ਗੁਰਿੰਦਰ ਭਰਤਗੜ੍ਹੀਆ
‘ਮੇਰੇ ਰਾਜ ਦਾ ਹਰ ਬੁੱਢਾ ਮੇਰੇ ਲਈ ਸ਼ਹਿਨਸ਼ਾਹ ਸੁਲਤਾਨ ਗਿਆਸੂਦੀਨ ਤੁਗਲਕ (ਪਿਤਾ), ਹਰ ਨੌਜਵਾਨ ਬਰਹਾਮ ਖਾਨ (ਭਰਾ) ਅਤੇ ਹਰ ਬਾਲਕ ਮੇਰੇ ਪੁੱਤਰ ਦੀ ਜਗ੍ਹਾ ਹੈ’ ਕਹਿਣ ਵਾਲਾ ਸੁਲਤਾਨ ਮੁਹੰਮਦ ਇਬਨੇ-ਤੁਗਲਕ ਸ਼ਾਹ, ਭਾਵ, ਮੁਹੰਮਦ ਤੁਗਲਕ ਜਿਸ ਨੂੰ ਇਤਿਹਾਸ ‘ਪਾਗਲ ਬਾਦਸ਼ਾਹ’ ਦੇ ਨਾਂ ਨਾਲ ਜਾਣਦਾ ਹੈ, ਇਤਨਾ ਨਿਰਦਈ ਅਤੇ ਜ਼ਾਲਮ ਹੋ ਗਿਆ ਸੀ ਕਿ ਉਸ ਦੇ ਸਮਕਾਲੀ ਇਤਿਹਾਸਕਾਰ ਜ਼ਿਆਊਦੀਨ ਬਰਨੀ ਦਾ ਕਹਿਣਾ ਸੀ ਕਿ ਕੋਈ ਦਿਨ ਜਾਂ ਹਫਤਾ ਅਜਿਹਾ ਨਹੀਂ ਸੀ ਲੰਘਦਾ ਜਦੋਂ ਉਸ ਦੇ ਮਹਿਲ ਦੇ ਦਰਵਾਜ਼ੇ ‘ਤੇ ਖੂਨ ਦੀ ਨਦੀ ਨਾ ਵਗੀ ਹੋਵੇ।
ਮੁਹੰਮਦ ਤੁਗਲਕ ਦੋ ਗੱਲਾਂ ਲਈ ਦੂਰ-ਦੂਰ ਤੱਕ ਮਸ਼ਹੂਰ ਸੀ। ਇਕ ਤਾਂ ਅਜਿਹਾ ਕੋਈ ਦਿਨ ਨਹੀਂ ਜਾਂਦਾ ਸੀ, ਜਦੋਂ ਉਹ ਕਿਸੇ ਗਰੀਬ ਨੂੰ ਖੁੱਲ੍ਹੇ ਹੱਥੀਂ ਦਾਨ ਦੇ ਕੇ ਅਮੀਰ ਨਾ ਬਣਾ ਦਿੰਦਾ ਹੋਵੇ ਅਤੇ ਦੂਜਾ ਕਿਸੇ ਨਾ ਕਿਸੇ ਨੂੰ ਮੌਤ ਦੀ ਸਜ਼ਾ ਦੇ ਕੇ ਕਤਲ ਨਾ ਕਰਵਾ ਦਿੰਦਾ ਹੋਵੇ। ਉਸ ਦੇ ਦਰਬਾਰ ਵਿਚ ਆਉਣ ਵਾਲੇ ਇਤਿਹਾਸਕਾਰ ਯਾਤਰੀ ਇਬਨੇ ਬਤੂਤਾ ਦਾ ਕਹਿਣਾ ਸੀ, “ਇਕ ਦਿਨ ਮੈਂ ਘੋੜੇ ‘ਤੇ ਦਰਬਾਰ ਆ ਰਿਹਾ ਸੀ, ਮਹਿਲ ਦੇ ਦਰਵਾਜ਼ੇ ‘ਤੇ ਆ ਕੇ ਮੇਰਾ ਘੋੜਾ ਭੜਕ ਗਿਆ। ਮੈਂ ਦੇਖਿਆ ਕਿ ਮਹਿਲ ਦੇ ਦਰਵਾਜ਼ੇ ‘ਤੇ ਇਕ ਆਦਮੀ ਦੀ ਲਾਸ਼ ਦੇ ਤਿੰਨ ਟੁਕੜੇ ਪਏ ਸਨ। ਲੋਕਾਂ ਨੇ ਮੈਨੂੰ ਦੱਸਿਆ ਅਤੇ ਬਾਅਦ ਵਿਚ ਮੈਂ ਖੁਦ ਦੇਖਿਆ ਕਿ ਤੁਗਲਕ ਜਿਸ ਨੂੰ ਵੀ ਮੌਤ ਦੀ ਸਜ਼ਾ ਸੁਣਾਉਂਦਾ ਸੀ, ਉਸ ਨੂੰ ਆਪਣੇ ਮਹਿਲ ਦੇ ਦਰਵਾਜ਼ੇ ‘ਤੇ ਕਤਲ ਕਰਵਾ ਦਿੰਦਾ ਸੀ ਅਤੇ ਲਾਸ਼ ਨੂੰ ਤਿੰਨ ਦਿਨਾਂ ਤੱਕ ਉਥੇ ਹੀ ਪਈ ਰਹਿਣ ਦਿੰਦਾ, ਤਾਂ ਕਿ ਲੋਕ ਉਸ ਨੂੰ ਦੇਖਣ ਅਤੇ ਸਬਕ ਲੈਣ।”
ਮੌਤ ਦੀ ਸਜ਼ਾ ਤੋਂ ਵੀ ਭਿਆਨਕ ਸਨ, ਉਸ ਵੱਲੋਂ ਦਿੱਤੇ ਜਾਣ ਵਾਲੇ ਤਸੀਹੇ। ਉਹ ਅਜਿਹੇ ਤਸੀਹੇ ਦਿੰਦਾ ਕਿ ਦੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ। ਇਸ ਲਈ ਲੋਕ ਉਸ ਦੇ ਤਸੀਹੇ ਸਹਿਣ ਨਾਲੋਂ ਮਰ ਜਾਣਾ ਬਿਹਤਰ ਸਮਝਦੇ। ਉਹ ਕਿਸੇ ‘ਤੇ ਜਿਹੜਾ ਵੀ ਇਲਜ਼ਾਮ ਲਾਉਂਦਾ, ਤਸੀਹੇ ਦੇ ਕੇ ਕਬੂਲ ਕਰਵਾ ਲੈਂਦਾ ਅਤੇ ਫਿਰ ਮੌਤ ਦੀ ਸਜ਼ਾ ਦੇ ਦਿੰਦਾ। ਇਸ ਲਈ ਲੋਕ ਆਪਣੇ ਉਤੇ ਤੁਗਲਕ ਵੱਲੋਂ ਲਾਏ ਝੂਠੇ ਇਲਜ਼ਾਮ ਵੀ ਸਹਿਜੇ ਹੀ ਕਬੂਲ ਕਰ ਲੈਂਦੇ ਸਨ।
ਇਕ ਵਾਰ ਉਸ ਨੂੰ ਸ਼ੱਕ ਹੋ ਗਿਆ ਕਿ ਉਸ ਦਾ ਮਤਰੇਆ ਭਰਾ ਮਸਊਦ ਖਾਂ ਉਸ ਖਿਲਾਫ ਵਿਦਰੋਹ ਕਰਨਾ ਚਾਹੁੰਦਾ ਹੈ, ਜਦਕਿ ਅਜਿਹੀ ਕੋਈ ਗੱਲ ਨਹੀਂ ਸੀ। ਉਸ ਨੇ ਮਸਊਦ ਖਾਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ। ਉਹ ਉਸ ਵੱਲੋਂ ਦਿੱਤੇ ਜਾਣ ਵਾਲੇ ਤਸੀਹਿਆਂ ਨੂੰ ਜਾਣਦਾ ਸੀ ਤੇ ਉਹਨੇ ਇਹੀ ਠੀਕ ਸਮਝਿਆ ਕਿ ਉਹ ਆਪਣੇ ਉਪਰ ਲਾਏ ਝੂਠੇ ਇਲਜ਼ਾਮ ਕਬੂਲ ਕਰ ਲਵੇ ਅਤੇ ਉਸ ਨੇ ਅਜਿਹਾ ਹੀ ਕੀਤਾ। ਤੁਗਲਕ ਨੇ ਉਸ ਨੂੰ ਬਾਜ਼ਾਰ ਵਿਚ ਖੜ੍ਹਾ ਕਰਵਾ ਕੇ ਸਿਰ ਕਟਵਾ ਦਿੱਤਾ। ਨਿਯਮ ਅਨੁਸਾਰ ਉਸ ਦੀ ਲਾਸ਼ ਤਿੰਨ ਦਿਨ ਉਥੇ ਪਈ ਰਹੀ। ਇਸੇ ਤਰ੍ਹਾਂ ਦੋ ਸਾਲ ਪਹਿਲਾਂ ਝੂਠਾ ਇਲਜ਼ਾਮ ਲਾ ਕੇ ਮਸਊਦ ਖਾਂ ਦੀ ਮਾਂ ਜਿਹੜੀ ਸੁਲਤਾਨ ਗਿਆਸੂਦੀਨ ਦੀ ਧੀ ਸੀ, ਦੀ ਇਸੇ ਜਗ੍ਹਾ ਪੱਥਰ ਮਾਰ-ਮਾਰ ਕੇ ਹੱਤਿਆ ਕਰਵਾ ਦਿੱਤੀ ਗਈ ਸੀ।
ਜ਼ਾਲਮ ਬਣਨ ਪਿੱਛੇ ਉਸ ਦੀਆਂ ਕਈ ਇਛਾਵਾਂ ਕੰਮ ਕਰ ਰਹੀਆਂ ਸਨ। ਇਕ ਪਾਸੇ ਉਹ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਨਸ਼ਾਹ ਬਣਨਾ ਚਾਹੁੰਦਾ ਸੀ, ਦੂਜੇ ਪਾਸੇ ਉਸ ਅੰਦਰ ਸਭ ਤੋਂ ਵੱਡਾ ਦਾਨੀ ਅਤੇ ਇਨਸਾਫ ਪਸੰਦ ਬਣਨ ਦੀ ਵੀ ਲਾਲਸਾ ਸੀ। ਆਪਣੀਆਂ ਇਨ੍ਹਾਂ ਇਛਾਵਾਂ ਦੀ ਪੂਰਤੀ ਲਈ ਉਹ ਨਵੇਂ ਤੋਂ ਨਵੇਂ ਹੁਕਮ ਕੱਢਦਾ ਰਹਿੰਦਾ। ਕਦੇ-ਕਦੇ ਤਾਂ ਉਹ ਇਕ ਦਿਨ ਵਿਚ ਸੌ-ਸੌ ਦੋ-ਦੋ ਸੌ ਫਰਮਾਨ ਇਕੱਠੇ ਹੀ ਜਾਰੀ ਕਰ ਦਿਆ ਕਰਦਾ ਸੀ।
ਸਜ਼ਾ ਦੇਣ ਵਿਚ ਮੁਹੰਮਦ ਤੁਗਲਕ ਕਿਸੇ ਦਾ ਵੀ ਲਿਹਾਜ਼ ਨਹੀਂ ਸੀ ਕਰਦਾ, ਚਾਹੇ ਵੱਡੇ ਤੋਂ ਵੱਡਾ ਅਧਿਕਾਰੀ ਹੋਵੇ, ਮੁੱਲਾ-ਮੌਲਵੀ ਜਾਂ ਪਹੁੰਚਿਆ ਹੋਇਆ ਸਿੱਧ-ਪ੍ਰਸਿੱਧ, ਸਾਧੂ-ਸੰਤ ਜਾਂ ਫਕੀਰ, ਹਿੰਦੂ ਹੋਵੇ ਜਾਂ ਮੁਸਲਮਾਨ। ਸ਼ੇਖ ਸ਼ਿਹਾਬੂਦੀਨ ਬਹੁਤ ਵੱਡੇ ਸ਼ੇਖ ਅਤੇ ਪ੍ਰਸਿੱਧ ਸੰਤ ਸਨ ਜਿਨ੍ਹਾਂ ਕੋਲ ਪਹਿਲਾਂ ਸੁਲਤਾਨ ਕੁਤਬਦੀਨ ਅਤੇ ਗਿਆਸੂਦੀਨ ਅਸ਼ੀਰਵਾਦ ਲੈਣ ਜਾਂਦੇ ਹੁੰਦੇ ਸਨ। ਇਕ ਵਾਰ ਮੁਹੰਮਦ ਤੁਗਲਕ ਨੇ ਚਾਹਿਆ ਕਿ ਸ਼ੇਖ ਸ਼ਿਹਾਬੂਦੀਨ ਉਸ ਦੇ ਦਰਬਾਰ ਦੇ ਅਧਿਕਾਰੀ ਬਣ ਜਾਣ, ਪਰ ਸ਼ੇਖ ਸਾਹਿਬ ਤਾਂ ਫਕੀਰ ਆਦਮੀ ਸਨ, ਉਨ੍ਹਾਂ ਨੇ ਇਸ ਦੁਨੀਆਂਦਾਰੀ ਦੇ ਝਮੇਲੇ ਵਿਚ ਪੈਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਤੁਗਲਕ ਨੂੰ ਇਤਨਾ ਗੁੱਸਾ ਆਇਆ ਕਿ ਉਸ ਨੇ ਇਕ ਹੋਰ ਪ੍ਰਸਿੱਧ ਸੰਤ ਸ਼ੇਖ ਜ਼ਿਆਊਦੀਨ ਸਿਮਨਾਨੀ ਨੂੰ ਹੁਕਮ ਦਿੱਤਾ ਕਿ ਉਹ ਉਸ ਦੀ ਦਾੜ੍ਹੀ ਪੁੱਟ ਦੇਵੇ। ਜ਼ਿਆਊਦੀਨ ਐਨੇ ਵੱਡੇ ਸੰਤ ਦਾ ਅਪਮਾਨ ਕਿਵੇਂ ਕਰ ਸਕਦੇ ਸਨ, ਇਸ ਲਈ ਉਨ੍ਹਾਂ ਨੇ ਅਜਿਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ‘ਤੇ ਤੁਗਲਕ ਨੇ ਗੁੱਸੇ ਹੋ ਕੇ ਦਰਬਾਰੀਆਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਦੋਵਾਂ ਦੀਆਂ ਦਾੜ੍ਹੀਆਂ ਪੱਟ ਦਿੱਤੀਆਂ ਜਾਣ। ਡਰੇ ਹੋਏ ਦਰਬਾਰੀਆਂ ਨੇ ਨਾ ਚਾਹੁੰਦੇ ਹੋਏ ਵੀ ਸੰਤਾਂ ਦੀਆਂ ਦਾੜ੍ਹੀਆਂ ਪੱਟ ਕੇ ਆਪਣੀ ਜਾਨ ਬਚਾਈ।
ਵਿਦਰੋਹੀਆਂ ਦੇ ਤਾਂ ਉਸ ਨੇ ਸਮੂਹਾਂ ਦੇ ਸਮੂਹ ਫੜ ਕੇ ਹਜ਼ਾਰਾਂ ਦੀ ਗਿਣਤੀ ਵਿਚ ਕਤਲ ਕਰਵਾਏ। ਇਕ ਵਾਰ ਉਸ ਨੇ ਆਪਣੀ ਹੀ ਸੈਨਾ ਦੇ 350 ਸੈਨਿਕਾਂ ਦੀ ਇਕੱਠਿਆਂ ਹੀ ਹੱਤਿਆ ਕਰਵਾ ਦਿੱਤੀ ਸੀ। ਹੋਇਆ ਇੰਜ ਕਿ ਇਕ ਵਾਰ ਉਸ ਨੇ ਆਪਣੇ ਇਕ ਮਲਿਕ, ਯੂਸਫ਼ ਬੁਗਰਾ ਦੇ ਅਧੀਨ ਦਿੱਲੀ ਤੋਂ ਸੈਨਾ ਭੇਜਣ ਦਾ ਹੁਕਮ ਦਿੱਤਾ। ਯੂਸਫ਼ ਕਾਫੀ ਵੱਡੀ ਸੈਨਾ ਲੈ ਕੇ ਚੱਲ ਪਿਆ, ਪਰ ਕੁਝ ਸੈਨਿਕ ਤੁਰੰਤ ਨਹੀਂ ਜਾ ਸਕੇ। ਤੁਗਲਕ ਨੇ ਹੁਕਮ ਦੇ ਕੇ ਜੰਗ ‘ਤੇ ਨਾ ਜਾ ਸਕਣ ਵਾਲੇ ਸੈਨਿਕਾਂ ਨੂੰ ਫੜ ਲਿਆ। ਇਨ੍ਹਾਂ 350 ਸੈਨਿਕਾਂ ਨੂੰ ਤੁਗਲਕ ਨੇ ਆਪਣੇ ਮਹਿਲ ਦੇ ਸਾਹਮਣੇ ਇਕੱਠਿਆਂ ਨੂੰ ਹੀ ਕਤਲ ਕਰਵਾ ਦਿੱਤਾ।