ਸਾਵਰਕਰ ਦਾ ਮੁਆਫੀਨਾਮਾ

ਅੱਖੀਂ ਡਿੱਠੀ ਕਾਲੇ ਪਾਣੀ ਜੇਲ੍ਹ-3
ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿਚ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਕਾਲੇ ਪਾਣੀ ਵਜੋਂ ਮਸ਼ਹੂਰ ਹੈ ਜਿਥੇ ਗਦਰੀਆਂ ਨੇ ਇਤਿਹਾਸ ਸਿਰਜਿਆ। ਅੰਗਰੇਜ਼ਾਂ ਨੇ ਦੇਸ਼ ਭਗਤਾਂ ਦਾ ਮਨੋਬਲ ਤੋੜਨ ਲਈ ਉਨ੍ਹਾਂ ਨੂੰ ਇਸ ਉਚੇਚੀ ਬਣਵਾਈ ਜੇਲ੍ਹ ਅੰਦਰ ਡੱਕਿਆ ਸੀ ਅਤੇ ਉਨ੍ਹਾਂ ਉਤੇ ਅਥਾਹ ਤਸ਼ੱਦਦ ਢਾਹੇ, ਪਰ ਗਦਰੀਆਂ ਨੇ ਝੁਕਣ ਦੀ ਥਾਂ ਕੁਰਬਾਨੀਆਂ ਦੀ ਝੜੀ ਲਾਈ ਰੱਖੀ। ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਇਸ ਲੇਖ ਦੀ ਆਖਰੀ ਕਿਸ਼ਤ ਵਿਚ ਸਾਵਰਕਰ ਵੱਲੋਂ ਮੰਗੀ ਮੁਆਫੀ ਬਾਰੇ ਖੁਲਾਸਾ ਕੀਤਾ ਹੈ।

-ਸੰਪਾਦਕ
ਬੂਟਾ ਸਿੰਘ
ਫੋਨ: +91-94634-74342
ਸਾਵਰਕਰ ਦਾ ਕਿਰਦਾਰ ਐਨਾ ਘਿਨਾਉਣੇ ਰੂਪ ‘ਚ ਗੋਡੇ-ਟੇਕੂ ਸੀ ਕਿ ਹਿੰਦੂਤਵ ਨੂੰ ਆਪਣਾ ਮਾਰਗ-ਦਰਸ਼ਕ ਸਿਧਾਂਤ ਮੰਨਣ ਵਾਲੇ ਮੁੱਖ ਭਾਜਪਾ ਆਗੂ ਵੀ ਕੇਂਦਰੀ ਸੱਤਾ ਉਪਰ ਕਾਬਜ਼ ਹੋ ਕੇ 2002 ਵਿਚ ਹੀ ਉਸ ਨੂੰ ਕੌਮੀ ਨਾਇਕ ਐਲਾਨਣ ਦਾ ਹੌਸਲਾ ਜੁਟਾ ਸਕੇ। ਇਥੋਂ ਉਸ ਨੂੰ ਮਹਾਨ ਦੇਸ਼ ਭਗਤ ਵਜੋਂ ਪੇਸ਼ ਕਰਨ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇਹ ਸਾਵਰਕਰ ਹੀ ਸੀ ਜਿਸ ਨੇ ‘ਇਲਾਕਾਈ ਰਾਸ਼ਟਰਵਾਦ’ ਦੀ ਧਾਰਨਾ ਰੱਦ ਕਰ ਕੇ ‘ਸਭਿਆਚਾਰਕ ਰਾਸ਼ਟਰਵਾਦ’ ਦੀ ਧਾਰਨਾ ਪੇਸ਼ ਕੀਤੀ ਸੀ ਜੋ ਹਿੰਦੂਤਵ ਦੀ ਬੁਨਿਆਦ ਹੈ ਅਤੇ ਇਹ ਕਾਂਗਰਸ ਦੀ ਰਾਸ਼ਟਰਵਾਦ ਦੀ ਧਾਰਨਾ ਦਾ ਸਿੱਧੇ ਤੌਰ ‘ਤੇ ਨਿਖੇਧ ਹੈ। ਕਾਂਗਰਸ ਨੇ 1934 ਵਿਚ ਵਿਸ਼ੇਸ਼ ਮਤਾ ਪਾਸ ਕਰ ਕੇ ਆਪਣੇ ਮੈਂਬਰਾਂ ਦੇ ਆਰæਐਸ਼ਐਸ਼ ਅਤੇ ਹਿੰਦੂ ਮਹਾਂ ਸਭਾ ਦੇ ਮੈਂਬਰ ਬਣਨ ਉਪਰ ਪਾਬੰਦੀ ਲਾਈ ਸੀ, ਇਸ ਫੈਸਲੇ ਨੂੰ ਬਾਅਦ ਵਿਚ ਕਦੇ ਵੀ ਬਦਲਿਆ ਨਹੀਂ ਗਿਆ। ਉਸੇ ਕਾਂਗਰਸ ਦੇ ਆਗੂ ਹੁਣ ਸਾਵਰਕਰ ਨੂੰ ਨਾਇਕ ਦਾ ਰੁਤਬਾ ਦੇਣ ਅਤੇ ਉਸ ਨੂੰ ਵਡਿਆਉਣ ਵਿਚ ਭਗਵੇਂ ਬ੍ਰਿਗੇਡ ਤੋਂ ਪਿੱਛੇ ਨਹੀਂ ਰਹੇ ਜਿਨ੍ਹਾਂ ਦੇ ‘ਰਾਸ਼ਟਰ ਪਿਤਾ’ ਨੂੰ ਸਾਵਰਕਰ ਨੇ ਨੱਥੂਰਾਮ ਗੌਡਸੇ ਤੋਂ ਕਤਲ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਸੀ। 4 ਮਈ 2002 ਨੂੰ ਪੋਰਟ ਬਲੇਅਰ ਹਵਾਈ ਅੱਡੇ ਦਾ ਨਾਂ ਬਦਲ ਕੇ ਸਾਵਰਕਰ ਦੇ ਨਾਂ ‘ਤੇ ਰੱਖਣ ਲਈ ਲਾਲ ਕ੍ਰਿਸ਼ਨ ਅਡਵਾਨੀ ਉਚੇਚੇ ਉਥੇ ਪਧਾਰੇ। ਜੰਗੇ-ਆਜ਼ਾਦੀ ਬਾਰੇ ਸੈਲੂਲਰ ਜੇਲ੍ਹ ਦੀ ਗੈਲਰੀ ਦਾ ਇਕ ਪੂਰਾ ਹਿੱਸਾ ਸਾਵਰਕਰ ਦੀਆਂ ਤਸਵੀਰਾਂ ਨਾਲ ਸਜਾ ਦਿੱਤਾ ਗਿਆ ਅਤੇ ਸੁਭਾਸ਼ ਚੰਦਰ ਬੋਸ ਦੇ ਬਰਾਬਰ ਸਾਵਰਕਰ ਦੀ ਤਸਵੀਰ ਲਗਾਈ ਗਈ। ਹੁਣ ਇਥੇ ਸੈਲਾਨੀਆਂ ਨੂੰ ਜੇਲ੍ਹ ਦੇ ਜ਼ੁਲਮਾਂ ਵਿਰੁਧ ਦੇਸ਼ ਭਗਤਾਂ ਦੀ ਜੱਦੋਜਹਿਦ ਦੀ ਜਾਣਕਾਰੀ ਦੇਣ ਦੇ ਨਾਂ ਉਪਰ ਜੋ ‘ਲਾਈਟ ਐਂਡ ਸਾਊਂਡ’ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਉਹ ਵੀ ਸਾਵਰਕਰ ਦੇ ਇਰਦ-ਗਿਰਦ ਹੀ ਘੁੰਮਦਾ ਹੈ।
ਇਸ ਸਿਲਸਿਲੇ ਵਿਚ 26 ਫਰਵਰੀ 2003 ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਵਿਚ ਵੀ ਸਾਵਰਕਰ ਦਾ ਬੁੱਤ ਲਗਾ ਦਿੱਤਾ ਗਿਆ। ਮਹਾਰਾਸ਼ਟਰ ਵਿਚ ਕਾਂਗਰਸ ਦੀ ਸਰਕਾਰ ਵੀ ਇਸ ਵਿਚ ਪਿੱਛੇ ਨਹੀਂ ਰਹੀ। 2003 ਵਿਚ ਮਹਾਰਾਸ਼ਟਰ ਸਰਕਾਰ ਵਲੋਂ ਮੁੰਬਈ ਵਿਚ ਵੀ ਸਾਵਰਕਰ ਦਾ ਬੁੱਤ ਲਗਾ ਦਿੱਤਾ ਗਿਆ। ਜਦੋਂ ਸਾਵਰਕਰ ਨੂੰ ਲੈ ਕੇ ਕਾਂਗਰਸ ਆਗੂ ਮਣੀਸ਼ੰਕਰ ਅਈਅਰ ਨੇ ਤੱਥਪੂਰਨ ਸਵਾਲ ਉਠਾਏ ਤਾਂ ਕਾਂਗਰਸ ਸਰਕਾਰ ਨੇ ਇਹ ਸਫਾਈ ਦੇ ਕੇ ਸੰਘ ਪਰਿਵਾਰ ਦੀ ਸਾਵਰਕਰ ਨੂੰ ਮੁੜ ਸਥਾਪਤ ਕਰਨ ਦੀ ਮੁਹਿੰਮ ਉਪਰ ਮੋਹਰ ਲਾ ਦਿੱਤੀ ਕਿ ਸਾਵਰਕਰ ਬਾਰੇ ਅਈਅਰ ਦੇ ਵਿਚਾਰ ਵਿਅਕਤੀਗਤ ਹਨ, ਸਰਕਾਰ ਦੇ ਨਹੀਂ। ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਵੱਲੋਂ ਬਿਆਨ ਦਿੱਤਾ ਕਿ ਇਹ ਗੈਰਜ਼ਰੂਰੀ ਵਿਵਾਦ ਹੈ ਅਤੇ ਮ੍ਰਿਤਕ ਬੰਦੇ ਦੀਆਂ ਬੁਰਾਈਆਂ ਦੀ ਚਰਚਾ ਕਰ ਕੇ ਨੇਕੀ ਹਾਸਲ ਨਹੀਂ ਕੀਤੀ ਜਾ ਸਕਦੀ। ਲਿਹਾਜ਼ਾ ਕਾਂਗਰਸ ਦੀ ਸਹਾਇਤਾ ਨਾਲ ਸੰਘ ਪਰਿਵਾਰ ਉਸ ਨੂੰ ਆਜ਼ਾਦੀ ਦੇ ਮਹਾਂ ਨਾਇਕ ਦੇ ਤੌਰ ‘ਤੇ ਮੁਲਕ ਉਪਰ ਥੋਪਣ ਅਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਿਚ ਕਾਮਯਾਬ ਹੋ ਗਿਆ।
ਜੇਲ੍ਹ ਦੇ ਸੱਤ ਨੰਬਰ ਬਲਾਕ ਦੀ ਦੂਜੀ ਮੰਜ਼ਿਲ ਉਪਰ 123 ਨੰਬਰ ਕੋਠੜੀ ਉਪਰ ਵਿਸ਼ੇਸ਼ ਤਖ਼ਤੀ ਲਗਾਈ ਗਈ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਥੇ ਸਾਵਰਕਰ ਨੂੰ ਬੰਦ ਰੱਖਿਆ ਗਿਆ। ਬਾਬਾ ਸੋਹਣ ਸਿੰਘ, ਮਹਾਵੀਰ ਸਿੰਘ ਵਰਗੇ ਕਿਸੇ ਦੇਸ਼ ਭਗਤ ਇਨਕਲਾਬੀ ਦੀ ਕੋਠੜੀ ਦੀ ਇੰਞ ਉਚੇਚੀ ਨਿਸ਼ਾਨਦੇਹੀ ਕੀਤੀ ਹੋਈ ਨਹੀਂ ਮਿਲਦੀ ਜਿਨ੍ਹਾਂ ਨੇ ਆਪਣੇ ਸਿਰਲੱਥ ਕਿਰਦਾਰ ਨੂੰ ਬੇਮਿਸਾਲ ਸਿਰੜ ਨਾਲ ਬੁਲੰਦ ਰੱਖਦਿਆਂ ਜ਼ਾਲਮ ਜੇਲ੍ਹ ਅਫਸਰਾਂ ਦਾ ਗਰੂਰ ਤੋੜਨ ਵਿਚ ਮੁੱਖ ਭੂਮਿਕਾ ਨਿਭਾਈ ਸੀ।
ਸੰਘੀ ਅਤੇ ਕਾਂਗਰਸੀ ਹੁਕਮਰਾਨਾਂ ਵਲੋਂ ਮਿਲ ਕੇ ਉੁਨ੍ਹਾਂ ਦੇਸ਼ ਭਗਤ ਯੋਧਿਆਂ ਦੀ ਬੀਰਗਾਥਾ ਨੂੰ ਪੀਨਲ ਸੈਟਲਮੈਂਟ ਦੇ ਇਤਿਹਾਸ ਵਿਚੋਂ ਤਕਰੀਬਨ ਮਨਫੀ ਹੀ ਕਰ ਦਿੱਤਾ ਗਿਆ ਜਿਨ੍ਹਾਂ ਵਲੋਂ ਕਾਲੇ ਪਾਣੀ ਕੈਦ ਦੇ ਜ਼ੁਲਮਾਂ ਵਿਰੁਧ ਬਹਾਦਰੀ ਨਾਲ ਟੱਕਰ ਲੈਣ ਦੇ ਸ਼ਾਨਾਂਮੱਤੇ ਕਾਰਨਾਮਿਆਂ ਨੂੰ ਮੁੱਖ ਰੱਖਦਿਆਂ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਸੀ। ਸਭ ਤੋਂ ਪਹਿਲਾਂ, ਈਸਟ ਇੰਡੀਆ ਕੰਪਨੀ ਵਿਰੁਧ 1857 ਦੇ ਗਦਰ ਦੌਰਾਨ ਗ੍ਰਿਫਤਾਰ ਕੀਤੇ ਯੋਧਿਆਂ ਨੂੰ ਇਥੇ ਭੇਜਿਆ ਗਿਆ। ਅਜੇ ਤਕ ਕਿਸੇ ਵੀ ਸਰਕਾਰ ਵਲੋਂ ਪੁਰਾਣੇ ਰਿਕਾਰਡ ਦੀ ਖੋਜ ਕਰਵਾ ਕੇ ਉਨ੍ਹਾਂ ਵਤਨ ਪ੍ਰੇਮੀਆਂ ਅਤੇ ਹੋਰ ਕੈਦੀਆਂ ਦੀ ਸੂਚੀ ਤਿਆਰ ਕਰਵਾਉਣ ਦਾ ਤਰੱਦਦ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਪਹਿਲੀ ਜੰਗੇ-ਆਜ਼ਾਦੀ ਦੇ ਸਮੇਂ ਤੋਂ ਲੈ ਕੇ ਜਪਾਨ ਵਲੋਂ ਦੂਜੀ ਆਲਮੀ ਜੰਗ ਦੌਰਾਨ ਇਨ੍ਹਾਂ ਟਾਪੂਆਂ ਉਪਰ ਕੈਦ ਰੱਖਿਆ ਗਿਆ। ਜੇਲ੍ਹ ਦੇ ਜ਼ੁਲਮਾਂ ਨਾਲ ਟੱਕਰ ਲੈਣ ਵਾਲੇ ਜਿਨ੍ਹਾਂ ਦੇਸ਼ ਭਗਤਾਂ ਦੇ ਸ਼ਾਨਾਂਮੱਤੇ ਸੰਘਰਸ਼ ਦੇ ਤੱਥ ਸਪਸ਼ਟ ਤੌਰ ‘ਤੇ ਹਾਸਲ ਹਨ, ਪਰ ਉਨ੍ਹਾਂ ਨੂੰ ਵੀ ਢੁੱਕਵੀਂ ਜਗ੍ਹਾ ਨਹੀਂ ਦਿੱਤੀ ਗਈ।
1857 ਦੇ ਗ਼ਦਰ ਦੇ ਜਿਨ੍ਹਾਂ ਕੁਝ ਉਘੇ ਆਗੂਆਂ ਨੂੰ ਗ੍ਰਿਫਤਾਰ ਕਰ ਕੇ ਇਥੇ ਭੇਜਿਆ ਗਿਆ, ਉਨ੍ਹਾਂ ਵਿਚੋਂ ਅਲਮਾ ਫਾਜ਼ਿਲ ਹੱਕ ਖ਼ੈਰਾਬਾਦੀ ਅਤੇ ਮੌਲਾਨਾ ਲਿਆਕਤ ਅਲੀ ਨੇ ਜ਼ੁਲਮਾਂ ਦਾ ਮੁਕਾਬਲਾ ਕਰਦਿਆਂ ਇਥੇ ਹੀ ਆਖਰੀ ਸਵਾਸ ਲਏ। ਇਕ ਹੋਰ ਬਾਗ਼ੀ ਜਫਰ ਅਲੀ ਥਾਨੇਸਵਰੀ ਨੂੰ ਵੀਹ ਸਾਲ ਕੈਦ ਰੱਖਿਆ ਗਿਆ। ਇਹ ਸਾਰੇ ਉਚ ਤਾਲੀਮਯਾਫਤਾ ਅਤੇ ਬੁਲੰਦ ਇਖ਼ਲਾਕੀ ਕਿਰਦਾਰ ਵਾਲੇ ਗ਼ਦਰੀ ਸਨ।
ਅਗਲਾ ਪੂਰ ਮੁਸਲਿਮ ਵਹਾਬੀ ਬਾਗ਼ੀਆਂ ਦਾ ਸੀ ਜਿਨ੍ਹਾਂ ਨੇ ਅੰਗਰੇਜ਼-ਵਿਰੋਧੀ ਮੌਲਵੀਆਂ ਦੀ ਅਗਵਾਈ ਹੇਠ ਬਗ਼ਾਵਤ ਕੀਤੀ ਸੀ। ਉਨ੍ਹਾਂ ਨੇ ਵੀ ਵੱਡੀ ਤਾਦਾਦ ਵਿਚ 1857 ਦੇ ਗ਼ਦਰ ਵਿਚ ਹਿੱਸਾ ਲਿਆ ਸੀ। ਵਹਾਬੀਆਂ ਵਿਚੋਂ ਸ਼ੇਰ ਅਲੀ ਅਫਰੀਦੀ ਦਾ ਹਵਾਲਾ ਹੀ ਮਿਲਦਾ ਹੈ ਜਿਸ ਨੇ ਅੰਡੇਮਾਨ ਟਾਪੂਆਂ ‘ਤੇ ਕੈਦ ਕੱਟਦਿਆਂ ਵਾਇਸਰਾਏ ਮੀਓ ਨੂੰ ਉਦੋਂ ਮਾਰ ਦਿੱਤਾ ਜਦੋਂ ਉਹ ਦੌਰੇ ‘ਤੇ ਗਿਆ ਸੀ। ਉਹ ਖ਼ੈਬਰ ਏਜੰਸੀ ਇਲਾਕੇ ਦੀ ਤਿਰਾਹ ਘਾਟੀ ਨਾਲ ਸਬੰਧਤ ਸੀ। ਉਸ ਨੂੰ ਕਤਲ ਕੇਸ ਵਿਚ ਮੌਤ ਦੀ ਸਜ਼ਾ ਹੋਈ ਸੀ ਜੋ ਘਟਾ ਕੇ ਕਾਲੇਪਾਣੀ ਉਮਰ ਕੈਦ ਵਿਚ ਬਦਲ ਦਿੱਤੀ ਗਈ ਸੀ। ਉਮਰ ਕੈਦ ਭੁਗਤਦਿਆਂ ਉਸ ਨੇ ਮੌਕਾ ਤਾੜ ਕੇ ਲਾਰਡ ਮੀਓ ਨੂੰ ਕਤਲ ਕਰ ਦਿੱਤਾ। ਉਸ ਨੂੰ ਗ੍ਰਿਫਤਾਰ ਕਰ ਕੇ ਮੁਕੱਦਮਾ ਚਲਾਇਆ ਗਿਆ। ਫਾਂਸੀ ਦਿੱਤੇ ਜਾਣ ਵਕਤ ਉਸ ਦਾ ਹੌਸਲਾ ਪਹਿਲਾਂ ਨਾਲੋਂ ਵੀ ਬੁਲੰਦ ਸੀ। ਉਸ ਨੇ ਡਾਢੇ ਮਾਣ ਨਾਲ ਕਿਹਾ ਕਿ ਲਾਰਡ ਮੀਓ ਨੂੰ ਮਾਰ ਕੇ ਉਹ ਬਹੁਤ ਖੁਸ਼ ਹੈ। ਸ਼ੇਰ ਅਲੀ ਨੂੰ 11 ਮਾਰਚ 1872 ਨੂੰ ਫਾਂਸੀ ਦਿੱਤੀ ਗਈ।
ਇਸ ਤੋਂ ਅਗਲੇ ਦਹਾਕਿਆਂ ਵਿਚ ਬਰਤਾਨਵੀ ਰਾਜ ਵਿਰੁਧ ਬਗ਼ਾਵਤ ਕਰਨ ਵਾਲੇ ਹੋਰ ਕਈ ਬਾਗ਼ੀਆਂ ਨੂੰ ਵੀ ਇਥੇ ਭੇਜਿਆ ਗਿਆ ਹੋਵੇਗਾ ਜਿਨ੍ਹਾਂ ਦੇ ਵੇਰਵੇ ਹਾਸਲ ਨਹੀਂ।
1906 ਵਿਚ ਸੈਲੂਲਰ ਜੇਲ੍ਹ ਦੀ ਉਸਾਰੀ ਮੁਕੰਮਲ ਹੋਣ ‘ਤੇ ਜੋ ਇਨਕਲਾਬੀ ਇਥੇ ਭੇਜੇ ਗਏ, ਉਹ ਬੰਗਾਲ ਦੇ 1908 ਦੇ ਅਲੀਪੁਰ ਬੰਬ ਕੇਸ ਦੇ ਇਨਕਲਾਬੀ ਸਨ। ਇਸ ਤੋਂ ਪਿੱਛੋਂ ਆਜ਼ਾਦੀ ਲਈ ਅਗਲੀਆਂ ਹਥਿਆਰਬੰਦ ਲਹਿਰਾਂ ਦੇ ਯੋਧਿਆਂ ਨੂੰ ਇਥੇ ਭੇਜ ਕੇ ਤਿਲ-ਤਿਲ ਕਰ ਕੇ ਮਾਰਨ ਦਾ ਸਿਲਸਿਲਾ ਚੱਲਦਾ ਰਿਹਾ। ਬੰਗਾਲ ਦੇ ਗ਼ਦਰੀ, 1915 ਦੀ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਲਾਹੌਰ ਸਾਜ਼ਿਸ਼ ਕੇਸ ਨਾਲ ਸਬੰਧਤ ਸ਼ਹੀਦ ਭਗਤ ਸਿੰਘ ਹੋਰਾਂ ਦੇ ਸਾਥੀ (ਬੀæਕੇæ ਦੱਤ, ਡਾæ ਗਯਾ ਪ੍ਰਸਾਦ, ਬਿਜੋਏ ਕੁਮਾਰ ਸਿਨਹਾ, ਸ਼ਿਵ ਵਰਮਾ, ਜੈਦੇਵ ਕਪੂਰ ਆਦਿ), ਚਿਟਾਗਾਂਗ ਹਮਲੇ ਵਿਚ ਸ਼ਾਮਲ ਇਨਕਲਾਬੀਆਂ ਅਤੇ ਹੋਰ ਬਹੁਤ ਸਾਰਿਆਂ ਨੂੰ ਇਥੇ ਕੈਦ ਰੱਖਿਆ ਗਿਆ। ਬੰਗਾਲੀ ਇਨਕਲਾਬੀ ਤ੍ਰਿਲੋਕੀਨਾਥ ਚਕਰਵਰਤੀ ਤੀਹ ਸਾਲ ਜੇਲ੍ਹ ਵਿਚ ਬੰਦ ਰਹੇ। ਇਹ ਸਾਰੇ ਉਹ ਦੇਸ਼ ਭਗਤ ਬਾਗ਼ੀ ਅਤੇ ਇਨਕਲਾਬੀ ਸਨ ਜਿਨ੍ਹਾਂ ਨੇ ਜਿਸਮਾਨੀ ਅਤੇ ਜ਼ਿਹਨੀਂ ਤਸ਼ੱਦਦ ਦੁਆਰਾ ਦੇਸ਼ ਭਗਤਾਂ ਦਾ ਮਨੋਬਲ ਤੋੜਨ ਦੇ ਅੰਗਰੇਜ਼ ਬਸਤੀਵਾਦੀਆਂ ਦੇ ਮਨਸੂਬੇ ਆਪਣੇ ਇਨਕਲਾਬੀ ਸਿਰੜ ਨਾਲ ਨਾ ਸਿਰਫ ਨਾਕਾਮ ਬਣਾ ਦਿੱਤੇ, ਸਗੋਂ ਲੰਮੀਆਂ ਜਾਨ-ਹੂਲਵੀਆਂ ਭੁੱਖ ਹੜਤਾਲਾਂ ਨਾਲ ਜੇਲ੍ਹ ਅਫਸਰਾਂ ਨੂੰ ਝੁਕਾ ਕੇ ਕੈਦੀਆਂ ਨੂੰ ਸਮੂਹਿਕ ਹੱਕ ਦਿਵਾਉਣ ਵਿਚ ਬੇਮਿਸਾਲ ਕਾਮਯਾਬੀਆਂ ਹਾਸਲ ਕੀਤੀਆਂ। ਇਨ੍ਹਾਂ ਜੱਦੋਜਹਿਦਾਂ ਦੌਰਾਨ ਸੈਲੂਲਰ ਜੇਲ੍ਹ ਦੇ ਜ਼ੁਲਮਾਂ ਦਾ ਮੁਕਾਬਲਾ ਕਰਦਿਆਂ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ, ਰੁਲੀਆ ਸਿੰਘ ਸਰਾਭਾ, ਪੰਡਤ ਰਾਮ ਰੱਖਾ ਬਾਲੀ, ਇੰਦੂ ਭੂਸ਼ਨ ਰਾਏ, ਮਹਾਵੀਰ ਸਿੰਘ, ਮੋਹਨ ਕਿਸ਼ੋਰ ਨਾਮਦਾਸ, ਮੋਹਿਤ ਮੋਇਤ੍ਰਾ ਅਤੇ ਹੋਰ ਕਈ ਇਨਕਲਾਬੀ ਸ਼ਹੀਦ ਹੋਏ। ਸੈਲੂਲਰ ਜੇਲ੍ਹ ਤੋਂ ਇਲਾਵਾ, ਇਨ੍ਹਾਂ ਟਾਪੂਆਂ ਉਪਰ ਹੋਰ ਵੀ ਕਈ ਐਸੀਆਂ ਥਾਂਵਾਂ ਹਨ ਜਿਨ੍ਹਾਂ ਦੀ ਆਪਣੀ ਇਤਿਹਾਸਕ ਅਹਿਮੀਅਤ ਹੈ ਅਤੇ ਇਹ ਥਾਂਵਾਂ ਵੀ ਵੇਖਣਯੋਗ ਹਨ।
ਵਾਈਪਰ ਜੇਲ੍ਹ: ਪੋਰਟ ਬਲੇਅਰ ਦੇ ਬਿਲਕੁਲ ਨਾਲ ਨਿੱਕਾ ਜਿਹਾ ਵਾਈਪਰ ਨਾਂ ਦਾ ਟਾਪੂ ਹੈ ਜਿਸ ਉਪਰ ਦੋ ਪੁਰਾਣੀਆਂ ਇਮਾਰਤਾਂ ਮਾੜੀ ਹਾਲਤ ਵਿਚ ਹਨ। ਇਹ ਟਾਪੂ ਸੈਲੂਲਰ ਜੇਲ੍ਹ ਤੋਂ ਪਹਿਲੀ ਪੀਨਲ ਸੈਟਲਮੈਂਟ ਦਾ ਹਿੱਸਾ ਰਿਹਾ ਹੈ। ਉਸ ਵਕਤ ਪੀਨਲ ਸੈਟਲਮੈਂਟ ਮੌਜੂਦਾ ਪੋਰਟ ਬਲੇਅਰ ਦੇ ਨੇੜੇ-ਨੇੜੇ ਮੌਜੂਦ ਬੇਆਬਾਦ ਟਾਪੂਆਂ ਦੇ ਰੂਪ ਵਿਚ ਬਣਾਈ ਖੁੱਲ੍ਹੀ ਜੇਲ੍ਹ ਸੀ ਜਿਥੇ ਲਿਆ ਕੇ ਕੈਦੀਆਂ ਨੂੰ ਅੰਗਰੇਜ਼ ਫ਼ੌਜ ਦੀ ਨਿਗਰਾਨੀ ਹੇਠ ਰੱਖਿਆ ਜਾਂਦਾ ਸੀ ਜਿੱਥੇ ਉਹ ਬਿਨਾ ਕਿਸੇ ਸੁਰੱਖਿਆ ਤੋਂ ਅਤੇ ਗ਼ੈਰ-ਅਨੁਕੂਲ ਪੌਣਪਾਣੀ ਅੰਦਰ ਸਖ਼ਤ ਮੁਸ਼ੱਕਤ ਕਰਦਿਆਂ ਜੰਗਲੀ ਜਾਨਵਰਾਂ ਅਤੇ ਮੂਲਵਾਸੀਆਂ ਦੇ ਹਮਲਿਆਂ ਹੱਥੋਂ ਮਾਰੇ ਜਾਂਦੇ ਸਨ। ਉਸ ਵਕਤ ਸ਼ਾਇਦ ਕੋਈ ਟਾਵਾਂ-ਟਾਵਾਂ ਹੀ ਇਥੋਂ ਜਿਉਂਦਾ ਬਚ ਕੇ ਵਤਨ ਵਾਪਸ ਮੁੜਿਆ ਹੋਵੇਗਾ।
ਟਾਪੂ ਦੇ ਕੰਢੇ ਢਹਿ ਚੁੱਕਾ ਅਦਾਲਤਖ਼ਾਨਾ ਹੈ ਜਿਥੇ ਕੈਦੀਆਂ ਉਪਰ ਮੁਕੱਦਮਾ ਚਲਾਇਆ ਜਾਂਦਾ ਸੀ। ਇਸ ਦਾ ਅਗਲਾ ਹਿੱਸਾ 2003 ਦੀ ਸੁਨਾਮੀ ਦੌਰਾਨ ਢਹਿ ਗਿਆ ਸੀ। ਪ੍ਰਸ਼ਾਸਨ ਵਲੋਂ ਉਸ ਦੀ ਪਹਿਲੀ ਸ਼ਕਲ ਬਹਾਲ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ। ਜਿੰਨਾ ਕੁ ਹਿੱਸਾ ਬਚਿਆ ਹੋਇਆ ਹੈ, ਉਹ ਮਾੜੀ ਹਾਲਤ ਵਿਚ ਹੈ। ਪੰਜਾਹ ਕੁ ਮੀਟਰ ਅੱਗੇ ਜਾ ਕੇ ਪਹਾੜੀ ਦੀ ਚੋਟੀ ਉਪਰ ਫਾਂਸੀਘਰ ਹੈ। ਇਹ ਵੀ ਸਾਂਭ-ਸੰਭਾਲ ਦੀ ਅਣਹੋਂਦ ਕਾਰਨ ਖ਼ਤਮ ਹੋਣ ਕੰਢੇ ਹੈ। ਪਤਾ ਨਹੀਂ ਇਥੇ ਕਿੰਨੇ ਦੇਸ਼ ਭਗਤਾਂ ਨੂੰ ਇਥੇ ਫਾਂਸੀ ਦਿੱਤੀ ਗਈ ਹੋਵੇਗੀ? ਇਸ ਦੇ ਬਾਹਰ ਦੇਸ਼ ਭਗਤ ਸ਼ੇਰ ਅਲੀ ਦੀ ਤਸਵੀਰ ਲਗਾਈ ਗਈ ਹੈ।
ਗੁਰਦੁਆਰਾ ਡਾæ ਦੀਵਾਨ ਸਿੰਘ: ਇਹ ਡਾæ ਦੀਵਾਨ ਸਿੰਘ ਨੇ ਬਣਾਇਆ ਸੀ। ਇਸ ਦਾ ਇੰਤਜ਼ਾਮ ਇਕ ਕਮੇਟੀ ਕੋਲ ਹੈ ਜੋ ਗੁਰਦੁਆਰੇ ਦੇ ਨਾਲ ਮਿਸ਼ਨਰੀ ਸਕੂਲ ਚਲਾਉਂਦੀ ਹੈ। ਇਹ ਬੜਾ ਕਾਮਯਾਬ ਸਕੂਲ ਹੈ। ਦੀਵਾਨ ਸਿੰਘ ਡਾਕਟਰ ਸਨ ਜਿਨ੍ਹਾਂ ਨੂੰ ਬਰਤਾਨਵੀ ਸਟੇਟ ਪ੍ਰਤੀ ਵਫਾਦਾਰ ਨਾ ਹੋਣ ਕਾਰਨ ਤਬਾਦਲਾ ਕਰ ਕੇ ਪੋਰਟ ਬਲੇਅਰ ਹਸਪਤਾਲ ਵਿਚ ਡਿਉਟੀ ‘ਤੇ ਭੇਜਿਆ ਗਿਆ ਸੀ। ਉਥੇ ਜਪਾਨੀ ਫ਼ੌਜ ਵਲੋਂ ਕਬਜ਼ਾ ਕੀਤੇ ਜਾਣ ‘ਤੇ ਜਪਾਨੀ ਅਫਸਰਾਂ ਨੂੰ ਸਹਿਯੋਗ ਨਾ ਦੇਣ ਕਾਰਨ ਉਨ੍ਹਾਂ ਨੂੰ ਅੰਗਰੇਜ਼ਾਂ ਦਾ ਜਸੂਸ ਕਰਾਰ ਦੇ ਕੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ।
ਹੈਂਫਰੇਗੰਜ ਸਮਾਰਕ: ਹੈਂਫਰੇਗੰਜ ਪੋਰਟ ਬਲੇਅਰ ਦੇ ਬਿਲਕੁਲ ਨਾਲ ਨਿੱਕਾ ਜਿਹਾ ਜੰਗਲੀ ਇਲਾਕਾ ਹੈ। ਇਥੇ ਜੰਗਲ ਵਿਚ ਉਨ੍ਹਾਂ 44 ਹਿੰਦੁਸਤਾਨੀਆਂ ਦੀ ਯਾਦਗਾਰ ਬਣਾਈ ਗਈ ਹੈ ਜਿਨ੍ਹਾਂ ਨੂੰ ਜਪਾਨੀ ਬਸਤੀਵਾਦੀਆਂ ਨੇ 30 ਜਨਵਰੀ 1944 ਨੂੰ ਇਸ ਸੁੰਨ-ਮਸਾਨ ਜਗ੍ਹਾ ਉਪਰ ਲਿਜਾ ਕੇ ਗੋਲੀਆਂ ਮਾਰ ਦਿੱਤੀਆਂ ਸਨ। ਸੰਭਾਲ ਪੱਖੋਂ ਇਸ ਸ਼ਹੀਦੀ ਸਮਾਰਕ ਦਾ ਹਾਲ ਵੀ ਮਾੜਾ ਹੈ। ਪਤਾ ਲੱਗਿਆ ਕਿ ਇਥੇ ਹਰ ਸਾਲ 30 ਜਨਵਰੀ ਨੂੰ ਮੇਲਾ ਲਗਦਾ ਹੈ।
ਰੌਸ ਟਾਪੂ: ਰੌਸ ਟਾਪੂ ਨੂੰ ਅੰਗਰੇਜ਼ ਬਸਤੀਵਾਦੀਆਂ ਨੇ ਅੰਡੇਮਾਨ-ਨਿੱਕੋਬਾਰ ਟਾਪੂ ਸਮੂਹ ਦੇ ਸਦਰ-ਮੁਕਾਮ ਵਜੋਂ ਵਿਕਸਿਤ ਕੀਤਾ ਸੀ। ਸਭ ਤੋਂ ਪਹਿਲਾਂ ਕੈਦੀਆਂ ਨੂੰ ਇਥੇ ਲਿਆ ਕੇ ਜੰਗਲ ਸਾਫ ਕੀਤਾ ਗਿਆ, ਉਨ੍ਹਾਂ ਤੋਂ ਬੇਰਹਿਮੀ ਨਾਲ ਕੰਮ ਲਿਆ ਗਿਆ। ਇਥੇ ਬਸਤੀਵਾਦੀ ਪ੍ਰਸ਼ਾਸਨ ਦੀਆਂ ਜ਼ਰੂਰਤਾਂ ਅਨੁਸਾਰ ਵੱਖ-ਵੱਖ ਇਮਾਰਤਾਂ ਬਣਾਈਆਂ ਗਈਆਂ। ਸੰਭਾਲ ਦੀ ਅਣਹੋਂਦ ‘ਚ ਬਸਤੀਵਾਦ ਦੀਆਂ ਇਹ ਨਿਸ਼ਾਨੀਆਂ ਖ਼ਤਮ ਹੋ ਰਹੀਆਂ ਹਨ। ਇਥੇ 1000 ਕੈਦੀ ਰੱਖਣ ਲਈ ਬੈਰਕਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਦੀ ਹੁਣ ਰਹਿੰਦ-ਖੂੰਹਦ ਹੀ ਰਹਿ ਗਈ ਹੈ।
ਦੂਜੀ ਆਲਮੀ ਜੰਗ ਦੌਰਾਨ 23 ਮਾਰਚ 1942 ਤੋਂ 7 ਅਕਤੂਬਰ 1945 ਤਕ ਇਸ ਟਾਪੂ ਸਮੂਹ ਉਪਰ ਜਪਾਨੀਆਂ ਦਾ ਕਬਜ਼ਾ ਰਿਹਾ। ਇਥੇ ਜਪਾਨੀਆਂ ਦਾ ਬਣਾਇਆ ਬੰਕਰ ਮੌਜੂਦ ਹੈ। ਜਿਨ੍ਹਾਂ ਹਿੰਦੁਸਤਾਨੀਆਂ ਅਤੇ ਅੰਡੇਮਾਨੀਆਂ ਨੂੰ ਜਪਾਨੀਆਂ ਦੀ ਇੱਛਾ ਅਨੁਸਾਰ ਕੰਮ ਨਾ ਕਰਨ ਕਾਰਨ ਬਰਤਾਨੀਆ ਦੇ ਜਾਸੂਸ ਹੋਣ ਦੇ ਇਲਜ਼ਾਮ ਲਾ ਕੇ ਤਸੀਹੇ ਦੇ ਕੇ ਮਾਰਿਆ ਗਿਆ, ਉਸ ਕਤਲੋਗ਼ਾਰਤ ਵਿਚ ਮਾਰੇ ਜਾਣ ਵਾਲਿਆਂ ਦੀਆਂ ਕੁਝ ਯਾਦਗਾਰਾਂ ਵੀ ਬਣਾਈਆਂ ਗਈਆਂ ਹਨ। ਉਸ ਵਕਤ ਸੈਲੂਲਰ ਜੇਲ੍ਹ ਦਾ ਇਸਤੇਮਾਲ ਜਪਾਨੀਆਂ ਵਲੋਂ ਆਪਣੇ ਕੈਦੀਆਂ ਨੂੰ ਤਸੀਹੇ ਦੇਣ, ਮਾਰਨ ਅਤੇ ਕੈਦ ਰੱਖਣ ਲਈ ਕੀਤਾ ਗਿਆ। ਇਨ੍ਹਾਂ ਵਿਚ ਅੰਗਰੇਜ਼ ਅਫਸਰ ਵੀ ਸ਼ਾਮਲ ਸਨ।
ਨਾ ਕੇਵਲ ਇਨ੍ਹਾਂ ਥਾਂਵਾਂ ਦੀ ਕੁਦਰਤੀ ਖ਼ੂਬਸੂਰਤੀ ਲਾਜਵਾਬ ਹੈ, ਸਗੋਂ ਇਥੇ ਜਾ ਕੇ ਅਤੇ ਇਨ੍ਹਾਂ ਇਤਿਹਾਸਕ ਥਾਂਵਾਂ ਨੂੰ ਅੱਖੀਂ ਦੇਖ ਕੇ ਮਨ ਆਜ਼ਾਦੀ ਸੰਗਰਾਮੀਆਂ ਪ੍ਰਤੀ ਖ਼ਾਸ ਤਰ੍ਹਾਂ ਦੀ ਭਾਵੁਕ ਨੇੜਤਾ ਮਹਿਸੂਸ ਕਰਦਾ ਹੈ।
(ਸਮਾਪਤ)
____________________________________________
ਸਾਵਰਕਰ ਦੀ ਰਹਿਮ ਦੀ ਦਰਖਾਸਤ
ਸਾਵਰਕਰ ਵਲੋਂ 30 ਅਗਸਤ 1911 ਵਿਚ ਸਰਕਾਰ ਨੂੰ ਭੇਜੀ ਰਹਿਮ ਦੀ ਪਹਿਲੀ ਦਰਖ਼ਾਸਤ ਦਾ ਦਸਤਾਵੇਜ਼ੀ ਰੂਪ ਨਹੀਂ ਮਿਲਦਾ, ਪਰ ਉਸ ਵਲੋਂ 14 ਨਵੰਬਰ 1913 ਨੂੰ ਜੋ ਦੂਜੀ ਦਰਖ਼ਾਸਤ ਭੇਜੀ ਗਈ, ਉਸ ਵਿਚ 1911 ਵਾਲੀ ਪਹਿਲੀ ਦਰਖ਼ਾਸਤ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦਾ ਮੁੱਖ ਹਿੱਸਾ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ।

æææ ਹਜ਼ੂਰ, ਅਖ਼ੀਰ ਵਿਚ ਜੋ ਰਹਿਮ ਦੀ ਦਰਖ਼ਾਸਤ ਮੈਂ 1911 ਵਿਚ ਭੇਜੀ ਸੀ, ਕੀ ਮੈਂ ਉਸ ਉਪਰ ਗ਼ੌਰ ਕਰਨ ਅਤੇ ਉਸ ਨੂੰ ਹਿੰਦ ਸਰਕਾਰ ਨੂੰ ਭੇਜੇ ਜਾਣ ਨੂੰ ਮਨਜ਼ੂਰੀ ਦੇਣ ਵੱਲ ਆਪ ਜੀ ਦਾ ਧਿਆਨ ਦਿਵਾਉਣ ਦੀ ਗੁਸਤਾਖ਼ੀ ਕਰ ਸਕਦਾ ਹਾਂ। ਹਿੰਦੁਸਤਾਨੀ ਸਿਆਸਤ ਦੇ ਤਾਜ਼ਾ ਘਟਨਾ-ਵਿਕਾਸ ਅਤੇ ਸਰਕਾਰ ਦੀ ਸੁਲਾਹ ਦੀ ਨੀਤੀ ਨੇ ਇਕ ਵਾਰ ਫਿਰ ਖੁੱਲ੍ਹਾ ਸੰਵਿਧਾਨਕ ਰਾਹ ਮੁਹੱਈਆ ਕੀਤਾ ਹੈ। ਹੁਣ ਸੱਚੇ ਦਿਲੋਂ ਹਿੰਦੁਸਤਾਨ ਅਤੇ ਮਨੁੱਖਤਾ ਦਾ ਭਲਾ ਚਾਹੁਣ ਵਾਲਾ ਕੋਈ ਵੀ ਬੰਦਾ ਉਸ ਕੰਡਿਆਲੇ ਰਾਹ ਉਪਰ ਅੱਖਾਂ ਮੀਟ ਕੇ ਪੈਰ ਨਹੀਂ ਰੱਖੇਗਾ ਜਿਸ ਰਾਹ ਅਸੀਂ ਹਿੰਦੁਸਤਾਨ ਦੀ 1906-07 ਦੀ ਉਤੇਜਿਤ ਅਤੇ ਨਾ-ਉਮੀਦੀ ਵਾਲੀ ਹਾਲਤ ਦੇ ਬਹਿਕਾਵੇ ਵਿਚ ਆ ਕੇ ਪੈ ਗਏ ਸੀ ਅਤੇ ਅਮਨ ਤੇ ਤਰੱਕੀ ਦੇ ਰਾਹ ਤੋਂ ਭਟਕ ਗਏ ਸੀ।
ਲਿਹਾਜ਼ਾ ਜੇ ਸਰਕਾਰ ਆਪਣੀ ਬਹੁਪਰਤੀ ਦਰਿਆਦਿਲੀ ਦੀ ਭਾਵਨਾ ਨਾਲ ਮੈਨੂੰ ਰਿਹਾ ਕਰ ਦੇਵੇ ਤਾਂ ਮੈਂ ਸੰਵਿਧਾਨਕ ਤਰੀਕੇ ਨਾਲ ਤਰੱਕੀ ਅਤੇ ਅੰਗਰੇਜ਼ ਹਕੂਮਤ ਪ੍ਰਤੀ ਵਫਾਦਾਰੀ ਦਾ ਸਭ ਤੋਂ ਤਕੜਾ ਮੁੱਦਈ ਹੋਵਾਂਗਾ। ਇਹ ਐਸੀ ਤਰੱਕੀ ਦੀ ਸਭ ਤੋਂ ਪਹਿਲੀ ਸ਼ਰਤ ਹੈ। ਜਦੋਂ ਤਕ ਅਸੀਂ ਜੇਲ੍ਹ ਵਿਚ ਕੈਦ ਹਾਂ, ਹਜ਼ੂਰ ਦੀ ਹਿੰਦੁਸਤਾਨੀ ਵਫਾਦਾਰ ਪਰਜਾ ਦੇ ਸੈਂਕੜੇ ਹਜ਼ਾਰਾਂ ਘਰਾਂ ਵਿਚ ਸੱਚੀ ਖੁਸ਼ੀ ਅਤੇ ਚਾਅ ਨਹੀਂ ਪਰਤਣਗੇ, ਕਿਉਂਕਿ ਆਪਣਾ ਆਪਣਾ ਹੁੰਦਾ ਹੈ ਅਤੇ ਪਰਾਇਆ ਪਰਾਇਆ, ਪਰ ਜੇ ਸਾਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਸੁਭਾਵਿਕ ਤੌਰ ‘ਤੇ ਲੋਕ ਖੁਸ਼ੀਆਂ ਮਨਾਉਣਗੇ ਅਤੇ ਸਰਕਾਰ ਦਾ ਜਸ ਗਾਉਣਗੇ। ਸਰਕਾਰ ਮੁਜਰਿਮ ਨੂੰ ਸਜ਼ਾ ਦੇਣ ਅਤੇ ਬਦਲਾ ਲੈਣ ਨਾਲੋਂ ਮੁਆਫ ਕਰਨ ਅਤੇ ਸੁਧਾਰਨ ਦੀ ਜ਼ਿਆਦਾ ਸੂਝ ਰੱਖਦੀ ਹੈ। ਨਾਲ ਹੀ ਮੇਰੇ ਵਲੋਂ ਸੰਵਿਧਾਨਕ ਰਾਹ ਅਖ਼ਤਿਆਰ ਕੀਤੇ ਜਾਣ ਨਾਲ ਹਿੰਦੁਸਤਾਨ ਅਤੇ ਵਿਦੇਸ਼ਾਂ ਵਿਚ ਕੁਰਾਹੇ ਪਏ ਸਾਰੇ ਨੌਜਵਾਨ ਵਾਪਸ ਇਸ ਰਾਹ ਉਪਰ ਪਰਤ ਆਉਣਗੇ ਜੋ ਮੈਨੂੰ ਆਪਣਾ ਰਾਹਨੁਮਾ ਮੰਨਦੇ ਹਨ। ਮੈਂ ਕਿਸੇ ਵੀ ਸੂਰਤ ਵਿਚ ਸਰਕਾਰ ਦੀ ਇੱਛਾ ਮੁਤਾਬਿਕ ਖ਼ਿਦਮਤ ਕਰਨ ਲਈ ਤਿਆਰ ਹਾਂ। ਮੈਂ ਕਿਉਂਕਿ ਆਪਣਾ ਰਾਹ ਸੁਚੇਤ ਤੌਰ ‘ਤੇ ਬਦਲ ਰਿਹਾ ਹਾਂ, ਇਸ ਲਈ ਮੇਰਾ ਭਵਿੱਖੀ ਵਤੀਰਾ ਵੀ ਇਹੀ ਰਹੇਗਾ। ਜੋ ਕੁਝ ਮੈਨੂੰ ਰਿਹਾ ਕਰਨ ਨਾਲ ਹਾਸਲ ਕੀਤਾ ਜਾ ਸਕਦਾ ਹੈ, ਉਹ ਮੈਨੂੰ ਜੇਲ੍ਹ ਵਿਚ ਰੱਖਣ ਨਾਲ ਨਹੀਂ ਹੋਵੇਗਾ। ਕੇਵਲ ਬਲਵਾਨ ਹੀ ਰਹਿਮ-ਦਿਲ ਹੋ ਸਕਦਾ ਹੈ। ਲਿਹਾਜ਼ਾ, ਸ਼ਾਹ ਖ਼ਰਚ ਪੁੱਤਰ ਸਰਕਾਰ ਦੇ ਮਾਪਿਆਂ ਵਰਗੇ ਦੁਆਰ ਨੂੰ ਛੱਡ ਕੇ ਹੋਰ ਜਾ ਵੀ ਕਿੱਧਰ ਸਕਦਾ ਹੈ? ਉਮੀਦ ਹੈ, ਹਜ਼ੂਰ ਇਨ੍ਹਾਂ ਨੁਕਤਿਆਂ ਨੂੰ ਵਿਚਾਰਨ ਦੀ ਕ੍ਰਿਪਾਲਤਾ ਕਰਨਗੇ।