‘ਆਪ’ ਨੇ ਰਵਾਇਤੀ ਸਿਆਸੀ ਧਿਰਾਂ ਨੂੰ ਪਾਇਆ ਵਖਤ…

ਹਰੀਸ਼ ਖਰੇ
ਚੋਣਾਂ ਵਾਲ਼ਾ ਰੌਲ਼ਾ ਰੱਪਾ ਆਖ਼ਿਰਕਾਰ ਮੁੱਕ ਗਿਆ ਹੈ। ਪੰਜਾਬ ਦੇ ਵੋਟਰਾਂ ਨੇ ਆਪਣਾ ਬਣਦਾ ਫ਼ਰਜ਼ ਨਿਭਾ ਦਿੱਤਾ ਹੈ। ਹੁਣ 11 ਮਾਰਚ ਤੱਕ ਉਤਸੁਕਤਾ ਭਰੀ ਉਡੀਕ ਦਾ ਵੇਲ਼ਾ ਹੈ। ਲੀਡਰਾਂ ਦੇ ਥਕਾਵਟ ਲਾਹੁਣ ਅਤੇ ਆਰਾਮ ਫ਼ਰਮਾਉਣ ਲਈ ਲਾਂਭੇ ਹੋ ਜਾਣ ਨਾਲ ਉਦੋਂ ਤੱਕ ਸੂਬੇ ਵਿਚ ਅਮਨ-ਚੈਨ ਬਣਿਆ ਰਹੇਗਾ। ਐਨੇ ਰੁਝੇਵਿਆਂ ਤੋਂ ਬਾਅਦ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ ਵੀ ਬਹੁਤ। ਬਹੁਤੇ ਉਮੀਦਵਾਰ ਅਗਲੇ ਦਿਨਾਂ ਦੌਰਾਨ ਆਪੋ ਆਪਣੇ Ḕਇਸ਼ਟਾਂḔ ਅਤੇ ਨਜੂਮੀਆਂ ਕੋਲ ਹਾਜ਼ਰੀ ਭਰਨਗੇ, ਦੂਜੇ ਪਾਸੇ ਸੱਟੇਬਾਜ਼ਾਂ ਦੀ ਚਾਂਦੀ ਹੋ ਜਾਵੇਗੀ।

2017 ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦੀ ਖ਼ਾਸ ਅਤੇ ਭੇਤਭਰੀ ਗੱਲ ਇਨ੍ਹਾਂ ਵਿਚ ਨਵੀਂ ਪਾਰਟੀ- ਆਮ ਆਦਮੀ ਪਾਰਟੀ, ਯਾਨੀ ḔਆਪḔ ਦੀ ਜ਼ਬਰਦਸਤ ਸ਼ਮੂਲੀਅਤ ਸੀ। ḔਆਪḔ ਨੇ ਵੋਟਰਾਂ ਦੇ ਮਨਾਂ ਅੰਦਰ ਸੁੱਤੀਆਂ ਬਗ਼ਾਵਤੀ ਬਿਰਤੀਆਂ ਨੂੰ ਹਲੂਣ ਦਿੱਤਾ। ਨਤੀਜੇ ਵਜੋਂ ਇਸ ਨੇ ਪੰਜਾਬ ਦੇ ਸਿਆਸੀ ਪਿੜ ਵਿਚ ਆਪਣਾ ਖ਼ਾਸ ਮੁਕਾਮ ਹਾਸਿਲ ਕਰ ਲਿਆ ਹੈ। ਆਪਣੇ ਕਾਡਰ ਦੀ ਊਰਜਾ ਅਤੇ ਉਤਸ਼ਾਹ ਸਦਕਾ ਇਸ ਨੇ ਲੋਕਾਂ ਉਤੇ ਆਪਣਾ ਜਾਦੂ ਧੂੜ ਦਿੱਤਾ ਹੈ। ਪੰਜਾਬ ਚੋਣਾਂ ਬਾਰੇ ਰਿਪੋਰਟਿੰਗ ਕਰਨ ਵਾਸਤੇ ਜੋ ਮੀਡੀਆ ਕਰਮੀ ਦੇਸ਼-ਵਿਦੇਸ਼ ਤੋਂ ਆਏ ਸਨ, ਉਹ ḔਆਪḔ ਦੀ ਹਮਾਇਤ ਵਿਚ ਨਿਤਰਨ ਵਾਲੇ ਲੋਕਾਂ ਤੋਂ ਖ਼ੂਬ ਮੁਤਾਸਿਰ ਹੋ ਕੇ ਗਏ ਹਨ।
ਪਿਛਲੀਆਂ ਚੋਣਾਂ ਦੇ ਅੰਕੜੇ ਬੋਲਦੇ ਹਨ ਕਿ ਪੰਜਾਬ ਵਿਚ ਕਿਸੇ ਤੀਜੀ ਧਿਰ ਲਈ ਜਗ੍ਹਾ ਬਣਾਉਣਾ ਆਸਾਨ ਨਹੀਂ। ਜ਼ਿਆਦਾਤਰ ਅਕਾਲੀ ਅਤੇ ਕਾਂਗਰਸੀ ਹੀ Ḕਉਤਰ ਕਾਟੋ ਮੈਂ ਚੜ੍ਹਾਂḔ ਵਾਲੀ ਖੇਡ ਖੇਡਦੇ ਆਏ ਹਨ। ਪਿਛਲੀਆਂ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਦੀ ਪੰਜਾਬ ਪੀਪਲਜ਼ ਪਾਰਟੀ ਨੇ ਇਸ ਜੋਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਸਾਰਥਿਕ ਨਤੀਜਾ ਕੁਝ ਵੀ ਨਹੀਂ ਨਿਕਲਿਆ, ਪਰ ਹੁਣ ḔਆਪḔ ਇਸ ਰੁਝਾਨ ਨੂੰ ਖ਼ਤਮ ਕਰਨ ਦਾ ਬੰਨ੍ਹ-ਸੁਬ੍ਹ ਬਣਾ ਦਿੱਤਾ ਹੈ।
ਚੋਣਾਂ ਦਾ ਨਤੀਜਾ ਕੁਝ ਵੀ ਨਿਕਲੇ, ਪਰ ਸੂਬੇ ਵਿਚ ḔਆਪḔ ਦੀ ਕਾਰਗੁਜ਼ਾਰੀ ਇਸ ਤੱਥ ਨੂੰ ਉਜਾਗਰ ਕਰਨ ਤੋਂ ਵਾਚੀ ਜਾਵੇਗੀ ਕਿ ਕਿਵੇਂ ਲੋਕ ਸਥਾਪਿਤ ਸਿਆਸੀ ਪਾਰਟੀਆਂ ਤੋਂ ਅੱਕੇ ਪਏ ਹਨ। ਯਕੀਨਨ ਕਾਂਗਰਸ ਯਥਾ-ਸਥਿਤੀ ਵਿਚ ਵਿਸ਼ਵਾਸ ਰੱਖਣ ਵਾਲੀ ਪਾਰਟੀ ਹੈ ਅਤੇ ਸੰਸਥਾਗਤ ਤੌਰ Ḕਤੇ ਤੇਜ਼ੀ ਨਾਲ ਬਦਲ ਰਹੀ ਸੂਰਤ-ਏ-ਹਾਲ ਮੁਤਾਬਿਕ ਖ਼ੁਦ ਵਿਚ ਬਦਲਾਉ ਲਿਆਉਣੋਂ ਅਸਮਰਥ ਹੈ। ਇਸ ਵਿਚ ਕੋਈ ਹੈਰਤ ਵਾਲੀ ਗੱਲ ਵੀ ਨਹੀਂ। ਜਿਥੋਂ ਤੱਕ ਭਾਜਪਾ ਦਾ ਸਵਾਲ ਹੈ, ਪੰਜਾਬ ਦੇ ਵੋਟਰ ਕਦੀ ਵੀ ਮੋਦੀ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ, ਪਰ ਸਵਾਗਤਯੋਗ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦਾ ਵੋਟਰ ਅਕਾਲੀ ਜਥੇਦਾਰਾਂ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਤਿਆਰ ਬੈਠਾ ਹੈ। ਪੰਜਾਬ ਦਾ ਦਿਹਾਤ ਸੱਚਮੁੱਚ ਪਰਿਵਰਤਨ ਲਈ ਤਿਆਰ-ਬਰ-ਤਿਆਰ ਹੈ।
ਦੋਵੇਂ ਰਵਾਇਤੀ ਪਾਰਟੀਆਂ- ਅਕਾਲੀ ਦਲ ਅਤੇ ਕਾਂਗਰਸ, ਪਰਵਾਸੀ ਭਾਰਤੀਆਂ ਦੇ ḔਆਪḔ ਦੀ ਹਮਾਇਤ ਵਿਚ ਪੰਜਾਬ ਆਉਣ ਤੋਂ ਬੁਰੀ ਤਰ੍ਹਾਂ ਔਖੀਆਂ ਸਨ। ḔਆਪḔ ਨੇ ਨਾ ਸਿਰਫ਼ ਪੰਜਾਬ, ਸਗੋਂ ਪੂਰੇ ਭਾਰਤ ਦੇ ਐਨæਆਰæਆਈਜ਼ ਦੇ ਸੁਪਨਿਆਂ ਨੂੰ ਹੁਲਾਰਾ ਦਿੱਤਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚਰਮਪੰਥੀ ਕਿਸਮ ਦੇ ਕੁਝ ਲੋਕ ਵੀ ਪੰਜਾਬ ਵਿਚ ਗੜਬੜੀ ਫੈਲਾਉਣ ਦੇ ਮਨਸ਼ੇ ਨਾਲ ਆ ਵੜੇ ਹੋਣਗੇ। ਖ਼ੈਰ, ਇਹ ਤਾਂ ਨਤੀਜੇ ਹੀ ਦੱਸਣਗੇ ਕਿ ḔਆਪḔ ਦੇ ਮੁਕੱਦਰ ਨੂੰ ਪਰਵਾਸੀ ਭਾਰਤੀਆਂ ਨੇ ਕਿੰਨਾ ਕੁ ਨਿਖਾਰਿਆ ਹੈ।
ਦੇਖਿਆ ਗਿਆ ਹੈ ਕਿ ਰਵਾਇਤੀ ਪਾਰਟੀਆਂ ਵੱਲੋਂ ਕੀਤੀ ਜਾਂਦੀ ਆਲੋਚਨਾ ਵਿਚ ਸੁਹਜ-ਸਲੀਕੇ ਵਾਲੀ ਕੋਈ ਗੱਲ ਨਹੀਂ ਸੀ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵੇਲੇ ਤੋਂ ਹੀ ਪਰਵਾਸੀ ਭਾਰਤੀਆਂ ਨੂੰ ਸਿਲਸਿਲੇਵਾਰ ਢੰਗ ਨਾਲ ਪਲੋਸਣ ਦੀ ਨੀਤੀ ਸ਼ੁਰੂ ਹੋਈ ਸੀ। ਇਹ ਰੁਝਾਨ ਆਲਮੀ ਪੱਧਰ Ḕਤੇ ਹੈ। ਹਰ ਸਰਕਾਰ ਪਰਵਾਸੀਆਂ ਨੂੰ ਪਲੋਸਣਾ ਚਾਹੁੰਦੀ ਹੈ। ਸੋ, ਸੁਭਾਵਿਕ ਹੈ ਕਿ ਉਹ ਵੀ ਆਪਣੇ ਮੁਲਕ ਦੇ ਮਾਮਲਿਆਂ ਵਿਚ ਦਿਲਚਸਪੀ ਲੈਣ। ਵੱਡੀ ਗਿਣਤੀ ਵਿਚ ਪਰਵਾਸੀ ਇੱਧਰਲੇ ਪਾਸੇ ਕੋਈ ਨਾ ਕੋਈ ਪਿੰਡ ਚੁਣ ਕੇ ਉਸ ਦੇ ਸੁਧਾਰ ਲਈ ਪੈਸਾ ਲਗਾਉਂਦੇ ਹਨ ਅਤੇ ਪੰਜਾਬੀ ਜੀਵਨ ਦੀ ਬਿਹਤਰੀ ਲਈ ਕਈ ਢੰਗਾਂ ਨਾਲ ਯੋਗਦਾਨ ਪਾਉਂਦੇ ਹਨ। ਜੇ ਆਮ ਦਿਨਾਂ ਦੌਰਾਨ ਵਿਕਾਸ ਕਾਰਜਾਂ ਵਿਚ ਉਨ੍ਹਾਂ ਦੀ ਸ਼ਿਰਕਤ ਇਤਰਾਜ਼ਯੋਗ ਨਹੀਂ, ਤਾਂ ਚੋਣਾਂ ਦੌਰਾਨ ਉਨ੍ਹਾਂ ਦੀ ਸ਼ਮੂਲੀਅਤ Ḕਤੇ ਇਤਰਾਜ਼ ਕਿਉਂ?
ਪੰਜਾਬ ਦੇ ਤਕਰੀਬਨ ਸਾਰੇ ਨੇਤਾ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਵਿਚ ਆਪਣੇ ਦੌਰਿਆਂ ਦੌਰਾਨ ਪ੍ਰਭਾਵਸ਼ਾਲੀ ਪਰਵਾਸੀਆਂ ਨੂੰ ਮਿਲਦੇ ਹਨ। ਪੰਜਾਬ ਦੇ ਲੀਡਰ ਹੀ ਕਿਉਂ, ਪ੍ਰਧਾਨ ਮੰਤਰੀ ਬਣ ਕੇ ਨਰੇਂਦਰ ਮੋਦੀ ਨੇ ਨਿਊ ਯਾਰਕ ਤੇ ਲੰਡਨ ਵਿਚ ਪਰਵਾਸੀਆਂ ਨਾਲ ਮਿਲਣੀਆਂ ਨੂੰ ਚੰਗਾ ਖ਼ਾਸਾ ਜਸ਼ਨ ਬਣਾ ਕੇ ਰੱਖ ਦਿੱਤਾ ਹੈ। ਜੇ ਪਰਵਾਸੀ ਭਾਰਤੀਆਂ ਦੀਆਂ ਤਾੜੀਆਂ ਅਤੇ ਮਕਬੂਲੀਅਤ ਕਿਸੇ ਨੇਤਾ ਦੇ ਕੌਮਾਂਤਰੀ ਕੱਦ-ਬੁੱਤ ਦਾ ਸਬੂਤ ਹੈ ਤਾਂ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਦਿਲਚਸਪੀ ਲੈਣ ਉਤੇ ਐਨਾ ਰੌਲਾ ਕਿਉਂ?

ਕਿਹਾ ਜਾਂਦਾ ਹੈ ਕਿ ਜਹਾਨੋਂ ਤੁਰ ਜਾਣ ਵਾਲਿਆਂ ਬਾਰੇ ਮੰਦਾ ਨਹੀਂ ਬੋਲਣਾ ਚਾਹੀਦਾ, ਪਰ ਐਚæਡੀæ ਦੇਵੇਗੌੜਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਮੇਂ ਸੀ ਬੀ ਆਈ ਦੇ ਡਾਇਰੈਕਟਰ ਬਣੇ ਜੋਗਿੰਦਰ ਸਿੰਘ ਬਾਬਤ ਇਸ ਕਹਾਵਤ ਅਤੇ ਸੋਚਣੀ ਤੋਂ ਕਿਨਾਰਾਕਸ਼ੀ ਕੀਤੀ ਜਾ ਸਕਦੀ ਹੈ। ਇਹ ਸ਼ਖ਼ਸ ਇਸ ਪਦਵੀ ਲਈ ਮੂਲੋਂ ਹੀ ਫਿੱਟ ਨਹੀਂ ਸੀ। ਨਾ ਤਾਂ ਉਸ ਵਿਚ ਕੋਈ ਬੌਧਿਕ ਪਰਿਪੱਕਤਾ ਸੀ ਅਤੇ ਨਾ ਹੀ ਸ਼ਾਇਸਤਗੀ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਰਾਸ਼ਟਰੀ ਪੱਧਰ Ḕਤੇ ਭ੍ਰਿਸ਼ਟਾਚਾਰ ਦਾ ਮੁੱਦਾ ਸਿਖਰਾਂ Ḕਤੇ ਸੀ। ਵੋਹਰਾ ਕਮੇਟੀ ਨੇ ਭ੍ਰਿਸ਼ਟ ਅਨਸਰਾਂ ਅਤੇ ਅਪਰਾਧੀਆਂ ਦਰਮਿਆਨ ਗੰਢ-ਤੁੱਪ ਦੀ ਗੱਲ ਕੀਤੀ ਸੀ। ਸਭ ਦੀਆਂ ਅੱਖਾਂ ਸੀ ਬੀ ਆਈ ਉਤੇ ਲੱਗੀਆਂ ਹੋਈਆਂ ਸਨ; ਲੇਕਿਨ ਜੋਗਿੰਦਰ ਸਿੰਘ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਨੂੰ ਲੋਕ ਸੰਪਰਕ ਸ਼ੋਸ਼ੇ ਵਿਚ ਬਦਲ ਕੇ ਰੱਖ ਦਿੱਤਾ। ਉਸ ਦੇ ਕਾਰਜਕਾਲ ਦੌਰਾਨ ਸੀ ਬੀ ਆਈ ਦਾ ਸਾਰਾ ਸੰਸਥਾਗਤ ਅਕਸ ਖ਼ਰਾਬ ਹੋ ਕੇ ਰਹਿ ਗਿਆ। ਇਹ ਸਿਰਮੌਰ ਏਜੰਸੀ ਅਤੇ ਇਸ ਦੇ ਸੀਨੀਅਰ ਅਫ਼ਸਰਾਨ ਸਿਆਸੀ ਮੁਲਾਹਜ਼ੇਦਾਰੀਆਂ ਵਿਚ ਗ਼ਲਤਾਨ ਹੋ ਗਏ। ਸੁਪਰੀਮ ਕੋਰਟ ਵੱਲੋਂ ਕੀਤਾ ਕੋਈ ਵੀ ਉਪਰਾਲਾ ਹੁਣ ਸੀ ਬੀ ਆਈ ਨੂੰ ਜੋਗਿੰਦਰ ਸਿੰਘ ਵਾਲੇ ਵਾਇਰਸ ਤੋਂ ਮੁਕਤ ਨਹੀਂ ਕਰ ਸਕਿਆ।

ਕਈ ਸਾਲ ਪਹਿਲਾਂ ਦਿੱਲੀ ਸ਼ਹਿਰ ਉਪਰ ਇਕ ਰੇਡੀਓ ਪ੍ਰੋਗਰਾਮ ਸੁਣਿਆ ਜਿਸ ਵਿਚ ਸਰੋਤਿਆਂ ਨੂੰ ਇਸ ਇਤਿਹਾਸਕ ਮੁਗ਼ਲੀਆ ਸ਼ਹਿਰ ਨਾਲ ਵਾਬਸਤਾ ਰਹੱਸਾਂ ਬਾਰੇ ਟੈਲੀਫ਼ੋਨ ਉਤੇ ਹੀ ਸਵਾਲ ਪੁੱਛਣ ਤੇ ਜਵਾਬ ਸੁਣਨ ਦਾ ਮੌਕਾ ਦਿੱਤਾ ਜਾ ਰਿਹਾ ਸੀ। ਮੈਨੂੰ ਇਹ ਪ੍ਰੋਗਰਾਮ ਬੜਾ ਦਿਲਚਸਪ ਲੱਗਾ, ਕਿਉਂਕਿ ਇਸ ਵਿਚ ਸਵਾਲ ਵਿਸ਼ਾ ਮਾਹਿਰ Ḕਸਵਪਨਾ ਜੀḔ ਦੇ ਸਪੁਰਦ ਕਰ ਦਿੱਤੇ ਜਾਂਦੇ ਸਨ ਅਤੇ ਉਹ ਬੜੀ ਕੁਸ਼ਲਤਾ ਤੇ ਦਿਲਚਸਪ ਢੰਗ ਨਾਲ ਸਾਰੇ ਸਵਾਲਾਂ ਦੇ ਜਵਾਬ ਪੂਰੀ ਤਫ਼ਸੀਲ ਨਾਲ ਦੇ ਰਹੀ ਸੀ। ਮੈਨੂੰ ਅੱਧੇ ਘੰਟੇ ਦਾ ਇਹ ਪ੍ਰੋਗਰਾਮ ਇਸ ਕਰ ਕੇ ਵਧੀਆ ਲੱਗ ਰਿਹਾ ਸੀ ਕਿਉਂਕਿ ਦਿੱਲੀ ਵਾਲਾ ਹੋਣ ਦੇ ਨਾਤੇ ਮੈਨੂੰ ਲੱਗਦਾ ਸੀ ਕਿ ਪੁਰਾਣੀ ਦਿੱਲੀ ਬਾਰੇ ਮੈਂ ਸਭ ਕੁਝ ਜਾਣਦਾ ਹਾਂ, ਪਰ ਇਹ ਜਾਣ ਕੇ ਹੈਰਾਨੀ ਹੋਈ ਕਿ ਕੋਈ ਹੋਰ ਵੀ ਹੈ ਜਿਹੜਾ ਮੈਥੋਂ ਕਿਤੇ ਵੱਧ ਜਾਣਦਾ ਹੈ ਅਤੇ ਹਰ ਹਫ਼ਤੇ ਨਵੇਂ ਤੋਂ ਨਵੇਂ ਸੁਆਦਲੇ ਤਵਾਰੀਖ਼ੀ ਤੱਥਾਂ ਨੂੰ ਪੇਸ਼ ਕਰ ਸਕਦਾ ਹੈ। ਫਿਰ ਵਰ੍ਹਿਆਂ ਬਾਅਦ ਮੈਨੂੰ ਪਤਾ ਲੱਗਾ ਕਿ ਦਿੱਲੀ ਬਾਰੇ ਇਤਿਹਾਸਕ ਤਫ਼ਸੀਲ ਨਾਲ ਪਰੁੰਨੀ ਇਹ ਮਾਹਿਰ ਮੇਰੇ ਹੀ ਸਹਿਕਰਮੀ ਗੌਰਬ ਬੈਨਰਜੀ (ਸਾਬਕਾ ਵਧੀਕ ਸੋਲੀਸਿਟਰ-ਜਨਰਲ) ਦੀ ਬੀਵੀ ਸੀ।
ਹੁਣ ਇਹ ḔਸਵਪਨਾḔ ਸ੍ਰ੍ਰੀਮਤੀ ਸਵਪਨਾ ਲਿਡਲ Ḕਚਾਂਦਨੀ ਚੌਕ: ਦਿ ਮੁਗ਼ਲ ਸਿਟੀ ਆਫ਼ ਓਲਡ ਦੇਹਲੀḔ ਕਿਤਾਬ ਦੀ ਲਿਖਾਰੀ ਹੈ। ਇਹ ਬਹੁਤ ਦਿਲਚਸਪ ਅਤੇ ਪੜ੍ਹਨਯੋਗ ਕਿਤਾਬ ਹੈ, ਮਜ਼ੇਦਾਰ ਤਫ਼ਸੀਲ ਨਾਲ ਲਬਰੇਜ਼।
ਮੈਨੂੰ ਜਿਹੜੀ ਗੱਲ ਇਸ ਕਿਤਾਬ ਵਿਚ ਸਭ ਤੋਂ ਵਧੀਆ ਲੱਗੀ, ਉਹ ਇਹ ਹੈ ਕਿ ਲਿਖਾਰੀ ਦਿੱਲੀ ਦੀ ਰਾਜਧਾਨੀ ਵਜੋਂ ਪ੍ਰਸੰਗਕਤਾ ਦੀ ਬਾਤ ਪਾਉਂਦੀ ਹੈ। ਉਹ ਦੱਸਦੀ ਹੈ ਕਿ ਕਿਵੇਂ ਬਾਦਸ਼ਾਹ ਸ਼ਾਹਜਹਾਂ ਵੱਲੋਂ ਰਾਜਧਾਨੀ ਵਜੋਂ ਯਮੁਨਾ ਦੇ ਕਿਨਾਰੇ ਦੀ ਚੋਣ ਦਾ ਕਾਰਨ ਇਸ ਦਾ ਹਿੰਦੂ ਮਿਥਿਹਾਸ ਅਤੇ ਪਰੰਪਰਾ ਨਾਲ ਸਬੰਧਤ ਹੋਣਾ ਸੀ। ਨਿਗਮ ਬੋਧਕ ਨਾਂ ਦੇ ਇਸ ਸਥਾਨ ਬਾਰੇ ਸਮਝਿਆ ਜਾਂਦਾ ਹੈ ਕਿ ਇਸ ਥਾਂ ਨੂੰ ਭਗਵਾਨ ਵਿਸ਼ਨੂੰ ਦਾ ਵਰਦਾਨ ਸੀ। “ਇਥੋਂ ਦੇ ਪਾਣੀਆਂ ਵਿਚ ਡੁਬਕੀ ਮਾਰਨ ਨਾਲ ਹੀ ਵੇਦਾਂ ਦਾ ਗਿਆਨ ਹਾਸਲ ਹੋ ਜਾਂਦਾ ਸੀ। ਅਤੇ ਇਥੇ ਰਾਜਧਾਨੀ ਬਣਾਉਣ ਨਾਲ ਮੁਗ਼ਲ ਬਾਦਸ਼ਾਹ ਲੋਕਾਂ ਦੀਆਂ ਨਜ਼ਰਾਂ ਵਿਚ ਆਪਣੀ ਹਕੂਮਤ ਨੂੰ ਹੱਕ-ਬਜਾਨਬ ਠਹਿਰਾ ਸਕਦੇ ਸਨ।”
Ḕਸਵਪਨਾ ਜੀḔ ਇਥੇ ਸ਼ਾਸਨ ਕਲਾ ਦੇ ਬੁਨਿਆਦੀ ਸਿਧਾਂਤਾਂ ਦੀ ਵੀ ਗੱਲ ਕਰਦੇ ਹਨ। ਸਮਰਾਟ ਨੂੰ ਆਪਣੀ ਸਾਰੀ ਪਰਜਾ ਦੇ ਕਲਿਆਣ ਲਈ ਕੰਮ ਕਰਨਾ ਹੁੰਦਾ ਹੈ। ਮੁਗ਼ਲ ਬਾਦਸ਼ਾਹ ਵਸੋਂ ਵਰਗਾਂ ਅਤੇ ਧਾਰਮਿਕ ਅਕੀਦਿਆਂ ਤੋਂ ਉਪਰ ਉਠ ਕੇ ਖ਼ੁਦ ਨੂੰ ਪੂਰੇ ਹਿੰਦੁਸਤਾਨ ਦੇ ਹਾਕਮ ਸਮਝਦੇ ਸਨ। ਇਹੀ ਨਹੀਂ, ਉਹ ਹਿੰਦੂ ਤਿਉਹਾਰਾਂ ਨੂੰ ਹਰ ਹੀਲੇ ਮਾਨਤਾ ਦਿੰਦੇ ਸਨ। ਹਿੰਦੂ ਤਿਉਹਾਰਾਂ ਦੌਰਾਨ ਵਿਸ਼ੇਸ਼ ਦਰਬਾਰ ਸਜਾਏ ਜਾਂਦੇ ਸਨ। ਸਰਬ ਸਾਂਝੇ ਸਭਿਆਚਾਰ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋਵੇਗੀ?
ਉਂਜ, ਪਰਜਾ ਨੂੰ ਪ੍ਰਭਾਵਿਤ ਕਰਨ ਜਾਂ ਡਰਾਉਣ ਧਮਕਾਉਣ ਦੀ ਲੋੜ ਵੀ ਹਮੇਸ਼ਾ ਰਹਿੰਦੀ ਹੈ। ਸ਼ਹਿਰ ਦਾ ਬੁਨਿਆਦੀ ਖ਼ਾਕਾ ਸ਼ਾਹੀ ਸ਼ਾਨੋ-ਸ਼ੌਕਤ ਦਾ ਦਿਖਾਵਾ ਕਰਨ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਸੀ। ਚੌੜੀਆਂ ਖੁੱਲ੍ਹੀਆਂ ਸੜਕਾਂ ਜਲੌਪੂਰਨ ਜਲੂਸ ਕੱਢਣ ਲਈ ਬਣਾਈਆਂ ਗਈਆਂ ਸਨ। ਜਦੋਂ ਬਾਦਸ਼ਾਹ ਜਾਮਾ ਮਸਜਿਦ ਨਮਾਜ਼ ਅਦਾ ਕਰਨ ਜਾਂ ਉਂਜ ਹੀ ਉਤਰ ਦੱਖਣ ਵਾਲੇ ਪਾਸੇ ਕਿਧਰੇ ਜਾਂਦਾ ਤਾਂ ਹਾਥੀਆਂ, ਘੋੜਿਆਂ, ਪਾਲਕੀਆਂ ਅਤੇ ਬੱਘੀਆਂ ਵਾਲੇ ਸ਼ਾਨਦਾਰ ਜਲੂਸ ਦਾ ਨਜ਼ਾਰਾ ਦੇਖਦੇ ਹੀ ਬਣਦਾ ਸੀ।
ਲਿਡਲ ਦੀ ਕਿਤਾਬ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਿਵੇਂ ਅਜੇ ਤੱਕ ਅਸੀਂ ਪੁਰਾਣੀ ਸ਼ਾਨੋ-ਸ਼ੌਕਤ ਵਾਲੀ ਪਰੰਪਰਾ ਨੂੰ ਢੋਅ ਰਹੇ ਹਾਂ। ਸਾਡੀ ਗਣਤੰਤਰ ਦਿਵਸ ਪਰੇਡ ਅਤੇ ਬੀਟਿੰਗ ਰੀਟ੍ਰੀਟ ਵਰਗੀਆਂ ਰਸਮਾਂ ਸੱਤਾ ਦੀ ਦਰਜਾਬੰਦੀ ਅਤੇ ਸੱਤਾ ਪ੍ਰਦਰਸ਼ਨ ਦੀ ਜ਼ਰੂਰਤ ਦਾ ਮੁਜ਼ਾਹਰਾ ਹੀ ਤਾਂ ਹਨ।