ਸਿਰਫ ਚਾਰ ਦਿਨ-2

‘ਪੰਜਾਬ ਟਾਈਮਜ਼’ ਦੇ ਸੁਘੜ ਪਾਠਕਾਂ ਨੇ ਕਾਨਾ ਸਿੰਘ ਦੀਆਂ ਲਿਖਤਾਂ ਨੂੰ ਗਾਹੇ-ਬ-ਗਾਹੇ ਖੂਬ ਹੁੰਗਾਰਾ ਭਰਿਆ ਹੈ। ਸੱਚਮੁੱਚ ਉਹ ਸ਼ਬਦਾਂ ਦੀ ਜਾਦੂਗਰ ਹੈ। ਉਹਦੀ ਹਰ ਲਿਖਤ ਸਹਿਜ ਅਤੇ ਸੁਹਜ ਦੀ ਤਸਦੀਕ ਹੋ ਨਿਬੜਦੀ ਹੈ। ਉਹ ਗੱਲਾਂ ਗੱਲਾਂ ਵਿਚ ਹੋਰ ਗੱਲਾਂ ਲਈ ਪਿੜ ਮੋਕਲਾ ਕਰਦੀ ਜਾਂਦੀ ਹੈ। ਉਹਦੀ ਭਾਖਾ ਦੀ ਪੋਠੋਹਾਰੀ ਪੁੱਠ ਉਹਦੀ ਰਚਨਾ ਨੂੰ ਹੋਰ ਵੀ ਸੁਆਦਲੀ ਬਣਾ ਦਿੰਦੀ ਹੈ।

‘ਸਿਰਫ ਚਾਰ ਦਿਨ’ ਵਾਲਾ ਬਿਰਤਾਂਤ ਉਸ ਨੇ ਇਸ ਢੰਗ ਨਾਲ ਸਿਰਜਿਆ ਹੈ ਕਿ ਪਾਠਕ ਵੀ ਉਹਦੀ ਪੀੜ ਨਾਲ ਪੀੜ ਹੋਈ ਜਾਂਦਾ ਹੈ। ਇਹ ਪੀੜ ਨਿੱਜ ਤੋਂ ਪਰ ਵੱਲ ਸਫਰ ਕਰਦੀ ਪ੍ਰਤੀਤ ਹੁੰਦੀ ਹੈ। ਇਸ ਲੰਮੇ ਲੇਖ ਦੀ ਪਹਿਲੀ ਕਿਸ਼ਤ ਪਾਠਕ ਪਿਛਲੇ ਅੰਕ ਵਿਚ ਪੜ੍ਹ ਚੁੱਕੇ ਹਨ, ਐਤਕੀਂ ਦੂਜੀ ਕਿਸ਼ਤ ਛਾਪੀ ਜਾ ਰਹੀ ਹੈ। -ਸੰਪਾਦਕ

ਕਾਨਾ ਸਿੰਘ
ਫੋਨ:+91-95019-44944
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਸ਼ਾਹਦਰੇ ਦੇ ਖਾਸ ਵੱਡੇ ਬਾਜ਼ਾਰ ਵਿਚ ਸੀ ਨਗਰਪਾਲਿਕਾ ਦਾ ਇਕੋ ਇਕ ਹਸਪਤਾਲ ਜਿਸ ਦੇ ਪਿਛਵਾੜੇ ਹੀ ਸੀ ਸਾਡਾ ਘਰ। ਉਸ ਹਸਪਤਾਲ ਵਿਚ ਇਕ ਨਰਸ ਸੀ, ਸਦਾ ਨੀਲੀ ਧੋਤੀ ਵਿਚ। ਸ਼ਾਇਦ ਮਰੀਅਮ ਸੀ ਉਸ ਦਾ ਨਾਂ। ਪਤਾ ਨਹੀਂ ਉਹ ਟਰੇਂਡ ਸੀ ਜਾਂ ਨਹੀਂ, ਪਰ ਸਾਡੇ ਗੁਆਂਢ ਵਿਚ ਰਹਿੰਦੀਆਂ ਭਾਬੀ ਸੀਤਾ ਤੇ ਵੀਰਾਂ ਭਾਬੀ ਮੁਤਾਬਕ ਉਹ ਬਹੁਤ ਸਿਆਣੀ ਸੀ, ਡਾਕਟਰਾਂ ਦੀ ਡਾਕਟਰ। ਉਨ੍ਹਾਂ ਦੇ ਕਹਿਣ ‘ਤੇ ਮਾਂ ਮੈਨੂੰ ਉਸ ਕੋਲ ਲੈ ਗਈ।
ਉਹ ਨਰਸ ਹੀ ਸੀ ਸ਼ਾਹਦਰੇ ਦੀਆਂ ਜ਼ਨਾਨਾ ਬਿਮਾਰੀਆਂ ਦੇ ਇਲਾਜ ਦੀ ਮਾਹਿਰ। ਸਵਾ ਲੱਖ। ਉਸ ਮੈਨੂੰ ਤਖ਼ਤੇ ‘ਤੇ ਲਿਟਾ ਕੇ ਡੂਸ਼ ਦੇ ਦਿੱਤਾ। ਗਰਮ ਗਰਮ ਪਾਣੀ ਦਾ ਸਿੱਧਾ ਫੁਹਾਰਾ ਮੇਰੇ ਧੁਰ ਅੰਦਰ। ਉਸ ਹੱਥ ਪਾ ਕੇ ਦੂਰ ਤੱਕ ਤਕਿਆ ਵੀ। ਇਸ ਤੋਂ ਪਹਿਲਾਂ ਕਦੇ ਕਿਸੇ ਨੇ ਇੰਜ ਮੈਨੂੰ ਨੰਗਿਆਂ ਨਹੀਂ ਸੀ ਕੀਤਾ। ਬਹੁਤ ਬੁਰਾ ਲੱਗਾ। ਅਤਿ ਦੀ ਗਿਲਾਨੀ, ਪਰ ਉਸ ਨਰਸ ਦੀ ਜਾਣਕਾਰੀ ਵੀ ਤਾਂ ਸ਼ਾਹਦਰੇ ਦੇ ਉਸ ਤੇਲੀਵਾੜੇ ਬਾਜ਼ਾਰ ਦੇ ਉਸ ਮੋੜ ਤੱਕ ਦੀ ਹੀ ਸੀ।
ਪੰਜ ਦਿਨ ਲਗਾਤਾਰ ਡੂਸ਼ ਹੁੰਦੇ ਗਏ। ਮੇਰੀ ਬਿਮਾਰੀ ਹੋਰ ਵਧ ਗਈ। ਮਾਜੂਆਂ ਨੇ ਕੰਮ ਕਰਨਾ ਛੱਡ ਦਿੱਤਾ। ਮੈਂ ਮੰਜੇ Ḕਤੇ ਪੈ ਗਈ। ਟੱਟੀ-ਪਿਸ਼ਾਬ ਵੀ ਮੰਜੇ ਉਤੇ ਹੀ। ਵੱਡੀਆਂ ਤਿੰਨੇ ਭੈਣਾਂ ਮੁੰਬਈ, ਕਲਕੱਤੇ ਤੇ ਲਖਨਊ ਸਨ, ਆਪੋ ਆਪਣੇ ਘਰ ਤੇ ਵੱਡੇ ਵੀਰ ਜੀ, ਬੰਗਲੌਰ। ਦੂਜੇ ਵੱਡੇ ਵੀਰਾਂ ਪਾਲ ਤੇ ਭਗਤ ਨਾਲ ਮੈਂ ਅੱਖ ਨਾ ਮਿਲਾਂਦੀ ਤੇ ਨਿੱਕੇ ਦੋਵੇਂ ਤਾਂ ਅਜੇ ਬਾਲਕ ਹੀ ਸਨ।
ਕੇਹੀ ਕੁਵੱਲੀ ਬਿਮਾਰੀ ਸੀ ਜਿਸ ਦਾ ਗਿਆਨ ਤਾਂ ਸਭ ਨੂੰ ਸੀ, ਪਰ ਜਿਸ ਦਾ ਹੋਠਾਂ ‘ਤੇ ਨਾਂ ਲੈਣਾ ਵਰਜਿਤ ਸੀ। ਛਿਮਾਹੀ ਇਮਤਿਹਾਨ ਤੱਕ ਇਹੋ ਹਾਲਤ ਰਹੀ। ਲੇਟ ਕੇ ਪੜ੍ਹਨ ਕਾਰਨ ਜਾਂ ਖੂਨ ਦੀ ਕਮੀ ਕਾਰਨ ਮੇਰੀ ਨਜ਼ਰ ਕਮਜ਼ੋਰ ਹੋ ਗਈ। ਨਜ਼ਰ ਦੂਰ ਦੀ ਕਮਜ਼ੋਰ ਹੋਈ ਤੇ ਨੰਬਰ ਮਨਫੀ ਚਾਰ। ਡਾਕਟਰ ਨੇ ਕਿਹਾ ਕਿ ਜੇ ਲਗਾਤਾਰ ਐਨਕ ਨਾ ਲਾਈ ਤਾਂ ਨਜ਼ਰ ਹੋਰ ਵੀ ਕਮਜ਼ੋਰ ਹੋ ਜਾਵੇਗੀ। ਐਨਕ ਬਣ ਗਈ। ਮਾਂ ਦਾ ਹੁਕਮ ਹੋਇਆ ਕਿ ਜਾਂ ਤਾਂ ਮੈਂ ਐਨਕ ਘਰ ਵਿਚ ਹੀ ਲਾਵਾਂ, ਤੇ ਜਾਂ ਫਿਰ ਸਕੂਲ ਵਿਚ ਪੈਰ ਪਾਉਣ ਤੋਂ ਬਾਅਦ। ਰਾਹ ਵਿਚ ਬਿਲਕੁਲ ਨਹੀਂ।
ਮਾਂ ਦੇ ਵਿਚਾਰ ਅਨੁਸਾਰ ਸੁਨਹਿਰੀ ਫਰੇਮ ਵਾਲੀ ਉਹ ਐਨਕ ਫੈਸ਼ਨ ਸੀ ਅਤੇ ਐਨਕ ਕਾਰਨ ਮੁੰਡਿਆਂ ਦਾ ਮੇਰੇ ਵੱਲ ਹੋਰ ਆਕਰਸ਼ਿਤ ਹੋਣ ਦਾ ਉਸ ਨੂੰ ਡਰ ਸੀ। ਜਿਵੇਂ ਸ਼ੋਖ ਰੰਗ ਦੇ ਕੱਪੜੇ ਪਾਉਣ ਦੀ, ਕੱਜਲ ਪਾਉਣ ਦੀ, ਦੋ ਗੁੱਤਾਂ ਕਰਨ ਦੀ ਜਾਂ ਸਿਰੋਂ ਨੰਗਿਆਂ ਬਾਹਰ ਜਾਣ ਦੀ ਮਨਾਹੀ ਸੀ, ਉਸੇ ਤਰ੍ਹਾਂ ਰਾਹ ਵਿਚ ਐਨਕ ਲਾਉਣ ਦੀ ਵੀ ਮਾਂ ਵਲੋਂ ਇਜਾਜ਼ਤ ਨਹੀਂ ਸੀ।
ਰੋਗ ਦੀ ਮਾਨਸਿਕ ਪੀੜ ਦਾ ਵੱਡਾ ਇਜਾਫਾ ਓਦੋਂ ਹੁੰਦਾ, ਜਦੋਂ ਸਕੂਲ ਵਿਚ ਅੱਧੀ ਛੁੱਟੀ ਵੇਲੇ ਇਕੱਠੀਆਂ ਹੋਈਆਂ ਮੇਰੀਆਂ ਜਮਾਤਣਾਂ ਵਿਚ ਮਾਹਵਾਰੀ ਦਾ ਜ਼ਿਕਰ ਤੁਰਦਾ। ਕਦੇ ਕੋਈ ਇਕ ‘ਭਿੱਟੀ’ ਹੁੰਦੀ ਤੇ ਕਦੇ ਕੋਈ। ਸਾਡੇ ਘਰ-ਪਰਿਵਾਰ ਵਿਚ ਅਜਿਹੀ ਕੋਈ ਸੁੱਚ-ਭਿੱਟ ਨਹੀਂ ਸੀ, ਪਰ ਉਨ੍ਹਾਂ ਸ਼ਰਮਾ, ਜੈਨ ਜਾਂ ਅਗਰਵਾਲ, ਗੁਪਤਾ, ਰਸਤੌਗੀ ਆਦਿ ਸਥਾਨਕ ਪਰਿਵਾਰਾਂ ਦੀਆਂ ਕੁੜੀਆਂ ਦੇ ਘਰਾਂ ਵਿਚ ਮਹਾਵਾਰੀ ਦੇ ਦਿਨਾਂ ਵਿਚੋਂ ਲੰਘ ਰਹੀ ਇਸਤਰੀ ਦਾ ਭਾਂਡਾ-ਬਿਸਤਰਾ ਵੱਖਰਾ ਹੁੰਦਾ ਸੀ। ਅੱਜ ਸੋਚਦੀ ਹਾਂ ਕਿ ਜ਼ਰੂਰ ਇਹ ਰਵਾਇਤ ਇਸ ਹਾਲਤ ਵਿਚੋਂ ਗੁਜ਼ਰ ਰਹੀ ਔਰਤ ਨੂੰ ਆਰਾਮ ਦੇਣ ਲਈ ਹੀ ਸ਼ੁਰੂ ਹੋਈ ਹੋਵੇਗੀ। ਤਫਰੀਹ ਵੇਲੇ ‘ਭਿੱਟੀ’ ਹੋਈ ਕੁੜੀ ਗਰੁਪ ਦੀ ਸਾਂਝੀ ਥਾਲੀ ਨੂੰ ਹੱਥ ਨਾ ਲਾਉਂਦੀ।
ਸਬਜ਼ੀ, ਦਾਲ, ਰਾਇਤੇ, ਚਟਣੀਆਂ, ਪੂਰੀਆਂ ਕਚੌਰੀਆਂ ਅਤੇ ਮਿਸ਼ਠਾਨ ਦੀਆਂ ਕਟੋਰੀਆਂ ਸਭ ਆਪਸ ਵਿਚ ਵੰਡਦੀਆਂ-ਬਦਲਦੀਆਂ ਪਰ ‘ਭਿੱਟੀ’ ਹੋਈ ਕੁੜੀ ਵੱਖ ਹੀ ਬਹਿੰਦੀ। ਉਸ ਦੀ ਥਾਲੀ ਛੂਹਣਾ ਵੀ ਸਭ ਲਈ ਵਰਜਿਤ ਹੁੰਦਾ। ਸਭ ਸਹੇਲੀਆਂ ਉਪਰ ਵਾਰੋ-ਵਾਰ ਭਿੱਟਣ ਦਾ ਵਕਫਾ ਆਉਂਦਾ, ਤੇ ਚਲਾ ਜਾਂਦਾ ਸੀ, ਤੇ ਇਕ ਮੈਂ ਸਾਂ ਜੋ ਸਦਾ ਸਦਾ ਲਈ ਭਿੱਟੀ ਰਹਿੰਦੀ। ਕੀ ਦੱਸਦੀ ਤੇ ਕੀ ਨਾ।
ਮੈਂ ਭਾਵੇਂ ਸਭ ਦੀ ਚਹੇਤੀ ਸਾਂ, ਤੇ ਉਹ ਵਸਾਹ ਵੀ ਨਹੀਂ ਖਾਂਦੀਆਂ ਸਨ ਮੇਰਾ, ਪਰ ਅੱਧੀ ਛੁੱਟੀ ਦੀ ਘੰਟੀ ਵਜਦਿਆਂ ਹੀ ਮੈਂ ਉਨ੍ਹਾਂ ਸਭਨਾਂ ਤੋਂ ਵੱਖ ਅਤੇ ਓਹਲੇ ਹੋ ਜਾਂਦੀ। ਉਂਜ ਵੀ ਮੇਰਾ ਨਾਸ਼ਤਾ ਤਾਂ ਮਾਂ ਦਾ ਦਿੱਤਾ ਹੋਇਆ ਦੇਸੀ ਘਿਓ ਵਿਚ ਬਣਿਆ ਮੂੰਗ ਦੀ ਦਾਲ ਦੇ ਆਟੇ ਦਾ ਚੂਰਮਾ ਹੀ ਹੁੰਦਾ ਸੀ, ਤੇ ਜਾਂ ਫਿਰ ਗਾਜਰਾਂ ਤੇ ਕੋਈ ਫਲ। ਕੀ ਵੰਡਦੀ ਤੇ ਕੀ ਵੰਡਾਂਦੀ?
ਛੇ ਸੱਤ ਮਹੀਨੇ ਲੰਘ ਗਏ। ਕੋਈ ਫਰਕ ਨਾ ਪਿਆ। ਡੂਸ਼ਾਂ ਮਗਰੋਂ ਹਾਲਤ ਬਦ ਤੋਂ ਬਦਤਰ ਹੋ ਗਈ। ਅਕਤੂਬਰ ਵਿਚ ਵੀਰ ਜੀ ਆ ਗਏ, ਬੰਗਲੌਰੋਂ। ਸ਼ਾਇਦ ਮਾਪਿਆਂ ਨੇ ਮੇਰੇ ਬਾਰੇ ਇਤਲਾਹ ਦਿੱਤੀ ਹੋਵੇ। ਉਨ੍ਹਾਂ ਆਉਂਦਿਆਂ ਹੀ ਮੈਨੂੰ ਇਰਵਿਨ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਛੇ ਦਹਾਕਿਆਂ ਤੋਂ ਵੱਧ ਦਾ ਸਮਾਂ ਭਾਵੇਂ ਗੁਜ਼ਰ ਚੁੱਕਿਆ ਹੈ, ਪਰ ਹੁਣ ਵਾਂਗ ਹੀ ਤਾਜ਼ਾ ਹੈ, ਉਹ ਪਲ ਜਦੋਂ ਵੀਰ ਜੀ ਦੇ ਗਲ ਲੱਗ ਕੇ ਮੈਂ ਫੁੱਟ ਫੁੱਟ ਰੋ ਰਹੀ ਸਾਂ ਵਾਰ-ਵਾਰ ਪੁੱਛਦੀ, “ਆਖਰ ਮੇਰੇ ਨਾਲ ਹੀ ਇੰਜ ਕਿਉਂ?”
“ਚੰਗੇ ਅਤੇ ਨੇਕ ਬੱਚਿਆਂ ਕੀ ਹੋਰਨਾਂ, ਨਾਲੋਂ ਵੱਧ ਤਕਲੀਫਾਂ ਸਹਾਰਨੀਆਂ ਪੈਨੀਆਂ ਨੁ। ਤੂੰ ਚੰਗੀ ਏਂ ਨਾ, ਇਸੇ ਕਰ ਕੇæææ।”
ਵੀਰ ਜੀ ਨੂੰ ਮੇਰੇ ਅੰਦਰ ਵੱਧ ਰਹੀ ਦੋਸ਼ੀ ਭਾਵਨਾ ਅਤੇ ਸਵੈ-ਤਰਸ ਦਾ ਪੂਰਾ ਕਿਆਸ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਜਵਾਨੀ ਵਿਚ ਪੈਰ ਪਾਉਣ ਵੇਲੇ ਬੜੀ ਤਕਲੀਫ ਹੋਈ ਸੀ।
“ਮੈਂ ਸੁੱਕ ਕੇ ਕੰਡਾ ਹੋ ਗਿਆ ਸਾਂ ਜਦਕਿ ਪਿੰਡੀ ਬੋਰਡਿੰਗ ਵਿਚ ਰਹਿਨੇ ਮੇਰੇ ਨਾਲ ਨੇ ਜਾਤਕਾਂ ਕੀ ਕੋਈ ਤਕਲੀਫ ਨਹੀਂ ਸੀ ਹੋਈ। ਹੋ ਸਕਨੈ ਸਾਡੇ ਖ਼ੂਨ ਵਿਚ ਹੀ ਕੋਈ ਕਮੀ ਹੋਵੈ। ਤਾਹੀਓਂ ਤੈ ਅਸਾਂ ਸਾਰਿਆਂ ਕੀ ਗਰਮੀਆਂ ਵਿਚ ਨਕਸੀਰ ਆ ਜਾਨੀ ਐ। ਨਿੱਕੀ ਉਮਰ ਵਿਚ ਤੁੱਘੀ ਖੂਨੀ ਪੇਚਸ ਵੀ ਤੈ ਡਾਢੀ ਲੱਗੀ ਸੀ ਨਾæææ।” ਵੀਰ ਜੀ ਨੇ ਸਮਝਾਇਆ।
ਵੀਰ ਜੀ ਦੇ ਇਨ੍ਹਾਂ ਧਰਵਾਸਿਆਂ ਤੋਂ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਮੁੰਡਿਆਂ ਨੂੰ ਵੀ ਮਾਹਵਾਰੀ ਆਉਂਦੀ ਹੈ। ਬਹੁਤ ਦੇਰ ਤੱਕ ਮੇਰਾ ਇਹ ਵਿਸ਼ਵਾਸ ਬਣਿਆ ਰਿਹਾ। ਯਾਦ ਹੈ ਕਿ ਮੈਂ ਦਿਲਜੀਤ ਨੂੰ ਵੀ ਦੱਸ ਦਿੱਤਾ ਸੀ ਅਤੇ ਇੰਦੂ, ਕੁਸੁਮ, ਮੇਨਕਾ, ਸੁਚਿੰਤਾ ਅਰ ਕਰੁਣਾ ਨੂੰ ਵੀ। ਉਹ ਹੱਸ ਹੱਸ ਦੂਹਰੀਆਂ ਹੋਣ ਅਤੇ ਮੇਰਾ ਮਜ਼ਾਕ ਉਡਾਉਣ। ਉਨ੍ਹਾਂ ਦ੍ਰਿੜ੍ਹਤਾ ਨਾਲ ਆਖਣਾ ਕਿ ਮੁੰਡਿਆਂ ਨੂੰ ਮਾਹਵਾਰੀ ਨਹੀਂ ਆਉਂਦੀ।
“ਮੇਰੇ ਵੀਰ ਜੀ ਮੇਰੇ ਨਾਲ ਝੂਠ ਨਹੀਂ ਬੋਲ ਸਕਦੇ।” ਮੈਂ ਆਪਣੀ ਥਾਂ ਸੱਚੀ ਸਾਂ।
“ਵੀਰ ਜੀ ਕਹਿੰਦੇ ਹਨæææ”, ਮੈਂ ਗੱਲ ਸ਼ੁਰੂ ਕਰਨ ਹੀ ਲੱਗਦੀ ਕਿ ਸਭ ਸਹੇਲੀਆਂ ਮੂੰਹਾਂ Ḕਤੇ ਹੱਥ ਰੱਖ ਕੇ ਹਾæææ ਹਾæææ ਕਰਨ ਲਗਦੀਆਂ।
“ਏਨੀਆਂ ਬੇਸ਼ਰਮੀ ਵਾਲੀਆਂ ਗੱਲਾਂ ਤੂੰ ਆਪਣੇ ਭਰਾ ਨਾਲ ਕਿਵੇਂ ਕਰ ਲੈਂਦੀ ਏਂ।”
ਵੀਰ ਜੀ ਦੀ ਮੈਂ ਲਾਡਲੀ ਭੈਣ ਸਾਂ, ਬਾਲੜੀ। ਉਹ ਗਿਆਨ ਵਿਗਿਆਨ ਦੀ ਮੈਨੂੰ ਕਾਫੀ ਜਾਣਕਾਰੀ ਦੇਂਦੇ। ਤੇਰ੍ਹਾਂ ਸਾਲਾਂ ਦੀ ਉਮਰ ਵਿਚ ਮੈਨੂੰ ਪਤਾ ਲੱਗ ਗਿਆ ਸੀ ਕਿ ਬੱਚੇ ਰੱਬ ਦੀ ਦੇਣ ਨਾਲੋਂ ਵੱਧ ਮਾਪਿਆਂ ਦੀ ਆਪਣੀ ਸਿਆਣਪ ਦੇ ਵੀ ਅਖ਼ਤਿਆਰ ਹੁੰਦੇ ਹਨ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਘੱਟ ਬੱਚੇ ਪੈਦਾ ਕਰਨ।
æææਚੰਨ ਵੀ ਇਕ ਤਾਰਾ ਹੈ, ਸਾਡੀ ਧਰਤੀ ਦਾ ਇਕ ਟੁਕੜਾ ਤੇ ਬਹੁਤ ਛੇਤੀ ਅਸੀਂ ਚੰਨ ਉਤੇ ਪੁੱਜ ਜਾਵਾਂਗੇ। ਉਪਰਾਲੇ ਹੋ ਰਹੇ ਹਨ। æææਵਕਤ ਆਉਣ ਵਾਲਾ ਹੈ ਕਿ ਤੁਸੀਂ ਰੇਡੀਓ ਹੱਥ ਵਿਚ ਫੜੀ ਜਿਥੇ ਚਾਹੋ ਸੁਣ ਸਕੋਗੇ। ਏਥੇ ਹੀ ਬਸ ਨਹੀਂ, ਰੇਡੀਓ ਉਤੇ ਗਾਉਣ ਵਾਲਿਆਂ ਦੀਆਂ ਸ਼ਕਲਾਂ ਵੀ ਦਿਸਣਗੀਆਂ æææਫੋਨ ਉਤੇ ਵੀ ਸ਼ਕਲਾਂ ਆਉਣਗੀਆਂ æææਪੁਲਾੜ ਵਿਚ ਵੀ ਧਰਤੀ ਵਾਂਗ ਠਹਿਰ ਸਕਾਂਗੇæææਕੁੜੀਆਂ ਤੇ ਮੁੰਡਿਆਂ ਦੀ ਅਕਲ ਤੇ ਤਾਕਤ ਵਿਚ ਕੋਈ ਫਰਕ ਨਹੀਂ, ਤੇ ਉਹ ਸਾਰੇ ਕੰਮ ਜੋ ਮੁੰਡੇ ਕਰਦੇ ਨੇ, ਕੁੜੀਆਂ ਵੀ ਕਰ ਸਕਦੀਆਂ ਹਨ ਤੇ ਉਹ ਹਰ ਪੱਖੋਂ ਮੁੰਡਿਆਂ ਦੇ ਬਰਾਬਰ ਦੀਆਂ ਹੱਕਦਾਰ ਹਨæææ ਵਗੈਰਾ ਵਗੈਰਾ।
ਮੇਰੀਆਂ ਗੱਲਾਂ ਮੇਰੀਆਂ ਸਹੇਲੀਆਂ ਨੂੰ ਹਊਆ ਵੀ ਲੱਗਦੀਆਂ ਤੇ ਉਹ ਮੈਨੂੰ ਆਦਰ ਦੀ ਦ੍ਰਿਸ਼ਟੀ ਨਾਲ ਵੇਖਦੀਆਂ ਹੋਰ ਹੋਰ ਜਾਣਨ ਲਈ ਉਤਸੁਕ ਵੀ ਹੁੰਦੀਆਂ। ਉਹ ਸਭ ਮੇਰੀ ਬੇਬਾਕੀ ਅਤੇ ਸਪਸ਼ਟਤਾ ਉਤੇ ਵੀ ਹੱਕੀਆਂ ਬੱਕੀਆਂ ਹੁੰਦੀਆਂ। ਵੀਰ ਜੀ ਦੀ ਪਰਵਰਿਸ਼ ਸਦਕੇ ਮੈਂ ਹਮੇਸ਼ਾ ਖੁਦ ਨੂੰ ਹੋਰ ਕੁੜੀਆਂ ਤੋਂ ਵੱਖਰੀ ਪਾਇਆ। ਕੁੜੀਆਂ ਦੀਆਂ ਰਵਾਇਤੀ ਗੱਲਾਂ ਤੋਂ ਮੈਂ ਉਖੜ-ਹੁੱਸੜ ਜਾਂਦੀ। ਹੁਣ ਵੀ ਮੈਂ ਇਸਤਰੀ-ਸਤਸੰਗਾਂ, ਸਭਾਵਾਂ, ਕਿਟੀ ਪਾਰਟੀਆਂ ਜਾਂ ਕੇਵਲ ਤੇ ਕੇਵਲ ਔਰਤ ਜਥੇਬੰਦੀਆਂ ਜਾਂ ਸਮਾਗਮਾਂ ਵਿਚ ਵਸੇਂ ਵਸੇਂ ਸ਼ਾਮਲ ਹੋਣ ਤੋਂ ਕਤਰਾਉਂਦੀ ਹਾਂ।

ਇਰਵਿਨ ਹਸਪਤਾਲ ਵਿਚ ਮੈਨੂੰ ਜ਼ਨਾਨੇ ਵਾਰਡ ਵਿਚ ਰੱਖਿਆ ਗਿਆ। ਉਨ੍ਹਾਂ ਜ਼ਨਾਨੀ-ਮਰੀਜ਼ਾਂ ਦਰਮਿਆਨ ਮੈਂ ਇਕੱਲੀ ਹੀ ਕਿਸ਼ੋਰੀ ਸਾਂ, ਅਲ੍ਹੜ ਤੇ ਨਾਦਾਨ। ਮੈਨੂੰ ਘੰਟੇ-ਘੰਟੇ ਬਾਅਦ ਟੀਕੇ ਲੱਗਦੇ।
“ਤੈਨੂੰ ਕੀ ਤਕਲੀਫ ਹੈ?” ਅੱਗੇ ਪਿੱਛੇ ਬਿਸਤਰਿਆਂ ‘ਤੇ ਪਈਆਂ ਤੀਵੀਆਂ ਪੁੱਛਣ।
ਮੈਂ ਕੀ ਦੱਸਾਂ? ਬਸ ਨੀਵੀਂ ਪਾਈ ਰੋਂਦੀ ਰਹਾਂ, ਰੋਂਦੀ ਰਹਾਂ। ਨਰਸਾਂ ਤੋਂ ਵੀ ਪੁੱਛਾਂ ਹੋਵਣ।
ਸ਼ਾਮੀ ਚਾਰ ਵਜੇ ਰੋਗਣਾਂ ਦੇ ਸਾਕ-ਸਬੰਧੀ ਉਨ੍ਹਾਂ ਦੀ ਖਬਰ ਲੈਣ ਆਉਣ, ਤਾਂ ਮੇਰੇ ਵਲ ਹੈਰਾਨੀ ਨਾਲ ਝਾਕਣ। ਮੇਰੇ ਵਲ ਸੈਨਤਾਂ ਕਰ ਕਰ ਕੇ ਜਦੋਂ ਵਾਰਡ ਦੀਆਂ ਇਸਤਰੀਆਂ ਮੇਰੀ ਬਿਮਾਰੀ ਦਾ ਜ਼ਿਕਰ ਕਰਨ ਤਾਂ ਸ਼ਰਮ ਦੀ ਮਾਰੀ ਮੈਂ ਸਿਰਹਾਣੇ ਵਿਚ ਮੂੰਹ ਛਿਪਾ ਕੇ ਰੋਵਾਂ, ਰੋਂਦੀ ਜਾਵਾਂ। ਡਸਕੋਰੇ ਹਟਕੋਰੇ। ਮੇਰੀ ਘਿੱਗੀ ਬੱਝ ਜਾਂਦੀ। ਅੱਖਾਂ ਸੁੱਜ ਜਾਂਦੀਆਂ।
ਨਰਸਾਂ ਦੀਆਂ ਤਕਣੀਆਂ ਵਿਚ ਨਿਰਾ ਤਰਸ ਦਸਦਾ ਕਿ ਹੁਣ ਮੈਂ ਨਹੀਂ ਬਚਾਂਗੀ। ਹਾਇ ਇਸ ਤੋਂ ਤਾਂ ਚੰਗਾ ਸੀ, ਜੇ ਮੈਂ ਗੱਡੀਓਂ ਢਹਿ ਕੇ ਐਕਸੀਡੈਂਟ ਨਾਲ ਮਰ ਜਾਂਦੀ। ਹੁਣ ਮੇਰੇ ਮਰਨ ਬਾਅਦ ਮੇਰੇ ਮਾਪੇ ਕੀ ਆਖਣਗੇ ਕਿ ਮੈਂ ਕਿਸ ਬਿਮਾਰੀ ਦੀ ਸ਼ਿਕਾਰ ਸਾਂ। ਇਹ ਚਿੰਤਾ ਵੀ ਮੈਨੂੰ ਨਿਘਾਰਦੀ, ਹੋਰ ਹੋਰ ਹੋਰ।
ਕੁਝ ਦਿਨਾਂ ਪਿਛੋਂ ਖੂਨ ਪੈਣਾ ਬੰਦ ਹੋ ਗਿਆ। ਵੀਰ ਜੀ ਮੈਨੂੰ ਘਰ ਪੁਚਾਅ ਕੇ, ਤੇ ਅੱਗੇ ਲਈ ਮਾਪਿਆਂ ਨੂੰ ਪੂਰੀਆਂ ਹਦਾਇਤਾਂ ਦੇ ਕੇ ਵਾਪਸ ਪਰਤ ਗਏ।
ਦੋ ਹਫਤੇ ਹੀ ਲੰਘੇ ਸਨ ਕਿ ਮੁੜ ਓਹੀ ਹਾਲ। ਸਕੂਲ ਵਿਚ ਖੇਡਾਂ, ਦੌੜਾਂ, ਥਰੋਬਾਲ, ਬੈਡਮਿੰਟਨ ਆਦਿ ਵਿਚ ਹਰ ਵਿਦਿਆਰਥਣ ਨੂੰ ਆਪਣੇ ਸ਼ੌਕ ਮੁਤਾਬਕ ਹਿੱਸਾ ਲੈਣਾ ਹੁੰਦਾ ਸੀ। ਇਹ ਲਾਜ਼ਮੀ ਸੀ। ਮੇਰੇ ਲਈ ਖੇਡਣਾ, ਕੁੱਦਣਾ ਅਸਲੋਂ ਹੀ ਖਤਰਨਾਕ ਸੀ, ਵਰਜਿਤ ਸੀ। ਵੀਰ ਜੀ ਸਕੂਲ ਵਿਚ ਮੈਡੀਕਲ ਸਰਟੀਫਿਕੇਟ ਦਰਜ ਕਰਵਾ ਗਏ, ਤਾਂ ਜੁ ਮੈਨੂੰ ਕਿਸੇ ਵੀ ਖੇਡ ਲਈ ਮਜਬੂਰ ਨਾ ਕੀਤਾ ਜਾਵੇ। ਖੇਡ ਦੇ ਪੀਰੀਅਡ ਵਿਚ ਮੈਂ ਖੂੰਜੇ ਲੱਗੀ ਚੁੱਪ-ਚਾਪ ਸਭ ਜਮਾਤਣਾਂ ਨੂੰ ਖੇਡਦਿਆਂ ਵੇਖਦੀ ਰਹਿੰਦੀ। ਹੁਣ ਮੇਰੀ ਬਿਮਾਰੀ ਦਾ ਲਗਭਗ ਸਭ ਨੂੰ ਅੰਦਾਜ਼ਾ ਸੀ। ਬਾਹਲੀਆਂ ਨੂੰ ਇਹੀ ਪਤਾ ਸੀ ਕਿ ਮੇਰੀਆਂ ਆਂਤੜੀਆਂ ਕਮਜ਼ੋਰ ਸਨ ਅਤੇ ਖੇਡਣ-ਕੁੱਦਣ ਨਾਲ ਮੈਨੂੰ ਖੂਨੀ ਪੇਚਿਸ ਦੇ ਦੌਰੇ ਦਾ ਖਤਰਾ ਸੀ।
ਨੌਮਾਹੀ ਇਮਤਿਹਾਨ ਹੋ ਚੁੱਕੇ ਸਨ। ਪੜ੍ਹਾਈ ਦਾ ਬਹੁਤ ਜ਼ੋਰ ਸੀ। ਏæ ਡਿਵੀਜ਼ਨ ‘ਤੇ ਗਣਿਤ ਲਈ ਖਾਸ ਸਖਤੀ ਸੀ। ਗਣਿਤ ਕਰ ਕੇ ਹੀ ਸਟੇਟ ਦੇ ਹੋਰ ਸਕੂਲਾਂ ਨੂੰ ਪਛਾੜਿਆ ਜਾ ਸਕਦਾ ਸੀ। ਗਣਿਤ ਦੇ ਅਭਿਆਸ ਲਈ ਮੈਂ ਮੰਜੇ ‘ਤੇ ਪਈ ਪਈ ਆਪੇ ਮੱਥਾ ਮਾਰਦੀ ਰਹਿੰਦੀ। ਜੇ ਕਿਧਰੇ ਅੜ ਜਾਵਾਂ ਕਿਸੇ ਗੁੰਝਲ ‘ਤੇ, ਤਾਂ ਰਾਤੀਂ ਪਿਤਾ ਜੀ ਭੋਜਨ ਕਰਦੇ ਕਰਦੇ ਮੂੰਹ-ਜ਼ਬਾਨੀ ਹੀ ਹੱਲ ਸੁਝਾਅ ਦੇਂਦੇ। ਉਹ ਕਹਿੰਦੇ, “ਜਿਹੜਾ ਵੀ ਸਵਾਲ ਤੇਰੇ ਕੋਲੋਂ ਗਣਿਤ ਨੇ ਤਰੀਕੇ ਨਾਲ ਨਾ ਕੱਢਿਆ ਜਾਵੇ, ਉਸ ਕੀ ਅਲਜਬਰੇ ਨਾਲ ਕੱਢ ਸਕਨੀ ਏਂ। ਫਰਜ਼ ਕਰ ਲੈ ਕਿ ਸੁਆਲ ਨਾ ਜੁਆਬ ਐਕਸ ਹੈ ਤੇ ਫਿਰ ਹੱਲ, ਕਰਨੀ ਕਰਨੀ ਪਿੱਛੇ ਵੱਲ ਪਰਤਨੀ ਜਾ। ਤੈੱਨ ਸਹੀ ਜਵਾਬ ਮਿਲ ਜਾਸੀ।”
ਇਹ ਢੰਗ ਬਾਅਦ ਵਿਚ ਮੈਨੂੰ ਆਪਣੇ ਬਾਲਕਾਂ ਦੀ ਪੜ੍ਹਾਈ ਵਿਚ ਮਦਦ ਕਰਨ ਵਿਚ ਵੀ ਬਹੁਤ ਰਾਸ ਆਇਆ।
ਮਹੀਨਾ ਹੋ ਗਿਆ ਸੀ ਹਸਪਤਾਲੋਂ ਆਇਆਂ, ਮੇਰੀ ਹਾਲਤ ਬਹੁਤ ਵਿਗੜ ਗਈ। ਹੁਣ ਕੋਈ ਵੀ ਅਹੁੜ-ਪਹੁੜ ਕੰਮ ਨਾ ਆਵੇ। ਮਾਜੂ ਵੀ ਨਾ। ਪਰਨਾਲਿਆਂ ਦੇ ਪਰਨਾਲੇ। ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਅੱਧ-ਬੇਹੋਸ਼ੀ ਦੀ ਹਾਲਤ ਵਿਚ ਮੈਨੂੰ ਮੁੜ ਹਸਪਤਾਲ ਦਾਖਲ ਕਰਾ ਦਿੱਤਾ ਗਿਆ। ਮੁੜ ਓਸੇ ਤਰ੍ਹਾਂ ਟੀਕਿਆਂ ਨਾਲ ਪੱਛੀ ਜਾਣ ਲੱਗੀ। ਖੂਨ ਪੈਣਾ ਘੱਟ ਤਾਂ ਜਾਵੇ, ਪਰ ਲੇਟਿਆਂ ਹੀ। ਤੁਰਨ ਨਾਲ ਮੁੜ ਓਵੇਂ ਦਾ ਓਵੇਂ। ਇਸ ਵੇਰਾਂ ਹਸਪਤਾਲ ਵਲੋਂ ਕੋਈ ਆਸ਼ਾਜਨਕ ਜੁਆਬ ਨਾ ਮਿਲਿਆ। ਬੁਝੇ-ਬੁਝੇ ਮਾਪੇ ਮੈਨੂੰ ਘਰ ਲਈ ਲੈ ਤੁਰੇ। ਅੱਖਾਂ ਭਰੀਆਂ। ਚਿਹਰੇ ਉਤਰੇ ਹੋਏ।
ਟਾਂਗਾ ਲਾਲ ਕਿਲ੍ਹੇ ਤੋਂ ਚਾਂਦਨੀ ਚੌਕ ਵਲ ਮੁੜ ਗਿਆ ਸੀ। ਮਾਂ ਅਤੇ ਪਿਤਾ ਜੀ ਦੇ ਵਿਚਕਾਰ ਅਧਲੇਟੀ ਤੇ ਅੱਧਹੋਸ਼ ਜਿਹੀ ਹਾਲਤ ਵਿਚ ਸਾਂ ਮੈਂ। ਆਪਣੀ ਯਾਦ ਵਿਚ ਪਹਿਲੀ ਵੇਰਾਂ ਏਨੀ ਨੇੜੇ ਦੋਹਾਂ ਦੇ ਵਿਚਕਾਰ ਪਈ ਸਾਂ, ਨਹੀਂ ਤਾਂ ਮਾਂ ਹੀ ਸੰਭਾਲਦੀ ਸੀ ਸਾਰਾ ਘਰ ਪਰਿਵਾਰ, ਦੁਨੀਆਂਦਾਰੀ, ਦੁੱਖ-ਸੁੱਖ। ਭਾਪਾ ਜੀ ਤਾਂ ਸਵੇਰੇ-ਸਵੇਰੇ ਹੀ ਨਿਕਲ ਜਾਂਦੇ ਭੋਗਲ, ਪਟਰੋਲ ਪੰਪ ‘ਤੇ। ਉਹ ਰਾਤ ਪਈ ਹੀ ਪਰਤਦੇ। ਹਾਂ, ਐਤਵਾਰ ਨੂੰ ਸਾਰਾ ਸੌਦਾ ਲਿਆ ਕੇ ਘਰ ਭਰ ਦੇਂਦੇ। ਕੋਈ ਥੁੜ ਨਹੀਂ ਸੀ ਹੁੰਦੀ ਕਿਸੇ ਵਸਤੂ ਦੀ।
ਮਾਂ ਸੁਤੰਤਰ ਤੇ ਮੁਖਤਿਆਰ ਸੀ ਘਰ-ਗ੍ਰਹਿਸਥੀ ਦੀ ਸੰਭਾਲ ਵਿਚ। ਸਾਡੀਆਂ ਸਾਰੀਆਂ ਲੋੜਾਂ ਪੂਰਨੀਆਂ ਉਸੇ ਦੀ ਜ਼ਿੰਮੇਵਾਰੀ ਸੀ, ਪਰ ਭਾਪਾ ਜੀ ਦੀ ਵੀ ਪੂਰੀ ਸੁਰ ਜਾਪਦੀ ਸੀ ਉਸ ਨਾਲ। ਦੋਹਾਂ ਵਿਚਾਲੇ ‘ਤੁਸੀਂ ਤੁਸੀਂ’ ਦਾ ਹੀ ਸੰਚਾਰ ਸੀ। ਉਹ ਕਦੋਂ ਆਪਸ ਵਿਚ ਸਲਾਹ-ਮਸ਼ਵਰਾ ਕਰਦੇ ਸਨ, ਕਦੇ ਨਾ ਪਤਾ ਲੱਗਾ।
“ਆਣਦੇ, ਤੇਰੇ ਭਾਪਾ ਜੀ ਕੀ, ਦਸਨੀ ਆਂ ਤੇਰੀ ਕਾਰਸਤਾਨੀ।” ਮਾਂ ਨੇ ਆਖਿਆ ਨਹੀਂ ਕਿ ਸਾਡੇ ਸੋਤਰ ਸੁੱਕੇ ਨਹੀਂ। ਉਹ ਕੁਝ ਦਸਦੀ ਵੀ ਸੀ ਕਦੇ ਕਿ ਨਹੀਂ, ਪਤਾ ਨਹੀਂ। ਉਹ ਆਪੇ ਹੀ ਹਰ ਮਸਲਾ ਨਜਿੱਠ ਲੈਂਦੀ ਸੀ।
“ਬੱਚਿਆਂ ਵਾਸਤੇ ਅੱਖ ਨਾ ਡਰ ਹੀ ਕਾਫੀ ਹੋਨੈ।” ਮਾਂ ਦਾ ਅਕਸਰ ਜੁਮਲਾ ਹੁੰਦਾ ਸੀ।

ਟਾਂਗਾ ਗੁਰਦੁਆਰਾ ਸੀਸ ਗੰਜ ਕੋਲ ਪੁੱਜਿਆ ਹੀ ਸੀ ਕਿ ਮਾਂ ਨੇ ਭਾਪਾ ਜੀ ਨੂੰ ਰੁਕਵਾਣ ਦਾ ਇਸ਼ਾਰਾ ਕੀਤਾ। ਇਹ ਮਾਂ ਦੀ ਆਖਰੀ ਜੋਦੜੀ ਹੋਣੀ ਹੈ ਮੈਨੂੰ ਦਰਬਾਰ ਸਾਹਿਬ ਅੱਗੇ ਮੱਥਾ ਟਿਕਾਣ ਦੀ। ਮੈਂ ਸਮਝ ਗਈ।
ਮੱਥਾ ਟੇਕਦਿਆਂ ਟਿਕਾਂਦਿਆਂ ਮਾਂ ਦਾ ਕੜ ਪਾਟ ਗਿਆ। ਭਾਪਾ ਜੀ ਖਾਮੋਸ਼ ਤੇ ਭਿੱਜੇ ਨੈਣ।
“ਹਿਥੇ ਜੈਨ ਮੰਦਰ ਨੇ ਥੱਲੇ ਹਿਕ, ਹਕੀਮ ਬਹਿਨੈ। ਬੜਾ ਨਾਂ ਵੈ ਉਸਨਾ। ਜੇ ਉਸਕੀ ਤਕਾਅ ਲਈਏ ਤਾਂæææ।” ਜੋੜੇ ਲੈ ਕੇ ਪਾਉਂਦਿਆਂ ਭਾਪਾ ਜੀ ਨੇ ਆਖਿਆ।
“ਲੈ ਜੁਲੋ। ਕੇ ਪਤਾ ਵਾਹਿਗੁਰੂ ਨੀ ਮਿਹਰ ਹੋ ਜਾਵੈ।” ਮਰੀ ਜਿਹੀ ਆਵਾਜ਼ ਵਿਚ ਮਾਂ ਬੋਲੀ।
ਟਾਂਗਾ ਵਾਪਸ ਮੋੜ ਲਿਆ ਗਿਆ, ਜੈਨ ਮੰਦਰ ਵਲ। ਜੈਨ ਮੰਦਰ ਦੇ ਠੀਕ ਸਾਹਮਣੇ ਲਾਜਪਤ ਰਾਇ ਮਾਰਕੀਟ ਵਿਚ ਸਾਡੀ ਰੈਡੀਮੇਡ ਕਪੜਿਆਂ ਦੀ ਦੁਕਾਨ ਸੀ। ਦਿਹਾੜੀ ਪਾਲ ਵੀਰ ਜੀ ਦੁਕਾਨ ‘ਤੇ ਬਹਿੰਦੇ ਸਨ ਤੇ ਸ਼ਾਮੀ ਭਾਪਾ ਜੀ ਪਟਰੋਲ ਪੰਪ ਤੋਂ ਆ ਕੇ ਬੈਠਦੇ। ਇਸ ਇਲਾਕੇ ਦੇ ਚੱਪੇ ਚੱਪੇ ਅਤੇ ਬੰਦੇ ਬੰਦੇ ਤੋਂ ਵਾਕਫ ਸਨ ਉਹ।
ਚੰਦ ਮਿੰਟਾਂ ਵਿਚ ਹੀ ਪਹੁੰਚ ਗਏ ਅਸੀਂ ਵੈਦਖਾਨੇ ਅਤੇ ਵਾਰੀ ਵੀ ਛੇਤੀ ਹੀ ਆ ਗਈ।
ਇਹ ਇਕ ਗੋਰਾ-ਚਿੱਟਾ, ਸੂਟਿਡ-ਬੂਟਿਡ ਤੇ ਬਹੁਤ ਹੀ ਫਬਦਾ ਤੀਹ ਪੈਂਤੀ ਵਰ੍ਹਿਆਂ ਦਾ ਜੁਆਨ ਵੈਦ ਸੀ। ਉਸ ਦੇ ਲਿਸ਼ ਲਿਸ਼ ਕਰਦੇ ਲੰਮੇ ਤੇ ਗੁਲਾਬੀ ਨਾਖ਼ੁਨ ਮੇਰੇ ਚੇਤੇ ਵਿਚ ਜਿਉਂ ਦੇ ਤਿਉਂ ਟਿਕੇ ਹੋਏ ਹਨ।
ਮੈਂ ਤਾਂ ਸੋਚਿਆ ਸੀ ਕੋਈ ਬੁੱਢਾ ਵੈਦ ਹੋਵੇਗਾ, ਬਜ਼ੁਰਗ। ਮਾਂ ਜਿੰਨੇ ਵੀ ਵੈਦਾਂ ਕੋਲ ਪਹਿਲਾਂ ਲਿਜਾ ਚੁੱਕੀ ਸੀ, ਸਭ ਸਾਦ-ਮੁਰਾਦੇ ਤੇ ਵਡੇਰੇ ਹੁੰਦੇ ਸਨ। ਬਾਅਦ ਵਿਚ ਪਤਾ ਲੱਗਾ ਕਿ ਇਹ ਪ੍ਰਸਿੱਧ ਵੈਦ ਕਵੀਰਾਜ ਹਰਨਾਮ ਦਾਸ ਬੀæਏæ ਦਾ ਸਾਹਿਬਜ਼ਾਦਾ ਸੀ। ਕਵੀਰਾਜ ਦੀਆਂ ਪੁਸਤਕਾਂ ‘ਹਦਾਇਤਨਾਮਾ ਬੀਵੀ’ ਅਤੇ ‘ਹਦਾਇਤਨਾਮਾ ਖਾਵੰਦ’ ਉਨ੍ਹਾਂ ਵੇਲਿਆਂ ਵਿਚ ਵਿਆਹ ਯੋਗ ਜੋੜਿਆਂ ਨੂੰ ਮਾਪਿਆਂ ਵਲੋਂ ਪੜ੍ਹਨ ਲਈ ਭੇਟਾ ਕੀਤੀਆਂ ਜਾਂਦੀਆਂ ਸਨ।
ਵੈਦ ਨੇ ਮੇਰੇ ਨਹੁੰ ਵੇਖੇ, ਨਬਜ਼ ਵੇਖੀ। ਉਸ ਸੱਤ ਪੁੜੀਆਂ ਦਿੱਤੀਆਂ, ਜੋ ਇਕ ਇਕ ਕਰ ਕੇ ਖਾਣੀ ਸੀ ਰੋਜ਼। ਨਿਰਨੇ ਪੇਟ। ਉਸ ਨੇ ਮੇਰੇ ਪਿਤਾ ਜੀ ਦੇ ਹੱਥ ਵਿਚ ਇਕ ਛਪੀ ਛਪਾਈ ਫਹਿਰਿਸਤ ਫੜਾਈ ਜਿਸ ਵਿਚ ਜਿਨ੍ਹਾਂ ਚੀਜ਼ਾਂ ਨੂੰ ਖਾਣਾ ਮਨ੍ਹਾ ਸੀ, ਉਨ੍ਹਾਂ ਅੱਗੇ ਕਾਟੇ ਮਾਰੇ ਹੋਏ ਸਨ। ਵੈਦ ਨੇ 20 ਰੁਪਏ ਫੀਸ ਲਈ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਸੋਨਾ 50 ਰੁਪਏ ਤੋਲਾ ਸੀ ਤੇ ਉਹ ਵੀ ਬਾਰ੍ਹਾਂ ਮਾਸਿਆਂ, ਅਰਥਾਤ ਅਜ ਦੇ ਚੌਦਾਂ ਗ੍ਰਾਮ ਦਾ ਅਤੇ ਖਾਲਸ ਚੌਵੀ ਕੈਰੇਟ। ਮੈਨੂੰ ਉਨ੍ਹਾਂ ਦਿਨਾਂ ‘ਚ ਹਰ ਮਹੀਨੇ 10 ਰੁਪਏ ਜੇਬ ਖਰਚ ਲਈ ਮਿਲਦੇ ਸਨ ਜਿਨ੍ਹਾਂ ਵਿਚੋਂ ਤੀਜੇ ਚੌਥੇ ਮਹੀਨੇ ਪੈਸੇ ਬਚਾ ਕੇ ਮੈਂ 15 ਰੁਪਏ ਦਾ ਕਰੇਬ ਦਾ ਸੂਟ ਵੀ ਖਰੀਦ ਲੈਂਦੀ ਸੀ, ਚੁੰਨੀ ਸਮੇਤ। ਇਹ ਫੀਸ ਮੈਨੂੰ ਬਹੁਤ ਮਹਿੰਗੀ ਲੱਗੀ। ਮਾਂ ਤੇ ਭਾਪਾ ਜੀ ਨੂੰ ਉਕੀ ਨਹੀਂ।
ਸੱਤ ਦਿਨਾਂ ਲਈ ਵੈਦ ਨੇ ਮੁਕੰਮਲ ਆਰਾਮ ਦੀ ਵੀ ਹਦਾਇਤ ਦਿੱਤੀ।
ਤੀਜੇ ਦਿਨ ਹੀ ਖੂਨ ਪੈਣਾ ਬੰਦ ਹੋ ਗਿਆ।
ਸੱਤ ਦਿਨਾਂ ਮਗਰੋਂ ਜਦੋਂ ਮੁੜ ਵੈਦ ਕੋਲ ਲੈ ਕੇ ਗਏ ਤਾਂ ਮੇਰੇ ਵਿਚ ਜ਼ਮੀਨ ਅਸਮਾਨ ਦਾ ਅੰਤਰ ਸੀ। ਲੱਤਾਂ ਵਿਚ ਜਾਨ। ਚਿਹਰੇ ਉਤੇ ਰੌਣਕ ਅਤੇ ਮਨ ਚੜ੍ਹਦੀ ਕਲਾ ਵਿਚ।
“ਹੁਣ ਜੇ ਇਸ ਨੂੰ ਇਕ ਦੋ ਮਹੀਨੇ ਮਾਹਵਾਰੀ ਨਾ ਆਵੇ ਤਾਂ ਕੋਈ ਚਿੰਤਾ ਨਹੀਂ। ਬਸ ਬਹੁਤਾ ਭਾਰ ਨਹੀਂ ਚੁੱਕਣ ਦੇਣਾ ਅਤੇ ਦੋ ਚਾਰ ਮਹੀਨੇ ਲਈ ਮੀਟ-ਮੱਛੀ ਆਦਿ ਗਰਮ ਚੀਜ਼ਾਂ ਦਾ ਪ੍ਰਹੇਜ਼ ਕਰਨਾ।” ਇਹ ਵੈਦ ਦੇ ਸ਼ਬਦ ਸਨ।
ਹੁਣ ਮੈਂ ਸਿਰ ਸੁੱਟ ਕੇ ਇਮਤਿਹਾਨ ਦੀ ਤਿਆਰੀ ਵਿਚ ਜੁਟ ਗਈ। ਸਾਲਾਨਾ ਇਮਤਿਹਾਨ ਵਿਚ ਮੇਰਾ ਹਿਸਾਬ ਦਾ ਪਰਚਾ ਤਸੱਲੀਬਖ਼ਸ ਨਾ ਹੋਇਆ। ਭਗਤ ਵੀਰੇ ਨੂੰ ਮੇਰੇ ਤੇਤੀ ਪ੍ਰਤੀਸ਼ਤ ਅੰਕ ਆਉਣ ਵਿਚ ਵੀ ਸੰਦੇਹ ਸੀ। ਮਾਂ ਕਹਿੰਦੀ, “ਕੋਈ ਗੱਲ ਨਹੀਂ, ਜਾਨ ਹੈ, ਜਹਾਨ ਹੈ। ਬਚੜੀ ਮੌਤ ਨੇ ਮੂੰਹੋਂ ਪਰਤ ਆਈ ਹੈ। ਰੱਬ ਨਾ ਲੱਖ ਲੱਖ ਸ਼ੁਕਰ। ਹੋਰ ਹਿਕ ਸਾਲ ਸਹੀ।”
ਜੇ ਫੇਲ੍ਹ ਹੋ ਗਈ ਤਾਂ ਮੂੰਹ ਦਿਖਾਣ ਜੋਗੀ ਨਹੀਂ ਰਹਿਣਾ ਮੈਂ। ਡਾਢਾ ਫਿਕਰ ਸੀ। ਬਿਮਾਰੀ ਤੋਂ ਹਜ਼ਾਰ ਗੁਣਾ ਵੱਧ ਸੀ ਮੇਰੇ ਲਈ ਇਹ ਨਮੋਸ਼ੀ। ਪਹਿਲਾਂ ਬਿਮਾਰੀ ਖੁਣੋਂ ਤੇ ਹੁਣ ਚਿੰਤਾ ਖੁਣੋਂ ਨਿਘਰਦੀ ਜਾਵਾਂ। ਉਠਦਿਆਂ-ਬੈਠਦਿਆਂ ਮਾਂ ਦੇ ਹੋਠ ਮੂਲਮੰਤਰ ਦੇ ਪਾਠ ਨਾਲ ਫਰਕਦੇ ਰਹਿੰਦੇ। ਉਹ ਸੁੱਖਣਾ ਸੁੱਖਦੀ, “ਹੇ ਵਾਹਿਗੁਰੂ ਮਿਹਰ ਕਰ ਇਸ ਬਾਲੜੀ ‘ਤੇ।” ਕਿਧਰੇ ਸਦਮੇ ਨਾਲ ਮੁੜ ਹੀ ਨਾ ਮੈਂ ਬਿਮਾਰ ਹੋ ਜਾਵਾਂ, ਮਾਂ ਦਾ ਤੌਖਲਾ ਸੀ।
ਫੇਲ੍ਹ ਹੋ ਜਾਣ ਦੀ ਸੂਰਤ ਵਿਚ ਮੈਂ ਖੁਦਕੁਸ਼ੀ ਦਾ ਫੈਸਲਾ ਕਰ ਲਿਆ। ਰੋਜ਼ ਕੋਠੇ ‘ਤੇ ਚੜ੍ਹ ਕੇ ਚੋਰੀ ਚੋਰੀ ਮਾਚਿਸ ਦੀਆਂ ਤੀਲੀਆਂ ਨੂੰ ਖੁਰਚ ਖੁਰਚ ਕੇ ਕਾਫੀ ਫਾਸਫੋਰਸ ਇਕੱਠਾ ਕਰ ਕੇ ਮੈਂ ਪੁੜੀ ਤਿਆਰ ਕਰ ਲਈ।
ਨਤੀਜਾ ਲੈਣ ਮੈਂ ਸਕੂਲ ਨਾ ਗਈ। ਮਾਂ ਨੇ ਭਗਤ ਵੀਰੇ ਨੂੰ ਭੇਜਿਆ।
ਫਾਸਫੋਰਸ ਦੀ ਪੁੜੀ ਹੱਥ ‘ਚ ਫੜੀ ਤੇ ਅੱਖਾਂ ਦੀ ਸ਼ਿਸ਼ਤ ਹੇਠਾਂ ਵੱਲ, ਮੈਂ ਵੀਰ ਦੀ ਉਡੀਕ ਵਿਚ ਕੋਠੇ ‘ਤੇ ਬੈਠ ਗਈ। ਮਿੰਟ ਮਿੰਟ ਵਰ੍ਹੇ ਦਾ ਜਾਪੇ।
ਜ਼ਿੰਦਗੀ ਤੇ ਮੌਤ, ਤਰਾਜ਼ੂ ਦੇ ਦੋ ਪਲੜੇ ਉਚੇ ਨੀਵੇਂ ਹੋ ਰਹੇ ਸਨ ਜਦੋਂ ਭਗਤ ਵੀਰ ਦੇ ਪਹੁੰਚਣ ਦਾ ਖੜਾਕ ਹੋਇਆ।
“ਮੁਆਰਖਾਂ, ਮੁਆਰਖਾਂ, ਮਾਸੀ ਜੀ ਮੁਆਰਖਾਂ।” ਇਹ ਭਗਤ ਵੀਰ ਦੇ ਜਿਗਰੀ ਦੋਸਤ ਬਚਨ ਵੀਰ ਜੀ ਦੇ ਲਫਜ਼ ਸਨ। ਉਹ ਦੋਵੇਂ ਹੀ ਗਏ ਸਨ ਮੇਰਾ ਨਤੀਜਾ ਲੈਣ।
“ਕਾਨਾ ਆਪਣੀ ਏæ ਡਿਵੀਜ਼ਨ ਵਿਚੋਂ ਦੂਜੇ ਦਰਜੇ ‘ਤੇ ਆਈ ਹੈ ਤੇ ਸਾਰੀ ਅੱਠਵੀਂ ਜਮਾਤ ਵਿਚੋਂ ਥਰਡ।”
“ਜੇ ਹਿਸਾਬ ਨਾ ਪਰਚਾ ਠੀਕ ਕਰ ਲੈਨੀ, ਤਾਂ ਇਸੇ ਹੀ ਫਸਟ ਆਣਾ ਇਹਾ।”
ਭਗਤ ਵੀਰੇ ਦੇ ਹੋਠਾਂ ‘ਤੇ ਇਹ ਸ਼ਬਦ ਸਨ ਜਦੋਂ ਮੈਂ ਸ਼ੂਟ ਵੱਟ ਕੇ ਮਾਂ ਨਾਲ ਆ ਲਿਪਟੀ, ਗੱਚੋ-ਗੱਚ।
“ਹੇ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ, ਸਦਕੇ ਬਲਿਹਾਰੀ, ਤੇਰਾ ਕੀਤਾ ਜਾਤੋ ਨਾਹੀæææ।”
ਫਰਕਦੇ ਹੋਠਾਂ ਨਾਲ ਮਾਂ ਨੇ ਮੇਰਾ ਮੱਥਾ ਚੁੰਮ ਲਿਆ। ਉਸ ਉਸੇ ਵੇਲੇ ਭਗਤ ਵੀਰ ਨੂੰ ਪੈਸੇ ਦੇ ਕੇ ਮੱਠੀਆਂ ਤੇ ਲੱਡੂ ਮੰਗਵਾ ਲਏ। ਸਾਰੇ ਮੁਹੱਲੇ ਵਿਚ ਉਹ ਚਾਰ ਚਾਰ ਲੱਡੂ ਅਤੇ ਦੋ ਦੋ ਮੱਠੀਆਂ ਪਾ ਕੇ ਲਫਾਫੇ ਭੇਜਣ ਲੱਗੀ। ਫਾਰਗ ਹੋ ਕੇ ਮਾਂ ਸੰਦਲ ਦਾ ਸ਼ਰਬਤ ਬਣਾਨ ਲੱਗੀ, ਵਧਾਈਆਂ ਦੇਣ ਆਏ ਗਏ ਦੀ ਖ਼ਾਤਰਦਾਰੀ ਲਈ।
ਮਾਂ ਮੁਤਾਬਕ ਇਹ ਮੇਰਾ ‘ਦੂਆ ਜਨਮ’ ਸੀ। ਮਸਾਂ ਮਹੀਨਾ ਹੀ ਤਾਂ ਰਹਿ ਗਿਆ ਸੀ ਮਾਨਾ ਦੇ ਵਿਆਹ ਵਿਚ। ਪੰਜ ਜੂਨ ਨੂੰ ਉਸ ਦੇ ਵਿਆਹ ਦੀ ਤਾਰੀਕ ਕਦੋਂ ਦੀ ਮੁਕੱਰਰ ਕੀਤੀ ਹੋਈ ਸੀ। ਡੇਢ ਮਹੀਨਾ ਪਹਿਲਾਂ ਤਕ ਮਾਪੇ ਅੰਦਰੋਂ ਬੁਝੇ ਬੁਝੇ ਹੋਏ ਸਨ ਕਿ ਕੀ ਪਤਾ ਕਦੋਂ ਮੇਰੇ ਪ੍ਰਾਣ ਪੰਖੇਰੂ ਉਡ ਜਾਣ। ਸ਼ਾਦੀ ਤੱਕ ਵਕਤ ਕੱਢਾਂਗੀ ਕਿ ਨਹੀਂ, ਕੁਝ ਪਤਾ ਨਹੀਂ ਸੀ। ਕੀ ਪਤਾ ਸ਼ਾਦੀ ਹੋਰ ਸਾਲ ਲਈ ਮੁਲਤਵੀ ਕਰਨੀ ਪੈ ਜਾਵੇ!
ਹੁਣ ਮੈਂ ਬਿਲਕੁਲ ਠੀਕ ਸਾਂ, ਤੰਦਰੁਸਤ ਤੇ ਨੌ-ਬਰ-ਨੌ, ਅਰ ਨੌਵੀਂ ਜਮਾਤ ਵਿਚ ਵੀ।
ਸਾਰੇ ਕੁਨਬੇ, ਬਰਾਦਰੀ ਤੇ ਸਭ ਸਾਕ ਸਬੰਧੀਆਂ ਦੇ ਪਰਿਵਾਰਾਂ ਵਿਚੋਂ ਇਹ ਪਹਿਲੀ ਕੁੜੀ ਸੀ ਜਿਹੜੀ ਨੌਵੀਂ ਜਮਾਤ ਚੜ੍ਹ ਗਈ ਸੀ, ਹੋਰ ਸਾਲ ਤਕ ਮੈਟ੍ਰਿਕ ਪਾਸ ਵੀ ਹੋ ਜਾਵੇਗੀ। ਇਹ ਵੱਡਾ ਹਾਸਲ ਸੀ ਮੇਰਾ ਅਤੇ ਮੇਰੇ ਮਾਪਿਆਂ ਦਾ।
ਉਸ ਨਾ-ਮੁਰਾਦ ਬਿਮਾਰੀ ਦਾ ਉਥੇ ਹੀ ਭੋਗ ਪੈ ਗਿਆ। ਮੈਂ ਹਮੇਸ਼ਾ ਹਮੇਸ਼ਾ ਲਈ ਠੀਕ ਹੋ ਗਈ। ਹੁਣ ਮੈਂ ਵੀ ਹੋਰ ਕੁੜੀਆਂ ਵਾਂਗ ਹਰ ਮਹੀਨੇ ਭਿੱਟਦੀ ਸਾਂ, ਸਿਰਫ ਤੇ ਸਿਰਫ ਚਾਰ ਦਿਨ।
-0-