ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਪੰਜਾਬ ਦਾ ਚੋਣ ਅਮਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਪਾਰਟੀ ਆਗੂਆਂ ਨੇ ਚੋਣ ਪ੍ਰਚਾਰ ਨੂੰ ਭਖਾਉਂਦਿਆਂ ਸੂਬੇ ਦੀ ਰਾਜਸੀ ਫਿਜ਼ਾ ਅੰਦਰ ਸ਼ਬਦੀ ਜ਼ਹਿਰ ਤਾਂ ਘੋਲਿਆ, ਪਰ ਲੋਕਾਂ ਨੇ ਵੋਟਾਂ ਦੌਰਾਨ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ। ਸੂਬੇ ਵਿਚ 78æ6 ਫੀਸਦੀ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ (ਆਪ), ਬਸਪਾ ਹੋਰਨਾਂ ਸਿਆਸੀ ਪਾਰਟੀਆਂ ਤੇ 304 ਆਜ਼ਾਦ ਉਮੀਦਵਾਰਾਂ ਸਣੇ 1145 ਉਮੀਦਵਾਰਾਂ ਦੀ ਸਿਆਸੀ ਕਿਸਮਤ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ ਹੈ। ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ। ਪੰਜਾਬ ਦੇ ਦਿਹਾਤੀ ਖੇਤਰ ਦੇ ਲੋਕਾਂ ਨੇ ਕਈ ਥਾਈਂ 90 ਫੀਸਦੀ ਤੱਕ ਵੋਟਾਂ ਪਾਈਆਂ। ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸ਼ਹਿਰਾਂ ਦੇ ਕਈ ਹਲਕਿਆਂ ਵਿਚ ਵੋਟਾਂ ਦਾ ਭੁਗਤਾਨ 60 ਫੀਸਦੀ ਦੇ ਨਜ਼ਦੀਕ ਹੀ ਰਿਹਾ। ਮਾਲਵਾ ਅਤੇ ਸਰਹੱਦੀ ਖੇਤਰ ਦੇ ਜ਼ਿਲ੍ਹਿਆਂ ਵਿਚਲੇ ਵਿਧਾਨ ਸਭਾ ਹਲਕਿਆਂ ਵਿਚ ਵੋਟ ਪ੍ਰਤੀਸ਼ਤ 80 ਫੀਸਦੀ ਤੋਂ ਵੀ ਟੱਪ ਗਈ ਹੈ।
ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਿਆਂ ਵਿਚੋਂ ਲੰਬੀ ਵਿਚ 78 ਫੀਸਦੀ ਵੋਟਾਂ ਪਈਆਂ ਜਦੋਂ ਕਿ ਜਲਾਲਾਬਾਦ ਵਿਚ 86 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਪਟਿਆਲਾ ਵਿਧਾਨ ਸਭਾ ਹਲਕੇ ਵਿਚ 67 ਫੀਸਦੀ ਲੋਕਾਂ ਨੇ ਹੀ ਵੋਟਾਂ ਪਾਈਆਂ। ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ ਹਲਕੇ ਵਿਚ ਜਿਥੇ ਚੋਣ ਪ੍ਰਚਾਰ ਦੌਰਾਨ ਬੰਬ ਧਮਾਕਾ ਹੋ ਗਿਆ ਸੀ, ਵਿਚ ਵੀ ਵੋਟਰਾਂ ਦਾ ਉਤਸ਼ਾਹ ਮੱਠਾ ਨਹੀਂ ਪਿਆ। ਇਸ ਹਲਕੇ ਦੇ 85 ਫੀਸਦੀ ਵੋਟਰਾਂ ਨੇ ਜਮਹੂਰੀ ਹੱਕ ਦਾ ਪ੍ਰਯੋਗ ਕੀਤਾ। ਮਜੀਠਾ ਹਲਕੇ ਵਿਚ 68 ਫੀਸਦੀ ਵੋਟਾਂ ਪਈਆਂ। ਅੰਮ੍ਰਿਤਸਰ ਦੱਖਣੀ ਹਲਕੇ ਵਿਚ ਸਭ ਤੋਂ ਘੱਟ 58 ਫੀਸਦੀ ਵੋਟਾਂ ਪਈਆਂ। ਸੰਗਰੂਰ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿਚ 80 ਫੀਸਦੀ ਤੋਂ ਜ਼ਿਆਦਾ ਮਤਦਾਨ ਹੋਇਆ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ 85 ਫੀਸਦੀ ਵੋਟਾਂ ਪਈਆਂ ਜਦੋਂ ਕਿ ਅੰਮ੍ਰਿਤਸਰ ਵਿਚ ਸਭ ਤੋਂ ਘੱਟ 67 ਫੀਸਦੀ ਮਤਦਾਨ ਹੋਇਆ। ਸਾਰੇ 117 ਵਿਧਾਨ ਸਭਾ ਹਲਕਿਆਂ ਅਤੇ ਅੰਮ੍ਰਿਤਸਰ ਸੰਸਦੀ ਹਲਕੇ ਦੀ ਉਪ ਚੋਣ ਲਈ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਪੋਲਿੰਗ ਬੂਥਾਂ ‘ਤੇ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਦੁਪਹਿਰ ਤੱਕ 40 ਫੀਸਦੀ ਤੋਂ ਜ਼ਿਆਦਾ ਵੋਟਾਂ ਭੁਗਤ ਚੁੱਕੀਆਂ ਸਨ। ਵੋਟਾਂ ਪੈਣ ਦਾ ਸਮਾਂ 5 ਵਜੇ ਤੱਕ ਸੀ, ਪਰ ਕਈ ਥਾਈਂ ਸ਼ਾਮੀ 7 ਵਜੇ ਤੋਂ ਬਾਅਦ ਵੀ ਲਾਈਨਾਂ ਲੱਗੀਆਂ ਹੋਈਆਂ ਸਨ। ਚੋਣ ਕਮਿਸ਼ਨ ਵੱਲੋਂ ਪੰਜਾਬ ਵਿਚ ਪਹਿਲੀ ਵਾਰ 33 ਵਿਧਾਨ ਸਭਾ ਹਲਕਿਆਂ ਵਿਚ ਵੀæਵੀæਪੀæਏæਟੀæ ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੇ ਤਜਰਬੇ ਨੂੰ ਸਫਲ ਦੱਸਦਿਆਂ ਵੀæਕੇæਸਿੰਘ ਨੇ ਦੱਸਿਆ ਕਿ ਇਨ੍ਹਾਂ ਹਲਕਿਆਂ ਵਿਚ 6668 ਵੀæਵੀæਪੀæਏæਟੀæ ਮਸ਼ੀਨਾਂ ਰਾਹੀਂ ਵੋਟਾਂ ਪਾਈਆਂ ਗਈਆਂ।
__________________________________________
ਪੰਜਾਬ ਵਿਧਾਨ ਸਭਾ ਲਈ ਵੋਟ ਫੀਸਦੀ
ਚੰਡੀਗੜ੍ਹ: ਸੰਗਰੂਰ ਵਿਚ 83 ਫੀਸਦੀ, ਫਾਜ਼ਿਲਕਾ ਵਿਚ 81, ਫਿਰੋਜ਼ਪੁਰ ਵਿਚ 80, ਫ਼ਰੀਦਕੋਟ ਵਿਚ 80, ਬਰਨਾਲਾ ਵਿਚ 80, ਬਠਿੰਡਾ ਵਿਚ 82, ਮਾਨਸਾ ਵਿਚ 85, ਫਤਿਹਗੜ੍ਹ ਸਾਹਿਬ ਵਿਚ 80, ਮੁਹਾਲੀ ਵਿਚ 69, ਪਟਿਆਲਾ ਵਿਚ 77, ਮੁਕਤਸਰ ਵਿਚ 81, ਲੁਧਿਆਣਾ ਵਿਚ 73, ਜਲੰਧਰ ਵਿਚ 72, ਅੰਮ੍ਰਿਤਸਰ ਵਿਚ 67, ਗੁਰਦਾਸਪੁਰ ਵਿਚ 72, ਪਠਾਨਕੋਟ ਵਿਚ 77, ਤਰਨਤਾਰਨ ਵਿਚ 74, ਕਪੂਰਥਲਾ ਵਿਚ 74, ਹੁਸ਼ਿਆਰਪੁਰ 72, ਰੋਪੜ ਵਿਚ 75, ਮੋਗਾ ਵਿਚ 75 ਅਤੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿਚ 77 ਫੀਸਦੀ ਵੋਟਾਂ ਪਈਆਂ।
__________________________________________
ਕੇਜਰੀਵਾਲ ਦਾ ਚੋਣ ਕਮਿਸ਼ਨ ਨੂੰ ਸਵਾਲ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਤੇ ਪੰਜਾਬ ਪੁਲਿਸ ਉਤੇ ਸਵਾਲ ਚੁੱਕੇ ਹਨ। ਆਪ ਦੇ ਆਗੂ ਰੌਬੀ ਬਰਾੜ ਨੂੰ ਸ਼ਰੇਆਮ ਗੋਲੀ ਮਾਰਨ ਦੀ ਘਟਨਾ ‘ਤੇ ਕੇਜਰੀਵਾਲ ਨੇ ਸਵਾਲ ਕੀਤਾ ਹੈ ਕਿ ਚੋਣ ਕਮਿਸ਼ਨ ਕੀ ਕਰ ਰਿਹਾ ਹੈ? ਪੰਜਾਬ ਪੁਲਿਸ ਕੀ ਕਰ ਕਰ ਰਹੀ ਹੈ? ਕਾਬਲੇਗੌਰ ਹੈ ਕਿ ਰਾਮਪੁਰਾ ਫੂਲ ਵਿਚ ਆਮ ਆਦਮੀ ਪਾਰਟੀ ਦੇ ਰਾਮਪੁਰਾ ਯੂਥ ਕੋਆਰਡੀਨੇਟਰ ਰੌਬੀ ਬਰਾੜ ਦੇ ਪੱਟ ਵਿਚ ਗੋਲੀ ਵੱਜ ਗਈ ਸੀ। ਇਸ ਮਾਮਲੇ ਵਿਚ ਕੇਜਰੀਵਾਲ ਨੇ ਪੰਜਾਬ ਦੇ ਪ੍ਰਸ਼ਾਸਨ ਉਤੇ ਟਵੀਟ ਰਾਹੀ ਸੁਆਲ ਚੁੱਕੇ ਹਨ।
__________________________________________
300 ਤੋਂ ਵੱਧ ਉਮੀਦਵਾਰਾਂ ਨੇ ਪਹਿਲੀ ਵਾਰ ਖੁਦ ਨੂੰ ਪਾਈ ਵੋਟ
ਲੁਧਿਆਣਾ: ਵੋਟਾਂ ਦੌਰਾਨ 300 ਤੋਂ ਵੱਧ ਅਜਿਹੇ ਉਮੀਦਵਾਰ ਸਨ, ਜਿਨ੍ਹਾਂ ਨੇ ਪਹਿਲੀ ਵਾਰ ਆਪਣੀ ਵੋਟ ਖੁਦ ਨੂੰ ਪਾਈ, ਇਨ੍ਹਾਂ ‘ਚੋਂ ਬਹੁਗਿਣਤੀ ਤਾਂ ਭਾਵੇਂ ਆਜ਼ਾਦ ਉਮੀਦਵਾਰ ਸਨ, ਪਰ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਵਿਚੋਂ ਸਭ ਤੋਂ ਵੱਧ ਗਿਣਤੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹੈ, ਜੋ ਕਿ ਪਹਿਲੀ ਵਾਰ ਚੋਣ ਮੈਦਾਨ ‘ਚ ਉਤਰੇ ਸਨ। ਅਕਾਲੀ ਦਲ ਦੇ ਦੋ ਦਰਜਨ ਜਦਕਿ ਕਾਂਗਰਸ ਦੇ ਵੀ ਇਕ ਦਰਜਨ ਦੇ ਕਰੀਬ ਉਮੀਦਵਾਰ ਅਜਿਹੇ ਸਨ।