‘ਗੁਜਰਾਤ ਫਾਈਲਾਂ’ ਕਿਤਾਬ ਦਲੇਰ ਪੱਤਰਕਾਰ ਰਾਣਾ ਅਯੂਬ ਦੀ ਅਜਿਹੀ ਮਿਸਾਲੀ ਲਿਖਤ ਹੈ ਜਿਸ ‘ਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਜਦੋਂ ਇਹ ਕਿਤਾਬ ਛਾਪਣ ਲਈ ਕਿਸੇ ਪ੍ਰਕਾਸ਼ਕ ਨੇ ਹਾਮੀ ਨਹੀਂ ਭਰੀ, ਉਹਨੇ ਇਹ ਕਿਤਾਬ ਆਪੇ ਛਾਪ ਲਈ। ਇਸ ਕਿਤਾਬ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਵੀ ਇਹ ਕਿਤਾਬ ਖੁਦ ਹੀ ਛਪਵਾਈ ਹੈ।
-ਸੰਪਾਦਕ
ਮੈਂ ਜੀæਸੀæ ਰੈਗਰ ਨੂੰ 2002 ਦੀ ਹਿੰਸਾ ਦੌਰਾਨ (ਉਦੋਂ ਉਹ ਗੁਜਰਾਤ ਇੰਟੈਲੀਜੈਂਸ ਦਾ ਮੁਖੀ ਸੀ ਅਤੇ ਬਾਅਦ ਵਿਚ ਸੋਹਰਾਬੂਦੀਨ ਮੁਕਾਬਲੇ ਦੌਰਾਨ ਡੀæਜੀæਪੀæ ਹੋਣ ਸਮੇਂ) ਉਸ ਦਿਨ ਮਿਲੀ ਜਦੋਂ ਹਰ ਕੋਈ ਹਿੰਦ-ਪਾਕਿਸਤਾਨ ਕ੍ਰਿਕਟ ਮੈਚ ਨੂੰ ਲੈ ਕੇ ਜੋਸ਼ ‘ਚ ਸੀ। ਅਜੇ ਨੇ ਆਪਣੇ ਟਿਕਾਣੇ ਉਪਰ ਸਕਰੀਨਿੰਗ ਦਾ ਇੰਤਜ਼ਾਮ ਕੀਤਾ ਜਿਸ ਵਿਚ ਉਹਦੇ ਮਿੱਤਰਾਂ ਨੇ ਸ਼ਾਮਲ ਹੋਣਾ ਸੀ ਅਤੇ ਉਹਨੇ ਮੈਨੂੰ ਵੀ ਸੱਦਾ ਦਿੱਤਾ ਸੀ। ਮੈਂ ਜਾਣਾ ਚਾਹੁੰਦੀ ਸੀ, ਪਰ ਅਜੇ ਦੇ ਮਿੱਤਰਾਂ ਨੂੰ ਪਤਾ ਲੱਗ ਜਾਣ ਦੇ ਡਰੋਂ ਨਹੀਂ ਗਈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੇ ਗੂੜ੍ਹੇ ਸਿਆਸੀ ਸਬੰਧ ਸਨ। ਉਹ ਪਹਿਲਾਂ ਹੀ ਮੈਨੂੰ ਦੱਸ ਚੁੱਕਾ ਸੀ ਕਿ ਉਸ ਦੇ ਨਜ਼ਦੀਕੀ ਮਿੱਤਰਾਂ ਵਿਚੋਂ ਇਕ ਅਨਾਰ ਪਟੇਲ ਸੀ ਜੋ ਸ਼ਹਿਰ ਵਿਚ ਇਕ ਐਨæਜੀæਓæ ਚਲਾਉਂਦੀ ਸੀ। ਅਨਾਰ ਪਟੇਲ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਦੀ ਧੀ ਹੈ।
ਜਦੋਂ ਉਸ ਦੁਪਹਿਰ ਨੂੰ ਮੈਂ ਰੈਗਰ ਨੂੰ ਮਿਲਣ ਗਈ, ਉਹ ਮੈਚ ਸ਼ੁਰੂ ਹੋਣ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ‘ਮੈਨੂੰ ਉਮੀਦ ਹੈ ਸਰ, ਅਫ਼ਰੀਦੀ ਛੱਕਾ ਬਣਾਉਣ ਦਾ ਆਗਾਜ਼ ਵੀ ਨਹੀਂ ਕਰ ਸਕੇਗਾ; ਕਿਉਂਕਿ ਜਿਵੇਂ ਨਜ਼ਰ ਆ ਰਿਹਾ ਹੈ ਸਾਡੀ ਗੇਂਦਬਾਜ਼ੀ ਵਾਲੀ ਕਤਾਰ ਬਹੁਤੀ ਮਜ਼ਬੂਤ ਨਹੀਂ ਹੈ’, ਮੈਂ ਆਪਣੇ ਦੋ ਟੋਟਕੇ ਸਾਂਝੇ ਕੀਤੇ। ਰੈਗਰ ਨੇ ਰਾਜਸਥਾਨੀ ਚਿਵੜਾ ਤੇ ਚਾਹ ਪਰੋਸੀ ਅਤੇ ਗੁਜਰਾਤ ਆਈæਬੀæ ਦੇ ਮੁਖੀ ਦੇ ਕਾਰਜਕਾਲ ਦੀਆਂ ਯਾਦਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਸੋਹਰਾਬੂਦੀਨ ਦੇ ਫਰਜ਼ੀ ਮੁਕਾਬਲੇ ਵਾਲੇ ਮਾਮਲਿਆਂ ਵਿਚ ਸੀæਬੀæਆਈæ ਅੱਗੇ ਪੇਸ਼ ਹੋਇਆ ਸੀ ਅਤੇ ਅਖ਼ਬਾਰੀ ਰਿਪੋਰਟਾਂ ਅਨੁਸਾਰ ਉਦੋਂ ਭਾਰੀ ਦਬਾਓ ਹੇਠ ਸੀ।
ਇਹ ਇਕਲੌਤੀ ਮੁਲਾਕਾਤ ਸੀ। ਮੈਨੂੰ ਬਹੁਤ ਜ਼ਿਆਦਾ ਤੌਖਲੇ ਸਨ, ਕਿਉਂਕਿ ਮੈਨੂੰ ਕੋਈ ਇਲਮ ਨਹੀਂ ਸੀ ਕਿ ਰੈਗਰ ਕਿਧਰ ਖੜ੍ਹਾ ਸੀ ਅਤੇ ਉਸ ਤੋਂ ਕਿੰਨਾ ਕੁ ਸੱਚ ਕਢਵਾਇਆ ਜਾ ਸਕਦਾ ਸੀ। ਮਾਈਕ ਵਾਪਸ ਆ ਗਿਆ ਸੀ, ਅਸੀਂ ਅਜੇ ਨਹਿਰੂ ਫਾਊਂਡੇਸ਼ਨ ਵਿਖੇ ਦੁਬਾਰਾ ਜਾਣਾ ਸੀ। ਅਸੀਂ ਰੈਗਰ ਨੂੰ ਉਸ ਦੇ ਦਫ਼ਤਰ ਵਿਖੇ ਮਿਲੇ ਜਿਥੇ ਉਸ ਨੂੰ ਸੇਵਾ-ਮੁਕਤੀ ਤੋਂ ਬਾਅਦ ਨਕਲੀ ਸ਼ਰਾਬ ਦੇ ਮਾਮਲਿਆਂ ਦੀ ਦੇਖਰੇਖ ਦੇ ਅਹੁਦੇ ਉਪਰ ਤਾਇਨਾਤ ਕੀਤਾ ਗਿਆ ਸੀ। 2002 ਦੀ ਗੁਜਰਾਤ ਹਿੰਸਾ ਦੌਰਾਨ ਇੰਟੈਲੀਜੈਂਸ ਦੇ ਏæਡੀæਜੀæਪੀæ ਰਹੇ ਆਰæਬੀæ ਸ੍ਰੀਕੁਮਾਰ ਨੇ ਹਿੰਸਾ ਤੋਂ ਬਾਅਦ ਦਿੱਤੀ ਇੰਟਰਵਿਊ ਵਿਚ ਕਿਹਾ ਸੀ:
ਬਹੁਤ ਸਾਰੇ ਅਧਿਕਾਰੀ ਆਪਣੇ ਉਪਰਲਿਆਂ ਨੂੰ ਖ਼ੁਸ਼ ਰੱਖਣ ਲਈ ਡੱਕਾ ਦੂਹਰਾ ਨਹੀਂ ਕਰਦੇ। ਇਥੋਂ ਤਕ ਕਿ ਮੇਰੇ ਤੋਂ ਪਹਿਲਾਂ ਇਸ ਅਹੁਦੇ ਉਪਰ ਤਾਇਨਾਤ ਅਫਸਰ ਜੀæਸੀæ ਰੈਗਰ ਵੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਗਿਆ। ਬਾਅਦ ਵਿਚ, ਤਰੱਕੀ ਨਾਲ ਸਨਮਾਨਿਆ ਗਿਆ ਹਾਲਾਂਕਿ ਉਹ ਮੇਰਾ ਜੂਨੀਅਰ ਸੀ। ਉਸ ਨੂੰ ਤਾਂ ਸੇਵਾ-ਮੁਕਤੀ ਤੋਂ ਬਾਅਦ ਅਹੁਦਾ ਵੀ ਦਿੱਤਾ ਗਿਆ ਹੈ, ਨਕਲੀ ਸ਼ਰਾਬ ਕਮਿਸ਼ਨ ਦੇ ਮੈਂਬਰ ਦਾ ਅਹੁਦਾ ਜੋ ਹਾਈਕੋਰਟ ਦੇ ਜੱਜ ਦੇ ਮਤਹਿਤ ਆਉਂਦਾ ਹੈ।
ਰੈਗਰ ਜਿਸ ਦਾ ਨਾਂ ਸੰਜੀਵ ਭੱਟ ਨੇ ਸੁਪਰੀਮ ਕੋਰਟ ਵਿਚ ਦਿੱਤੇ ਹਲਫ਼ਨਾਮੇ ‘ਚ ਲਿਆ ਸੀ, ਨੇ ਇਸ ਦੀ ਤਸਦੀਕ ਕਰਨ ਤੋਂ ਜਾਂ ਇਸ ਤੋਂ ਇਨਕਾਰ ਕਰਨ ਤੋਂ ਨਾਂਹ ਕਰ ਦਿੱਤੀ ਕਿ ਕੀ ਭੱਟ 27 ਫਰਵਰੀ 2002 ਨੂੰ ਮੁੱਖ ਮੰਤਰੀ ਵਲੋਂ ਸੱਦੀ ਮੀਟਿੰਗ ਵਿਚ ਸ਼ਾਮਲ ਸੀ। ਉਸ ਨੇ ਇਕ ਸਥਾਨਕ ਅਖ਼ਬਾਰ ਨੂੰ ਦੱਸਿਆ ਸੀ- ‘ਮੈਂ ਕੁਝ ਨਹੀਂ ਕਹਿ ਸਕਦਾ, ਮੈਂ ਉਸ ਦਿਨ ਛੁੱਟੀ ‘ਤੇ ਸੀ।’
ਤੱਤਕਾਲੀ ਡੀæਜੀæਪੀæ (ਜਿਸ ਬਾਰੇ ਭੱਟ ਨੇ ਆਪਣੇ ਹਲਫ਼ਨਾਮੇ ਵਿਚ ਕਿਹਾ ਸੀ ਕਿ ਉਸ ਨੇ ਉਸ ਨੂੰ ਮੀਟਿੰਗ ਵਿਚ ਜਾਣ ਅਤੇ ਸਹਾਇਤਾ ਕਰਨ ਲਈ ਕਿਹਾ) ਨੇ 2002 ਦੀ ਹਿੰਸਾ ਦੀ ਜਾਂਚ ਬਾਰੇ ਮੀਡੀਆ ਨਾਲ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਸੀ ਅਤੇ ਉਸ ਵਲੋਂ ਕੋਈ ਸੁਰਾਗ਼ ਨਹੀਂ ਮਿਲ ਰਿਹਾ ਸੀ।
ਰੈਗਰ ਮੁੰਬਈ ਹਿੰਸਾ ਅਤੇ ਇਸ ਤੋਂ ਪਿੱਛੋਂ ਜੋ ਮੁਕਾਬਲੇ ਬਣਾਏ ਗਏ ਦੋਹਾਂ ਵਿਚ ਸ਼ਾਮਲ ਅਹਿਮ ਹਸਤੀਆਂ ਵਿਚੋਂ ਇਕ ਸੀ, ਗੁਜਰਾਤ ਅੰਦਰ ਮੁਜਰਮਾਨਾ ਸਾਜ਼ਿਸ਼ ਦੀਆਂ ਦੋ ਬਦਕਿਸਮਤ ਅਤੇ ਉਘੜਵੀਂਆਂ ਮਿਸਾਲਾਂ। ਵੀæਐਲ਼ ਸੋਲੰਕੀ (ਜੋ ਸੋਹਰਾਬੂਦੀਨ ਮੁਕਾਬਲੇ ਦੀ ਜਾਂਚ ਦੌਰਾਨ ਪੁਲਿਸ ਅਫ਼ਸਰਾਂ ਵਿਚੋਂ ਇਕ ਸੀ) ਨੇ ਸੀæਬੀæਆਈæ ਨੂੰ ਲਿਖਤੀ ਬਿਆਨ ਦਿੱਤਾ ਸੀ ਜੋ ਬਾਅਦ ਵਿਚ ਚਾਰਜਸ਼ੀਟ ਵਿਚ ਸ਼ਾਮਲ ਕੀਤਾ ਗਿਆ। ਬਿਆਨ ਵਿਚ ਕਿਹਾ ਗਿਆ:
ਨਵੰਬਰ 2006 ਦੇ ਪਹਿਲੇ ਹਫ਼ਤੇ, ਉਸ (ਆਈæਜੀæ ਗੀਤਾ ਜੌਹਰੀ) ਨੇ ਮੈਨੂੰ ਆਪਣੇ ਚੈਂਬਰ ਵਿਚ ਮਿਲਣ ਦਾ ਨਿਰਦੇਸ਼ ਦਿੱਤਾ। ਇਸ ਮੁਤਾਬਿਕ ਮੈਂ ਗਾਂਧੀਨਗਰ ਚਲਾ ਗਿਆ। ਸ਼ੁਰੂ ਵਿਚ ਉਸ ਨੇ ਮੇਰੇ ਨਾਲ ਜਾਂਚ ਦੀ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਥੋੜ੍ਹੇ ਚਿਰ ਬਾਅਦ ਗੀਤਾ ਜੌਹਰੀ ਨੇ ਮੈਨੂੰ ਦੱਸਿਆ ਸੀ ਕਿ ਉਸ ਦਿਨ ਭਿਆਨਕ ਘਟਨਾ ਵਾਪਰੀ ਸੀ। ਸੂਬਾਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਧੀਕ ਡੀæਜੀæਪੀæ ਜੀæਸੀæਰੈਗਰ ਅਤੇ ਡੀæਜੀæਪੀæ ਪੀæਸੀæਪਾਂਡੇ ਸਮੇਤ ਉਸ ਨੂੰ ਆਪਣੇ ਦਫ਼ਤਰ ਵਿਖੇ ਸੱਦਿਆ ਸੀ ਅਤੇ ਜਾਂਚ ਦੀ ਪ੍ਰਗਤੀ ਬਾਰੇ ਉਨ੍ਹਾਂ ਨਾਲ ਚਰਚਾ ਕੀਤੀ ਸੀ।
ਉਹਨੇ ਮੈਨੂੰ ਦੱਸਿਆ ਸੀ ਕਿ ਸੂਬਾਈ ਗ੍ਰਹਿ ਮੰਤਰੀ ਦਾ ਮਿਜ਼ਾਜ ਬਹੁਤ ਵਿਗੜਿਆ ਹੋਇਆ ਸੀ ਅਤੇ ਉਸ ਨੇ ਉਸ ਤੋਂ ਮੇਰੇ ਬਾਰੇ ਪੁੱਛ-ਗਿੱਛ ਕੀਤੀ ਸੀ ਕਿ ਮੇਰੇ ਵਰਗਾ ਪੁਲਿਸ ਇੰਸਪੈਕਟਰ ਐਸੀਆਂ ਰਿਪੋਰਟਾਂ ਲਿਖਣ ਦੀ ਹਿੰਮਤ ਕਿਵੇਂ ਕਰ ਸਕਦਾ ਸੀ ਜੋ ਡੀæਜੀæ ਵਨਜਾਰਾ ਅਤੇ ਰਾਜ ਕੁਮਾਰ ਪਾਂਡਿਅਨ ਵਰਗੇ ਸੀਨੀਅਰ ਅਫ਼ਸਰਾਂ ਨੂੰ ਮੁਸ਼ਕਿਲ ਵਿਚ ਪਾ ਦੇਣ ਜੋ ਸੋਹਰਾਬੂਦੀਨ ਦੇ ਮੁਕਾਬਲੇ ਲਈ ਜ਼ਿੰਮੇਵਾਰ ਸਨ।
ਮੀਟਿੰਗ ਦੀ ਤਫ਼ਸੀਲ ਦਿੰਦਿਆਂ ਸੁਪਰੀਮ ਕੋਰਟ ਨੇ ਸੀæਬੀæਆਈæ ਨੂੰ ਦੱਸਿਆ ਸੀ ਕਿ ਦਸੰਬਰ 2006 ਵਿਚ ਅਮਿਤ ਸ਼ਾਹ ਵਲੋਂ ਗੁਜਰਾਤ ਦੇ ਡੀæਜੀæਪੀæ ਪੀæਸੀæ ਪਾਂਡੇ, ਏæਡੀæਜੀæਪੀæ ਸੀæਆਈæਡੀæ ਜੀæਸੀæ ਰੈਗਰ ਅਤੇ ਆਈæਜੀæਪੀ, ਸੀæਆਈæਡੀæ ਗੀਤਾ ਜੌਹਰੀ (ਜੋ ਉਦੋਂ ਮਾਮਲੇ ਦੀ ਮੁਖੀ ਜਾਂਚ ਅਫਸਰ ਸੀ) ਨਾਲ ਜੋ ਮੀਟਿੰਗ ਕੀਤੀ ਗਈ ਸੀ, ਉਸ ਵਿਚ ਉਸ ਨੇ ਕਥਿਤ ਤੌਰ ‘ਤੇ ਮੰਗ ਕੀਤੀ ਸੀ ਕਿ ਜੌਹਰੀ ਦੇ ਡਿਪਟੀ ਸੋਲੰਕੀ ਵਲੋਂ ਜੋ ਅਫ਼ਸਰਾਂ ਨੂੰ ਫਸਾਉਣ ਵਾਲੀਆਂ ਜਾਂਚ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਬਦਲਿਆ ਜਾਵੇ। ਸੋਲੰਕੀ ਨੇ ਸਹਿਯੋਗ ਕਰਨ ਤੋਂ ਨਾਂਹ ਕਰ ਦਿੱਤੀ। ਇਸ ਦੀ ਥਾਂ ਉਹਨੇ ਪ੍ਰਜਾਪਤੀ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਜੋ ਸੋਹਰਾਬੂਦੀਨ ਤੇ ਕੌਸਰ ਬੀ ਦੇ ਅਗਵਾ ਦਾ ਗਵਾਹ ਸੀ। ਨਵੰਬਰ 2006 ਵਿਚ ਪ੍ਰਜਾਪਤੀ ਖੁੱਲ੍ਹੀ ਅਦਾਲਤ ਵਿਚ ਚੀਕਿਆ ਸੀ ਕਿ ਪੁਲਿਸ ਨੇ ਉਹਨੂੰ ਮਾਰ ਦੇਣਾ ਹੈ, ਕਿਉਂਕਿ ਉਸ ਕੋਲ ਕੇਸ ਦਾ ਭੇਤ ਸੀ। ਜਦੋਂ ਸੋਲੰਕੀ ਨਾਲ ਉਸ ਦੀ ਗੱਲਬਾਤ ਹੋਣ ਜਾ ਰਹੀ ਸੀ, ਉਸ ਤੋਂ ਥੋੜ੍ਹਾ ਪਹਿਲਾਂ ਹੀ ਉਸ ਦਾ ‘ਮੁਕਾਬਲਾ’ ਬਣਾ ਦਿੱਤਾ ਗਿਆ।
18 ਮਹੀਨੇ ਤੋਂ ਵੱਧ ਸਮੇਂ ਤਕ ਚੱਲਣ ਵਾਲੀ ਜਾਂਚ ਤੋਂ ਬਾਅਦ ਸੀæਬੀæਆਈæ ਵਲੋਂ ਪੇਸ਼ ਕੀਤੀ ਚਾਰਜਸ਼ੀਟ ਵਿਚ ਸ਼ਾਹ ਅਤੇ 19 ਹੋਰ ਬੰਦਿਆਂ ਦੇ ਨਾਂ ਸ਼ਾਮਲ ਕਰ ਲਏ ਗਏ ਜਿਨ੍ਹਾਂ ਵਿਚ ਆਹਲਾ ਪੁਲਿਸ ਅਫਸਰ ਪਾਂਡੇ, ਜੌਹਰੀ, ਓæਪੀæਮਾਥੁਰ, ਰਾਜ ਕੁਮਾਰ ਪਾਂਡਿਅਨ, ਡੀæ ਵਨਜਾਰਾ ਅਤੇ ਆਰæਕੇæ ਪਟੇਲ ਸ਼ਾਮਲ ਸਨ। ਉਨ੍ਹਾਂ ਉਪਰ ਗੁੰਡੇ ਸੋਹਰਾਬੂਦੀਨ ਨੂੰ ਫਰਜ਼ੀ ਮੁਕਾਬਲੇ ਵਿਚ ਮਾਰਨ ਦੇ ਗਵਾਹ ਪ੍ਰਜਾਪਤੀ ਦਾ ਸਫ਼ਾਇਆ ਕਰਨ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਗਿਆ ਸੀ। ਗੁਜਰਾਤ ਕਾਡਰ ਦੇ ਨੌਂ ਆਈæਪੀæਐਸ਼ ਅਫਸਰ ਗਵਾਹਾਂ ਵਜੋਂ ਸਾਹਮਣੇ ਆਏ: ਜੀæਸੀæ ਰੈਗਰ (ਜੋ ਉਦੋਂ ਏæਡੀæਜੀæਪੀæ, ਸੀæਆਈæਡੀæ ਕ੍ਰਾਈਮ ਸੀ), ਰਜਨੀਸ਼ ਰਾਏ, ਆਈæਐਮæ ਦੇਸਾਈ (ਜੋ ਉਦੋਂ ਸੀæਆਈæਡੀæ ਕ੍ਰਾਈਮ ਵਿਚ ਸੀ ਤੇ ਮਾਮਲੇ ਦੀ ਨਜ਼ਰਸਾਨੀ ਕਰ ਰਿਹਾ ਸੀ), ਪੀæਪੀæਪਾਂਡੇ (ਏæਡੀæਜੀæਪੀæ, ਸੀæਆਈæਡੀæ ਕ੍ਰਾਈਮ), ਵੀæਵੀæ ਰਾਬੜੀ (ਸੀæਆਈæਡੀæ ਕ੍ਰਾਈਮ ਦਾ ਸਾਬਕਾ ਮੁਖੀ), ਰਾਜਨ ਪ੍ਰਿਯਾਦਰਸ਼ੀ (ਸੇਵਾ-ਮੁਕਤ), ਸੁਧੀਰ ਸਿਨਹਾ (ਗੁਜਰਾਤ ਆਈæਬੀæ ਦਾ ਤਤਕਾਲੀ ਮੁਖੀ), ਏæਕੇæਸ਼ਰਮਾ (ਡੀæਆਈæਜੀæ ਕ੍ਰਾਈਮ ਬਰਾਂਚ ਅਹਿਮਦਾਬਾਦ) ਅਤੇ ਮਾਯੁਰ ਚਾਵੜਾ (ਡੀæਐਸ਼ਪੀæ, ਮੁੱਖ ਮੰਤਰੀ ਸਕਿਓਰਿਟੀ)।
ਸੀæਬੀæਆਈæ ਅਫ਼ਸਰਾਂ ਨੇ ਕਿਹਾ ਕਿ ਰੈਗਰ ਅਤੇ ਰਾਏ ਮੁੱਖ ਗਵਾਹ ਸਨ।
ਚਾਰਜਸ਼ੀਟ ਵਿਚ ਕਿਹਾ ਗਿਆ ਕਿ ਦਸੰਬਰ 2006 ਦੇ ਅੱਧ ਵਿਚ, ਅਮਿਤ ਸ਼ਾਹ (ਜੋ ਉਦੋਂ ਸੂਬੇ ਦਾ ਗ੍ਰਹਿ ਮੰਤਰੀ ਸੀ) ਨੇ ਆਪਣੇ ਦਫ਼ਤਰ ਵਿਚ ਮੀਟਿੰਗ ਸੱਦੀ ਜਿਸ ਵਿਚ ਪਾਂਡੇ, ਜੌਹਰੀ ਅਤੇ ਰੈਗਰ ਸ਼ਾਮਲ ਹੋਏ। ਸ਼ਾਹ ਨੇ ਸ਼ੇਖ਼ ਮਾਮਲੇ ਦੀ ਜਾਂਚ ਬਾਰੇ ਨਾਖੁਸ਼ੀ ਜ਼ਾਹਿਰ ਕੀਤੀ ਅਤੇ ਜੌਹਰੀ ਨੂੰ ਖ਼ਾਸ ਦਸਤਾਵੇਜ਼ ਨਸ਼ਟ ਕਰਨ ਲਈ ਕਿਹਾ।
ਸੀæਬੀæਆਈæ ਨੇ ਕਿਹਾ- ‘ਰੈਗਰ ਨੇ ਗੁਜ਼ਾਰਿਸ਼ ਕੀਤੀ ਕਿ ਉਸ ਨੂੰ ਇਸ ਵਿਚੋਂ ਬਾਹਰ ਰੱਖਿਆ ਜਾਵੇ, ਪਰ ਪਾਂਡੇ ਅਤੇ ਜੌਹਰੀ ਇਨ੍ਹਾਂ ਸਾਜ਼ਿਸ਼ੀ ਹਦਾਇਤਾਂ ਵਿਚ ਆਪਣੀ ਇੱਛਾ ਨਾਲ ਭਾਈਵਾਲ ਸਨ।’
ਰੈਗਰ ਨੇ ਸੀæਬੀæਆਈæ ਨੂੰ ਦੱਸਿਆ ਕਿ ਜਦੋਂ ਉਹ ਸੋਹਰਾਬੂਦੀਨ ਦੇ ਫਰਜ਼ੀ ਮੁਕਾਬਲੇ ਨੂੰ ਨਜਿੱਠ ਰਿਹਾ ਸੀ ਤਾਂ ਉਸ ਉਪਰ ਤੱਤਕਾਲੀ ਜੂਨੀਅਰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਲਗਾਤਾਰ ਦਬਾਓ ਪੈ ਰਿਹਾ ਸੀ। ‘ਉਹ ਮੇਰੇ ਵਲੋਂ ਕੀਤੇ ਕੰਮ ਤੋਂ ਨਾਖੁਸ਼ ਸੀ। ਉਹ ਮੇਰੇ ਤੋਂ ਗ਼ੈਰਕਾਨੂੰਨੀ ਕੰਮ ਕਰਵਾਉਣਾ ਚਾਹੁੰਦਾ ਸੀ, ਪਰ ਇਸ ਦਾ ਮੇਰੇ ਉਪਰ ਬਹੁਤ ਦਬਾਓ ਰਿਹਾ। ਲਿਹਾਜ਼ਾ, ਮੈਂ ਤਬਾਦਲਾ ਕਰਾਉਣਾ ਚਾਹਿਆ। ਉਸੇ ਦਿਨ, ਗ੍ਰਹਿ ਮੰਤਰੀ ਨੇ ਮੇਰਾ ਤਬਾਦਲਾ ਕਰਾਈ ਵਿਖੇ ਕਰਨ ਦੇ ਹੁਕਮ ਦੇ ਦਿੱਤੇ।
ਇਕ ਹੋਰ ਅਫ਼ਸਰ ਨੂੰ ਉਸ ਦੀ ਥਾਂ ਇਸ ਕੰਮ ਦਾ ਚਾਰਜ ਦਿੱਤਾ ਗਿਆ। ਰੈਗਰ ਨੇ ਕਿਹਾ- ‘ਮੈਂ ਸ਼ਾਹ ਤੋਂ ਤਬਾਦਲੇ ਲਈ ਕੁਝ ਦਿਨਾਂ ਦੀ ਮੋਹਲਤ ਮੰਗੀ, ਪਰ ਉਸ ਨੇ ਮੇਰਾ ਉਸੇ ਦਿਨ ਤਬਾਦਲਾ ਕਰ ਦਿੱਤਾ।’
ਉਸ ਨੇ ਇਹ ਵੀ ਕਿਹਾ ਕਿ ਤੱਤਕਾਲੀ ਪੁਲਿਸ ਇੰਸਪੈਕਟਰ ਵੀæਐਲ਼ ਸੋਲੰਕੀ (ਜੋ ਮਾਮਲੇ ਦੀ ਜਾਂਚ ਕਰ ਰਿਹਾ ਸੀ) ਨੇ ਮਾਮਲੇ ਸਬੰਧੀ ਉਦੈਪੁਰ ਜਾਣ ਲਈ ਉਸ ਦੀ ਇਜਾਜ਼ਤ ਕਦੇ ਨਹੀਂ ਲਈ। ਫਿਰ ਏæਡੀæਜੀæਪੀæ ਓæਪੀæ ਮਾਥੁਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਜਦੋਂ ਜੌਹਰੀ ਨੂੰ ਇਸ ਨੂੰ ਲੈ ਕੇ ਸ਼ੱਕ ਹੋਇਆ ਕਿ ਪਧੇਰੀਆ ਗਵਾਹ ਨਾਥੂਭਾ ਜਡੇਜਾ ਨੂੰ ਮੁਕਰਾਉਣ ਲਈ ਜ਼ਿੰਮੇਵਾਰ ਸੀ ਤਾਂ ਡੀæਐਸ਼ਪੀæ ਪਧੇਰੀਆ ਅਤੇ ਆਈæਜੀæ ਗੀਤਾ ਜੌਹਰੀ ਦਰਮਿਆਨ ਇਸ ਨੂੰ ਲੈ ਕੇ ਮੱਤਭੇਦ ਪੈਦਾ ਹੋ ਗਏ ਸਨ। ਪੂਰਾ ਪ੍ਰਸੰਗ ਮੁੱਖ ਸਕੱਤਰ ਦੇ ਧਿਆਨ ਵਿਚ ਲਿਆਂਦਾ ਗਿਆ ਜਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਖ਼ੁਦ ਹੀ ਹੱਲ ਕਰਨਾ ਚਾਹੀਦਾ ਹੈ। ਬਾਅਦ ਵਿਚ ਇਹ ਹੱਲ ਕਰ ਲਿਆ ਗਿਆ, ਜਦਕਿ ਜੌਹਰੀ ਨੇ ਉਸ ਨੂੰ ਭਰੋਸੇ ਵਿਚ ਨਹੀਂ ਲਿਆ, ਉਸ ਨੇ ਸੀæਬੀæਆਈæ ਨੂੰ ਦੱਸਿਆ।
ਇਨ੍ਹਾਂ ਬਿਆਨਾਂ ਦੇ ਵੇਰਵੇ ਉਸ ਤੋਂ ਬਾਅਦ ਸਾਹਮਣੇ ਆਏ ਜਦੋਂ ਮਾਰਚ 2011 ਵਿਚ ਮੈਂ ਆਪਣਾ ਸਟਿੰਗ ਓਪਰੇਸ਼ਨ ਕਰ ਕੇ ਗੁਜਰਾਤ ਤੋਂ ਆ ਗਈ ਸੀ।
ਦਸੰਬਰ ਵਿਚ ਜਦੋਂ ਮੈਂ ਅਤੇ ਮਾਈਕ, ਰੈਗਰ ਨੂੰ ਉਸ ਦੇ ਦਫ਼ਤਰ ਵਿਚ ਮਿਲੇ, ਸੀæਬੀæਆਈæ ਵਲੋਂ ਉਸ ਨੂੰ ਪੁੱਛ-ਗਿੱਛ ਲਈ ਅਜੇ ਵੀ ਸੱਦਿਆ ਜਾ ਰਿਹਾ ਸੀ। ਮੈਂ ਮਾਈਕ ਨੂੰ ਹਾਲਤ ਦੀ ਨਜ਼ਾਕਤ ਸਮਝਾ ਦਿੱਤੀ ਅਤੇ ਇਹ ਵੀ ਕਿ ਹੋ ਸਕਦਾ ਹੈ ਕਿ ਉਸ ਤੋਂ ਕੋਈ ਵੀ ਭੇਤ ਲੈਣ ਵਿਚ ਸਾਨੂੰ ਕਾਮਯਾਬੀ ਨਾ ਮਿਲੇ। ‘ਮਾਈਕ ਆਪਾਂ ਅੱਜ ਉਸ ਨੂੰ ਸਿਆਸਤ ਬਾਰੇ ਕੋਈ ਸਵਾਲ ਨਾ ਕਰੀਏ, ਆਪਾਂ ਵਿਦੇਸ਼ੀਆਂ ਵਾਲਾ ਇਹ ਦਿਖਾਵਾ ਕਰੀਏ ਕਿ ਸਾਨੂੰ ਇਨ੍ਹਾਂ ਗੱਲਾਂ ਬਾਰੇ ਉਕਾ ਹੀ ਜਾਣਕਾਰੀ ਨਹੀਂ।’
ਰੈਗਰ ਮਾਈਕ ਨਾਲ ਬਹੁਤ ਅਪਣੱਤ ਨਾਲ ਪੇਸ਼ ਆਇਆ, ਉਸ ਨੂੰ ਗੁਜਰਾਤ ਦੇ ਅਨੁਭਵ ਬਾਰੇ ਸਵਾਲ ਪੁੱਛਦਾ ਰਿਹਾ। ਮਾਈਕ ਨੇ ਉਸ ਨੂੰ ‘ਅਮਦਾਬਾਦ ਨੀ ਗੁਫ਼ਾ’ ਪਲਦੀ ਅਤੇ ਸਰਖੇਜ ਰੋਜ਼ਾ ਵਿਖੇ ਕੀਤੀ ਸ਼ੂਟਿੰਗ ਬਾਰੇ ਦੱਸਿਆ। ਮੈਂ ਇਹ ਨਿਸ਼ਚੇ ਨਾਲ ਨਹੀਂ ਕਹਿ ਸਕਦੀ ਸੀ ਕਿ ਸਿਰਫ਼ ਗੁਜਰਾਤੀਆਂ ਨੂੰ ਹੀ ਵਿਦੇਸ਼ੀ ਜਾਂ ਅਮਰੀਕਨ ਚੀਜ਼ਾਂ ਨਾਲ ਐਨਾ ਮੋਹ ਸੀ, ਜਾਂ ਜੋ ਗੱਲਬਾਤ ਵਿਚ ਜਿੰਨਾ ਵਿਸ਼ਵਾਸ ਅਸੀਂ ਦੋਵੇਂ ਦਿਖਾ ਰਹੇ ਸੀ, ਉਸ ਕਰ ਕੇ ਇਹ ਅਫ਼ਸਰ ਸਾਡੀ ਕਹਾਣੀ ਉਪਰ ਫਟਾਫਟ ਯਕੀਨ ਕਰ ਰਹੇ ਸਨ।
ਮੈਨੂੰ ਬਾਲੀਵੁੱਡ ਦੇ ਗੁਜਰਾਤੀ ਫਿਲਮਸਾਜ਼ ਰਾਹੁਲ ਢੋਲਕੀਆ ਨਾਲ ਗੱਲਬਾਤ ਚੇਤੇ ਹੈ ਜਿਸ ਦੀ ਗੁਜਰਾਤ ਹਿੰਸਾ ‘ਤੇ ਆਧਾਰਤ ਫਿਲਮ ‘ਪਰਜ਼ਾਨੀਆ’ ਨੂੰ ਸੂਬੇ ਅੰਦਰ ਸਿਨੇਮਾ ਘਰਾਂ ਵਿਚ ਦਿਖਾਏ ਜਾਣ ਦੀ ਮਨਾਹੀ ਕਰ ਦਿੱਤੀ ਗਈ ਸੀ। ਜੁਹੂ, ਮੁੰਬਈ ਦੇ ਕੋਸਤਾ ਕੌਫੀ ਵਿਚ ਬੈਠ ਕੇ ਰਾਹੁਲ ਨੇ ਜਦੋਂ ਫੰਡ ਹਾਸਲ ਕਰਨ ਅਤੇ ਫਿਲਮ ‘ਪਰਜ਼ਾਨੀਆ’ ਬਣਾਉਣ ਦੇ ਆਪਣੇ ਤਜਰਬੇ ਸੁਣਾਏ ਤਾਂ ਮੇਰੇ ਲਈ ਇਹ ਬਹੁਤ ਮਜ਼ੇਦਾਰ ਕਹਾਣੀ ਸੀ। ਹਿੰਦੂ ਸੱਜੇਪੱਖੀ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਤਕ ਉਸ ਦੇ ਪ੍ਰੋਡਿਊਸਰ ਦੇ ਇਹ ਚਿਤ-ਚੇਤੇ ਵੀ ਨਹੀਂ ਸੀ ਕਿ ਫਿਲਮ ਹਿੰਸਾ ਦੌਰਾਨ ਸੂਬੇ ਅੰਦਰ ਘੱਟਗਿਣਤੀ ਨਾਲ ਹੋਏ ਅਨਿਆਂ ਵਿਰੁੱਧ ਸੀ। ਰਾਹੁਲ ਇਕ ਅਮਰੀਕਨ ਚੈਨਲ ਲਈ ਕੰਮ ਕਰਦਾ ਸੀ ਅਤੇ ਉਸ ਨੇ ਗੁਜਰਾਤ ਬਾਰੇ ਪਰਵਾਸੀ ਹਿੰਦੁਸਤਾਨੀਆਂ ਲਈ ਫਿਲਮ ਬਣਾਉਣ ਦਾ ਪੱਤਾ ਖੇਡਿਆ ਸੀ। ਜਿਨ੍ਹਾਂ ਨੂੰ ਮੈਂ ਗੁਜਰਾਤ ਵਿਚ ਮਿਲੀ ਸੀ, ਉਨ੍ਹਾਂ ਬਾਰੇ ਮੇਰਾ ਬਿਰਤਾਂਤ ਵੀ ਇਸ ਨਾਲ ਮਿਲਦਾ-ਜੁਲਦਾ ਸੀ। ਪ੍ਰੋਡਿਊਸਰਾਂ ਅਤੇ ਸਬੰਧਤ ਅਫ਼ਸਰਾਂ ਵਲੋਂ ਢੋਲਕੀਆ ਉਪਰ ਯਕੀਨ ਕਰਨ ਲਈ ਇਹ ਪ੍ਰਸੰਗ ਕਾਫ਼ੀ ਸੀ। ਇਕ ਮੌਕੇ ਜਦੋਂ ਉਸ ਨੂੰ ਆਪਣੀ ਫਿਲਮ ਲਈ ਗੁਜਰਾਤ ਹਿੰਸਾ ਦੀ ਫੁਟੇਜ ਦੀ ਲੋੜ ਪਈ, ਉਸ ਨੇ ਇਕ ਅਖ਼ਬਾਰ ਤਕ ਪਹੁੰਚ ਕੀਤੀ ਜਿਸ ਕੋਲ ਸਬੰਧਤ ਟੇਪਾਂ ਪਈਆਂ ਸਨ। ਮਾਮਲਿਆਂ ਦਾ ਮੁਖੀ ਇਸ ਗੱਲੋਂ ਪ੍ਰਭਾਵਿਤ ਸੀ ਕਿ ਉਹ ਅਮਰੀਕਾ ਤੋਂ ਹੈ। ਇਹ ਪਤਾ ਲੱਗਣ ‘ਤੇ ਤਾਂ ਉਹ ਹੋਰ ਵੀ ਪ੍ਰਭਾਵਤ ਹੋਇਆ ਸੀ ਕਿ ਢੋਲਕੀਆ ਦੇ ਦਾਦਾ ਹਿੰਦੂ ਮਹਾਸਭਾ ਦੇ ਚੇਅਰਪਰਸਨ ਸਨ। ਉਸ ਨੂੰ ਹਰ ਉਸ ਚੀਜ਼ ਤਕ ਪਹੁੰਚਣ ਦੀ ਇਜਾਜ਼ਤ ਮਿਲ ਗਈ ਜੋ ਉਸ ਨੂੰ ਚਾਹੀਦੀ ਸੀ।
ਪਰ ਔਕੜ ਰੈਗਰ ਦੀ ਸੀ। ਪਹਿਲੀ ਮਿਲਣੀ ਵਿਚ ਉਸ ਨੂੰ ਸਾਡੇ ਨਾਲ ਗੱਲਬਾਤ ਦੀ ਬਹੁਤ ਤਾਂਘ ਸੀ, ਉਦੋਂ ਤਾਂ ਉਸ ਨੇ ਮੈਨੂੰ ਵਿਆਹ ਵਿਚ ਦੇਰੀ ਨਾ ਕਰਨ ਲਈ ਬਜ਼ੁਰਗਾਂ ਵਾਲਾ ਭਾਸ਼ਣ ਵੀ ਦਿੱਤਾ ਕਿ ਇਕ ਉਮਰ ਤੋਂ ਬਾਅਦ ਲੜਕੀ ਲਈ ਢੁੱਕਵਾਂ ਵਰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਉਹ ਰਾਜਸਥਾਨ ਦੇ ਪੁਰਾਣੇ ਖ਼ਿਆਲਾਂ ਵਾਲੇ ਪਰਿਵਾਰ ਵਿਚੋਂ ਸੀ ਅਤੇ ਉਹ ਅਮਿਤ ਸ਼ਾਹ ਦੇ ਗੁੱਸੇ ਦੇ ਡਰੋਂ ਉਸ ਮਾਮਲੇ ਵਿਚ ਉਸ ਦੇ ਖ਼ਿਲਾਫ਼ ਗਵਾਹੀ ਦੇਣ ਵਿਚ ਮੁਸ਼ਕਿਲ ਮਹਿਸੂਸ ਕਰ ਰਿਹਾ ਸੀ, ਪਰ ਫਰਜ਼ੀ ਮੁਕਾਬਲਿਆਂ ਵਿਚ ਉਸ ਦੇ ਕਸੂਰਵਾਰ ਹੋਣ ਬਾਰੇ ਦਿਨੋ-ਦਿਨ ਵਧਦੇ ਜਾ ਰਹੇ ਸਬੂਤਾਂ ਦੇ ਮੱਦੇਨਜ਼ਰ ਉਸ ਨੇ ਆਖ਼ਿਰਕਾਰ ਗਵਾਹ ਬਣਨ ਦਾ ਫ਼ੈਸਲਾ ਕਰ ਲਿਆ ਸੀ, ਪਰ ਮੇਰੇ ਨਾਲ ਗੱਲਬਾਤ ਦੇ ਦੂਜੇ ਦਿਨ ਰੈਗਰ ਨੇ ਜੋ ਖ਼ੁਲਾਸਾ ਕੀਤਾ, ਉਹ ਸੁੰਨ ਕਰਨ ਵਾਲਾ ਸੀ।
ਫਰਜ਼ੀ ਮੁਕਾਬਲਿਆਂ ਵਿਚ ਭੂਮਿਕਾ ਨਿਭਾਉਣ ਵਾਲੇ ਕਿਰਦਾਰਾਂ ਬਾਰੇ ਮੈਂ ਜਾਣਦੀ ਸੀ, ਪਰ ਜਿਸ ਤਰੀਕੇ ਨਾਲ ਸਰਕਾਰ ਨੇ ਹਰ ਕਿਰਦਾਰ ਨੂੰ ਚਲਾਕੀ ਨਾਲ ਪ੍ਰਭਾਵਿਤ ਅਤੇ ਇਸਤੇਮਾਲ ਕੀਤਾ ਸੀ, ਉਸ ਦੀ ਥਾਹ ਪਾਉਣਾ ਸੌਖਾ ਨਹੀਂ ਸੀ। ਰੈਗਰ ਨਿਸ਼ਚਿੰਤ ਸੀ, ਕਿਉਂਕਿ ਉਸ ਨੂੰ ਪਤਾ ਸੀ ਕਿ ਮੈਂ ਪੀæਸੀæਪਾਂਡੇ, ਅਸ਼ੋਕ ਨਰਾਇਣ, ਰਾਜਨ ਪ੍ਰਿਯਾਦਰਸ਼ੀ ਨਾਲ ਪਹਿਲਾਂ ਹੀ ਗੱਲ ਕਰ ਚੁੱਕੀ ਸੀ ਅਤੇ ਉਸ ਨੂੰ ਇਹ ਜਚਿਆ ਹੋਇਆ ਸੀ ਕਿ ਮੈਂ ਗੁਜਰਾਤ ਦੀ ਸ਼ਾਨਾਮੱਤੀ ਪੁਲਿਸ ਉਪਰ ਕੰਮ ਕਰ ਰਹੀ ਸੀ।
ਮੈਂ ਉਸ ਨਾਲ ਭੁਜ ਵਿਚ ਆਏ ਭੂਚਾਲ ਬਾਰੇ ਗੱਲ ਕੀਤੀ ਅਤੇ ਉਸ ਨੇ ਸਾਨੂੰ ਭੂਚਾਲ ਦੀ ਤੀਬਰਤਾ ਬਾਰੇ ਨੋਟਸ ਤੇ ਜਾਨੀ ਨੁਕਸਾਨ ਦੇ ਵੇਰਵੇ ਦਿੱਤੇ, ਉਸ ਦੌਰਾਨ ਗੁਜਰਾਤ ਪੁਲਿਸ ਨੂੰ ਜੋ ਮੁਸ਼ਕਿਲ ਕੰਮ ਕਰਨਾ ਪਿਆ ਸੀ, ਉਸ ਦੇ ਵੇਰਵੇ। ਭੋਲੇਪਣ ਦਾ ਪੂਰਾ ਦਿਖਾਵਾ ਕਰਦੇ ਹੋਏ ਮੈਂ ਉਸ ਨੂੰ ਪੁੱਛਿਆ ਕਿ ਗੁਜਰਾਤ ਵਿਚ ਸੱਚੀਂਮੁੱਚੀਂ ਉਸ ਤਰ੍ਹਾਂ ਦੀ ਪਾਲਾਬੰਦੀ ਹੋ ਚੁੱਕੀ ਸੀ ਜੋ ਪ੍ਰਭਾਵ ਬਣਿਆ ਹੋਇਆ ਹੈ। ਉਹ ਬੋਲਿਆ- ‘ਉਫ਼! ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਇਥੇ 2002 ਵਿਚ ਕੀ ਹੋਇਆ ਸੀ।’ ਜਦੋਂ ਉਸ ਨੇ ਹਿੰਸਾ ਬਾਰੇ ਦੱਸਿਆ ਤਾਂ ਮੇਰਾ ਭੋਲੇਪਣ ਦਾ ਦਿਖਾਵਾ ਉਤਸੁਕਤਾ ਵਿਚ ਬਦਲ ਗਿਆ। ਮੈਂ ਉਸ ਨੂੰ ਦੱਸਿਆ ਕਿ ਮੇਰੇ ਕੋਲ ਹੋਰ ਅਫ਼ਸਰਾਂ ਨਾਲ ਹੋਈ ਗੱਲਬਾਤ ਦੇ ਨੋਟਸ ਹਨ। ਰੈਗਰ ਇੰਟੈਲੀਜੈਂਸ ਦਾ ਮੁਖੀ ਸੀ ਜਿਸ ਦਾ ਭਾਵ ਸੀ ਕਿ ਗੁਜਰਾਤ ਹਿੰਸਾ ਦੌਰਾਨ ਉਸ ਕੋਲ ਅਹਿਮ ਅਹੁਦਾ ਸੀ।
ਸਵਾਲ: ਪਰ ਮੈਨੂੰ ਮੋਦੀ ਦੀ ਭੂਮਿਕਾ ਬਾਰੇ ਦੱਸੋ, ਕਿਉਂਕਿ ਹਰ ਕੋਈ ਉਸ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ?
ਜਵਾਬ: ਮੈਨੂੰ ਇਸ ਬਾਰੇ ਨਾ ਹੀ ਬੁਲਵਾਓ ਤਾਂ ਚੰਗਾ ਹੈ। ਇਸ ਵਿਚੋਂ ਅਜੇ ਮੇਰਾ ਖਹਿੜਾ ਮਸਾਂ ਛੁੱਟਿਆ ਹੈ।
ਸਵਾਲ: ਜਦੋਂ ਇਹ ਵਾਪਰ ਰਿਹਾ ਸੀ, ਤੁਸੀਂ ਉਥੇ ਸੀ?
ਜਵਾਬ: ਮੈਂ ਉਥੇ ਸੀ।
ਸਵਾਲ: ਇਹ ਦੁਖਦੀ ਰਗ ਹੈ?
ਜਵਾਬ: ਹਾਂ, ਮੈਂ ਫ਼ਸਾਦਾਂ ਦੇ ਉਨ੍ਹਾਂ ਤਿੰਨ ਮਹੀਨਿਆਂ ਨੂੰ ਭੁੱਲ ਜਾਣਾ ਚਾਹੁੰਦਾ ਹਾਂ। ਕੁਝ ਐਸਾ ਵਾਪਰਿਆ ਜੋ ਵਾਪਰਨਾ ਨਹੀਂ ਸੀ ਚਾਹੀਦਾ।
ਸਵਾਲ: ਸੱਚਮੱਚ? ਤੁਹਾਡੇ ਮਨ ਨੂੰ ਵੀ ਠੇਸ ਪਹੁੰਚੀ ਹੋਵੇਗੀ?
ਜਵਾਬ: ਹਾਂ, ਪਹੁੰਚਾਈ।
ਸਵਾਲ: ਅਸ਼ੋਕ ਨਰਾਇਣ ਨੇ ਵੀ ਇਹ ਕਿਹਾ ਸੀ।
ਜਵਾਬ: ਹਾਂ, ਉਹ ਵੀ ਮੁਸ਼ਕਿਲ ਵਿਚੋਂ ਗੁਜ਼ਰਿਆ ਸੀ। ਇਹ ਅਜੇ ਵੀ ਲੋਕਾਂ ਦੇ ਮਨਾਂ ਵਿਚ ਤਾਜ਼ਾ ਹੈ, ਹਰ ਥਾਂ ਇਸੇ ਤਰ੍ਹਾਂ ਹੈ। ਅਮਰੀਕਾ ਅਜੇ ਵੀ ਉਸ (ਮੋਦੀ) ਨੂੰ ਉਥੇ ਵੜਨ ਨਹੀਂ ਦਿੰਦਾ। ਐਨਾ ਹਰਮਨਪਿਆਰਾ ਹੋਣ ਦੇ ਬਾਵਜੂਦ। ਹੁਣੇ ਜਿਹੇ ਵਿਕੀਲੀਕਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਹੁਣ ਉਸ ਨਾਲ ਚੰਗੇ ਸਬੰਧ ਬਣਾਉਣੇ ਚਾਹੁੰਦਾ ਹੈ, ਪਰ ਬਾਅਦ ਵਿਚ ਉਸੇ ਵਿਕੀਲੀਕਸ ਨੇ ਉਸ ਬਾਰੇ ਅਸ਼ਿਸ਼ਟ ਗੱਲਾਂ ਕਹੀਆਂ। ਸੋ, ਉਸ ਨੂੰ ਲੈ ਕੇ ਮੀਡੀਆ ਵਿਚ ਵਾਹਵਾ ਕੁਝ ਆ ਗਿਆ।
ਸਵਾਲ: ਇਹ ਬਹੁਤ ਹੀ ਘਿਨਾਉਣਾ ਸੀ ਜੋ ਇਸ ਮੁਲਕ ਨੇ ਦੇਖਿਆ। ਮੁੰਬਈ ਤੋਂ ਵੀ ਭੈੜਾ?
ਜਵਾਬ: ਹਾਂ, ਮੁੰਬਈ ਵਿਚ ਤਾਂ ਦੋ ਦਿਨ ਹੀ ਹੋਇਆ ਸੀ। ਇਥੇ ਮਹੀਨਿਆਂ ਬੱਧੀ ਲਗਾਤਾਰ ਚੱਲਦਾ ਰਿਹਾ।
ਸਵਾਲ: ਉਹ ਕਿਵੇਂ? ਐਨਾ ਲੰਮਾ ਵਕਤ ਕਿਉਂ ਹੋਣ ਦਿੱਤਾ ਗਿਆ?
ਜਵਾਬ: ਇਹ ਤੁਹਾਨੂੰ ਨਰਾਇਣ ਨੇ ਦੱਸਿਆ ਹੀ ਹੋਵੇਗਾ, ਉਹ ਉਦੋਂ ਗ੍ਰਹਿ ਸਕੱਤਰ ਸੀ?
ਸਵਾਲ: ਹਾਂ, ਉਸ ਨੇ ਕਿਹਾ, ਉਹ ਬਹੁਤ ਪ੍ਰੇਸ਼ਾਨ ਸੀ। ਉਹ ਸਰਕਾਰ ਦੀ ਬਹੁਤ ਨੁਕਤਾਚੀਨੀ ਕਰ ਰਿਹਾ ਸੀ, ਕਿ ਸੂਬਾ ਸਰਕਾਰ ਹਰਕਤ ਵਿਚ ਨਹੀਂ ਆਈ।
ਜਵਾਬ: ਉਹ ਗ੍ਰਹਿ ਸਕੱਤਰ ਸੀ। ਉਹ ਸਰਕਾਰ ਦਾ ਸਭ ਤੋਂ ਅਹਿਮ ਅਹਿਲਕਾਰ ਸੀ। ਜੋ ਉਹ ਕਹਿ ਰਿਹਾ ਹੈ, ਸੱਚ ਹੀ ਹੋਵੇਗਾ।
ਸਵਾਲ: ਕੀ ਤੁਹਾਡਾ ਸਾਰਿਆਂ ਦਾ ਮੋਹ ਭੰਗ ਹੋ ਗਿਐ?
ਜਵਾਬ: ਹਾਂ, ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਾਰਿਆਂ ਦਾ ਮੋਹ ਭੰਗ ਹੋਇਆ, ਸਾਰਿਆਂ ਦਾ ਮਨ ਦੁਖੀ ਹੋਇਆ। ਇਹ ਖੇਡ ਖੇਡਣ ਵਾਲੇ ਸਿਰਫ਼ ਸਿਆਸਤਦਾਨ ਨਹੀਂ ਸਨ, ਪੁਲਸੀਏ ਵੀ ਇਸ ਲਈ ਜ਼ਿੰਮੇਵਾਰ ਸਨ।
ਸਵਾਲ: ਹਿੰਸਾ ਮੌਕੇ ਇਹ ਸਿਆਸਤਦਾਨ ਪੁਲਿਸ ਗੱਠਜੋੜ ਵਰਗੀ ਚੀਜ਼ ਸੀ?
ਜਵਾਬ: ਇਕ ਹੱਦ ਤਕ ਇੰਞ ਹੀ ਸੀ, ਕਿਉਂਕਿ ਇਕੇਰਾਂ ਜਦੋਂ ਹਾਲਤ ਹੱਥੋਂ ਨਿਕਲ ਜਾਂਦੀ ਹੈ, ਫਿਰ ਬਹੁਤਾ ਕੁਝ ਨਹੀਂ ਕੀਤਾ ਜਾ ਸਕਦਾ।
ਸਵਾਲ: ਪਰ ਉਸ (ਮੋਦੀ) ਨੇ ਇਸ ਦਾ ਬਹੁਤ ਲਾਹਾ ਲਿਆ। ਅੱਜ ਉਹ ਜੋ ਹੈ, ਉਸ ਹਿੰਸਾ ਦੀ ਬਦੌਲਤ ਹੀ ਹੈ।
ਜਵਾਬ: ਹਾਂ, ਬਿਲਕੁਲ। ਉਹ ਸਿਰ ‘ਤੇ ਖੜ੍ਹੀਆਂ ਚੋਣਾਂ ਤੋਂ ਭੈਭੀਤ ਸਨ, ਪਰ ਇਹੀ ਉਨ੍ਹਾਂ ਲਈ ਲਾਹੇਵੰਦੀਆਂ ਬਣ ਗਈਆਂ। ਉਹ ਸੋਚਦੇ ਸਨ ਕਿ ਉਨ੍ਹਾਂ ਨੇ ਉਸੇ ਦੀ ਖ਼ਾਤਰ ਹੀ ਤਾਂ ਇਹ ਕੁਝ ਕੀਤਾ ਸੀ।
ਛੇਤੀ ਹੀ ਗੱਲਬਾਤ ਨੇ ਫਰਜ਼ੀ ਮੁਕਾਬਲਿਆਂ ਵੱਲ ਮੋੜਾ ਕੱਟ ਲਿਆ। ਜਦੋਂ ਜਾਂਚ ਹੋਈ, ਉਦੋਂ ਰੈਗਰ ਵਧੀਕ ਡੀæਜੀæਪੀæ ਸੀ। ਉਸ ਸਾਲ ਮਈ ਅਤੇ ਜੂਨ ਵਿਚ ਸੀæਬੀæਆਈæ ਉਸ ਤੋਂ ਰੋਜ਼ ਦਸ ਘੰਟੇ ਤੋਂ ਵੱਧ ਪੁੱਛ-ਗਿੱਛ ਕਰਦੀ ਰਹੀ ਸੀ। ਫਿਰ ਵੀ ਉਹ ਕਹਾਣੀ ਬਾਰੇ ਮੈਨੂੰ ਆਪਣਾ ਪੱਖ ਦੱਸਦੇ ਹੋਏ ਖੁਸ਼ ਸੀ।
ਸਵਾਲ: ਮੁਕਾਬਲਿਆਂ ਦਾ ਕੀ ਮਾਜਰਾ ਹੈ? ਤੁਸੀਂ ਉਥੇ ਮੌਜੂਦ ਸੀ।
ਜਵਾਬ: ਸਿਰਫ਼ ਇਕ ਵਿਚ ਮੌਜੂਦ ਸੀ। ਇਕ ਮੁਜਰਿਮ (ਸੋਹਰਾਬੂਦੀਨ) ਫਰਜ਼ੀ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਬੇਵਕੂਫ਼ੀ ਇਹ ਕੀਤੀ ਗਈ ਕਿ ਉਨ੍ਹਾਂ ਨੇ ਉਸ ਦੀ ਪਤਨੀ ਨੂੰ ਵੀ ਮਾਰ ਦਿੱਤਾ।
ਸਵਾਲ: ਕੁਝ ਮੰਤਰੀ ਵੀ ਇਸ ਵਿਚ ਸ਼ਾਮਲ ਸਨ?
ਜਵਾਬ: ਅਮਿਤ ਸ਼ਾਹ ਸ਼ਾਮਲ ਸੀ।
ਸਵਾਲ: ਉਹ ਮੁੱਖ ਮੰਤਰੀ ਦੇ ਨੇੜੇ ਸੀ?
ਜਵਾਬ: ਹਾਂ। ਮੁੱਖ ਮੰਤਰੀ ਦੇ ਸਭ ਤੋਂ ਨਜ਼ਦੀਕੀਆਂ ਵਿਚੋਂ ਇਕ ਸੀ।
ਸਵਾਲ: ਮੁੱਖ ਮੰਤਰੀ ਉਸ ਨੂੰ ਗ੍ਰਿਫ਼ਤਾਰ ਹੋਣ ਤੋਂ ਬਚਾ ਨਹੀਂ ਸਕਦਾ ਸੀ?
ਜਵਾਬ: ਉਹ ਇਹ ਨਹੀਂ ਸੀ ਕਰ ਸਕਦਾ (ਉਸ ਦੇ ਖ਼ਿਲਾਫ਼ ਸਬੂਤ ਸਨ)।
ਸਵਾਲ: ਅੱਛਾ, ਫਿਰ ਤਾਂ ਉਹ ਖ਼ੁਦ ਵੀ ਇਸ ਵਿਚ ਸ਼ਾਮਲ ਰਿਹਾ ਹੋਵੇਗਾ?
ਜਵਾਬ: ਜੇ ਉਹ ਦਖ਼ਲ ਦਿੰਦਾ ਹੈ ਤਾਂ ਉਹ ਵੀ ਫਸਦਾ ਹੈ, ਇਸ ਪੱਖੋਂ ਇਹ ਬੰਦਾ (ਸੀæਐਮæ) ਚਲਾਕ ਹੈ। ਉਹ ਸਭ ਕੁਝ ਜਾਣਦਾ ਸੀ ਪਰ ਉਸ ਨੇ ਵਿੱਥ ਬਣਾਈ ਰੱਖੀ, ਇਸ ਕਰ ਕੇ ਉਹ ਇਸ ਵਿਚ ਨਹੀਂ ਫਸਿਆ।
ਸਵਾਲ: ਅੱਛਾ, ਤੁਹਾਡੇ ਮਾਮਲੇ ਵਿਚ ਮੈਂ ਪੜ੍ਹ ਰਹੀ ਸੀ, ਉਨ੍ਹਾਂ ਨੇ ਕਿਸੇ ਫ਼ੋਨ ਰਿਕਾਰਡ ਦੇ ਕਾਰਨ ਮੰਤਰੀ ਨੂੰ ਫੜ ਲਿਆ?
ਜਵਾਬ: ਹਾਂ।
ਸਵਾਲ: ਕੀ ਤੁਸੀਂ ਜੋ ਦੇਖ ਰਹੇ ਹੋ, ਉਸ ਦੇ ਉਲਟ ਉਥੇ ਸੱਚੇ ਅਫ਼ਸਰ ਵੀ ਹਨ?
ਜਵਾਬ: ਹਾਂ, ਕਾਫ਼ੀ ਐਸੇ ਹਨ, ਪਰ ਨੁਕਸਾਨ ਪਹੁੰਚਾਉਣ ਲਈ ਤਾਂ ਕੁਝ ਕੁ ਗੰਦੀਆਂ ਮੱਛੀਆਂ ਹੀ ਕਾਫ਼ੀ ਹੁੰਦੀਆਂ ਹਨ। ਫਿਰ ਵੀ ਕੁਝ ਚੰਗੇ ਅਫ਼ਸਰ ਬਚੇ ਹੋਏ ਹਨ ਜਿਨ੍ਹਾਂ ਦੀ ਬਦੌਲਤ ਹੁਣ ਮੰਤਰੀਆਂ ਉਪਰ ਪਰਚੇ ਦਰਜ ਹੋ ਰਹੇ ਹਨ।
ਸਵਾਲ: ਕਿਸੇ ਨੇ ਮੈਨੂੰ ਰਾਹੁਲ ਸ਼ਰਮਾ ਨਾਂ ਦੇ ਅਫ਼ਸਰ ਨੂੰ ਮਿਲਣ ਲਈ ਕਿਹਾ ਸੀ। ਜ਼ਾਹਰਾ ਤੌਰ ‘ਤੇ ਉਹ ਸੱਚਾ ਹੈ ਅਤੇ ਇਸੇ ਕਰ ਕੇ ਸਰਕਾਰ ਦੀਆਂ ਨਜ਼ਰਾਂ ਵਿਚ ਚੰਗਾ ਨਹੀਂ?
ਜਵਾਬ: ਮੁਸਲਮਾਨਾਂ ਦੀਆਂ ਜ਼ਿੰਦਗੀਆਂ ਬਚਾਉਣ ਕਰ ਕੇ (ਸਰਕਾਰ ਵਲੋਂ) ਉਸ ਦੀ ਜਾਂਚ ਕਰਵਾਈ ਜਾ ਰਹੀ ਹੈ। ਉਸ ਨੇ ਸਕੂਲ ਵਿਚ ਮੁਸਲਿਮ ਬੱਚਿਆਂ ਦੀ ਜਾਨ ਬਚਾਈ, ਨਾ ਸਿਰਫ਼ ਉਨ੍ਹਾਂ ਨੂੰ ਬਚਾਇਆ, ਸਗੋਂ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਅਤੇ ਉਹ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਰਿਹਾ ਸੀ, ਇਸ ਕਰ ਕੇ ਉਨ੍ਹਾਂ ਨੇ ਉਸ ਨੂੰ ਉਥੋਂ ਬਦਲ ਦਿੱਤਾ।æææ ਸਰਕਾਰ ਵਾਲੇ ਪਾਸਿਓਂ ਸਮੱਸਿਆ ਸੀ, ਤੇ ਸ਼ੁਰੂ ਵਿਚ ਉਨ੍ਹਾਂ ਨੇ ਕਦੇ ਵੀ ਮਹਿਸੂਸ ਨਹੀਂ ਕੀਤਾ ਕਿ ਹਾਲਤ ਐਨੀ ਮਾੜੀ ਹੋਵੇਗੀ। ਸ਼ੁਰੂ ਵਿਚ ਉਹ ਫ਼ਸਾਦੀਆਂ ਦੇ ਖ਼ਿਲਾਫ਼ ਤਾਕਤ ਦਾ ਇਸਤੇਮਾਲ ਨਹੀਂ ਸੀ ਕਰਨਾ ਚਾਹੁੰਦੇ, ਜਿਸ ਕਰ ਕੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ।
ਸਵਾਲ: ਇਹ ਸੱਚ ਹੈ ਕਿ ਉਹ ਉਨ੍ਹਾਂ ਹਿੰਦੂਆਂ ਪ੍ਰਤੀ ਨਰਮੀ ਵਰਤਣਾ ਚਾਹੁੰਦੇ ਸਨ (ਜੋ) ਮੁਸਲਮਾਨਾਂ ਦੇ ਖ਼ਿਲਾਫ਼ ਸਨ।
ਜਵਾਬ: ਸ਼ੁਰੂ ਵਿਚ ਇੰਞ ਹੀ ਸੀ, ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਹਾਲਤ ਐਨੀ ਵਿਗੜ ਜਾਵੇਗੀ, ਪਰ ਤੁਸੀਂ ਜੋ ਕਿਹਾ, ਉਹ ਸੱਚ ਹੈ।
ਸਵਾਲ: ਤੁਹਾਡੇ ਅਫ਼ਸਰਾਂ ਨੂੰ ਹਿੰਦੂਆਂ, ਫ਼ਸਾਦੀਆਂ ਪ੍ਰਤੀ ਨਰਮੀ ਨਾਲ ਪੇਸ਼ ਆਉਣ ਲਈ ਕਿਹਾ ਗਿਆ ਸੀ?
ਜਵਾਬ: ਸਾਨੂੰ ਨਹੀਂ, ਪਰ ਜੋ ਲੋਕ ਕੁਝ ਅਹਿਮ ਅਹੁਦਿਆਂ ਜਾਂ ਥਾਂਵਾਂ ਉਪਰ ਸਨ, ਉਨ੍ਹਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ।
ਸਵਾਲ: ਮੋਦੀ ਤੋਂ ਪਹਿਲਾਂ ਕੇਸ਼ੂਭਾਈ ਪਟੇਲ ਮੁੱਖ ਮੰਤਰੀ ਹੁੰਦਾ ਸੀ? ਉਹ ਕਿਵੇਂ ਸੀ?
ਜਵਾਬ: ਮੋਦੀ ਦੇ ਮੁਕਾਬਲੇ ਉਹ ਸੰਤ ਸੁਭਾਅ ਦਾ ਬੰਦਾ ਸੀ। ਤੁਲਨਾ ‘ਚ ਕਹਿਣਾ ਹੋਵੇ, ਤਾਂ ਮੇਰਾ ਮਤਲਬ ਹੈ ਕਿ ਕੇਸ਼ੂਭਾਈ ਕਿਸੇ ਦਾ ਜਾਣ-ਬੁਝ ਕੇ ਨੁਕਸਾਨ ਨਹੀਂ ਸੀ ਕਰਵਾਉਂਦਾ। ਧਰਮ ਚਾਹੇ ਕੋਈ ਵੀ ਹੋਵੇ। ਉਹ ਉਨ੍ਹਾਂ ਦਾ ਇਸ ਕਰ ਕੇ ਨੁਕਸਾਨ ਕਰਵਾ ਦੇਵੇ ਕਿਉਂਕਿ ਉਹ ਮੁਸਲਮਾਨ ਸਨ, ਉਹ ਇਸ ਦੀ ਇਜਾਜ਼ਤ ਨਹੀਂ ਸੀ ਦਿੰਦਾ।
ਸਵਾਲ: ਪਰ ਸਰ, ਨਿਰਪੱਖ ਨਜ਼ਰੀਏ ਤੋਂ ਦੇਖੀਏ ਤਾਂ ਬਹੁਤ ਸਾਰੇ ਤੱਥ ਕਲਪਨਾ ਨਾਲ ਰਲਗੱਡ ਹੋਏ ਨਹੀਂ ਜਾਪਦੇ?
ਜਵਾਬ: ਤੁਸੀਂ ਜਾਣਦੇ ਹੋ, ਇਹ ਮੁਸ਼ਕਿਲ ਹੈ, ਇਹ ਲੋਕ ਸਿੱਧੇ ਹੁਕਮ ਨਹੀਂ ਦਿੰਦੇ, ਸਾਰੇ ਹੁਕਮ ਅਦਿੱਖ ਹੁੰਦੇ ਹਨ। ਇਸ ਨੂੰ ਕਾਨੂੰਨ ਪੱਖੋਂ ਵੀ ਵਿਚਾਰਨਾ ਹੋਵੇਗਾ। ਮਸਲਨ, ਜੇ ਮੁੱਖ ਸਕੱਤਰ ਕਹਿੰਦਾ ਹੈ ਕਿ ਮੈਂ ਤੁਹਾਡੇ ਹੁਕਮਾਂ ਦੀ ਪਾਲਣਾ ਨਹੀਂ ਕਰਾਂਗਾ ਅਤੇ ਮੁੱਖ ਮੰਤਰੀ ਕਹਿੰਦਾ ਹੈ ਕਿ ਤੈਨੂੰ ਕਰਨੀ ਹੀ ਪਵੇਗੀ, ਫਿਰ ਜੋ ਵਾਪਰਦਾ ਹੈ, ਉਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ; ਜਦਕਿ ਪੁਲਿਸ ਫੋਰਸ ਵਿਚ ਇਹ ਜ਼ਿੰਮੇਵਾਰੀ ਮੇਰੀ ਹੈ।
ਸਵਾਲ: ਤੁਸੀਂ ਇਕ ਮਜ਼ੇਦਾਰ ਚੀਜ਼ ਸਾਹਮਣੇ ਲਿਆਂਦੀ ਹੈ। ਮਸਲਨ, ਜਦੋਂ ਤੁਸੀਂ ਕਿਹਾ ਕਿ ਮੁਕਾਬਲਿਆਂ ਦੀ ਜਾਂਚ ਦੌਰਾਨ ਤੁਸੀਂ ਸਿਆਸੀ ਦਬਾਓ ਹੇਠ ਸੀ; ਫਿਰ ਤੁਸੀਂ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੇ ਸੀ ਜਿਨ੍ਹਾਂ ਨੇ ਤੁਹਾਡੇ ਉਪਰ ਦਬਾਓ ਪਾਇਆ ਸੀ? ਮਸਲਨ, ਇਹ ਗ੍ਰਹਿ ਮੰਤਰੀ?
ਜਵਾਬ: ਨਿਸ਼ਚਿਤ ਸਬੂਤ ਹੋਣੇ ਜ਼ਰੂਰੀ ਹਨ। ਸਾਡੇ ਖ਼ਿਲਾਫ਼ ਇਹੀ ਸਬੂਤ ਹੈ। ਜਦੋਂ ਉਸ ਨੇ ਮੈਨੂੰ ਕਰਨ ਲਈ ਕਿਹਾ ਤਾਂ ਮੈਂ ਉਸ ਸ਼ਾਹ ਨੂੰ ਕਹਿ ਦਿੱਤਾ ਸੀ ਕਿ ਮੈਂ ਖ਼ਾਸ ਤਰ੍ਹਾਂ ਦੇ ਕੰਮ ਨਹੀਂ ਕਰਾਂਗਾ। ਉਥੇ ਬਹੁਤ ਸਾਰੇ ਐਸੇ ਬੰਦੇ ਹਨ ਜੋ ਕਹਿਣਗੇ ‘ਹਾਂ ਸਰ ਅਸੀਂ ਇਹ ਕਰਾਂਗੇ’, ਕਿਉਂਕਿ ਉਨ੍ਹਾਂ ਦੇ ਹਿਤ ਹੋਰ ਹਨ।
ਸਵਾਲ: ਗੀਤਾ ਜੌਹਰੀ ਦਾ ਕੀ ਬਣਿਆ? ਉਸ ਨੇ ਕਿਹਾ ਸੀ ਕਿ ਸੋਹਰਾਬੂਦੀਨ ਦਹਿਸ਼ਤਗਰਦ ਸੀ।
ਜਵਾਬ: ਦੇਖੋ, ਮਾਮਲਾ ਉਨਾ ਸੋਹਰਾਬੂਦੀਨ ਦਾ ਨਹੀਂ ਹੈ ਜਿੰਨਾ ਉਸ ਦੀ ਪਤਨੀ ਦਾ ਹੈ। ਜੇ ਸੋਹਰਾਬੂਦੀਨ ਸਹੀ ਜਾਂ ਕਾਨੂੰਨਨ ਮੁਕਾਬਲੇ ਵਿਚ ਮਾਰਿਆ ਗਿਆ ਹੁੰਦਾ, ਇਹ ਸਮੱਸਿਆ ਨਹੀਂ ਹੋਣੀ ਸੀ। ਮਾਮਲਾ ਉਸ ਦੀ ਪਤਨੀ ਦਾ ਸੀ, ਉਸ ਨੂੰ ਕਿਉਂ ਮਾਰਿਆ ਗਿਆ? ਉਹ ਵੀ ਤਿੰਨ ਦਿਨ ਬਾਅਦ?
ਰੈਗਰ ਨੇ ਸਭ ਕੁਝ ਕਹਿ ਦਿੱਤਾ ਸੀ। ਦਰਅਸਲ, ਉਸ ਨੇ ਕੁਝ ਵੀ ਅਣਕਿਹਾ ਨਹੀਂ ਛੱਡਿਆ ਸੀ। ਉਸ ਨੇ ਸਾਨੂੰ ਜੋ ਇਕ ਇਕ ਲਫ਼ਜ਼ ਕਿਹਾ; ਮੋਦੀ, ਸ਼ਾਹ ਦਾ ਇਸ ਵਿਚ ਹੱਥ ਅਤੇ ਆਹਲਾ ਪੁਲਿਸ ਅਧਿਕਾਰੀਆਂ ਦੀ ਉਨ੍ਹਾਂ ਨਾਲ ਮਿਲੀਭੁਗਤ ਸਾਨੂੰ ਘੂਰ ਰਹੀ ਸੀ। ਮੈਂ ਅੰਦਰੋ-ਅੰਦਰੀ ਗੁੱਸੇ ਨਾਲ ਰਿਝ ਰਹੀ ਸੀ। ਮਾਈਕ ਮੇਰੇ ਗੁੱਸੇ ਨੂੰ ਮਹਿਸੂਸ ਕਰ ਸਕਦਾ ਸੀ, ਜਦੋਂ ਅਸੀਂ ਰੈਗਰ ਦੀ ਰਿਹਾਇਸ਼ ਤੋਂ ਤੁਰੇ ਤਾਂ ਉਸ ਨੇ ਮੇਰਾ ਹੱਥ ਘੁੱਟ ਲਿਆ। ਇਹ ਬੇਸ਼ਰਮੀ ਦੀ ਹੱਦ ਸੀ। ਰੈਗਰ ਨੇ ਗੁਜਰਾਤ ਹਿੰਸਾ ਅਤੇ ਫਰਜ਼ੀ ਮੁਕਾਬਲਿਆਂ ਵਿਚ ਰਾਜ ਦੀ ਮਿਲੀਭੁਗਤ ਬਾਰੇ ਸਹਿਜ ਭਾਅ ਹੀ ਬਾਕੀ ਗੱਲਬਾਤ ਦੀ ਤਸਦੀਕ ਕਰ ਦਿੱਤੀ ਸੀ।
ਕੀ ਰੈਗਰ ਨੇ ਇਹ ਸਿੱਟਾ ਨਹੀਂ ਸੀ ਕੱਢਿਆ ਕਿ ਆਈæਪੀæਐਸ਼ ਅਫ਼ਸਰ ਰਾਹੁਲ ਸ਼ਰਮਾ ਨੂੰ ਰਾਜ ਵਲੋਂ ਗੁਜਰਾਤ ਦੇ ਇਕ ਮਦਰੱਸੇ ਅੰਦਰ ਮੁਸਲਿਮ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਬਚਾਉਣ ਬਦਲੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ? ਕੀ ਅਸੀਂ ਅਜੇ ਵੀ ਇਹ ਵਿਸ਼ਵਾਸ ਕਰ ਸਕਦੇ ਸੀ ਕਿ ਮੀਡੀਆ ਗੁਜਰਾਤ ਦੇ ਤੱਤਕਾਲੀ ਮੁੱਖ ਮੰਤਰੀ ਅਤੇ ਉਸ ਦੇ ਮੰਤਰੀਆਂ ਮਗਰ ਹੱਥ ਧੋ ਕੇ ਪਿਆ ਹੋਇਆ ਸੀ? ਇਨ੍ਹਾਂ ਟੇਪਾਂ ਉਪਰ ਰਿਕਾਰਡ ਸਬੂਤ ਇਸ ਦੇ ਉਲਟ ਕਹਿ ਰਹੇ ਸਨ।
ਮੇਰਾ ਸਿਰ ਫਟ ਰਿਹਾ ਸੀ। ਮੈਂ ਆਪਣੇ ਪਰਿਵਾਰ ਲਈ ਤਾਂਘ ਰਹੀ ਸੀ, ਮੈਂ ਆਪਣੇ ਲੋਕਾਂ ਦੀ ਬੁੱਕਲ ਦੇ ਨਿੱਘ ਲਈ ਤਾਂਘ ਰਹੀ ਸੀ। ਇਸ ਬਦਕਿਸਮਤ ਸੂਬੇ ਅੰਦਰ ਜੋ ਨਫ਼ਰਤ ਫੈਲਾਈ ਜਾ ਰਹੀ ਸੀ, ਮੈਂ ਉਸ ਤੋਂ ਦੂਰ ਭੱਜ ਜਾਣਾ ਚਾਹੁੰਦੀ ਸੀ ਜਿਸ ਦੇ ਪਰਦੇ ਨਿੱਤ ਕੋਈ ਨਾ ਕੋਈ ਬੰਦਾ ਮੇਰੇ ਅੱਗੇ ਫਰੋਲ ਰਿਹਾ ਸੀ। ਮੈਨੂੰ ਅਰਾਮ ਦੀ ਜ਼ਰੂਰਤ ਸੀ।
ਮੈਂ ਪਾਨੀ ਦਾ ਦਰਵਾਜ਼ਾ ਖੜਕਾਇਆ। ਉਹ ਕਿਸੇ ਸਥਾਨਕ ਦਸਤਕਾਰ ਤੋਂ ਕੁਝ ਸਜਾਵਟੀ ਸਮਾਨ ਖ਼ਰੀਦ ਕੇ ਲਿਆਈ ਸੀ ਅਤੇ ਉਸ ਨੂੰ ਆਪਣੀ ਕੰਧ ਉਪਰ ਸਜਾਉਣ ਲੱਗੀ ਹੋਈ ਸੀ। ਦਰਵਾਜ਼ਾ ਖੋਲ੍ਹ ਕੇ ਉਹ ਨਿੱਘੀ ਮੁਸਕਾਨ ਬਖੇਰਦੀ ਹੋਈ ਬੋਲੀ- ‘ਆਜਾ, ਮੇਰੀ ਮਦਦ ਕਰ’æææ ਤੇ ਫਿਰ ਉਹ ਦੱਸਦੀ ਰਹੀ ਕਿ ਗੁਜਰਾਤ ਕਿੰਨਾ ਖ਼ੂਬਸੂਰਤ ਹੈ। ਹਾਂ, ਮੈਂ ਬੁੜਬੁੜਾਈ। ਚੰਗਾ ਹੁੰਦਾ ਜੇ ਪਾਨੀ ਸੱਚਮੁੱਚ ਉਸ ਨਫ਼ਰਤ ਨੂੰ ਦੇਖ ਸਕਦੀ ਜੋ ਮੈਂ ਦੇਖੀ ਸੀ। ਉਹ ਗੁਜਰਾਤ ਦੇ ਬਹੁਤ ਸਾਰੇ ਨੌਜਵਾਨਾਂ ਵਾਂਗ ਅਠਾਰਾਂ ਕੁ ਸਾਲ ਦੀ ਸੀ। ਉਨ੍ਹਾਂ ਵਿਚ ਐਨੀ ਨਫ਼ਰਤ ਕਿਉਂ ਭਰੀ ਜਾ ਰਹੀ ਸੀ? ਕੁਝ ਚਿਰ ਲਈ ਮੇਰਾ ਮਨ ਕੋਈ ਕੰਮ ਕਰਨ ਤੋਂ ਉਚਾਟ ਹੋ ਗਿਆ ਸੀ। ਮੈਂ ਅਜੇ ਨੂੰ ਫ਼ੋਨ ਕੀਤਾ।
ਇਕ ਕਾਲਜ ਮੇਲਾ ਹੋ ਰਿਹਾ ਸੀ, ਉਸ ਕੋਲ ਇਸ ਦੇ ਕੁਝ ਪਾਸ ਸਨ। ਉਸ ਨੇ ਮੈਨੂੰ ਆ ਕੇ ਨਾਲ ਲੈ ਜਾਣ ਦੀ ਪੇਸ਼ਕਸ਼ ਕੀਤੀ। ਮੈਂ ਕਾਲਾ ਕੁੜਤਾ ਪਹਿਨ ਲਿਆ, ਅੱਖਾਂ ਦੁਆਲੇ ਕਜਲੇ ਦੀ ਧਾਰ ਲਗਾਈ ਅਤੇ ਹਾਰ-ਸ਼ਿੰਗਾਰ ਕਰ ਕੇ ਉਚੀ ਅੱਡੀ ਵਾਲੀ ਜੁੱਤੀ ਪਹਿਨ ਲਈ। ਮਾਈਕ ਮੇਰੇ ਨਾਲ ਜਾਣ ਲਈ ਨਾ ਮੰਨਿਆ, ਉਹ ਕੋਈ ਕਿਤਾਬ ਪੜ੍ਹ ਰਿਹਾ ਸੀ। ਉਸ ਨੇ ਮਸ਼ਵਰਾ ਦਿੱਤਾ ਕਿ ਮੈਂ ਇਕ ਦਿਨ ਲਈ ਵਿਦਿਆਰਥਣ ਬਣ ਜਾਵਾਂ ਅਤੇ ਉਥੇ ਜਾ ਕੇ ਜੀਅ ਭਰ ਕੇ ਨੱਚਾਂ ਅਤੇ ਸ਼ਾਮ ਦੇ ਨਜ਼ਾਰੇ ਲਵਾਂ। ਮੈਨੂੰ ਇਸ ਦੀ ਡਾਢੀ ਜ਼ਰੂਰਤ ਸੀ। ਉਸ ਸ਼ਾਮ ਨੂੰ ਮੈਂ ਮਹਿਸੂਸ ਕੀਤਾ ਕਿ ਫਾਊਂਡੇਸ਼ਨ ਦੇ ਬਾਹਰ ਇਕ ਬੰਦਾ ਗੱਡੀ ਵਿਚ ਬੈਠਾ ਸੀ ਜਿਸ ਨੂੰ ਮੈਂ ਸਵੇਰੇ ਵੀ ਉਥੇ ਦੇਖਿਆ ਸੀ।
ਸ਼ਾਇਦ ਇਹ ਮੇਰਾ ਵਹਿਮ ਹੀ ਸੀ। ਕਾਲਜ ਜਾਣ ਲਈ ਆਟੋ ਲੈਣ ਦੀ ਬਜਾਏ ਮੈਂ ਅਜੇ ਨੂੰ ਮੈਸੇਜ ਕਰ ਦਿੱਤਾ ਕਿ ਮੈਨੂੰ ਆ ਕੇ ਲੈ ਜਾਵੇ। ਉਸ ਸ਼ਾਮ ਨੂੰ ਮੈਂ ਫੋਟੋ ਖਿੱਚੀਆਂ, ਵਿਦਿਆਰਥੀਆਂ ਨਾਲ ਨੱਚੀ ਅਤੇ ਖ਼ੂਬ ਗੀਤ ਗਾਏ। ਅਗਲੇ ਦਿਨ ਬਾਹਰ ਜੋ ਕਾਰ ਖੜ੍ਹੀ ਸੀ, ਉਹ ਗਾਇਬ ਸੀ।
(ਚਲਦਾ)