ਗੁਰਬਚਨ ਸਿੰਘ ਭੁੱਲਰ
ਫੋਨ: 011-42502364
ਪੰਜਾਬ ਅਸੈਂਬਲੀ ਦੀਆਂ ਚੋਣਾਂ ਵਾਸਤੇ ਚਿਰਾਂ ਤੋਂ ਰਵਾਇਤੀ ਪਾਰਟੀਆਂ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ, ਵਿਚਕਾਰ “ਦੋਹੀਂ ਦਲੀਂ ਮੁਕਾਬਲਾ” ਹੁੰਦਾ ਰਿਹਾ ਸੀ। “ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕੋਈ ਨਹੀਂ ਸੀ ਤੀਸਰੀ ਜ਼ਾਤ ਆਹੀ।” ਦੋਹਾਂ ਦਲਾਂ ਦੀਆਂ ਰਣਭੇਰੀਆਂ ਤਾਂ ਵਜਦੀਆਂ ਸਨ, ਪਰ ਬਹੁਤੀਆਂ ਤਿੱਖੀਆਂ ਨਹੀਂ। ਇਸ ਵਾਰ ਤੀਸਰੀ ਜ਼ਾਤ, ਆਮ ਆਦਮੀ ਪਾਰਟੀ ਦੇ ਪਰਗਟ ਹੋਣ ਨਾਲ ਮੁਕਾਬਲਾ ਵੱਧ ਤਿੱਖਾ ਅਤੇ ਦਿਲਚਸਪ ਹੋ ਗਿਆ ਹੈ।
ਕਾਂਗਰਸੀਆਂ ਅਤੇ ਅਕਾਲੀਆਂ ਦੀ ਸ਼ਾਂਤਮਈ ਸਹਿਹੋਂਦ ਨੇ ਸਿਆਸਤ ਜਿਹੀ ਬੋਝਲ ਜ਼ਿੰਮੇਵਾਰੀ ਨੂੰ “ਉਤਰ ਕਾਟੋ ਮੈਂ ਚੜ੍ਹਾਂ, ਮੇਰੀ ਵਾਰੀ ਆਈ ਐ” ਦੀ ਮਨਮੌਜੀ ਖੇਡ ਬਣਾਇਆ ਹੋਇਆ ਸੀ। ਆਮ ਆਦਮੀ ਪਾਰਟੀ ਦੀ ਆਉਣ ਨਾਲ “ਰਾਜ਼ੀ ਬਹੁਤ ਰਹਿੰਦੇ ਪੰਜਾ ਤੱਕੜੀ ਸੀ, ਸਿਰ ਦੋਹਾਂ ਦੇ ਉਤੇ ਅਫ਼ਾਤ ਆਈ!” ਵਾਲੀ ਗੱਲ ਹੋ ਗਈ।
ਜੇ ਬੋਲ-ਕੁਬੋਲ ਦੀ ਜਰੀਬ ਨਾਲ ਮਿਣਿਆ ਜਾਵੇ ਤਾਂ ਜੱਦੀ-ਪੁਸ਼ਤੀ ਸ਼ਰੀਕੇਬਾਜ਼ ਅਕਾਲੀ ਅਤੇ ਕਾਂਗਰਸੀ ਇਕ ਦੂਜੇ ਨੂੰ ਚਾਂਦਮਾਰੀ ਤੋਂ ਲਗਭਗ ਬਾਹਰ ਕਰ ਕੇ ਜਿਵੇਂ ਆਮ ਆਦਮੀ ਪਾਰਟੀ ਨੂੰ ਰਸੀਲੀਆਂ ਨਫ਼ਰਤੀ ਗਾਲ਼ਾਂ ਦਿੰਦੇ ਹਨ, ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਉਹਨਾਂ ਨੂੰ ਤੀਜੀ ਧਿਰ ਦਾ ਖ਼ੌਫ਼ ਕੁਝ ਬਹੁਤਾ ਹੀ ਸਤਾ ਰਿਹਾ ਹੈ। ਇਸੇ ਕਰ ਕੇ ਉਹ ਇਸ ਨੂੰ ਸਿਆਸੀ ਸ਼ਰੀਕ ਸਮਝਣ ਦੀ ਥਾਂ ਨਿੱਜੀ ਵੈਰੀ ਸਮਝਦੀਆਂ ਹਨ। ਵੈਰੀ ਬਾਬਤ ਜਦੋਂ ਕਵੀ ਨੇ “ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ, ਸਦਾ ਰੱਖੀਏ ਵਿਚ ਧਿਆਨ ਦੇ ਜੀ” ਦੀ ਸਿਖਿਆ ਦਿੱਤੀ ਸੀ, ਉਸ ਨੇ ḔਧਿਆਨḔ ਵਿਚ ਬੋਲ-ਕੁਬੋਲ ਸ਼ਾਮਲ ਨਹੀਂ ਕੀਤੇ ਸਨ। ਅਮਰਿੰਦਰ ਸਿੰਘ ਅਠਾਰਵੀਂ ਸਦੀ ਤੋਂ ਤੁਰੇ ਆਪਣੇ ਰਾਜ-ਘਰਾਣੇ ਅਤੇ ਪ੍ਰਕਾਸ਼ ਸਿੰਘ ਬਾਦਲ ਵੀਹਵੀਂ ਸਦੀ ਤੋਂ ਤੁਰੇ ਆਪਣੇ ਰਾਜ-ਘਰਾਣੇ ਦੇ ਹਉਂ-ਹੰਕਾਰ ਵਿਚ ਆਮ ਆਦਮੀ ਪਾਰਟੀ ਵਾਲਿਆਂ ਨੂੰ ਛੋਟੇ ਬੰਦੇ, ਟੋਪੀਆਂ ਵਾਲ਼ੇ, ਲੁਟੇਰੇ, ਧਾੜਵੀ, ਤੁੱਛ ਆਦਮੀ, ਅਤਿਵਾਦੀ, ਖਾਲਿਸਤਾਨੀ, ਨਕਸਲੀਏ, ਪਾਕਿਸਤਾਨੀ ਆਈ ਐਸ ਆਈ ਦੇ ਏਜੰਟ, ਤੇ ਹੋਰ ਪਤਾ ਨਹੀਂ ਕੀ ਕੀ ਆਖ ਕੇ ਮਿਹਣਾ ਮਾਰਦੇ ਹਨ ਕਿ ਤੁਹਾਡੇ ਪੱਲੇ ਕੀ ਹੈ? ਅਜਿਹੇ ਮੌਕੇ ਇਕ ਫਿਲਮ ਦਾ ਪ੍ਰਸਿੱਧ ਵਾਰਤਾਲਾਪ ਯਾਦ ਆ ਜਾਂਦਾ ਹੈ ਜਿਸ ਵਿਚ ਇਕ ਭਾਈ ਦੂਜੇ ਨੂੰ ਮਿਹਣਾ ਮਾਰਦਾ ਹੈ, “ਮੇਰੇ ਪਾਸ ਪੈਸਾ ਹੈ, ਬੰਗਲਾ ਹੈ, ਗਾੜੀ ਹੈ, ਨੌਕਰ ਹੈਂ, ਬੈਂਕ ਬੈਲੈਂਸ ਹੈ, ਤੁਮਹਾਰੇ ਪਾਸ ਕਿਆ ਹੈ?” ਦੂਜਾ ਜਵਾਬ ਦਿੰਦਾ ਹੈ, “ਮੇਰੇ ਪਾਸ ਮਾਂ ਹੈ!” ਇਹਨਾਂ ਚੋਣਾਂ ਦੀ ਵੀ ਇਹੋ ਘੁੰਡੀ ਹੈ ਕਿ ‘ਆਪ’ ਕੋਲ ਜਨਤਾ-ਰੂਪੀ ਮਾਂ ਹੈ!
ਹਾਕਮ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਕੋਲ ਵਿਰੋਧੀਆਂ ਨਾਲ ਸਿੱਝਣ ਲਈ ਕਰਨੀਆਂ ਦਾ ਪਟਾਰਾ ਲਗਭਗ ਖਾਲੀ ਹੋਣ ਦੇ ਬਾਵਜੂਦ ਲੱਛੇਦਾਰ ਕਥਨੀਆਂ ਦਾ ਅਮੁੱਕ ਭੰਡਾਰ ਹੈ। ਕਦੀ ਉਹ ਪਾਣੀ ਵਿਚ ਬਸਾਂ ਚਲਾਉਂਦਾ ਹੈ, ਕਦੀ ਹਵਾ ਵਿਚ ਕਿਸ਼ਤੀਆਂ ਉਡਾਉਂਦਾ ਹੈ ਤੇ ਕਦੀ ਧਰਤੀ ਉਤੇ ਉਡਣਖਟੋਲੇ ਰੇੜ੍ਹਦਾ ਹੈ; ਪਰ ਮੁਸ਼ਕਿਲ ਇਹ ਹੈ ਕਿ ਨੰਗ-ਭੁੱਖ, ਬੇਰੁਜ਼ਗਾਰੀ, ਨਸ਼ਿਆਂ, ਰੋਗਾਂ ਤੇ ਖ਼ੁਦਕੁਸ਼ੀਆਂ ਦੀ ਘੁੰਮਣਘੇਰੀ ਵਿਚ ਫਸੇ ਹੋਏ ਪੰਜਾਬ ਦੇ ਲੋਕਾਂ ਨੇ ਕਰਨੀ ਤੋਂ ਸੱਖਣੀ ਉਹਦੀ ਕਥਨੀ ਨੂੰ ਚਿਰਾਂ ਤੋਂ ਕੋਈ ਅਹਿਮੀਅਤ ਦੇਣੀ ਛੱਡ ਦਿੱਤੀ ਹੋਈ ਹੈ। ਕੇਂਦਰੀ ਮੰਤਰੀ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਜਿਹੀਆਂ ਪਦਵੀਆਂ ਉਤੇ ਰਹਿਣ ਨਾਲ ਵੀ ਉਹਨੂੰ ਉਹ ਸਿਆਸੀ ਕੱਦ ਹਾਸਲ ਨਹੀਂ ਹੋ ਸਕਿਆ ਜੋ ਸਹਿਜੇ ਹੀ ਹੋ ਜਾਣਾ ਚਾਹੀਦਾ ਸੀ। ਇਹੋ ਕਾਰਨ ਹੈ ਕਿ ਗੁਣ-ਦੋਸ਼ ਵਲੋਂ ਅੱਖਾਂ ਮੀਟਦਿਆਂ ਧ੍ਰਿਤਰਾਸ਼ਟਰ ਤੋਂ ਸੋਨੀਆ ਗਾਂਧੀ ਤੱਕ ਤੁਰੀ ਆ ਰਹੀ ਪੁੱਤਰ-ਮੋਹ ਦੀ ਪਰੰਪਰਾ ਦੇ ਅਨਿਨ ਵਿਸ਼ਵਾਸੀ ਹੁੰਦਿਆਂ ਵੀ ਬਾਦਲ, ਖਾਸ ਕਰ ਕੇ ਦੂਜੇ ਕਾਰਜਕਾਲ ਵਿਚ, ਉਹਦਾ ਰਾਜ-ਤਿਲਕ ਕਰਨ ਤੋਂ ਕੰਨੀਂ ਕਤਰਾਉਂਦੇ ਰਹੇ।
ਇਸ ਮੰਤਵ ਨਾਲ ਉਹਨਾਂ ਨੇ ਭਾਰਤੀ ਸੂਬਿਆਂ ਦੀਆਂ ਗਠਜੋੜੀ ਸਰਕਾਰਾਂ ਵਿਚ ਉਪ ਮੁੱਖ ਮੰਤਰੀ ਦੀ ਪਦਵੀ ਦੂਜੀ ਵੱਡੀ ਪਾਰਟੀ ਨੂੰ ਦੇਣ ਦੀ ਸਥਾਪਤ ਹੋ ਚੁੱਕੀ ਪ੍ਰੰਪਰਾ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਦੋਵੇਂ ਪਦਵੀਆਂ ਆਪਣੀ ਪਾਰਟੀ ਦੀ, ਸਗੋਂ ਆਪਣੇ ਪਰਿਵਾਰ ਦੀ ਝੋਲ਼ੀ ਵਿਚ ਪਾ ਲਈਆਂ। ਇਹ ਸੁਖਬੀਰ ਸਿੰਘ ਬਾਦਲ ਦੇ ਰਾਜ-ਤਿਲਕ ਵੱਲ ਅਹਿਮ ਕਦਮ ਸੀ, ਪਰ ਕੋਈ ਬਾਹਰੀ ਰੁਕਾਵਟ ਨਾ ਹੁੰਦਿਆਂ ਵੀ ਬਾਦਲ ਨਿਰਣਈ ਕਦਮ ਨਾ ਹੀ ਚੁੱਕ ਸਕੇ। ਲੱਖਣ ਤਾਂ ਇਹੋ ਲਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵਜੋਂ ਆਪਣੇ ਕਈ ਵਾਰ ਦੇ ਅਨੁਭਵ ਦੇ ਆਧਾਰ ਉਤੇ ਉਹਨਾਂ ਦਾ ਭਰੋਸਾ ਸੁਖਬੀਰ ਦੀ ਪ੍ਰਬੰਧਕੀ ਸੂਝ-ਬੂਝ ਉਤੇ ਟਿਕ ਨਹੀਂ ਸਕਿਆ। ਨਤੀਜੇ ਵਜੋਂ ਇਹਨਾਂ ਚੋਣਾਂ ਵਿਚ ਵੀ ਉਹਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਮੁਨਾਸਿਬ ਨਾ ਸਮਝਿਆ ਗਿਆ ਅਤੇ ਰਣ-ਖੇਤਰ ਵਿਚ ਆਪਣੇ ਦਲ ਦੀ ਅਗਵਾਈ ਫੇਰ ਬਾਦਲ ਨੂੰ ਆਪਣੇ ਹੱਥ ਹੀ ਲੈਣੀ ਪਈ। ਉਹ ਜਾਣਦੇ ਹਨ ਕਿ ਜੇ ਉਹ ਚੋਣਾਂ ਵਿਚ ਬਹੁਮਤ ਦੀ ਕਠਿਨ ਡਗਰ ਪਾਰ ਕਰ ਜਾਣ, ਇਹ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣ ਦਾ ਉਹਨਾਂ ਦਾ ਆਖ਼ਰੀ ਮੌਕਾ ਤੇ ਹੀਲਾ ਹੋਵੇਗਾ। ਉਹ ਨੱਬੇ ਸਾਲ ਦੇ ਹੋ ਗਏ ਨੇ। ਇਕ ਤਾਮਿਲ ਨਾਡੂ ਵਾਲ਼ੇ ਕਰੁਣਾਨਿਧੀ ਨੂੰ ਛੱਡ ਕੇ ਉਹ ਭਾਰਤ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਹਨ। ਹਰ ਕੋਈ ਜਾਣਦਾ ਹੈ ਕਿ ਉਹਨਾਂ ਦੀ ਮਨਸ਼ਾ ਨੱਬਿਆਂ ਤੋਂ ਟੱਪ ਕੇ ਵੀ ਰਾਜ ਕਰਦੇ ਰਹਿਣ ਦੀ ਨਹੀਂ, ਸਗੋਂ ਆਪਣੇ ਨਾਂ ਨਾਲ ਗੱਦੀ ਹਥਿਆ ਕੇ ਉਹਨੂੰ ਪੁੱਤਰ ਦੇ ਹਵਾਲੇ ਕਰ ਦੇਣ ਦੀ ਹੈ, ਪਰ ਇਸ ਵਾਰ ਦਾ ਚੋਣ-ਯੁੱਧ ਆਜ਼ਾਦੀ ਮਗਰੋਂ ਦੇ ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਵੱਧ ਘਮਸਾਨੀ ਹੈ ਤੇ ਡਗਰ ਪਾਰ ਕਰਨੀ ਸੌਖੀ ਨਹੀਂ ਦਿਸਦੀ।
ਪੁੱਤਰ-ਮੋਹ ਦੇ ਵੱਸ ਪੈ ਕੇ ਬਾਦਲ ਨੇ ਬੜਾ ਵੱਡਾ ਜੋਖ਼ਿਮ ਪੱਲੇ ਪਾ ਲਿਆ ਹੈ। ਜੇ ਅਕਾਲੀ-ਭਾਜਪਾ ਗੱਠਜੋੜ ਵੀ ਜਿੱਤ ਜਾਵੇ ਤੇ ਬਾਦਲ ਪਿਓ-ਪੁੱਤ ਆਪ ਵੀ ਜਿੱਤ ਜਾਣ ਤਾਂ ਮੁੱਖ ਮੰਤਰੀ ਦੀ ਗੱਦੀ ਉਤੇ ਸੁਖਬੀਰ ਹੀ ਬਿਰਾਜਮਾਨ ਹੋਵੇਗਾ। ਜੇ ਅਕਾਲੀ ਦਲ ਹਾਰ ਜਾਵੇ ਤੇ ਬਾਦਲ ਜਿੱਤ ਵੀ ਜਾਣ, ਸੁਖਬੀਰ ਦੇ ਪਾਰਟੀ ਪ੍ਰਧਾਨ ਹੋਣ ਦੇ ਬਾਵਜੂਦ ਹਾਰ ਦੀ ਨਮੋਸ਼ੀ ਬਾਦਲ ਦੀ ਝੋਲ਼ੀ ਹੀ ਪਵੇਗੀ। ਜੇ ਪਾਰਟੀ ਤੇ ਬਾਦਲ, ਦੋਵਾਂ ਦੇ ਪੱਲੇ ਹਾਰ ਪੈ ਜਾਵੇ, ਨਮੋਸ਼ੀ ਪੁਆਉਣ ਲਈ ਬਾਦਲ ਦੀ ਵੱਡੀ ਝੋਲ਼ੀ ਵੀ ਛੋਟੀ ਰਹਿ ਜਾਵੇਗੀ। ਉਹਨਾਂ ਦੇ ਹਲਕੇ ਵਿਚੋਂ ਜੋ Ḕਆਵਾਜ਼-ਏ-ਖ਼ਲਕḔ ਆ ਰਹੀ ਹੈ, ਉਹ ਵੱਡੇ ਬਾਦਲ ਨੂੰ ਕੋਈ ਧਰਵਾਸ ਦੇਣ ਵਾਲ਼ੀ ਨਹੀਂ, ਤੇ Ḕਆਵਾਜ਼-ਏ-ਖ਼ਲਕḔ ਨੂੰ ਸਿਆਣਿਆਂ ਨੇ Ḕਨੱਕਾਰਾ-ਏ-ਖ਼ੁਦਾḔ, ਖ਼ੁਦਾ ਦਾ ਨਗਾਰਾ ਕਿਹਾ ਹੈ। ਇਸ ਵਾਰ ਦੀ ਚੋਣ ਮੁਹਿੰਮ ਉਤੇ ਨਿਕਲਣ ਮਗਰੋਂ ਉਹ ਆਪ ਵੀ ਜ਼ਰੂਰ ਇਹ ਗੱਲ ਸਮਝ ਗਏ ਹੋਣਗੇ ਕਿ ਪੁੱਤਰ-ਮੋਹ ਨੇ ਉਹਨਾਂ ਨੂੰ ਉਮਰ ਦੇ ਇਸ ਪੜਾਅ ਉਤੇ ਕਿਸ ਕਸੂਤੀ ਹਾਲਤ ਵਿਚ ਪਾ ਦਿੱਤਾ ਹੈ। ਜੇ ਉਹ ਅਜੇ ਵੀ ਇਹ ਗੱਲ ਨਹੀਂ ਸਮਝੇ, ਫੇਰ ਤਾਂ ਇਹੋ ਕਿਹਾ ਜਾ ਸਕਦਾ ਹੈ, “ਜਾਨੇ ਨਾ ਜਾਨੇ ਗੁਲ ਹੀ ਨਾ ਜਾਨੇ, ਬਾਗ਼ ਤੋ ਸਾਰਾ ਜਾਨੇ ਹੈ!”
ਬਾਦਲ ਬਨਾਮ ਜਰਨੈਲ ਸਿੰਘ ਬਾਰੇ ਚਰਚਾ ਹੁਣ ਬੇਅਰਥ ਹੈ। ਲੰਬੀ ਦੇ ਖਾੜੇ ਵਿਚ ਅਮਰਿੰਦਰ ਸਿੰਘ (ਤੇ ਜਲਾਲਾਬਾਦ ਵਿਚ ਬਿੱਟੂ) ਦੇ ਕੁੱਦ ਪੈਣ ਨਾਲ ਨਕਸ਼ਾ ਮੂਲ਼ੋਂ ਹੀ ਬਦਲ ਗਿਆ ਤੇ ਨਤੀਜੇ ਦੀ ਸੰਭਾਵਨਾ ਵੱਧ ਉਲਝਵੀਂ ਤੇ ਦਿਲਚਸਪ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਬਾਦਲ ਨੇ ਪਟਿਆਲੇ ਵਿਚ ਜੇ ਜੇ ਸਿੰਘ ਵਰਗਾ ਕਮਜ਼ੋਰ ਉਮੀਦਵਾਰ ਖੜ੍ਹਾ ਕਰ ਕੇ ਅਮਰਿੰਦਰ ਤੇ ਬਿੱਟੂ ਰਾਹੀਂ ਆਮ ਆਦਮੀ ਪਾਰਟੀ ਦੀਆਂ ਵੋਟਾਂ ਪਾੜ ਦਿੱਤੀਆਂ ਹਨ, ਪਰ ਇਹ ਤਾਂ ਨਤੀਜਾ ਹੀ ਦੱਸੇਗਾ ਕਿ ਤਿੰਨ-ਧਿਰੀ ਘੜਮੱਸ ਵਿਚ ਕੀਹਦੀਆਂ ਵੋਟਾਂ ਕੀਹਦੇ ਪੱਖ ਵਿਚ ਪਾਟਣਗੀਆਂ। ਜੇ ਬਾਦਲ ਜਿੱਤ ਜਾਣ, ਅਮਰਿੰਦਰ ਸਿੰਘ ਕੋਲ ਪਟਿਆਲਾ ਹੈ ਤੇ ਜਰਨੈਲ ਸਿੰਘ ਨੂੰ ਲੋਕ “ਖ਼ੂਬ ਲੜਾ ਮਰਦਾਨਾ” ਦੀ ਸ਼ਾਬਾਸ਼ ਦੇਣਗੇ। ਜੇ ਅਮਰਿੰਦਰ ਸਿੰਘ ਜਿੱਤ ਜਾਵੇ, ਜਰਨੈਲ ਸਿੰਘ ਦੀ ਸ਼ਾਬਾਸ਼ ਜਿਉਂ-ਦੀ-ਤਿਉਂ ਰਹੇਗੀ, ਪਰ ਬਾਦਲ ਦੇ ਪੱਲੇ ਕੱਖ ਨਹੀਂ ਰਹਿਣਾ। ਹੁਣ ਤੀਜੇ ਉਮੀਦਵਾਰ ਜਰਨੈਲ ਸਿੰਘ ਦੀ ਜਿੱਤ ਦੀ ਕਲਪਨਾ ਕਰੋ। ਇਸ ਸੂਰਤ ਵਿਚ ਅਮਰਿੰਦਰ ਨੇ ਤਾਂ “ਇਥੋਂ ਹੋ ਗਿਆ ਹਰਨ ਹੈ ਮਹਾਰਾਜਾ, ਚੌਦਾਂ ਹੱਥਾਂ ਦੀ ਮਾਰ ਕੇ ਜਾਣ ਛਾਲੀ” ਦੀ ਫੁਰਤੀ ਦਿਖਾਉਂਦਿਆਂ ਪਟਿਆਲੇ ਪਹੁੰਚ ਕੇ ਦਮ ਲੈਣਾ ਹੈ, ਪਰ ਵੱਡੇ ਬਾਦਲ ਦੇ ਪੱਲੇ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣ ਦੇ ਸੁਪਨੇ ਬਾਰੇ ਸੋਚ ਕੇ ਇਉਂ ਹੱਥ ਮਲ਼ਣਾ ਹੀ ਰਹਿ ਜਾਵੇਗਾ, “ਮੇਰਾ ਸੁੰਦਰ ਸਪਨਾ ਬੀਤ ਗਿਆ / ਮੈਂ ਪੁੱਤਰ-ਮੋਹ ਮੇਂ ਹਾਰ ਗਿਆ, ਔਰ ਝਾੜੂ ਵਾਲ਼ਾ ਜੀਤ ਗਿਆ” ਇਹ ਸਾਰੀ ਸੂਰਤ-ਏ-ਹਾਲ ਦੇਖ ਕੇ ਸੋਚਣਾ ਬਣਦਾ ਹੈ ਕਿ ਬਾਦਲ ਨੂੰ ਸੁਖਬੀਰ ਦੇ ਮੁੱਖ ਮੰਤਰੀ ਵਜੋਂ ਰਾਜ-ਤਿਲਕ ਖ਼ਾਤਰ ਏਨਾ ਵੱਡਾ ਜੋਖ਼ਮ ਲੈਣਾ ਦਰੁਸਤ ਹੈ?
ਇਸ ਸਵਾਲ ਦੇ ਜਵਾਬ ਵਿਚ ਮੇਰੀਆਂ ਅੱਖਾਂ ਸਾਹਮਣੇ ਐਮਰਜੈਂਸੀ ਤੋਂ ਬਾਅਦ ਹੋਈਆਂ 1977 ਦੀਆਂ ਲੋਕ ਸਭਾ ਚੋਣਾਂ ਦਾ ਨਜ਼ਾਰਾ ਉਜਾਗਰ ਹੁੰਦਾ ਹੈ। ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੀ ਇੰਦਰਾ ਗਾਂਧੀ ਆਜ਼ਾਦ ਭਾਰਤ ਦੀ ਸਭ ਤੋਂ ਬਲਵਾਨ ਆਗੂ ਮੰਨੀ ਜਾਂਦੀ ਸੀ। ਬੰਗਲਾਦੇਸ਼ ਦੇ ਜਨਮ ਵਿਚ ਉਹਦੀ ਭੂਮਿਕਾ ਨੂੰ ਦੇਖ ਕੇ ਵਿਰੋਧੀ ਪਾਰਟੀ ਦੇ ਆਗੂ ਵਾਜਪਾਈ ਦਾ ਉਹਨੂੰ ḔਦੁਰਗਾḔ ਆਖਣਾ ਇਤਿਹਾਸ ਦਾ ਅੰਗ ਹੈ। ਚੋਣਾਂ ਵਿਚ ਉਹਨੂੰ ਕਦੀ ਹਾਰ ਦੀ ਨਮੋਸ਼ੀ ਨਹੀਂ ਸੀ ਸਹਿਣੀ ਪਈ। 1977 ਵਿਚ ਜਨਤਾ ਪਾਰਟੀ ਦੇ ਉਮੀਦਵਾਰ ਰਾਜ ਨਾਰਾਇਣ ਜਿਸ ਦਾ ਸਿਆਸੀ ਕੱਦ ਵੱਡਾ ਸੋਸ਼ਲਿਸਟ ਆਗੂ ਹੋਣ ਦੇ ਬਾਵਜੂਦ ਇੰਦਰਾ ਨਾਲੋਂ ਬਿਨਾਂ ਸ਼ੱਕ ਛੋਟਾ ਸੀ, ਨੇ ਐਮਰਜੈਂਸੀ ਬਾਰੇ ਲੋਕਾਂ ਦੇ ਕਰੋਧ ਦਾ ਲਾਹਾ ਲੈ ਕੇ ਉਹਨੂੰ 55,200 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਇੰਦਰਾ ਦੀ ਗੂੜ੍ਹੀ ਸਹੇਲੀ ਪੁਪੁਲ ਜੈਯਕਰ ਲਿਖਦੀ ਹੈ ਕਿ ਇਸ ਹਾਰ ਪਿਛੋਂ ਜਦੋਂ ਉਹ ਇੰਦਰਾ ਨੂੰ ਮਿਲਣ ਜਾਂਦੀ, ਬਹੁਤੇ ਸੰਗ-ਸਖਿਆਂ ਦੇ ਤਜ ਜਾਣ ਕਾਰਨ ਉਹ ਅਕਸਰ ਬਰਾਂਡੇ ਵਿਚ ਬੈਠੀ ਖਾਲੀ ਨਜ਼ਰਾਂ ਨਾਲ ਦੂਰ ਖਾਲੀ ਅੰਬਰ ਵੱਲ ਦੇਖ ਰਹੀ ਹੁੰਦੀ।
ਇਹ ਕੋਈ ਅਤਿਕਥਨੀ ਨਹੀਂ ਕਿ ਲੋਕਾਂ ਵਿਚ ਹਲਕਾ ਇੰਚਾਰਜਾਂ, ਹੋਰ ਜਥੇਦਾਰਾਂ, ਬੇਲਗਾਮ ਲਾਡਲੇ ਪੁਲਸੀਆਂ, ਧੱਕੜ ਚਾਪਲੂਸ ਅਧਿਕਾਰੀਆਂ ਤੇ ਸੱਤਾ-ਪੱਖੀ ਡਾਂਗੂਆਂ ਦੇ ਜ਼ੁਲਮਾਂ-ਸਿਤਮਾਂ ਵਿਰੁਧ ਗੁੱਸਾ, ਐਮਰਜੈਂਸੀ ਵਿਰੁੱਧ ਗੁੱਸੇ ਨਾਲੋਂ ਚਾਰ ਰੱਤੀਆਂ ਵੱਧ ਭਾਵੇਂ ਹੋਵੇ, ਘੱਟ ਬਿਲਕੁਲ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਗੁੱਸੇ ਦਾ ਰੌਂਅ ਅਤੇ ਕਾਰਨਾਂ ਦੇ ਕਠੋਰ ਸੱਚ ਨੂੰ ਪਛਾਨਣ ਦੀ ਜ਼ਰੂਰਤ ਹੈ।