ਡਾæ ਗੁਰਨਾਮ ਕੌਰ, ਕੈਨੇਡਾ
ਤੀਸਰੀ ਵਾਰ ਦੀ ਇਸ ਤੇਰ੍ਹਵੀਂ ਪਉੜੀ ਵਿਚ ਭਾਈ ਗੁਰਦਾਸ ਨੇ ਗੁਰਮੁਖਿ ਦੇ ਸੁਭਾਅ ਦੀ ਵਿਆਖਿਆ ਕੀਤੀ ਹੈ ਕਿ ਗੁਰਮੁਖਿ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ਜਾਂ ਗੁਰਮੁਖਿ ਕਿਸ ਨੂੰ ਕਹਿੰਦੇ ਹਨ। ਭਾਈ ਸਾਹਿਬ ਸਭ ਤੋਂ ਪਹਿਲਾਂ ਸਤਿਸੰਗਤ ਦੀ ਵਿਆਖਿਆ ਕਰਦੇ ਹਨ ਕਿ ਸਤਿਸੰਗਤ ਅਜਿਹਾ ਮਿਲ ਬੈਠਣਾ ਜਾਂ ਇਕੱਠ ਹੈ ਜਿਸ ਵਿਚ ਅਕਾਲ ਪੁਰਖ ਦਾ ਨਿਰਮਲ ਭੈ ਅਤੇ ਮਨੁੱਖਤਾ ਲਈ ਪ੍ਰੇਮ-ਦੋਵੇਂ ਇਕਮਿਕ ਹੋਏ ਹੁੰਦੇ ਹਨ
ਜਿਸ ਕਰਕੇ ਸਤਿਸੰਗਤ ਵਿਚ ਇਕੱਤਰ ਹੋਏ ਪ੍ਰਾਣੀਆਂ ਦੇ ਮਨ ਵਿਚ ਸਹਿਜ ਵੈਰਾਗ ਆ ਜਾਂਦਾ ਹੈ ਅਰਥਾਤ ਉਨ੍ਹਾਂ ਦਾ ਮਨ ਇਸ ਭਉ ਤੇ ਭਾਉ ਕਰਕੇ ਆਪਣੇ ਆਪ ਹੀ ਦੁਨੀਆਂ ਦੇ ਲੱਗ-ਲਬੇੜਾਂ ਤੋਂ ਉਤੇ ਉਠ ਜਾਂਦਾ ਹੈ, ਮਨ ਸਹਿਜ ਅਵਸਥਾ ਵਿਚ ਵਿਚਰਦਾ ਹੈ। ਗੁਰਮੁਖਾਂ ਦੀ ਸਤਿਸੰਗਤ ਵਿਚ ਜਾ ਕੇ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲੇ ਵਿਅਕਤੀਆਂ ਦਾ ਸੁਭਾਅ ਕੁਦਰਤੀ ਹੀ ਅਜਿਹਾ ਬਣ ਜਾਂਦਾ ਹੈ ਕਿ ਉਨ੍ਹਾਂ ਦੀ ਸੁਰਤਿ ਸਦਾ ਹੀ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ ਅਤੇ ਉਹ ਇਸ ਪ੍ਰਤੀ ਸਦਾ ਸੁਚੇਤ ਰਹਿੰਦੇ ਹਨ। ਗੁਰਮੁਖਾਂ ਦੀ ਬੋਲ-ਚਾਲ ਵਿਚ ਹਲੀਮੀ ਆ ਜਾਂਦੀ ਅਤੇ ਉਹ ਸਦਾ ਮਿੱਠੇ ਬਚਨ ਬੋਲਦੇ ਹਨ, ਉਹ ਹਉਮੈ ਦਾ ਸਦਾ ਲਈ ਤਿਆਗ ਕਰ ਦਿੰਦੇ ਹਨ।
ਗੁਰੂ ਦੀ ਮਤਿ ਅਨੁਸਾਰ ਚੱਲਦਿਆਂ ਉਹ ਸਦਾ ਅਕਾਲ ਪੁਰਖ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ। ਉਹ ਖੁਦ ਨੂੰ ਬਹੁਤ ਚੰਗੇ ਭਾਗਾਂ ਵਾਲਾ ਮੰਨਦੇ ਹੋਏ ਅਕਾਲ ਪੁਰਖ ਦੇ ਪ੍ਰੇਮ ਰੂਪੀ ਅੰਮ੍ਰਿਤ ਦਾ ਪਿਆਲਾ ਪੀਂਦੇ ਹਨ ਅਤੇ ਆਪਣੇ ਅੰਦਰ ਰੱਬੀ ਜੋਤਿ ਦਾ ਅਨੁਭਵ ਕਰਦੇ ਹੋਏ ਇਸ ਯੋਗ ਹੋ ਜਾਂਦੇ ਹਨ ਕਿ ਇਸ ਅਨੁਭਵ ਦੇ ਗਿਆਨ ਦੀ ਰੌਸ਼ਨੀ ਅੱਗੇ ਫੈਲਾ ਸਕਣ। ਗੁਰੂ ਤੋਂ ਉਚੀ ਮਤਿ ਪ੍ਰਾਪਤ ਕਰਕੇ ਉਨ੍ਹਾਂ ਨੂੰ ਅਸੀਮ ਚਾਅ ਚੜ੍ਹ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਅਕਤੀਤਵ ਮਾਇਆਵੀ ਲੱਗ-ਲਪੇਟ ਤੋਂ ਰਹਿਤ ਹੋ ਜਾਂਦਾ ਹੈ ਅਤੇ ਨਿਰਮਲ ਭਾਵ ਦਾਗ-ਰਹਿਤ ਰਹਿੰਦਾ ਹੈ। ਪਉੜੀ ਦੀ ਆਖਰੀ ਤੁਕ ਵਿਚ ਉਹ ਨਤੀਜਾ ਕੱਢਦੇ ਹਨ ਕਿ ਦੁਨਿਆਵੀ ਵਰਤਾਵੇ ਵਿਚ ਗੁਰਮੁਖਿ ਸਦਾ ਚੜ੍ਹਾਈ ‘ਤੇ ਹੁੰਦੇ ਹਨ, ਉਨ੍ਹਾਂ ਦੀ ਪਦਵੀ ਉਚੀ ਹੁੰਦੀ ਹੈ, ਜਿਸ ਨੂੰ ਉਨ੍ਹਾਂ ਨੇ ਕਿਹਾ ਹੈ ਕਿ ਜੇ ਦੁਨੀਆਂ ਵੀਹ ਹੈ ਤਾਂ ਉਹ ਇੱਕੀ ਹੁੰਦੇ ਹਨ:
ਸਾਧਸੰਗਤਿ ਭਉ ਭਾਉ ਸਹਜੁ ਬੈਰਾਗੁ ਹੈ।
ਗੁਰਮੁਖਿ ਸਹਜਿ ਸੁਭਾਉ ਸੁਰਤਿ ਸੁ ਜਾਗੁ ਹੈ।
ਮਧੁਰ ਬਚਨ ਆਲਾਉ ਹਉਮੈ ਤਿਆਗੁ ਹੈ।
ਸਤਿਗੁਰ ਮਤਿ ਪਰਥਾਉ ਸਦਾ ਅਨੁਰਾਗੁ ਹੈ।
ਪਿਰਮ ਪਿਆਲੇ ਸਾਉ ਮਸਤਕਿ ਭਾਗੁ ਹੈ।
ਬ੍ਰਹਮ ਜੋਤਿ ਬ੍ਰਹਮਾਉ ਗਿਆਨੁ ਚਰਾਗੁ ਹੈ।
ਅੰਤਰਿ ਗੁਰਮਤਿ ਚਾਉ ਅਲਿਪਤੁ ਅਦਾਗੁ ਹੈ।
ਵੀਹ ਇਕੀਹ ਚੜ੍ਹਾਉ ਸਦਾ ਸੁਹਾਗੁ ਹੈ॥੧੩॥
ਅਗਲੀ ਪਉੜੀ ਵਿਚ ਉਹ ਇਸ ਵਰਣਨ ਨੂੰ ਜਾਰੀ ਰੱਖਦਿਆਂ ਕਹਿੰਦੇ ਹਨ ਕਿ ਗੁਰਮੁਖਿ ਦੇ ਕਹੇ ਸ਼ਬਦਾਂ (ਗੁਰਮੁਖਿ ਨੇ ਬਚਨ ਗੁਰੂ ਦੀ ਸਿੱਖਿਆ ਅਨੁਸਾਰ ਬੋਲਣੇ ਹੁੰਦੇ ਹਨ) ਨੂੰ ਹਿਰਦੇ ਵਿਚ ਵਸਾ ਕੇ ਰੱਖੀਏ ਅਤੇ ਸੁਰਤਿ ਨੂੰ ਸ਼ਬਦ ਵਿਚ ਜੋੜ ਕੇ ਰੱਖੀਏ। ਗੁਰਮੁਖਿ ਦੀ ਮਿਹਰ ਭਰੀ ਇੱਕ ਤੱਕਣੀ ਨਾਲ ਮਨੁੱਖ ਪ੍ਰੇਮ-ਰੂਪ ਅਤੇ ਖੁਸ਼ ਹੋ ਜਾਂਦਾ ਹੈ, ਇਸ ਲਈ ਪ੍ਰੇਮ ਨਾਲ ਉਨ੍ਹਾਂ ਦੇ ਦਰਸ਼ਨ ਕਰੀਏ। ਗੁਰਮੁਖਾਂ ਦੀ ਸੇਵਾ ਕਰਨਾ ਇੱਕ ਘਾਲ ਕਮਾਈ ਹੈ ਜੋ ਕਿਸੇ ਵਿਰਲੇ ਨੇ ਕੀਤੀ ਹੈ। ਗੁਰਮੁਖਿ ਹਲੀਮ ਤੇ ਦਿਆਲੂ ਹਨ, ਦਿਲ ਵਿਚ ਮੁਹੱਬਤ ਰੱਖਦੇ ਹਨ। ਗੁਰਮੁਖਿ ਸਦਾ ਹੀ ਅੰਤ ਤੱਕ ਨਾਲ ਨਿਭਦੇ ਹਨ ਕਿਉਂਕਿ ਉਹ ਗੁਰੂ ਦੀ ਸਿੱਖਿਆ ਅਨੁਸਾਰ ਚੱਲਦੇ ਹਨ; ਇਸ ਲਈ ਗੁਰੂ ਦੀ ਸਿੱਖਿਆ ਦੀ ਪਾਲਣਾ ਕਰੀਏ। ਗੁਰਮੁਖਾਂ ਕੋਲ ਪ੍ਰੇਮ ਅਤੇ ਵੈਰਾਗ ਰੂਪੀ ਰਤਨਾਂ ਅਤੇ ਲਾਲਾਂ ਵਰਗੇ ਗੁਣ ਹੁੰਦੇ ਹਨ ਜੋ ਉਨ੍ਹਾਂ ਪਾਸੋਂ ਲੱਭੀਏ ਅਤੇ ਪਾਈਏ। ਗੁਰਮੁਖ ਕਿਸੇ ਕਿਸਮ ਦੀ ਲੁਕ-ਲਪੇਟ ਤੋਂ ਰਹਿਤ ਅਤੇ ਅਮਰ ਹੁੰਦੇ ਹਨ, ਇਸ ਲਈ ਉਨ੍ਹਾਂ ਦੀ ਭਗਤੀ ਸੁੱਖਾਂ ਦਾ ਘਰ ਹੈ। ਗੁਰਮੁਖਾਂ ਦੀ ਬਿਰਤੀ ਹੰਸਾਂ ਵਾਲੀ ਹੈ ਜੋ ਅਸਲੀ ਅਤੇ ਮਿੱਥਿਆ ਦਾ ਵਿਵੇਚਨ ਕਰਦੀ ਹੈ, ਇਸ ਲਈ ਉਹ ਆਪਣੇ ਮਨ ਤੇ ਤਨ-ਦੋਵਾਂ ਕਰਕੇ ਪ੍ਰੇਮ ਕਰਦੇ ਹਨ ਅਰਥਾਤ ਪੂਰਨ ਸਮਰਪਣ ਨਾਲ ਪ੍ਰੇਮਾ-ਭਗਤੀ ਕਰਦੇ ਹਨ:
ਗੁਰਮੁਖਿ ਸਬਦ ਸਮ੍ਹਾਲ ਸੁਰਤਿ ਸਮਾਲੀਐ।
ਗੁਰਮੁਖਿ ਨਦਰਿ ਨਿਹਾਲ ਨੇਹ ਨਿਹਾਲੀਐ।
ਗੁਰਮੁਖਿ ਸੇਵਾ ਘਾਲਿ ਵਿਰਲੇ ਘਾਲੀਐ
ਗੁਰਮੁਖਿ ਦੀਨ ਦਇਆਲ ਹੇਤੁ ਹਿਆਲੀਐ।
ਗੁਰਮੁਖਿ ਨਿਬਹੈ ਨਾਲਿ ਗੁਰ ਸਿਖ ਪਾਲੀਐ।
ਰਤਨ ਪਦਾਰਥ ਲਾਲ ਗੁਰਮੁਖਿ ਭਾਲੀਐ।
ਗੁਰਮੁਖਿ ਅਕਲ ਅਕਾਲ ਭਗਤਿ ਸੁਖਾਲੀਐ।
ਗੁਰਮੁਖਿ ਹੰਸਾ ਢਾਲਿ ਰਸਿਕ ਰਸਾਲੀਐ॥੧੪॥
ਗੁਰੂ ਅਮਰ ਦਾਸ ਗੁਰਮੁਖਿ ਦਾ ਵਰਣਨ ਕਰਦੇ ਹਨ ਕਿ ਗੁਰੂ ਦੇ ਰਸਤੇ ‘ਤੇ ਚੱਲਣ ਵਾਲੇ ਮਨੁੱਖ ਨੂੰ ਅਕਾਲ ਪੁਰਖ ਆਪ ਮਿਲ ਪੈਂਦਾ ਹੈ ਅਤੇ ਅਕਾਲ ਪੁਰਖ ਆਪਣੀ ਮਿਹਰ ਨਾਲ ਹੀ ਉਸ ਨੂੰ ਗੁਰੂ ਮਿਲਾਉਂਦਾ ਹੈ। ਗੁਰਮੁਖ ਨੂੰ ਮੌਤ ਅਤੇ ਦੁੱਖ-ਸੰਤਾਪ ਨਹੀਂ ਸਤਾਉਂਦੇ। ਉਹ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਮਾਇਆ ਦੇ ਬੰਧਨਾਂ ਤੋਂ ਉਤੇ ਉਠ ਜਾਂਦਾ ਹੈ। ਗੁਰੂ ਦੇ ਸ਼ਬਦ ਰਾਹੀਂ ਉਸ ਦਾ ਜੀਵਨ ਸੋਹਣਾ ਹੋ ਜਾਂਦਾ ਹੈ। ਗੁਰੂ ਅਮਰ ਦਾਸ ਕਹਿੰਦੇ ਹਨ ਕਿ ਉਹ ਅਜਿਹੇ ਮਨੁੱਖ ਤੋਂ ਸਦਕੇ ਜਾਂਦੇ ਹਨ ਜੋ ਅਕਾਲ ਪੁਰਖ ਦੇ ਨਾਮ ਸਿਮਰਨ ਰਾਹੀਂ ਆਪਣੇ ਜੀਵਨ ਨੂੰ ਸੁੰਦਰ ਬਣਾਉਂਦਾ ਹੈ। ਗੁਰਮੁਖਿ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ, ਉਸ ਦਾ ਮਨ ਸਿਮਰਨ ਵਿਚ ਜੁੜ ਕੇ ਮਸਤੀ ਵਿਚ ਆਇਆ ਰਹਿੰਦਾ ਹੈ ਅਤੇ ਆਪਣਾ ਮਨ ਅਕਾਲ ਪੁਰਖ ਦੇ ਚਰਨ ਕੰਵਲਾਂ ਨਾਲ ਜੋੜੀ ਰੱਖਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜ਼ਿੰਦਗੀ ਵਿਚ ਅਤੇ ਮੌਤ ਉਪਰੰਤ-ਦੋਵਾਂ ਹਾਲਤਾਂ ਵਿਚ ਪ੍ਰਵਾਨ ਰਹਿੰਦਾ ਹੈ। ਉਸ ਦੀ ਉਮਰ ਵਿਅਰਥ ਨਹੀਂ ਜਾਂਦੀ ਅਤੇ ਉਹ ਸ਼ਬਦ ਨੂੰ ਪਛਾਨਣ ਵਾਲਾ ਹੈ। ਉਹ ਆਤਮਕ ਜ਼ਿੰਦਗੀ ਜਿਉਂਦਾ ਹੈ ਜਿਸ ਕਰਕੇ ਮੌਤ ਦਾ ਉਸ ‘ਤੇ ਅਸਰ ਨਹੀਂ ਹੁੰਦਾ ਭਾਵ ਉਹ ਆਤਮਕ ਮੌਤ ਨਹੀਂ ਮਰਦਾ ਅਤੇ ਸੱਚ ਵਿਚ ਸਮਾ ਜਾਂਦਾ ਹੈ। ਉਹ ਸਦਾ ਅਕਾਲ ਪੁਰਖ ਦੀ ਭਗਤੀ ਵਿਚ ਲੀਨ ਰਹਿੰਦਾ ਹੈ। ਗੁਰਮੁਖਿ ਨੂੰ ਅਕਾਲ ਪੁਰਖ ਦੇ ਦਰਵਾਜ਼ੇ ‘ਤੇ ਸ਼ੋਭਾ ਪ੍ਰਾਪਤ ਹੁੰਦੀ ਹੈ। ਉਹ ਆਪ ਵੀ ਸੰਸਾਰ-ਸਾਗਰ ਨੂੰ ਪਾਰ ਕਰ ਲੈਂਦਾ ਹੈ ਅਤੇ ਆਪਣੀ ਕੁਲ ਨੂੰ ਵੀ ਪਾਰ ਕਰਾ ਲੈਂਦਾ ਹੈ। ਗੁਰਮੁਖਿ ਕਾਮ, ਕ੍ਰੋਧ ਆਦਿ ਬਿਰਤੀਆਂ ਤੋਂ ਆਪਣੇ ਮਨ ਨੂੰ ਨਿਰਮਲ ਰੱਖਦਾ ਹੈ ਅਤੇ ਸਹਿਜ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖਿ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ, ਉਸ ਦੇ ਗੁਣਾਂ ਦਾ ਗਾਇਨ ਕਰਕੇ ਜਸ ਖੱਟਦਾ ਹੈ ਅਤੇ ਸ਼ਬਦ ਦੀ ਕਮਾਈ ਕਰਦਾ ਹੈ ਜਿਸ ਕਰਕੇ ਉਸ ਦਾ ਮਨ ਸਦੀਵੀ ਅਨੰਦ ਵਿਚ ਰਹਿੰਦਾ ਹੈ:
ਗੁਰਮੁਖਿ ਮਿਲੈ ਮਿਲਾਏ ਆਪੇ॥
ਕਾਲੁ ਨ ਜੋਹੈ ਦੁਖੁ ਨ ਸੰਤਾਪੈ॥
ਹਉਮੈ ਮਾਰਿ ਬੰਧਨ ਸਭ ਤੋੜੈ
ਗੁਰਮੁਖਿ ਸਬਦਿ ਸੁਹਾਵਣਿਆ॥੧॥æææ
ਗੁਰਮੁਖਿ ਨਾਮੁ ਮਿਲੈ ਵਡਿਆਈ॥
ਗੁਰਮੁਖਿ ਗੁਣ ਗਾਵੈ ਸੋਭਾ ਪਾਈ॥
ਸਦਾ ਅਨੰਦਿ ਰਹੈ ਦਿਨੁ ਰਾਤੀ
ਗੁਰਮੁਖਿ ਸਬਦੁ ਕਰਾਵਣਿਆ॥੫॥… (ਪੰਨਾ ੧੨੪-੨੫)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਜਪੁਜੀ ਸਾਹਿਬ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਵੱਲੋਂ ਰਚਿਆ ਹੋਇਆ ਅਕਾਲ ਪੁਰਖ ਦਾ ਸੰਕਲਪ ਦਿੱਤਾ ਗਿਆ ਹੈ ਜਿਸ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਇਸ ਵਿਚ ਦਿੱਤੇ ਅਕਾਲ ਪੁਰਖ ਦੇ ਗੁਣਾਂ ਦੀ ਵਿਆਖਿਆ ਹੀ ਸੰਖੇਪ ਵਿਚ ਭਾਈ ਗੁਰਦਾਸ ਨੇ ਤੀਸਰੀ ਵਾਰ ਦੀ ਪੰਦਰਵ੍ਹੀਂ ਪਉੜੀ ਵਿਚ ਕੀਤੀ ਹੈ ਕਿ ਮੂਲ ਮੰਤਰ ਦੇ ਅਰੰਭ ਵਿਚ ਇੱਕ (੧) ਲਾ ਕੇ ਇਹ ਦਿਖਾਇਆ ਹੈ ਕਿ ਓਅੰਕਾਰ ਅਰਥਾਤ ਅਕਾਲ ਪੁਰਖ ਇੱਕ ਤੇ ਕੇਵਲ ਇੱਕ ਹੈ ਜੋ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ (ਇਹ ਹਿੰਦੂ ਧਰਮ ਵੱਲੋਂ ਪਰਮਾਤਮਾ ਨੂੰ ਵੱਖ ਵੱਖ ਸ਼ਕਤੀਆਂ ਭਾਵ ਦੇਵਤਿਆਂ ਦੇ ਰੂਪ ਵਿਚ ਤਸੱਵਰ ਕਰਨ ਜਿਵੇਂ ਪੈਦਾ ਕਰਨ ਵਾਲਾ ਬ੍ਰਹਮਾ, ਪਾਲਣ ਵਾਲਾ ਵਿਸ਼ਨੂੰ ਅਤੇ ਸੰਘਾਰ ਕਰਨ ਵਾਲਾ ਸ਼ਿਵਜੀ ਦੇ ਸੰਕਲਪ ਨੂੰ ਸਪੱਸ਼ਟ ਰੂਪ ਵਿਚ ਨਕਾਰਨਾ ਹੈ ਅਤੇ ਇਹ ਵੈਦਿਕ ਧਰਮ ਨਾਲੋਂ ਮੂਲ ਤੇ ਸਪੱਸ਼ਟ ਨਖੇੜਾ ਹੈ)। ਇਸ ਇੱਕ (੧) ਦੇ ਨਾਲ ḔਅḔ (ਗੁਰਮੁਖੀ ਲਿਪੀ ਦਾ ਪਹਿਲਾ ਅੱਖਰ) ਤੋਂ ਓਅੰਕਾਰੁ ਬਿਠਾ ਕੇ ਇਹ ਦੱਸ ਦਿਤਾ ਹੈ ਕਿ ਉਹ ਹਸਤੀ ਵਿਲੱਖਣ ਹੈ ਅਤੇ ਇੱਕ ਰਸ ਵਿਆਪਕ ਹੈ। ਸਤਿਨਾਮੁ ਤੋਂ ਭਾਵ ਹੈ ਕਿ ਉਸ ਹਸਤੀ ਦਾ ਨਾਮ ਹੋਂਦ ਵਾਲਾ ਹੈ ਭਾਵ ਉਹ ਸਦੀਵੀ ਹੈ। ਉਹ ਹਸਤੀ ਇਸ ਬ੍ਰਹਿਮੰਡ ਦੀ ਸਿਰਜਣਹਾਰ ਹੈ, ਕਰਤਾਰ ਹੈ, ਉਹ ਇਸ ਬ੍ਰਹਿਮੰਡ ਦਾ ਸਿਰਜਕ ਹੈ। ਉਹ ਹਸਤੀ ਨਿਰਭਉ ਅਤੇ ਨਿਰਵੈਰ ਹੈ ਅਰਥਾਤ ਭੈ ਅਤੇ ਵੈਰ ਤੋਂ ਰਹਿਤ ਹੈ (ਭੈ ਅਤੇ ਵੈਰ ਆਮ ਪ੍ਰਾਣੀਆਂ ਦਾ ਲੱਛਣ ਹੈ, ਪਰਮ ਹਸਤੀ ਦਾ ਨਹੀਂ)। ਉਹ ਹਸਤੀ ਅਜੂਨੀ ਤੇ ਅਕਾਲ ਹੈ ਅਰਥਾਤ ਜਨਮ-ਮਰਨ ਵਿਚ ਨਹੀਂ ਆਉਂਦੀ, ਸਮੇਂ ਤੋਂ ਉਤੇ ਹੈ, ਜਨਮ-ਮਰਨ ਦੇ ਚੱਕਰ ਤੋਂ ਬਾਹਰ ਹੈ। ਉਸ ਦਾ ਨਿਸ਼ਾਨ ਸੱਚ ਹੈ ਅਤੇ ਉਸ ਦੀ ਅਪਰੰਪਰ ਜੋਤਿ ਨਾਲ ਹੀ ਸਭ ਕੁਝ ਰੌਸ਼ਨ ਹੈ।
ਭਾਈ ਗੁਰਦਾਸ ਅਨੁਸਾਰ ਪੰਜ ਅੱਖਰ ‘Åਅੰਕਾਰ’ ਪਰਉਪਕਾਰੀ ਹਨ ਕਿਉਂਕਿ ਉਨ੍ਹਾਂ ਵਿਚ ਪਰਮਾਤਮ-ਸਰੂਪ ਦੀ ਸ਼ਕਤੀ ਨਿਹਿਤ ਹੈ। ਜਿਸ ਉਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਉਹ ਇਨ੍ਹਾਂ ਅੱਖਰਾਂ ਨੂੰ ਆਪਣੇ ਹਿਰਦੇ ਵਿਚ ਸੰਮ੍ਹਾਲਦਾ ਹੈ। ਜਿਹੜੇ ਮਨੁੱਖ ਇਨ੍ਹਾਂ ਦੀ ਸ਼ਕਤੀ ਨੂੰ ਸਮਝਦੇ ਹਨ, ਉਨ੍ਹਾਂ ‘ਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਪੈਂਦੀ ਹੈ ਅਤੇ ਉਹ ਨਿਹਾਲ ਹੋ ਜਾਂਦੇ ਹਨ ਕਿਉਂਕਿ ਉਹ ਅਕਾਲ ਪੁਰਖ ਅਨੰਦ ਦਾ ਖਜ਼ਾਨਾ ਹੈ, ਅਨੰਦ ਉਸ ਦਾ ਤੱਤਸਾਰ ਹੈ। ਭਾਵ ਇੱਕ ਤੋਂ ਲੈ ਕੇ ਨੌਂ ਤੱਕ ਦੇ ਅੰਗ (੧, ੨, ੩, ੪, ੫, ੬, ੭, ੮, ੯) ਹਨ ਜਿਨ੍ਹਾਂ ਦੀ ਆਪਣੀ ਕੀਮਤ ਹੈ ਪਰ ਜਦੋਂ ਇਨ੍ਹਾਂ ਵਿਚ ਸਿਫਰ ਦਾ ਸ਼ੁਮਾਰ ਹੋ ਜਾਂਦਾ ਹੈ ਤਾਂ ਇਨ੍ਹਾਂ ਦੀ ਕੀਮਤ ਦਸ ਗੁਣਾ ਵੱਧ ਜਾਂਦੀ ਹੈ। ਜਿਵੇਂ ਜਿਵੇਂ ਸਿਫਰ ਸ਼ਾਮਲ ਕਰਦੇ ਜਾਵਾਂਗੇ, ਕੀਮਤ ਦਸ ਗੁਣਾ ਦੇ ਹਿਸਾਬ ਨਾਲ ਵਧਦੀ ਜਾਵੇਗੀ। ਇਸੇ ਤਰ੍ਹਾਂ ਉਹ ਵਿਅਕਤੀ ਜਿਹੜੇ ਅਕਾਲ ਪੁਰਖ ਦੇ ਪ੍ਰੇਮ ਦਾ ਪਿਆਲਾ ਉਸ ਦੇ ਅੰਮ੍ਰਿਤ ਨਾਮ ਦੇ ਸਿਮਰਨ ਰਾਹੀਂ ਪੀਂਦੇ ਜਾਂਦੇ ਹਨ ਤਾਂ ਇਹ ਗਿਣਤੀ ਬੇਸ਼ੁਮਾਰ ਹੋ ਜਾਂਦੀ ਹੈ। ਇਸ ਨਾਲ ਮਨੁੱਖ ਰੂਹਾਨੀ ਤੌਰ ‘ਤੇ ਸ਼ਕਤੀਸ਼ਾਲੀ ਹੁੰਦਾ ਹੈ, ਭਾਵ ਗੁਰੂ ਨੇ ਸਾਡੇ ‘ਤੇ ਮਿਹਰ ਕੀਤੀ ਹੈ ਅਤੇ ਸਾਨੂੰ ਇਹ ਮੂਲ ਮੰਤਰ ਬਖਸ਼ਿਸ਼ ਕੀਤਾ ਹੈ। ਅਸੀਂ ਜਿਉਂ ਜਿਉਂ ਇਸ ਦਾ ਸਿਮਰਨ ਕਰਦੇ ਜਾਵਾਂਗੇ, ਆਪਣੇ ਅੰਦਰ ਇਸ ਨੂੰ ਸੰਮ੍ਹਾਲਦੇ ਜਾਵਾਂਗੇ, ਸਾਡੇ ਲਈ ਬੇਸ਼ਕੀਮਤੀ ਹੁੰਦਾ ਜਾਵੇਗਾ, ਤਾਂ ਇਸ ਦੀ ਕੀਮਤ ਸਾਡੇ ਲਈ ਵਧਦੀ ਜਾਵੇਗੀ:
ਏਕਾ ਏਕੰਕਾਰੁ ਲਿਖਿ ਦੇਖਾਲਿਆ।
ਊੜਾ ਓਕੰਕਾਰੁ ਪਾਸਿ ਬਹਾਲਿਆ।
ਸਤਿ ਨਾਮੁ ਕਰਤਾਰੁ ਨਿਰਭਉ ਭਾਲਿਆ।
ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ।
ਸਚੁ ਨੀਸਾਣੁ ਅਪਾਰੁ ਜੋਤਿ ਉਜਾਲਿਆ।
ਪੰਜ ਅਖਰ ਉਪਕਾਰ ਨਾਮੁ ਸਮਾਲਿਆ।
ਪਰਮੇਸੁਰ ਸੁਖੁ ਸਾਰੁ ਨਦਰਿ ਨਿਹਾਲਿਆ।
ਨਉ ਅੰਗਿ ਸੁੰਨ ਸੁਮਾਰੁ ਸੰਗਿ ਨਿਰਾਲਿਆ।
ਨੀਲ ਅਨੀਲ ਵੀਚਾਰਿ ਪਿਰਮ ਪਿਆਲਿਆ॥੧੫॥
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਇਹ ਪਾਠ ਇਸ ਤਰ੍ਹਾਂ ਦਿੱਤਾ ਹੈ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥” ‘ੴ Ḕ ਦਾ ਅਰਥ ਹੈ, ਉਹ ਪਰਮ ਹਸਤੀ ਇੱਕ ਹੈ, ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਉਸ ਨੂੰ ਇੱਕ ਤੇ ਕੇਵਲ ਇੱਕ ਦੱਸਣ ਲਈ ਗੁਰੂ ਸਾਹਿਬ ਨੇ ਇਸ ਅੱਗੇ ਨੰਬਰ ‘੧’ ਲਾਇਆ ਹੈ, ਜੋ ਇਕ-ਰਸ ਵਿਆਪਕ ਹੈ। ਸਤਿਨਾਮੁ ਦਾ ਭਾਵ ਹੈ ਜਿਸ ਦਾ ਨਾਮ ਸਤਿ ਹੈ, ਜਿਸ ਦੀ ਹੋਂਦ ਸਦੀਵੀ ਹੈ। ਕਰਤਾ ਪੁਰਖ ਦਾ ਅਰਥ ਹੈ ਉਹ ਆਤਮਾ ਜਾਂ ਰੱਬੀ ਜੋਤਿ ਜੋ ਸਾਰੇ ਰਮ ਰਿਹਾ ਹੈ, ਵਿਆਪਕ ਹੈ, ਉਹ ਇਸ ਸ੍ਰਿਸ਼ਟੀ ਦਾ ਰਚਣਹਾਰਾ ਹੈ। ਅਕਾਲ ਮੂਰਤਿ ਦਾ ਅਰਥ ਹੈ ਕਿ ਉਹ ਕਾਲ ਭਾਵ ਸਮੇਂ ਦੀ ਵੰਡ ਵਿਚ ਨਹੀਂ ਆਉਂਦਾ ਅਤੇ ਇਹ ਸੰਸਾਰ ਉਸੇ ਦਾ ਪਰਗਟ ਰੂਪ ਹੈ। ਅਜੂਨੀ ਦਾ ਅਰਥ ਹੈ ਜੋ ਜਨਮ ਨਹੀਂ ਲੈਂਦਾ, ਜੂਨਾਂ ਵਿਚ ਨਹੀਂ ਆਉਂਦਾ। ਜਨਮ ਲੈਣ ਤੇ ਮਰਨ ਦਾ ਅਰਥ ਹੈ, ਸੀਮਤ ਹੋਣਾ, ਹੱਦ-ਬੰਦੀ ਵਿਚ ਆਉਣਾ ਅਤੇ ਅਕਾਲ ਪੁਰਖ ਕਿਸੇ ਹੱਦ-ਬੰਦੀ ਵਿਚ ਨਹੀਂ ਆਉਂਦਾ। (ਪਰਮ ਹਸਤੀ ਦੇ ਅਜੂਨੀ ਹੋਣ ਦਾ ਅਰਥ ਹੈ ਹਿੰਦੂ ਧਰਮ ਦੇ ਅਵਤਾਰਵਾਦ ਨੂੰ ਨਕਾਰਨਾ। ਅਵਤਾਰ ਪਰਮਾਤਮਾ ਨਹੀਂ ਹੋ ਸਕਦੇ ਕਿਉਂਕਿ ਉਹ ਆਮ ਮਨੁੱਖਾਂ ਵਾਂਗ ਜਨਮ ਲੈਂਦੇ ਅਤੇ ਮਰਦੇ ਰਹੇ ਹਨ)। ਸੈਭੰ ਦਾ ਅਰਥ ਹੈ ਜੋ ਆਪਣੇ ਆਪ ਤੋਂ ਹੈ ਅਰਥਾਤ ਜਿਸ ਦਾ ਪ੍ਰਕਾਸ਼ ਕਿਸੇ ਹੋਰ ਸੋਮੇ ਤੋਂ ਨਹੀਂ ਹੈ। ਗੁਰ ਪ੍ਰਸਾਦਿ ਦਾ ਅਰਥ ਹੈ, ਉਹ ਗੁਰੂ ਦੀ ਮਿਹਰ ਨਾਲ ਮਿਲਦਾ ਹੈ।
ਅਗਲੀ ਪਉੜੀ ਵਿਚ ਭਾਈ ਗੁਰਦਾਸ ਨੇ ਗੁਰਮੁਖਾਂ ਦੀ ਸੰਗਤ ਦਾ ਮਹੱਤਵ ਦੱਸਿਆ ਹੈ ਕਿ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਿਆਂ ਦੀ ਸੰਗਤ ਅਜਿਹੀ ਥਾਂ ਹੈ, ਜਿੱਥੇ ਚਾਰੇ ਵਰਣਾਂ ਦੇ ਲੋਕ ਇਕੱਠੇ ਬੈਠਦੇ ਹਨ। ਉਥੇ ਕੋਈ ਛੋਟਾ-ਵੱਡਾ, ਊਚਾ-ਨੀਵਾਂ ਨਹੀਂ ਹੈ। (ਇਹ ਵੀ ਹਿੰਦੂ ਧਰਮ ਦੀ ਵਰਣ ਵੰਡ ਤੋਂ ਮੂਲ ਨਿਖੇੜਾ ਹੈ ਕਿਉਂਕਿ ਵਰਣ-ਆਸ਼ਰਮ ਵੰਡ ਅਨੁਸਾਰ ਮਨੁੱਖ ਜਿਸ ਵਰਣ ਵਿਚ ਜਨਮ ਲੈਂਦਾ ਹੈ, ਉਸ ਅਨੁਸਾਰ ਛੋਟਾ ਜਾਂ ਵੱਡਾ, ਊਚਾ ਜਾਂ ਨੀਵਾਂ ਹੁੰਦਾ ਹੈ; ਸਾਰੇ ਮਨੁੱਖ ਬਰਾਬਰ ਨਹੀਂ ਹਨ ਅਤੇ ਨਾ ਹੀ ਇਕੱਠੇ ਇੱਕ ਥਾਂ ਬਰਾਬਰ ਬੈਠ ਕੇ ਧਾਰਮਿਕ ਕਰਮ ਕਰ ਸਕਦੇ ਹਨ। ਧਰਮ ਕਰਮ ਦਾ ਅਧਿਕਾਰ ਸਿਰਫ ਉਚੀਆਂ ਜਾਤਾਂ ਨੂੰ ਦਿੱਤਾ ਗਿਆ ਹੈ)। ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਇਸ ਸੰਗਤ ਵਿਚ ਆ ਕੇ ਸਾਰੇ ਗੁਰਮੁਖਿ ਹੋ ਜਾਂਦੇ ਹਨ। ਜਿਸ ਤਰ੍ਹਾਂ ਕੱਥਾ, ਸੁਪਾਰੀ, ਚੂਨਾ ਅਤੇ ਪਾਨ ਮਿਲ ਕੇ ਸਾਰਿਆਂ ਦਾ ਇੱਕੋ ਲਾਲ ਰੰਗ ਹੋ ਜਾਂਦਾ ਹੈ, ਇਸੇ ਤਰ੍ਹਾਂ ਸਤਿਸੰਗਤ ਵਿਚ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵੱਖ ਵੱਖ ਵਰਣ ਨਾ ਰਹਿ ਕੇ ਇੱਕੋ ਰੰਗ ਗੁਰਮੁਖਿ ਹੋ ਜਾਂਦੇ ਹਨ। ਗੁਰਮੁਖਿ ਨੂੰ ਅਲੱਗ ਅਲੱਗ ਸਾਜਾਂ ਵਿਚੋਂ ਨਿਕਲਦੇ ਵੱਖਰੇ ਵੱਖਰੇ ਨਾਦ ਇੱਕੋ ਹੀ ਰਾਗ ਸੁਣਾਉਂਦੇ ਹਨ-ਅਨਹਦ ਨਾਦ ਅਤੇ ਉਸ ਨੂੰ ਅਨੰਦ ਨਾਲ ਭਰਦੇ ਹਨ। ਸਤਿਗੁਰ ਦੇ ਸ਼ਬਦ ਦੀਆਂ ਤਰੰਗਾਂ ਵਿਚ ਗੁਰਮੁਖਿ ਸਦਾ ਨਿਹਾਲ ਰਹਿੰਦਾ ਹੈ। ਗੁਰੂ ਦੀਆਂ ਸਿੱਖਿਆਵਾਂ ਵਿਚ, ਗੁਰੂ ਦੇ ਸ਼ਬਦ ਵਿਚ ਆਪਣੀ ਸੁਰਤਿ ਨੂੰ ਜੋੜ ਕੇ ਗੁਰਮੁਖਿ ਗਿਆਨਵਾਨ ਹੋ ਜਾਂਦੇ ਹਨ। ਗੁਰੂ ਦੀ ਬਾਣੀ ਦੇ ਨਾਦ ਨਾਲ ਗੁਰੂ ਦੇ ਸ਼ਬਦ ਦੇ ਰਾਗ ਨਾਲ ਇਕਮਿਕ ਹੋ ਕੇ ਮਿਲੇ ਰਹਿੰਦੇ ਹਨ। ਅਨਾਹਦ ਸ਼ਬਦ ਵਿਚ ਅਤੇ ਇਸ ਦੇ ਸਦੀਵੀ ਪੱਕੇ ਰੰਗ ਵਿਚ ਰੰਗੇ ਹੋਏ ਇੱਕ ਅਕਾਲ ਪੁਰਖ ਨੂੰ ਹੀ ਅਨੁਭਵ ਕਰਦੇ ਹਨ। ਗੁਰਮੁਖਿ ਪੰਥ ਨਿਰਮਲ ਪੰਥ ਹੈ, ਜਿਸ ਵਿਚ ਕੋਈ ਮੈਲ ਜਾਂ ਦਵੈਸ਼ ਨਹੀਂ ਹੈ ਕਿਉਂਕਿ ਇਹ ਬਾਰਾਂ ਅਰਥਾਤ ਪੰਜ ਗਿਆਨ-ਇੰਦਰੇ, ਪੰਜ ਕਰਮ ਇੰਦਰੇ, ਮਨ ਤੇ ਬੁੱਧੀ ਵਿਖੇ ਖੇਲ੍ਹਦੇ ਹਨ ਅਤੇ ਨਿਰਲੇਪ ਰਹਿੰਦੇ ਹਨ। ਇਸ ਸਾਰੀ ਪਉੜੀ ਦਾ ਭਾਵ ਹੈ ਕਿ ਗੁਰਮੁਖਾਂ ਦੀ ਸੰਗਤ ਅਜਿਹੀ ਸੰਗਤ ਹੈ ਜਿਸ ਵਿਚ ਜਾ ਕੇ ਮਨੁੱਖ ਸਾਰੇ ਭੇਦ-ਭਾਵ ਮਿਟਾ ਕੇ ਗੁਰੂ ਦੇ ਸ਼ਬਦ ਰਾਹੀਂ ਸਿਰਫ ਤੇ ਸਿਰਫ ਇੱਕੋ ਅਕਾਲ ਪੁਰਖ ਦੇ ਰੰਗ ਵਿਚ ਰੰਗੇ ਜਾਂਦੇ ਹਨ ਅਤੇ ਉਨ੍ਹਾਂ ਦਾ ਪੰਥ ਨਿਰਮਲ ਪੰਥ ਹੁੰਦਾ ਹੈ ਕਿਉਂਕਿ ਉਹ ਹਰ ਤਰ੍ਹਾਂ ਬੁਰੀਆਂ ਬਿਰਤੀਆਂ ਤੋਂ ਰਹਿਤ ਹੁੰਦੇ ਹਨ। ਉਨ੍ਹਾਂ ਦਾ ਪੰਥ ਦੈਵੀ ਗੁਣਾਂ ਵਿਚ ਖੇਡਦਾ ਹੈ ਅਤੇ ਜੀਵਨ ਮੁਕਤ ਹੋ ਕੇ ਵਿਚਰਦਾ ਹੈ:
ਚਾਰ ਵਰਨ ਸਤਿਸੰਗੁ ਗੁਰਮੁਖਿ ਮੇਲਿਆ।
ਜਾਣ ਤੰਬੋਲਹੁ ਰੰਗੁ ਗੁਰਮੁਖਿ ਚੇਲਿਆ।
ਪੰਜੇ ਸਬਦ ਅਭੰਗ ਅਨਹਦ ਕੇਲਿਆ।
ਸਤਿਗੁਰ ਸਬਦਿ ਤਰੰਗ ਸਦਾ ਸੁਹੇਲਿਆ।
ਸਬਦ ਸੁਰਤਿ ਪਰਸੰਗ ਗਿਆਨ ਸੰਗ ਮੇਲਿਆ।
ਰਾਗ ਨਾਦ ਸਰਬੰਗ ਅਹਿਨਿਸਿ ਭੇਲਿਆ।
ਸਬਦ ਅਨਾਹਦੁ ਰੰਗ ਸੁਝ ਇਕੇਲਿਆ।
ਗੁਰਮੁਖਿ ਪੰਥੁ ਨਿਪੰਗੁ ਬਾਰਹ ਖੇਲਿਆ॥੧੬॥