ਬਲਾਤਕਾਰੀਆਂ ਨੂੰ ਵੱਡੀਆਂ ਸਜ਼ਾਵਾਂ ਦੇਣ ਦੀ ਲੋੜ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਮਹੀਨੇ ਨਾਰਨੌਲ (ਹਰਿਆਣਾ) ਦੇ ਐਡੀਸ਼ਨਲ ਸੈਸ਼ਨ ਜੱਜ ਆਰæਕੇæ ਡੋਗਰਾ ਨੇ ਅਨੇਲੀ ਕਸਬੇ ਦੇ ਅਰੁਨ (30) ਅਤੇ ਰਾਜੇਸ਼ (24) ਤੇ ਦੀਪਕ (24) ਨੂੰ ਨੌਂ ਸਾਲ ਦੀ ਬਾਲੜੀ ਨਾਲ ਬਲਾਤਕਾਰ ਤੇ ਕਤਲ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਸੁਣਾਈ ਹੈ। ਮ੍ਰਿਤਕ ਬਾਲੜੀ ਪਿੰਜਰੇ ਵਿਚ ਫਸੇ ਚੂਹੇ ਨੂੰ ਝਾੜੀਆਂ ਵਿਚ ਛੱਡਣ ਜਾ ਰਹੀ ਸੀ ਜਦ ਇਨ੍ਹਾਂ ਵਹਿਸ਼ੀਆਂ ਨੇ ਉਸ ਨੂੰ ਫੁਸਲਾ ਕੇ ਉਹਦੇ ਨਾਲ ਜ਼ਬਰਜਨਾਹ ਕਰਨ ਪਿੱਛੋਂ ਗਲ ਘੁੱਟ ਕੇ ਉਸ ਨੂੰ ਮਾਰ ਦਿੱਤਾ।

ਸਦਕੇ ਜਾਈਏ ਵਕੀਲ ਕਰਨ ਸਿੰਘ ਯਾਦਵ ਦੇ ਜਿਸ ਨੇ ਇਸ ਕੇਸ ਦੀ ਬਿਨਾ ਫੀਸ ਦੇ ਪੈਰਵੀ ਕਰਕੇ ਬੁਚੜਾਂ ਨੂੰ ਢੁਕਵੀਂ ਸਜ਼ਾ ਦਿਵਾਈ ਹੈ। ਅਜਿਹੀਆਂ ਸਜ਼ਾਵਾਂ ਤੋਂ ਬਿਨਾ ਅੱਜ ਕੱਲ ਦੀ ਮੰਡੀਰ ਸੁਧਰ ਨਹੀਂ ਸਕਦੀ।
ਮਰਦਾਂ ਦੀ ਮਰਦਾਨਗੀ ਤੇ ਸੂਰਬੀਰਤਾ ਲਈ ਜਾਣੇ ਜਾਂਦੇ ਹਰਿਆਣਾ ਰਾਜ ਵਿਚ ਬਲਾਤਕਾਰ ਦੇ ਕੇਸ ਆਏ ਦਿਨ ਵਧ ਰਹੇ ਹਨ। ਕਿਸੇ ਇਕ ਰਾਜ ਦੀ ਗੱਲ ਕੀ ਕਰੀਏ, ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਨੇ 2015 ਵਿਚ ਅਜਿਹੇ ਦੋਸ਼ਾਂ ਦੇ ਸ਼ਿਕਾਰ ਹੋਏ ਬੱਚਿਆਂ ਦੀ ਗਿਣਤੀ 15,309 ਦੱਸੀ ਹੈ, ਜਿਨ੍ਹਾਂ ਵਿਚੋਂ 8,800 ਲਿੰਗ ਭੋਗ ਦਾ ਸ਼ਿਕਾਰ ਹੋਏ। ਸਭ ਤੋਂ ਮਾੜੀ ਗੱਲ ਇਹ ਕਿ 15,309 ਵਿਚੋਂ 8,341 ਦੋਸ਼ੀ, ਪੀੜਤ ਬੱਚਿਆਂ ਦੇ ਜਾਣੂ ਸਕੂਲ ਅਧਿਆਪਕ ਜਾਂ ਦੂਰ-ਨੇੜੇ ਦੇ ਰਿਸ਼ਤੇਦਾਰ ਸਨ। ਡਾਕਟਰਾਂ ਤੇ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਪੀੜਤ ਬੱਚੇ ਅਜਿਹੇ ਦੋਸ਼ੀ ਦਾ ਨਾਂ ਤੱਕ ਨਹੀਂ ਲੈਂਦੇ ਜਿਹੜਾ ਉਨ੍ਹਾਂ ਦੇ ਮਾਪਿਆਂ ਦਾ ਚਹੇਤਾ ਹੋਵੇ। ਉਨ੍ਹਾਂ ਦਾ ਮੰਨਣਾ ਹੈ ਕਿ ਮਾਪਿਆਂ ਨੂੰ ਅਜਿਹੀਆਂ ਸੰਭਾਵਨਾ ਤੋਂ ਚੇਤੰਨ ਤੇ ਸੁਚੇਤ ਰਹਿਣ ਦੀ ਲੋੜ ਹੈ, ਖਾਸ ਕਰਕੇ ਬੱਚਿਆਂ ਦੇ ਸੁਭਾਅ, ਵਰਤਾਰੇ ਤੇ ਸਰੀਰ ਵਿਚ ਆਈਆਂ ਤਬਦੀਲੀਆਂ ਦੇ ਮੱਦੇਨਜ਼ਰ। ਇਸ ਗੱਲ ਵਲ ਖਾਸ ਧਿਆਨ ਦਿੱਤਾ ਜਾਵੇ ਕਿ ਬੱਚੇ ਨੂੰ ਕਦੀ ਵੀ ਸਕੂਲ ਜਾਂ ਬਜ਼ਾਰ ਇੱਕਲਿਆਂ ਨਾ ਜਾਣ ਦਿੱਤਾ ਜਾਵੇ।
ਇਹ ਠੀਕ ਹੈ ਕਿ ਸਰਕਾਰਾਂ ਅਜਿਹੇ ਦੋਸ਼ਾਂ ਲਈ ਲੋੜ ਅਨੁਸਾਰ ਕਾਨੂੰਨ ਪਾਸ ਕਰਦੀਆਂ ਹਨ ਤੇ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਫਰਜ਼ ਨਿਭਾਉਣ ਤੋਂ ਪਿੱਛੇ ਨਹੀਂ ਰਹਿੰਦੀਆਂ ਪਰ ਇਸ ਪ੍ਰਸੰਗ ਵਿਚ ਬੱਚਿਆਂ ਦੇ ਮਾਪੇ ਹੀ ਹਨ, ਜਿਨ੍ਹਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਸਿਆਣੇ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਬਹੁਤੇ ਬੱਚੇ ਪੈਦਾ ਕਰਨ ਨਾਲੋਂ ਥੋੜ੍ਹੇ, ਤੰਦਰੁਸਤ ਤੇ ਸੁਰੱਖਿਅਤ ਬੱਚੇ ਸਮਾਜ ਨੂੰ ਦੇਣਾ ਹੀ ਸਮਾਜ ਦੀ ਅਸਲ ਸੇਵਾ ਹੈ।
ਅੰਗ ਦਾਨੀਆਂ ਦੇ ਅੰਗ-ਸੰਗ: ਮੈਂ ਅਗਲੇ ਮਹੀਨੇ ਆਪਣੇ ਜੀਵਨ ਦੇ 83 ਵਰ੍ਹੇ ਪੂਰੇ ਕਰ ਲੈਣੇ ਹਨ। ਨਿੱਕੇ ਹੁੰਦਿਆਂ ਘਰੋਂ ਤੁਰਨ ਵੇਲੇ ਮੈਂ ਕਲਮ, ਦਵਾਤ ਤੇ ਫੱਟੀ ਚੇਤੇ ਰਖਦਾ ਸਾਂ, ਥੋੜ੍ਹਾ ਵੱਡਾ ਹੋ ਕੇ ਸਕੂਲ-ਕਾਲਜ ਦੀ ਪੜ੍ਹਾਈ ਕਰਦਿਆਂ ਪੈਨ, ਘੜੀ ਤੇ ਪੈਸੇ। ਹੁਣ ਕਾਫੀ ਸਮੇਂ ਤੋਂ ਮਨੀ, ਮੋਬਾਈਲ ਤੇ ਮੈਡੀਸਨ। ਭਾਵੇਂ ਹਾਲੇ ਵੀ ਪੈਸੇ, ਮੋਬਾਈਲ ਤੇ ਦਵਾਈਆਂ ਭੁਲਣ ਦਾ ਸਵਾਲ ਨਹੀਂ ਪੈਦਾ ਹੁੰਦਾ ਪਰ ਸੰਨ 2010 ਤੋਂ ਘਰ ਜਾਂ ਘਰੋਂ ਬਾਹਰ ਜਾਂਦੇ ਸਮੇਂ ਮੈਂ ਆਪਣੀ ਜੇਬ ਵਿਚ Ḕਆਈ ਐਮ ਏ ਬਾਡੀ ਡੋਨਰḔ (ਮੈਂ ਸਰੀਰ ਦਾਨੀ ਹਾਂ) ਵਾਲਾ ਕਾਰਡ ਰੱਖਣਾ ਵੀ ਨਹੀਂ ਭੁਲਦਾ। ਇਹ ਕਾਰਡ ਸਦਾ ਮੇਰੇ ਅੰਗ-ਸੰਗ ਹੁੰਦਾ ਹੈ। ਜੀਉਂਦੇ ਜੀਅ ਮੇਰਾ ਮਨੀ ਮੋਬਾਈਲ ਤੇ ਮੈਡੀਸਨ ਬਿਨਾ ਨਹੀਂ ਸਰਦਾ ਤੇ ਮਰਨ ਉਪਰੰਤ ਜੇ ਕਿਸੇ ਅਮਲ ਨੇ ਮੈਨੂੰ ਰਾਹਤ ਦੇਣੀ ਹੈ ਤਾਂ ਅਪਣੇ ਸਰੀਰ ਦੇ ਦਾਨ ਨੇ।
ਪਿਛਲੇ ਦਿਨਾਂ ਵਿਚ ਚਾਰ ਅਜਿਹੇ ਨੌਜਵਾਨਾਂ ਜਿਨ੍ਹਾਂ ਦੇ ਦਿਮਾਗ ਖਤਮ ਹੋ ਚੁਕੇ ਸਨ, ਦੇ ਮਾਪਿਆਂ ਨੇ ਆਪਣੇ ਪਿਆਰੇ ਬੱਚਿਆਂ ਦੇ ਅੰਗ ਦਾਨ ਕਰਕੇ ਪੀæਜੀæਆਈæ ਦੇ ਨੌਂ ਗੰਭੀਰ ਰੋਗੀਆਂ ਨੂੰ ਨਵਾਂ ਜੀਵਨ ਦਿੱਤਾ। ਇਕ ਦੇ ਜਿਗਰ ਗੁਰਦੇ ਤੇ ਅੱਖਾਂ ਕੰਮ ਆਈਆਂ, ਦੂਜੇ ਦੇ ਦੋਵੇਂ ਗੁਰਦੇ, ਤੀਜੇ ਦੇ ਦੋਵੇਂ ਗੁਰਦੇ ਤੇ ਦੋਵੇਂ ਅੱਖਾਂ ਤੇ ਚੌਥੇ ਦੇ ਦੋਵੇਂ ਗੁਰਦੇ ਹਵਾਈ ਜਹਾਜ਼ ਰਾਹੀਂ ਨਵੀਂ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਦਾਖਲ ਇਕ ਮਰੀਜ਼ ਲਈ ਭੇਜੇ ਗਏ। ਇਨ੍ਹਾਂ ਤੋਂ ਬਿਨਾ ਚਾਰ ਹੋਰਨਾਂ ਦੀਆਂ ਅੱਖਾਂ ਨੇ ਚਾਰ ਮਰੀਜ਼ਾਂ ਨੂੰ ਮੁੜ ਰਾਂਗਲੀ ਦੁਨੀਆਂ ਵੇਖਣ ਦੇ ਯੋਗ ਬਣਾਇਆ ਗਿਆ। ਚੰਡੀਗੜ੍ਹ ਦੇ ਹਸਪਤਾਲ ਪੀæਜੀæਆਈæ ਵਿਚ ਅੰਗ ਲੈਣ ਵਾਲੇ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਪਰ ਕਿਸੇ ਬੰਦੇ ਦੇ ਅੰਗ ਉਦੋਂ ਤੱਕ ਨਹੀਂ ਵਰਤੇ ਜਾ ਸਕਦੇ ਜਦੋਂ ਤੱਕ ਉਸ ਦੀ ਜੇਬ ਵਿਚ ਉਸ ਦਾ ਦਾਨ ਪੱਤਰ ਨਾ ਹੋਵੇ। ਡਾæ ਐਮæ ਐਸ਼ ਰੰਧਾਵਾ ਦੀ ਜਰਮਨ ਨੂੰਹ ਪੂਰਾ ਇੱਕ ਸਾਲ ਬਰੇਨ ਡੈਡ ਪਈ ਰਹੀ ਪਰ ਉਸ ਦੇ ਧੀਆਂ-ਪੁੱਤਰਾਂ ਨੇ ਉਸ ਦੇ ਅੰਗ ਦਾਨ ਨਹੀਂ ਕੀਤੇ।
ਅਸੀਂ ਇਹੋ ਜਿਹੀ ਸਥਿਤੀ ਤੋਂ ਬਚਣ ਲਈ ਪਿਛਲੇ ਛੇ ਸਾਲਾਂ ਤੋਂ ਯਾਨਿ 13 ਸਤੰਬਰ 2010 ਤੋਂ ਇਹ ਪ੍ਰਵਾਨਗੀ ਆਪਣੀ ਜੇਬ ਵਿਚ ਪਾ ਰੱਖੀ ਹੈ। ਅਸੀਂ ਤੋਂ ਮੇਰਾ ਭਾਵ ਮੈਂ ਤੇ ਮੇਰੀ ਪਤਨੀ ਸੁਰਜੀਤ ਕੌਰ ਸੰਧੂ ਹੈ, ਜੋ ਖੁਦ ਡਾਕਟਰ ਹੈ। ਸਾਡੀਆਂ ਅੱਖਾਂ ਤੋਂ ਬਿਨਾ ਬੁੱਢੇ ਤੇ ਪੁਰਾਣੇ ਅੰਗ ਕਿਸੇ ਦੇ ਕੰਮ ਆਉਣ ਨਾ ਆਉਣ, ਅਸੀਂ ਆਪਣੇ ਸਾਕ-ਸਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਦੱਸ ਚੁੱਕੇ ਹਾਂ ਕਿ ਸਾਡੀ ਮੌਤ ਉਤੇ ਕਿਸੇ ਕਿਸਮ ਦੀਆਂ ਧਾਰਮਿਕ ਰਸਮਾਂ ਕਰਨ ਦੀ ਥਾਂ ਸਾਡੀ ਮਰਜ਼ੀ ਤੇ ਅਹਿਦ ਨੂੰ ਪ੍ਰਵਾਨ ਕੀਤਾ ਜਾਵੇ। ਹੋਰ ਕੁਝ ਹੋਵੇ ਨਾ ਹੋਵੇ, ਡਾਕਟਰੀ ਦੇ ਵਿਦਿਆਰਥੀ ਸਾਡੇ ਮਿੱਟੀ ਹੋਏ ਸਰੀਰ ਦੀ ਚੀਰ ਫਾੜ ਕਰਕੇ ਕੁਝ ਸਿੱਖ ਸਕਦੇ ਹਨ।
ਅੰਤਿਕਾ: ਫਿਰਾਕ ਗੋਰਖਪੁਰੀ
ਮੌਤ ਇੱਕ ਗੀਤ ਰਾਤ ਗਾਤੀ ਥੀ
ਜ਼ਿੰਦਗੀ ਝੂਮ ਝੂਮ ਜਾਤੀ ਥੀ।
ਜ਼ਿੰਦਗੀ ਕੋ ਵਫਾ ਕੀ ਰਾਹੋਂ ਮੇਂ
ਮੌਤ ਖੁਦ ਰੌਸ਼ਨੀ ਦਿਖਾਤੀ ਥੀ।