਤੀ ਨਾਲ ਰਹਿੰਦੇ ਆ ਰਹੇ ਸਨ, ਬਿਲਕੁਲ ਗਲਤ ਹੈ।
ਜੋ ਸਿੱਖ ਖਾਲਿਸਤਾਨ ਦੀ ਮੰਗ ਕਰ ਰਹੇ ਹਨ, ਉਹ 1940 ਦੇ ਦਹਾਕੇ ਵਿਚ ਨਹੀਂ ਜਿਉਂ ਰਹੇ, ਉਹ ਅੱਜ ਦੀ ਹਕੀਕਤ ਵਿਚ ਜਿਉਂਦਿਆਂ ਖਾਲਿਸਤਾਨ ਦੀ ਮੰਗ ਕਰ ਰਹੇ ਹਨ। 1940 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਦਰਿਆ ਵਿਚ ਬਹੁਤ ਪਾਣੀ ਵਹਿ ਚੁਕਾ ਹੈ; ਜਿਵੇਂ ਜਸਪਾਲ ਸਿੰਘ ਕਹਿ ਰਹੇ ਹਨ। ਉਨ੍ਹਾਂ ਦਾ ਇਸ਼ਾਰਾ ਹੈ ਕਿ ਸਿੱਖਾਂ ਨੂੰ ਵੀ ਅਗਾਂਹ ਦੀ ਸੋਚਣੀ ਚਾਹੀਦੀ ਹੈ। ਹੁਣ ਜਦ ਪਾਣੀ ਦੇ ਵਹਿ ਜਾਣ ਦੀ ਗੱਲ ਤੁਰੀ ਹੀ ਹੈ ਤਾਂ ਦੱਸ ਦੇਈਏ ਕਿ ਕਿੰਨਾ ਪਾਣੀ, ਜਾਂ ਇੰਜ ਕਹੀਏ ਕਿ ਕਿੰਨਾ ਖੂਨ ਵਹਿ ਚੁਕਾ ਹੈæææ 1984 ਵਿਚ ਓਪਰੇਸ਼ਨ ਬਲਿਊ ਸਟਾਰ ਹੋਇਆ, ਫਿਰ ਇੰਦਰਾ ਗਾਂਧੀ ਦੇ ਕਤਲ ਪਿਛੋਂ ਪੂਰੇ ਹਿੰਦੁਸਤਾਨ ਵਿਚ ਸਿੱਖਾਂ ਨੂੰ ਮਾਰਿਆ ਗਿਆ, ਓਪਰੇਸ਼ਨ ਵੁਡਰੋਜ਼, ਓਪਰੇਸ਼ਨ ਬਲੈਕ ਥੰਡਰ ਅਤੇ ਵੱਡੇ ਪੈਮਾਨੇ ਉਤੇ ਸਿੱਖਾਂ ਦੇ (ਕਥਿਤ) ਕਤਲ ਕਰ ਕੇ ਸਿੱਖਾਂ ਨੂੰ ਦਬਾਇਆ ਗਿਆ। ਪਰ ਖਾਲਿਸਤਾਨ ਦਾ ਖਿਆਲ ਅੱਜ ਵੀ ਉਨਾ ਹੀ ਅਹਿਮ ਹੈ ਜਿੰਨਾ 1940 ਦੇ ਦਹਾਕੇ ਵਿਚ ਸੀ।
ਜਸਪਾਲ ਸਿੰਘ ਦਾ ਇਹ ਕਹਿਣਾ ਕਿ ਨੇਸ਼ਨ ਸਟੇਟ ਮਾਡਲ ਦੇ ਆਲੋਚਕ ਕਹਿੰਦੇ ਹਨ ਕਿ ਸਿੱਖਾਂ ਕੋਲ ਆਪਣਾ ਰਾਜ ਕਰਨ ਦਾ ਸੰਕਲਪ ਹੈ ਜਿਸ ਨੂੰ ਹਲੇਮੀ ਰਾਜ ਕਹਿੰਦੇ ਹਨ, ਗਲਤ ਹੈ ਕਿਉਂਕਿ ਸਿਰਫ ਆਲੋਚਕ ਹੀ ਨਹੀਂ, ਬਲਕਿ ਜੋ ਲੋਕ ਸੌਵਰਨ ਸਿੱਖ ਨੇਸ਼ਨ ਸਟੇਟ ਦੀ ਮੰਗ ਕਰਦੇ ਹਨ, ਉਹ ਵੀ ਕਹਿੰਦੇ ਹਨ ਕਿ ਸਿੱਖਾਂ ਕੋਲ ਹਲੇਮੀ ਰਾਜ ਦਾ ਸੰਕਲਪ ਹੈ; ਜਿਥੇ ਕੋਈ ਕਿਸੇ ਉਤੇ ਧੱਕਾ ਨਹੀਂ ਕਰਦਾ, ਸਭ ਸ਼ਾਂਤੀ ਨਾਲ ਰਹਿੰਦੇ ਹਨ।
ਜਸਪਾਲ ਸਿੰਘ ਨੇਸ਼ਨ ਸਟੇਟ ਦੇ ਸੈਟਅਪ ਦੀ ਗੱਲ ਕਰਦਿਆਂ ਕਹਿੰਦੇ ਹਨ ਕਿ ਇਹ ਅਜਿਹਾ ਸੈਟਅਪ ਹੈ ਜੋ ਵੱਖਰੀ ਹਸਤੀ, ਵੱਖਰੀ ਹੋਂਦ ਅਤੇ ਘਟਗਿਣਤੀਆਂ ਨੂੰ ਜਾਂ ਤਾਂ ਖਤਮ ਕਰ ਦਿੰਦਾ ਹੈ, ਤੇ ਜਾਂ ਆਪਣੇ ਵਿਚ ਹੀ ਰਲਾ ਕੇ ਹਜ਼ਮ ਕਰ ਜਾਂਦਾ ਹੈ। ਜਿਸ ਸੈਟਅਪ ਦੀ ਗੱਲ ਉਹ ਕਰ ਰਹੇ ਹਨ, ਉਹ ਨੇਸ਼ਨ ਸਟੇਟ ਦਾ ਨਹੀਂ, ਸਰਕਾਰ ਦਾ ਹੈ। ਸਰਕਾਰ ਕੌਣ ਚਲਾਉਂਦਾ ਹੈ, ਕਿਵੇਂ ਚਲਾਉਂਦਾ ਹੈ; ਇਹ ਇਸ ‘ਤੇ ਨਿਰਭਰ ਹੈ ਕਿ ਸਰਕਾਰ ਕਿਸ ਤਰ੍ਹਾਂ ਦੀ ਹੈ, ਬਣਾਉਣ ਦਾ ਤਰੀਕਾ ਕੀ ਹੈ, ਬਣਾਉਣ ਵਾਲੇ ਕੌਣ ਹਨ ਤੇ ਇਸ ਨੂੰ ਚਲਾਉਣ ਵਾਲਿਆਂ ਦੀਆਂ ਕਦਰਾਂ-ਕੀਮਤਾਂ, ਵਿਸ਼ਵਾਸ ਤੇ ਧਰਮ ਕਿਹੋ ਜਿਹਾ ਹੈ? ਇਹ ਸੱਚ ਹੈ ਕਿ ਹਿੰਦੂ ਹੋਰ ਕੌਮਾਂ ਦੇ ਲੋਕਾਂ ਨੂੰ ਖਤਮ ਹੀ ਨਹੀਂ ਕਰਦੇ ਰਹੇ, ਬਲਕਿ ਉਨ੍ਹਾਂ ਨੂੰ ਆਪਣੇ ਅੰਦਰ ਸਮਾ ਕੇ ਹਜ਼ਮ ਵੀ ਕਰਦੇ ਰਹੇ ਹਨ। ਇਨ੍ਹਾਂ ਨੇ ਬੋਧੀਆਂ ਅਤੇ ਜੈਨੀਆਂ ਨੂੰ ਤਾਂ ਆਪਣੇ ਵਿਚ ਰਲਾਇਆ ਹੀ ਹੈ, ਬਹੁਤੇ ਨਹੀਂ ਤਾਂ ਥੋੜ੍ਹੇ ਜਿਹੇ ਮੁਸਲਮਾਨਾਂ ਤੇ ਇਸਾਈਆਂ ਨੂੰ ਵੀ ਆਪਣੇ ਵਿਚ ਰਲਾਉਣ ਵਿਚ ਕਾਮਯਾਬ ਰਹੇ ਹਨ। ਹੁਣ ਹਿੰਦੂ ਸਿੱਖਾਂ ਨੂੰ ਆਪਣੇ ਅੰਦਰ ਸਮਾ ਕੇ ਹਜ਼ਮ ਕਰਨਾ ਚਾਹੁੰਦੇ ਸਨ।
ਜਸਪਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਨੇਟਿਵ ਰੂਲਰ ਕਹਿੰਦੇ ਹਨ ਜੋ ਪੰਜਾਬ ਵਿਚ ਸ਼ਕਤੀਸ਼ਾਲੀ ਸੌਵਰਨ ਮੁਲਕ ਸਥਾਪਤ ਕਰਨ ਵਿਚ ਕਾਮਯਾਬ ਰਿਹਾ, ਜਦਕਿ ਉਸ ਤੋਂ ਕੋਈ 800 ਸਾਲ ਪਹਿਲਾਂ ਬਾਹਰੋਂ ਆਏ ਮੁਸਲਮਾਨ ਧਾੜਵੀਆਂ ਤੇ ਹਮਲਾਵਾਰਾਂ ਨੇ ਇਥੋਂ ਦੇ ਜੰਮੇ-ਪਲੇ ਨੇਟਿਵ ਰਾਜਿਆਂ ਨੂੰ ਤਖਤਾਂ ਤੋਂ ਲਾਹ ਦਿੱਤਾ ਸੀ। ਅਸਲ ਵਿਚ ਉਹ ਮੁਸਲਮਾਨਾਂ ਖਿਲਾਫ ਨਫਰਤ ਭੜਕਾ ਕੇ ਤੇ ਰਣਜੀਤ ਸਿੰਘ ਨੂੰ ਨੇਟਿਵ ਕਹਿ ਕੇ ਉਸ ਨੂੰ ਹਿੰਦੂ ਫੋਲਡ ਅੰਦਰ ਸਮਾਉਣਾ ਚਾਹੁੰਦੇ ਹਨ ਅਤੇ ਉਸ ਦਾ ਭਾਰਤੀਕਰਨ ਕਰ ਕੇ ਉਸ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਹ ਕਹਿਣਾ ਗਲਤ ਹੈ ਕਿ ਨੇਸ਼ਨ ਸਟੇਟ ਦਾ ਸੰਕਲਪ ਇੰਪੀਰੀਅਲ ਤਾਕਤਾਂ ਨੇ ਪੱਛਮੀ ਸਿਆਸੀ ਅਤੇ ਸਭਿਆਚਾਰਕ ਕਦਰਾਂ-ਕੀਮਤਾਂ, ਵਿਸ਼ਵਾਸ, ਵਿਚਾਰਧਾਰਾ ਨੂੰ ਨੇਟਿਵਾਂ, ਕੌਮਾਂ ਅਤੇ ਉਨ੍ਹਾਂ ਦੀ ਸਭਿਅਤਾ ਉਤੇ ਥੋਪਣ ਲਈ ਬਣਾਇਆ, ਘੜਿਆ ਤੇ ਅਮਲ ਵਿਚ ਲਿਆਂਦਾ ਤਾਂ ਜੋ ਇਥੋਂ ਦੇ ਆਪਣੇ ਉਭਰੇ ਰਾਜ ਕਰਨ ਦੇ ਤਰੀਕੇ ਬਰਬਾਦ ਕੀਤੇ ਜਾ ਸਕਣ। ਅਸਲ ‘ਚ ਯੂਰਪ ਅੰਦਰ ਅਜਿਹੇ ਹਾਲਾਤ ਬਣੇ ਕਿ ਨੇਸ਼ਨ ਸਟੇਟ ਦਾ ਸੰਕਲਪ ਉਭਰਿਆ, ਉਨ੍ਹਾਂ ਇਹ ਸੰਕਲਪ ਬਸਤੀਵਾਦ ਦੇ ਸ਼ਿਕਾਰ ਲੋਕਾਂ ਵਾਸਤੇ ਨਹੀਂ ਬਣਾਇਆ। ਜੇ ਨੇਸ਼ਨ ਸਟੇਟ ਦਾ ਸੰਕਲਪ ਕਦੇ ਵੀ ਨਾ ਉਭਰਦਾ ਤਾਂ ਵੀ ਇੰਪੀਰੀਅਲ ਤਾਕਤਾਂ ਨੇ ਆਪਣੀਆਂ ਸਿਆਸੀ ਅਤੇ ਸਭਿਆਚਾਰਕ ਕਦਰਾਂ-ਕੀਮਤਾਂ, ਵਿਸ਼ਵਾਸਾਂ ਤੇ ਵਿਚਾਰਧਾਰਾ ਨੂੰ ਬਸਤੀਵਾਦ ਦੇ ਸ਼ਿਕਾਰ ਲੋਕਾਂ ਉਤੇ ਥੋਪਣ ਦੀ ਕੋਸ਼ਿਸ਼ ਕਰਨੀ ਹੀ ਸੀ।
ਐਟਮੀ ਹਥਿਆਰਾਂ ਦੇ ਭੰਡਾਰ ਨੇਸ਼ਨ ਸਟੇਟ ਜਾਂ ਨੇਸ਼ਨ ਸਟੇਟ ਦੇ ਸੰਕਲਪ ਕਰ ਕੇ ਇਕੱਠੇ ਨਹੀਂ ਕੀਤੇ ਗਏ, ਸਗੋਂ ਇਹ ਇਸ ਕਰ ਕੇ ਕਿ ਕਈ ਸਟੇਟ ਅਤੇ ਸਭਿਆਤਾਵਾਂ ਦੂਜੇ ਸਟੇਟ ਤੇ ਸਭਿਆਤਾਵਾਂ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ। ਐਟਮੀ ਹਥਿਆਰ ਜਿਸ ਵੀ ਸਟੇਟ ਕੋਲ ਹੁੰਦੇ ਹਨ, ਉਸ ਉਤੇ ਹਮਲਾ ਕਰਨ ਤੋਂ ਪਹਿਲਾਂ ਦੂਸਰਾ ਸਟੇਟ ਸੌ ਵਾਰ ਸੋਚਦਾ ਹੈ।
ਕੋਈ ਵੀ ਸਟੇਟ ਹੋਵੇ, ਭਾਵੇਂ ਉਹ ਨੇਸ਼ਨ ਸਟੇਟ ਹੋਵੇ ਜਾਂ ਨਾ, ਉਸ ਵਿਚ ਉਸ ਨੂੰ ਸਥਿਰ ਤੇ ਅਸਥਿਰ ਕਰਨ ਜਾਂ ਰੱਖਣ ਦੇ ਕਾਰਨ ਮੌਜੂਦ ਹੁੰਦੇ ਹਨ। ਅਸਥਿਰ ਕਰਨ ਵਾਲੇ ਕਾਰਨਾਂ ਦਾ ਹੋਣਾ ਨੇਸ਼ਨ ਸਟੇਟ ਉਤੇ ਨਹੀਂ ਮੜ੍ਹਿਆ ਜਾ ਸਕਦਾ। ਨੇਸ਼ਨ ਦੀ ਹੋਂਦ ਨੇਸ਼ਨ ਸਟੇਟ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਦੀ ਹੈ। ਇਕ ਵਾਰ ਜਦ ਨੇਸ਼ਨ ਸਟੇਟ ਬਣ ਜਾਂਦੀ ਹੈ ਤਾਂ ਨੇਸ਼ਨ ਸਟੇਟ ਨੂੰ ਚਲਾਉਂਦੀ ਹੈ, ਨਾ ਕਿ ਸਟੇਟ ਨੇਸ਼ਨ ਨੂੰ। ਸਟੇਟ ਦਾ ਕੌਮਵਾਦ ਨੂੰ ਹੱਲਾਸ਼ੇਰੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਸਟੇਟ ਦਾ ਸਾਰਾ ਕੰਮ ਕਾਜ ਤਾਂ ਨੇਸ਼ਨ ਚਲਾ ਰਿਹਾ ਹੁੰਦਾ ਹੈ।
ਜਸਪਾਲ ਸਿੰਘ ਦਾ ਇਹ ਕਹਿਣਾ ਕਿ ਅੱਜ ਦਾ ਨੇਸ਼ਨ ਸਟੇਟ ਅਤੇ ਇਸ ਦੇ ਨਾਲ ਹੀ ਚੱਲਣ ਵਾਲਾ ਜਮਹੂਰੀ ਨਿਜ਼ਾਮ, ਹਮੇਸ਼ਾ ਹੀ ਨੇਸ਼ਨ ਨੂੰ ਬਣਾਉਣ ਦੇ ਕੰਮ ਨੂੰ ਹੀ ਪਹਿਲਾਂ ਅਤੇ ਜ਼ਰੂਰੀ ਪੜਾਅ ਲੈ ਕੇ ਚਲਦਾ ਹੈ, ਗਲਤ ਹੈ ਕਿਉਂਕਿ ਨੇਸ਼ਨ ਤਾਂ ਪਹਿਲਾਂ ਤੋਂ ਹੀ ਹੈ ਅਤੇ ਨੇਸ਼ਨ ਸਟੇਟ ਪਿਛੋਂ ਬਣੀ ਹੈ। ਦੂਸਰੀ ਗੱਲ, ਨੇਸ਼ਨ ਸਟੇਟ ਦਾ ਨਿਜ਼ਾਮ ਅੱਜ ਦੇ ਦੌਰ ਵਿਚ ਵੀ ਗੈਰ-ਜਮਹੂਰੀ ਹੋ ਸਕਦਾ ਹੈ ਅਤੇ ਇਸ ਦਾ ਜਮਹੂਰੀ ਹੋਣਾ ਕੋਈ ਜ਼ਰੂਰੀ ਨਹੀਂ।
ਹਿੰਦੁਸਤਾਨ ਵਿਚ ਵਾਰ-ਵਾਰ ਬਹੁਗਿਣਤੀ ਹਿੰਦੂ ਰੌਲਾ ਪਾਉਂਦੇ ਹਨ ਕਿ ਉਨ੍ਹਾਂ ਨੇ ਇਕਸਾਰ ਸਿਵਲ ਕੋਡ ਬਣਾਉਣਾ ਹੈ ਜੋ ਅਸਲ ਵਿਚ ਮੁਸਲਿਮ ਪਰਸਨਲ ਲਾਅ ਖਤਮ ਕਰਨ ਦੀ ਹੀ ਗੱਲ ਹੈ ਤਾਂ ਜੋ ਮੁਸਲਮਾਨਾਂ ਉਤੇ ਵੀ ਹਿੰਦੂ ਆਪਣੇ ਹੀ ਬਣਾਏ ਹੋਏ ਕਾਨੂੰਨ ਥੋਪ ਸਕਣ।
‘ਕਰੂਸੇਡ’ (ਜਹਾਦ, ਧਰਮ ਯੁੱਧ) ਸ਼ਬਦ ਉਸ ਤਰ੍ਹਾਂ ਨਹੀਂ ਵਰਤਿਆ ਜਾ ਸਕਦਾ ਜਿਸ ਤਰ੍ਹਾਂ ਜਸਪਾਲ ਸਿੰਘ ਉਸ ਨੂੰ ਹਿਟਲਰ ਦੇ ਰਾਜ ਸਮੇਂ ਜਦ ਨਾਜ਼ੀ ਪਾਰਟੀ ਵਾਲਿਆਂ ਦਾ ਰਾਜ ਸੀ, ਤਦ 60 ਲੱਖ ਯਹੂਦੀਆਂ ਦੇ ਮਾਰੇ ਜਾਣ ਨੂੰ ‘ਕਰੂਸੇਡ’ ਕਹਿ ਰਹੇ ਸਨ। ‘ਕਰੂਸੇਡ’ ਤਾਂ 11ਵੀਂ, 12ਵੀਂ ਅਤੇ 13ਵੀਂ ਸਦੀ ਵਿਚ ਹੋਏ, ਜਦ ਯੂਰਪੀਨਾਂ ਨੇ ਯੋਰੋਸ਼ਲਮ ਦੀ ਧਰਤੀ ਨੂੰ ਮੁਸਲਮਾਨਾਂ ਦੇ ਕਬਜ਼ੇ ਤੋਂ ਛੁਡਾ ਕੇ ਖੁਦ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ।
ਇੰਜ ਕਹਿਣਾ ਕਿ ਨਾਜ਼ੀਆਂ ਨੇ ਚੋਣਾਂ ਰਾਹੀਂ ਸੱਤਾ ਹਾਸਲ ਕਰ ਕੇ ਜਮਹੂਰੀਅਤ ਵਿਚ ਆਪਣਾ ਯਕੀਨ ਦ੍ਰਿੜ੍ਹਾਇਆ, ਗਲਤ ਹੈ। ਨਾਜ਼ੀਆਂ ਨੇ ਭਾਵੇਂ ਚੋਣਾਂ ਵਿਚ ਹਿੱਸਾ ਲਿਆ, ਪਰ ਉਹ ਕਦੇ ਵੀ ਬਹੁਮਤ ਨਾਲ ਨਾ ਜਿੱਤ ਸਕੇ। ਨਾਜ਼ੀ ਪਾਰਟੀ ਨੂੰ ਸਿਰਫ 37% ਵੋਟਾਂ ਪਈਆਂ ਅਤੇ ਉਹ 608 ‘ਚੋਂ ਸਿਰਫ 230 ਸੀਟਾਂ ਹੀ ਜਿੱਤ ਸਕੇ। ਉਨ੍ਹਾਂ ਕੋਲ ਹਿਟਲਰ ਨੂੰ ਚਾਂਸਲਰ ਬਣਾਉਣ ਦਾ ਬਹੁਮਤ ਨਹੀਂ ਸੀ। ਹਿਟਲਰ ਸਾਜਿਸ਼ ਜ਼ਰੀਏ ਚਾਂਸਲਰ ਬਣਿਆ ਸੀ ਤੇ ਬਾਅਦ ‘ਚ ਜਰਮਨੀ ਦੇ ਜਮਹੂਰੀ ਨਿਜ਼ਾਮ ਨੂੰ ਤਾਨਾਸ਼ਾਹੀ ਵਿਚ ਬਦਲ ਦਿੱਤਾ।
ਇਹ ਕਹਿਣਾ ਵੀ ਗਲਤ ਹੈ ਕਿ ਨੇਸ਼ਨ ਸਟੇਟ ਦੇ ਰਾਜ ਪ੍ਰਬੰਧ ਦੇ ਮਾਡਲ ਨੇ ਯੂਰਪੀ ਮੁਲਕਾਂ ਨੂੰ ਦੁਨੀਆਂ ਵਿਚ ਆਪਣੀਆਂ ਬਸਤੀਆਂ ਬਣਾਉਣ ‘ਚ ਮਦਦ ਕੀਤੀ। ਜੇ ਬਸਤੀਵਾਦ ਨੂੰ ਨੇਸ਼ਨ ਸਟੇਟ ਨੇ ਬਣਾਉਣ ਵਿਚ ਕੋਈ ਮਦਦ ਕੀਤੀ ਹੁੰਦੀ ਤਾਂ ਯੂਰਪੀ ਨੇਸ਼ਨ ਸਟੇਟ ਤਾਂ ਉਦੋਂ ਵੀ ਸਨ ਜਦ ਬਸਤੀਵਾਦ ਖਤਮ ਹੋਇਆ, ਫਿਰ ਤਾਂ ਬਸਤੀਵਾਦ ਖਤਮ ਹੀ ਨਾ ਹੁੰਦਾ।
ਜਸਪਾਲ ਸਿੰਘ ਦਾ ਇਹ ਕਹਿਣਾ ਗਲਤ ਹੈ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਹੁਗਿਣਤੀ ਦੇ ਰਾਜ ਦਾ ਪ੍ਰਤੀਨਿਧੀ ਹੈ। ਉਸ ਦੀ ਪਾਰਟੀ ਨੂੰ ਸਿਰਫ 31 ਫੀਸਦੀ ਵੋਟਾਂ ਮਿਲੀਆਂ ਸਨ। ਉਸ ਨੂੰ ਆਰæਐਸ਼ਐਸ/ਬੀæਜੇæਪੀæ ਨੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਇਸ ਕਰ ਕੇ ਬਣਾਇਆ ਕਿ ਉਸ ਨੇ ਗੁਜਰਾਤ ਵਿਚ ਹਜ਼ਾਰਾਂ ਮੁਸਲਮਾਨਾਂ ਨੂੰ ਮਰਵਾਇਆ ਸੀ। ਹਿੰਦੂ ਰਾਸ਼ਟਰ ਨੇਸ਼ਨ ਸਟੇਟ ਦੀ ਕਿਸਮ ਨਹੀਂ, ਬਲਕਿ ਇਹ ਫਾਸ਼ੀਵਾਦੀ ਸਟੇਟ ਦੀ ਹਿੰਦੂਤਵੀ ਕਿਸਮ ਹੈ। ਹਿੰਦੁਸਤਾਨ ‘ਚ ਹਿੰਦੂਆਂ ਦੀ ਧਾਰਮਿਕ ਬਹੁਗਿਣਤੀ ਤਾਂ ਹੈ, ਪਰ ਐਥਨਿਕ (ਨਸਲੀ) ਬਹੁਗਿਣਤੀ ਨਹੀਂ ਹੈ, ਕਿਉਂਕਿ ਹਿੰਦੁਸਤਾਨ ਵਿਚ ਇੰਨੇ ਜ਼ਿਆਦਾ ਐਥਨਿਕ ਗਰੁਪ ਹਨ ਕਿ ਕਿਸੇ ਦੀ ਵੀ, ਕਦੇ ਵੀ ਇਥੇ ਬਹੁਗਿਣਤੀ ਨਹੀਂ ਹੋ ਸਕਦੀ। ਕਿਸੇ ਵੀ ਵਿਚਾਰਧਾਰਾ ਨੂੰ ਵੱਡੇ (ਜਾਂ ਛੋਟੇ) ਪੈਮਾਨੇ ਉਤੇ ਕਤਲੋਗਾਰਤ ਕਰ ਕੇ ਮਜ਼ਬੂਤ ਨਹੀਂ ਕੀਤਾ ਜਾ ਸਕਦਾ। ਇਸ ਕਰ ਕੇ ਜਸਪਾਲ ਸਿੰਘ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਨਵੰਬਰ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਅਤੇ 2002 ਵਿਚ ਗੁਜਰਾਤ ਅੰਦਰ ਮੁਸਲਮਾਨਾਂ ਦੀ ਕਤਲੋਗਾਰਤ ਵਿਚ ਹਿੰਦੁਸਤਾਨ ਸਟੇਟ ਦੀ ਸਾਫ ਤੌਰ ‘ਤੇ ਸ਼ਮੂਲੀਅਤ ਨੇ ‘ਹਿੰਦੂ ਐਥਨਿਕ ਬਹੁਗਿਣਤੀ’ ਦੇ ‘ਹਿੰਦੂਤਵੀ’ ਵਿਚਾਰਧਾਰਾ ਦੇ ਸਿਆਸੀ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਹੈ। ਜਸਪਾਲ ਸਿੰਘ ਨਵੰਬਰ 1984 ਵਿਚ ਸਿੱਖਾਂ ਦੀ ਕਤਲੋਗਾਰਤ ਨੂੰ ਤਾਂ ਨਸਲਕੁਸ਼ੀ ਮੰਨਦੇ ਹਨ, ਪਰ ਉਹ ਜੂਨ 1984 ਵਿਚ ਸਿੱਖਾਂ ਦੀ ਕੀਤੀ ਗਈ ਕਤਲੋਗਾਰਤ ਅਤੇ 1980 ਤੇ 1990 ਦੇ ਦਹਾਕਿਆਂ ਵਿਚ ਸਿੱਖਾਂ ਦੀ ਕਤਲੋਗਾਰਤ ਨੂੰ ਨਸਲਕੁਸ਼ੀ ਨਹੀਂ ਮੰਨਦੇ। ਜਸਪਾਲ ਸਿੰਘ ਇਹ ਗੱਲ ਗਲਤ ਕਹਿ ਰਹੇ ਹਨ ਕਿ ਨੇਸ਼ਨ ਸਟੇਟ ਅਤੇ ਇਸ ਦੇ ਜਮਹੂਰੀ ਨਿਜ਼ਾਮ ਨੂੰ ਲੋਕਾਂ ਨੂੰ ਦਬਾਉਣ ਅਤੇ ਮਾਰਨ ਵਾਸਤੇ ਸੰਦ ਵਜੋਂ ਵਰਤਿਆ ਜਾਂਦਾ ਹੈ, ਕਿਉਂਕਿ 1984 ਅਤੇ ਇਸ ਤੋਂ ਬਾਅਦ ਕੀਤੀ ਸਿੱਖਾਂ ਦੀ ਨਸਲਕੁਸ਼ੀ ਨੂੰ ਕਿਸੇ ਵੀ ਤਰ੍ਹਾਂ ਜਮਹੂਰੀ ਨਿਜ਼ਾਮ ਦੁਆਰਾ ਕੀਤਾ ਗਿਆ ਨਹੀਂ ਕਿਹਾ ਜਾ ਸਕਦਾ। ਇਹ ਸਵਾਲ ਪੁੱਛਣਾ ਬਣਦਾ ਹੈ ਕਿ ਕੀ ਹਿੰਦੁਸਤਾਨ ਵਾਕਈ ਜਮਹੂਰੀ ਸਟੇਟ ਹੈ? ਕਿਉਂਕਿ ਸਿਰਫ ਚੋਣਾਂ ਕਰਾਉਣ ਨਾਲ ਹੀ ਜਮਹੂਰੀਅਤ ਨਹੀਂ ਬਣ ਜਾਂਦੀ।
ਸਿੱਖ ਧਰਮ ਵਿਚ ਬਰਾਬਰੀ ਅਤੇ ਸਭ ਨਾਲ ਰਲ-ਮਿਲ ਕੇ ਰਹਿਣ ਦੀ ਗੱਲ ਤਾਂ ਹੈ, ਪਰ ਆਪਣੀ ਆਜ਼ਾਦੀ ਅਤੇ ਖੁਦਮੁਖਤਿਆਰੀ ਨੂੰ ਗਵਾਉਣ ਦੀ ਕੀਮਤ ‘ਤੇ ਹੋਰਾਂ ਨਾਲ ਰਲ-ਮਿਲ ਕੇ ਨਹੀਂ ਰਿਹਾ ਜਾ ਸਕਦਾ।
ਜਸਪਾਲ ਸਿੰਘ ਨੇਸ਼ਨ ਸਟੇਟ ਦੇ ਸੰਕਲਪ ਨੂੰ ਸਿੱਖਾਂ ਵਾਸਤੇ ਬੇਗਾਨਾ ਸਮਝਦੇ ਹਨ, ਕਿਉਂਕਿ ਸਿੱਖਾਂ ਦਾ ਧਰਮ ਤਾਂ ਕੁਦਰਤ ਵਿਚ ਵੰਨ-ਸੁਵੰਨਤਾ ਪ੍ਰਵਾਨ ਕਰਦਾ ਹੈ ਅਤੇ ਕਿਸੇ ਉਤੇ ਕੁਝ ਵੀ ਜ਼ਬਰਦਸਤੀ ਥੋਪਣ ਦੇ ਖਿਲਾਫ ਹੈ, ਪਰ ਇਹ ਗੱਲ ਵੀ ਸਾਫ ਹੋਣੀ ਚਾਹੀਦੀ ਹੈ ਕਿ ਨੇਸ਼ਨ ਸਟੇਟ ਦਾ ਸੰਕਲਪ ਸਰਵਵਿਆਪੀ ਹੈ ਜੋ ਸਾਰੀ ਦੁਨੀਆਂ ਦੇ ਲੋਕਾਂ ਵਾਸਤੇ ਹਨ, ਇਹ ਸਿੱਖਾਂ ਵਾਸਤੇ ਕੋਈ ਬੇਗਾਨਾ ਨਹੀਂ ਹੈ ਅਤੇ ਨਾ ਹੀ ਇਹ ਕੋਈ ਸਰਾਪ ਹੈ। ਸਿੱਖਾਂ ਦੇ ਮਨਾਂ ਵਿਚ ਸੌਵਰਨਿਟੀ ਅਤੇ ਨੇਸ਼ਨ ਸਟੇਟ ਦੇ ਸੰਕਲਪਾਂ ਬਾਰੇ ਕੋਈ ਭਰਮ-ਭੁਲੇਖਾ ਜਾਂ ਉਲਝਣ ਨਹੀਂ ਹੈ; ਬਲਕਿ ਅਜਮੇਰ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਇਨ੍ਹਾਂ ਵਰਗੇ ਅਜਮੇਰ ਸਿੰਘ ਦੇ ਕੁਝ ਹੋਰ ਹਮਾਇਤੀ ਜੋ ਖੁਦ ਭਰਮ-ਭੁਲੇਖੇ ਅਤੇ ਉਲਝਣਾਂ ਦੇ ਸ਼ਿਕਾਰ ਹਨ, ਇਹ ਸਭ ਆਪਣੀਆਂ ਲਿਖਤਾਂ ਰਾਹੀਂ ਹੋਰ ਸਿੱਖਾਂ ਨੂੰ ਵੀ ਭਰਮ-ਭੁਲੇਖਿਆਂ ਅਤੇ ਉਲਝਣਾਂ ਵਿਚ ਪਾਉਣਾ ਚਾਹੁੰਦੇ ਹਨ। ਜਦ ਜਸਪਾਲ ਸਿੰਘ ਇਹ ਕਹਿੰਦੇ ਹਨ ਕਿ ਸਿੱਖ ਸੌਵਰਨਿਟੀ ਦਾ ਸੰਕਲਪ ਸਿੱਖਾਂ ਦੀ ਪਾਤਸ਼ਾਹੀ ਦੀ ਧਾਰਨਾ ਅੰਦਰ ਸਮਾਇਆ ਹੋਇਆ ਹੈ ਅਤੇ ਇਹ ਆਧੁਨਿਕ ਸੌਵਰਨਿਟੀ ਦੇ ਖਿਆਲ, ਜੋ ਪੱਛਮੀ ਨੇਸ਼ਨ ਸਟੇਟ ਦੇ ਅਮਲ ਵਿਚੋਂ ਨਿਕਲਿਆ ਹੈ, ਨਾਲੋਂ ਬਿਲਕੁਲ ਹੀ ਵੱਖਰਾ ਹੈ, ਤਦ ਉਹ ਅਸਲ ਵਿਚ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਖਾਂ ਨੂੰ ਸੌਵਰਨਿਟੀ ਦੀ ਚਾਹਤ ਜਾਂ ਉਮੀਦ ਨਹੀਂ ਰੱਖਣੀ ਚਾਹੀਦੀ, ਬਲਕਿ ਪਾਤਸ਼ਾਹੀ ਦੀ ਚਾਹਤ ਹੀ ਰੱਖਣ, ਜੋ ਉਨ੍ਹਾਂ ਮੁਤਾਬਕ ਸੌਵਰਨਿਟੀ ਨਾਲੋਂ ਬਿਲਕੁਲ ਵੱਖਰੀ ਹੈ। ਇਕ ਪਾਸੇ ਉਹ ਸਿੱਖ ਸੌਵਰਨਿਟੀ ਦੇ ਸੰਕਲਪ ਦੀ ਗੱਲ ਕਰਦੇ ਹਨ, ਦੂਜੇ ਪਾਸੇ ਕਹਿੰਦੇ ਹਨ ਕਿ ਸੌਵਰਨਿਟੀ ਦਾ ਖਿਆਲ ਪੱਛਮੀ ਨੇਸ਼ਨ ਸਟੇਟ ਦੇ ਅਮਲ ਵਿਚੋਂ ਨਿਕਲਿਆ ਹੈ। ਸੌਵਰਨਿਟੀ ਨੇਸ਼ਨ ਸਟੇਟ ਦੇ ਸੰਕਲਪ ਨਾਲੋਂ ਬਿਲਕੁਲ ਵੱਖਰੀ ਹੈ, ਇਹੋ ਜਿਹੀ ਕੋਈ ਗੱਲ ਨਹੀਂ ਕਿ ਸੌਵਰਨਿਟੀ ਨੇਸ਼ਨ ਸਟੇਟ ਦੇ ਸੰਕਲਪ ਵਿਚੋਂ ਨਿਕਲੀ ਹੋਵੇ। ਜਦ ਰਾਜਸ਼ਾਹੀ ਸੀ, ਤਦ ਵੀ ਸੌਵਰਨਿਟੀ ਸੀ। ਤਦ ਰਾਜਾ ਸੌਵਰਨ ਕਹਾਉਂਦਾ ਸੀ। ਰਾਜਾ ਹੀ ਸੌਵਰਨਿਟੀ ਦੇ ਸਾਰੇ ਹੱਕ ਵਰਤਦਾ ਸੀ। ਜਦ ਰਾਜਿਆਂ ਦੇ ਰਾਜ ਨਹੀਂ ਰਹੇ ਤਾਂ ਸੌਵਰਨਿਟੀ ਦੇ ਇਹ ਸਾਰੇ ਹੱਕ ਅਤੇ ਤਾਕਤ ਵੱਖ-ਵੱਖ ਕੌਮਾਂ ਦੇ ਲੋਕਾਂ ਕੋਲ ਆ ਗਈ। ਹੁਣ ਕੁਝ ਕੌਮਾਂ ਸੌਵਰਨ ਹਨ ਅਤੇ ਕੁਝ ਕੌਮਾਂ ਹੋਰਾਂ ਦੇ ਅਧੀਨ ਹੋਣ ਕਰ ਕੇ ਸੌਵਰਨਿਟੀ ਦੇ ਹੱਕ ਤੇ ਤਾਕਤ ਇਸਤੇਮਾਲ ਕਰਨ ਵਿਚ ਅਸਮਰਥ ਹਨ, ਇਸੇ ਕਰ ਕੇ ਇਹ ਆਪਣੀ ਬਿਹਤਰੀ ਦੇ ਕਾਰਜ ਨਹੀਂ ਕਰ ਸਕਦੀਆਂ। ਸਿੱਖਾਂ ਨੂੰ ਆਪਣੇ ਉਜਲ ਭਵਿੱਖ ਲਈ ਸੌਵਰਨਿਟੀ ਚਾਹੀਦੀ ਹੈ।
ਜਸਪਾਲ ਸਿੰਘ, ਅਜਮੇਰ ਸਿੰਘ ਨੂੰ ਸਲਾਹ ਦੇ ਰਹੇ ਹਨ ਕਿ ਉਹ ਨੇਸ਼ਨ ਸਟੇਟ ਬਾਰੇ ਹੋਰ ਵਿਸਥਾਰ ਨਾਲ ਲਿਖਣ, ਅਸਲ ਵਿਚ ਉਹ ਇਹ ਕਹਿ ਰਹੇ ਹਨ ਕਿ ਨੇਸ਼ਨ ਸਟੇਟ ਦਾ ਦੈਂਤ ਜਾਂ ਰਾਖਸ਼ ਵਾਲਾ ਘਿਨਾਉਣਾ ਰੂਪ ਪੇਸ਼ ਕਰਨ, ਤਾਂ ਜੋ ਸਿੱਖ ਉਸ ਤੋਂ ਡਰ ਜਾਣ ਅਤੇ ਆਪਣੀ ਨੇਸ਼ਨ ਸਟੇਟ ਹਾਸਲ ਕਰਨ ਬਾਰੇ ਸੋਚਣ ਵੀ ਨਾ।
ਇਥੇ ਇਕ ਕਹਾਣੀ ਦੱਸਣੀ ਬਣਦੀ ਹੈ ਤਾਂ ਜੋ ਲੋਕਾਂ ਨੂੰ ਇਹ ਸਮਝ ਆ ਜਾਵੇ ਕਿ ਹੁਣ ਹੋ ਕੀ ਰਿਹਾ ਹੈ। ਇਹ ਕਹਾਣੀ ਜਰਮਨੀ ਦੇ ਸ਼ਹਿਰ ਹੈਮਲਿਨ ਨਾਲ ਸਬੰਧਤ ਇਕ ਪਾਈਡ ਪਾਈਪਰ ਦੀ ਹੈ। ਇਹ ਕਹਾਣੀ 13ਵੀਂ ਸਦੀ ਤੋਂ ਪਹਿਲਾਂ ਦੀ ਹੈ ਅਤੇ ਹੁਣ ਲੋਕ-ਗਾਥਾ ਬਣ ਚੁਕੀ ਹੈ। ਹੈਮਲਿਨ ਸ਼ਹਿਰ ਵਿਚ ਬਹੁਤ ਜ਼ਿਆਦਾ ਚੂਹੇ ਹੋ ਗਏ ਅਤੇ ਸ਼ਹਿਰ ਵਾਲਿਆਂ ਨੂੰ ਚੂਹਿਆਂ ਤੋਂ ਖਹਿੜਾ ਛੁਡਾਉਣਾ ਬਹੁਤ ਔਖਾ ਹੋ ਗਿਆ। ਉਨ੍ਹਾਂ ਇਕ ਬੰਸਰੀਵਾਦਕ (ਪਾਈਡ ਪਾਈਪਰ) ਨਾਲ ਚੂਹਿਆਂ ਤੋਂ ਖਹਿੜਾ ਛੁਡਾਉਣ ਦਾ ਠੇਕਾ ਕਰ ਲਿਆ। ਉਹ ਇੰਨੀ ਵਧੀਆ ਧੁਨ ਕੱਢਦਾ ਸੀ ਕਿ ਚੂਹੇ ਧੁਨ ਸੁਣਨ ਉਸ ਕੋਲ ਆ ਜਾਂਦੇ। ਉਸ ਨੇ ਠੇਕਾ ਮਿਲਣ ਬਾਅਦ ਧੁਨ ਵਜਾਈ। ਉਹ ਸ਼ਹਿਰ ਦੀਆਂ ਸਾਰੀਆਂ ਗਲੀਆਂ ਵਿਚ ਘੁੰਮਿਆ ਅਤੇ ਚੂਹੇ ਘਰਾਂ ਵਿਚੋਂ ਨਿਕਲ ਕੇ ਉਸ ਦੇ ਮਗਰ-ਮਗਰ ਹੋ ਤੁਰੇ। ਉਹ ਸ਼ਹਿਰ ਵਿਚੋਂ ਬਾਹਰ ਨਿਕਲ ਪਹਾੜੀ ਦੇ ਪਾਰ ਦਰਿਆ ਵੱਲ ਚਲਾ ਗਿਆ ਤੇ ਦਰਿਆ ਦੇ ਪਾਣੀ ਵਿਚ ਖੜ੍ਹਾ ਹੋ ਕੇ ਵੀ ਆਪਣੀ ਬੰਸਰੀ ਵਜਾਉਂਦਾ ਰਿਹਾ। ਸਾਰੇ ਚੂਹੇ ਉਸ ਦੇ ਮਗਰੇ ਮਗਰ ਦਰਿਆ ਦੇ ਪਾਣੀ ਵਿਚ ਕੁੱਦ ਪਏ ਅਤੇ ਡੁੱਬ ਕੇ ਮਰ ਗਏ। ਇਉਂ ਪਾਈਡ ਪਾਈਪਰ ਨੇ ਹੈਮਲਿਨ ਸ਼ਹਿਰ ਦਾ ਚੂਹਿਆਂ ਤੋਂ ਖਹਿੜਾ ਛੁਡਾ ਦਿੱਤਾ। ਇਹ ਵੱਖਰੀ ਗੱਲ ਹੈ ਕਿ ਸ਼ਹਿਰ ਵਾਲੇ ਉਸ ਨੂੰ ਪੈਸੇ ਦੇਣ ਤੋਂ ਮੁਕਰ ਗਏ ਅਤੇ ਉਸ ਨੇ ਆਪਣੇ ਬਣਦੇ ਪੈਸੇ ਵੱਖਰਾ ਪੈਂਤੜਾ ਵਰਤ ਕੇ ਵਸੂਲੇ।
ਹੁਣ ਜੋ ਅਜਮੇਰ ਸਿੰਘ ਕਰ ਰਿਹਾ ਹੈ, ਉਹ ਅਸਲ ਵਿਚ ਆਪਣੀਆਂ ਕਿਤਾਬਾਂ, ਭਾਸ਼ਣਾਂ ਅਤੇ ਇੰਟਰਵਿਊਆਂ ਰਾਹੀਂ ਧੁਨ ਵਜਾ ਰਿਹਾ ਹੈ, ਕੁਝ ਲੋਕ ਉਸ ਦੀ ਧੁਨ ਸੁਣ ਕੇ ਉਸ ਦੇ ਪਿੱਛੇ ਹੋ ਤੁਰੇ ਹਨ।
ਨੇਸ਼ਨ ਸਟੇਟ ਦੇ ਅਮੂਰਤ ਸੰਕਲਪ ਖਿਲਾਫ ਇਹ ਜੋ ਇੰਨਾ ਰੌਲਾ ਰੱਪਾ ਪਾ ਕੇ ਕੂੜ ਪ੍ਰਚਾਰ ਕਰਨ ਦੇ ਯਤਨ ਅਤੇ ਕੋਸ਼ਿਸ਼ ਹੋ ਰਹੀ ਹੈ, ਇਸ ਦਾ ਅਸਲ ਮੰਤਵ ਸਿੱਖਾਂ ਦੀ ਅਗਲੀ ਪੀੜ੍ਹੀ ਨੂੰ ਸਿੱਖੀ ਅਤੇ ਖਾਲਿਸਤਾਨ ਦੇ ਖਿਆਲ ਤੋਂ ਦੂਰ ਕਰਨਾ ਹੈ।