ਅਕਾਲੀ ਦਲ ਨੂੰ ਪੁੱਠੀ ਪੈ ਸਕਦੀ ਹੈ ਡੇਰਾ ਸਿਰਸਾ ਦੀ ਹਮਾਇਤ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਡੇਰਾ ਸਿਰਸਾ ਦੀ ਹਮਾਇਤ ਲੈਣਾ ਅਕਾਲੀ ਦਲ ਨੂੰ ਮਹਿੰਗਾ ਪੈ ਰਿਹਾ ਹੈ। ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਹਨ ਕਿ ਉਹ ਹਮਾਇਤ ਮੰਗਣ ਨਹੀਂ ਗਏ, ਸਗੋਂ ਡੇਰਾ ਸਿਰਸਾ ਨੇ ਖੁਦ ਹੀ ਹਮਾਇਤ ਦਿੱਤੀ ਹੈ। ਬਾਦਲ ਇਸ ਗੱਲ ਦਾ ਜਵਾਬ ਨਹੀਂ ਸਕੇ ਕਿ ਅਕਾਲੀ ਦਲ ਦੇ ਕਈ ਉਮੀਦਵਾਰ ਜਿਨ੍ਹਾਂ ਵਿਚ ਮੰਤਰੀ ਵੀ ਸ਼ਾਮਲ ਹਨ, ਡੇਰਾ ਸਿਰਸਾ ਕੀ ਲੈਣ ਗਏ ਸਨ।

ਸੂਤਰਾਂ ਦੀ ਮੰਨੀਏ ਤਾਂ ਡੇਰੇ ਦੀ ਹਮਾਇਤ ਅਕਾਲੀ ਦਲ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਇਕ ਤਾਂ ਪੰਥਕ ਧਿਰਾਂ ਅਕਾਲੀ ਦਲ ਤੋਂ ਨਾਰਾਜ਼ ਹੋ ਗਈਆਂ ਹਨ। ਇਨ੍ਹਾਂ ਵਿਚੋਂ ਕਈ ਅਕਾਲੀ ਦਲ ਦੀ ਹੁਣ ਤੱਕ ਕਿਸੇ ਨਾ ਕਿਸੇ ਰੂਪ ਵਿਚ ਹਮਾਇਤ ਵੀ ਕਰ ਰਹੀਆਂ ਸਨ। ਦੂਜਾ ਡੇਰਾ ਪ੍ਰੇਮੀਆਂ ਵਿਚ ਵੀ ਦੁਚਿੱਤੀ ਦਾ ਮਾਹੌਲ ਬਣ ਗਿਆ। ਡੇਰਾ ਸ਼ਰਧਾਲੂ ਖਾਸਕਰ ਪੇਂਡੂ ਦਲਿਤ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਹਮਾਇਤ ਕਰ ਰਹੇ ਸਨ। ਡੇਰਾ ਦੇ ਚੋਣਾਂ ਤੋਂ ਐਨ ਪਹਿਲਾਂ ਅਕਾਲੀ ਦਲ ਦੇ ਹੱਕ ਵਿਚ ਫੈਸਲਾ ਆਉਣ ਕਰ ਕੇ ਉਨ੍ਹਾਂ ਲਈ ਬੜੀ ਔਖੀ ਹਾਲਤ ਬਣ ਗਈ।
ਸਿਆਸੀ ਮਾਹਿਰ ਮੰਨਦੇ ਹਨ ਕਿ ਡੇਰੇ ਦੀ ਹਮਾਇਤ ਅਕਾਲੀ ਦਲ ਨੂੰ ਮਹਿੰਗੀ ਹੀ ਪਵੇਗੀ। ਇਕ ਸਿੱਖ ਵੋਟ ਅਕਾਲੀ ਦਲ ਤੋਂ ਖਿਸਕੇਗਾ। ਇਹ ਸਿੱਖ ਵੋਟ ਕਾਂਗਰਸ ਨੂੰ ਨਫਰਤ ਕਰਦਾ ਹੈ। ਇਸ ਲਈ ਇਸ ਵਾਰ ਉਨ੍ਹਾਂ ਕੋਲ ਆਮ ਆਦਮੀ ਪਾਰਟੀ ਵਰਗਾ ਬਦਲ ਮੌਜੂਦ ਹੈ। ਦੂਜਾ ਡੇਰੇ ਦੀ ਵੋਟ ਵੀ ਪੂਰੀ ਤਰ੍ਹਾਂ ਅਕਾਲੀ ਦਲ ਦੇ ਹੱਕ ਵਿਚ ਨਹੀਂ ਭੁਗਤੇਗੀ, ਕਿਉਂਕਿ ਡੇਰਾ ਸ਼ਰਧਾਲੂਆਂ ਅੰਦਰ ਅਕਾਲੀ ਦਲ ਪ੍ਰਤੀ ਗਿਲਾ ਹੈ। ਸ਼ਰਧਾਲੂ ਸੋਚਦੇ ਹਨ ਕਿ ਅਕਾਲੀ ਦਲ ਨੇ ਹੀ ਡੇਰੇ ਦੇ ਸਤਿਸੰਗ ਪ੍ਰੋਗਰਾਮ ਪੰਜਾਬ ਵਿਚ ਬੰਦ ਕਰਵਾਏ ਹਨ।
_______________________________
ਅਕਾਲੀ ਦਲ ਨੇ ਡੇਰੇ ਤੱਕ ਨਹੀਂ ਕੀਤੀ ਪਹੁੰਚ: ਬਾਦਲ
ਸੁਨਾਮ: ਡੇਰਾ ਸਿਰਸਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਸਮਰਥਨ ਦੇਣ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ਭਲਾ ਚਾਹੁਣ ਵਾਲੀ ਕੋਈ ਵੀ ਧਿਰ ਉਨ੍ਹਾਂ ਦਾ ਸਮਰਥਨ ਕਰ ਸਕਦੀ ਹੈ। ਭਾਵੇਂ ਉਹ ਡੇਰਾ ਸਿਰਸਾ ਹੋਵੇ, ਸਭ ਦਾ ਸਵਾਗਤ ਹੈ। ਡੇਰੇ ਨੇ ਸੂਬੇ ਦੇ ਭਲੇ ਲਈ ‘ਆਜ਼ਾਦਾਨਾ’ ਫੈਸਲਾ ਕੀਤਾ ਹੈ ਤੇ ਅਕਾਲੀ ਦਲ ਵੱਲੋਂ ਡੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ।
_____________________________
ਵੋਟਾਂ ਪਿਛੋਂ ਡੇਰੇ ਬਾਰੇ ਬਦਲੇ ਅਕਾਲੀ ਦਲ ਦੇ ਸੁਰਨਵੀਂ
ਦਿੱਲੀ: ਵਿਧਾਨ ਸਭਾ ਚੋਣ ਲਈ ਵੋਟਾਂ ਪੈਣ ਮਗਰੋਂ ਡੇਰਾ ਸਿਰਸਾ ਦੀ ਹਮਾਇਤ ਬਾਰੇ ਅਕਾਲੀ ਦਲ ਦੇ ਸੁਰ ਬਦਲ ਗਏ ਹਨ। ਵੋਟਾਂ ਦਾ ਕੰਮ ਮੁਕੰਮਲ ਹੋਣ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੇ ਡੇਰਾ ਮੁਖੀ ਨੂੰ ਖੂਬ ਰਗੜੇ ਲਾਏ। ਉਨ੍ਹਾਂ ਨੇ ਡੇਰਾ ਮੁਖੀ ਰਾਮ ਰਹੀਮ ‘ਤੇ ਨਿਸ਼ਾਨ ਸੇਧਦਿਆਂ ਕਿਹਾ ਕਿ ਉਸ ਅਪਰਾਧੀ ਸੋਚ ਦੇ ਬਹਰੂਪੀਏ ਖਿਲਾਫ਼ ਉਨ੍ਹਾਂ ਦਾ ਸਟੈਂਡ ਪਹਿਲਾਂ ਵਾਲਾ ਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟੈਂਡ ਅਖੌਤੀ ਡੇਰੇਦਾਰਾਂ ਖਿਲਾਫ਼ ਜੋ ਪਹਿਲਾਂ ਸੀ, ਉਹ ਅੱਜ ਵੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ‘ਚ ਡੇਰਾ ਸਿਰਸਾ ਵੱਲੋਂ ਹਮਾਇਤ ਕਰਨ ਦੇ ਬਾਵਜੂਦ ਦਿੱਲੀ ਕਮੇਟੀ ਮਹਿਸੂਸ ਕਰਦੀ ਹੈ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਪਨਾਹ ਦੇਣ ਪਿੱਛੇ ਡੇਰੇ ਦੀ ਵੱਡੀ ਭੂਮਿਕਾ ਰਹੀ ਹੈ। ਜੀæਕੇæ ਨੇ ਕਿਹਾ ਕਿ ਡੇਰਾ ਮੁਖੀ ਦੇ ਕਿਸੇ ਵੀ ਸਤਿਸੰਗ ਦੇ ਪੰਜਾਬ ‘ਚ ਹੋਣ ਦਾ ਡਟਵਾਂ ਵਿਰੋਧ ਕੀਤਾ ਜਾਏਗਾ।
_________________________
ਡੇਰਾ ਪ੍ਰੇਮੀਆਂ ਨੇ ਸਿਆਸੀ ਵਿੰਗ ਦੀ ਪ੍ਰਵਾਹ ਨਾ ਕੀਤੀ
ਸੰਗਰੂਰ: ਡੇਰਾ ਸਿਰਸਾ ਦੇ ਰਾਜਨੀਤਿਕ ਵਿੰਗ ਵੱਲੋਂ ਅਕਾਲੀ-ਭਾਜਪਾ ਗਠਜੋੜ ਦੇ ਸਮਰਥਨ ਲਈ ਕੀਤੇ ਖੁੱਲ੍ਹੇ ਐਲਾਨ ਦੇ ਬਾਵਜੂਦ ਬਹੁਤੇ ਡੇਰਾ ਪ੍ਰੇਮੀਆਂ ਨੇ ਆਪਣੀ ਵੋਟ ਦੀ ਵਰਤੋਂ ਮਰਜ਼ੀ ਨਾਲ ਕੀਤੀ। ਵਿੰਗ ਵੱਲੋਂ ਦੋ ਦਿਨ ਪਹਿਲਾਂ ਕੀਤੇ ਐਲਾਨ ਨਾਲ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਚਿਹਰੇ ‘ਤੇ ਰੌਣਕ ਆ ਗਈ ਸੀ, ਪਰ ਮਾਲਵੇ ਦੇ ਵੱਖ-ਵੱਖ ਹਲਕਿਆਂ ਵਿਚ ਡੇਰਾ ਪ੍ਰੇਮੀ ਬਗ਼ਾਵਤ ਦੇ ਰੌਂਅ ਵਿਚ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਡੇਰਾ ਮੁਖੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਕੀਤੀ ਗਈ, ਇਸ ਲਈ ਉਹ ਰਾਜਨੀਤਿਕ ਵਿੰਗ ਦੇ ਦਬਾਅ ‘ਚ ਨਹੀਂ ਆਉਣਗੇ।
ਸੰਗਰੂਰ ਹਲਕੇ ਵਿਚ ਵਿੰਗ ਦੇ ਸਮਰਥਨ ਦਾ ਥੋੜਾ-ਬਹੁਤ ਅਸਰ ਵੇਖਣ ਨੂੰ ਮਿਲਿਆ। ਧੂਰੀ ‘ਚ ਕੁਝ ਪ੍ਰੇਮੀ ਅਕਾਲੀ ਉਮੀਦਵਾਰ ਹਰੀ ਸਿੰਘ ਦੇ ਸਮਰਥਨ ਵਿਚ ਸਰਗਰਮ ਵੇਖੇ ਗਏ। ਸੁਨਾਮ ਵਿਚ 90 ਪ੍ਰਤੀਸ਼ਤ ਪ੍ਰੇਮੀਆਂ ਨੇ ਆਪਣੀ ਮਰਜ਼ੀ ਨਾਲ ਵੋਟ ਪਾਈ। ਹਲਕਾ ਲਹਿਰਾਗਾਗਾ ਵਿਚ ਵਿੰਗ ਦੇ ਐਲਾਨ ਦਾ ਕਾਫੀ ਅਸਰ ਵੇਖਣ ਨੂੰ ਮਿਲਿਆ। ਬਰਨਾਲਾ, ਪਟਿਆਲਾ, ਬਠਿੰਡਾ, ਮਾਨਸਾ ਆਦਿ ਜ਼ਿਲ੍ਹਿਆਂ ‘ਚ ਵੀ ਬਹੁਤੇ ਡੇਰਾ ਪ੍ਰੇਮੀਆਂ ਨੇ ਵਿੰਗ ਦੇ ਐਲਾਨ ਨੂੰ ਅਣਗੌਲਿਆ ਕੀਤਾ।