ਦਿਹਾਤੀ ਜੋਸ਼ ਨੇ ਰਵਾਇਤੀ ਧਿਰਾਂ ਡਰਾਈਆਂ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ ਹੈ। ਹੁਣ 11 ਮਾਰਚ ਨੂੰ ਪਤਾ ਲੱਗੇਗਾ ਕਿ ਪੰਜਾਬੀਆਂ ਨੇ ਕਿਸ ਸਿਆਸੀ ਧਿਰਾਂ ਦੇ ਹੱਕ ਵਿਚ ਫਤਵਾ ਦਿੱਤਾ ਹੈ। ਵੋਟਾਂ ਪੈਣ ਅਤੇ ਨਤੀਜੇ ਆਉਣ ਵਿਚ ਮਹੀਨੇ ਤੋਂ ਵੱਧ ਦਾ ਵਕਫ਼ਾ ਹੋਣ ਅਤੇ ਸੂਬੇ ਵਿਚ ਪਹਿਲੀ ਵਾਰ ਮੁਕਾਬਲਾ ਤਿੰਨ ਧਿਰੀ ਰਹਿਣ ਕਰ ਕੇ ਸਿਆਸੀ ਪੰਡਿਤਾਂ ਲਈ ਨਤੀਜੇ ਕਿਆਸਣੇ ਔਖੇ ਹਨ।

ਇਸ ਦੇ ਬਾਵਜੂਦ ਵੋਟਰਾਂ ਦੇ ਹਾਵ-ਭਾਵ ਨੂੰ ਆਧਾਰ ਬਣਾ ਕੇ ਅੱਟੇ-ਸੱਟੇ ਲਾਏ ਜਾ ਰਹੇ ਹਨ। ਇਸ ਵਾਰ ਸਭ ਤੋਂ ਵੱਧ ਚਰਚਾ ਪੇਂਡੂ ਵੋਟਰਾਂ ਵੱਲੋਂ ਚੋਣਾਂ ਵਿਚ ਵਿਖਾਈ ਦਿਲਚਸਪੀ ਦੀ ਹੈ।
ਪੰਜਾਬ ਦੇ ਪੇਂਡੂ ਵੋਟਰਾਂ ਨੇ ਇਸ ਵਾਰ ਖੁੱਲ੍ਹ ਕੇ ਵੋਟ ਪਾਈ। ਦਿਹਾਤੀ ਖੇਤਰ ਦੇ ਲੋਕਾਂ ਨੇ ਕਈ ਥਾਂਈਂ 90 ਫੀਸਦੀ ਤੱਕ ਵੋਟਾਂ ਪਾਈਆਂ, ਪਰ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਸ਼ਹਿਰਾਂ ਦੇ ਕਈ ਹਲਕਿਆਂ ਵਿਚ ਵੋਟਾਂ ਦਾ ਭੁਗਤਾਨ 60 ਫੀਸਦੀ ਦੇ ਨੇੜੇ ਹੀ ਰਿਹਾ। ਪਿੰਡਾਂ ਦੇ ਵੋਟਰਾਂ ਦੀ ਗਿਣਤੀ 1 ਕਰੋੜ 33 ਲੱਖ 42 ਹਜ਼ਾਰ 926 ਹੈ, ਜੋ ਕੁੱਲ ਵੋਟਰਾਂ ਦਾ 64 ਫੀਸਦੀ ਬਣਦਾ ਹੈ। 18 ਤੋਂ 39 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਦੀਆਂ ਵੋਟਾਂ ਦੀ ਗਿਣਤੀ 1 ਕਰੋੜ 2 ਲੱਖ 44 ਹਜ਼ਾਰ 410 ਹੈ ਜੋ 50 ਫੀਸਦੀ ਤੋਂ ਜ਼ਿਆਦਾ ਹੈ। ਨੌਜਵਾਨਾਂ ਤੇ ਪੇਂਡੂ ਖੇਤਰ ਦੇ ਜ਼ਿਆਦਾਤਰ ਵੋਟਰਾਂ ਦਾ ਰੁਖ ‘ਆਪ’ ਵੱਲ ਮੰਨਿਆ ਜਾ ਰਿਹਾ ਹੈ। ਜ਼ਾਹਰ ਹੈ ਕਿ ਪਿੰਡਾਂ ਦੀ ਵੋਟ ਹੀ ਅਗਲੀ ਸਰਕਾਰ ਤੈਅ ਕਰੇਗੀ। ਉਧਰ, ਸਿਆਸੀ ਮਾਹਿਰ ਅਧਿਐਨ ਕਰ ਰਹੇ ਹਨ ਕਿ ਪਿੰਡਾਂ ਦੀ ਵੋਟ ਆਖਰ ਕਿਸ ਦੇ ਹੱਕ ਵਿਚ ਭੁਗਤੀ। ਆਮ ਤੌਰ ‘ਤੇ ਜ਼ਿਆਦਾ ਪੇਂਡੂ ਵੋਟ ਅਕਾਲੀ ਦਲ ਦੇ ਹੱਕ ਵਿਚ ਭੁਗਤਦੀ ਹੈ ਅਤੇ ਸ਼ਹਿਰੀ ਕਾਂਗਰਸ ਵੱਲ ਝੁਕਾਅ ਰੱਖਦੀ ਹੈ, ਪਰ ਇਸ ਵਾਰ ਪੰਜਾਬ ਦੀ ਸਿਆਸਤ ਵਿਚ ਆਮ ਆਦਮੀ ਪਾਰਟੀ ਦੀ ਦਸਤਕ ਨੇ ਹਾਲਾਤ ਕੁਝ ਵੱਖਰੇ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਆਦਾਤਰ ਪੇਂਡੂ ਵੋਟ ਪੰਥਕ ਪਾਰਟੀ ਵਜੋਂ ਮਿਲਦੇ ਸਨ, ਪਰ ਇਸ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੰਜਾਬ ਵਿਚ ਬਦ-ਅਮਨੀ ਕਾਰਨ ਇਸ ਵੋਟ ਬੈਂਕ ਵਿਚ ਹਾਕਮ ਧਿਰ ਵਿਰੁਧ ਖਾਸਾ ਰੋਹ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਨਾਰਾਜ਼ ਵੋਟ ‘ਆਪ’ ਦੇ ਹੱਕ ਵਿਚ ਭੁਗਤ ਸਕਦੀ ਹੈ। ਆਮ ਆਦਮੀ ਪਾਰਟੀ ਨੇ ਪਿੰਡਾਂ ਤੱਕ ਪਹੁੰਚ ਕੀਤੀ ਸੀ ਅਤੇ ਕਿਸਾਨਾਂ/ਮਜ਼ਦੂਰਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਉਤੇ ਉਠਾਇਆ। ਮਿਲੇ ਵੇਰਵਿਆਂ ਮੁਤਾਬਕ ਮਾਲਵਾ ਅਤੇ ਸਰਹੱਦੀ ਖੇਤਰ ਦੇ ਜ਼ਿਲ੍ਹਿਆਂ ਵਿਚਲੇ ਹਲਕਿਆਂ ਵਿਚ ਵੋਟ ਪ੍ਰਤੀਸ਼ਤ 80 ਫੀਸਦੀ ਤੋਂ ਵੀ ਟੱਪ ਗਈ ਹੈ। ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਿਆਂ ਵਿਚੋਂ ਲੰਬੀ ਵਿਚ 78 ਫੀਸਦੀ ਵੋਟਾਂ ਪਈਆਂ ਜਦੋਂਕਿ ਜਲਾਲਾਬਾਦ ਵਿਚ 86 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਪਟਿਆਲਾ ਵਿਧਾਨ ਸਭਾ ਹਲਕੇ ਵਿਚ 67 ਫੀਸਦੀ ਲੋਕਾਂ ਨੇ ਹੀ ਵੋਟਾਂ ਪਾਈਆਂ। ਬਠਿੰਡਾ ਜ਼ਿਲ੍ਹੇ ਦੇ ਮੌੜ ਮੰਡੀ ਹਲਕੇ ਵਿਚ ਜਿਥੇ ਚੋਣ ਪ੍ਰਚਾਰ ਦੌਰਾਨ ਬੰਬ ਧਮਾਕਾ ਹੋ ਗਿਆ ਸੀ, ਵਿਚ ਵੀ 85 ਫੀਸਦੀ ਵੋਟਰਾਂ ਨੇ ਜਮਹੂਰੀ ਹੱਕ ਵਰਤਿਆ। ਮਜੀਠਾ ਹਲਕੇ ਵਿਚ 68 ਫੀਸਦੀ ਵੋਟਾਂ ਪਈਆਂ। ਆਪ ਦਾ ਗੜ੍ਹ ਮੰਨੇ ਜਾਂਦੇ ਸੰਗਰੂਰ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿਚ 80 ਫੀਸਦੀ ਤੋਂ ਜ਼ਿਆਦਾ ਮਤਦਾਨ ਹੋਇਆ।
ਰਵਾਇਤੀ ਪਾਰਟੀਆਂ- ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ, ਲਈ ਪੇਂਡੂ ਲੋਕਾਂ ਦਾ ਉਤਸ਼ਾਹ ਵੰਗਾਰ ਬਣਿਆ ਹੋਇਆ ਹੈ, ਕਿਉਂਕਿ ਆਮ ਆਦਮੀ ਪਾਰਟੀ ਨੂੰ ਦਿਹਾਤੀ ਪੰਜਾਬ ਦੇ ਵੋਟਰ, ਖਾਸ ਕਰ ਕੇ ਮਾਲਵੇ ਦੇ ਜ਼ਿਆਦਾਤਰ ਪਿੰਡਾਂ ‘ਚ ਵੱਡਾ ਹੁੰਗਾਰਾ ਮਿਲਿਆ ਹੈ। ਦਿਹਾਤੀ ਖੇਤਰ ਦੇ ਹਲਕਿਆਂ ‘ਚ ਵੋਟ 80 ਫੀਸਦੀ ਤੋਂ ਵੱਧ ਪਈ ਹੈ। ਅਜਿਹੇ ਵਿਧਾਨ ਸਭਾ ਹਲਕਿਆਂ ਦੀ ਗਿਣਤੀ 52 ਹੈ। ਨਿਰੋਲ ਸ਼ਹਿਰੀ ਵਸੋਂ ਵਾਲੇ ਵਿਧਾਨ ਸਭਾ ਹਲਕੇ, ਜਿਨ੍ਹਾਂ ਦੀ ਗਿਣਤੀ 20 ਦੇ ਕਰੀਬ ਹੈ, ਵਿਚੋਂ 7 ਵਿਧਾਨ ਸਭਾ ਹਲਕੇ ਹੀ ਅਜਿਹੇ ਹਨ ਜਿਥੇ 70 ਫੀਸਦੀ ਤੋਂ ਵੱਧ ਵੋਟ ਪਈ ਹੈ। ਬਾਕੀ ਦੇ 13 ਹਲਕਿਆਂ ਵਿਚ 70 ਫੀਸਦੀ ਤੋਂ ਵੀ ਘੱਟ ਵੋਟਾਂ ਪਈਆਂ ਹਨ।
ਵਿਧਾਨ ਸਭਾ ਦੀਆਂ ਪਿਛਲੀਆਂ ਤਿੰਨ ਚੋਣਾਂ ‘ਤੇ ਝਾਤੀ ਮਾਰੀ ਜਾਵੇ ਤਾਂ ਮਾਲਵਾ, ਮਾਝਾ ਅਤੇ ਦੋਆਬਾ ਵੱਖ-ਵੱਖ ਰੁਝਾਨ ਪੇਸ਼ ਕਰਦੇ ਹਨ। ਵੋਟਾਂ ਪੈਣ ਵਾਲੇ ਦਿਨ ਵੋਟਰਾਂ ਦੇ ਰੁਝਾਨ ਤੋਂ ਦੇਖਿਆ ਗਿਆ ਹੈ। ਮਾਲਵੇ ਵਿਚ ‘ਆਪ’ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ, ਜਿਨ੍ਹਾਂ ਦਾ ਇਸ ਖਿੱਤੇ ਵਿਚ ਮਜ਼ਬੂਤ ਆਧਾਰ ਹੁੰਦਾ ਸੀ, ਦੇ ਵੋਟ ਬੈਂਕ ਨੂੰ ਖੋਰਾ ਲੱਗਣ ਦਾ ਖਦਸ਼ਾ ਹੈ। ਦੋਆਬੇ ਅਤੇ ਮਾਝੇ ‘ਚ ਇਸ ਵਾਰ ਵੋਟਰਾਂ ਦਾ ਝੁਕਾਅ ਕਾਂਗਰਸ ਵੱਲ ਦੇਖਿਆ ਗਿਆ ਹੈ। ‘ਆਪ’ ਨੂੰ ਇਨ੍ਹਾਂ ਦੋਹਾਂ ਖਿੱਤਿਆਂ ਵਿਚ ਕਾਂਗਰਸ ਮੁਕਾਬਲੇ ਘੱਟ ਹੁੰਗਾਰਾ ਮਿਲਿਆ ਹੈ।