ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ 18 ਤੋਂ 40 ਸਾਲ ਦੇ 53 ਫੀਸਦੀ ਵੋਟਰਾਂ ਹੋਣ ਕਰ ਕੇ ਨੌਜਵਾਨ ਚੋਣਾਂ ਦਾ ਧੁਰਾ ਬਣੇ ਹੋਏ ਹਨ। ਵਿਧਾਨ ਸਭਾ ਚੋਣਾਂ ਲਈ ਪ੍ਰਮੁੱਖ ਧਿਰਾਂ ਵੱਲੋਂ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਪਿੱਛੇ ਵੀ ਇਹੀ ਕਾਰਨ ਮੰਨਿਆ ਜਾ ਰਿਹਾ ਹੈ।
ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਸਿਆਸੀ ਮੈਦਾਨ ਵਿਚ ਸਰਗਰਮ ਹੋਣ ਕਾਰਨ ਲਗਭਗ ਸਾਰੀਆਂ ਪਾਰਟੀਆਂ ਲਈ ਨੌਜਵਾਨ ਖਿੱਚ ਦਾ ਕੇਂਦਰ ਬਣ ਗਏ। ਨੌਜਵਾਨਾਂ ਦੀ ਨਬਜ਼ ਪਛਾਣਦਿਆਂ ਪਾਰਟੀਆਂ ਨੇ ਟਿਕਟਾਂ ਦੇ ਮਾਮਲੇ ਵਿਚ ਉਨ੍ਹਾਂ ਨੂੰ ਹਿੱਸੇਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਧਾਨ ਸਭਾ ਚੋਣਾਂ ਵਿਚ ਤਿੰਨ ਦਰਜਨ ਤੋਂ ਵੱਧ ਉਮੀਦਵਾਰ 35 ਸਾਲ ਤੋਂ ਹੇਠਾਂ ਹਨ ਤੇ ਪ੍ਰਮੁੱਖ ਧਿਰਾਂ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ 25 ਉਮੀਦਵਾਰ 25 ਤੋਂ 35 ਸਾਲ ਦੀ ਉਮਰ ਵਾਲੇ ਹਨ। ‘ਆਪ’ ਨਾਲ ਗੱਠਜੋੜ ਕਰ ਕੇ ਚੋਣ ਲੜ ਰਹੀ ਲੋਕ ਇਨਸਾਫ ਪਾਰਟੀ ਦਾ ਵੀ ਇਕ ਉਮੀਦਵਾਰ ਇਸ ਵਰਗ ਵਿਚੋਂ ਹੈ। ਹਾਲਾਂਕਿ 117 ਵਿਚੋਂ 25 ਉਮੀਦਵਾਰਾਂ ਦਾ ਅਨੁਪਾਤ ਵੋਟ ਦੇ ਹਿੱਸੇ ਨਾਲ ਮੇਲ ਨਹੀਂ ਖਾਂਦਾ ਤੇ ਔਰਤਾਂ ਦੇ ਮਾਮਲੇ ਵਿਚ ਵੀ ਇਹੀ ਸਥਿਤੀ ਹੈ।
ਨੌਜਵਾਨ ਦੀ ਪਰਿਭਾਸ਼ਾ ਬਾਰੇ ਕੋਈ ਆਮ ਸਹਿਮਤੀ ਨਹੀਂ ਹੈ। ਅਕਾਲੀ ਦਲ ਦੇ ਯੂਥ ਵਿੰਗ ਦੇ 57 ਸਾਲਾਂ ਤੱਕ ਦੇ ਆਗੂ ਵੀ ਪ੍ਰਧਾਨ ਰਹੇ ਹਨ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਵੀ ਪੋਤਿਆਂ-ਦੋਹਤਿਆਂ ਵਾਲੇ ਹੋ ਕੇ ਪ੍ਰਧਾਨ ਬਣੇ ਰਹੇ। ਆਮ ਤੌਰ ਉਤੇ 18 ਤੋਂ 35 ਸਾਲ ਦੀ ਉਮਰ ਤੱਕ ਦੇ ਵਿਅਕਤੀ ਨੂੰ ਨੌਜਵਾਨ ਵਰਗ ਵਿਚ ਮੰਨਿਆ ਜਾਂਦਾ ਹੈ। 25 ਤੋਂ 35 ਸਾਲ ਦੀ ਉਮਰ ਵਾਲੇ ਕੁਲ 25 ਉਮੀਦਵਾਰਾਂ ਵਿਚੋਂ 16 ਉਮੀਦਵਾਰ ਆਮ ਆਦਮੀ ਪਾਰਟੀ, ਇਕ ਲੋਕ ਇਨਸਾਫ ਪਾਰਟੀ, 6 ਕਾਂਗਰਸ ਅਤੇ ਦੋ ਅਕਾਲੀ ਦਲ ਨਾਲ ਸਬੰਧਤ ਹਨ।
ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਪੁੱਤਰ ਦਵਿੰਦਰ ਸਿੰਘ ਚੋਣ ਲੜਨ ਲਈ ਲੋੜੀਂਦੀ ਘੱਟੋ ਘੱਟ 25 ਸਾਲ ਦੀ ਉਮਰ ਪੂਰੀ ਕਰ ਕੇ ਕਾਂਗਰਸ ਦੀ ਟਿਕਟ ਉਤੇ ਫਾਜ਼ਿਲਕਾ ਤੋਂ ਮੈਦਾਨ ਵਿਚ ਉਤਰਿਆ ਸਭ ਤੋਂ ਛੋਟੀ ਉਮਰ ਦਾ ਉਮੀਦਵਾਰ ਹੈ। ਉਸ ਦਾ ਮੁਕਾਬਲਾ ਆਪਣੇ ਤੋਂ ਇਕ ਸਾਲ ਵੱਡੇ ‘ਆਪ’ ਦੇ ਉਮੀਦਵਾਰ 26 ਸਾਲਾ ਸਮਰਬੀਰ ਸਿੰਘ ਸਿੱਧੂ ਅਤੇ ਭਾਜਪਾ ਦੇ ਵੱਡੀ ਉਮਰ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਨਾਲ ਹੈ।
26 ਸਾਲਾ ਹਰਜੋਤ ਕੌਰ ਬੰਗਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਣੀ ਹੈ। ‘ਆਪ’ ਦੇ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਸਾਹਨੇਵਾਲ ਤੋਂ ਚੋਣ ਮੈਦਾਨ ਵਿਚ ਹਨ। ਨਵਾਂ ਸ਼ਹਿਰ ਤੋਂ ਕਾਂਗਰਸ ਵਿਧਾਇਕ ਗੁਰਇਕਬਾਲ ਕੌਰ ਵੱਲੋਂ ਟਿਕਟ ਆਪਣੇ 26 ਸਾਲਾ ਪੁੱਤਰ ਅੰਗਦ ਸੈਣੀ ਨੂੰ ਦਿਵਾਈ ਗਈ ਹੈ। ਰਾਜਾਸਾਂਸੀ ਤੋਂ ‘ਆਪ’ ਦੇ ਉਮੀਦਵਾਰ ਵੀ 26 ਸਾਲ ਦੀ ਉਮਰ ਦੇ ਜਗਜੋਤ ਸਿੰਘ ਢਿੱਲੋਂ ਹਨ। ਬਰਨਾਲਾ ਤੋਂ 27 ਸਾਲ ਦੇ ਗੁਰਮੀਤ ਸਿੰਘ ਉਰਫ ਮੀਤ ਹੇਅਰ ਅਤੇ ਫਿਲੌਰ ਤੋਂ ਲੋਕ ਇਨਸਾਫ ਪਾਰਟੀ ਦੇ ਸੰਜੈ ਕੁਮਾਰ ਸ਼ਾਲੂ ਉਮੀਦਵਾਰ ਹਨ। ਪੀæਐਚæਡੀæ ਕਰ ਰਹੀ 28 ਸਾਲਾ ਰੁਪਿੰਦਰ ਕੌਰ ਰੂਬੀ ਬਠਿੰਡਾ (ਦਿਹਾਤੀ) ਤੋਂ ‘ਆਪ’ ਦੀ ਉਮੀਦਵਾਰ ਹੈ।
ਸ੍ਰੀ ਹਰਗੋਬਿੰਦਪੁਰ ਤੋਂ ‘ਆਪ’ ਦੇ ਅਮਰਪਾਲ ਸਿੰਘ 32 ਸਾਲ, ਅੰਮ੍ਰਿਤਸਰ (ਦੱਖਣੀ) ਤੋਂ ਕਾਂਗਰਸ ਦੇ 35 ਸਾਲ ਦੇ ਇੰਦਰਬੀਰ ਸਿੰਘ ਬੁਲਾਰੀਆ, ਬਾਬਾ ਬਕਾਲਾ ਤੋਂ ‘ਆਪ’ ਦੇ 33 ਸਾਲਾ ਦਲਬੀਰ ਸਿੰਘ ਟੌਂਗ, ਪੱਟੀ ਤੋਂ ਇਸੇ ਪਾਰਟੀ ਦੇ 34 ਸਾਲਾ ਰਣਜੀਤ ਸਿੰਘ ਚੀਮਾ, ਸ਼ਾਹਕੋਟ ਤੋਂ ‘ਆਪ’ ਦੇ 34 ਸਾਲਾ ਅਮਰਜੀਤ ਸਿੰਘ ਮਹਿਤਪੁਰ, ਚੱਬੇਵਾਲ ਤੋਂ ‘ਆਪ’ ਦੇ 32 ਸਾਲਾ ਰਮਨ ਕੁਮਾਰ, ਗੜ੍ਹਸ਼ੰਕਰ ਤੋਂ 33 ਸਾਲਾ ਜੈਕ੍ਰਿਸ਼ਨ, ਰੂਪਨਗਰ ਤੋਂ ਕਾਂਗਰਸ ਦੇ 33 ਸਾਲਾ ਬਰਿੰਦਰ ਸਿੰਘ ਢਿੱਲੋਂ, ਬਠਿੰਡਾ (ਸ਼ਹਿਰੀ) ਤੋਂ ‘ਆਪ’ ਦੇ 34 ਸਾਲ ਦੇ ਦੀਪਕ ਬਾਂਸਲ, ਬਠਿੰਡਾ (ਦਿਹਾਤੀ) ਤੋਂ ਅਕਾਲੀ ਦਲ ਦੇ 35 ਸਾਲਾ ਅਮਿਤ ਰਤਨ ਕੋਟਫੱਤਾ, ਸੁਨਾਮ ਤੋਂ ਕਾਂਗਰਸ ਦੀ ਦਮਨ ਥਿੰਦ ਬਾਜਵਾ, ਧੂਰੀ ਤੋਂ ਕਾਂਗਰਸ ਦੇ 35 ਸਾਲਾ ਆਗੂ ਦਲਵੀਰ ਸਿੰਘ ਗੋਲਡੀ, ਸੰਗਰੂਰ ਤੋਂ ‘ਆਪ’ ਦੇ 35 ਸਾਲਾ ਦਿਨੇਸ਼ ਬਾਂਸਲ, ਪਟਿਆਲਾ (ਦਿਹਾਤੀ) ਤੋਂ ਅਕਾਲੀ ਦਲ ਦੇ 34 ਸਾਲਾ ਸਤਵੀਰ ਸਿੰਘ ਖਟੜਾ, ਘਨੌਰ ਤੋਂ ‘ਆਪ’ ਦੀ 35 ਸਾਲਾ ਅਨੂੰ ਰੰਧਾਵਾ ਚੋਣ ਮੈਦਾਨ ਵਿਚ ਹਨ।
_________________________________
ਲੰਬੀ ਹਲਕੇ ਦੇ ਨਤੀਜੇ ‘ਤੇ ਸਭ ਦੀਆਂ ਨਜ਼ਰਾਂ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਅਹਿਮ ਹਲਕੇ ਲੰਬੀ ਦੇ ਚੋਣ ਨਤੀਜੇ ‘ਤੇ ਸਭ ਦੀਆਂ ਨਜ਼ਰਾਂ ਹਨ ਤੇ ਹੁਣ ਇਸ ਹਲਕੇ ਦੇ ਨਤੀਜੇ ਦੀ ਬੇਸਬਰੀ ਨਾਲ ਉਡੀਕ ਰਹੇਗੀ। ਇਸ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਵਿਚਕਾਰ ਦਿਲਚਸਪ ਮੁਕਾਬਲਾ ਸੀ।
_____________________________________
ਕਾਂਗਰਸ ਦੇ ਹੱਕ ਵਿਚ ਆਵੇਗਾ ਲੋਕ ਫਤਵਾ: ਕੈਪਟਨ
ਪਟਿਆਲਾ: ਕਾਂਗਰਸ ਵੱਲੋਂ ਮੁਕੰਮਲ ਬਹੁਮੱਤ ਹਾਸਲ ਕਰਨ ਦਾ ਦਾਅਵਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੇ ਫਿਰਕਾਪ੍ਰਸਤੀ ਅਤੇ ਅਤਿਵਾਦ ਖਿਲਾਫ਼ ਸਥਿਰਤਾ ਲਈ ਵੋਟਾਂ ਪਾਈਆਂ ਹਨ। ਕਾਂਗਰਸ ਦੀ ਸ਼ਾਨਦਾਰ ਜਿੱਤ ‘ਆਪ’ ਦਾ ਮਜ਼ਬੂਤ ਆਧਾਰ ਦੱਸਣ ਵਾਲੇ ਰਾਜਸੀ ਪੰਡਤਾਂ ਦੀਆਂ ਸਭ ਗਿਣਤੀਆਂ ਮਿਣਤੀਆਂ ਫੇਲ੍ਹ ਕਰ ਦੇਵੇਗੀ। ਲੋਕ ਸੂਬੇ ਨੂੰ ਮੁੜ ਵਿਕਾਸ ਅਤੇ ਤਰੱਕੀ ਦੀ ਲੀਹ ‘ਤੇ ਲਿਆਉਣਾ ਲੋਚਦੇ ਹਨ, ਜਿਸ ਤਹਿਤ ਹੀ ਉਨ੍ਹਾਂ ਨੇ ਕਾਂਗਰਸ ਦੇ ਹੱਕ ਵਿਚ ਫਤਵਾ ਦੇਣ ਲਈ ਵੋਟਾਂ ਪਾਈਆਂ ਹਨ।
____________________________________
ਸੁਖਬੀਰ ਬਾਦਲ ਵੱਲੋਂ ਜਿੱਤ ਦਾ ਦਾਅਵਾ
ਚੰਡੀਗੜ੍ਹ: ਜਿੱਤ ਲਈ ਆਸਵੰਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੇ ਪੰਜਾਬ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਪੰਜਾਬੀਆਂ ਨੇ ਵਿਕਾਸ ਅਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਦੋ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ‘ਚ ਮੁੜ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਲੋਕ ਸੂਬੇ ਦੇ ਅੱਗੇ ਜਾਣ ਤੇ ਰੁਜ਼ਗਾਰ ਦੇ ਮੌਕੇ ਮਿਲਣ ਨੂੰ ਵਿਕਾਸ ਵਜੋਂ ਵੇਖਦੇ ਹਨ।
__________________________________
‘ਆਪ’ ਨੂੰ ਸੱਤਾ ਵਿਚ ਲਿਆਉਣ ਦਾ ਨਵਾਂ ਤਜਰਬਾ
ਚੰਡੀਗੜ੍ਹ: ਅਕਾਲੀ ਦਲ ਅਤੇ ਕਾਂਗਰਸ ਵੱਲੋਂ ਮੁੜ-ਮੁੜ ਪੰਜਾਬ ਦੀ ਸੱਤਾ ਉਪਰ ਕਾਬਜ਼ ਹੋਣ ਦੇ ਦੌਰ ਨੂੰ ਇਸ ਵਾਰ ਆਮ ਆਦਮੀ ਪਾਰਟੀ (ਆਪ) ਖਤਮ ਕਰਨ ਦਾ ਦਾਅਵਾ ਕਰ ਰਹੀ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਖੁੱਲ੍ਹ ਕੇ ਵੋਟਾਂ ਪਾਈਆਂ ਹਨ ਤੇ ‘ਆਪ’ ਨੂੰ ਸੱਤਾ ਵਿਚ ਲਿਆਉਣ ਦਾ ਨਵਾਂ ਤਜਰਬਾ ਕਰ ਲਿਆ ਹੈ।