ਡਾæ ਗੁਰਨਾਮ ਕੌਰ, ਕੈਨੇਡਾ
ਭਗਤੀ ਲਹਿਰ ਦੱਖਣੀ ਭਾਰਤ ਵਿਚ ਕੋਈ 7ਵੀਂ ਤੇ 8ਵੀਂ ਸਦੀ ਵਿਚ ਤਾਮਿਲ ਦੇ ਅਲਵਾਰ ਸੰਤਾਂ ਵੱਲੋਂ ਸ਼ੁਰੂ ਕੀਤੀ ਗਈ ਜੋ ਹੁਣ ਦੇ ਤਾਮਿਲਨਾਡੂ ਅਤੇ ਕੇਰਲਾ ਦਾ ਖਿੱਤਾ ਸੀ। ਭਗਤੀ ਲਹਿਰ ਅਰੰਭ ਵਿਚ ਭਾਵੇਂ ਹਿੰਦੂ ਧਰਮ ਦੀਆਂ ਵੈਸ਼ਨਵ ਅਤੇ ਸ਼ੈਵ ਸੰਪਰਦਾਵਾਂ ਅਰਥਾਤ ਵਿਸ਼ਨੂੰ ਤੇ ਸ਼ਿਵਜੀ ਨੂੰ ਮੰਨਣ ਵਾਲੀਆਂ ਸੰਪਰਦਾਵਾਂ ਦੇ ਰੂਪ ਵਿਚ ਸ਼ੁਰੂ ਹੋਈ ਪਰ ਹੌਲੀ ਹੌਲੀ ਇਹ ਭਗਤ ਇੱਕ ਪਰਮਾਤਮਾ ਦੀ ਭਗਤੀ ਵੱਲ ਪ੍ਰੇਰੇ ਗਏ।
ਦੱਖਣ ਤੋਂ ਹੀ ਇਹ ਲਹਿਰ ਭਾਰਤ ਦੇ ਬਾਕੀ ਹਿੱਸਿਆਂ ਵਿਚ ਫੈਲੀ। ਇਨ੍ਹਾਂ ਵਿਚੋਂ ਕੁਝ ਭਗਤਾਂ ਦੀ ਬਾਣੀ, ਜਿਨ੍ਹਾਂ ਦੀ ਗੁਰਮਤਿ ਸਿਧਾਂਤਾਂ ਨਾਲ ਇਕਸੁਰਤਾ ਸੀ, ਭਾਵ ਜਿਨ੍ਹਾਂ ਦੀ ਸੁਰ ਗੁਰਮਤਿ ਸਿਧਾਂਤਾਂ ਨਾਲ ਮੇਲ ਖਾਂਦੀ ਸੀ, ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ। ਇਨ੍ਹਾਂ ਭਗਤਾਂ ਸਮਾਂਕਾਲ ਬਹੁਤ ਲੰਬਾ ਹੈ। ਭਗਤ ਜੈਦੇਵ ਤੋਂ ਸ਼ੁਰੂ ਹੋ ਕੇ (1170 ਈæ) ਅਤੇ ਭਗਤ ਕਬੀਰ (1440-1518), ਬਾਬਾ ਸ਼ੇਖ ਫਰੀਦ, ਤਕਰੀਬਨ 12ਵੀਂ ਸਦੀ ਤੋਂ 16ਵੀਂ ਸਦੀ ਦੇ ਅਰੰਭ ਤੱਕ ਜਾਂਦਾ ਹੈ। ਕੁਝ ਭਗਤ-ਕਵੀ ਉਹ ਵੀ ਹਨ, ਜਿਨ੍ਹਾਂ ਦੇ ਸਮੇਂ ਦਾ ਪੱਕਾ ਪਤਾ ਨਹੀਂ ਹੈ ਕਿ ਉਹ ਕਦੋਂ ਹੋਏ ਅਤੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਦੋਂ ਕੀਤਾ। ਭਾਈਚਾਰਕ ਤੌਰ ‘ਤੇ ਇਹ ਭਗਤ ਹਿੰਦੂ ਤੇ ਮੁਸਲਮਾਨ ਭਾਈਚਾਰਿਆਂ ਵਿਚੋਂ ਹਨ। ਇਹ ਭਗਤ ਭਾਰਤ ਦੇ ਵੱਖ ਵੱਖ ਖਿੱਤਿਆਂ ਤੇ ਜਾਤਾਂ ਵਿਚੋਂ ਉਠੇ ਅਤੇ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਆਪਣੇ ਖਿੱਤੇ ਦੇ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਆਮ ਬੋਲੀ ਵਿਚ ਰਚੀਆਂ, ਸੰਸਕ੍ਰਿਤ ਵਿਚ ਨਹੀਂ।
ਭਗਤੀ ਲਹਿਰ ਧਰਮ ਦੀ ਪੁਨਰ-ਜਾਗ੍ਰਿਤੀ ਦੀ ਲਹਿਰ ਸੀ। ਇਹ ਧਾਰਮਿਕ ਕੱਟੜਵਾਦ, ਜਾਤ-ਪਾਤ ਤੇ ਬੋਸੀਦਾ ਹੋ ਚੁੱਕੇ ਕਰਮਕਾਂਡੀ ਗਲਬੇ ਅਤੇ ਦੇਵ ਬੋਲੀ ਕਹੀ ਜਾਣ ਵਾਲੀ ਸੰਸਕ੍ਰਿਤ, ਜਿਸ ਨੂੰ ਪੜ੍ਹਨ-ਲਿਖਣ ਦਾ ਨੀਵੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਨੂੰ ਹੱਕ ਨਹੀਂ ਸੀ, ਦੇ ਖਿਲਾਫ ਇੱਕ ਤਰ੍ਹਾਂ ਨਾਲ ਨਵੇਂ ਮਾਨਵਤਾਵਾਦ ਦੇ ਵਿਦਰੋਹ ਦੀ ਲਹਿਰ ਸੀ ਜੋ ਨਵੀਂ ਚੇਤਨਾ, ਨਵੀਂ ਆਸ਼ਾ ਦਾ ਆਗਾਜ਼ ਸੀ ਜਿਸ ਵਿਚ ਪੁਰਾਣੀਆਂ ਹੋ ਚੁਕੀਆਂ ਲੋਕ-ਵਿਰੋਧੀ ਕੀਮਤਾਂ ਤੇ ਪ੍ਰਬੰਧ ਦੀ ਟੁੱਟ ਭੱਜ ਹੋ ਰਹੀ ਸੀ ਅਤੇ ਮਾਨਵਤਾਵਾਦੀ ਕੀਮਤਾਂ ਦੀ ਉਸਾਰੀ ਸ਼ੁਰੂ ਹੋ ਰਹੀ ਸੀ। ਇਸ ਦਾ ਵਿਸ਼ੇਸ਼ ਲੱਛਣ ਸੀ ਪੁਰਾਣੀ ਪਰੰਪਰਾ ਅਤੇ ਪ੍ਰਬੰਧ ਵਿਚੋਂ ਮਨੁੱਖਾਂ ਦੀ ਧਰਵਾਸ ਤੇ ਅਗਵਾਈ ਦੇਣ ਦੀ ਆਸ ਦਾ ਗੁਆਚ ਜਾਣਾ। ਇਹ ਦਕੀਆਨੂਸੀ ਕਰਮਕਾਂਡ ਦੇ ਬੋਝ ਦੇ ਅਸਹਿ ਹੋ ਜਾਣ ਖਿਲਾਫ ਭਾਵੇਂ ਧੁੰਦਲੀ ਸੀ ਪਰ ਅਚੁੱਕ ਬਿਗਲ ਦੀ ਆਵਾਜ਼ ਸੀ। ਇਹ ਸਮਾਂ ਵਿਹਾ ਚੁੱਕੇ ਸਾਹ ਘੁੱਟਵੇਂ ਧਾਰਮਿਕ ਤੇ ਭਾਈਚਾਰਕ ਰੀਤੀ-ਰਿਵਾਜਾਂ ਤੋਂ ਮਨੁੱਖ ਨੂੰ ਛੁਟਕਾਰਾ ਦਿਵਾਉਣ ਲਈ ਇੱਕ ਨੈਤਿਕ ਅਤੇ ਧਾਰਮਿਕ ਜੱਦੋ-ਜਹਿਦ ਦੀ ਸ਼ੁਰੂਆਤ ਸੀ, ਭਾਵੇਂ ਇਹ ਯਤਨ ਘੱਟ ਤੇ ਖਿਲਰੇ-ਪੁਲਰੇ ਸਨ। ਇਨ੍ਹਾਂ ਭਗਤਾਂ ਵਿਚੋਂ ਹੀ ਭਗਤ ਰਵਿਦਾਸ ਹੋਏ ਹਨ ਜਿਨ੍ਹਾਂ ਦਾ ਸਮਾਂ ਅੰਦਾਜ਼ਨ 15ਵੀਂ ਤੋਂ 16ਵੀਂ ਸਦੀ ਤੱਕ ਦਾ ਮੰਨਿਆ ਜਾਂਦਾ ਹੈ। ਇਹ ਉਤਰੀ ਭਾਰਤ ਦੇ ਭਗਤ ਕਵੀ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ।
ਉਪਰ ਵਰਣਨ ਕੀਤੀ ਭਗਤੀ ਲਹਿਰ ਦੁਆਰਾ ਪੈਦਾ ਹੋਈ ਸਥਾਪਤੀ ਵਿਰੋਧੀ ਚੇਤਨਾ ਦੀ ਸੁਰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਭਗਤ ਰਵਿਦਾਸ ਦੀ ਬਾਣੀ ਵਿਚੋਂ ਵੀ ਪ੍ਰਗਟ ਹੁੰਦੀ ਨਜ਼ਰ ਆਉਂਦੀ ਹੈ। ਹਿੰਦੂ ਪਰੰਪਰਾ ਅਨੁਸਾਰ ਮਨੁੱਖ ਦੇ ਜਨਮ ‘ਤੇ ਆਧਾਰਤ ਸਮਾਜਿਕ ਦਰਜਾਬੰਦੀ ਜਾਤ-ਪਾਤ ਦੇ ਰੂਪ ਵਿਚ ਕੀਤੀ ਗਈ ਜਿਸ ਦਾ ਆਧਾਰ ਵੱਖ ਵੱਖ ਜਾਤਾਂ ਦਾ ਜਨਮ ਵਿਰਾਟ ਪੁਰਸ਼ ਦੇ ਵੱਖ ਵੱਖ ਅੰਗਾਂ ਤੋਂ ਹੋਣ ਦੇ ਸਿਧਾਂਤ ਨੂੰ ਬਣਾਇਆ ਗਿਆ ਅਤੇ ਇਸ ਆਧਾਰ ‘ਤੇ ਮਨੁੱਖ ਜਾਤਾਂ ਦਾ ਉਚਾ ਜਾਂ ਨੀਵਾਂ ਹੋਣਾ ਸਥਾਪਤ ਕੀਤਾ ਗਿਆ। ਭਗਤ ਰਵਿਦਾਸ ਸਪੱਸ਼ਟ ਰੂਪ ਵਿਚ ਇਸ ਦਾ ਖੰਡਨ ਕਰਦੇ ਹਨ, ਜਦੋਂ ਉਹ ਕਹਿੰਦੇ ਹਨ ਕਿ ਸਾਰੇ ਮਨੁੱਖਾਂ ਵਿਚ ਉਸੇ ਪਰਮਾਤਮਾ ਦੀ ਜੋਤਿ ਵਿਆਪਕ ਹੈ। ਉਹ ਕਹਿੰਦੇ ਹਨ ਕਿ ਪਰਮਾਤਮਾ ਅਤੇ ਜੀਵ ਵਿਚ ਇਹ ਅੰਤਰ ਉਸੇ ਕਿਸਮ ਦਾ ਹੈ ਜਿਹੋ ਜਿਹਾ ਜਲ ਤੇ ਉਸ ਵਿਚੋਂ ਪੈਦਾ ਹੋਣ ਵਾਲੀ ਲਹਿਰ ਅਤੇ ਸੋਨੇ ਤੇ ਸੋਨੇ ਤੋਂ ਬਣੇ ਗਹਿਣੇ ਵਿਚ ਹੁੰਦਾ ਹੈ। ਅਗਲੀ ਗੱਲ ਉਹ ਦੱਸਦੇ ਹਨ ਕਿ ਜੇ ਅਸੀਂ ਮਨੁੱਖ ਪਾਪ ਨਾ ਕਰਦੇ ਤਾਂ ਪਰਮਾਤਮਾ ਦਾ ਨਾਮ ਪਾਪੀਆਂ ਨੂੰ ਤਾਰਣ ਵਾਲਾ ਕਿਵੇਂ ਹੁੰਦਾ। ਪਰਮਾਤਮਾ ਸਭ ਦਾ ਮਾਲਕ ਹੈ ਅਤੇ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਮਾਲਕ ਨੂੰ ਦੇਖ ਕੇ ਉਸ ਦੇ ਸੇਵਕ ਦੀ ਪਛਾਣ ਹੋ ਜਾਂਦੀ ਹੈ ਕਿ ਉਸ ਦਾ ਸੇਵਕ ਕਿਹੋ ਜਿਹਾ ਹੋਵੇਗਾ ਅਤੇ ਸੇਵਕ ਨੂੰ ਦੇਖ ਕੇ ਮਾਲਕ ਦਾ ਅੰਦਾਜ਼ਾ ਲੱਗ ਜਾਂਦਾ ਹੈ। ਉਹ ਅਰਦਾਸ ਕਰਦੇ ਹਨ ਕਿ ਪ੍ਰਭੂ ਮਨੁੱਖ ਨੂੰ ਸੋਝੀ ਦੇਵੇ ਅਤੇ ਸੰਤ ਜਨਾਂ ਰਾਹੀਂ ਇਹ ਸਮਝ ਪੈਦਾ ਕਰੇ ਕਿ ਸਾਰੇ ਮਨੁੱਖਾਂ ਵਿਚ ਉਸ ਦੀ ਹੀ ਜੋਤਿ ਵਿਆਪਕ ਹੈ:
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥੧॥
ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ॥
ਪਤਿਤ ਪਾਵਨ ਨਾਮੁ ਕੈਸੇ ਹੁੰਤਾ॥੧॥ਰਹਾਉ॥ (ਪੰਨਾ 93)
ਭਗਤਿ ਰਵਿਦਾਸ ਨੇ ਰਾਗ ਗਉੜੀ ਵਿਚ ਜੋ ਵਿਚਾਰ ਪ੍ਰਗਟਾਏ ਹਨ, ਉਨ੍ਹਾਂ ਤੋਂ ਜਿੱਥੇ ਉਸ ਵੇਲੇ ਦੀ ਆਮ ਪ੍ਰਚਲਿਤ ਸੋਚ ਦਾ ਪਤਾ ਲੱਗਦਾ ਹੈ, ਉਥੇ ਹੀ ਭਗਤ ਰਵਿਦਾਸ ਦੀ ਸਮਾਜ ਪ੍ਰਤੀ ਚੇਤਨਾ ਦਾ ਵੀ ਅਹਿਸਾਸ ਹੁੰਦਾ ਹੈ। ਇਸ ਵਿਚ ਭਗਤ ਰਵਿਦਾਸ ਉਸੇ ਚੇਤਨਾ ਦੇ ਸੰਦਰਭ ਵਿਚ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਦੁਨੀਆਂ ਦਾ ਰਵੱਈਆ ਜੋ ਮਰਜੀ ਹੋਵੇ ਪਰ ਉਹ ਪਰਮਾਤਮਾ ਆਪਣੇ ਭਗਤਾਂ ਨੂੰ ਮਨੋਂ ਨਾ ਵਿਸਾਰੇ। ਉਹ ਉਸੇ ਚੇਤਨਾ ਦਾ ਪ੍ਰਗਟਾਵਾ ਕਰਦਿਆਂ ਕਹਿੰਦੇ ਹਨ ਕਿ ਉਨ੍ਹਾਂ ਦੇ ਮਨ ਵਿਚ ਦਿਨ-ਰਾਤ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਉਨ੍ਹਾਂ ਦੀ ਸੰਗਤਿ ਕੋਈ ਬਹੁਤ ਚੰਗੇ ਬੰਦਿਆਂ ਦੀ ਨਹੀਂ ਹੈ, ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮ ਵੀ ਕੋਈ ਬਹੁਤੇ ਵਧੀਆ ਨਹੀਂ ਹਨ ਅਤੇ ਉਨ੍ਹਾਂ ਦਾ ਜਨਮ ਵੀ ਕਿਸੇ ਉਚੀ ਜਾਤ ਵਿਚ ਨਹੀਂ ਬਲਕਿ ਨੀਵੀਂ ਕਹੀ ਜਾਂਦੀ ਜਾਤ ਵਿਚ ਹੋਇਆ ਹੈ। ਫਿਕਰ ਇਹ ਹੈ ਕਿ ਅਜਿਹੀ ਹਾਲਤ ਵਿਚ ਪਰਮਾਤਮਾ, ਜੋ ਸਭ ਨੂੰ ਜੀਵਨ ਦਾਨ ਦੇਣ ਵਾਲਾ ਹੈ, ਵੀ ਕਿਧਰੇ ਉਨ੍ਹਾਂ ਨੂੰ ਵਿਸਾਰ ਨਾ ਦੇਵੇ (ਹਿੰਦੂ ਸ਼ਾਸਤਰਾਂ ਵਿਚ ਇਹ ਵਿਚਾਰ ਵੀ ਦਿੱਤੇ ਗਏ ਹਨ ਕਿ ਮੁਕਤੀ ਪ੍ਰਾਪਤ ਕਰਨ ਦਾ ਅਧਿਕਾਰ ਸਿਰਫ ਉਚੀ ਜਾਤ ਵਾਲਿਆਂ ਨੂੰ ਹੈ)। ਇਸੇ ਲਈ ਉਹ ਆਪਣੇ ਪ੍ਰਭੂ ਨੂੰ ਬੇਨਤੀ ਕਰਦੇ ਹਨ ਕਿ ਉਹ ਇਸ ਸੰਕਟ ਵਿਚੋਂ ਉਨ੍ਹਾਂ ਨੂੰ ਕੱਢੇ, ਉਨ੍ਹਾਂ ਦੇ ਅੰਦਰ ਚੰਗੇ ਵਿਚਾਰ, ਚੰਗੀ ਭਾਵਨਾ ਪੈਦਾ ਕਰੇ ਅਤੇ ਆਪਣੇ ਚਰਨਾਂ ਨਾਲ ਜੋੜੀ ਰੱਖੇ। ਪਰਮਾਤਮ-ਅਨੁਭਵ ਲਈ ਰਸਤਾ ਦਿਖਾਵੇ ਤੇ ਮਿਹਰ ਕਰੇ:
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ॥
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ॥੧॥
ਰਾਮ ਗੁਸਈਆ ਜੀਅ ਕੇ ਜੀਵਨਾ॥
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ॥੧॥ਰਹਾਉ॥ (ਪੰਨਾ 345)
ਅਗਲੇ ਸ਼ਬਦ ‘ਬੇਗਮ ਪੁਰਾ ਸਹਰ ਕੋ ਨਾਉ’ ਤੋਂ ਦੋ ਕਿਸਮ ਦੀ ਚੇਤਨਾ ਸਪੱਸ਼ਟ ਹੁੰਦੀ ਹੈ: ਇੱਕ ਉਹ ਜਿਸ ਕਿਸਮ ਦਾ ਸਮਾਜਕ ਅਤੇ ਰਾਜਸੀ ਪ੍ਰਬੰਧ ਪ੍ਰਚਲਿਤ ਸੀ ਅਤੇ ਦੂਸਰੀ ਉਹ ਜਿਸ ਕਿਸਮ ਦਾ ਆਦਰਸ਼ਕ ਰਾਜਕੀ ਤੇ ਸਮਾਜਕੀ ਪ੍ਰਬੰਧ ਭਗਤ ਰਵਿਦਾਸ ਦ੍ਰਿਸ਼ਟੀਗੋਚਰ ਕਰਾ ਰਹੇ ਹਨ, ਜੋ ਪ੍ਰਚਲਿਤ ਤੋਂ ਬਿਲਕੁਲ ਵਿਪਰੀਤ ਹੋਵੇਗਾ। ਇਸ ਸ਼ਬਦ ਦਾ ਅਧਿਆਤਮਕ ਤੇ ਦੁਨਿਆਵੀ ਸੰਦਰਭ ਹੈ। ਭਗਤ ਰਵਿਦਾਸ ਜਿਸ ਬੇਗਮ ਪੁਰਾ ਸ਼ਹਿਰ ਦੀ ਗੱਲ ਕਰ ਰਹੇ ਹਨ, ਉਸ ਸ਼ਹਿਰ ਵਿਚ ਕਿਸੇ ਕਿਸਮ ਦਾ ਗ਼ਮ ਜਾਂ ਦੁੱਖ ਨਹੀਂ ਹੈ। ਕਿਸੇ ਕਿਸਮ ਦੀ ਕੋਈ ਚਿੰਤਾ, ਕੋਈ ਘਬਰਾਹਟ, ਕੋਈ ਫਿਕਰ ਨਹੀਂ ਹੈ। ਉਥੇ ਦੁਨਿਆਵੀ ਜਾਇਦਾਦ ਬਣਾਉਣ ਦੀ ਕੋਈ ਚਿੰਤਾ ਨਹੀਂ ਹੈ ਅਤੇ ਨਾ ਹੀ ਉਸ ਜਾਇਦਾਦ ਤੇ ਕਿਸੇ ਕਿਸਮ ਦਾ ਮਸੂਲ ਦੇਣ ਦਾ ਫਿਕਰ ਹੈ। ਉਥੇ ਕਿਸੇ ਕਿਸਮ ਦੇ ਪਾਪ-ਕਰਮ ਜਾਂ ਮੰਦੇ ਕਰਮ ਕਰਨ ਦਾ ਵੀ ਖਤਰਾ ਨਹੀਂ ਹੈ; ਕੋਈ ਡਰ ਜਾਂ ਕਿਸੇ ਕਿਸਮ ਦੀ ਗਿਰਾਵਟ ਨਹੀਂ ਹੈ (ਇਹ ਇੱਕ ਬਹੁਤ ਹੀ ਆਦਰਸ਼ਕ ਸਮਾਜਿਕ ਸਿਰਜਣਾ ਦਾ ਸੰਕਲਪ ਹੈ ਜਿੱਥੇ ਲੋਕ ਆਤਮਕ ਵਿਸ਼ਵਾਸ ਨਾਲ, ਬਿਨਾ ਕਿਸੇ ਡਰ-ਭੈ ਦੇ ਅਨੰਦਮਈ ਜੀਵਨ ਬਸਰ ਕਰਨ ਦੇ ਸਮਰੱਥ ਹਨ)।
ਇਹ ਅਜਿਹੀ ਪਾਤਿਸ਼ਾਹੀ ਹੈ ਜੋ ਸਦੀਵੀ ਟਿਕੀ ਰਹਿਣ ਵਾਲੀ ਹੈ। ਇਥੇ ਸਾਰੇ ਮਨੁੱਖ ਬਰਾਬਰ ਹਨ, ਕਿਸੇ ਕਿਸਮ ਦੀ ਕੋਈ ਜਾਤੀ ਜਾਂ ਜਮਾਤੀ ਦਰਜ਼ਾਬੰਦੀ ਨਹੀਂ ਹੈ ਅਤੇ ਵਖਰੇਵਾਂ ਨਹੀਂ ਹੈ। ਇਹ ਅਜਿਹਾ ਸ਼ਹਿਰ ਹੈ ਜੋ ਸਦਾ ਉਘਾ ਅਤੇ ਵਸਦਾ-ਰਸਦਾ ਹੈ; ਇਥੇ ਰਹਿਣ ਵਾਲੇ ਮਨੁੱਖ ਰੱਜੇ-ਧਾਏ ਅਤੇ ਧਨੀ ਹਨ। ਇੱਥੇ ਮਨੁੱਖ ਆਤਮਕ ਅਨੰਦ ਵਿਚ ਰਹਿੰਦੇ ਹਨ। ਉਨ੍ਹਾਂ ਲਈ ਇਹ ਸ਼ਹਿਰ ਆਪਣਾ ਹੈ, ਉਹ ਇਸ ਦੇ ਭੇਤੀ ਹਨ। ਇਸ ਲਈ ਉਨ੍ਹਾਂ ਦੇ ਰਸਤੇ ਵਿਚ ਕਿਸੇ ਕਿਸਮ ਦੀ ਔਕੜ ਨਹੀਂ ਆਉਂਦੀ, ਕੋਈ ਉਨ੍ਹਾਂ ਦੇ ਰਸਤੇ ਵਿਚ ਰੋਕ ਨਹੀਂ ਪਾ ਸਕਦਾ। ਭਗਤ ਰਵਿਦਾਸ ਆਪਣੇ ਬਾਰੇ ਦੱਸਦੇ ਹਨ ਕਿ ਉਨ੍ਹਾਂ, ਜੋ ਇੱਕ ਨੀਵੀਂ ਕਹੀ ਜਾਣ ਵਾਲੀ ਜਾਤ ਨਾਲ ਸਬੰਧਤ ਹਨ, ਹਰ ਕਿਸਮ ਦੇ ਦੁੱਖ, ਚਿੰਤਾ, ਸੋਚ-ਘਬਰਾਹਟ ਆਦਿ ਤੋਂ ਖਲਾਸੀ ਪਾ ਲਈ ਹੈ ਅਤੇ ਕਹਿੰਦੇ ਹਨ, ਸਾਡਾ ਮਿੱਤਰ ਉਹ ਹੈ ਜੋ ਸਾਡਾ ਸਤਿਸੰਗੀ ਹੈ:
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥੧॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥੧॥ਰਹਾਉ॥ (ਪੰਨਾ 345)
ਅਗਲਾ ਸ਼ਬਦ ਵੀ ਗਉੜੀ ਰਾਗ ਵਿਚੋਂ ਹੈ ਜਿਸ ਵਿਚ ਭਗਤ ਰਵਿਦਾਸ ਗੁਰਮੁਖਾਂ ਨੂੰ ਵਣਜ ਕਰਨ ਵਾਲੇ ਕਾਫਲੇ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਉਂਦੇ ਹਨ ਕਿ ਜੇ ਮੈਨੂੰ ਅਕਾਲ ਪੁਰਖ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਗੁਰਮੁਖਿ ਮਿਲ ਜਾਵੇ ਤਾਂ ਮੇਰਾ ਮਾਲ ਵੀ ਲੱਦਿਆ ਜਾਵੇ ਅਤੇ ਮੇਰਾ ਵੀ ਪ੍ਰਭੂ ਸਿਮਰਨ ਕਰਨ ਲਈ ਇੱਕ ਕਾਫਲਾ ਬਣ ਜਾਵੇ। (ਇੱਥੇ ਵੀ ਉਸ ਪਰੰਪਰਾ ਨੂੰ ਨਕਾਰਨਾ ਸ਼ਾਮਲ ਹੈ ਜਿਸ ਅਨੁਸਾਰ ਏਕਾਂਤ-ਵਾਸ ਵਿਚ ਇਕੱਲਿਆਂ ਤਪ-ਸਾਧਨਾ ਕਰਕੇ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ)।
ਭਗਤ ਜੀ ਬਿਆਨ ਕਰਦੇ ਹਨ ਕਿ ਪਰਮਾਤਮਾ ਦੇ ਨਾਮ ਸਿਮਰਨ ਦੇ ਵਣਜ ਦਾ ਰਸਤਾ ਕੋਈ ਸੌਖਾ ਨਹੀਂ ਹੈ। ਜਿਸ ਰਸਤੇ ਤੋਂ ਇਹ ਕਾਫਲਾ ਲੰਘਣਾ ਹੈ, ਉਸ ਦਾ ਰਸਤਾ ਮੁਸ਼ਕਲਾਂ ਭਰਿਆ, ਪਹਾੜੀ ਰਸਤਾ ਹੈ ਅਤੇ ਮੇਰਾ ਮਨ ਰੂਪੀ ਬਲਦ ਬਹੁਤ ਕਮਜ਼ੋਰ ਹੈ। ਉਹ ਅਰਦਾਸ ਕਰਦੇ ਹਨ ਕਿ ਪਰਮਾਤਮਾ ਉਨ੍ਹਾਂ ਦੇ ਮਨ ਨੂੰ ਸਿਮਰਨ ਕਰਨ ਦੀ ਸ਼ਕਤੀ ਬਖਸ਼ੇ। ਉਹ ਅੱਗੇ ਦੱਸਦੇ ਹਨ ਕਿ ਉਹ ਪਰਮਾਤਮ-ਨਾਮ ਦੇ ਵਪਾਰੀ ਹਨ ਅਤੇ ਇਸ ਵਿਚੋਂ ਸਹਿਜ ਰੂਪੀ ਖੱਟੀ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਪਰਮਾਤਮਾ ਦੀ ਮਿਹਰ ਨਾਲ ਨਾਮ ਦਾ ਸੌਦਾ ਲਿਆ ਹੈ ਪਰ ਦੁਨੀਆਂ ਨੇ ਮਾਇਆ ਰੂਪੀ ਜ਼ਹਿਰ ਦਾ ਸੌਦਾ ਕੀਤਾ ਹੈ। ਪਰੰਪਰਕ ਧਾਰਨਾ ਅਨੁਸਾਰ ਚਿਤ੍ਰ-ਗੁਪਤ ਮਨੁੱਖਾਂ ਦੇ ਕੀਤੇ ਚੰਗੇ-ਮੰਦੇ ਕਰਮਾਂ ਦਾ ਹਿਸਾਬ ਰੱਖਦੇ ਹਨ। ਭਗਤ ਰਵਿਦਾਸ ਉਨ੍ਹਾਂ ਨੂੰ ਸੰਬੋਧਨ ਕਰਦੇ ਹਨ ਕਿ ਉਨ੍ਹਾਂ ਦੇ ਕੀਤੇ ਕਰਮਾਂ ਦਾ ਜੋ ਮਰਜ਼ੀ ਹਿਸਾਬ ਲਿਖ ਲੈਣ, ਉਨ੍ਹਾਂ ਨੂੰ ਕੁਝ ਵੀ ਨਹੀਂ ਲੱਭਣਾ ਕਿਉਂਕਿ ਪਰਮਾਤਮਾ ਦੀ ਮਿਹਰ ਨਾਲ ਉਨ੍ਹਾਂ ਨੇ ਸਾਰੇ ਜੰਜਾਲ ਛੱਡ ਦਿੱਤੇ ਹਨ। ਇਸ ਲਈ ਉਨ੍ਹਾਂ ਨੂੰ ਮੌਤ ਜਾਂ ਜਮਾਂ ਦਾ ਕੋਈ ਡਰ ਨਹੀਂ ਹੈ। ਉਹ ਆਪਣੇ ਆਪ ਨੂੰ ਆਪਣੀ ਨੀਵੀਂ ਕਹੀ ਜਾਣ ਵਾਲੀ ਜਾਤ ਦੇ ਰੂਪ ਵਿਚ ਸੰਬੋਧਨ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਹੁਣ ਭਰੋਸਾ ਹੋ ਗਿਆ ਹੈ ਕਿ ਸੰਸਾਰ ਦਾ ਰੰਗ ਕਸੁੰਭੇ ਵਰਗਾ ਹੈ ਜੋ ਕੱਚਾ ਹੈ, ਅਤੇ ਪਰਮਾਤਮਾ ਦੇ ਨਾਮ ਦਾ ਰੰਗ ਮਜੀਠ ਦੀ ਤਰ੍ਹਾਂ ਪੱਕਾ ਹੈ ਜੋ ਕਦੇ ਵੀ ਜਾਂਦਾ ਨਹੀਂ। ਭਾਵ ਸਤਿਸੰਗਤ ਵਿਚ ਜਾਇਆਂ ਪਰਮਾਤਮਾ ਦੇ ਨਾਮ ਸਿਮਰਨ ਰਾਹੀਂ ਮਨੁੱਖ ਆਪਣੇ ਕੀਤੇ ਕਰਮਾਂ ਵਿਚ ਸੁਧਾਰ ਕਰ ਸਕਦਾ ਹੈ:
ਘਟ ਅਵਘਟ ਡੂਗਰ ਘਣਾ
ਇਕੁ ਨਿਰਗੁਣੁ ਬੈਲੁ ਹਮਾਰ॥
ਰਮਈਏ ਇਕ ਬੇਨਤੀ ਮੇਰੀ
ਪੂੰਜੀ ਰਾਖੁ ਮੁਰਾਰਿ॥੧॥
ਕੋ ਬਨਜਾਰੋ ਰਾਮ ਕੋ
ਮੇਰਾ ਟਾਂਡਾ ਲਾਦਿਆ ਜਾਇ ਰੇ॥੧॥ਰਹਾਉ॥
ਹਉ ਬਨਜਾਰੋ ਰਾਮ ਕੋ
ਸਹਜ ਕਰਉ ਬ੍ਹਾਪਾਰੁ॥
ਮੈ ਰਾਮ ਨਾਮ ਧਨੁ ਲਾਦਿਆ
ਬਿਖੁ ਲਾਦੀ ਸੰਸਾਰਿ॥੨॥
ਉਰਵਾਰ ਪਾਰ ਕੇ ਦਾਨੀਆ
ਲਿਖਿ ਲੇਹੁ ਆਲ ਪਤਾਲੁ॥
ਮੋਹਿ ਜਮ ਡੰਡੁ ਨ ਲਾਗਈ
ਤਜੀਲੇ ਸਰਬ ਜੰਜਾਲ॥੩॥
ਜੈਸਾ ਰੰਗੁ ਕਸੁੰਭ ਕਾ
ਤੈਸਾ ਇਹੁ ਸੰਸਾਰੁ॥
ਮੇਰੇ ਰਮਈਏ ਰੰਗੁ ਮਜੀਠ ਕਾ
ਕਹੁ ਰਵਿਦਾਸ ਚਮਾਰ॥੪॥੧॥ (ਪੰਨਾ 345-46)
ਭਗਤ ਰਵਿਦਾਸ ਮਾਇਆ ‘ਚ ਗ੍ਰਸੇ ਮਨ ਦੀ ਖੂਹ ਦੇ ਡੱਡੂਆਂ ਨਾਲ ਤੁਲਨਾ ਕਰਦਿਆਂ ਕਹਿੰਦੇ ਹਨ, ਜਿਸ ਤਰ੍ਹਾਂ ਖੂਹ ਡੱਡੂਆਂ ਨਾਲ ਭਰਿਆ ਹੁੰਦਾ ਹੈ ਅਤੇ ਉਨ੍ਹਾਂ ਨੂੰ ਖੂਹ ਦੇ ਬਾਹਰਲੇ ਸੰਸਾਰ ਦੀ ਕੋਈ ਸਮਝ ਨਹੀਂ ਹੁੰਦੀ ਕਿ ਇਸ ਤੋਂ ਬਾਹਰ ਵੀ ਕੋਈ ਸੰਸਾਰ ਵੱਸਦਾ ਹੈ; ਇਸੇ ਤਰ੍ਹਾਂ ਮੇਰੇ ਮਾਇਆ ਨਾਲ ਭਰੇ ਮਨ ਨੂੰ ਇਸ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਪਤਾ ਲੱਗਦਾ। ਉਹ ਪਰਮਾਤਮਾ ਦੇ ਦੀਦਾਰ ਲਈ ਮਿਹਰ ਕਰਨ ਦੀ ਬੇਨਤੀ ਕਰਦੇ ਹਨ ਜੋ ਇਸ ਸਾਰੇ ਬ੍ਰਹਿਮੰਡ ਨੂੰ ਸਿਰਜਣ ਵਾਲਾ ਅਤੇ ਇਸ ਦਾ ਮਾਲਕ ਹੈ।
ਭਗਤਿ ਰਵਿਦਾਸ ਅਨੁਸਾਰ ਮਨੁੱਖ ਦੀ ਮਤਿ-ਬੁਧਿ ਵਿਕਾਰਾਂ ਨਾਲ ਮੈਲੀ ਹੋ ਜਾਂਦੀ ਹੈ ਜਿਸ ਕਰਕੇ ਪਰਮਾਤਮਾ ਦੀ ਗਤੀ ਦੀ ਪਛਾਣ ਨਹੀਂ ਆਉਂਦੀ। ਇਸ ਰੱਬੀ-ਗਤੀ ਦੀ ਸਮਝ ਉਦੋਂ ਆਉਂਦੀ ਹੈ ਜਦੋਂ ਮਨੁੱਖ ਦੇ ਮਨੋਂ ਭਰਮ ਦਾ ਪਰਦਾ ਹਟ ਜਾਂਦਾ ਹੈ ਤੇ ਪਰਮਾਤਮ-ਮਿਹਰ ਨਾਲ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਮਨੁੱਖ ਚੰਗੀ ਮਤਿ ਪ੍ਰਾਪਤ ਕਰ ਲੈਂਦਾ ਹੈ। ਇਸੇ ਲਈ ਚੰਗੀ ਮਤਿ ਬੁਧਿ ਵਾਸਤੇ ਅਰਦਾਸ ਕੀਤੀ ਹੈ। ਪਰਮਾਤਮਾ ਦੇ ਗੁਣ ਬੇਅੰਤ, ਅਪਰੰਪਾਰ ਹਨ ਜਿਨ੍ਹਾਂ ਦੀ ਥਾਹ ਕਠਿਨ ਤਪੱਸਿਆ ਜਾਂ ਯੋਗ ਕ੍ਰਿਆਵਾਂ ਨਾਲ ਨਹੀਂ ਪਾਈ ਜਾ ਸਕਦੀ। ਭਗਤ ਜੀ ਖੁਦ ਨੂੰ ਕਹਿੰਦੇ ਹਨ ਕਿ ਤੂੰ ਉਸ ਪਰਵਦਗਾਰ ਦੀ ਸਿਫਤਿ-ਸਾਲਾਹ ਕਰ ਤਾਂ ਕਿ ਤੈਨੂੰ ਉਸ ਦੀ ਪ੍ਰੇਮਾ ਭਗਤੀ ਦੀ ਦਾਤ ਮਿਲ ਜਾਵੇ:
ਕੂਪੁ ਭਰਿਓ ਜੈਸੇ ਦਾਦਿਰਾ
ਕਛੁ ਦੇਸੁ ਬਿਦੇਸੁ ਨ ਬੂਝ॥
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ
ਕਛੁ ਆਰਾ ਪਾਰੁ ਨ ਸੂਝ॥੧॥
ਸਗਲ ਭਵਨ ਕੇ ਨਾਇਕਾ
ਇਕੁ ਛਿਨੁ ਦਰਸੁ ਦਿਖਾਇ ਜੀ॥੧॥ਰਹਾਉ॥
ਮਲਿਨ ਭਈ ਮਤਿ ਮਾਧਵਾ
ਤੇਰੀ ਗਤਿ ਲਖੀ ਨ ਜਾਇ॥
ਕਰਹੁ ਕ੍ਰਿਪਾ ਭ੍ਰਮੁ ਚੂਕਈ
ਮੈ ਸੁਮਤਿ ਦੇਹੁ ਸਮਝਾਇ॥੨॥
ਜੋਗੀਸਰ ਪਾਵਹਿ ਨਹੀ
ਤੁਅ ਗੁਣ ਕਥਨੁ ਅਪਾਰ॥
ਪ੍ਰੇਮ ਭਗਤਿ ਕੈ ਕਾਰਣੈ
ਕਹੁ ਰਵਿਦਾਸ ਚਮਾਰ॥੩॥ (ਪੰਨਾ 346)