ਨਵੀਂ ਦਿੱਲੀ: ਸਾਲ 2017-18 ਦੇ ਆਮ ਬਜਟ ਵਿਚ ਨੋਟਬੰਦੀ ਨਾਲ ਸੁਸਤ ਪਈ ਅਰਥ ਵਿਵਸਥਾ ਵਿਚ ਨਵੀਂ ਜਾਨ ਫੂਕਣ ਲਈ ਹੇਠਲੇ ਮੱਧ ਵਰਗ ਨੌਕਰੀਪੇਸ਼ਾ ਲੋਕਾਂ ਨੂੰ ਆਮਦਨ ਕਰ ਵਿਚ ਰਾਹਤ ਤੇ ਛੋਟੀਆਂ ਸਨਅਤਾਂ ਲਈ ਕੰਪਨੀ ਕਰ ਵਿਚ ਕਟੌਤੀ ਸਣੇ ਕਈ ਉਪਾਅ ਐਲਾਨੇ ਗਏ ਹਨ।
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਸਾਫ ਸਫਾਈ, ਬਿਜਲੀ, ਰੇਲਵੇ, ਸੜਕ ਸਣੇ ਜ਼ਰੂਰੀ ਢਾਂਚਾਗਤ ਸਹੂਲਤਾਂ ਮੁਹੱਈਆ ਕਰਵਾਉਣ ਤੇ ਨੌਜਵਾਨਾਂ ਨੂੰ ਸਿੱਖਿਆ, ਹੁਨਰ ਵਿਕਾਸ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪਹਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਉਤਰ ਪ੍ਰਦੇਸ਼ ਤੇ ਪੰਜਾਬ ਸਣੇ ਪੰਜ ਰਾਜਾਂ ਵਿਚ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਬਜਟ ਵਿਚ ਢਾਈ ਲੱਖ ਤੋਂ ਪੰਜ ਲੱਖ ਰੁਪਏ ਦੀ ਸਾਲਾਨਾ ਆਮਦਨ ਵਰਗ ਵਿਚ ਕਰ ਦੀ ਮੌਜੂਦਾ ਦਰ ਦਸ ਫੀਸਦੀ ਤੋਂ ਘਟਾ ਕੇ ਪੰਜ ਫੀਸਦੀ ਕਰ ਦਿੱਤੀ।
ਪਹਿਲੀ ਵਾਰ ਆਮ ਬਜਟ ਨਾਲ ਰੇਲ ਬਜਟ ਮਿਲਾ ਕੇ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਨੇ 50 ਕਰੋੜ ਰੁਪਏ ਤੱਕ ਦਾ ਸਾਲਾਨਾ ਕਾਰੋਬਾਰ ਕਰਨ ਵਾਲੀਆਂ ਛੋਟੀਆਂ ਇਕਾਈਆਂ ਲਈ ਕਰ ਦੀ ਦਰ ਘਟਾ ਕੇ 25 ਫੀਸਦੀ ਕਰ ਦਿੱਤੀ। 50 ਲੱਖ ਦੀ ਸਾਲਾਨਾ ਕਮਾਈ ਕਰਨ ਵਾਲਿਆਂ ਤੇ ਇਕ ਕਰੋੜ ਰੁਪਏ ਤੋਂ ਵੱਧ ਸਾਲਾਨਾ ਵਿਅਕਤੀਗਤ ਕਮਾਈ ਕਰਨ ਵਾਲਿਆਂ ਉਤੇ 15 ਫੀਸਦੀ ਸਰਚਾਰਜ ਨੂੰ ਬਰਕਰਾਰ ਰੱਖਿਆ। ਬਜਟ ਵਿਚ ਸਿਗਰਟ, ਤੰਬਾਕੂ ਤੇ ਪਾਨ ਮਸਾਲਿਆਂ ‘ਤੇ ਕਰ ਵਧਾ ਦਿੱਤਾ ਗਿਆ ਹੈ। ਬਜਟ ਮਗਰੋਂ ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ ਅੱਜ 480 ਅੰਕ ਤੋਂ ਵਧ ਕੇ 28000 ਅੰਕ ਤੋਂ ਉਪਰ ਚਲਾ ਗਿਆ। ਸ੍ਰੀ ਜੇਤਲੀ ਨੇ ਲੋਕ ਸਭਾ ਵਿਚ ਸਾਲ 2017-18 ਦਾ ਆਮ ਬਜਟ ਪੇਸ਼ ਕਰਦਿਆਂ ਕਾਲੇ ਧਨ ਉਤੇ ਸ਼ਿਕੰਜਾ ਕਸਣ ਲਈ ਨਵੇਂ ਤਰੀਕਿਆਂ ਤਹਿਤ ਤਿੰਨ ਲੱਖ ਰੁਪਏ ਤੋਂ ਵੱਧ ਨਕਦ ਲੈਣ-ਦੇਣ ਉਤੇ ਪਾਬੰਦੀ ਲਗਾਉਣ ਅਤੇ ਸਿਆਸੀ ਦਲਾਂ ਉਪਰ ਕਿਸੇ ਵਿਅਕਤੀ ਤੋਂ 2000 ਹਜ਼ਾਰ ਰੁਪਏ ਦਾ ਨਕਦ ਫੰਡ ਪ੍ਰਾਪਤ ਕਰਨ ‘ਤੇ ਲੋਕ ਲਗਾਉਣ ਦੀ ਤਜਵੀਜ਼ ਰੱਖੀ ਹੈ।
ਬਜਟ ਵਿਚ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਬਜਟ ਵਿਚ ਰਿਹਾਇਸ਼ੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਕਈ ਤਜਵੀਜ਼ਾਂ ਰੱਖੀਆਂ ਗਈਆਂ ਹਨ। ਵਿੱਤ ਮੰਤਰੀ ਨੇ ਬਜਟ ਵਿਚ ਖੇਤੀ, ਡੇਅਰੀ, ਸਿੱਖਿਆ, ਹੁਨਰ ਵਿਕਾਸ, ਰੇਲਵੇ ਤੇ ਹੋਰ ਬੁਨਿਆਦੀ ਢਾਂਚਾ ਖੇਤਰਾਂ ਲਈ ਪੈਸਾ ਵਧਾਉਣ ਦੀ ਤਜਵੀਜ਼ ਰੱਖੀ ਹੈ। ਇਸ ਦੇ ਨਾਲ ਸਿੱਧੇ ਵਿਦੇਸ਼ੀ ਨਿਵੇਸ਼ ਦੀ ਵਿਵਸਥਾ ਵਿਚ ਸੁਧਾਰ ਤੇ ਜਨਤਕ ਖੇਤਰਾਂ ਦੀਆਂ ਇਕਾਈਆਂ ਦੇ ਸ਼ੇਅਰਾਂ ਨੂੰ ਬਾਜ਼ਾਰ ਵਿਚ ਲਿਆਉਣ ਦੀ ਨਵੀਂ ਪਹਿਲ ਵਰਗੇ ਕਈ ਸੁਧਾਰਵਾਦੀ ਕਦਮਾਂ ਦਾ ਐਲਾਨ ਕੀਤਾ ਹੈ।
ਸ੍ਰੀ ਜੇਤਲੀ ਨੇ ਕਿਹਾ ਕਿ 2æ5-5 ਲੱਖ ਰੁਪਏ ਦੀ ਆਮਦਨ ਵਾਲੇ ਵਰਗ ਉਪਰ ਟੈਕਸ ਦੀ ਦਰ ਘਟਾਉਣ ਨਾਲ ਇਸ ਦੇ ਘੇਰੇ ਵਿਚ ਆਉਣ ਵਾਲੇ ਸਾਰੇ ਕਰਦਾਤਾਵਾਂ ਨੂੰ ਰਾਹਤ ਮਿਲੇਗੀ। ਸਿੱਧੇ ਕਰਾਂ ਵਿਚ ਛੋਟ ਨਾਲ 15,500 ਕਰੋੜ ਰੁਪਏ ਦਾ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋਵੇਗਾ। 50 ਲੱਖ ਤੋਂ ਇਕ ਕਰੋੜ ਰੁਪਏ ਦੀ ਸਾਲਾਨਾ ਆਮਦਨ ਉਤੇ 10 ਫੀਸਦੀ ਸਰਚਾਰਜ ਨਾਲ 2700 ਕਰੋੜ ਰੁਪਏ ਦਾ ਵਾਧੂ ਪੈਸਾ ਪ੍ਰਾਪਤ ਹੋਵੇਗਾ। ਮੰਤਰੀ ਨੇ ਕਿਹਾ ਕਿ ਤਿੰਨ ਲੱਖ ਦੀ ਆਮਦਨ ਵਾਲਿਆਂ ਦੀ ਕਰ ਦੇਣਦਾਰੀ ਸਿਫਰ ਤੇ 3æ5-5 ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲਿਆਂ ਦੀ ਕਰ ਦੇਣਦਾਰੀ 2500 ਰੁਪਏ ਰਹੇਗੀ। 60 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਦੇ ਮਾਮਲੇ ਵਿਚ ਤਿੰਨ ਲੱਖ ਰੁਪਏ ਦੀ ਆਮਦਨ ਉਪਰ ਕੋਈ ਕਰ ਨਹੀਂ ਹੈ ਜਦ ਕਿ 80 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਲਈ ਪੰਜ ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ‘ਤੇ ਕੋਈ ਕਰ ਨਹੀਂ ਲੱਗੇਗਾ। ਨਵੇਂ ਕਰ ਵਰਗ ਮੁਤਾਬਕ 2æ5 ਲੱਖ ਤੋਂ ਪੰਜ ਲੱਖ ਤੱਕ ਦੀ ਆਮਦਨ ਉਤੇ ਪੰਜ ਫੀਸਦੀ, ਪੰਜ ਤੋਂ ਦਸ ਲੱਖ ਦੀ ਆਮਦਨ ਉਪਰ ਵੀਹ ਫੀਸਦੀ ਅਤੇ ਦਸ ਲੱਖ ਰੁਪਏ ਤੋਂ ਵੱਧ ਆਮਦਨ ਉਤੇ 30 ਫੀਸਦੀ ਦੀ ਦਰ ਨਾਲ ਕਰ ਲੱਗੇਗਾ।
_______________________________________________
ਰੇਲਵੇ ਲਈ ਇਕ ਲੱਖ ਕਰੋੜ ਦਾ ਸੁਰੱਖਿਆ ਫੰਡ
ਨਵੀਂ ਦਿੱਲੀ: ਵਾਰ-ਵਾਰ ਪਟੜੀ ਤੋਂ ਲਹਿ ਰਹੇ ਰੇਲਵੇ ਦੇ ਪਹੀਏ ਨੂੰ ਲੀਹ ਉਤੇ ਰੱਖਣ ਲਈ ਸਰਕਾਰ ਨੇ ਇਕ ਲੱਖ ਕਰੋੜ ਦਾ ਵਿਸ਼ੇਸ਼ ਸੁਰੱਖਿਆ ਫੰਡ ਕਾਇਮ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ, ਜਿਸ ਤਹਿਤ ਬਿਨਾਂ ਫਾਟਕਾਂ ਵਾਲੇ ਰੇਲਵੇ ਲਾਂਘੇ ਖਤਮ ਕਰਨ ਤੋਂ ਇਲਾਵਾ ਪਟੜੀਆਂ ਅਤੇ ਸਿਗਨਲਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਆਮ ਬਜਟ 2017-18 ਵਿਚ ਹੀ ਸ਼ਾਮਲ ਰੇਲਵੇ ਬਜਟ ਵਿਚ 3500 ਕਿਲੋਮੀਟਰ ਨਵੀਆਂ ਰੇਲ ਪਟੜੀਆਂ ਵਿਛਾਉਣ ਦਾ ਟੀਚਾ ਰੱਖਿਆ ਗਿਆ ਹੈ, ਜਦੋਂ ਕਿ ਸਾਲ 2016-17 ਵਿਚ 2800 ਕਿਲੋਮੀਟਰ ਨਵੀਆਂ ਪਟੜੀਆਂ ਵਿਛਾਉਣ ਦੀ ਤਜਵੀਜ਼ ਸੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪਿਛਲੇ ਸਾਲ ਦੇ 1æ21 ਲੱਖ ਕਰੋੜ ਦੇ ਮੁਕਾਬਲੇ ਅਗਲੇ ਵਿੱਤੀ ਵਰ੍ਹੇ ਲਈ ਰੇਲਵੇ ਦੀ ਕੁੱਲ ਯੋਜਨਾ 1,31,000 ਕਰੋੜ ਰੁਪਏ ਦੀ ਹੋਵੇਗੀ।
_____________________________________________
ਬਜਟ ਵਿਚ ਕਿਸਾਨਾਂ ਲਈ ਕੁਝ ਨਹੀਂ: ਕੈਪਟਨ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਬਜਟ ਨੂੰ ਦਿਸ਼ਾਹੀਣ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕਿਸਾਨਾਂ ਦੀ ਭਲਾਈ ਲਈ ਕੁਝ ਵੀ ਨਹੀਂ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਬਾਰੇ ਕੋਈ ਭਰੋਸਾ ਨਹੀਂ ਦਿੱਤਾ ਗਿਆ। ਨੋਟਬੰਦੀ ਕਾਰਨ ਝੰਬੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਆਮਦਨ ਟੈਕਸ ਵਿਚ ਦਿੱਤੀ ਛੋਟ ਵੀ ਲੋਕਾਂ ਦੀਆਂ ਇੱਛਾਵਾਂ ਦੇ ਅਨੁਕੂਲ ਨਹੀਂ ਹੈ।