ਜਾਇਦਾਦਾਂ ਦੇ ਦੇਣ-ਲੈਣ ਪਿੱਛੇ ਝਗੜੇ

‘ਪੰਜਾਬ ਟਾਈਮਜ਼’ ਦੇ 12 ਜਨਵਰੀ ਵਾਲੇ ਅੰਕ ਵਿਚ ਖ਼ਬਰ ਸੀ-ਭਰਾਵਾਂ ਵੱਲੋਂ ਬਲਵੰਤ ਰਾਮੂਵਾਲੀਆ ‘ਤੇ ਧੋਖਾਧੜੀ ਦਾ ਦੋਸ਼। ਮੈਨੂੰ ਇਸ ਖ਼ਬਰ ਨੇ ਬੜਾ ਹੈਰਾਨ ਕੀਤਾ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਸਾਰਾ ਪੰਜਾਬੀ ਜਗਤ ਪ੍ਰਸਿੱਧ ਕਵੀਸ਼ਰ, ਸਨਮਾਨਯੋਗ ਅਤੇ ਬੇਦਾਗ ਸ਼ਖਸੀਅਤ ਦੇ ਤੌਰ ‘ਤੇ ਜਾਣਦਾ ਹੈ, ਪਰ ਉਸ ਦੇ ਪੁੱਤਰ ‘ਪਾਰਸ’ ਕਿਉਂ ਨਹੀਂ ਬਣੇ? ਖਬਰ ਦੱਸਦੀ ਹੈ ਕਿ ਪਾਰਸ ਜੀ ਦੇ ਛੇ ਧੀਆਂ-ਪੁੱਤਰਾਂ ਦਾ ਆਪਣੇ ਬਾਪ ਦੀ ਜਾਇਦਾਦ ਦੀ ਵੰਡ-ਵੰਡਾਈ ਸਬੰਧੀ ਰੇੜਕਾ ਹੈ, ਰੇੜਕਾ ਵੀ ਕੋਈ ਮਾੜਾ ਮੋਟਾ ਨਹੀਂ, ਸਗੋਂ ਭਰਾ-ਭਰਾ ਇਕ-ਦੂਜੇ ਦਾ ਘਾਣ ਕਰਨ ਦੀ ਹੱਦ ਤੱਕ ਅੱਪੜ ਗਏ ਹਨ। ਇਸ ਤਰ੍ਹਾਂ ਕਰ ਕੇ ਇਨ੍ਹਾਂ ਨੇ ਸਮਾਜ ਵਿਚ ਆਪਣੇ ਰੋਲ ਮਾਡਲ ਹੋਣ ਵਾਲੇ ਰੁਤਬੇ ਨੂੰ ਵੀ ਸੱਟ ਮਾਰੀ ਹੈ। ਇਹ ਮਸਲਾ ਭਾਵੇਂ ਉਨ੍ਹਾਂ ਦਾ ਨਿੱਜੀ/ਪਰਿਵਾਰਕ ਮਸਲਾ ਹੈ, ਪਰ ਇਕ ਤਾਂ ਉਨ੍ਹਾਂ ਆਪ ਹੀ ਇਹ ਮਸਲਾ ਮੀਡੀਆ ਰਾਹੀਂ ਸਾਰਿਆਂ ਸਾਹਮਣੇ ਰੱਖ ਦਿੱਤਾ ਹੈ; ਦੂਜੇ ਇਹ ਪਰਿਵਾਰ ਚੰਗਾ ਮੰਨਿਆ-ਪ੍ਰਮੰਨਿਆ ਅਤੇ ਪ੍ਰਭਾਵਸ਼ਾਲੀ ਹੋਣ ਕਰ ਕੇ ਸਮਾਜ ਵਿਚ ਆਗੂ ਰੋਲ ਨਿਭਾਉਣ ਵਜੋਂ ਵਿਚਰਦਾ ਹੈ।
ਸ਼ ਬਲਵੰਤ ਸਿੰਘ ਰਾਮੂਵਾਲੀਆ ਨੂੰ ਕਈ ਸਾਲ ਪਹਿਲਾਂ ਮੈਂ ਉਨ੍ਹਾਂ ਦੇ ਦਿੱਲੀ ਵਾਲੇ ਪਤੇ ‘ਤੇ ਇਕ ਚਿੱਠੀ ਲਿਖੀ ਜਿਸ ਦੇ ਜਵਾਬ ਵਿਚ ਮੈਨੂੰ ਉਨ੍ਹਾਂ ਤੋਂ ਬੜੀ ਪ੍ਰਭਾਵਸ਼ਾਲੀ ਚਿੱਠੀ ਮਿਲੀ। ਫਿਰ ਮੈਨੂੰ ਦੋ ਚਿੱਠੀਆਂ ਹੋਰ ਲਿਖਣੀਆਂ ਪਈਆਂ ਜਿਨ੍ਹਾਂ ਦੇ ਜਵਾਬ ਵੀ ਰਾਮੂਵਾਲੀਆ ਨੇ ਦਿੱਤੇ। ਆਖਰੀ ਚਿੱਠੀ ਵਿਚ ਉਨ੍ਹਾਂ ਨੇ ਮੈਨੂੰ ਦਿੱਲੀ ਮਿਲਣ ਲਈ ਵੀ ਲਿਖਿਆ ਪਰ ਮੈਂ ਮਿਲ ਨਾ ਸਕਿਆ। ਉਂਜ ਵੀ ਸ਼ ਰਾਮੂਵਾਲੀਆ ਉਪਰ ਅੱਜ ਤੱਕ ਵੱਡੇ ਸਰਕਾਰੀ ਅਤੇ ਸੰਵਿਧਾਨਕ ਅਹੁਦਿਆਂ ਉਤੇ ਰਹਿੰਦਿਆਂ ਕਿਸੇ ਗਬਨ, ਘਪਲੇ ਜਾਂ ਰਿਸ਼ਵਤਖੋਰੀ ਦਾ ਜਾਂ ਕੋਈ ਹੋਰ ਗੰਭੀਰ ਦੋਸ਼ ਨਹੀਂ ਲੱਗਾ। ਸ਼ ਰਾਮੂਵਾਲੀਆ ਦੇ ਭਰਾ ਲੇਖਕ ਇਕਬਾਲ ਰਾਮੂਵਾਲੀਆ ਨੂੰ ਮੈਂ ਇੰਨਾ ਕੁ ਜਾਣਦਾ ਹਾਂ ਕਿ ਉਨ੍ਹਾਂ ਦਾ ਸਿੱਖੀ ਬਾਰੇ ਇਕ ਲੇਖ ‘ਪੰਜਾਬ ਟਾਈਮਜ਼’ ਵਿਚ ਪੜ੍ਹਨ ਨੂੰ ਮਿਲਿਆ ਸੀ। ਮੈਨੂੰ ਉਹ ਲੇਖ ਬਾਕਮਾਲ ਅਤੇ ਵਧੀਆ ਲੱਗਾ ਸੀ ਜਿਸ ਕਰ ਕੇ ਮੈਂ ਉਨ੍ਹਾਂ ਨੂੰ ਵੱਡਾ ਵਿਦਵਾਨ ਲੇਖਕ ਮੰਨਦਾ ਹਾਂ। ਇਨ੍ਹਾਂ ਦੇ ਹੋਰ ਭੈਣ-ਭਰਾ ਵੀ ਮੇਰੇ ਹਿਸਾਬ ਨਾਲ ਚੰਗੇ ਪੜ੍ਹੇ-ਲਿਖੇ, ਸਿਆਣੇ ਅਤੇ ਦਾਨਿਸ਼ਮੰਦ ਹੀ ਹੋਣਗੇ ਪਰ ਅਖ਼ਬਾਰਾਂ ਵਿਚ ਇਨ੍ਹਾਂ ਦੀ ਸਿਆਣਪ ਅਤੇ ਦਾਨਿਸ਼ਮੰਦੀ ਬਾਰੇ ਜੋ ਪੜ੍ਹਨ ਨੂੰ ਮਿਲਿਆ ਹੈ, ਇਸ ਨਾਲ ਮੇਰੇ ਵਰਗੇ ਕਈ ਹੋਰਾਂ ਨੂੰ ਵੀ ਦੁੱਖ ਹੋਇਆ ਹੋਵੇਗਾ।
ਵਿਚਾਰਨ ਵਾਲੀ ਗੱਲ ਹੈ ਕਿ ਵੱਡੇ ਅਤੇ ਖਾਸ ਅਖਵਾਉਣ ਵਾਲੇ ਰੱਜੇ-ਪੁੱਜੇ ਲੋਕ ਆਮ ਬੰਦਿਆਂ ਨਾਲੋਂ ਕਿਤੇ ਵੱਧ ਭੁੱਖੇ, ਹੋਛੇ ਅਤੇ ਨਿਰਦਈ ਸਾਬਤ ਹੋ ਰਹੇ ਹਨ। ਚੱਢਾ ਭਰਾਵਾਂ (ਪੌਂਟੀ ਤੇ ਹਰਦੀਪ) ਦਾ ਹਾਲ ਸਭ ਨੇ ਵੇਖਿਆ ਹੈ। ਅੰਬਾਨੀ ਭਰਾਵਾਂ ਬਾਰੇ ਵੀ ਅਜਿਹੀਆਂ ਹੀ ਸੂਹਾਂ ਹਨ। ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਦਾ ਵੀ ਆਪਣੇ ਭਰਾ ਨਾਲ ਜਾਇਦਾਦ ਦੀ ਵੰਡ ਪਿੱਛੇ ਵਾਹਵਾ ਰੌਲਾ-ਰੱਪਾ ਸੀ। ਇੰਦਰਾ ਗਾਂਧੀ ਨੇ ਵੀ ਆਪਣੀ ਨੂੰਹ ਮੇਨਿਕਾ ਗਾਂਧੀ ਨੂੰ ਘਰੋਂ ਕੱਢ ਦਿੱਤਾ ਸੀ। ਮਰਹੂਮ ਸਾਬਕਾ ਸਪੀਕਰ ਹਰਚਰਨ ਸਿੰਘ ਅਜਨਾਲਾ ਦੇ ਲੜਕਿਆਂ ਵਿਚ ਵੀ ਬਾਪ ਦੀ ਸਿਆਸੀ ਵਿਰਾਸਤ ਦੀ ਵੰਡ-ਵੰਡਾਈ ਪਿਛੇ ਬੜਾ ਝਗੜਾ ਹੋਇਆ ਸੀ। ਮਨਪ੍ਰੀਤ ਸਿੰਘ ਬਾਦਲ ਦਾ ਅਕਾਲੀ ਦਲ ਵਿਚੋਂ ਕੱਢੇ ਜਾਣਾ ਵੀ ਸਿਆਸੀ ਜਾਇਦਾਦ ਦੇ ਹਿੱਸੇ ਦਾ ਲੈਣ-ਦੇਣ ਹੀ ਸੀ। ਅਖੌਤੀ ਵੱਡੇ ਲੋਕਾਂ ਦੀਆਂ ਇਹੋ ਜਿਹੀਆਂ ਹੋਰ ਵੀ ਬਥੇਰੀਆਂ ਮਿਸਾਲਾਂ ਹਨ। ਇਨ੍ਹਾਂ ਲੋਕਾਂ ਦੇ ਹੱਥ ਵਿਚ ਹੀ ਦੇਸ਼, ਕੌਮ ਅਤੇ ਸਮਾਜ ਦੀ ਵਾਗਡੋਰ ਹੈ। ਇਸ ਸੱਭਿਅਕ ਅਤੇ ਉਤਮ ਬੰਦੇ ਦੀ ਅਕਲ ਦੇਖੋ, ਇਕ ਪਾਸੇ ਢੇਰਾਂ ਦੇ ਢੇਰ ਧਨ-ਦੌਲਤਾਂ, ਮਹਿਲ-ਮੁਨਾਰੇ ਅਤੇ ਅਨਾਜ-ਪਦਾਰਥ ਬੇਕਾਰ ਪਏ ਹਨ, ਗਲ-ਸੜ ਰਹੇ ਹਨ; ਦੂਜੇ ਪਾਸੇ ਦੁਨੀਆਂ ਦੇ ਅੱਧੇ ਤੋਂ ਵੀ ਵੱਧ ਲੋਕਾਂ ਨੂੰ ਜਿਉਣ ਵਾਸਤੇ ਘੱਟ ਤੋਂ ਘੱਟ ਵੀ ਪਦਾਰਥ ਪ੍ਰਾਪਤ ਨਹੀਂ। ਇਹ ਰੱਬ ਦਾ ਕਸੂਰ ਹੈ ਕਿ ਬੰਦੇ ਦਾ? ਅਗਾਂਹਵਧੂ ਬੰਦੇ ਨੂੰ ਇਸ ਦਾ ਪਤਾ ਹੈ। ਕਿਸੇ ਸ਼ਾਇਰ ਦੇ ਬੋਲ ਹਨ:
ਇਸ ਸ਼ਹਿਰ ਵਿਚ ਤੂੰ ਦੋਸਤਾ,
ਜਦ ਕਦੇ ਵੀ ਆਵੇਂਗਾ।
ਮੋਹ ਵਫਾ ਨੂੰ ਛੱਡ ਕੇ,
ਹਰ ਚੀਜ਼ ਇਥੇ ਪਾਵੇਂਗਾ।
-ਦਲਵਿੰਦਰ ਸਿੰਘ ਅਜਨਾਲਾ
ਫੋਨ: 661-834-9770

Be the first to comment

Leave a Reply

Your email address will not be published.