ਲੋਕ ਜਿੰਨੇ ਅੱਜ-ਕੱਲ੍ਹ ਦੁਖੀ ਨੇ, ਕਈ ਵਾਰ ਲਗਦਾ ਨਹੀਂ ਕਿ ਰੱਬ ਕਿਸੇ ਨੂੰ ਵੀ ਜੇ ਕਿਤੇ ‘ਕੱਲਾ ਟੱਕਰ ਪਵੇ ਤਾਂ ਹੋਣੀ ਉਹਦੇ ਨਾਲ ਵੀ ਉਵੇਂ ਹੈ, ਜਿਵੇਂ ਹੁਣ ਲੋਕ ਹਾਕਮਾਂ ਨਾਲ ਕਰਨ ਲੱਗੇ ਹੋਏ ਹਨ, ਕਿਉਂਕਿ ਜਿਹੜੇ ਰਾਜ ਕਰ ਰਹੇ ਨੇ, ਕੁਝ ਇਕ ਨੂੰ ਛੱਡ ਕੇ ਬਹੁਤਿਆਂ ਦੀਆਂ ਪਿਛਲੀਆਂ ਚਾਰ ਪੀੜ੍ਹੀਆਂ ਹੁਕਮ ਹੀ ਚਲਾ ਰਹੀਆਂ ਹਨ ਤੇ ਝੁੱਗੀਆਂ ਆਲੇ ਹਾਲੇ ਵੀ ਝੁੱਗੀਆਂ ਵਾਲੀਆਂ ਥਾਂਵਾਂ ‘ਤੇ ਕਬਜ਼ੇ ਕਰਨ ਲਈ ਸਰਕਾਰਾਂ ਨਾਲ ਝਗੜ ਰਹੇ ਹਨ।
ਕਈ ਵਾਰ ਏਦਾਂ ਲੱਗਦਾ ਹੈ ਜਿਵੇਂ ਰੱਬ ਸ਼ਰੀਕਾਂ, ਵਿਰੋਧੀਆਂ, ਦੁਸ਼ਮਣਾਂ ਦੀਆਂ ਉਮਰਾਂ ਲੰਮੀਆਂ ਕਰੀ ਜਾ ਰਿਹੈ ਤੇ ਜਿਹੜੇ ਤੁਹਾਡੇ ਅੱਖ ਦੇ ਤਾਰੇ ਹੁੰਦੇ ਹਨ, ਜਿਨ੍ਹਾਂ ਨੂੰ ਪਲਕਾਂ ‘ਤੇ ਹੱਥ ਛਾਂ ਕਰ ਰਹੇ ਹਨ, ਉਹ ਉਨ੍ਹਾਂ ਨੂੰ ਖੋਹਣ ਵਿਚ ਲੱਗਾ ਹੋਇਆ ਹੈ। ਜਿਸ ਦੌਰ ‘ਚ ਸਾਨੂੰ ਸਾਹ ਆ ਰਿਹੈ, ਉਦੋਂ ਧੀ ਘਰ ‘ਚ ਇਕੱਲੇ ਬਾਪ ਤੋਂ, ਭੈਣ ਵੀਰ ਤੋਂ ਤ੍ਰਾਹ-ਤ੍ਰਾਹ ਕਰਨ ਲੱਗੀ ਹੈ। ਜਿਨ੍ਹਾਂ ਹੱਥ ਰਾਜ-ਭਾਗ ਦੀਆਂ ਡੋਰਾਂ ਹਨ, ਰੱਖੀ ਤਾਂ ਉਹ ਸੁਰੱਖਿਆ ਗਾਰਡ ਬੈਠੇ ਹਨ, ਉਂਜ ਖਾਣਾ-ਪੀਣਾ ਤੇ ਉਠਣਾ-ਬਹਿਣਾ ਵਧੇਰੇ ਕਰਕੇ ਉਨ੍ਹਾਂ ਦਾ ਲੁੱਚਿਆਂ, ਬਦਮਾਸ਼ਾਂ ਨਾਲ ਹੀ ਹੈ। ਸਿਆਣਿਆਂ ਦੀ ਮੱਤ ਹੈ ਕਿ ਖਲੋਣਾ ਆਪਣੇ ਪੈਰਾਂ ‘ਤੇ ਚਾਹੀਦਾ ਹੈ। ਜ਼ਰਾ ਗੌਰ ਤਾਂ ਕਰੋ ਜਿਹੜੇ ਆਪਣੇ ਪੈਰੀਂ ਹੋਣਾ ਚਾਹੁੰਦੇ ਹਨ, ਉਨ੍ਹਾਂ ਕੋਲ ਪੈਰ ਨਹੀਂ ਤੇ ਜਿਨ੍ਹਾਂ ਕੋਲ ਹੈਗੇ ਆ, ਉਹ ਪੈਰ ਹੀ ਛੱਡੀ ਬੈਠੇ ਹਨ। ਕਈ ਥਾਂ ਏਦਾਂ ਲੱਗਦੈ ਕਿ ਮਨੁੱਖ ਹੱਥ ਤਾਂ ਪਿਆਰ ਦਾ ਵਧਾ ਰਿਹਾ ਹੁੰਦੈ ਪਰ ਨੱਕ ਨਫਰਤ ਦਾ ਚੜ੍ਹਾਉਣ ਲੱਗਾ ਪਿਆ ਹੈ। ਧਰਤੀ ਤਾਂ ਚਲੋ ਵਿਗਿਆਨ ਅਨੁਸਾਰ ਹਾਲੇ ਵੀ ਸੂਰਜ ਦੁਆਲੇ ਘੁੰਮਦੀ ਹੋਵੇਗੀ ਪਰ ਧਰਤੀ ‘ਤੇ ਵਸਣ ਵਾਲੇ ਲੋਕ ਪਖੰਡ ਪਿੱਛੇ ਮੈਰਾਥਨ ਲਾ ਰਹੇ ਹਨ। ਕਲਯੁੱਗ ਦੱਸਣ ਲੱਗ ਪਿਆ ਹੈ ਕਿ ਬਾਦਸ਼ਾਹ ਤੇ ਅਮੀਰ ਉਹ ਹੈ ਜਿਸ ਨਾਲ ਕਿਤੇ ਕੁੱਤੇਖਾਣੀ ਨਹੀਂ ਹੁੰਦੀ, ਜਿਸ ਨਾਲ ਕੋਈ ਨਫਰਤ ਨਹੀਂ ਕਰਦਾ, ਜਿਸ ਦਾ ਕੋਈ ਦੁਸ਼ਮਣ ਨਹੀਂ ਤੇ ਜਿਸ ਨੂੰ ਵੇਖ ਕੇ ਕੋਈ ਬੂਹੇ ਨਹੀਂ ਢੋਂਹਦਾ। ਸਿਆਸਤਦਾਨ ਪਰਜਾ ਨੂੰ ਬੁੱਧੂ ਤਾਂ ਬਣਾਈ ਜਾ ਰਹੇ ਹਨ ਪਰ ਸਹਿਮੇ ਤਾਂ ਹੋਏ ਨੇ ਕਿ ਹੁਣ ਲੋਕ ਸੌਂ ਕੇ ਥੱਕ ਗਏ ਨੇ ਤੇ ਇਨ੍ਹਾਂ ਦੇ ਜਾਗਣ ਦਾ ਵੇਲਾ ਹੋ ਗਿਆ ਹੈ। ਕਿਉਂਕਿ ਲੋਕਾਂ ਨੂੰ ਵੀ ਇਨ੍ਹਾਂ ਤੋਂ ਗਿਆਨ ਮਿਲਿਆ ਹੈ ਕਿ ਜਾਇਦਾਦਾਂ ਬਿਨਾ ਮਿਹਨਤਾਂ ਕੀਤਿਆਂ ਵੀ ਬਣ ਜਾਂਦੀਆਂ ਹਨ। ਚਲੋ! ਡਾਹਢਾ ਤਾਂ ਵੇਖ ਹੀ ਰਿਹੈ ਪਰ ਲੋਕ ਉਂਜ ਉਹਦੇ ਵੱਲ ਵੀ ਮੂੰਹ ਕਰਨ ਲੱਗੇ ਹਨ ਕਿਉਂਕਿ ਆਹ ਸੁਣ ਕੇ ਤੁਹਾਨੂੰ ਵੀ ਸ਼ਾਇਦ ਲੱਗੇ ਕਿ ਘੱਟ ਉਹ ਵੀ ਨਹੀਂæææ!
ਐਸ਼ ਅਸ਼ੋਕ ਭੌਰਾ
ਯੁੱਗ ਬਦਲਦੇ ਰਹਿੰਦੇ ਪਰ ਮਾਂਵਾਂ ਦੀ ਪੀੜਾ ਤੇ ਦਰਦ ਲਗਭਗ ਇੱਕੋ ਜਿਹੇ ਰਹੇ ਨੇ। ਜਿਸ ਯੁੱਗ ‘ਚ ਅਸੀਂ ਸਾਹ ਲੈ ਰਹੇ ਹਾਂ, ਜਿਸ ਨੂੰ ਵਿਗਿਆਨ ਦਾ ਨੱਕੋ ਨੱਕ ਭਰਿਆ ਹੋਇਆ ਯੁੱਗ ਕਹਿੰਦੇ ਹਾਂ, ਮਾਂਵਾਂ ਦੇ ਦੁੱਖ ਇਸ ਯੁੱਗ ਵਿਚ ਵੀ ਘਟੇ ਨਹੀਂ। ਕਲਯੁਗ ਹੈ! ਕਲਯੁਗ ਦੇ ਰੰਗ ਵੀ ਆਪਾਂ ਸਾਰੇ ਦੇਖ ਰਹੇ ਹਾਂ। ਬੰਦਿਆਂ ਦੀਆਂ ਸ਼ੈਤਾਨੀਆਂ ਦੀ ਵੀ ਕੋਈ ਗਿਣਤੀ ਮਿਣਤੀ ਨਹੀਂ ਰਹੀ। ਪਰ ਕਈ ਵਾਰੀ ਲੱਗਦਾ ਨਹੀਂ ਕਿ ਜਿੱਦਾਂ ਦੇ ਬੰਦੇ ਹੋਈ ਜਾਂਦੇ ਨੇ, ਰੱਬ ਵੀ ਉਹੋ ਜਿਹਾ ਹੀ ਹੋਈ ਜਾ ਰਿਹਾ ਹੈ? ਮਨੁੱਖ ਤਾਂ ਕਈ ਵਾਰੀ ਇਕ ਤੀਰ ਨਾਲ ਦੋ ਨਿਸ਼ਾਨੇ ਮਾਰਦਾ ਹੈ ਪਰ ਰੱਬ ਨੇ ਹਾਲੇ ਭੱਥੇ ਵਿਚੋਂ ਤੀਰ ਕੱਢਿਆ ਵੀ ਨਹੀਂ ਹੁੰਦਾ ਤੇ ਜ਼ਖਮੀਆਂ ਦੀ ਗਿਣਤੀ ਬੇਹਿਸਾਬ ਹੋ ਜਾਂਦੀ ਹੈ। ਇਹ ਓਹੀ ਯੁੱਗ ਹੈ ਜਿਸ ਵਿਚ ਕੂਕਦੇ ਮੋਰ, ਰੋਂਦੀਆਂ ਬਿੱਲੀਆਂ, ਗਾਉਂਦੀਆਂ ਕੋਇਲਾਂ, ਭੌਂਕਦੇ ਕੁੱਤੇ, ਹਿਣਕਦੇ ਗਧੇ, ਨੱਚਦੇ ਮਰਦ, ਮੇਲਦੀਆਂ ਮੁਟਿਆਰਾਂ ਲਗਭਗ ਇੱਕੋ ਜਿਹੇ ਹੀ ਲੱਗਣ ਲੱਗ ਪਏ ਨੇ। ਕਾਂ ਕੋਇਲ ਨੂੰ ਮਿਹਣੇ ਮਾਰਨ ਲੱਗ ਪਿਆ ਹੈ ਕਿ ਚੱਲ ਅਸੀਂ ਤਾਂ ਕਾਲੇ ਸੀ ਹੀ, ਤੂੰ ਸੁਰੀਲੀ ਬਣ ਕੇ ਕੀ ਖੱਟ ਲਿਆ। ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਨੇ, ਲੱਗਦਾ ਹੈ ਚਾਰੇ ਦਿਸ਼ਾਵਾਂ ਆਪਸ ਵਿਚ ਖਹਿਬੜਨ ਨੂੰ ਉਤਾਵਲੀਆਂ ਹੋ ਗਈਆਂ ਹਨ। ਇਕ ਸਿਆਣੇ ਦੀ ਕਹੀ ਇਹ ਗੱਲ ਬੜੀ ਅਜੀਬ ਲੱਗੀ ਕਿ ਮਾਂਵਾਂ ਦਿਲ ‘ਤੇ ਹੱਥ ਰੱਖ ਕੇ ਰੋਂਦੀਆਂ ਵੇਖੀਆਂ ਹਨ ਪਰ ਗੀਤਾਂ ‘ਚ ਭਾਵੇਂ ਜੋ ਮਰਜ਼ੀ ਕਹਿੰਦੇ ਰਹਿਣ, ਮਾਂਵਾਂ ਢਿੱਡਾਂ ‘ਤੇ ਹੱਥ ਰੱਖ ਕੇ ਵਿਲਕਦੀਆਂ ਹੁਣ ਵੇਖੀਆਂ ਜਾ ਸਕਦੀਆਂ ਨੇæææ।
ਦੋ ਔਰਤਾਂ, ਦੋਵੇਂ ਮਾਂਵਾਂ ਤੇ ਬੈਠੀਆਂ ਵੀ ਆਹਮੋ ਸਾਹਮਣੇ ਸਨ। ਇੱਕ ਦਰਦ ‘ਚ ਵਿਲਕ ਰਹੀ ਸੀ ਅਤੇ ਇੱਕ ਦਰਦ ਨਾਲ ਮੋਇਆਂ ਵਰਗੀ ਬੇਹੋਸ਼! ਵਿਲਕਦੀ ਦੇ ਵੈਣਾਂ ‘ਚੋਂ ਆਵਾਜ਼ਾਂ ਆ ਰਹੀਆਂ ਸਨ, “ਨੀ ਮੈਂ ਦੋਨਾਂ ‘ਚੋਂ ਇਕ ਨੂੰ ਮੰਗਦੀ ਰਹੀ, ਮੇਰੀਏ ਭੈਣੇ ਨਾ ਤੂੰ ਮੈਨੂੰ ਧੀ ਦਿੱਤੀ ਨਾ ਪੁੱਤ, ਤੇ ਮੈਂ ਕੈਸੀ ਬਦਕਿਸਮਤ ਮਾਂ ਸੀ ਜਿਹਦੇ ਨਾਲ ਨਾ ਧੀ ਤੁਰੀ ਨਾ ਪੁੱਤ ਤੁਰਿਆ।”
æææਤੇ ਦੂਸਰੀ ਮਾਂ ਦੇ ਅੱਥਰੂ ਪੱਥਰ ਹੋ ਚੁੱਕੇ ਸਨ, ਅਵਾਜ਼ ਖਾਮੋਸ਼ ਹੋ ਚੁੱਕੀ ਸੀ ਤੇ ਬਿਟਰ ਬਿਟਰ ਵੇਖਦੀ ਬੰਸੋ, ਵਿਲਕਦੀ ਮਨਜੀਤ ਦੀਆਂ ਚੀਕਾਂ ਦਾ ਅਹਿਸਾਸ ਤਾਂ ਕਰ ਰਹੀ ਸੀ ਪਰ ਇਹ ਇਕ ਐਸੀ ਸਥਿਤੀ ਸੀ ਜਿੱਥੇ ਲੱਗਦਾ ਸੀ ਕਿ ਲੋਕ ਵਿਲਕ ਰਹੇ ਨੇ ਤੇ ਰੱਬ ਲੁੱਡੀਆਂ ਪਾ ਰਿਹਾ ਹੈ ਕਿਉਂਕਿ ਸਾਹਮਣੇ ਮੰਜੇ ‘ਤੇ ਪਈਆਂ ਦੋ ਲਾਸ਼ਾਂ ਸਕੇ ਭੈਣ-ਭਰਾ ਦੀਆਂ ਹੀ ਨਹੀਂ ਸਨ ਸਗੋਂ ਇਨ੍ਹਾਂ ਦੀ ਮੌਤ ਨੇ ਦੋ ਮਾਂਵਾਂ ਦੀਆਂ ਕੁੱਖਾਂ ਦਾ ਵੀ ਕਤਲ ਕਰ ਦਿੱਤਾ ਸੀ। ਇਕੱਠਿਆਂ ਨੂੰ ਜਨਮ ਤਾਂ ਇਕ ਮਾਂ ਨੇ ਦਿੱਤਾ ਸੀ ਪਰ ਨਾਸੂਰ ਦੋ ਮਾਂਵਾਂ ਦਾ ਇੱਕੋ ਜਿਹਾ ਲੱਗ ਰਿਹਾ ਸੀ। ਲੋਕਾਂ ਦੀ ਭੀੜ ਨੂੰ ਸਮਝ ਨਹੀਂ ਆ ਰਹੀ ਸੀ ਕਿ ਚਲੋ ਦੁਰਘਟਨਾ ਹੋ ਗਈ, ਜਾਨਾਂ ਚਲੇ ਗਈਆਂ ਨੇ ਪਰ ਇਹ ਦੋ ਮਾਂਵਾਂ ਦਾ ਕੀ ਮਸਲਾ ਹੈ?
ਹਰਨਾਮ ਦਾਸ ਬਸ ਠੀਕ ਠਾਕ ਹੀ ਮਰ ਗਿਆ ਸੀ, ਇਕ ਧੀ ਨੂੰ ਛੱਡ ਕੇ। ਇਹ ਓਹੀ ਬੰਸੋ ਸੀ ਜਿਸ ਨੂੰ ਰਤਨ ਕੌਰ ਨੇ ਪੁੱਤ ਸਮਝ ਕੇ ਪਾਲ ਲਿਆ ਅਤੇ ਆਪਣੀ ਸਿਰ ਦੀ ਚਿੱਟੀ ਚੁੰਨੀ ਦਾ ਰੰਗ ਨਾ ਬਦਲਿਆ। ਫਿਰ ਅਧਰੰਗ ਦੇ ਅਟੈਕ ਨੇ ਰਤਨ ਕੌਰ ਨੂੰ ਨਾ ਜਿਉਂਦਿਆਂ ‘ਚ ਛੱਡਿਆ, ਨਾ ਮੋਇਆਂ ‘ਚ। ਪਰ ਉਹ ਚਾਹੁੰਦੀ ਸੀ ਕਿ ਧੀ ਦੇ ਹੱਥ ਪੀਲੇ ਕਰ ਦਿਆਂ। ਸੋ ਕਾਰਖਾਨੇ ‘ਚ ਕੰਮ ਕਰਦਾ ਪ੍ਰੇਮ ਸਿੰਘ ਉਸ ਨੇ ਆਪਣਾ ਜਵਾਈ ਸਵੀਕਾਰ ਕਰ ਲਿਆ। ਮਾਂ ਨੇ ਹਰਬੰਸ ਕੌਰ ਨੂੰ ਬੰਸੋ ਸਮਝ ਕੇ ਹੀ ਪਾਲਿਆ ਸੀ ਤੇ ਉਸ ਮੰਜੇ ‘ਤੇ ਪਈ ਨੇ ਵੀ ਆਪਣਾ ਫਰਜ਼ ਇਉਂ ਪੂਰਾ ਕਰ ਦਿੱਤਾ ਸੀ ਕਿ ਧੀ ਨੂੰ ਪਿਓ ਦੀ ਘਾਟ ਰੜਕੀ ਹੀ ਨਹੀਂ ਸੀ। ਮਾਂ ਦਾ ਅੱਧਾ ਕੁ ਦੁੱਖ ਇਸ ਕਰਕੇ ਘਟ ਗਿਆ ਕਿ ਸਾਲ ਹੀ ਗੁਜ਼ਰਿਆ ਸੀ ਕਿ ਬੰਸੋ ਦੀ ਕੁੱਖ ‘ਚੋਂ ਦੋ ਜੌੜੇ ਬੱਚਿਆਂ ਨੇ ਜਨਮ ਲਿਆ। ਇੱਕ ਮੁੰਡਾ, ਇੱਕ ਕੁੜੀ। ਦੋਵੇਂ ਰੱਜ ਕੇ ਸੁਨੱਖੇ। ਰਤਨ ਕੌਰ ਨੇ ਦੋਹਤੀ ਦਾ ਨਾਂ ਕੋਕਲਾ ਰੱਖਿਆ ਤੇ ਦੋਹਤੇ ਦਾ ਪਰਮੇਸ਼ਰ ਸਿਹੁੰ। ਜਵਾਈ ਘਰ ਜਵਾਈ ਤਾਂ ਨਹੀਂ ਸੀ ਪਰ ਉਹ ਆਪਣੀ ਸੱਸ ਨੂੰ ਮਾਂ ਤੋਂ ਵੱਧ ਪਿਆਰ ਦੇਣ ਲੱਗਿਆ। ਉਹ ਕਾਰਖਾਨੇ ਤੋਂ ਅਧਰੰਗ ਦੀ ਮਾਰੀ ਰਤਨ ਕੌਰ ਕੋਲ ਹੀ ਆਪਣੀ ਪਤਨੀ ਬੰਸੋ ਤੇ ਬੱਚਿਆਂ ਨਾਲ ਰਹਿਣ ਲੱਗ ਪਿਆ।
ਵਕਤ ਜਦੋਂ ਲੰਬੀਆਂ ਬਾਹਾਂ ਕਰਦਾ ਹੈ ਤਾਂ ਬੰਦਾ ਪਤਾਲ ਵਿਚ ਵੀ ਲੁਕਿਆ ਹੋਵੇ, ਡਾਹਢਾ ਖਿੱਚ ਹੀ ਲਿਆਉਂਦਾ ਹੈ। ਛੁੱਟੀ ਦਾ ਦਿਨ ਸੀ ਪਰ ਤੀਰਥ ਸਿਹੁੰ ਇਸ ਕਰਕੇ ਰੋਟੀ ਆਲਾ ਡੱਬਾ ਵੀ ਘਰ ਹੀ ਛੱਡ ਕੇ ਕੰਮ ‘ਤੇ ਤਾਂ ਚਲਾ ਗਿਆ ਕਿ ਅੱਜ ਪੈਸੇ ਵੀ ਕਾਰਖਾਨੇ ‘ਚੋਂ ਡਿਊਢੇ ਮਿਲਣਗੇ। ਹਾਲੇ ਕੰਮ ‘ਤੇ ਲੱਗਿਆਂ ਮਸਾਂ ਹੀ ਦੋ ਤਿੰਨ ਘੰਟੇ ਦਾ ਸਮਾਂ ਗੁਜ਼ਰਿਆ ਹੋਵੇਗਾ ਕਿ ਕਾਰਖਾਨੇ ਦੇ ਇਕ ਹਿੱਸੇ ‘ਚ ਵੱਡਾ ਧਮਾਕਾ ਹੋਇਆ ਤੇ ਪਲਾਂ ਵਿਚ ਹੀ ਪਤਾ ਨਾ ਲੱਗ ਸਕਿਆ ਕਿ ਤੀਰਥ ਸਿਹੁੰ ਤਾਂ ਕੀ, ਪਤਾ ਨਹੀਂ ਰੱਬ ਦੇ ਕਿੰਨੇ ਕੁ ਭੇਜੇ ਹੋਏ ਪਿਆਰੇ ਅੱਗ ਦੀਆਂ ਲਪਟਾਂ ‘ਚ ਸ਼ਮਸ਼ਾਨਘਾਟ ਵਾਂਗ ਸੜ੍ਹ ਕੇ ਰਾਖ ਬਣ ਗਏ।
ਨਿੱਕੇ ਜਿਹੇ ਪਿੰਡ ਵਿਚ ਵੱਡਾ ਭੁਚਾਲ ਆ ਗਿਆ, ਚਲੋ ਅਪੰਗ ਹੋਈ ਰਤਨ ਕੌਰ ਨੇ ਤਾਂ ਰੰਡੇਪਾ ਕੱਟ ਹੀ ਲਿਆ ਸੀ ਪਰ ਵਿਹੜੇ ‘ਚ ਖੇਲਦੇ ਦੋ ਬਾਲ-ਪਰਮੇਸ਼ਰ ਤੇ ਕੋਕਲਾ ਦੀ ਮਾਂ ਬੰਸੋ ਉਸ ਤੋਂ ਵੇਖੀ ਨਹੀਂ ਜਾ ਰਹੀ ਸੀ। ਚੀਕਦੀਆਂ ਰਗਾਂ, ਅੱਖਾਂ ‘ਚ ਵਗਦਾ ਅੱਥਰੂਆਂ ਦਾ ਸਮੁੰਦਰ ਇਉਂ ਲੱਗ ਰਿਹਾ ਸੀ ਕਿ ਸ਼ਾਇਦ ਇਸ ਤੋਂ ਵੱਡਾ ਧਰਤੀ ‘ਤੇ ਕੋਈ ਹੋਰ ਜ਼ੁਲਮ ਨਾ ਹੋਇਆ ਹੋਵੇ। ਸਾਰਾ ਪਿੰਡ ਮੌਤ ਦੀ ਖਬਰ ਨੂੰ ਮੰਨਣ ਲਈ ਤਿਆਰ ਨਹੀਂ ਸੀ ਪਰ ਸੜ੍ਹੀ ਹੋਈ ਲਾਸ਼ ਵੀ ਜਦੋਂ ਤੀਰਥ ਦੀ ਪਿੰਡ ਨਾ ਪਹੁੰਚੀ ਤਾਂ ਇਉਂ ਲੱਗਦਾ ਸੀ, ਜ਼ੁਲਮ ਕਰਕੇ ਰੱਬ ਆਪ ਹੀ ਫੂਕਾਂ ਮਾਰਨ ਦੀ ਵਿਉਂਤਬੰਦੀ ਵੀ ਕਰ ਰਿਹਾ ਸੀ।
ਸਮੇਂ ਨੇ ਗੁਜ਼ਰ ਹੀ ਜਾਣਾ ਹੁੰਦਾ ਹੈ, ਇਹ ਵੱਖਰੀ ਗੱਲ ਹੈ ਕਿ ਗਰੀਬ ਦਾ ਵਕਤ ਤੇ ਦੁਖੀ ਦੀਆਂ ਘੜੀਆਂ ਛੋਟੀਆਂ ਨਹੀਂ ਰਹਿੰਦੀਆਂ। ਕਿਸੇ ਵਾਕਫਕਾਰ ਨੇ ਰਤਨ ਕੌਰ ਨੂੰ ਨੌਂ ਕੁ ਮਹੀਨਿਆਂ ਬਾਅਦ ਇਹ ਦੱਸ ਪਾਈ ਕਿ ਇਕ ਮੁੰਡਾ ਹੈ ਤਾਂ ਲੱਤੋਂ ਹੀਣਾ ਪਰ ਰਾਜ ਮਿਸਤਰੀ ਚੰਗਾ ਹੈ। ਕਿਉਂ ਨਾ ਬੰਸੋ ਨੂੰ ਉਹਦੇ ਲੜ ਲਾ ਦਿੱਤਾ ਜਾਵੇ। ਮਾਂ ਨੂੰ ਧੀ ਦੀ ਚਿੱਟੀ ਚੁੰਨੀ ਨੇ ਇਕ ਵਾਰ ਘੂਰਿਆ ਤਾਂ ਸਹੀ ਪਰ ਉਹਦੀ ਆਪਣੀ ਡੋਲਦੀ ਸਰੀਰਕ ਦਸ਼ਾ ਨੇ ਹਾਂ ਕਰਨ ਲਈ ਮਜਬੂਰ ਕਰ ਦਿੱਤਾ ਤੇ ਰਿਸ਼ਤਾ ਤੈਅ ਹੋ ਗਿਆ। ਦਿਨ ਬੰਨ੍ਹ ਦਿੱਤੇ ਗਏ। ਗਿਆਰਾਂ ਬੰਦਿਆਂ ਨੂੰ ਆਉਣ ਦਾ ਬੁਲਾਵਾ ਭੇਜ ਦਿੱਤਾ ਗਿਆ। ਪਰ ਐਨ ਇਕ ਹਫਤਾ ਪਹਿਲਾਂ ਰਤਨ ਕੌਰ ਦੇ ਇਸ ਨਵੇਂ ਜਵਾਈ ਨੂੰ ਜਦੋਂ ਪਤਾ ਲੱਗਾ ਕਿ ਬੰਸੋ ਵਿਧਵਾ ਤਾਂ ਹੈ ਪਰ ਉਹਦੇ ਦੋ ਜੌੜੇ ਬੱਚੇ ਵੀ ਹਨ ਤਾਂ ਉਸ ਨੇ ਕੋਰਾ ਜਵਾਬ ਦੇ ਦਿੱਤਾ। ਰਤਨ ਕੌਰ ‘ਤੇ ਪਹਾੜ ਤਾਂ ਡਿੱਗ ਪਿਆ ਸੀ ਪਰ ਡਿੱਗਿਆ ਹਿਮਾਲਾ ਵਰਗਾ ਸੀ। ਇਸ ਦਰਦ ਦੀ ਵਿਥਿਆ ‘ਚ ਰਤਨ ਕੌਰ ਦਾ ਇਕ ਦੁੱਖ ਵੰਡਾਉਣ ਵਾਲੇ ਗੁਆਂਢੀ ਭਜਨ ਸਿਹੁੰ ਦੇ ਘਰ ਰਿਸ਼ਤੇਦਾਰ ਆਏ ਹੋਏ ਸਨ। ਸ਼ਾਇਦ ਭੈਣ ਤੇ ਭਣੋਈਆ ਹੋਣ। ਉਮਰ ਹੋਵੇਗੀ ਕੋਈ ਪੰਜਾਹਾਂ ਕੁ ਦੀ। ਗੁਆਂਢੀ ਨੇ ਰਤਨ ਕੌਰ ਨੂੰ ਇਸ ਦਰਦ ਨੂੰ ਘਟਾਉਣ ਲਈ ਇਕ ਮਰਜ਼ ਸਮਝਾਈ ਕਿ ਉਸ ਦੇ ਰਿਸ਼ਤੇਦਾਰਾਂ ਦੇ ਘਰ ਔਲਾਦ ਨਹੀਂ ਹੈ, ਡੇਢ ਕੁ ਕਿੱਲੇ ਜ਼ਮੀਨ ਨਾਲ ਗੁਜ਼ਾਰਾ ਚੱਲ ਰਿਹਾ ਹੈ, ਥੋੜਾ ਬਹੁਤਾ ਪੜ੍ਹੇ-ਲਿਖੇ ਵੀ ਹਨ, ਕੋਕਲਾ ਤੇ ਪਰਮੇਸ਼ਰ ਨੂੰ ਕਿਉਂ ਨਾ ਉਨ੍ਹਾਂ ਦੀ ਗੋਦ ‘ਚ ਬਿਠਾ ਦਿੱਤਾ ਜਾਵੇ। ਰਤਨ ਕੌਰ ਵੀ ਮੰਨ ਗਈ, ਬੇਵੱਸ ਬੰਸੋ ਨੇ ਵੀ ਹਾਮੀ ਭਰ ਦਿੱਤੀ। ਲਿਖ ਲਿਖਾ ਹੋ ਗਿਆ ਤੇ ਦੋਵੇਂ ਬੱਚੇ ਇਕ ਨਵੇਂ ਮਾਂ ਬਾਪ ਦੇ ਘਰ ਦਾ ਚਾਨਣ ਬਣ ਗਏ।
ਜਿਸ ਘਰ ਵਿਚ ਤੀਹ ਸਾਲ ਤੋਂ ਬੱਚਿਆਂ ਦੀ ਉਡੀਕ ਹੋ ਰਹੀ ਸੀ ਤੇ ਇਸ ਨਵੇਂ ਮਾਂ-ਬਾਪ ਅਰਜਨ ਸਿੰਘ ਤੇ ਮਨਜੀਤ ਕੌਰ ਦੇ ਘਰ ਇਕ ਸੰਤੁਲਿਤ ਪਰਿਵਾਰ ਸ਼ਾਇਦ ਵਾਹਿਗੁਰੂ ਨੇ ਕੁਝ ਘੜੀਆਂ ‘ਚ ਹੀ ਮੁਕੰਮਲ ਕਰ ਦਿੱਤਾ ਸੀ।
ਉਦੋਂ ਕੋਈ ਚਾਰ ਕੁ ਸਾਲ ਦੇ ਸਨ-ਕੋਕਲਾ ਤੇ ਪਰਮੇਸ਼ਰ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਵਿਧਵਾ ਮਾਂ ਦੀ ਫਿਰ ਰਾਜ ਮਿਸਤਰੀ ਚਾਦਰਦਾਰੀ ਕਰਕੇ ਲੈ ਜਾਣ ਲਈ ਰਜ਼ਾਮੰਦ ਹੋ ਗਿਆ ਸੀ। ਕਈ ਦਿਨ ਤੱਕ ਇਹ ਭੈਣ-ਭਰਾ ਦਿਨ ਰਾਤ ਰੋਂਦੇ ਰਹੇ। ਪਰ ਬੰਸੋ ਦੀ ਮਜਬੂਰੀ ਸੀ ਕਿ ਉਹ ਆ ਨਾ ਸਕੀæææਤੇ ਜਦੋਂ ਆਈ, ਉਦੋਂ ਮਨਜੀਤ ਦੀ ਮਮਤਾ ਬੱਚਿਆਂ ਦੇ ਧੁਰ ਅੰਦਰ ਤੱਕ ਉਤਰ ਗਈ ਸੀ ਕਿਉਂਕਿ ਬੰਸੋ ਨੇ ਮਜਬੂਰੀਆਂ ਵੱਸ ਬੱਚਿਆਂ ਦੇ ਵਿਛੋੜੇ ਦਾ ਵਕਤ ਹੀ ਸ਼ਾਇਦ ਲੰਬਾ ਲੰਘਾ ਲਿਆ ਸੀ।
ਅਰਜਨ ਸਿੰਘ ਤੇ ਮਨਜੀਤ ਕੌਰ ਦੇ ਘਰ ਫਿਰ ਸਧਰਾਂ ਦਾ ਸੂਰਜ ਚੜ੍ਹਿਆ ਹੀ ਰਿਹਾ। ਉਨ੍ਹਾਂ ਨੂੰ ਕੋਈ ਵੀ ਰਾਤ ਹਨੇਰੀ ਨਾ ਲੱਗੀ। ਕੋਕਲਾ ਤੇ ਪਰਮੇਸ਼ਰ ਨੂੰ ਚੰਗੇ ਸਕੂਲ ‘ਚ ਪੜ੍ਹਨ ਲਾ ਦਿੱਤਾ। ਦੋਹਾਂ ਭੈਣ-ਭਰਾਵਾਂ ਦਾ ਪਿਆਰ ‘ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂḔ ਵਰਗਾ ਸੀ। ਕੋਕਲਾ ਅੱਠਵੀਂ ਵਿਚ ਪਹਿਲੇ ਨੰਬਰ ‘ਤੇ ਆਈ, ਪਰਮੇਸ਼ਰ ਚੰਗਾ ਸੀ ਪੜ੍ਹਨੇ ਨੂੰ ਪਰ ਕੋਕਲਾ ਦਾ ਮੁਕਾਬਲਾ ਨਾ ਕਰਦਾ। ਦਸਵੀਂ ‘ਚ ਕੋਕਲਾ ਜ਼ਿਲ੍ਹੇ ‘ਚੋਂ ਅੱਵਲ ਰਹੀ। ਅਗਲੇ ਚਾਰ ਵਰ੍ਹਿਆਂ ਦੀ ਪੜ੍ਹਾਈ ਕਰਕੇ ਇਕ ਐਸਾ ਮਾਹੌਲ ਬਣਿਆ ਕਿ ਕੋਕਲਾ ਨੂੰ ਵਿਦੇਸ਼ ਪੜ੍ਹਨ ਜਾਣ ਦਾ ਮੌਕਾ ਮਿਲ ਗਿਆ। ਨਾ ਚਾਅ ਮਨਜੀਤ ਤੋਂ ਸਾਂਭਿਆ ਜਾਵੇ ਤੇ ਨਾ ਅਰਜਨ ਸਿੰਘ ਤੋਂ।
ਪਰਮੇਸ਼ਰ ਵੀ ਪੜ੍ਹਨ ‘ਚ ਭਾਵੇਂ ਚੰਗਾ ਨਹੀਂ ਸੀ ਪਰ ਊਂ ਚੰਗਾ ਤੇ ਬੀਬਾ ਪੁੱਤ ਬਹੁਤ ਸੀ। ਪਾਸ ਬੀæਏæ ਉਹ ਵੀ ਕਰ ਗਿਆ ਸੀ। ਅਰਜਨ ਤੇ ਮਨਜੀਤ ਨੇ ਛੇ ਕੁ ਕਨਾਲ ਜ਼ਮੀਨ ਦੋਵਾਂ ਦੀ ਪੜ੍ਹਾਈ ਲਈ ਵੇਚ ਦਿੱਤੀ ਸੀ ਤੇ ਉਹ ਅਕਸਰ ਗੱਲਾਂ ਕਰਦੇ ਕਿ ਹੁਣ ਸੱਤਰਾਂ ਨੂੰ ਲੰਘ ਚੱਲੇ ਹਾਂ, ਜ਼ਮੀਨ ਵੀ ਕੀ ਕਰਨੀ ਐ, ਜਿਹੜਾ ਕਿੱਲਾ ਰਹਿੰਦਾ, ਉਹ ਵੀ ਵੇਚ ਕੇ ਧੀ ਦੇ ਵਿਆਹ ‘ਤੇ ਲਾ ਦਿੰਦੇ ਆ। ਪੁੱਤ ਨੂੰ ਛੋਟਾ ਮੋਟਾ ਕਾਰੋਬਾਰ ਖੋਲ੍ਹ ਦਿੰਦੇ ਆਂ ਤੇ ਜ਼ਿੰਦਗੀ ਦਾ ਪੈਂਡਾ ਆਪਣੇ ਆਪ ਹੀ ਮੁਕੰਮਲ ਹੋ ਜਾਵੇਗਾ।
ਇਕ ਦਿਨ ਘਰ ਰੌਣਕਾਂ ਹੀ ਰੌਣਕਾਂ ਸਨ। ਮਨਜੀਤ ਕਦੇ ਸਮਾਨ ਇੱਧਰੋਂ ਉਧਰ ਚੁੱਕ ਕੇ ਰੱਖਦੀ ਤੇ ਕਦੇ ਓਧਰੋਂ ਏਧਰ। ਲੱਕੜੀ ਦੀ ਪੌੜੀ ਦੇ ਅੱਧ ਜਿਹੇ ‘ਚ ਜਾ ਕੇ ਖੜ੍ਹ ਕੇ ਕੋਲੋਂ ਲੰਘਦੀ ਸੜ੍ਹਕ ‘ਤੇ ਝਾਤੀ ਮਾਰਦੀ ਕਿ ਕੋਈ ਕਾਰ ਸਾਡੇ ਘਰ ਵੱਲ ਤਾਂ ਨਹੀਂ ਆ ਰਹੀ?
ਪਰਮੇਸ਼ਰ ਵਿਅੰਗ ਨਾਲ ਪੁੱਛਦਾ, “ਮਾਂ ਘਰ ਹੀ ਆਉਣਾ, ਤੂੰ ਏਦਾਂ ਕਿਉਂ ਕਰ ਰਹੀ ਏਂ?” ਤਾਂ ਮਨਜੀਤ ਹੁੱਬ ਕੇ ਬੋਲਦੀ, “ਪਰਮੇਸ਼ਰ ਸਿਹਾਂ, ਤੈਨੂੰ ਕੀ ਪਤਾ, ਧੀਆਂ ਦੇ ਦੁੱਖ ਮਾਂ ਨੂੰ ਪਤਾ ਹੁੰਦੇ ਨੇ। ਧੀਆਂ ਦੇ ਚਾਅ ਵੀ ਮਾਂਵਾਂ ਨੂੰ ਹੁੰਦੇ ਨੇ। ਤੈਨੂੰ ਕੀ ਦੱਸਾਂ, ਇਕ ਮਾਂ ‘ਤੇ ਕੀ ਬੀਤ ਰਹੀ ਹੈ। ਅੱਜ ਚਾਅ ਮੇਰੇ ਤੋਂ ਸਾਂਭਿਆ ਨਹੀਂ ਜਾ ਰਿਹਾ। ਡੈਡੀ ਤਾਂ ਤੇਰਾ ਕਹਿ ਰਿਹਾ ਸੀ, ਅਸੀਂ ਦਸ ਵੱਜਦੇ ਨੂੰ ਪਹੁੰਚ ਜਾਵਾਂਗੇ ਪਰ ਹੁਣ ਤਾਂ ਦੁਪਹਿਰਾ ਵੀ ਲੰਘ ਚੱਲਿਆ ਹੈ?” ਤੇ ਜਦ ਨੂੰ ਕਾਰ ਦਾ ਹੌਰਨ ਵੱਜ ਹੀ ਗਿਆ। ਤੇਲ ਦੀ ਸ਼ੀਸ਼ੀ ਥਾਲ ‘ਚ, ਖੰਡ ਲੈ ਕੇ ਮਨਜੀਤ ਬੂਹੇ ਵੱਲ ਭੱਜੀ। ਕਿਸੇ ਵੀ ਆਂਢ-ਗੁਆਂਢ ਨੂੰ ਨਹੀਂ ਪਤਾ ਸੀ ਕਿ ਅੱਜ ਕੋਕਲਾ ਦਿੱਲੀਓਂ ਜਹਾਜ਼ ਉਤਰ ਕੇ ਕੁਝ ਦਿਨਾਂ ਲਈ ਪਿੰਡ ਤਾਂ ਆ ਰਹੀ ਸੀ ਕਿਉਂਕਿ ਉਹਦਾ ਵੀਰ ਵੀ ਕੁਝ ਦਿਨਾਂ ਤੱਕ ਆਸਟਰੇਲੀਆ ਪੜ੍ਹਨ ਜਾਣ ਲਈ ਬਿਸਤਰਾ ਬੰਨ੍ਹੀਂ ਬੈਠਾ ਸੀ। ਓਹਲਾ ਸਾਰਾ ਤਾਂ ਰੱਖਿਆ ਜਾ ਰਿਹਾ ਸੀ ਕਿ ਅਰਜਨ ਤੇ ਮਨਜੀਤ ਸੋਚਦੇ ਸਨ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਏ। ਬੱਚੇ ਕੁੱਖ ਤਾਂ ਕਿਸੇ ਹੋਰ ‘ਚੋਂ ਪੈਦਾ ਹੋਏ ਨੇ ਪਰ ਭਾਗ ਮਨਜੀਤ ਦੀ ਕੁੱਖ ਨੂੰ ਲੱਗੇ ਸਨ। ਪਲਾਂ ਛਿਣਾਂ ‘ਚ ਬਨੇਰੇ, ਵਿਹੜਾ ਆਂਢੀਆਂ-ਗੁਆਂਢੀਆਂ ਨਾਲ ਭਰ ਗਏ। ਬਿੱਲੀਆਂ ਅੱਖਾਂ ਵਾਲੀ ਕੋਕਲਾ ਠੰਡੇ ਮੁਲਖ ‘ਚ ਰਹਿ ਕੇ ਡੂਢ ਸਾਲ ‘ਚ ਹੀ ਪਰੀਆਂ ਤੋਂ ਵੀ ਸੁਨੱਖੀ ਲੱਗ ਰਹੀ ਸੀ। ਚਾਵਾਂ ਦਾ ਗਿੱਧਾ ਆਥਣ ਤੱਕ ਪੈਂਦਾ ਰਿਹਾ। ਹਰ ਆਏ ਦੇ ਹੱਥ ‘ਤੇ ਮਨਜੀਤ ਲੱਡੂ ਰੱਖਦੀ ਅਤੇ ਚਾਅ ਨਾਲ ਕਹਿੰਦੇ ਦੋ ਕੁ ਸਾਲ ਠਹਿਰੋ ਪਹਿਲੇ ਦਿਨ ਧੀ ਤੋਰਨੀ ਹੈ ਅਤੇ ਦੂਜੇ ਦਿਨ ਪੁੱਤ ਵਿਆਹ ਕੇ ਧੀ ਘਰ ਲਿਆਉਣੀ ਹੈ। ਬਸ ਮੇਰੇ ਪੁੱਤ ਨੂੰ ਇਕ ਵਾਰ ਆਸਟਰੇਲੀਆ ਗੇੜਾ ਮਾਰ ਆਉਣ ਦਿਓ। ਫਿਰ ਅਗਲੇ ਦੋ ਤਿੰਨ ਦਿਨ ਘਰ ‘ਚ ਵਿਆਹ ਵਰਗੇ ਮਾਹੌਲ ਨੇ ਕਿਸੇ ਨੂੰ ਪਤਾ ਹੀ ਨਾ ਲੱਗਣ ਦਿੱਤਾ ਕਿ ਬੰਸੋ ਵੀ ਘਰ ‘ਚ ਆਈ ਹੋਈ ਹੈ ਤੇ ਦੋ ਮਾਂਵਾਂ ਵੀ ਨਹੀਂ ਜਾਣਦੀਆਂ ਕਿ ਬੱਚੇ ਕਿਸ ਮਾਂ ਦਾ ਦੁੱਧ ਚੁੰਘ ਕੇ ਤੇ ਕਿਸ ਮਾਂ ਦੇ ਲਾਡ ਨਾਲ ਵੱਡੇ ਹੋਏ ਨੇ।
ਕੋਕਲਾ ਨੂੰ ਆਇਆਂ ਚੌਥਾ ਦਿਨ ਸੀ, ਦਿਨ ਵੀ ਵੀਰਵਾਰ ਸੀ। ਅਰਜਨ ਨੇ ਪਰਮੇਸ਼ਰ ਨੂੰ ਕਿਹਾ, “ਪੁੱਤ ਮੈਂ ਦੋ ਲੱਡੂਆਂ ਦੇ ਡੱਬੇ, ਬੰਦ ਤੇਲ ਦੀ ਸ਼ੀਸ਼ੀ, ਅਗਰਬੱਤੀ ਲੈ ਕੇ ਆਇਆ ਹਾਂ, ਸਵੇਰੇ ਤੈਨੂੰ ਚੜ੍ਹਾਉਣ ਦਿੱਲੀ ਜਾਣਾ ਹੈ, ਇਹ ਤਾਂ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਕਿ ਸਵੇਰੇ ਤੈਨੂੰ ਚੜ੍ਹਾਉਣ ਵਾਸਤੇ ਏਅਰਪੋਰਟ ਜਾਣਾ ਪਰ ਤੂੰ ਪੀਰਾਂ ਦੀ ਜਗ੍ਹਾ ‘ਤੇ ਹੁਣੇ ਹੀ ਮੱਥਾ ਤਾਂ ਟੇਕ ਆ।” ਪਲਾਸਟਿਕ ਦੇ ਬੈਗ ‘ਚ ਇਹ ਸਾਰਾ ਸਮਾਨ ਪਾ ਕੇ ਪਰਮੇਸ਼ਰ ਨੇ ਹੀਰੋ ਹਾਂਡਾ ਮੋਟਰਸਾਈਕਲ ਵਿਹੜਿਓਂ ਬਾਹਰ ਕੱਢ ਲਿਆ। ਮਾਂ ਨੇ ਕਿਹਾ ਕੋਕਲਾ ਤੂੰ ਵੀ ਨਾਲ ਚਲੇ ਜਾ।
ਨਹੀਂ ਮਾਂ ਮੈਂ ਹਾਲੇ ਹਫਤਾ ਇਥੇ ਹੀ ਹਾਂ, ਮੈਂ ਫਿਰ ਜਾ ਆਵਾਂਗੀ।
ਖਸਮਾ ਖਾਣੀ ਨਾ ਹੋਵੇ, ਵੀਰ ਨੇ ਸਵੇਰ ਨੂੰ ਜਹਾਜ ਚੜ੍ਹਨਾ ਹੋਵੇ, ਪੀਰਾਂ ਦੇ ਮੱਥਾ ਟੇਕਣ ਜਾਣਾ ਹੋਵੇ ਤੇ ਭੈਣ ਮਨ੍ਹਾਂ ਕਰੇ? ਕਮਲੀ ਨਾ ਹੋਵੇ। ਬੰਸੋ ਨੇ ਵੀ ਧੀ ਨੂੰ ਨਾਲ ਚੱਲਣ ਲਈ ਤਾਕੀਦ ਕਰ ਦਿੱਤੀ।
Ḕਚੱਲ ਫਿਰ ਜਾ ਹੀ ਆ ਪੁੱਤḔ, ਮੋਹਰ ਅਰਜਨ ਸਿੰਘ ਨੇ ਵੀ ਲਾ ਦਿੱਤੀ।
ਤੇ ਹੈ ਵੀ ਕਿੰਨਾ ਕੁ ਦੂਰ ਸੀ! ਪੀਰਾਂ ਦੀ ਮਜ਼ਾਰ ਘਰ ਤੋਂ ਕੋਹ ਵਾਟ ਵੀ ਨਹੀਂ ਹੋਵੇਗੀ। ਦੋਵੇਂ ਭੈਣ-ਭਰਾ ਸੁੱਖਾਂ ਤੇ ਮਨਾਉਤਾਂ ਲਾਹੁਣ ਤੁਰ ਪਏ। ਕੀ ਪਤਾ ਸੀ ਕਿ ਸੁੱਖਾਂ ਤੇ ਮਨਾਉਤਾਂ ਜ਼ਿੰਦਗੀ ਦੀਆਂ ਆਖਰੀ ਘੜੀਆਂ ਬਣ ਜਾਣਗੀਆਂ। ਘਰ ਮੂਹਰਿਓਂ ਗੁਜਰਦੀ ਵੱਡੀ ਸੜਕ ‘ਤੇ ਜਿਉਂ ਹੀ ਪਰਮੇਸ਼ਰ ਨੇ ਮੋਟਰਸਾਈਕਲ ਹੌਲੀ ਕੀਤਾ, ਪਿੱਛਿਓਂ ਤੇਜ਼ ਆ ਰਹੇ ਲੋਹੇ ਦੇ ਸਰੀਏ ਨਾਲ ਲੱਦੇ ਟਰੱਕ ਨੇ ਭੈਣ-ਭਰਾ ਨੂੰ ਥਾਂ ‘ਤੇ ਹੀ ਖਤਮ ਕਰ ਦਿੱਤਾ ਤੇ ਸ਼ਾਇਦ ਸਧਰਾਂ ਦਾ ਚੁਬਾਰਾ ਤਾਂ ਡਿੱਗ ਹੀ ਪਿਆ ਸੀ ਪਰ ਅਰਜਨ ਤੇ ਮਨਜੀਤ ਦਾ ਘਰ ਉਜੜਨਾ ਇਉਂ ਲੱਗ ਰਿਹਾ ਸੀ, ਬਾਗ ਤਾਂ ਮਾਲੀ ਨੇ ਰੂਹ ਨਾਲ ਪਾਲਿਆ ਸੀ ਪਰ ਡਾਹਢੇ ਨੇ ਇੱਕੋ ਅੱਖ ਦੇ ਫੋਰ ‘ਚ ਉਜਾੜ ਕੇ ਰੱਖ ਦਿੱਤਾ ਹੋਵੇ। ਜਿੱਥੇ ਸਵੇਰ ਨੂੰ ਜਹਾਜਾਂ ਦੇ ਚੜ੍ਹਨ ਦੀ ਉਡੀਕ ਕੀਤੀ ਜਾ ਰਹੀ ਸੀ, ਉਥੇ ਦੋ ਮਾਸੂਮ ਜਿੰਦੜੀਆਂ ‘ਲੰਬੀḔ ਉਡਾਰੀ ਮਾਰ ਗਈਆਂ ਸਨ। ਸਮਝ ਨਹੀਂ ਲੱਗ ਰਹੀ ਸੀ ਕਿ ਵਧੀਕੀ ਰਤਨ ਕੌਰ ਨਾਲ ਹੋਈ ਸੀ ਕਿ ਹਰਬੰਸ ਕੌਰ ਨਾਲ, ਅਰਜਨ ਸਿੰਘ ਨਾਲ ਕਿ ਮਨਜੀਤ ਨਾਲ ਤੇ ਜਾਂ ਇਹ ਲੰਬੇ ਹੱਥਾਂ ਦਾ ਅੱਤਿਆਚਾਰ ਸਹਿਣ ਲਈ ਕੋਕਲਾ ਤੇ ਪਰਮੇਸ਼ਰ ਨੇ ਜਨਮ ਲਿਆ ਸੀæææ।
ਲੱਗਦਾ ਨਹੀਂ ਤੀਰ ਤਾਂ ਇੱਕ ਸੀ ਪਰ ਨਿਸ਼ਾਨੇ ਕਈ ਲੱਗ ਗਏ? ਤੇ ਲਾਉਣ ਵਾਲਾ ਉਹੀ ਸੀ ਜਿਹਨੂੰ ਕੋਈ ਨੀਲੀ ਛੱਤ ਵਾਲਾ, ਕੋਈ ਰੱਬ, ਕੋਈ ਪਰਮੇਸ਼ਰ, ਵਾਹਿਗੁਰੂ, ਪਰਮਾਤਮਾ ਤੇ ਅੱਲਾ ਕਹੀ ਜਾਂਦਾ ਹੈ।
ਜ਼ਰੂਰੀ ਨਹੀਂ ਕਿ ਮਹਿੰਗੇ ਬੂਟ ਪਾ ਕੇ ਲੰਬੇ ਸਫਰ ਤੈਅ ਕੀਤੇ ਜਾ ਸਕਦੇ ਨੇ ਕਿਉਂਕਿ ਜੇ ਉਪਰ ਵਾਲਾ ਕਰੋਪੀ ਹੋ ਜਾਵੇ ਤਾਂ ਚੱਲਣ ਵਾਲੇ ਦੇ ਉਹੀ ਕਦਮ ਵੀ ਨਿਗਲ ਸਕਦਾ ਹੈ। ਭੁੱਖੀ ਮਾਂ ਵੀ ਬੱਚਿਆਂ ਨੂੰ ਦੁੱਧ ਪਿਲਾਉਣ ਤੋਂ ਬਹਾਨਾ ਨਹੀਂ ਕਰਦੀ ਪਰ ਮੌਤ ਤੇ ਹੋਣੀ ਦੇ ਬਹਾਨਿਆਂ ਅੱਗੇ ਵੱਡੇ ਵੱਡੇ ਸਿਰ ਨੀਵਾਂ ਕਰ ਜਾਂਦੇ ਨੇ।