ਮੁਸਲਮਾਨਾਂ ‘ਤੇ ਪਾਬੰਦੀ ਦੇ ਫੈਸਲੇ ਤੋਂ ਪਿੱਛੇ ਹਟਿਆ ਅਮਰੀਕਾ

ਵਾਸ਼ਿੰਗਟਨ: ਅਮਰੀਕੀ ਪ੍ਰਸ਼ਾਸਨ ਹੁਣ ਉਨ੍ਹਾਂ ਸਾਰੇ ਲੋਕਾਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਦੇਵੇਗਾ, ਜਿਨ੍ਹਾਂ ਕੋਲ ਕਾਨੂੰਨੀ ਵੀਜ਼ੇ ਹੋਣਗੇ। ਅਮਰੀਕੀ ਵਿਦੇਸ਼ੀ ਵਿਭਾਗ ਦੇ ਅਫਸਰ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ‘ਤੇ ਪਾਬੰਦੀ ਲਾਉਣ ਨਾਲ ਜੁੜੇ ਐਕਜ਼ੀਕਿਊਟਿਵ ਆਰਡਰ ਖਿਲਾਫ ਅਮਰੀਕੀ ਸੰਘੀ ਜੱਜ ਦੇ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਅਜਿਹਾ ਕੀਤਾ ਹੈ।

ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਅਨੁਸਾਰ, ਅਸੀਂ ਸੱਤ ਮੁਸਲਿਮ ਦੇਸ਼ਾਂ ਦੇ ਲੋਕਾਂ ‘ਤੇ ਅਮਰੀਕਾ ਦੀ ਯਾਤਰਾ ਉਤੇ ਲੱਗੀ ਰੋਕ ਬਾਰੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਉਹ ਨਾਗਰਿਕ ਜਿਨ੍ਹਾਂ ਦੇ ਕੋਲ ਵੀਜ਼ਾ ਹੈ, ਜਿਨ੍ਹਾਂ ਨੂੰ ਫਿਜ਼ੀਕਲੀ ਰੱਦ ਨਹੀਂ ਕੀਤਾ ਗਿਆ ਹੈ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਉਨ੍ਹਾਂ ਦਾ ਵੀਜ਼ਾ ਕਾਨੂੰਨੀ ਹੈ, ਉਹ ਅਮਰੀਕਾ ਦਾ ਦੌਰਾ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਅਮਰੀਕੀ ਵਿਦੇਸ਼ੀ ਵਿਭਾਗ ਨੇ ਕਿਹਾ ਸੀ ਕਿ ਟਰੰਪ ਦੇ ਆਦੇਸ਼ ਕਰ ਕੇ ਤਕਰੀਬਨ 60 ਹਜ਼ਾਰ ਲੋਕਾਂ ਦੇ ਵੀਜ਼ੇ ਰੱਦ ਹੋ ਗਏ ਸਨ। ਅਧਿਕਾਰੀ ਮੁਤਾਬਕ, ਟਰੰਪ ਪ੍ਰਸ਼ਾਸਨ ਆਪਣੀ ਕਾਨੂੰਨੀ ਟੀਮ ਅਤੇ ਘਰੇਲੂ ਸੁਰੱਖਿਆ ਵਿਭਾਗ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਧਰ, ਘਰੇਲੂ ਸੁਰੱਖਿਆ ਵਿਭਾਗ ਨੇ ਇਕ ਹੋਰ ਬਿਆਨ ਵਿਚ ਕਿਹਾ ਹੈ ਕਿ ਜੱਜ ਦੇ ਫੈਸਲੇ ਮੁਤਾਬਕ, ਡੀæਐਚæਐਸ਼ ਨੇ ਐਕਜ਼ੀਕਿਊਟਿਵ ਆਰਡਰ ਨੂੰ ਲਾਗੂ ਕਰਨ ਦੀ ਵਜ੍ਹਾ ਨਾਲ ਲਏ ਗਏ ਹਰ ਕਦਮ ਨੂੰ ਵਾਪਸ ਲੈ ਲਿਆ ਹੈ, ਹਾਲਾਂਕਿ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਅਮਰੀਕੀ ਨਿਆਂ ਵਿਭਾਗ ਦੇ ਅਫਸਰ ਛੇਤੀ ਹੀ ਪਾਬੰਦੀ ਨੂੰ ਮੁੜ ਲਾਗੂ ਕਰਵਾਉਣ ਲਈ ਅਪੀਲ ਕਰਨਗੇ। ਦੱਸਣਯੋਗ ਹੈ ਕਿ ਆਰਡੀਨੈਂਸ ‘ਤੇ ਰੋਕ ਲਾਉਣ ਦਾ ਆਦੇਸ਼ ਸਿਆਟਲ ਦੀ ਜੱਜ ਜੇਮਸ ਰਾਬਰਟ ਨੇ ਦਿੱਤਾ ਸੀ।
____________________________________________
ਫੈਡਰਲ ਅਦਾਲਤ ਵੱਲੋਂ ਟਰੰਪ ਨੂੰ ਵੱਡਾ ਝਟਕਾ
ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ਦੀ ਫੈਡਰਲ ਅਦਾਲਤ ਨੇ ਟਰੰਪ ਪ੍ਰਸ਼ਾਸਨ ਵੱਲੋਂ ਮੁਸਲਿਮ ਬਹੁਗਿਣਤੀ ਵਾਲੇ ਸੱਤ ਮੁਲਕਾਂ ਦੇ ਯਾਤਰੀਆਂ ਦੇ ਦਾਖਲੇ ਉਤੇ ਰੋਕ ਵਾਲੇ ਫੈਸਲੇ ਨੂੰ ਫੌਰੀ ਮੁੜ ਬਹਾਲ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ।
ਯਾਦ ਰਹੇ ਕਿ ਰਾਸ਼ਟਰਪਤੀ ਟਰੰਪ ਦੇ ਇਸ ਵਿਵਾਦਿਤ ਫੈਸਲੇ ਨੂੰ ਹੇਠਲੀ ਅਦਾਲਤ ਨੇ ਆਰਜ਼ੀ ਤੌਰ ‘ਤੇ ਮੁਅੱਤਲ ਕਰ ਦਿੱਤਾ ਸੀ। ਨਿਆਂ ਵਿਭਾਗ ਦੇ ਵਕੀਲਾਂ ਨੇ ਸੈਨ ਫਰਾਂਸਿਸਕੋ ਸਥਿਤ ਨੌਵੇਂ ਸਰਕਟ ਅਪੀਲ ਕੋਰਟ ਵਿਚ ਹੇਠਲੀ ਅਦਾਲਤ ਦੇ ਆਰਜ਼ੀ ਮੁਅੱਤਲੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।
_________________________________________
ਪਾਬੰਦੀ ਕੋਈ ਚੰਗਾ ਤਰੀਕਾ ਨਹੀਂ: ਗੁਟੇਰੇਜ਼
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਸੱਤ ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ਦੇ ਯਾਤਰੀਆਂ ਦੇ ਦਾਖਲੇ ਉਤੇ ਲਾਈ ਪਾਬੰਦੀ ਅਮਰੀਕਾ ਨੂੰ ਅਤਿਵਾਦ ਤੋਂ ਬਚਾਉਣ ਦਾ ਵਧੀਆ ਤਰੀਕਾ ਨਹੀਂ ਹੈ, ਸਗੋਂ ਇਸ ਨਾਲ ‘ਗੁੱਸਾ ਤੇ ਪ੍ਰੇਸ਼ਾਨੀ’ ਵਧ ਸਕਦੀ ਹੈ। ਉਨ੍ਹਾਂ ਇਹ ਪਾਬੰਦੀ ਹਟਾਉਣ ਦਾ ਸੱਦਾ ਦਿੱਤਾ। ਗੁਟੇਰੇਜ਼ ਨੇ ਕਿਹਾ ਕਿ ਮੇਰੇ ਵਿਚਾਰ ਵਿਚ ਅਮਰੀਕਾ ਜਾਂ ਕਿਸੇ ਹੋਰ ਮੁਲਕ ਨੂੰ ਅਤਿਵਾਦੀ ਘੁਸਪੈਠ ਦੀ ਸੰਭਾਵਨਾ ਤੋਂ ਬਚਾਉਣ ਦਾ ਇਹ ਵਧੀਆ ਤਰੀਕਾ ਨਹੀਂ ਹੈ। ਅਜਿਹੇ ਕਦਮ ਹੁਣੇ ਜਾਂ ਕਦੇ ਨਾ ਕਦੇ ਤਾਂ ਵਾਪਸ ਲੈਣੇ ਪੈਣਗੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ‘ਗੁੱਸਾ ਤੇ ਪ੍ਰੇਸ਼ਾਨੀ’ ਪੈਦਾ ਕਰਨ ਵਾਲੇ ਕਦਮ ਚੁੱਕਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਨਾਲ ਅਸੀਂ ਆਲਮੀ ਅਤਿਵਾਦੀ ਜਥੇਬੰਦੀਆਂ, ਜੋ ਸੰਸਾਰ ਵਿਚ ਹਰ ਥਾਂ ਮੌਜੂਦ ਹਨ, ਲਈ ਭਰਤੀ ਢਾਂਚਾ ਖੜ੍ਹਾ ਕਰਨ ਵਿਚ ਮਦਦ ਕਰ ਰਹੇ ਹਾਂ।
_______________________________________________
ਲੋਕ ਓਬਾਮਾ ਨੂੰ ਮੁੜ ਦੇਖਣਾ ਚਾਹੁੰਦੇ ਨੇ ਰਾਸ਼ਟਰਪਤੀ
ਵਾਸ਼ਿੰਗਟਨ: ਡੋਨਲਡ ਟਰੰਪ ਨੂੰ ਮੁਲਕ ਦਾ ਰਾਸ਼ਟਰਪਤੀ ਬਣਿਆਂ ਅਜੇ ਦੋ ਹਫਤੇ ਹੋਏ ਹਨ, ਪਰ ਬਹੁਤੇ ਅਮਰੀਕੀ ਬਰਾਕ ਓਬਾਮਾ ਨੂੰ ਮੁੜ ਤੋਂ ਰਾਸ਼ਟਰਪਤੀ ਦੇ ਅਹੁਦੇ ‘ਤੇ ਦੇਖਣਾ ਚਾਹੁੰਦੇ ਹਨ। ਇਕ ਨਵੇਂ ਸਰਵੇਖਣ ਵਿਚ ਖੁਲਾਸਾ ਹੋਇਆ ਹੈ ਕਿ 52 ਫੀਸਦੀ ਵੋਟਰ ਓਬਾਮਾ ਨੂੰ ਪਸੰਦ ਕਰਦੇ ਹਨ ਜਦਕਿ 43 ਫੀਸਦੀ ਟਰੰਪ ਦੇ ਕੰਮਕਾਜ ਤੋਂ ਖੁਸ਼ ਹਨ। ਪਬਲਿਕ ਪਾਲਿਸੀ ਪੋਲਿੰਗ ਵੱਲੋਂ ਕਰਵਾਏ ਸਰਵੇਖਣ ਮੁਤਾਬਕ 40 ਫੀਸਦੀ ਵੋਟਰ ਟਰੰਪ ਉਤੇ ਮਹਾਂਦੋਸ਼ ਚਲਾਉਣ ਦੇ ਪੱਖ ਵਿਚ ਹਨ। ਹਫਤਾ ਪਹਿਲਾਂ 35 ਫੀਸਦੀ ਵੋਟਰ ਇਸ ਦੇ ਹੱਕ ‘ਚ ਸਨ। ਸਿਰਫ 48 ਫੀਸਦੀ ਵੋਟਰਾਂ ਨੇ ਕਿਹਾ ਹੈ ਕਿ ਉਹ ਟਰੰਪ ਦੇ ਮਹਾਂਦੋਸ਼ ਦਾ ਵਿਰੋਧ ਕਰਨਗੇ। ਸਰਵੇਖਣ ‘ਚ ਕਿਹਾ ਗਿਆ ਹੈ ਕਿ ਟਰੰਪ ਵੱਲੋਂ ਪਰਵਾਸੀਆਂ ਖਿਲਾਫ਼ ਕੱਢੇ ਗਏ ਹੁਕਮਾਂ ਦੀ 47 ਫੀਸਦੀ ਲੋਕਾਂ ਨੇ ਹਮਾਇਤ ਕੀਤੀ ਹੈ ਜਦਕਿ 49 ਫੀਸਦੀ ਨੇ ਇਸ ਦਾ ਵਿਰੋਧ ਕੀਤਾ ਹੈ।