ਕੌਮਾਂਤਰੀ ਪਛਾਣ ਰੱਖਣ ਵਾਲੀਆਂ ਜਲਗਾਹਾਂ ਸੁੱਕਣ ਕਿਨਾਰੇ

ਜਲੰਧਰ: ਸੂਬਾ ਸਰਕਾਰਾਂ ਦੀ ਲਾਪਰਵਾਹੀ ਕਾਰਨ ਕੌਮਾਂਤਰੀ ਪੱਧਰ ਉਤੇ ਮਾਨਤਾ ਰੱਖਣ ਵਾਲੀਆਂ ਪੰਜਾਬ ਦੀਆਂ ਤਿੰਨ ਜਲਗਾਹਾਂ ਹਰੀਕੇ ਪੱਤਣ, ਕਾਂਜਲੀ ਤੇ ਰੋਪੜ ਸੁੱਕਣ ਕਿਨਾਰੇ ਆ ਗਈਆਂ ਹਨ। ਹਰੀਕੇ ਪੱਤਣ ਝੀਲ ਦਾ ਇਲਾਕਾ 41 ਵਰਗ ਕਿਲੋਮੀਟਰ ਹੈ, ਪਰ ਹੁਣ ਇਹ ਸੁੰਗੜ ਕੇ ਅੱਧਾ ਵੀ ਨਹੀਂ ਰਿਹਾ। ਇਸ ਦੇ ਬਹੁਤੇ ਹਿੱਸੇ ਉਤੇ ਨਾਜਾਇਜ਼ ਕਬਜ਼ਾ ਹੈ।

ਕਾਂਜਲੀ ਜਲਗਾਹ ਵੀ ਆਪਣੀ ਪਛਾਣ ਕਰ ਕੇ ਜਾਣੀ ਜਾਂਦੀ ਸੀ, ਪਰ 2007 ਵਿਚ ਇਸ ਦਾ 125 ਸਾਲਾ ਵਿਰਾਸਤੀ ਬੰਨ੍ਹ ਟੁੱਟਣ ਕਰ ਕੇ ਇਸ ਦੀ ਹੋਂਦ ਖਤਮ ਹੋਣ ਕਿਨਾਰੇ ਆ ਗਈ ਹੈ। ਭਾਵੇਂ ਇਸ ਦਾ ਬੰਨ੍ਹ ਕਈ ਸਾਲਾਂ ਬਾਅਦ ਬਣਾ ਦਿੱਤਾ ਗਿਆ ਸੀ, ਪਰ ਜਲਗਾਹ ਆਪਣੀ ਪਹਿਲਾਂ ਵਾਲੀ ਪਛਾਣ ਕਾਇਮ ਨਹੀਂ ਰੱਖ ਸਕੀ। ਰੋਪੜ ਝੀਲ ਵੀ 13æ65 ਵਰਗ ਕਿਲੋਮੀਟਰ ਵਿਚ ਸੀ, ਪਰ ਹੁਣ ਇਸ ਦੀ ਸਫਾਈ ਨਾ ਹੋਣ ਕਰ ਕੇ ਇਹ ਸੁੰਗੜ ਗਈ ਹੈ। ਹਰੀਕੇ ਪੱਤਣ ਝੀਲ 1953 ਵਿਚ ਬਣਾਈ ਗਈ ਸੀ, ਜਦੋਂ ਇਥੋਂ ਦੋ ਨਹਿਰਾਂ ਕੱਢੀਆਂ ਗਈਆਂ ਸਨ। ਇਕ ਰਾਜਸਥਾਨ ਨੂੰ ਜਾਂਦੀ ਹੈ ਤੇ ਦੂਜੀ ਮਾਲਵੇ ਨੂੰ। ਇਸ ਝੀਲ ਦਾ ਰਕਬਾ 41 ਕਿਲੋਮੀਟਰ ਵਰਗ ਹੈ, ਪਰ ਹੁਣ ਇਹ ਰਕਬਾ ਤੇਜ਼ੀ ਨਾਲ ਸੁੰਗੜਦਾ ਜਾ ਰਿਹਾ ਹੈ।
ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸਤਲੁਜ ਦਰਿਆ ਇਥੇ ਆ ਕੇ ਬਿਆਸ ਵਿਚ ਮਿਲਦਾ ਹੈ। ਸਤਲੁਜ ਦਰਿਆ ਦਾ ਪਾਣੀ ਸਭ ਤੋਂ ਖਤਰਨਾਕ (ਈ ਗਰੇਡ) ਇਥੇ ਆ ਕੇ ਮਿਲਦਾ ਹੈ। ਬਿਆਸ ਤੇ ਸਤਲੁਜ ਦਰਿਆਵਾਂ ਵਿਚ ਪਾਣੀ ਦੀ ਘਾਟ ਕਾਰਨ ਇਸ ਦਾ ਰਕਬਾ ਘਟ ਗਿਆ ਹੈ ਤੇ ਕਈ ਬਾਹੂਬਲੀਆਂ ਨੇ ਸੈਂਕੜੇ ਏਕੜ ਝੀਲ ਦੀ ਜ਼ਮੀਨ ਉਤੇ ਕਬਜ਼ਾ ਕੀਤਾ ਹੋਇਆ ਹੈ। ਕੇਂਦਰ ਸਰਕਾਰ ਨੇ 1982 ਵਿਚ ਹਰੀਕੇ ਝੀਲ ਨੂੰ ਪੰਛੀਆਂ ਦੀ ਰੱਖ ਵਜੋਂ ਵੀ ਮਾਨਤਾ ਦੇ ਦਿੱਤੀ ਸੀ। ਇਸ ਝੀਲ ਉਤੇ 200 ਕਿਸਮਾਂ ਤੋਂ ਵੱਧ ਪਰਵਾਸੀ ਪੰਛੀ ਸਰਦੀਆਂ ਵਿਚ ਰੈਣ ਬਸੇਰਾ ਕਰਦੇ ਹਨ।
ਕਾਂਜਲੀ ਪੰਜਾਬ ਦਾ ਸਭ ਤੋਂ ਪੁਰਾਣਾ ਸੈਲਾਨੀ ਕੇਂਦਰ ਰਿਹਾ ਹੈ, ਪਰ ਸਰਕਾਰਾਂ ਦੀ ਅਣਗਹਿਲੀ ਕਾਰਨ ਇਸ ਦਾ ਵਿਕਾਸ ਨਹੀਂ ਹੋ ਰਿਹਾ। ਇਸ ਜਲਗਾਹ ਨੂੰ 1870 ਵਿਚ ਮਹਾਰਾਜਾ ਕਪੂਰਥਲਾ ਨੇ ਵਿਕਸਿਤ ਕੀਤਾ ਸੀ, ਪਰ ਸਰਕਾਰਾਂ ਨੇ ਇਸ ਤੋਂ ਮੂੰਹ ਮੋੜੀ ਰੱਖਿਆ। ਸਾਲ 1971 ਨੂੰ ਇਰਾਨ ਵਿਚ ਹੋਈ ਰਾਮਸਰ ਸੰਧੀ ਵਿਚ ਕਾਂਜਲੀ ਵੈੱਟਲੈਂਡ ਨੂੰ ਕੌਮਾਂਤਰੀ ਪੱਧਰ ਦੀ ਜਲਗਾਹ ਐਲਾਨਿਆ ਗਿਆ ਸੀ।
ਪਹਿਲਾਂ ਇਥੇ ਕਈ ਸ਼੍ਰੇਣੀਆਂ ਦੇ ਪਰਵਾਸੀ ਪੰਛੀ ਆਉਂਦੇ ਸਨ, ਪਰ ਇਸ ਜਲਗਾਹ ਦੀ ਮਾੜੀ ਹਾਲਤ ਕਾਰਨ ਪਰਵਾਸੀ ਪੰਛੀਆਂ ਨੇ ਇਸ ਤੋਂ ਮੂੰਹ ਮੋੜ ਲਿਆ। 2014 ਦੌਰਾਨ ਇਥੇ ਸਿਰਫ ਦੋ ਪਰਵਾਸੀ ਪੰਛੀ ਆਏ ਸਨ। 2015 ਵਿਚ ਇਕ ਵੀ ਪਰਵਾਸੀ ਪੰਛੀ ਨਹੀਂ ਆਇਆ। ਇਸ ਸਾਲ ਪਰਵਾਸੀ ਪੰਛੀ ਆਏ ਹਨ, ਪਰ ਉਹ ਇਥੇ ਠਹਿਰ ਨਹੀਂ ਰਹੇ। ਕੈਪਟਨ ਸਰਕਾਰ ਸਮੇਂ ਇਸ ਨੂੰ ਮੁੜ ਵਿਕਸਤ ਕਰਨ ਦੇ ਯਤਨ ਕੀਤੇ ਗਏ ਸਨ ਜਿਹੜੇ ਸਿਰੇ ਨਹੀਂ ਚੜ੍ਹੇ। ਸੰਤ ਬਲਬੀਰ ਸਿੰਘ ਸੀਚੇਵਾਲ ਨੇ 2004 ਵਿਚ ਇਸ ਜਲਗਾਹ ਨੂੰ ਘਾਟ ਬਣਾ ਕੇ ਸੁੰਦਰ ਬਣਾਇਆ ਸੀ, ਪਰ ਸਰਕਾਰਾਂ ਨੇ ਸੁੰਦਰਤਾ ਕਾਇਮ ਰੱਖਣ ਲਈ ਉਪਰਾਲੇ ਨਹੀਂ ਕੀਤੇ।
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਹਰੀਕੇ ਪੱਤਣ ਦਾ ਪ੍ਰਦੂਸ਼ਿਤ ਪਾਣੀ ਗੁਰਦੁਆਰਿਆਂ ਵਿਚ ਵਰਤਿਆ ਜਾ ਰਿਹਾ ਹੈ ਜੋ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਤੇ ਡਰੇਨਾਂ ਦਾ ਪ੍ਰਦੂਸ਼ਣ ਨਾ ਰੁਕਣ ਕਾਰਨ ਇਹ ਜਲਗਾਹਾਂ ਲਈ ਸਭ ਤੋਂ ਘਾਤਕ ਹੈ। ਇਥੋਂ ਪਰਵਾਸੀ ਪੰਛੀ ਇਸੇ ਕਰ ਕੇ ਵੀ ਮੂੰਹ ਮੋੜ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੀਕੇ ਜਲਗਾਹ ਦੇ ਵੱਡੇ ਹਿੱਸੇ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ।