ਖਾਲਿਸਤਾਨ, ਜ਼ੋਰ-ਜਬਰ ਅਤੇ ਪਰਦੇਸਾਂ ਵਿਚਲੀ ਸਿਆਸਤ

‘ਵਿਚਾਰ ਚਰਚਾ’ ਤਹਿਤ ਸ਼ ਅਜਮੇਰ ਸਿੰਘ ਵੱਲੋਂ ਖਾਲਿਸਤਾਨੀਆਂ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਬੜੇ ਸੁਘੜ ਸਿਆਣਿਆਂ ਦੇ ਵਿਚਾਰ ਪੜ੍ਹਨ ਨੂੰ ਮਿਲ ਰਹੇ ਹਨ। ਇਸ ਲੜੀ ਵਿਚ ਸ਼ ਹਜ਼ਾਰਾ ਸਿੰਘ ਮਿਸੀਸਾਗਾ, ਮਾਸਟਰ ਦੀਵਾਨ ਸਿੰਘ ਤੇ ਡਾæ ਗੁਰਨਾਮ ਕੌਰ ਕੈਨੇਡਾ ਨੇ ਆਮ ਆਦਮੀ, ਆਮ ਸਿੱਖ, ਉਚ-ਵਿਦਿਆ ਪ੍ਰਾਪਤ ਸਿੱਖ ਧਰਮ ਦੇ ਮਾਹਿਰ ਵਜੋਂ ਗੱਲ ਕੀਤੀ ਹੈ।

ਬਜ਼ੁਰਗ ਹਾਕਮ ਸਿੰਘ ਜਿਨ੍ਹਾਂ ਨੇ 1947 ਤੋਂ ਪਹਿਲਾਂ ਦੇ ਦਿਨ ਵੀ ਹੰਢਾਏ ਹਨ, ਨੂੰ ਪ੍ਰਤੀਨਿਧਤਾ ਦਿੱਤੀ ਗਈ। ਡਾæ ਗੁਰਨਾਮ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਵਜੋਂ ਅਹੁਦੇ ਦੀ ਜ਼ਿੰਮੇਵਾਰੀ ਨਿਭਾਈ ਹੈ, ਇਸ ਲਈ ਉਨ੍ਹਾਂ ਨੂੰ ਸਿੱਖ ਧਰਮ ਤੇ ਫਲਸਫੇ ਬਾਰੇ ਡੂੰਘੀ ਜਾਣਕਾਰੀ ਹੈ, ਜੇ ਕਿਹਾ ਜਾਵੇ ਕਿ ਇਕ ਸਿੱਖ ਵਜੋਂ ਉਨ੍ਹਾਂ ਦੀ ਸ਼ਖਸੀਅਤ ਸੰਪੂਰਨ ਹੈ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਰੋਸ਼ਨੀ ਵਿਚ ਉਨ੍ਹਾਂ ਦੇ ਵਿਚਾਰਾਂ ਨੂੰ ਧਰਮ ਅਤੇ ਆਮ ਸਿੱਖ ਦੇ ਜੀਵਨ ਨਾਲ ਜੁੜੇ ਤਜਰਬਿਆਂ ਦਾ ਸੁਮੇਲ ਕਹਿ ਸਕਦੇ ਹਾਂ। ਇਸੇ ਤਰ੍ਹਾਂ ਸ਼ ਹਾਕਮ ਸਿੰਘ, ਜਿਨ੍ਹਾਂ ਪਾਸ ਇਤਿਹਾਸ ਅਤੇ ਪੁਲਿਟੀਕਲ ਸਾਇੰਸ ਦੀਆਂ ਉਚ-ਡਿਗਰੀਆਂ ਦੇ ਨਾਲ-ਨਾਲ ਕੋਈ ਸੱਠ ਸਾਲ ਦਾ ਤਜਰਬਾ ਵੀ ਹੈ, ਨੇ ਇਸੇ ਆਧਾਰ ਉਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇਸ ਬਹਿਸ ਦੌਰਾਨ ਮੈਨੂੰ ਵੀ ਜਗ੍ਹਾ ਦਿੱਤੀ ਗਈ ਹੈ।
ਹੁਣ ਮੈਂ ਇਸ ਬਹਿਸ ਦੇ ਇਸ ਪ੍ਰਸੰਗ ਵਿਚ ਹੀ ਗੱਲ ਕਰਨੀ ਹੈ। ਡਾæ ਗੁਰਨਾਮ ਕੌਰ ਨੇ ਪਟਿਆਲਾ ਦੇ ਵ੍ਹਾਈਟ ਹਾਊਸ, ਜਿਥੇ ਸੁਖਦੇਵ ਸਿੰਘ ਬੱਬਰ ਰਹਿੰਦੇ ਸਨ, ਦੀ ਚਰਚਾ ਕਰਦਿਆਂ ਸੀਨੀਅਰ ਪੱਤਰਕਾਰ ਸ਼ ਕਰਮਜੀਤ ਸਿੰਘ ਚੰਡੀਗੜ੍ਹ ਤੋਂ ‘ਰੋਸ ਨਾ ਕੀਜੈ ਉਤਰ ਦੀਜੈ’ ਦੀ ਮੰਗ ਕਰ ਕੇ ਵਿਚਾਰ-ਚਰਚਾ ਨੂੰ ਅਸਲ ਮੁੱਦੇ ਵੱਲ ਮੋੜਿਆ ਹੈ, ਭਾਵ ਖਾਲਿਸਤਾਨੀ ਮੁਹਿੰਮ ਦੇ ਪੈਰੋਕਾਰਾਂ ਵੱਲੋਂ ਜੋ ਤਰੀਕਾ ਅਪਨਾਇਆ ਜਾ ਰਿਹਾ ਸੀ, ਉਸ ਨੂੰ ਆਮ ਸਿੱਖ ਦੇ ਸਨਮੁਖ ਕਰ ਦਿੱਤਾ ਹੈ। ਉਨ੍ਹਾਂ ਸ਼ ਕਰਮਜੀਤ ਸਿੰਘ ਦੇ ਤਰਕ ਦੀਆਂ ਕਮਜ਼ੋਰ ਤੰਦਾਂ ਦਾ ਜ਼ਿਕਰ ਕਰ ਕੇ ਸਵਾਲਾਂ ਨੂੰ ਉਚ ਰੁਤਬੇ ਵਾਲਾ ਬਣਾ ਦਿੱਤਾ ਹੈ। ਇਸ ਨਾਲ ਆਮ ਸਿੱਖ ਨੂੰ ਹੌਸਲਾ ਮਿਲਿਆ ਹੈ।
ਹੁਣ ਗੱਲ ਕਰਦੇ ਹਾਂ, ਹਜ਼ਾਰਾ ਸਿੰਘ ਵੱਲੋਂ ਅਜਮੇਰ ਸਿੰਘ ਨੂੰ ਪੁੱਛੇ ਸਵਾਲਾਂ ਬਾਰੇ। ਲੇਖ ਵਿਚ ਅਜਮੇਰ ਸਿੰਘ ਦੇ ਹਵਾਲੇ ਨਾਲ ਜ਼ਿਕਰ ਆਇਆ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖੀ ਪ੍ਰਭੂਤਾ ਦੀ ਕਮਜ਼ੋਰ ਪੈਂਦੀ ਜਾ ਰਹੀ ਧਾਰਾ ਨੂੰ ਰਾਸ਼ਟਰਵਾਦੀ ਧਾਰਾ ਦੇ ਉਲਟ ਵਗਣ ਲਾ ਦਿੱਤਾ। ਹਜ਼ਾਰਾ ਸਿੰਘ ਦੇ ਇਹ ਕਹਿਣ ‘ਤੇ ਕਿ ‘ਇਹ ਉਲਟੀ ਧਾਰਾ ਚਲਾਉਣ ਦਾ ਕਰੈਡਿਟ ਤਾਂ ਸੰਤ ਜਰਨੈਲ ਸਿੰਘ ਨੂੰ ਜਾਂਦਾ ਹੈ, ਪਰ ਇਸ ਉਲਟੀ ਧਾਰਾ ਚਲਾਉਣ ਨਾਲ ਜੋ ਨੁਕਸਾਨ ਹੋਇਆ, ਉਸ ਲਈ ਕੌਣ ਜ਼ਿੰਮੇਵਾਰ ਹੈ?’, ਦੇ ਜਵਾਬ ਵਿਚ ਅਜਮੇਰ ਸਿੰਘ ਨੇ ਸਿਰਫ ਇਹ ਕਹਿ ਕੇ ਹੀ ਸਾਰ ਦਿੱਤਾ ਕਿ ‘ਆਪੋ ਆਪਣਾ ਨਜ਼ਰੀਆ ਹੈ।’
ਇਥੇ ਸਾਫ ਹੈ ਕਿ ਅਜਮੇਰ ਸਿੰਘ ਨੇ ਇਸ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ, ਬੱਸ ਜ਼ਿੰਮੇਵਾਰੀ ਦੇਣ ਦਾ ਉਹਲਾ ਰੱਖ ਲਿਆ। ਅਜਮੇਰ ਸਿੰਘ ਨੇ ਨੁਕਸਾਨ ਨੂੰ ਅਸਿੱਧੇ ਤੌਰ ‘ਤੇ ਤਸਲੀਮ ਕਰ ਲਿਆ। ਇਸ ਉਪਰੰਤ ਅਜਮੇਰ ਸਿੰਘ ਨੇ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਜਬਰੀ ਬੰਦ ਕਰਵਾਉਣ ਨੂੰ ਸਿੱਖੀ ਸਿਧਾਂਤ ਦੀ ਉਲੰਘਣਾ ਕਰਾਰ ਦਿੱਤਾ। ਨਾਲ ਹੀ ‘ਅਸੀਂ ਅਜੇ ਰਾਜ ਕਰਨ ਦੇ ਲਾਇਕ ਨਹੀਂ, ਅਜੇ ਸਾਨੂੰ ਰਾਜ ਨਹੀਂ ਮਿਲਣਾ ਚਾਹੀਦਾ’ ਕਹਿ ਕੇ ਆਪਣਾ ਆਖਰੀ ਫੈਸਲਾ ਦੇ ਦਿੱਤਾ। ਇਥੋਂ ਸਾਬਤ ਹੁੰਦਾ ਹੈ ਕਿ ਅਜਮੇਰ ਸਿੰਘ ਬਹੁਤ ਦੇਰ ਤੋਂ ਖਾਲਿਸਤਾਨ ਦੀ ਮੁਹਿੰਮ ਚਲਾਉਣ ਵਿਚ ਜ਼ੋਰ-ਜਬਰ ਨੂੰ ਨਕਾਰ ਰਹੇ ਹਨ। ਉਨ੍ਹਾਂ ਦਾ ਖਾਲਿਸਤਾਨੀਆਂ ਦੇ ਸਾਥ ਨੂੰ ‘ਡਿਸਗਸਟਿੰਗ’ ਕਹਿਣਾ ਤਾਂ ਦੇਰ ਤੋਂ ਚੱਲ ਰਹੇ ਤੌਖਲੇ ਦੀ ਤੀਬਰ ਭੜਾਸ ਹੀ ਹੈ। ਅੱਗੇ ਮਾਸਟਰ ਦੀਵਾਨ ਸਿੰਘ ਨੇ ਆਪਣੇ ਲੇਖ ਵਿਚ ਲਿਖ ਹੀ ਦਿੱਤਾ ਹੈ। ਉਨ੍ਹਾਂ ਦਾ ਸਵਾਲ ਹੈ ਕਿ 1699 ਵਿਚ ਵਿਸਾਖੀ ਵਾਲੇ ਦਿਨ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਸਿੱਖ ਨੂੰ ਸਿੰਘ ਦਾ ਰੂਪ ਦਿੱਤਾ ਸੀ, ਕੀ ਉਸ ਤੋਂ ਪਹਿਲਾਂ ਸਿੱਖ ਨਹੀਂ ਸਨ? ਕੀ ਉਦੋਂ ਸਾਰੇ ਹੀ ਸਿੱਖ ਬੇਗੁਰੇ ਸਨ? ਮਾਸਟਰ ਦੀਵਾਨ ਸਿੰਘ ਨੇ ਬਹੁਤ ਸੁਚੱਜੇ ਅਤੇ ਵਧੀਆ ਸੋਚ ਨੂੰ ਪ੍ਰਣਾਏ ਸਵਾਲ ਉਠਾਏ ਹਨ।
ਜਿਥੋਂ ਤੱਕ ਪੱਛਮੀ ਦੇਸਾਂ ਵਿਚ ਗੁਰਦੁਆਰਿਆਂ ਦੀ ਹਾਲਤ ਦਾ ਸਵਾਲ ਹੈ, ਮਾਸਟਰ ਦੀਵਾਨ ਸਿੰਘ ਦੀ ਟਿੱਪਣੀ ਜੇ ਪੂਰੀ ਤਰ੍ਹਾਂ ਨਹੀਂ ਤਾਂ ਬਹੁਤ ਹੱਦ ਤੱਕ ਸਹੀ ਹੈ ਕਿ ਗੁਰਦੁਆਰਿਆਂ ਨੂੰ ਇਮੀਗਰੇਸ਼ਨ ਦੇ ਦਫਤਰ ਬਣਾ ਦਿੱਤਾ ਗਿਆ ਹੈ। ਕਰਮਜੀਤ ਸਿੰਘ ਨੇ ਵੀ ਜ਼ਿਕਰ ਕੀਤਾ ਸੀ ਕਿ ਖਾਲਿਸਤਾਨੀਆਂ ਨੂੰ ਅਮਰੀਕਾ-ਕੈਨੇਡਾ ਨੇ ਪਨਾਹ ਦਿੱਤੀ। ਕਰਮਜੀਤ ਸਿੰਘ ਇਹ ਜਾਣ ਕੇ ਹੈਰਾਨ ਹੋਣਗੇ ਕਿ ਇਨ੍ਹਾਂ ਦੇਸ਼ਾਂ ਵਿਚ ਬਹੁਤੇ ਗੁਰਦੁਆਰੇ ਸਹਿਜਧਾਰੀ ਸਿੱਖਾਂ ਨੇ ਆਪਣੇ ਘਰਾਂ ‘ਤੇ ਕਰਜ਼ੇ ਚੁਕ ਕੇ 1984 ਤੋਂ ਪਹਿਲਾਂ ਤੋਂ ਚਲਾਏ ਹੋਏ ਸਨ, ਇਨ੍ਹਾਂ ਸਿੱਖਾਂ ਨੇ ਸ਼ਰਧਾ ਨਾਲ ਅੰਮ੍ਰਿਤਧਾਰੀ ਭਾਈ, ਕੀਰਤਨੀਏ ਮੰਗਵਾਏ। ਗੁਰ-ਅਸਥਾਨਾਂ ਵਿਚ ਕਿਰਪਾਨਾਂ ਤੇ ਚਮੜੇ ਦੀਆਂ ਪੇਟੀਆਂ ਨਾਲ ਲੜਾਈਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗਾਲੀ-ਗਲੋਚ, ਬੰਦਿਆਂ ਦਾ ਹੀ ਨਹੀਂ, ਬੀਬੀਆਂ ਦਾ ਵੀ ਮਾਈਕਾਂ ਦੇ ਲੋਹੇ ਦੇ ਡੰਡੇ ਵਰਤ ਕੇ ਲੜਨਾ (ਯੂਟਿਊਬ, ਟਰਲਕ ਗੁਰਦੁਆਰਾ), ਇੱਦਾਂ ਕਦੀ ਨਹੀਂ ਸੀ ਹੋਇਆ। ਇਹ ਸਭ ਸੁਗਾਤਾਂ ਕਰਮਜੀਤ ਸਿੰਘ ਵੱਲੋਂ ਵਡਿਆਏ ਜਾਂਦੇ ਵੀਰਾਂ-ਭੈਣਾਂ ਦੀ ਹੀ ਦੇਣ ਹੈ। ਗੁਰਦੁਆਰਿਆਂ ਵਿਚ ਠੇਕੇ ਲੈਣ ਲਈ ਝਗੜੇ, ਸਕੂਲਾਂ ਵਿਚ ਆਪਣਿਆਂ ਨੂੰ ਨੌਕਰੀਆਂ ਬਖਸ਼ਣ ਦੇ ਝਗੜੇ ਸਭ 1980 ਤੋਂ ਬਾਅਦ ਹੀ ਸ਼ੁਰੂ ਹੋਏ ਹਨ।
ਮਸਲਾ ਫਿਰ ਖਾਲਿਸਤਾਨ ਦੀ ਮੁਹਿੰਮ ਦੇ ਤਰੀਕੇ ਨਾਲ ਜੁੜ ਜਾਂਦਾ ਹੈ। ਜੇ ਸੰਤ ਜਰਨੈਲ ਸਿੰਘ ਦੀਆਂ ਪੁਰਾਣੀਆਂ ਵੀਡੀਓ ਦੇਖੀਆਂ ਜਾਣ, ਤਾਂ ਉਨ੍ਹਾਂ ਵਿਚ ਉਹ ਸੰਗਤਾਂ ਨੂੰ ਸੜਕਾਂ ‘ਤੇ ਆ ਜਾਣ ਨੂੰ ਕਹਿੰਦੇ ਹਨ। ਉਨ੍ਹਾਂ ਨੂੰ ਸੁਣਨ ਵਾਲਿਆਂ ਵਿਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੁਖਜਿੰਦਰ ਸਿੰਘ ਵੀ ਮੌਜੂਦ ਸਨ। ਸਵਾਲ ਹੈ ਕਿ ਸਿਰਫ ਆਮ ਸਿੱਖਾਂ ਦੇ ਹੀ ਪੁੱਤਰ ਕਿਉਂ ਮਰੇ, ਜਥੇਦਾਰ ਤਲਵੰਡੀ ਜਾਂ ਸੁਖਜਿੰਦਰ ਸਿੰਘ ਦੇ ਪੁੱਤਰ ਕਿਉਂ ਨਹੀਂ? ਉਨ੍ਹਾਂ ਨੇ ਸਿਰਫ (ਸਿਆਸੀ ਲਾਹੇ ਲਈ) ਸੰਤ ਜਰਨੈਲ ਸਿੰਘ ਨੂੰ ਹੱਲਾਸ਼ੇਰੀ ਦਿੱਤੀ, ਅਤੇ ਆਪ ਤਮਾਸ਼ਬੀਨ ਬਣ ਕੇ ਬੈਠੇ ਰਹੇ।
ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅੰਦਰ ਜੋਸ਼ ਤਾਂ ਬਹੁਤ ਸੀ, ਪਰ ਹੋਸ਼ ਦੀ ਕਮੀ ਸੀ। ਉਨ੍ਹਾਂ ਦੇ ਜੋਸ਼ ਨੂੰ ਦੇਖ ਕੇ ਸਾਰੀ ਸਿੱਖ ਕੌਮ ਸਹਿਮ ਗਈ ਸੀ। ਇਸੇ ਕਰ ਕੇ ਜਿਥੇ ਕਿਤੇ ਉਹ ਗਲਤ ਵੀ ਸਨ, ਉਨ੍ਹਾਂ ਨੂੰ ਸਵਾਲ ਕਰਨ ਜਾਂ ਸਲਾਹ ਦੇਣ ਦਾ ਕੋਈ ਵੀ ਹੌਸਲਾ ਨਹੀਂ ਸੀ ਕਰਦਾ। ਗਲਤੀ ਉਨ੍ਹਾਂ ਦੀ ਇਹ ਸੀ ਕਿ ਉਨ੍ਹਾਂ ਨੇ ਸਾਧਾਰਨ ਸਿੱਖ ਦੀ ਮਾਨਸਿਕ ਹਾਲਤ ਤਾਂ ਪੜ੍ਹੀ ਹੀ ਨਹੀਂ ਸੀ। ਉਨ੍ਹਾਂ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਕੱਲੇ ਜ਼ੋਰ ਨਾਲ ਲੋਕਾਂ ਦਾ ਮਨ ਜਿੱਤਣਾ ਸੰਭਵ ਨਹੀਂ ਹੁੰਦਾ, ਸਗੋਂ ਇਉਂ ਤਾਂ ਸਦਾ ਵਾਸਤੇ ਅਸੰਭਵ ਹੀ ਹੋ ਜਾਵੇਗਾ। ਮਗਰੋਂ ਅਜਿਹਾ ਹੀ ਹੋਇਆ। ਦੂਜੇ, ਉਨ੍ਹਾਂ ਨੂੰ ਸਮਝਾਉਣ ਵਾਲੀ ਗੱਲ ਇਹ ਸੀ ਕਿ ਅਕਾਲ ਤਖਤ ਦੀ ਰੱਖਿਆ ਇਸ ਦੇ ਅੰਦਰ ਵੜ ਕੇ ਨਹੀਂ, ਸਗੋਂ ਬਾਹਰੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਸਾਰਾ ਕੁਝ ਕਹਿਣ ਦੀ ਜ਼ਿੰਮੇਵਾਰੀ ਉਸ ਵਕਤ ਦੇ ਸਿੱਖ ਵਿਦਵਾਨਾਂ, ਵਿਚਾਰਕਾਂ, ਚਿੰਤਕਾਂ ਤੇ ਸੰਤਾਂ ਦੀ ਸੀ, ਪਰ ਕਿਸੇ ਨੇ ਵੀ ਅਜਿਹਾ ਨਾ ਕੀਤਾ।
ਇਤਿਹਾਸ ਕਿਸੇ ਨੂੰ ਬਖਸ਼ਦਾ ਨਹੀਂ। ਕਰਮਜੀਤ ਸਿੰਘ ਜੇ ਇਹ ਸਮਝਣ ਕਿ ਅਮਰੀਕਾ-ਕੈਨੇਡਾ ਵਿਚ ਗੁਰਦੁਆਰਿਆਂ ਦੀ ਚਾਬੀ ਵਾਸਤੇ ਕੋਰਟ ਕਚਹਿਰੀ, ਕਿਰਪਾਨਾਂ, ਦੂਸ਼ਣਬਾਜ਼ੀ ਆਦਿ ਖਾਲਿਸਤਾਨ ਬਣਾਉਣ ਵਿਚ ਸਹਾਈ ਹੋਵੇਗੀ, ਉਹ ਭੁਲੇਖੇ ਵਿਚ ਹਨ। ਇਨ੍ਹਾਂ ਦੇਸ਼ਾਂ ਵਿਚ ਖਾਲਿਸਤਾਨ ਨੂੰ ਵਸਤ ਵਾਂਗ ਵਰਤ ਕੇ ਨਵੀਂ ਪਨੀਰੀ ਦੀ ਮਾਨਸਿਕਤਾ ਨੂੰ ਜ਼ਹਿਰੀਲਾ ਹੀ ਬਣਾਇਆ ਜਾ ਰਿਹਾ ਹੈ। ਖਾਲਿਸਤਾਨ ਮੰਗਣਾ ਕੋਈ ਜੁਰਮ ਨਹੀਂ ਹੈ, ਜੁਰਮ ਹੈ ਗਲਤ ਢੰਗ-ਤਰੀਕੇ ਅਪਨਾਉਣਾ।
ਦੂਜਾ ਮੁੱਦਾ ਉਨ੍ਹਾਂ ਲੋਕਾਂ ਦਾ ਹੈ, ਜਿਹੜੇ ਭਾਰਤੀ ਦੂਤ ਘਰਾਂ ਅੱਗੇ ਜਾਂ ਗੁਰਦੁਆਰਿਆਂ ਅੰਦਰ ਖਾਲਿਸਤਾਨ ਦੇ ਨਾਅਰੇ ਮਾਰਦੇ ਹਨ। ਇਹ ਲੋਕ ਖੁਦ ਅਮਰੀਕਾ ਜਾਂ ਕੈਨੇਡਾ ਦੇ ਸ਼ਹਿਰੀ ਬਣ ਚੁੱਕੇ ਹਨ। ਅਮਰੀਕਾ ਜਾਂ ਕੈਨੇਡਾ ਜਦ ਵੀ ਕਿਸੇ ਨੂੰ ਆਪਣਾ ਸ਼ਹਿਰੀ ਬਣਾਉਂਦਾ ਹੈ ਤਾਂ ਉਸ ਤੋਂ ਸਹੁੰ ਚੁਕਾਈ ਜਾਂਦੀ ਹੈ ਕਿ ਉਹ (ਨਵਾਂ ਬਣਿਆ ਸਿਟੀਜ਼ਨ) ਕਿਸੇ ਹੋਰ ਦੇਸ਼ ਦਾ ਵਫਾਦਾਰ ਨਹੀਂ ਰਹੇਗਾ। ਕਰਮਜੀਤ ਸਿੰਘ ਵੱਲੋਂ ਦਰਸਾਏ ਗਏ ਵੀਰ-ਭੈਣ ਇਸੇ ਸ਼੍ਰੇਣੀ ਵਿਚ ਆਉਂਦੇ ਹਨ, ਪਰ ਉਹ ਰੱਬ ਅਤੇ ਕਾਨੂੰਨ-ਦੋਵਾਂ ਤੋਂ ਹੀ ਮੁਨਕਰ ਹਨ।
ਖਾਲਿਸਤਾਨ ਨੂੰ ਅਮਰੀਕਾ-ਕੈਨੇਡਾ ਵਿਚ ਕੁਝ ਲੋਕ ਪੇਸ਼ੇ ਵਜੋਂ ਅਖਤਿਆਰ ਕਰ ਚੁਕੇ ਹਨ। ਉਨ੍ਹਾਂ ਵੱਲੋਂ ਇਸ ਕਿੱਤੇ ਨੂੰ ਨਿਭਾਉਣ ਵਿਚ ਗੁਰਦੁਆਰਿਆਂ ਦੀਆਂ ਗੋਲਕਾਂ ਦਾ ਇਸਤੇਮਾਲ ਹੁੰਦਾ ਹੈ। ਇਹ ਪੇਸ਼ੇਵਰ ਲੋਕ ਖਾਲਿਸਤਾਨ ਬਾਰੇ ਸੈਮੀਨਾਰਾਂ, ਬਹਿਸਾਂ, ਸਨਮਾਨਾਂ ਵਿਚ ਦੇਖੇ ਜਾ ਸਕਦੇ ਹਨ। ਹੁਣ ਖਾਲਿਸਤਾਨ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਬੱਬ ਬਣਿਆ ਹੋਇਆ ਹੈ। ਜੇ ਇਨ੍ਹਾਂ ਲੋਕਾਂ ਵਿਚ ਖਾਲਿਸਤਾਨ ਵਾਸਤੇ ਕੋਈ ਜਜ਼ਬਾ ਹੁੰਦਾ ਤਾਂ ਉਹ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਵਾਂਗ ਪੰਜਾਬ ਨੂੰ ਜਹਾਜ਼ਾਂ ਦੇ ਜਹਾਜ਼ ਭਰ ਕੇ ਭੇਜਦੇ!
-ਕਮਲਜੀਤ ਸਿੰਘ ਫਰੀਮਾਂਟ