ਵਿਆਹ: ਫਕੀਰੀ

ਪ੍ਰੋ. ਪੂਰਨ ਸਿੰਘ ਦੀ ਪਤਨੀ ਮਾਇਆ ਦੇਵੀ ਦੀ ਕਲਮ ਤੋਂ
ਪੰਜਾਬ ਕਵਿਤਾ ਦਾ ਬੁਰਜ ਪ੍ਰੋæ ਪੂਰਨ ਸਿੰਘ (17 ਫਰਵਰੀ 1881-31 ਮਾਰਚ 1931) ਨਿਆਰਾ ਅਤੇ ਨਿਰਾਲਾ ਸੀ। ਉਸ ਵਰਗਾ ਦੁਨੀਆਂ ਵਿਚ ਕੋਈ ਹੋਰ ਨਹੀਂ। ਚੁੰਗੀਆਂ ਭਰਦੀ ਜ਼ਿੰਦਗੀ ਨਾਲ ਉਹ ਖਹਿ-ਖਹਿ ਕੇ ਲੰਘਦਾ ਰਿਹਾ। ਉਹਦੀਆਂ ਰਚਨਾਵਾਂ ਵਿਚ ਉਛਲਦੇ ਦਰਿਆਵਾਂ ਵਾਲਾ ਵੇਗ ਅਤੇ ਅੰਬਰ ਜਿੱਡਾ ਖੁੱਲ੍ਹਾਪਣ ਝਾਤੀਆਂ ਮਾਰਦਾ ਹੈ। ਇਥੇ ਅਸੀਂ ਆਪਣੇ ਪਾਠਕਾਂ ਲਈ ਉਨ੍ਹਾਂ ਦੀ ਪਤਨੀ ਮਾਇਆ ਦੇਵੀ ਵੱਲੋਂ ਵਿਆਹ ਬਾਰੇ ਲਿਖਿਆ ਬਿਰਤਾਂਤ ਸਾਂਝਾ ਕਰ ਰਹੇ ਹਾਂ।

-ਸੰਪਾਦਕ
ਸਾਡੇ ਘਰ ਵਿਚ ਕਥਾ, ਧਰਮ, ਨੇਮ ਦਾ ਬਹੁਤ ਪ੍ਰਚਾਰ ਸੀ। ਇਸ ਵਾਸਤੇ ਬਚਪਨ ਤੋਂ ਹੀ ਕਥਾ ਵਾਰਤਾ ਤੇ ਸਤੀਆਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਜਦ ਮੈਂ ਪਾਰਬਤੀ ਦੀ ਕਥਾ ਸੁਣਨੀ, ਉਸ ਨੇ ਕਿਸ ਤਰ੍ਹਾਂ ਸ਼ਿਵ ਜੀ ਨਾਲ ਵਿਆਹ ਕਰਨ ਦਾ ਨੇਮ ਧਾਰਨ ਕੀਤਾ ਸੀ, ਤਾਂ ਮੈਨੂੰ ਇਹ ਕਥਾ ਬਹੁਤ ਅੱਛੀ ਲੱਗਣੀ। ਮੈਂ ਬਚਪਨ ਤੋਂ ਦੇਵੀ ਅਤੇ ਪਾਰਬਤੀ ਦੀ ਪੂਜਾ ਕਰਦੀ ਹੁੰਦੀ ਸਾਂ। ਮੇਰੇ ਲਾਲਾ ਜੀ ਨੇ ਦਸ ਬਰਸ ਦੀ ਉਮਰ ਵਿਚ ਮੇਰੀ ਮੰਗਣੀ ਪੂਰਨ ਸਿੰਘ ਨਾਲ ਕਰ ਦਿਤੀ ਸੀ। ਬਸ ਮੈਂ ਇਹੀ ਧਾਰਨਾ ਧਾਰ ਲੀਤੀ ਕਿ ਮੇਰਾ ਪਤੀ ਪੂਰਨ ਸਿੰਘ ਹੈ, ਤੇ ਇਸੇ ਧਿਆਨ ਵਿਚ ਮਗਨ ਰਹਿੰਦੀ ਸਾਂ। ਇਸੀ ਅਰਸੇ ਵਿਚ ਪੂਰਨ ਸਿੰਘ ਜੀ ਦੀ ਪੜ੍ਹਾਈ ਦਾ ਬੰਦੋਬਸਤ ਮਾਪਿਆਂ ਨੇ ਲਾਹੌਰ ਕਰ ਦਿੱਤਾ। ਅਸੀਂ ਵੀ ਉਨ੍ਹਾਂ ਦਿਨਾਂ ਵਿਚ ਲਾਹੌਰ ਰਹਿੰਦੇ ਸਾਂ। ਉਹ ਸਾਡੇ ਘਰ ਔਂਦੇ ਜਾਂਦੇ। ਉਨ੍ਹਾਂ ਦਾ ਨਿਰਾਲਾਪਨ ਦੇਖ ਕੇ ਮੇਰੀ ਸ਼ਰਧਾ ਹੋਰ ਵਧਦੀ ਗਈ। ਗੱਲਾਂ ਕਰਨ ਦਾ ਢੰਗ ਅਜੀਬ ਸੀ ਅਤੇ ਉਨ੍ਹਾਂ ਦੀ ਖੂਬਸੂਰਤੀ ਦਾ ਬਿਆਨ ਨਹੀਂ ਹੋ ਸਕਦਾ। ਮੈਂ ਛੁਪ ਛੁਪ ਕੇ ਦੇਖਦੀ ਰਹਿੰਦੀ, ਪਰ ਆਹਮੋ-ਸਾਹਮਣੇ ਕਦੀ ਨਹੀਂ ਸਾਂ ਹੋਏ।
1900 ਵਿਚ ਬਰਾਦਰੀ ਵਾਲਿਆਂ (ਭਗਤ ਗੋਕਲ) ਨੇ ਦੋ ਹੋਣਹਾਰ ਲੜਕਿਆਂ ਨੂੰ ਜਾਪਾਨ ਭੇਜਣ ਲਈ ਚੁਣਿਆ। ਇਕ ਸਰਦਾਰ ਦਮੋਦਰ ਸਿੰਘ ਜੋ ਵੱਡੀ ਉਮਰ ਦੇ ਸਨ, ਦੂਜੇ ਛੋਟੀ ਉਮਰ ਵਾਲੇ ਪੂਰਨ ਸਿੰਘæææ ਜਾਪਾਨ ਜਾਣ ਤੋਂ ਪਹਿਲਾਂ ਸਾਨੂੰ ਮਿਲਣ ਲਈ ਅੰਮ੍ਰਿਤਸਰ ਦਰਬਾਰ ਸਾਹਿਬ ਆਏ। ਅਸੀਂ ਸਾਰੇ ਬੁੰਗੇ ਦੀ ਰੌਂਸ Ḕਤੇ ਬੈਠੇ ਸਾਂ। ਉਨ੍ਹਾਂ ਨੂੰ ਵੇਖ ਕੇ ਸਾਰੇ ਖਿੜ ਗਏ। ਮੇਰੀਆਂ ਭਣੇਵੀਆਂ ਨੱਚਣ ਲਗ ਪਈਆਂ। ਮੈਂ ਛੁਪ ਗਈ। ਉਸ ਵਕਤ ਇਹੋ ਰਿਵਾਜ ਸੀ। ਬੇਜੀ ਜੱਫੀ ਮਾਰ ਕੇ ਮਿਲੇ ਤੇ ਰੋ ਪਏ। ਕਹਿਣ ਲੱਗੇ, “ਤੂੰ ਕਦ ਆਵੇਂਗਾ? ਮੇਰੀ ਧੀ ਜਵਾਨ ਹੈ, ਜੇ ਤੇਰਾ ਸਹੁਰਾ ਜਿਉਂਦਾ ਹੁੰਦਾ, ਤੈਨੂੰ ਕਦੇ ਨਾ ਜਾਣ ਦੇਂਦਾ।” ਉਨ੍ਹਾਂ ਜਵਾਬ ਦਿੱਤਾ, “ਮੈਂ ਜਲਦੀ ਆ ਜਾਵਾਂਗਾ, ਤੁਹਾਡੀ ਧੀ ਵਾਸਤੇ ਖੂਬ ਕਮਾਵਾਂਗਾ।” ਤੇ ਉਹ ਜਾਪਾਨ ਪਹੁੰਚ ਕੇ ਮੇਰੇ ਭਰਾ ਭਗਤ ਸਾਈਂਦਾਸ ਨੂੰ ਖਤ ਲਿਖਦੇ ਰਹੇ, “ਆਪਣੀ ਭੈਣ ਨੂੰ ਜ਼ਰੂਰ ਪੜ੍ਹਾਈ ਕਰਵਾਈਂ।” ਪੜ੍ਹਾਈ ਦੇ ਗੁਣ ਤੇ ਅਨਪੜ੍ਹਤਾ ਦੇ ਔਗੁਣ ਲਿਖ ਕੇ ਵੀਹ ਵੀਹ ਪੰਝੀ ਪੰਝੀ ਸਫੇ ਭੇਜਦੇ ਸਨ, ਪਰ ਭਗਤ ਸਾਈਂਦਾਸ ਨੂੰ ਲੜਕੀਆਂ ਦਾ ਪੜ੍ਹਾਉਣਾ ਪਸੰਦ ਨਹੀਂ ਸੀ। ਉਹ ਕਹਿੰਦੇ ਸਨ, “ਅਨਪੜ੍ਹੀ ਜ਼ਨਾਨੀ, ਮਰਦ ਬਰਾਬਰ; ਤੇ ਪੜ੍ਹੀ ਜ਼ਨਾਨਾ ਖੁਦਾ ਬਰਾਬਰ। ਇਸ ਲਈ ਉਨ੍ਹਾਂ ਨੇ ਮੇਰੀ ਪੜ੍ਹਾਈ ਦਾ ਕੋਈ ਬੰਦੋਬਸਤ ਨਾ ਕੀਤਾ।
ਜਾਪਾਨ ਵਿਚ ਰਹਿੰਦਿਆਂ (1902 ਵਿਚ) ਆਪ ਨੂੰ ਟਾਈਫਾਈਡ ਹੋ ਗਿਆ। ਟਾਈਫਾਈਡ ਤੋਂ ਤੰਦਰੁਸਤ ਹੋ ਕੇ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਅਤੇ ਆਜ਼ਾਦੀ ਉਤੇ ਲੈਕਚਰ ਦੇਣੇ ਅਰੰਭ ਕਰ ਦਿੱਤੇ। ਜਾਪਾਨ ਵਿਚ ਅੰਗਰੇਜ਼ੀ ਅਖਬਾਰ Ḕਥੰਡਰਿੰਗ ਡਾਅਨḔ ਵੀ ਪ੍ਰਕਾਸ਼ਿਤ ਕੀਤਾ ਜਿਸ ਦਾ ਮਜ਼ਮੂਨ ਬਹੁਤ ਕਰ ਕੇ ਇਹ ਸੀ ਕਿ ਹਿੰਦੁਸਤਾਨ ਵਿਚ ਅੰਗਰੇਜ਼ ਕਿਸ ਕਦਰ ਇਨਸਾਨੀ ਆਜ਼ਾਦੀ ਨੂੰ ਕੁਚਲ ਰਹੇ ਹਨæææ ਇਨ੍ਹਾਂ ਹੀ ਖਿਆਲਾਂ ਨਾਲ ਜਾਪਾਨ ਤੋਂ ਵਾਪਸ ਆਏ। ਇਨ੍ਹਾਂ ਨੂੰ ਸਵਾਮੀ ਰਾਮ ਤੀਰਥ ਜੀ ਮਿਲੇ। ਫਿਰ ਕੀ ਸੀ! ਗੇਰੂਏ ਰੰਗ ਨੇ ਆ ਰੰਗ ਜਮਾਇਆ। ਸੰਨਿਆਸ ਧਾਰਨ ਕਰ ਲਿਆ। ਤੇ ਭਗਤ ਸਾਈਂ ਦਾਸ ਨੂੰ Ḕਪੂਰਨ ਸੰਨਿਆਸੀ’ ਦਾ ਖਤ ਆਇਆ, “ਮੈਂ ਸੰਨਿਆਸ ਧਾਰਨ ਕਰ ਲੀਤਾ ਹੈ, ਤੂੰ ਆਪਣੀ ਭੈਣ ਦਾ ਵਿਆਹ ਜਿੱਥੇ ਮਰਜ਼ੀ ਕਰ ਦੇ!”
ਇਹ ਖਬਰ ਬੇਜੀ ਨੂੰ ਭੂਚਾਲ ਵਾਂਗੂੰ ਹਿਲਾਣ ਲੱਗੀ। ਉਹ ਉਚੀ ਉਚੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗੇ। ਮਾਂ ਨੂੰ ਪਤਾ ਸੀ ਕਿ ਮੇਰੀ ਧੀ ਗੌਰੀ ਦੀ ਪੂਜਾ ਕਰਨ ਵਾਲੀ, ਕਿਵੇਂ ਕਿਸੇ ਹੋਰ ਨਾਲ ਵਿਆਹ ਕਰੇਗੀ?
ਭਗਤ ਸਾਈਂ ਦਾਸ ਵਰਾਂ ਲਈ ਨਾਂ ਲੈਣ ਲੱਗ ਪਏ। ਮੈਂ ਜੋ ਜਾਗ ਰਹੀ ਸਾਂ, ਬੋਲ ਪਈ, “ਮੇਰੀ ਸ਼ਾਦੀ ਉਸੇ ਵਕਤ ਹੋ ਗਈ, ਜਦ ਮੇਰੇ ਲਾਲਾ ਜੀ ਨੇ ਮੰਗਣੀ ਕੀਤੀ ਸੀ। ਇੰਨੇ ਵਰ੍ਹੇ ਮੈਂ ਉਸੇ ਦੀ ਪੂਜਾ ਕਰਦੀ ਰਹੀ ਹਾਂ। ਹੁਣ ਕਿਸੇ ਹੋਰ ਨਾਲ ਵਿਆਹ ਨਹੀਂ ਕਰਨਾ, ਤੇ ਤੁਸਾਂ ਜ਼ਬਰਦਸਤੀ ਕੀਤੀ, ਜਾਂ ਮੈਂ ਕੋਠੇ ਤੋਂ ਛਾਲ ਮਾਰ ਕੇ ਮਰ ਜਾਵਾਂਗੀ, ਤੇ ਜਾਂ ਮਿੱਟੀ ਦਾ ਤੇਲ ਪਾ ਕੇ ਸੜ ਜਾਵਾਂਗੀ।”
ਇਹ ਗੱਲ ਮੇਰੇ ਭਰਾ ਨੇ ਮੇਰੇ ਮੂੰਹੋਂ ਸੁਣੀ ਤਾਂ ਦੂਜੇ ਦਿਨ ਐਬਟਾਬਾਦ ਪੂਰਨ ਸਿੰਘ ਜੀ ਦੇ ਮਾਤਾ-ਪਿਤਾ ਨੂੰ ਖਤ ਲਿਖਿਆ ਤੇ ਉਨ੍ਹਾਂ ਦੇ ਪੁੱਤਰ ਦੇ ਖਤ ਦੀ ਨਕਲ ਵੀ ਨਾਲ ਘੱਲ ਦਿੱਤੀ। ਲਿਖਿਆ, “ਪੂਰਨ ਦਾ ਖਤ ਆਇਆ ਹੈ, ਉਸ ਨੇ ਸੰਨਿਆਸ ਧਾਰਨ ਕਰ ਲੀਤਾ ਹੈ। ਲਿਖਦਾ ਹੈ, ਆਪਣੀ ਭੈਣ ਦਾ ਵਿਆਹ ਜਿੱਥੇ ਮਰਜ਼ੀ ਕਰ ਲਵੋ। ਭੈਣ ਵਿਆਹ ਕਿਸੇ ਹੋਰ ਨਾਲ ਨਹੀਂ ਕਰਦੀ। ਬਹੁਤ ਲਾਚਾਰੀ ਹੈ। ਆਪ ਆਪਣੇ ਪੁੱਤਰ ਨੂੰ ਬੁਲਾਵੋ।”
ਆਪ ਜਾਪਾਨ ਤੋਂ ਆ ਕੇ ਹਾਲੀ ਕਲਕੱਤੇ ਵਿਚ ਹੀ ਸਨ। ਦੂਜੇ ਦਿਨ ਮਮਤਾ ਦੇ ਮਾਰੇ ਮਾਪੇ ਜਿਨ੍ਹਾਂ ਨੇ ਰੇਲ ਦਾ ਸਫਰ ਅੰਮ੍ਰਿਤਸਰ ਤੱਕ ਵੀ ਨਹੀਂ ਕੀਤਾ ਹੋਇਆ ਸੀ, ਪੁੱਤਰ ਦੇ ਪ੍ਰੇਮ ਦੀ ਡੋਰ ਨਾਲ ਬੰਨ੍ਹੇ, ਕਲਕੱਤੇ ਜਾਣ ਲਈ ਗੱਡੀ ਵਿਚ ਬੈਠ ਗਏ। ਪੁੱਤਰ ਨੂੰ ਲੱਭ ਲੀਤਾ। ਮਾਂ ਨੇ ਜਦ ਰੰਗ ਵਿਚ ਰੰਗੀਲੇ ਪੁੱਤਰ ਨੂੰ ਵੇਖਿਆ, ਜੱਫੀ ਮਾਰ ਕੇ ਰੋਣ ਲਗ ਪਈæææ।
ਮਾਂ ਸੰਨਿਆਸੀ ਪੁੱਤਰ ਨੂੰ ਲੈ ਕੇ ਐਬਟਾਬਾਦ ਪਹੁੰਚੀæææ ਭੈਣ ਨੂੰ ਲੜਕਾ ਹੋਇਆ ਸੀ, ਪਰ ਪ੍ਰਸੂਤ ਦੇ ਬੁਖਾਰ ਨਾਲ ਬਿਮਾਰ ਸੀ। ਭਰਾ ਨੇ ਉਸ ਦਾ ਸਿਰ ਆਪਣੇ ਗਲੇ ਨਾਲ ਲਾਇਆ, “ਦੱਸ ਗੰਗਾ, ਤੂੰ ਕੀ ਚਾਹੁੰਨੀ ਏ?” ਭੈਣ ਨੇ ਕਿਹਾ, “ਜਿਸ ਕੁੜੀ ਨਾਲ ਤੇਰੀ ਮੰਗਣੀ ਹੋਈ ਹੋਈ ਏ, ਉਸ ਨਾਲ ਵਿਆਹ ਕਰਨ ਦਾ ਇਕਰਾਰ ਕਰ!”
ਭਰਾ ਨੇ ਕਿਹਾ, “ਅੱਛਾ!” ਤੇ ਇਹ ਸੁਣਦਿਆਂ ਹੀ ਭੈਣ ਦੇ ਸਵਾਸ ਖਤਮ ਹੋ ਗਏ। ਪੰਛੀ ਉਡਾਰੀ ਮਾਰ ਗਿਆ। ਆਲ੍ਹਣਾ ਸੰਨਿਆਸੀ ਦੀ ਗੋਦ ਵਿਚ ਡਿੱਗ ਪਿਆæææ।
ਪੂਰਨ ਨੇ ਮਾਂ ਨੂੰ ਕਿਹਾ, “ਦੇਖ ਮਾਂ! ਮੈਂ ਪਹਿਲੇ ਲੜਕੀ ਨੂੰ ਮਿਲ ਕੇ ਫੇਰ ਵਿਆਹ ਕਰਾਂਗਾ।” ਮੇਰਾ ਭਰਾ ਸਾਈਂ ਦਾਸ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਕਿਹਾ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਵਿਆਹ ਤੋਂ ਪਹਿਲਾਂ ਲੜਕਾ ਲੜਕੀ ਨੂੰ ਮਿਲੇ।” ਸੋ ਪੂਰਨ ਸਿੰਘ ਜੀ ਮਾਂ ਨੂੰ ਕਹਿਣ ਲੱਗੇ, “ਬਸ ਫੈਸਲਾ ਹੋ ਗਿਆ, ਮੈਂ ਮਿਲੇ ਬਿਨਾ ਵਿਆਹ ਨਹੀਂ ਕਰਨਾ।” ਪਰ ਮਾਂ ਨੇ ਕਿਹਾ, “ਤੂੰ ਚਲ! ਕੁੜੀ ਜ਼ਰੂਰ ਤੈਨੂੰ ਮਿਲੇਗੀ, ਭਰਾ ਨੂੰ ਪਤਾ ਹੀ ਨਹੀਂ ਲੱਗੇਗਾ।”
ਮਾਂ ਪੁੱਤਰ ਨੂੰ ਪਿਸ਼ੌਰ ਲੈ ਆਈ। ਜਦ ਉਹ ਸਾਡੇ ਘਰ ਪਹੁੰਚੇ, ਮੇਰੀ ਉਸ ਵਕਤ ਜੈਸੀ ਹਾਲਤ ਸੀ, ਬਿਆਨ ਤੋਂ ਬਾਹਰ ਹੈ। ਕੰਬਣੀ ਲੱਗੀ ਹੋਈ ਸੀ। ਮੂੰਹੋਂ ਗੱਲ ਨਹੀਂ ਸੀ ਨਿਕਲਦੀ। ਮੇਰੇ ਕਮਰੇ ਵਿਚ ਸੱਸ ਨੇ ਆ ਕੇ ਕਿਹਾ, “ਤੈਨੂੰ ਪੂਰਨ ਮਿਲੇਗਾ, ਹੱਛੀ ਤਰ੍ਹਾਂ ਮਿਲੀਂ। ਛੁਪ ਨਾ ਜਾਈਂ!”
ਮੈਂ ਕਮਰੇ ਵਿਚ ਖੜ੍ਹੀ ਸਾਂ, ਉਹ ਅੰਦਰ ਆ ਗਏ। ਮੈਂ ਕੰਬਦੀ ਹੋਈ ਖੜ੍ਹੀ ਰਹੀ। ਉਹ ਕੁਝ ਦੇਰ ਖੜ੍ਹੇ ਹੋ ਕੇ ਬੋਲੇ, “ਅਸੀਂ ਤਾਂ ਫਕੀਰ ਹਾਂ, ਜੇ ਤੁਸਾਂ ਫਕੀਰ ਬਣਨਾ ਹੈ ਤਾਂ ਸ਼ਾਦੀ ਮੇਰੇ ਨਾਲ ਕਰੋ! ਮੰਗ ਕੇ ਲਿਔਣਾ ਪਵੇਗਾæææ।”
“ਮੈਂ ਲਿਆਵਾਂਗੀ।” ਮੈਂ ਕਿਹਾ, “ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ।”
“ਜੇ ਇਹ ਗੱਲ ਹੈ ਤਾਂ ਹੁਣੇ ਹੀ ਮੇਰੇ ਨਾਲ ਚੱਲੋ!” ਉਹ ਬੋਲੇ।
“ਏਡੇ ਵੱਡੇ ਦਾਦੇ ਦੀ ਪੋਤਰੀ ਹੋ ਕੇ ਇਹ ਕੰਮ ਨਹੀਂ ਕਰ ਸਕਦੀ।” ਮੈਂ ਉਤਰ ਦਿੱਤਾ, “ਵਿਆਹ ਕੇ ਭਾਵੇਂ ਫਕੀਰ ਬਣਾਓ, ਭਾਵੇਂ ਕੁਝ। ਮੇਰਾ ਫਰਜ਼ ਹੈ ਆਪ ਦੇ ਹੁਕਮ ਅਨੁਸਾਰ ਚੱਲਣਾ, ਤੇ ਚੱਲਾਂਗੀ।”
ਬਸ ਏਨੀਆਂ ਹੀ ਗੱਲਾਂ ਹੋਈਆਂ। ਮੈਂ ਏਸ ਵਿਚ ਖੁਸ਼ ਸਾਂ, ਕਿਵੇਂ ਫਕੀਰ ਬਣ ਘਰ ਘਰ ਅਲਖ ਜਗਾਵਾਂਗੇ। ਉਸ ਵਕਤ ਮੈਨੂੰ ਉਹ ਗਾਣਾ ਯਾਦ ਆ ਗਿਆ ਜੋ ਮੈਂ ਗੌਂਦੀ ਹੁੰਦੀ ਸਾਂ, Ḕਹਮ ਤੋਂ ਸੈਲਾਨੀ ਫਕੀਰ ਕੋਈ ਦਮ ਯਾਦ ਰਖੋਗੇæææ ਬਰਛੀ ਦਾ ਮਾਰਿਆ ਕੋਈ ਦਮ ਜੀਵੇ, ਨੈਣਾਂ ਦਾ ਮਾਰਿਆ ਫਕੀਰ, ਕੋਈ ਦਮ ਯਾਦ ਰੱਖੋਗੇ।Ḕ
ਮੈਂ ਸੋਚਿਆ, ਇਨ੍ਹਾਂ ਨੂੰ ਜ਼ਰੂਰ ਕਿਸੇ ਨੈਣਾਂ ਦੀ ਮਾਰ ਪਈ ਹੈ। ਮੈਨੂੰ ਵੀ ਇਹ ਨੈਣਾਂ ਦੀ ਮਾਰ ਮਾਰਨਗੇ, ਮੈਂ ਵੀ ਫਕੀਰ ਹੋ ਜਾਵਾਂਗੀ।
ਸਾਡਾ ਘਰ ਫਕੀਰਾਂ ਦਾ ਹੀ ਘਰ ਰਿਹਾ। ਉਨ੍ਹਾਂ ਬਾਰੇ ਲੋਕਾਂ ਬਹੁਤ ਗੀਤ ਬਣਾਏ ਸਨ ਜਿਨ੍ਹਾਂ ਵਿਚੋਂ ਇਕ ਟੱਪਾ ਯਾਦ ਹੈ, ਸੁੱਤਾ ਹੈ ਤਾਂ ਜਾਗ ਪੂਰਨਾ! ਤੈਨੂੰ ਮਾਇਆ ਸੀਟੀਆਂ ਮਾਰੇæææ।”