ਅਮਰੀਕੀ ਕੰਪਨੀਆਂ’ਚ ਕੰਮ ਕਰਦੇ ਪਰਵਾਸੀਆਂ ਲਈ ਔਖੀ ਘੜੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਇਕ ਪਾਸੇ ਵੱਧ ਮੁਸਲਿਮ ਆਬਾਦੀ ਵਾਲੇ ਦੇਸ਼ਾਂ ਵਿਚ ਸਹਿਮ ਦਾ ਮਾਹੌਲ ਹੈ, ਉਥੇ ਹੀ ਐਚ 1-ਬੀ ਵੀਜ਼ੇ ‘ਤੇ ਕੰਮ ਕਰ ਰਹੇ ਭਾਰਤੀਆਂ ਉਤੇ ਵੀ ਗਾਜ ਡਿੱਗੀ ਹੈ। ਕਈ ਅਮਰੀਕੀ ਕੰਪਨੀਆਂ ਨੇ ਐਚ 1-ਬੀ ਵੀਜ਼ੇ ਉਤੇ ਕੰਮ ਕਰ ਰਹੇ ਭਾਰਤੀ ਮੁਲਾਜ਼ਮਾਂ ਨੂੰ ਫਿਲਹਾਲ ਆਪਣੀ ਭਾਰਤ ਯਾਤਰਾ ਰੱਦ ਕਰਨ ਦਾ ਸੁਝਾਅ ਦਿੱਤਾ ਹੈ।

ਅਮਰੀਕੀ ਕੰਪਨੀਆਂ ਦੇ ਕਾਨੂੰਨੀ ਸਲਾਹਕਾਰਾਂ ਮੁਤਾਬਕ ਐਚ 1-ਬੀ ਵੀਜ਼ੇ ਤਹਿਤ ਜੋ ਭਾਰਤੀ ਅਮਰੀਕਾ ਦੀਆਂ ਕੰਪਨੀਆਂ ਵਿਚ ਕੰਮ ਕਰ ਰਹੇ ਹਨ ਤੇ ਦਸੰਬਰ ਵਿਚ ਭਾਰਤ ਗਏ ਸਨ, ਉਨ੍ਹਾਂ ਨੂੰ ਵਾਪਸ ਅਮਰੀਕਾ ਆਉਣ ‘ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈਆਂ ਨੂੰ ਵੀਜ਼ੇ ‘ਤੇ ਮੋਹਰ ਲਵਾਉਣ ਲਈ ਮੁੜ ਉਸੇ ਸਰਕਾਰੀ ਜਾਂਚ ‘ਚੋਂ ਗੁਜਰਨਾ ਪੈ ਰਿਹਾ ਹੈ। ਟਰੰਪ ਦੇ ਹੁਕਮਾਂ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਹੈ ਕਿ ਐਚ 1-ਬੀ ਵੀਜ਼ੇ ਅਪਲਾਈ ਕਰਨ ਵਾਲਿਆਂ ਦੇ ਵੀਜ਼ੇ ਤਕਰੀਬਨ ਰੱਦ ਹੋ ਰਹੇ ਹਨ। ਅਮਰੀਕੀ ਕੰਪਨੀਆਂ ਦੇ ਕਾਨੂੰਨੀ ਮਾਹਿਰਾਂ ਦੀ ਸਲਾਹ ਹੈ ਕਿ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ, ਯਾਤਰਾ ਨਾ ਕੀਤੀ ਜਾਵੇ ਕਿਉਂਕਿ ਹਾਲਾਤ ਇੰਨੇ ਉਲਝੇ ਹੋਏ ਹਨ ਕਿ ਕਦੋਂ ਕੋਈ ਨਵਾਂ ਆਦੇਸ਼ ਜਾਰੀ ਹੋ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਕੋਈ ਵੀ ਭਾਰਤੀ ਵਿਅਕਤੀ ਚਾਹੇ ਉਹ ਪਹਿਲੀ ਵਾਰ ਐਚ 1-ਬੀ ਵੀਜ਼ਾ ਅਪਲਾਈ ਕਰ ਰਿਹਾ ਹੈ ਜਾਂ ਇਸ ਵੀਜ਼ੇ ‘ਤੇ ਪਹਿਲਾਂ ਤੋਂ ਅਮਰੀਕਾ ਕੰਮ ਕਰ ਰਿਹਾ ਹੈ ਤੇ ਭਾਰਤ ਗਿਆ ਹੋਇਆ ਹੈ, ਅੰਬੈਸੀ ਅਧਿਕਾਰੀ ਦੋਵੇਂ ਹਾਲਾਤ ਵਿਚ ਫਾਰਮ ‘ਚ ਤਰੁੱਟੀਆਂ ਦੱਸ ਕੇ ਪੂਰੇ ਮਾਮਲੇ ਨੂੰ ਸਰਕਾਰੀ ਜਾਂਚ ਲਈ ਭੇਜ ਰਹੇ ਹਨ। ਇਸ ਸਾਰੀ ਪ੍ਰਕਿਰਿਆ ਨੂੰ ਮਹੀਨੇ ਲੱਗ ਜਾਂਦੇ ਹਨ ਤੇ ਇੰਨੇ ਸਮੇਂ ਦੌਰਾਨ ਅਪੀਲਕਰਤਾ ਦੀ ਨੌਕਰੀ ਵੀ ਜਾ ਸਕਦੀ ਹੈ। ਯਾਦ ਕਰਾ ਦੇਈਏ ਕਿ ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਐਚ 1-ਬੀ ਵੀਜ਼ੇ ਨੂੰ ਇਕ ਚੋਣ ਮੁੱਦਾ ਬਣਾਇਆ ਸੀ ਤੇ ਕਿਹਾ ਸੀ ਕਿ ਇਹ ਸਭ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਟਰੰਪ ਐਚ 1-ਬੀ ਨਾਲ ਜੁੜੇ ਇਕ ਆਦੇਸ਼ ‘ਤੇ ਦਸਤਖਤ ਕਰਨਗੇ, ਜਿਸ ਨਾਲ ਨਿਯਮਾਂ ਵਿਚ ਬਦਲਾਅ ਆ ਸਕਦਾ ਹੈ।
_________________________________________
ਪਾਬੰਦੀ ਪਿੱਛੋਂ ਅਮਰੀਕਾ ਨੇ 60 ਹਜ਼ਾਰ ਵੀਜ਼ੇ ਰੱਦ ਕੀਤੇ
ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੁਸਲਿਮ ਬਹੁਗਿਣਤੀ 7 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਉਤੇ ਰੋਕ ਲਾਉਣ ਪਿੱਛੋਂ ਅਮਰੀਕਾ ਨੇ 60 ਹਜ਼ਾਰ ਵੀਜ਼ੇ ਰੱਦ ਕਰ ਦਿੱਤੇ ਹਨ। ਪਿਛਲੇ ਹਫਤੇ ਟਰੰਪ ਦੇ ਹਸਤਾਖਰ ਵਾਲੇ ਇਸ ਹੁਕਮ ‘ਚ ਇਰਾਕ, ਈਰਾਨ, ਸੀਰੀਆ, ਸੁਡਾਨ, ਲੀਬੀਆ, ਸੋਮਾਲੀਆ ਤੇ ਯਮਨ ਦੇ ਨਾਗਰਿਕਾਂ ਲਈ ਅਮਰੀਕਾ ਆਉਣ ਉਤੇ 90 ਦਿਨ ਦੀ ਰੋਕ ਵਾਲੀ ਗੱਲ ਕੀਤੀ ਗਈ ਸੀ।
ਵਿਦੇਸ਼ ਵਿਭਾਗ ਦੇ ਬੁਲਾਰੇ ਵਿੱਲ ਕਾਕਸ ਨੇ ਕਿਹਾ ਕਿ ਇਸ ਆਦੇਸ਼ ਦੀ ਪਾਲਣਾ ਕਰਦੇ ਹੋਏ ਤਕਰੀਬਨ 60 ਹਜ਼ਾਰ ਲੋਕਾਂ ਦੇ ਵੀਜ਼ਿਆਂ ਨੂੰ ਅਸਥਾਈ ਰੂਪ ‘ਚ ਰੱਦ ਕਰ ਦਿੱਤਾ ਹੈ।
_________________________________________
ਅਮਰੀਕੀ ਆਈæਟੀæ ਕੰਪਨੀਆਂ ਨੂੰ ਵੀ ਲੱਗੇਗਾ ਸੇਕ
ਵਾਸ਼ਿੰਗਟਨ: ਐਚ 1-ਬੀ ਵੀਜ਼ੇ ਬਾਰੇ ਹੁਕਮਾਂ ਨਾਲ ਜ਼ਾਹਿਰ ਤੌਰ ‘ਤੇ ਅਮਰੀਕੀ ਆਈæਟੀæ ਕੰਪਨੀਆਂ ਨੂੰ ਵੀ ਨੁਕਸਾਨ ਹੋਵੇਗਾ, ਕਿਉਂਕਿ ਇਹ ਕੰਪਨੀਆਂ ਭਾਰਤ ਜਾਂ ਹੋਰ ਦੇਸ਼ਾਂ ਤੋਂ ਕਾਬਲ ਇੰਜੀਨੀਅਰ ਲੈ ਕੇ ਆਉਂਦੀਆਂ ਹਨ ਤੇ ਟਰੰਪ ਮੰਨਦੇ ਹਨ ਕਿ ਅਜਿਹਾ ਕਰਨ ਨਾਲ ਅਮਰੀਕੀ ਬੇਰੁਜ਼ਗਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪਿਛਲੇ ਹਫਤੇ ਇਕ ਡੈਮੋਕਰੈਟਿਕ ਸਾਂਸਦ ਨੇ ਇਕ ਬਿੱਲ ਵੀ ਪੇਸ਼ ਕੀਤਾ ਸੀ, ਜਿਸ ਨਿਚ ਐਚ 1-ਬੀ ਤਹਿਤ ਨੌਕਰੀ ਦਿੱਤੇ ਜਾਣ ਵਾਲਿਆਂ ਦੀ ਤਨਖਾਹ 60 ਹਜ਼ਾਰ ਡਾਲਰ ਸਾਲਾਨਾ ਤੋਂ ਵਧਾ ਕੇ 1 ਲੱਖ 30 ਹਜ਼ਾਰ ਡਾਲਰ ਸਾਲਾਨਾ ਕਰਨ ਦੀ ਮੰਗ ਰੱਖੀ ਗਈ ਹੈ। ਅਮਰੀਕਾ ਦੀ ਇਕ ਕੰਪਨੀ ਦੇ ਅਧਿਕਾਰੀ ਮੁਤਾਬਕ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਕੰਪਨੀਆਂ ਨੂੰ ਮਜਬੂਰਨ ਇਸ ਵੀਜ਼ੇ ‘ਤੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਨੌਕਰੀ ਤੋਂ ਕੱਢਣਾ ਪਏਗਾ ਕਿਉਂਕਿ ਇੰਨੀ ਵਧਾ ਕੇ ਤਨਖਾਹ ਦੇਣੀ ਮੁਸ਼ਕਲ ਹੋ ਜਾਵੇਗੀ, ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਦੇ ਕਰਮਚਾਰੀ ਸਾਨੂੰ ਚਾਹੀਦੇ ਹਨ, ਉਹ ਸਾਨੂੰ ਅਮਰੀਕਾ ‘ਚੋਂ ਜ਼ਿਆਦਾਤਰ ਮਿਲਦੇ ਹੀ ਨਹੀਂ। ਅਜਿਹੀ ਸਥਿਤੀ ਤੋਂ ਬਾਅਦ ਅਮਰੀਕਾ ‘ਚ ਨੌਕਰੀ ਕਰ ਰਹੇ ਅਤੇ ਕਰਨ ਦੇ ਇਛੁੱਕ ਭਾਰਤੀਆਂ ਵਿਚ ਨਿਰਾਸ਼ਾ ਤੇ ਡਰ ਦਾ ਮਾਹੌਲ ਹੈ। ਦੱਸ ਦੇਈਏ ਕਿ ਐਚ 1-ਬੀ ਵੀਜ਼ਾ ਉਨ੍ਹਾਂ ਵਿਦੇਸ਼ੀਆਂ ਨੂੰ ਮਿਲਦਾ ਹੈ ਜੋ ਕਿਸੇ ਖਾਸ ਹੁਨਰ ਵਿਚ ਮਾਹਿਰ ਹੁੰਦੇ ਹਨ।
________________________________________
ਭਾਰਤ ਵੱਲੋਂ ਐਚ-1 ਬੀ ਵੀਜ਼ਾ ਧਾਰਕਾਂ ਨੂੰ ਹੌਸਲਾ
ਨਵੀਂ ਦਿੱਲੀ: ਅਮਰੀਕੀ ਪ੍ਰਸ਼ਾਸਨ ਵੱਲੋਂ ਐਚ-1 ਬੀ ਵੀਜ਼ਾ ਧਾਰਕ ਸਬੰਧੀ ਪੇਸ਼ ਕੀਤੇ ਨਵੇਂ ਬਿੱਲ ਉਤੇ ਪਹਿਲੀ ਵਾਰ ਭਾਰਤ ਨੇ ਆਪਣੀ ਪ੍ਰਤੀਕਿਆ ਦਿੱਤੀ ਹੈ। ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਸਿੰਘ ਰੂਡੀ ਨੇ ਆਖਿਆ ਹੈ ਕਿ ਭਾਰਤ ਸਰਕਾਰ ਨਿਸ਼ਚਿਤ ਤੌਰ ‘ਤੇ ਸਮੱਸਿਆ ਨੂੰ ਸਮਝਦੀ ਹੈ। ਇਸ ਸਬੰਧੀ ਅਮਰੀਕਾ ਨੂੰ ਜਾਣੂ ਕਰਵਾਇਆ ਜਾ ਸਕਦਾ ਹੈ। ਲਘੂ ਉਦਯੋਗ ਸਬੰਧੀ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ ਨੇ ਆਖਿਆ ਕਿ ਇਸ ਪ੍ਰਕਾਰ ਦੀਆਂ ਰੋਕਾਂ ਕੁਝ ਦੇਸ਼ਾਂ ਵਿਚ ਸਮੇਂ-ਸਮੇਂ ਉਤੇ ਦੇਖਣ ਨੂੰ ਮਿਲਦੀਆਂ ਹਨ। ਅਮਰੀਕਾ ਵਿਚ ਐਚ-1 ਬੀ ਵੀਜ਼ਾ ਧਾਰਕਾਂ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਹੈ। ਰੂਡੀ ਨੇ ਆਖਿਆ ਹੈ ਕਿ ਭਾਰਤੀ ਆਈæਟੀæ ਮਾਹਿਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਇਸ ਮੁੱਦੇ ਉਤੇ ਭਾਰਤ ਵੱਲੋਂ ਉਚਿਤ ਕਾਰਵਾਈ ਕੀਤੀ ਜਾਵੇਗੀ।