ਕਮਰਾ ਕਾਮਨਾ ਕਰਦਾ ਹੈ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾæ ਭੰਡਾਲ ਘਰ ਦੀਆਂ ਬਰਕਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਜਦੋਂ ਘਰ ਦੇ ਸਮੁੱਚੇ ਅਰਥਾਂ ‘ਚ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਏ ਤਾਂ ਉਹ ਸਾਡੀ ਝੋਲੀ ‘ਚ ਹਰ ਤਰ੍ਹਾਂ ਦੀਆਂ ਨਿਆਮਤਾਂ ਪਾਉਂਦਾ, ਸਾਡੀ ਸਰਬ-ਸੁੱਖੀ ਖੁਸ਼ਹਾਲੀ ਦਾ ਸ਼ੁਭਚਿੰਤਕ ਬਣ ਜਾਂਦਾ ਏ।

ਉਹ ਘਰ ਦੇ ਬੂਹੇ ਦੀਆਂ ਬਰਕਤਾਂ ਦੀ ਬਾਤ ਪਾ ਚੁਕੇ ਹਨ ਅਤੇ ਵਿਹੜੇ ਦੀਆਂ ਸਿਫਤਾਂ ਕਰਦਿਆਂ ਉਨ੍ਹਾਂ ਦੱਸਿਆ, ਵਿਹੜਾ ਅਕੀਦਤ ਏ, ਨਰੋਈਆਂ ਕਦਰਾਂ-ਕੀਮਤਾਂ ਤੇ ਸਭਿਆਚਾਰ ਦੀ, ਸਾਡੇ ਬੀਤੇ ਹੋਏ ਸਹਿਜ ਸੰਸਾਰ ਦੀ, ਸਾਡੇ ਬਜ਼ੁਰਗਾਂ ਦੀ ਅਸੀਸ ਤੇ ਸਹਿਚਾਰ ਦੀ। ਪਿਛਲੇ ਲੇਖ ਵਿਚ ਉਨ੍ਹਾਂ ਕੰਧਾਂ ਦੀ ਵਾਰਤਾ ਸੁਣਾਉਂਦਿਆਂ ਕਿਹਾ ਸੀ ਕਿ ਕੰਧਾਂ ਇਤਿਹਾਸ ਬਣਦੀਆਂ ਨੇ। ਅਕੀਦਤਯੋਗ ਥਾਂਵਾਂ ਬਣਦੀਆਂ ਨੇ। ਕੰਧਾਂ ਹੁੰਗਾਰਾ ਭਰਦੀਆਂ ਨੇ, ਸੰਵਾਦ ਰਚਾਉਂਦੀਆਂ ਨੇ। ਹਥਲੇ ਲੇਖ ਵਿਚ ਉਨ੍ਹਾਂ ਦੱਸਿਆ ਹੈ ਕਿ ਕੋਈ ਕਮਰਾ, ਕਿਸੇ ਨੂੰ ਨੈਲਸਨ ਮੰਡੇਲਾ, ਭਗਤ ਸਿੰਘ, ਜੈ ਪ੍ਰਕਾਸ਼ ਨਰਾਇਣ ਜਾਂ ਸੂ ਕੁਈ ਬਣਾ ਕੇ ਲੋਕਾਂ ਦੇ ਸਨਮੁਖ ਕਰਦਾ ਏ ਜੋ ਸਮੇਂ ਦੀਆਂ ਮੁਹਾਰਾਂ ਮੋੜਨ ਦੇ ਸਮਰੱਥ ਹੁੰਦੇ ਨੇ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਮਿੱਠੇ-ਮਿੱਠੇ ਸੰਗੀਤ ਨਾਲ ਲਰਜਦਾ ਕਮਰਾ। ਮੱਧਮ ਜਿਹੀ ਲੋਅ Ḕਚ ਜਾਗਦੀ ਹਰ ਵਸਤ। ਕਮਰੇ Ḕਚ ਪਸਰੇ ਸਕੂਨ Ḕਚ ਸ਼ਾਮਲ ਕੰਧਾਂ ਦੀ ਰੂਹਾਨੀ ਚੁੱਪ। ਸਾਹਾਂ ਦੀ ਰੁਮਕਣੀ ਦਾ ਸਾਜ਼ ਆਪਣੀ ਨਿਰੰਤਰਤਾ Ḕਚ ਸ਼ਾਮਲ। ਸੁਰਮਈ ਅੱਖਾਂ Ḕਚ ਤਰਦੇ ਸੁਪਨਿਆਂ ਦੀ ਕਲਾਨਕਾਸ਼ੀ, ਮਨ ਦਾ ਹਾਸਲ। ਸੁਪਨਿਆਂ Ḕਚ ਸੁਪਨਾ ਬਣਿਆ ਕਮਰਾ। ਕਮਰੇ ਦੀ ਸਥੂਲਤਾ ਤੇ ਸਦੀਵਤਾ ਦੀ ਧਰਾਤਲ Ḕਤੇ ਜਿਉਂਦੇ ਜੀਵਨ ਦੇ ਨਕਸ਼। ਤੁਰਦੇ ਸਮੇਂ ਦੀਆਂ ਪੈੜਾਂ ਦੇ ਨਿਸ਼ਾਨ। ਕਮਰਾ, ਇਕ ਭਰਪੂਰ ਸੰਸਾਰ।
ਕਮਰੇ, ਘਰ ਦੀਆਂ ਭੁਜਾਵਾਂ। ਘਰ ਵਿਚਲੀਆਂ ਰਾਹਵਾਂ ਤੇ ਦਿਸ਼ਾਵਾਂ। ਘਰ Ḕਚ ਸਿਰਜੇ ਨਿੱਕੇ-ਨਿੱਕੇ ਘਰ। ਘਰ-ਸੰਸਾਰ Ḕਚ, ਕਮਰਿਆਂ ਦਾ ਆਪਣਾ ਸੰਸਾਰ। ਘਰ, ਕਮਰਿਆਂ ਦੇ ਸਾਹੀਂ ਜੀਂਦਾ ਤੇ ਥੀਂਦਾ।
ਰੌਸ਼ਨਦਾਨ, ਖਿੜਕੀਆਂ ਤੇ ਬੂਹੇ, ਕਮਰੇ ਦੀ ਪਰਿਭਾਸ਼ਾ, ਕਮਰੇ ਦੀ ਸੰਪੂਰਨਤਾ ਲਈ ਅਭਿਲਾਸ਼ਾ ਅਤੇ ਜੱਗ-ਜਿਉਣ ਦੀ ਆਸ਼ਾ।
ਚਹੁੰ ਪਾਸੀਂ ਖੁੱਲ੍ਹਦੇ ਬੂਹਿਆਂ ਵਾਲਾ ਕਮਰਾ, ਚਾਰ ਦਿਸ਼ਾਵੀਂ ਫੈਲਦੇ ਪ੍ਰਕਾਸ਼ ਦਾ ਸਿਰਨਾਵਾਂ, ਸਭ ਨੂੰ ਹਿੱਕ ਨਾਲ ਲਾਉਣ ਦੀਆਂ ਆਸ਼ਾਵਾਂ। ਸਭ ਦੀਆਂ ਪੂਰੀਆਂ ਹੁੰਦੀਆਂ ਦੁਆਵਾਂ ਅਤੇ ਸਭ ਲਈ ਖੈਰ-ਸੁੱਖ ਤੇ ਸਫਲਤਾ ਦੀਆਂ ਸ਼ੁਭ-ਕਾਮਨਾਵਾਂ। ਸਰਬ-ਸੁਖ ਦੀ ਅਰਦਾਸ ਅਤੇ ਮਨ ਤੋਂ ਮਨ ਤੀਕ ਦਾ ਪਰਵਾਸ।
ਕਮਰੇ Ḕਚ ਸਿਮਟਿਆ ਘਰ, ਮੋਹ ਤੇ ਨਿੱਘ ਦੀਆਂ ਤੰਦਾਂ ਦੀ ਮਜ਼ਬੂਤੀ ਤੇ ਸਥਿਰਤਾ ਦਾ ਨਾਂ। ਕਮਰਿਆਂ Ḕਚ ਖਿਲਰਿਆ ਘਰ, ਆਪੋ ਆਪਣੇ ਰਾਹਾਂ, ਥਾਂਵਾਂ ਤੇ ਨਾਂਵਾਂ ਨੂੰ ਮਿਲੀ ਜ਼ੁਬਾਨ।
ਕਮਰਾ, ਕਮਰੇ ਦੇ ਬਾਸ਼ਿੰਦਿਆਂ ਦਾ ਸਭ ਤੋਂ ਨੇੜਲਾ ਤੇ ਭਰੋਸੇਯੋਗ ਹਮਰਾਜ। ਉਨ੍ਹਾਂ ਦਾ ਜ਼ੱਰਾ-ਨਵਾਜ਼ ਅਤੇ ਉਨ੍ਹਾਂ ਦਾ ਜਿਉਣ-ਰਾਜ਼।
ਨਿਰੀਆਂ ਕੰਧਾਂ ਨਾਲ ਉਸਰਿਆ ਕਮਰਾ ਕਾਲ ਕੋਠੜੀ। ਹਵਾ ਤੇ ਧੁੱਪ ਨੂੰ ਦੇਸ਼ ਨਿਕਾਲਾ। ਸਾਹਾਂ ਦੀ ਨਿਸ਼ਚਿਤ ਗਿਣਤੀ। ਪਰਮਿਟ ਨਾਲ ਮਿਲਦੀ ਸਾਹਾਂ ਦੀ ਅਉਧ ਤੇ ਅਰਜੋਈ।
ਕਮਰੇ ਦੇ ਬੰਦ ਦਰਵਾਜੇ Ḕਜੀ ਆਇਆਂ ਨੂੰ’ ਮਿਲਿਆ ਸਰਾਪ। ਬਰੂਹਾਂ ‘ਤੇ ਛਿੜਕਿਆ ਸੰਤਾਪ ਅਤੇ ਗੁੰਗੇ ਬੋਲਾਂ ਦਾ ਧੁਖਦਾ ਅਲਾਪ।
ਦਰਵਾਜੇ ਨਾ ਹੋਣ ਤਾਂ ਕਮਰਾ ਗਰੀਬ ਦੀ ਪਨਾਹ। ਲੀਰਾਂ Ḕਚ ਲਿਪਟੀ ਨਗਨਤਾ ਦੀ ਕਿਸੇ ਓਹਲੇ ਲਈ ਦੁਆ। ਫੱਕਰਾਂ ਦਾ ਡੇਰਾ। ਕਮਰੇ ਦੀ ਹੋਂਦ ਦਾ ਸਭ ਦੇ ਨਾਮ ਹੋ ਜਾਣਾ ਅਤੇ ਆਪਣੀ ਅਣਹੋਂਦ Ḕਚੋਂ ਕਿਸੇ ਦੀ ਹੋਂਦ ਨੂੰ ਉਪਜਾਉਣਾ।
ਕਮਰਾ ਜਦੋਂ ਕਰਾਹੁਣ ਲੱਗ ਪਵੇ ਤਾਂ ਮਨੁੱਖ ਦੀ ਸੀਰ ਜੱਗ ਤੋਂ ਮੁੱਕ ਜਾਂਦੀ ਏ। ਮਾਨਵਤਾ ਦੀ ਨਿਰੰਤਰ ਵਗਦੀ ਨੈਂ ਸੁੱਕ ਜਾਂਦੀ ਏ। ਸਾਹਾਂ ਦੀ ਸਰਗਮ ਰੁਕ ਜਾਂਦੀ ਏ। ਪਤਝੜ ਰੁੱਤ ਦਰ Ḕਤੇ ਢੁੱਕ ਜਾਂਦੀ ਏ ਅਤੇ ਸਰਘੀਆਂ ਦੀ ਆਮਦ ਧੁੰਦਾਂ Ḕਚ ਲੁਕ ਜਾਂਦੀ ਏ।
ਕਮਰਾ ਮਰ ਗਈ ਹੂਕ ਦਾ ਮਾਤਮ ਮਨਾਉਣ ਤੋਂ ਵਿਰਵਾ ਹੋ ਜਾਂਦਾ ਹੈ, ਜਦੋਂ ਉਸ ਦੇ ਸਾਹਮਣੇ ਅਬਲਾ ਦੀ ਪੱਤ ਲੁੱਟੀ ਜਾਵੇ, ਕਿਸੇ ਦੇ ਸੁਪਨਿਆਂ ਨੂੰ ਵਲੂੰਧਰਿਆ ਜਾਵੇ, ਡੋਡੀਆਂ ਨਾਲ ਭਰੀ ਡਾਲ ਕੜੱਕ ਕਰਕੇ ਤੋੜੀ ਜਾਵੇ ਅਤੇ ਮਾਸੂਮ ਚਾਵਾਂ ਦੀ ਰਾਖ, ਉਸ ਦੇ ਵਿਹੜੇ Ḕਚ ਹੀ ਸੁੱਟੀ ਜਾਵੇ।
ਘਰ Ḕਚ ਹਰ ਕਮਰੇ ਦੀ ਆਪਣੀ ਤਾਸੀਰ। ਆਪਣੀ ਅਹਿਮੀਅਤ। ਆਪਣਾ ਰੰਗ। ਆਪਣਾ ਜਿਉਣ ਢੰਗ। ਬੱਚਿਆਂ ਦਾ ਕਮਰਾ, ਧੜਕਦਾ ਸੰਗੀਤ। ਉਨ੍ਹਾਂ ਦੇ ਖਿਡੌਣਿਆਂ Ḕਚ ਜਿਉਣ ਦੀ ਰੀਝ। ਕਮਰੇ ਦੇ ਦੀਦਿਆਂ Ḕਚ, ਬੱਚਿਆਂ ਦੇ ਚਿਹਰੇ Ḕਤੇ ਖੇਡਦੀ ਖੁਸ਼ੀ ਦਾ ਝਲਕਾਰਾ। ਬੱਚਿਆਂ Ḕਚ ਪਨਪਦਾ ਸੁਖਦ ਅਹਿਸਾਸ। ਆਪਣੀ ਹੋਂਦ ਤੇ ਖੁਦਮੁਖਤਿਆਰੀ ਦਾ ਹੁਲਾਸ। ਚਾਰੇ ਪਾਸੇ ਖਿੱਲਰੇ ਕੱਪੜਿਆਂ, ਖਿਡੌਣਿਆਂ, ਕਿਤਾਬਾਂ, ਕਾਪੀਆਂ, ਗੇਮਾਂ ਦਾ ਕਮਰੇ ਨੂੰ ਬਖਸ਼ਿਆ ਨੂਰਾਨੀ ਰੂਪ। ਖਿੜਿਆ ਸਰੂਪ।
ਕਮਰਿਆਂ ਦਾ ਨਾਮਕਰਨ ਅਜੋਕੀ ਜੀਵਨ-ਸ਼ੈਲੀ ਦਾ ਅਮਿੱਟ ਪ੍ਰਭਾਵ। ਆਪਣੇ ਵਿਚ ਸਭ ਰੂਪਾਂ ਨੂੰ ਸਮਾਉਣ ਦੀ ਸਮਰੱਥਾ ਵਾਲਾ ਕਮਰਾ, ਹੁਣ ਉਚ ਸ਼੍ਰੇਣੀ Ḕਚ ਪਹੁੰਚ ਕੇ ਸੌਣ ਦਾ ਕਮਰਾ, ਖਾਣੇ ਦਾ ਕਮਰਾ, ਡਰਾਇੰਗ ਰੂਮ, ਵਾਸ਼-ਰੂਮ, ਰਸੋਈ, ਟੀæਵੀæ ਰੂਮ, ਬਾਬਾ ਜੀ ਦਾ ਕਮਰਾ, ਬਜ਼ੁਰਗਾਂ ਦਾ ਕਮਰਾ ਅਤੇ ਨੌਕਰਾਂ ਦਾ ਕਮਰਾ ਤੀਕ ਦਾ ਸਫਰ ਤੈਅ ਕਰ ਚੁਕਾ ਏ।
ਪਰ ਕਮਰਾ ਉਦੋਂ ਆਪਣੀ ਅਉਧ ਲਈ ਹੰਝੂਆਂ ਦੀ ਬਰਸਾਤ ਬਣਦਾ ਏ ਜਦੋਂ ਘਰ ਲਈ ਸਮੁੱਚਾ ਜੀਵਨ ਲੇਖੇ ਲਾਉਣ ਵਾਲੇ ਬਜ਼ੁਰਗਾਂ ਲਈ, ਨੌਕਰਾਂ ਦੇ ਨਾਲ ਦਾ ਕਮਰਾ, ਉਨ੍ਹਾਂ ਦੀ ਆਖਰੀ ਠਾਹਰ ਬਣਦਾ ਏ। ਕਮਰਾ ਕੀ ਕਰ ਸਕਦਾ ਏ? ਇਹ ਤਾਂ ਨਵੇਂ ਮਾਲਕਾਂ ਦੀ ਮਰਜ਼ੀ ਹੁੰਦੀ ਏ।
ਕਮਰੇ Ḕਚ ਖਿਲਰੀਆਂ ਕਿਤਾਬਾਂ, ਲਿਖੇ ਹੋਏ ਨੋਟਸ। ਕਾਗਜ਼ਾਂ ਦਾ ਖਿਲਾਰਾ, ਆਸੇ-ਪਾਸੇ ਨਵੇਂ ਖਰੜਿਆਂ ਦਾ ਸੰਸਾਰ। ਆਪਣੀ ਸੋਚ Ḕਚ ਮਗਨ ਚਿੰਤਕ। ਐਨਕਾਂ Ḕਚੋਂ ਅੱਖਰਾਂ ਦੀ ਰੂਹ ਤੀਕ ਪਹੁੰਚਣ ਦਾ ਸਿਰੜ। ਕਿਤਾਬਾਂ Ḕਚ ਕਿਤਾਬਾਂ ਬਣੇ ਮਨੁੱਖ ਤੇ ਕਮਰਾ-ਕਮਰੇ ਦੀ ਵਿਸਮਾਦੀ ਉਡਾਣ।
ਕਮਰਾ, ਹਰ ਰੂਪ Ḕਚ, ਕਮਰੇ ਦੇ ਸਮੁੱਚ ਦੀ ਅਰਾਧਨਾ Ḕਚੋਂ ਹੀ ਆਪੇ ਨੂੰ ਵਿਸਥਾਰਦਾ ਅਤੇ ਕਮਰੇ ਦੀ ਹੋਂਦ Ḕਚੋਂ ਹੀ ਨਵੇਂ ਦਿਸਹੱਦਿਆਂ ਨੂੰ ਨਿਖਾਰਦਾ।
ਕਮਰਾ, ਰੁੱਤਾਂ, ਰੰਗੀਨੀਆਂ ਅਤੇ ਰਾਤਾਂ ਦਾ ਚਸ਼ਮਦੀਦ ਗਵਾਹ। ਭਟਕਣਾ ਨੂੰ ਮਿਲੀ ਪਨਾਹ। ਬੇਲਗਾਮ ਸੋਚਾਂ ਲਈ ਅਟਕਾਅ ਅਤੇ ਤੁਹਾਡੀਆਂ ਅੱਥਰੀਆਂ ਭਾਵਨਾਵਾਂ ਦਾ ਬਦਲਦਾ ਸੁਭਾਅ।
ਕੋਈ ਕਮਰਾ, ਕਿਸੇ ਨੂੰ ਨੈਲਸਨ ਮੰਡੇਲਾ, ਭਗਤ ਸਿੰਘ, ਜੈ ਪ੍ਰਕਾਸ਼ ਨਰਾਇਣ ਜਾਂ ਸੂ ਕੁਈ ਬਣਾ ਕੇ ਲੋਕਾਂ ਦੇ ਸਨਮੁਖ ਕਰਦਾ ਏ ਜੋ ਸਮੇਂ ਦੀਆਂ ਮੁਹਾਰਾਂ ਮੋੜਨ ਦੇ ਸਮਰੱਥ ਹੁੰਦੇ ਨੇ।
ਕਮਰਾ, ਸੁੱਖਾਂ-ਦੁੱਖਾਂ ਦਾ ਚਸ਼ਮਦੀਦ ਗਵਾਹ। ਤੁਹਾਡੇ ਕਰਮ Ḕਚ ਮੌਲਦਾ ਚਾਅ। ਹੰਝੂਆਂ Ḕਚ ਖੁਰਦੀ ਤੁਹਾਡੀ ਹੋਂਦ ਲਈ ਹਾਅ। ਤੁਹਾਡੀ ਪੀੜਾ ਹਰਨ ਲਈ ਫਿਜ਼ਾ Ḕਚ ਗੂੰਜਦੀ ਸਦਾਅ ਅਤੇ ਤੁਹਾਡੇ ਹਰ ਜਿਉਂਦੇ ਪਲ ਲਈ ਉਕਰਿਆ ਉਮਾਹ।
ਕਮਰਾ ਕਾਮਨਾ ਕਰਦਾ ਹੈ ਕਿ ਹਰ ਇੱਕ ਨੂੰ ਸਿਰ ਲਕਾਉਣ ਲਈ ਥਾਂ ਮਿਲੇ, ਤਿੱਖੜ ਦੁਪਹਿਰਾਂ Ḕਚ ਤਪਦਿਆਂ ਨੂੰ ਸੰਘਣੀ ਛਾਂ ਮਿਲੇ, ਭਟਕਦਿਆਂ ਨੂੰ ਆਪਣਾ ਨਿੱਕਾ ਜਿਹਾ ਜਹਾਨ ਮਿਲੇ, ਰੂਹਾਂ ਨੂੰ ਆਪਸ Ḕਚ ਸਮਾ ਜਾਣ ਲਈ ਪਨਾਹ ਮਿਲੇ ਅਤੇ ਗੁੰਗੇ ਭਾਵਾਂ ਨੂੰ ਜ਼ੁਬਾਨ ਮਿਲੇ।
ਕਮਰਾ, ਨੈਣਾਂ Ḕਚ ਤਰਦੇ ਸੁਪਨਿਆਂ ਦੀ ਸੰਗ-ਤਰਾਸ਼ੀ। ਕਮਰੇ ਦੇ ਨਾਂਵੇਂ ਰੁੱਤ ਹੁਲਾਸੀ, ਮੁਖੜੇ Ḕਤੇ ਪਸਰੀ ਮੋਨਾਲਿਜ਼ਾ ਹਾਸੀ ਅਤੇ ਸਿਰਜਣਾ ਦੀ ਕਲਾ-ਨਕਾਸ਼ੀ।
ਕਮਰਾ, ਮਸਤਕ Ḕਚ ਖੁੱਲ੍ਹਦੇ ਬੂਹੇ-ਬਾਰੀਆਂ ਦਾ ਹਾਣ। ਤੁਹਾਡਾ ਹੁੰਗਾਰਾ ਲੋਚਦੀ ਸੋਚ-ਉਡਾਣ। ਬੀਤੇ ਪਲਾਂ ਦੀ ਅਲਾਹੀ ਅਜ਼ਾਨ। ਤੁਹਾਡਾ ਜੀਅ-ਪ੍ਰਾਣ ਅਤੇ ਮੂਕ ਬੋਲਾਂ ਨੂੰ ਮਿਲੀ ਜ਼ੁਬਾਨ।
ਕਮਰਾ, ਕਰਮ ਦੀ ਕਰਬਲਾ, ਧਰਮ ਦੀ ਅਯੁੱਧਿਆ, ਕ੍ਰਿਸ਼ਨ ਦਾ ਕਰੂਕਸ਼ੇਤਰ ਤੇ ਕਿਰਤ ਦਾ ਕਰਤਾਰਪੁਰ।
ਕਮਰਾ, ਤੁਹਾਡੇ ਹੱਸਣ ਨਾਲ ਹੱਸਦਾ ਅਤੇ ਰੋਣ ਨਾਲ ਰੋਂਦਾ। ਤੁਸੀਂ ਉਦਾਸ ਹੋਵੋ ਤਾਂ ਕਮਰੇ Ḕਚ ਉਦਾਸ ਫਿਜ਼ਾ ਪਰਿਕਰਮਾ ਕਰਦੀ। ਤੁਸੀਂ ਬੋਲੋ ਤਾਂ ਕਮਰਾ ਹੁੰਗਾਰਾ ਭਰਦਾ। ਤੁਹਾਡੇ ਨਾਲ ਸੰਵਾਦ ਰਚਾਉਂਦਾ ਤੇ ਸੰਘਣੀ ਚੁੱਪ ਦੇ ਅਰਥ ਸਮਝਾਉਂਦਾ। ਕਮਰਾ, ਜੀਵਨ-ਕਰਮ ਦੀ ਸੁੱਚਮਤਾ। ਮਾਨਸਿਕ ਬਿਰਤੀ ਦੀ ਉਚਮਤਾ ਅਤੇ ਜੀਵਨ-ਜਾਚ Ḕਚ ਰਚ ਚੁਕੀ ਸਰਲਤਾ।
ਕਮਰਾ, ਕਮਰੇ ਤੋਂ ਕਮਰੇ ਤੀਕ ਦਾ ਸਫਰ। ਖੁਦੀ ਤੋਂ ਖੁਦ ਤੀਕ ਦੀ ਵਾਟ। ਸਕੂਨ ਦੀ ਮਹਿਕਦੀ ਫਿਜ਼ਾ। ਅਪਣੱਤ ਦਾ ਚੌਗਿਰਦਾ। ਮੁਹੱਬਤ ਦਾ ਚਸ਼ਮਾ। ਮੋਹ ਦੀ ਸੁਖਨ-ਲੋਅ।
ਕਮਰਾ, ਮਨੁੱਖੀ ਜਗਿਆਸਾ ਦਾ ਜਾਗਦਾ ਸਰੋਤ। ਮਸਤਕ Ḕਚ ਜਗਦੀ ਜੋਤ ਅਤੇ ਉਸ ਜੋਤ ਦੇ ਚਾਨਣ Ḕਚ ਮਨੁੱਖ ਦਾ ਚਮਕਦਾ ਵਜੂਦ।
ਅੱਧੀ ਤੋਂ ਵੱਧ ਬੀਤ ਚੁੱਕੀ ਰਾਤ। ਪਸਰੀ ਡੂੰਘੀ ਚੁੱਪ। ਜਾਗਦੇ ਦੀਦਿਆਂ ਲਈ ਸੁਪਨਈ ਨੀਂਦ ਲੋੜਦਾ ਕਮਰਾ। ਪਰ ਮਨ ਦੇ ਵਿਹੜੇ Ḕਚ ਯਾਦਾਂ ਦਾ ਜਮਘਟਾ, ਆਪਣੀ ਹੋਂਦ ਸੰਗ ਜਿਉਣ ਲਈ ਬੇਤਾਬ। ਮਸਤਕ Ḕਚ ਰੀਂਗਦਾ, ਬੀਤੇ ਸਮੇਂ ਦਾ ਸੁੱਖਨਵਰ ਇਹਿਤਾਸ, ਅੱਖ ਝਪਕਣ ਤੋਂ ਹੋੜਦਾ। ਵੱਢ-ਵੱਢ ਖਾਂਦੀ ਇਕੱਲ। ਕੰਧਾਂ Ḕਤੇ ਲਟਕਦੀਆਂ ਤਸਵੀਰਾਂ ਕਿੰਜ ਹੁੰਗਾਰਾ ਭਰਨ। ਕਿੰਜ ਜਿਉਂਦਿਆਂ ਸੰਗ, ਸੁੱਖ-ਸਾਗਰ ਤਰਨ। ਕਿੰਜ ਵੇਦਨਾ ਹਰਨ। ਕਿੰਜ ਸੰਦਲੀ ਪਲ ਤਲੀ Ḕਤੇ ਧਰਨ ਅਤੇ ਦਿਲ ਦੀਆਂ ਬਾਤਾਂ ਦਾ ਹੁੰਗਾਰਾ ਭਰਨ।
ਕਮਰਾ, ਸਬੱਬ ਏ ਰੁੱਸਿਆਂ ਨੂੰ ਮਨਾਉਣ ਦਾ। ਰੋਂਦਿਆਂ ਨੂੰ ਹਸਾਉਣ ਦਾ। ਜ਼ਖ਼ਮਾਂ Ḕਤੇ ਮਰਹਮ ਲਾਉਣ ਦਾ। ਆਪਣਿਆਂ ਨੂੰ ਗਲ ਨਾਲ ਲਾਉਣ ਦਾ। ਕਿਸੇ ਦੀ ਖਾਲੀ ਝੋਲ Ḕਚ ਸ਼ੁਭ-ਸ਼ਗਨ ਦੀ ਪਾਉਣ ਦਾ। ਕਿਸੇ ਨੂੰ ਦਿਲ ਦੀ ਸਰਗਮ Ḕਤੇ ਸਜਾਉਣ ਦਾ। ਸਾਹਾਂ Ḕਚ ਸਾਹ ਰਚਾਉਣ ਦਾ ਅਤੇ ਜਿੰਦ ਨੂੰ ਆਪਣਿਆਂ ਦੇ ਨਾਂਵੇਂ ਲਾਉਣ ਦਾ।
ਕਮਰਾ, ਕਰਮਸ਼ੀਲਤਾ ਦੀ ਤਸਵੀਰ। ਕੁਝ ਨਰੋਇਆ ਕਰਨ ਲਈ ਉਕਸਾਉਂਦਾ, ਸੋਚ-ਕਿਸ਼ਤੀ ਨੂੰ ਕਿਨਾਰਾ ਦਿਖਾਉਂਦਾ, ਨੈਣਾਂ Ḕਚ ਸੁਪਨੇ ਟਿਕਾਉਂਦਾ, ਉਨ੍ਹਾਂ ਦੀ ਸੰਪੂਰਨਤਾ ਲਈ ਨਰੋਏ ਸੁਝਾਅ ਸੁਝਾਉਂਦਾ ਅਤੇ ਨਵਿਆਂ ਲਈ ਉਕਸਾਉਂਦਾ। ਕਮਰਾ, ਕਦੇ ਮੱਠ ਬਣਦਾ, ਕਦੇ ਹੱਠ ਬਣਦਾ। ਕਦੇ ਦੀਵੇ ਦੀ ਲੋਅ ਬਣਦਾ, ਕਦੇ ਨੈਣਾਂ Ḕਚੋਂ ਝਲਕਦਾ ਰੋਹ ਬਣਦਾ। ਕਦੇ ਰੈਣ ਬਸੇਰਾ, ਕਦੇ ਸੂਖਮ ਸਵੇਰਾ। ਕਦੇ ਆਪੇ ਸੰਗ ਸੰਵਾਦ ਦਾ ਸਬੱਬ ਅਤੇ ਕਦੇ ਦਰ ਆਇਆ ਸਬਾਬ। ਕਦੇ ਢਾਰਾ ਬਣਦਾ, ਚੁਬਾਰਾ ਬਣਦਾ ਤੇ ਮਹਿਲ-ਮੁਨਾਰਾ ਬਣਦਾ। ਕਦੇ ਕੱਚੀਆਂ ਕੰਧਾਂ ਦੀ ਅਰਦਾਸ ਅਤੇ ਕਦੇ ਠੰਡ Ḕਚ ਠੁਰਕਦੇ ਜਿਸਮਾਂ ਦੀ ਆਸ। ਕਦੇ ਤਿੜਕੀ ਸੋਚ ਦਾ ਵਿਸਥਾਰ ਅਤੇ ਕਦੇ ਝਰਨਿਆਂ ਦੀ ਆਬ-ਸ਼ਾਰ।
ਕਮਰਾ, ਤੁਹਾਡਾ ਸੱਗਵਾਂ ਸਰੂਪ। ਤੁਹਾਡੇ ਸੁਹਜ ਦਾ ਰੂਪ। ਤੁਹਾਡੀ ਸੋਚ ਦਾ ਫੈਲਾਅ। ਤੁਹਾਡੇ ਜੀਵਨ-ਸਲੀਕੇ ਦੀ ਅਦਾ। ਅਦਬ ਦਾ ਵਗਦਾ ਦਰਿਆ। ਤੁਹਾਡੀ ਮਾਨਸਿਕ ਬਿਰਤੀ ਦਾ ਪ੍ਰਗਟਾਅ। ਤੁਹਾਡੇ ਵਿਚਾਰਾਂ ਦਾ ਮੌਲਦਾ ਬ੍ਰਿਖ। ਜਿੰਦੜੀ ਦਾ ਸਿਖਰ। ਤਦੇ ਤਾਂ ਬਾਬੇ ਆਖਿਆ, Ḕਮਨ ਪ੍ਰਦੇਸੀ ਜੇ ਥੀਆ ਸਭ ਦੇਸ ਪਰਾਇਆ।’