ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਵਿਹਲੀ ਹੋਈ ਪੰਜਾਬ ਦੀ ਸਿਆਸਤ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀæਐਸ਼ਜੀæਐਮæਸੀæ) ਦੀਆਂ ਚੋਣਾਂ ਵਿਚ ਜੁਟ ਗਈ ਹੈ। ਦਿੱਲੀ ਕਮੇਟੀ ਲਈ 26 ਫਰਵਰੀ ਨੂੰ ਵੋਟਾਂ ਪੈਣਗੀਆਂ।
ਇਹ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਪਰਖ ਹੋਏਗੀ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਭਾਵੇਂ ਸਿੱਧੇ ਰੂਪ ਵਿਚ ਹਿੱਸਾ ਨਹੀਂ ਲੈ ਰਹੀਆਂ, ਪਰ ਇਨ੍ਹਾਂ ਦੀ ਹਮਾਇਤ ਨਾਲ ਬਾਦਲ ਵਿਰੋਧੀ ਸਿੱਖ ਧੜੇ ਮੈਦਾਨ ਵਿਚ ਡਟੇ ਹਨ। ਇਸ ਲਈ ਪੰਜਾਬ ਵਾਲਾ ਭੇੜ ਹੀ ਦਿੱਲੀ ਵਿਚ ਵੇਖਣ ਨੂੰ ਮਿਲੇਗਾ। ਇਸ ਵੇਲੇ ਡੀæਐਸ਼ਜੀæਐਮæਸੀæ ਦੀ ਕਮਾਨ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਦੇ ਹੱਥ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਵਤਾਰ ਸਿੰਘ ਵੱਲੋਂ ਬਣਾਏ ਪੰਥਕ ਸੇਵਾ ਦਲ ਵੀ ਮੈਦਾਨ ਵਿਚ ਹਨ। ਸਰਨਾ ਧੜੇ ਨੂੰ ਕਾਂਗਰਸ ਦੀ ਹਮਾਇਤ ਹਾਸਲ ਹੁੰਦੀ ਹੈ। ਇਨ੍ਹਾਂ ਧੜਿਆਂ ਤੋਂ ਬਿਨਾ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੀ ਸਰਗਰਮ ਹਨ।
ਇਸ ਲਈ ਪੰਜਾਬ ਨਾਲ ਸਬੰਧਤ ਪੰਥਕ ਮਸਲੇ ਦਿੱਲੀ ਵਿਚ ਅਕਾਲੀ ਦਲ ਲਈ ਵੱਡੀ ਚੁਣੌਤੀ ਬਣਨਗੇ। ਇਸੇ ਰਣਨੀਤੀ ਤਹਿਤ ਅਕਾਲੀ ਦਲ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਵਾਲੇ ਦਿਨ ਹੀ ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਦੇ ਹੁਕਮਨਾਮੇ ਦਾ ਉਲੰਘਣ ਕਰਨ ਦੇ ਦੋਸ਼ ਵਿਚ ਸਜ਼ਾ ਲਾਉਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਮੁੱਦਾ ਬਣੇਗੀ।