ਵਿਆਹ ਵਿਥਿਆ

ਸਦਾਬਹਾਰ ਗੁਲਜ਼ਾਰ ਸਿੰਘ ਸੰਧੂ-2
ਪ੍ਰਿੰਸੀਪਲ ਸਰਵਣ ਸਿੰਘ ਬੇਸ਼ਕ ਬਹੁਤਾ ਖੇਡ ਲੇਖਕ ਵਜੋਂ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਕਥਾ ਰਸ ਕਮਾਲ ਦਾ ਹੁੰਦਾ ਹੈ। ਇਸੇ ਕਰਕੇ ਉਨ੍ਹਾਂ ਦੀਆਂ ਖੇਡ ਲਿਖਤਾਂ ਵੀ ਕਹਾਣੀਆਂ ਹੀ ਜਾਪਦੀਆਂ ਹਨ। ਉਨ੍ਹਾਂ ਦੀਆਂ ਗਲਪ ਰਚਨਾਵਾਂ ਪਾਠਕ ਦਿਲਚਸਪੀ ਨਾਲ ਪੜ੍ਹਦੇ ਹਨ। ਜੀਵਨੀਨੁਮਾ ਲੇਖ ਵੀ ਉਹ ਬਹੁਤ ਸੋਹਣੇ ਲਿਖਦੇ ਹਨ। ‘ਪੰਜਾਬ ਟਾਈਮਜ਼’ ਦੇ ਪਾਠਕ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਵਰਗਾ ਇਨਕਲਾਬੀ ਗੀਤ ਲਿਖਣ ਵਾਲੇ ਸ਼ਾਇਰ ਸੰਤ ਰਾਮ ਉਦਾਸੀ ਅਤੇ ਨਾਟਕਕਾਰ (ਨਾਟਕਬਾਜ਼) ਬਲਵੰਤ ਗਾਰਗੀ ਬਾਰੇ ਲੰਮੇ ਲੇਖ ਪੜ੍ਹ ਚੁਕੇ ਹਨ।

ਹੁਣ ਉਨ੍ਹਾਂ ਸਾਹਿਤਕਾਰ-ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਬਾਰੇ ਇਹ ਲੰਮਾ ਲੇਖ ਭੇਜਿਆ ਹੈ ਜੋ ਉਨ੍ਹਾਂ ਦੀ ਮਾਰਚ ਮਹੀਨੇ ਛਪ ਰਹੀ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਵਿਚ ਸ਼ਾਮਲ ਹੋਵੇਗਾ। ਇਹ ਲੇਖ ਅਸੀਂ ਕਿਸ਼ਤਾਂ ਵਿਚ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਪ੍ਰਿੰਸੀਪਲ ਸਰਵਣ ਸਿੰਘ ਵੀ ਸੰਧੂ ਜੱਟ ਹਨ। ਹੁਣ ਇਹ ਫੈਸਲਾ ਪਾਠਕਾਂ ‘ਤੇ ਛਡਦੇ ਹਾਂ ਕਿ ਉਹ ਇਸ ਲੇਖ ਵਿਚ ਆਪਣੇ ਸੰਧੂ ਭਰਾ (ਗੁਲਜ਼ਾਰ ਸੰਧੂ) ਦੀ ਵਡਿਆਈ ਕਰਦੇ ਹਨ ਜਾਂ ਫਿਰ ਸ਼ਰੀਕ ਬਣ ਕੇ ਉਨ੍ਹਾਂ ਦੇ ਪਾਜ਼ ਉਧੇੜਦੇ ਹਨ। ਪਿਛਲੇ ਅੰਕ ਵਿਚ ਉਨ੍ਹਾਂ ਗੁਲਜ਼ਾਰ ਸੰਧੂ ਦੀ ਦਿੱਲੀ ਸਰਗਰਮੀ ਬਾਰੇ ਦੱਸਿਆ ਸੀ, ਐਤਕੀਂ ਵਿਆਹ ਦੀ ਦਿਲਚਸਪ ਵਿਥਿਆ ਸੁਣਾਈ ਹੈ। -ਸੰਪਾਦਕ
ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਗੁਲਜ਼ਾਰ ਸੰਧੂ ਲਈ ਸਾਹਿਤਕਾਰੀ ਸ਼ੁਗਲ ਵੀ ਹੈ ਤੇ ਮਨਪ੍ਰਚਾਵਾ ਵੀ ਅਤੇ ਸਰੋਕਾਰਾਂ ਨੂੰ ਜ਼ੁਬਾਨ ਦੇਣ ਦਾ ਉਪਰਾਲਾ ਵੀ। ਉਹ ਮਿਲਣ ਵਰਤਣ ‘ਚ ਦਰਿਆ ਦਿਲ ਬੰਦਾ ਹੈ। ‘ਲੱਠਾ ਬੰਦਾ’ ਵਿਸ਼ੇਸ਼ਣ ਅਜਿਹੇ ਬੰਦਿਆਂ ਬਾਰੇ ਹੀ ਵਰਤਿਆ ਜਾਂਦੈ। ਉਹਦਾ ਕਿਸੇ ਨਾਲ ਵੈਰ ਨਹੀਂ, ਵਿਰੋਧ ਨਹੀਂ, ਵਾਧਾ ਨਹੀਂ, ਵੱਟਾ ਨਹੀਂ। ਯਾਰਾਂ ਦਾ ਜਿਗਰੀ ਯਾਰ, ਦਿਲਦਾਰ, ਰੰਗਲਾ ਸੱਜਣ, ਖੁੱਲ੍ਹਦਿਲਾ ਇਨਸਾਨ ਤੇ ਪਰਉਪਕਾਰੀ ਜਿਊੜਾ। ਡਾæ ਹਰਿਭਜਨ ਸਿੰਘ ਦੇ ਕਹਿਣ ਅਨੁਸਾਰ, ਦੋਸਤੀ ਦੀ ਕਲਾ ਦਾ ਉਹ ਬੇਜੋੜ ਕਲਾਕਾਰ ਹੈ। ਉਹ ਜਦੋਂ ਕਦੇ ਡਿੱਗਿਆ, ਹਮੇਸ਼ਾ ਪੈਰਾਂ ਭਾਰ ਹੀ ਡਿੱਗਿਆ ਜਿਸ ਕਰ ਕੇ ਤੁਰਤ ਖੜ੍ਹਾ ਹੋ ਜਾਂਦਾ ਰਿਹਾ। ਉਹਦੇ ਜੀਵਨ ‘ਤੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਦੈ ਕਿ ਉਹ ਕਿਤੇ ਵੀ ਬੱਝ ਕੇ ਬਹਿਣ ਵਾਲਾ ਬੰਦਾ ਨਹੀਂ ਸੀ। ਅੱਜ ਏਥੇ, ਭਲਕੇ ਓਥੇ। ਉਹਨੇ ਪੜ੍ਹਾਈ ਕਰਨ ਲਈ ਸਕੂਲ ਬਦਲੇ, ਟਿਕਾਣੇ ਬਦਲੇ, ਨੌਕਰੀਆਂ ਬਦਲੀਆਂ, ਰੈਣ ਬਸੇਰੇ ਬਦਲੇ ਤੇ ਹੋਰ ਵੀ ਕਾਫੀ ਕੁਝ ਬਦਲਿਆ, ਪਰ ਵਿਆਹ ਇਕੋ ਕਰਾਇਆ ਤੇ ਉਹੀ ਤੋੜ ਚੜ੍ਹਾਇਆ!
ਜੰਮਿਆ ਉਹ ਪੁਆਧ ਵਿਚ, ਸਕੂਲੀ ਪੜ੍ਹਾਈ ਮਾਲਵੇ ‘ਚ ਕੀਤੀ ਅਤੇ ਕਾਲਜ ਦੀ ਵਿਦਿਆ ਦੁਆਬੇ ਦੇ ਮਾਹਿਲਪੁਰ ਕਾਲਜ ਤੋਂ ਲਈ। ਦਿੱਲੀ, ਲੁਧਿਆਣੇ, ਚੰਡੀਗੜ੍ਹ ਤੇ ਪਟਿਆਲੇ ਨੌਕਰੀ ਕੀਤੀ। ਦੁਨੀਆਂ ਦੇ ਅਨੇਕਾਂ ਦੇਸ਼ ਤੇ ਸ਼ਹਿਰ ਗਾਹੇ। 25 ਦੇਸ਼ 75 ਗੱਲਾਂ। ਡੇਰਾ ਡਾਂਗ ‘ਤੇ ਨਹੀਂ, ਕਲਮ ‘ਤੇ ਰੱਖਿਆ। ਸਿਹਤ ਵਿਭਾਗ ਦਿੱਲੀ ਦੀ ਡਾਇਰੈਟਰ ਡਾæ ਸੁਰਜੀਤ ਕੌਰ ਪੰਨੂੰ ਸੰਗ ਵਿਆਹੇ ਜਾਣ ਪਿੱਛੋਂ ਵੀ ਉਹ ਜਿਹੋ ਜਿਹਾ ਪਹਿਲਾਂ ਸੀ, ਉਹੋ ਜਿਹਾ ਹੀ ਬਾਅਦ ਵਿਚ ਰਿਹਾ। ਬੇਪ੍ਰਵਾਹ ਦਾ ਬੇਪ੍ਰਵਾਹ। ਫੱਕਰ ਦਾ ਫੱਕਰ। ਵਾਧੇ ਘਾਟੇ ਵੱਲੋਂ ਨਿਸ਼ਚਿੰਤ। ਭਾਵੇਂ ਗੱਡੇ ਲੰਘ ਜਾਣ! ਵਿਆਹ ਕਰਵਾ ਕੇ ਵੀ ਉਹ ਕਬੀਲਦਾਰ ਨਹੀਂ ਬਣਿਆ।
ਚਲੋ ਉਹਦੇ ਵਿਆਹ ਦੀ ਗੱਲ ਵੀ ਕਰ ਲਈਏ। ਬਕੌਲ ਬੂਟਾ ਸਿੰਘ, ਵਿਆਹ ਤੋਂ ਸੰਧੂ ਨੂੰ ਉਨਾ ਹੀ ਡਰ ਲੱਗਦਾ ਸੀ ਜਿੰਨਾ ਕਾਂ ਨੂੰ ਗੁਲੇਲੇ ਤੋਂ। ਇਸੇ ਡਰ ਦਾ ਮਾਰਾ ਉਹ ਪਿੰਡੋਂ ਦਿੱਲੀ ਟਿੱਭ ਆਇਆ ਸੀ ਤੇ ਮਾਮਿਆਂ ਕੋਲ ਰਹਿ ਕੇ ਟੈਕਸੀ ਡਰਾਈਵਰ ਬਣਨ ਦੀਆਂ ਤਿਆਰੀਆਂ ਕਰਨ ਲੱਗ ਪਿਆ ਸੀ। ਹਰਚਰਨ ਸਿੰਘ ਬਾਠ ਵੀ ਉਨ੍ਹਾਂ ਦਿਨਾਂ ਵਿਚ ਟੈਕਸੀ ਚਲਾਉਣ ਦਾ ਕੰਮ ਸਿੱਖ ਰਿਹਾ ਸੀ। ਦੋਵੇਂ ਜੱਟਾਂ ਦੇ ਮੁੰਡੇ, ਦੋਵੇਂ ਘਰਾਂ ਤੋਂ ਨੱਠੇ, ਡਰਾਈਵਰ ਬਣਨ ਦੇ ਚਾਅ ਵਿਚ ਇਕੱਠੇ ਹੋ ਗਏ। ਇਕ ਹੀ ਮੁਲਾਕਾਤ ਵਿਚ ਦੋਹਾਂ ਦੀ ਦੋਸਤੀ ਪੱਕੀ ਹੋ ਗਈ। ਫਿਰ ਦੋਵੇਂ ਦੋਸਤ ਟੈਕਸੀ ਡਰਾਈਵਰੀ ਦਾ ਕੰਮ ਵਿਚੇ ਛੱਡ ਕੇ ਗਿਆਨੀ ਕਰਨ ਲੱਗ ਪਏ। ਉਨ੍ਹੀਂ ਦਿਨੀਂ ਗੁਲਜ਼ਾਰ ਦੀ ਹਾਲਤ ਮੱਸਿਆ ਦੇ ਮੇਲੇ ਤੋਂ ਮੁੜੇ ਮੁੰਡੇ ਵਰਗੀ ਸੀæææ ਸੁਰਮਈ ਰੰਗ ਦੀ ਫਰਲੇ ਵਾਲੀ ਪੱਗ, ਲੰਮੀ ਕਮੀਜ਼, ਖਾਕੀ ਚਾਦਰਾ, ਦੁਖੱਲੀ ਲੰਮੀ ਨੋਕ ਵਾਲੀ ਜੁੱਤੀ। ਠੋਡੀ ‘ਤੇ ਆਏ ਚੂੰਢੀ ਕੁ ਵਾਲਾਂ ਨੂੰ ਤਲੀ ਨਾਲ ਘੁੱਟ ਘੁੱਟ ਰੱਖ, ਸ਼ਹਿਰੀ ਮੁੰਡਾ ਬਣ, ਉਹ ਸਾਰਾ ਸਾਰਾ ਦਿਨ ਭਖੀਆਂ ਦੁਪਹਿਰਾਂ ਵਿਚ ਭੌਂਦਾ ਰਹਿੰਦਾ। ਪਹਿਲਾਂ ਸਾਈਕਲ, ਤੇ ਪਿੱਛੋਂ ਮੋਟਰ ਸਾਈਕਲ ਵਾਲਾ ਹੋ ਕੇ ਵੀ ਉਹਨੇ ਵਿਆਹ ਕਰਾਉਣ ਵਿਚ ਦਿਲਚਸਪੀ ਨਾ ਲਈ।
ਦੋਸਤ ਮਿੱਤਰ ਆਸ ਲਾਹੀ ਬੈਠੇ ਸਨ ਕਿ ਉਹਨੇ ਕਿਥੇ ਵਿਆਹ ਕਰਾਉਣਾ! ਕਿਥੇ ਬੱਝ ਕੇ ਬਹਿਣਾ? ਪਹਿਲੀ ਗੱਲ ਤਾਂ ਪਸੰਦ ਦੀ ਕੁੜੀ ਨਹੀਂ ਮਿਲਣੀ, ਮਿਲ ਗਈ ਤਾਂ ਅਗਲੀ ਦੇ ਪਸੰਦ ਨਹੀਂ ਆਉਣਾ। ਉਮਰ ਵੀ ਸੁੱਖ ਨਾਲ ਤੀਹਾਂ ਤੋਂ ਟੱਪ ਗਈ ਸੀ। ਉਨ੍ਹਾਂ ਦਿਨਾਂ ਵਿਚ ਤੀਹਾਂ ਤੋਂ ਟੱਪੇ ਨੂੰ ਰਿਸ਼ਤੇ ਘੱਟ ਹੀ ਜੁੜਦੇ ਸਨ। ਗਾਰਗੀ ਵਰਗੇ ਡਰਾਮੇਬਾਜ਼ ਦੀ ਗੱਲ ਹੋਰ ਸੀ, ਗੁਲਜ਼ਾਰ ਵਰਗੇ ਕਹਾਣੀਕਾਰ ਦੀ ਹੋਰ, ਪਰ ਗੱਲ ਤਾਂ ਸੰਜੋਗਾਂ ਦੀ ਸੀ। ਉਹਦੇ ਸੰਜੋਗ ਰਲੇ ਹੋਏ ਸਨ। ਵਿਆਹ ਉਹਦਾ ਦੇਰ ਨਾਲ ਹੋਇਆ, 33ਵੇਂ ਸਾਲ ਦੀ ਉਮਰ ਵਿਚ। ਬੀਬੀ ਸੁਰਜੀਤ ਕੌਰ ਦਾ ਓਦੂੰ ਵੀ ਪਛੜ ਕੇ, 37ਵੇਂ ਸਾਲ ਵਿਚ। ਲਾੜਾ ਅੰਗਰੇਜ਼ੀ ਦੀ ਐਮæਏæ ਤੇ ਲਾੜੀ ਐਮæਬੀæਬੀæਐਸ਼। ਜੇ ਕੋਈ ਕਹਿੰਦਾ, “ਵਿਆਹ ਬੜਾ ਲੇਟ ਕਰਾਇਆ” ਤਾਂ ਸਫਾਈ ਦਿੰਦੇ, “ਲੇਟ ਕਿਥੇ? ਬਲਵੰਤ ਗਾਰਗੀ ਨਾਲੋਂ ਤਾਂ ਫੇਰ ਵੀ ਪਹਿਲਾਂ ਕਰਾ ਲਿਆ।”
ਗੁਲਜ਼ਾਰ ਸੰਧੂ ਦੇ ਪਿਤਾ ਸ਼ ਹਰੀ ਸਿੰਘ ਕੋਲ ਦੁਆਬੇ ਦੀ 15 ਕਿੱਲੇ ਜ਼ਮੀਨ ਸੀ। ਨਾਲ ਜਗੀਰਦਾਰ ਹੋਣ ਦੀ ਟੌਅਰ। ਜ਼ਮੀਨ ਦੇ ਸਿਰ ‘ਤੇ ਗੁਲਜ਼ਾਰ 9 ਸਾਲ ਦੀ ਨਿਆਣੀ ਉਮਰ ਵਿਚ ਮੰਗਿਆ ਗਿਆ। ਮੰਗੇਤਰ ਦੇ ਪੜ੍ਹਨੋਂ ਹਟ ਜਾਣ ਤੇ ਸੰਧੂ ਦੇ ਪੜ੍ਹਦੇ ਰਹਿਣ ਕਾਰਨ ਉਹ ਮੰਗਣੀ ਟੁੱਟ ਗਈ। ਪੰਦਰਵੇਂ ਸਾਲ ਦੀ ਉਮਰ ਵਿਚ ਉਹਦਾ ਦੁਬਾਰਾ ਮੰਗਣਾ ਹੋਇਆ। ਦੂਜੀ ਮੰਗਣੀ ਤੋਂ ਵਿਆਹ ਲਈ ਗੁਲਜ਼ਾਰ ਤੇ ਉਹਦੇ ਘਰਦਿਆਂ ਨੇ ਜੁਆਬ ਤਾਂ ਨਹੀਂ ਦਿੱਤਾ, ਪਰ ਹੋਰ ਪੜ੍ਹਨ ਤੇ ਨੌਕਰੀ ਜੋਗਾ ਹੋਣ ਦੀਆਂ ਗੱਲਾਂ ਸੁਣ ਕੇ ਅਗਲਿਆਂ ਨੇ ਕੁੜੀ ਕਿਤੇ ਹੋਰ ਵਿਆਹੁਣ ‘ਚ ਈ ਭਲਾ ਸਮਝਿਆ। ਉਂਜ ਇਹ ਕੋਈ ਨਵੀਂ ਗੱਲ ਨਹੀਂ ਸੀ। ਡਾæ ਮਹਿੰਦਰ ਸਿੰਘ ਰੰਧਾਵਾ ਤੇ ਹਾਕੀ ਦੇ ‘ਗੋਲਡਨ ਹੈਟ ਟ੍ਰਿਕ’ ਵਾਲੇ ਓਲੰਪੀਅਨ ਬਲਬੀਰ ਸਿੰਘ ਦੀਆਂ ਪਹਿਲੀਆਂ ਮੰਗਣੀਆਂ ਵੀ ਸਿਰੇ ਨਹੀਂ ਸੀ ਚੜ੍ਹੀਆਂ। ਡਾæ ਰੰਧਾਵਾ ਚੌਥੇ ਤੇ ਬਲਬੀਰ ਸਿੰਘ ਪੰਜਵੇਂ ਥਾਂ ਵਿਆਹਿਆ ਗਿਆ ਸੀ। ਸੰਧੂ ਦਾ ਵਿਆਹ ਵੀ ਉਥੇ ਹੀ ਹੋਇਆ ਜਿਥੇ ਸੰਜੋਗ ਸਨ। ਵਿਆਹ ਪਿਛੋਂ ਉਮੈਦਵਾਰੀ ਹੋਈ, ਪਰ ਬਾਲ-ਬੱਚਾ ਨਾ ਹੋਇਆ। ਸੁੱਖ ਨਾਲ ਰਿਸ਼ਤੇਦਾਰਾਂ ਦੇ ਬੱਚੇ ਬਥੇਰੇ ਹਨ। ਬੱਚਿਆਂ ਦਾ ਉਸ ਨੇ ਕਦੇ ਝੋਰਾ ਨਹੀਂ ਝੁਰਿਆ, ਪਰ ਡਾæ ਅਤਰ ਸਿੰਘ ਦੱਸਦਾ ਹੁੰਦਾ ਸੀ, “ਇਕੇਰਾਂ ਸੰਧੂ ਕਨਾਟ ਪਲੇਸ ਵਿਚ ਕਾਕੇ ਦੇ ਢਾਬੇ ‘ਤੇ ਦੋਸਤਾਂ ਨਾਲ ਖਾਂਦਾ ਪੀਂਦਾ ਨਸ਼ੇ ‘ਚ ਹੋ ਗਿਆ। ਨਾਲੇ ਰੋਈ ਜਾਵੇ, ਨਾਲੇ ਤਾਜ਼ੀ ਮਿਲੀ ਤਨਖਾਹ ਦੇ ਨੋਟ ਖਿਲਾਰਦਾ ਕਹੀ ਜਾਵੇ, ਆਪਣੇ ਕਿਹੜਾ ਜੁਆਕ ਰੋਂਦੇ ਆ।”
ਖਿਲਰੇ ਨੋਟ ਫਿਰ ਅਤਰ ਸਿੰਘ ਨੇ ਹੀ ‘ਕੱਠੇ ਕਰ ਕੇ ਸੰਭਾਲੇ ਸਨ।
ਸੰਧੂ ਜੋੜੇ ਨੇ ਵਸੀਅਤ ਲਿਖ ਦਿੱਤੀ ਹੈ ਕਿ ਮਰਨ ਉਪਰੰਤ ਦੇਹਾਂ ਮੈਡੀਕਲ ਸੰਸਥਾਵਾਂ ਨੂੰ ਦਾਨ ਕਰ ਦਿੱਤੀਆਂ ਜਾਣ। ਮਰਨਾ ਖੁਸ਼ੀ ਨਾਲ ਮਨਾਇਆ ਜਾਵੇ। ਦੇਹ ਦਾਨ ਦਾ ਕਾਰਡ ਹੁਣ ਉਨ੍ਹਾਂ ਦੀ ਜੇਬ ਵਿਚ ਰਹਿੰਦੈ ਕਿ ਜਿਥੇ ਪ੍ਰਾਣ ਪੰਖੇਰੂ ਉਡ ਜਾਣ, ਉਥੋਂ ਦੀ ਨੇੜਲੀ ਮੈਡੀਕਲ ਸੰਸਥਾ ਨੂੰ ਸਬੂਤੀ ਦੇਹ ਦੇ ਦਿੱਤੀ ਜਾਵੇ। ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਕਿਹਾ ਹੋਇਐ ਕਿ ਰੋਣ-ਕੁਰਲਾਉਣ ਤੇ ਮਾਤਮ ਮਨਾਉਣ ਦੀ ਥਾਂ ਖੁਸ਼ੀ ਮਨਾਈ ਜਾਵੇ। ਮੋਟੀਆਂ ਗੱਲਾਂ ਦੋ ਹਨ। ਪਹਿਲੀ ਇਹ ਕਿ ਦੇਹੀ ਕਿਸੇ ਦੇ ਕੰਮ ਆ ਜਾਵੇ। ਜੇ ਹੋ ਸਕੇ ਤਾਂ ਜਿਉਂਦੀ ਜਾਗਦੀ ਵੀ ਵਰਤ ਸਕਦੇ ਹਨ, ਪਰ ਉਦੋਂ ਜਦੋਂ ਹੋਸ਼ ‘ਤੇ ਪੋਚਾ ਫਿਰ ਜਾਏ। ਰੌਲਾ ਹੀ ਕੋਈ ਨਹੀਂ। ਰੋਣਾ ਕਾਹਦਾ? ‘ਰੋਣਾ ਕਾਹਦਾ’ ਕਹਿ ਕੇ ਉਹ ਉਚੀ ਉਚੀ ਹੱਸਦੈ।
ਪੰਜਾਬ ਰੈੱਡ ਕਰਾਸ ਦਾ ਸਕੱਤਰ ਬਣਨ ‘ਤੇ ਕਾਨਾ ਸਿੰਘ ਨੇ ਗੁਲਜ਼ਾਰ ਨੂੰ ਪੁੱਛਿਆ, “ਸਾਹਿਤਕਾਰ ਦਾ ਪੱਤਰਕਾਰੀ ਵੱਲ ਮੁੜਨਾ ਤਾਂ ਸਮਝ ਆਉਂਦਾ ਹੈ, ਪਰ ਰੈੱਡ ਕਰਾਸ ਤੇ ਫੈਮਲੀ ਪਲਾਨਿੰਗ ਦੀਆਂ ਮੈਂਬਰੀਆਂ ਤੇ ਅਹੁਦੇ ਕਿਸ ਲਈ ਤੇ ਕਿਉਂ?”
ਸੰਧੂ ਦਾ ਜਵਾਬ ਸੀ, “ਫੈਮਲੀ ਪਲਾਨਿੰਗ ਨਾਲ ਈ ਤਾਂ ਮੇਰੀ ਸ਼ਾਦੀ ਹੋਈ ਸੀ। ਮੇਰੇ ਵਿਆਹ ਵੇਲੇ ਮੈਂ ਖੇਤੀ ਮੰਤਰਾਲੇ ਵਿਚ ਅਸਿਸਟੈਂਟ ਐਡੀਟਰ ਸਾਂ ਤੇ ਮੇਰੀ ਹੋਣ ਵਾਲੀ ਪਤਨੀ ਸੁਰਜੀਤ ਭਾਰਤ ਸਰਕਾਰ ਦੀ ਫੈਮਲੀ ਪਲਾਨਿੰਗ ਸੰਸਥਾ ਦੀ ਮੈਡੀਕਲ ਅਫਸਰ ਤੇ ਇਨਚਾਰਜ। ਮੈਨੂੰ ਦੋਸਤਾਂ ਨੇ ਪੁੱਛਣਾ ਕਿ ਮੈਂ ਆਪਣੇ ਤੋਂ ਵੱਡੀ ਅਫਸਰ ਨਾਲ ਸ਼ਾਦੀ ਕਿਉਂ ਕੀਤੀ, ਤਾਂ ਮੇਰੇ ਕੋਲ ਘੜਿਆ ਘੜਾਇਆ ਉਤਰ ਸੀ, “ਮੇਰਾ ਮਹਿਕਮਾ ਵਧਦੀ ਵਸੋਂ ਦੇ ਹਾਣ ਦਾ ਅਨਾਜ ਨਹੀਂ ਪੈਦਾ ਕਰ ਸਕਿਆ ਤਾਂ ਵਸੋਂ ਕੱਟਣ ਵਾਲੇ ਮਹਿਕਮੇ ਦੀ ਸ਼ਰਣ ਲੈਣੀ ਪਈ। ਮੈਂ ਰੈੱਡ ਕਰਾਸ ਵੀ ਏਸੇ ਰਸਤੇ ਗਿਆ। ਸੁਰਜੀਤ ਕੋਲ ਸੇਵਾ ਮੁਕਤ ਹੋਣ ਪਿੱਛੋਂ ਕੋਈ ਕੰਮ ਨਹੀਂ ਸੀ। ਮੈਂ ਉਸ ਵੇਲੇ ਦੀ ਸਰਕਾਰ ਤੋਂ ਉਹਦੇ ਲਈ ਕੰਮ ਮੰਗਣ ਗਿਆ। ਉਲਟਾ ਮੇਰੇ ਨਾਂ ਰੈੱਡ ਕਰਾਸ ਦੀ ਸਕੱਤਰੀ ਮੜ੍ਹੀ ਗਈ। ਮੇਰਾ ਕਸੂਰ ਏਨਾ ਹੀ ਹੈ ਕਿ ਮੈਂ ਨਾਂਹ ਨਹੀਂ ਕਰ ਸਕਿਆ। ਮੈਨੂੰ ਨਾਂਹ ਕਰਨੀ ਹੀ ਨਹੀਂ ਆਉਂਦੀ।” ਗੱਲ ਮੁਕਾ ਕੇ ਉਹਨੇ ਤਾਂ ਹੱਸਣਾ ਹੀ ਸੀ, ਕਾਨਾ ਸਿੰਘ ਵੀ ਹੱਸੇ ਬਿਨਾ ਨਾ ਰਹਿ ਸਕੀ।
ਗੁਲਜ਼ਾਰ ਦਾ ਪਹਿਲਾ ਨਾਂ ਬਲਬੀਰ ਸੀ ਜੋ ਬੱਲਾ ਹੋ ਗਿਆ, ਫਿਰ ਗੁਲਜ਼ਾਰਾ ਰੱਖਿਆ ਗਿਆ। ਜਿਵੇਂ ਦਰਬਾਰ, ਪਿਆਰ, ਸਰਦਾਰ ਆਪਣੇ ਨਾਂ ਰੱਖ ਲੈਣ- ਦਰਬਾਰਾ, ਪਿਆਰਾ, ਸਰਦਾਰਾ। ਡਾæ ਜੌਹਲ ਨੇ ਤਾਂ ਆਪਣਾ ਨਾਂ ਅਖੀਰ ਤਕ ਸਰਦਾਰਾ ਹੀ ਰੱਖਿਆ ਹੋਇਐ, ਪਰ ਸੰਧੂ ਨੇ ਗੁਲਜ਼ਾਰਾ ਤੋਂ ਗੁਲਜ਼ਾਰ ਕਰ ਲਿਆ। ਪਿਛਲਾ ਕੰਨਾ ਉਹ ਕਿਤੇ ਸੁੱਟ ਬੈਠਾ। ਹੁਣ ਪਛਤਾਉਂਦਾ ਕਿ ਓਸ ਕੰਨੇ ਤੋਂ ਬਿਨਾ ਉਹ ਕੰਨਾ ਲੱਗੇ ਡਾæ ਸਰਦਾਰਾ ਸਿੰਘ ਜੌਹਲ ਦੀ ਡਾਹੀ ਨਹੀਂ ਲੈ ਸਕਿਆ।
ਸਰਟੀਫਿਕੇਟ ‘ਤੇ ਉਹ ਗੁਲਜ਼ਾਰਾ ਸਿੰਘ ਸੰਧੂ ਹੀ ਹੈ, ਪਰ ਲੇਖਕ ਦੇ ਤੌਰ ‘ਤੇ ਗੁਲਜ਼ਾਰ ਸਿੰਘ ਸੰਧੂ। ਪਹਿਲਾਂ ਮੈਂ ਵੀ ਆਪਣੇ ਨਾਂ ਨਾਲ ਸਰਵਣ ਸਿੰਘ ਸੰਧੂ ਲਿਖਦਾ ਸੀ। ਮੈਨੂੰ ਸੰਧੂ ਲਾਉਣੋਂ ਗੁਲਜ਼ਾਰ ਸੰਧੂ ਨੇ ਹਟਾਇਆ। ਅਖੇ ਦੋ ਸੰਧੂਆਂ ਦਾ ਭੁਲੇਖਾ ਪੈ ਜਿਆ ਕਰੂ। ਦਲੀਲ ਦਿੱਤੀ, “ਜੇ ਮੇਰਾ ਨਾਂ ਗੁਲਜ਼ਾਰਾ ਰਹਿੰਦਾ ਤਾਂ ਮੈਂ ਹੀ ਸੰਧੂ ਲਾਹ ਦਿੰਦਾ, ਕਿਉਂਕਿ ਨਵੀਂ ਪੀੜ੍ਹੀ ‘ਚ ਕਿਸੇ ਦਾ ਨਾਂ ਗੁਲਜ਼ਾਰਾ ਨਹੀਂ ਰੱਖਿਆ ਜਾਣਾ। ਨਵੀਂ ਪੀੜ੍ਹੀ ‘ਚ ਸਰਵਣ ਨਾਂ ਵੀ ਕਿਸੇ ਨੇ ਨੀ ਰੱਖਣਾ, ਸੋ ਤੂੰ ਹੀ ਲਾਹ ਦੇ।”
ਮੈਂ ਵੱਡੇ ਭਰਾ ਦੀ ਦਲੀਲ ਮੰਨ ਲਈ ਤੇ ਲੇਖਕ ਦੇ ਤੌਰ ‘ਤੇ ਆਪਣੇ ਨਾਂ ਨਾਲੋਂ ਸੰਧੂ ਲਾਹ ਦਿੱਤਾ, ਪਰ ਸਰਟੀਫਿਕੇਟਾਂ ‘ਚ ਨਾ ਸੰਧੂ ਲਹਿਣਾ ਸੀ, ਨਾ ਲਿਹਾ।
1960ਵਿਆਂ ‘ਚ ਦਿੱਲੀ ਉਹਦੇ ਕੋਲ ਮੋਟਰ ਸਾਈਕਲ ਸੀ ਤੇ ਮੇਰੇ ਕੋਲ ਹਰਕੁਲੀਸ ਸਾਈਕਲ। ਉਹ ਪੰਜਾਬ ਤੋਂ ਆਏ ਲੇਖਕਾਂ ਨੂੰ ਸਵਾਰੀ ਦਿੰਦਾ, ਦਾਰੂ ਪਿਆਉਂਦਾ, ਮੁਰਗੇ ਛਕਾਉਂਦਾ, ਘਰ ਰੱਖਦਾ ਤੇ ਮੋਟਰ ਸਾਈਕਲ ‘ਤੇ ਛੱਡਣ ਜਾਂਦਾ। ਜਾਣ ਵੇਲੇ ਪੀਣ ਖਾਣ ਵਾਲੇ ਦੇ ਝੋਲੇ ‘ਚ ਰਾਹ ਜੋਗਾ ਸਮਾਨ ਵੀ ਪਾ ਦਿੰਦਾ। ਮੈਂ ਅੜੇ ਥੁੜੇ ਖਾਲਸਾ ਕਾਲਜ ਦੇ ਡੀæਪੀæਈæ ਸਰਦਾਰ ਪ੍ਰੀਤਮ ਸਿੰਘ ਬੈਂਸ ਤੋਂ ਪੈਸੇ ਫੜ ਕੇ ਡੰਗ ਸਾਰਦਾ। ਮੇਰਾ ਉਹਦੇ ਨਾਲ ਕੀ ਮੁਕਾਬਲਾ ਸੀ? ਸੰਧੂ ਸਰਦਾਰੀ ਮੈਂ ਵੱਡੇ ਭਾਈ ਨੂੰ ਛੱਡਣ ਵਿਚ ਹੀ ਭਲਾ ਸਮਝਿਆ।

ਪ੍ਰੀਤਮ ਸਿੰਘ ਬੈਂਸ ਵੀ ਪਰਉਪਕਾਰੀ ਬੰਦਾ ਸੀ। ਉਸ ਕੋਲ ਗੁਲਜ਼ਾਰ ਸੰਧੂ ਛੇ ਕੁ ਮਹੀਨੇ ਰਿਹਾ ਸੀ। ਦੋਹਾਂ ‘ਚ ਖੁੱਲ੍ਹਦਿਲੇ ਸੁਭਾਅ ਦੀ ਸਾਂਝ ਸੀ। ਜਦੋਂ ਉਹ ਬੈਂਸ ਨੂੰ ਆਪਣੇ ਵਿਆਹ ਦਾ ਸੱਦਾ ਦੇਣ ਗਿਆ ਤਾਂ ਬੈਂਸ ਨੇ ਪੁੱਛਿਆ, “ਵਿਆਹ ਕੀਹਦੇ ਨਾਲ ਹੋ ਰਿਹੈ?”
ਸੰਧੂ ਨੇ ਹੁੱਬ ਕੇ ਦੱਸਿਆ, “ਮਾਝੇ ਦੀ ਕੁੜੀ ਐ, ਪੰਨੂੰਆਂ ਦੀ ਧੀ।”
ਦੁਆਬੀਆ ਬੈਂਸ ਬੋਲਿਆ, “ਮਾਝੇ ਵਾਲੇ ਤਾਂ ਆਪਾਂ ਦੁਆਬੇ ਵਾਲਿਆਂ ਨੂੰ ਕੁੱਟਣਗੇ।”
ਸੰਧੂ ਨੇ ਕਿਹਾ, “ਜੀਹਦੇ ਨਾਲ ਵਿਆਹ ਹੋ ਰਿਹਾ, ਉਹਦਾ ਭਰਾ ਗੁਰਬਚਨ ਸਿੰਘ ਗੁਰਾ ਬੜਾ ਘੈਂਟ ਬੰਦਾ। ਉਹ ਨ੍ਹੀਂ ਕੁੱਟਣ ਦਿੰਦਾ।”
ਗੁਰਬਚਨ ਸਿੰਘ ‘ਗੁਰਾ’ ਖਾਲਸਾ ਕਾਲਜ ਅੰਮ੍ਰਿਤਸਰ ਦਾ ਤਕੜਾ ਖਿਡਾਰੀ ਸੀ। ਲੜਾਈ ਭੜਾਈ ਨੂੰ ਕਾਇਮ। ਪ੍ਰੀਤਮ ਸਿੰਘ ਬੈਂਸ ਉਹਦੇ ਨਾਲ ਪੜ੍ਹਦਾ ਰਿਹਾ ਸੀ। ਉਸ ਨੇ ਕਿਹਾ, “ਜੇ ਗੁਰੇ ਦੀ ਭੈਣ ਐਂ ਤਾਂ ਉਹ ਹੋਰ ਵੀ ਕੁੱਟਣਗੇ।”
ਸੰਧੂ ਨੇ ਪੁੱਛਿਆ, “ਤਾਂ ਫੇਰ ਕੀ ਕਰੀਏ? ਜਵਾਬ ਦੇ ਦੇਈਏ?”
ਬੈਂਸ ਕੁਝ ਪਲ ਚੁੱਪ ਰਿਹਾ। ਸੋਚ ਕੇ ਬੋਲਿਆ, “ਜਵਾਬ ਦਿੱਤਾ ਤਾਂ ਘਰ ਆ ਕੇ ਕੁੱਟਣਗੇ। ਹੁਣ ਤਾਂ ਵਿਆਹ ਕਰਾਉਣਾ ਈ ਪਊ, ਦੇਖੀ ਜਾਊ ਜਿਵੇਂ ਹੋਊ!”
ਉਹਦੀ ਜਨੇਤ ਨੁਸ਼ਹਿਰਾ ਪੰਨੂੰਆਂ ਢੁੱਕੀ। ਕੋਈ ਜਨੇਤੀ ਅੱਗੋਂ ਪਹੁੰਚ ਗਿਆ, ਕੋਈ ਪਿੱਛੋਂ। ਲਾੜਾ ਲੇਟ ਪੁੱਜਾ। ਅਗਾਂਹ ਸਵਾਗਤੀ ਤਿਆਰ ਖੜ੍ਹੇ ਸਨ। ਸੰਧੂ ਦਾ ਕੋਟ ਜਨੇਤ ਵਾਲੀ ਬੱਸ ‘ਚ ਰਹਿ ਗਿਆ ਸੀ। ਹੋਰ ਦੇਰੀ ਕਰਨ ਦੀ ਥਾਂ ਉਸ ਨੇ ਕਾਹਲੀ ਵਿਚ ਆਪਣੇ ਇਕ ਸਿਗਰਟਾਂ ਪੀਣੇ ਦੋਸਤ ਦਾ ਕੋਟ ਪਾ ਲਿਆ। ਮਗਰੋਂ ਦੋਸਤ ਨੂੰ ਸਿਗਰਟ ਪੀਣ ਦੀ ਤਲਬ ਹੋਈ ਤਾਂ ਉਸ ਨੇ ਭਰੀ ਸਭਾ ਵਿਚ ਸਜੇ ਬੈਠੇ ਲਾੜੇ ਦੀ ਜੇਬ ਵਿਚੋਂ ਸਿਗਰਟਾਂ ਦੀ ਡੱਬੀ ਆਣ ਕੱਢੀ। ਵੇਖਣ ਵਾਲੇ ਹੈਰਾਨ! ਏਨਾ ਸ਼ੁਕਰ ਰਿਹਾ ਕਿ ਵਿਆਹ ਵਿਚ ਵਿਘਨ ਨਹੀਂ ਪਿਆ।
ਡਾæ ਸੁਰਜੀਤ ਕੌਰ ਪੰਨੂੰ ਦਿੱਲੀ ਵਿਚ ਗੁਲਜ਼ਾਰ ਸਿੰਘ ਸੰਧੂ ਤੋਂ ਵੱਡੀ ਅਫਸਰ ਸੀ। ਕੁੜੀ ਮਾਝੇ ਦੀ, ਮੁੰਡਾ ਦੁਆਬੇ ਦਾ। ਸੁਰਜੀਤ ਕੌਰ ਦੇ ਪਿਤਾ ਸ਼ ਹਰਬੰਸ ਸਿੰਘ ਪੰਨੂੰ ਬਾਰਾਂ ਤੇਰਾਂ ਸਾਲ ਪਹਿਲਾਂ ਗੁਜ਼ਰ ਗਏ ਸਨ। ਵਿਆਹ ਉਸ ਦੀ ਮਾਤਾ ਬਚਿੰਤ ਕੌਰ ਤੇ ਭਰਾ ਗੁਰਬਚਨ ਸਿੰਘ ਨੇ ਕਰਨਾ ਸੀ। ਇਲਾਕੇ ‘ਚ ਉਨ੍ਹਾਂ ਦੀ ਚੰਗੀ ਪੈਂਠ ਸੀ। ਗੁਲਜ਼ਾਰ ਨੇ ਉਨ੍ਹਾਂ ਨਾਲ ਸਾਵੇਂ ਹੋਣ ਲਈ ਸੰਤ ਸਿੰਘ ਸੇਖੋਂ, ਪ੍ਰੋæ ਮੋਹਣ ਸਿੰਘ, ਸਾਧੂ ਸਿੰਘ ਹਮਦਰਦ, ਸ਼ਾਦੀ ਸਿੰਘ, ਕੁਲਵੰਤ ਸਿੰਘ ਵਿਰਕ, ਸ਼ਸ਼ ਮੀਸ਼ਾ, ਸ਼ਿਵ ਕੁਮਾਰ ਤੇ ਕੁਝ ਹੋਰ ਨਾਮੀ ਲੇਖਕਾਂ ਨੂੰ ਜਨੇਤੀ ਬਣਨ ਦਾ ਸੱਦਾ ਦਿੱਤਾ। ਬੱਸ ਭਰ ਕੇ ਸਹੁਰਿਆਂ ਦੇ ਪਿੰਡ ਨੂੰ ਤੋਰ ਦਿੱਤੀ। ਆਪ ਕਾਰ ਵਿਚ ਜਲੰਧਰੋਂ ਮੋਹਣ ਸਿੰਘ ਤੇ ਹਮਦਰਦ ਹੋਰਾਂ ਨੂੰ ਲੈ ਕੇ ਪਹੁੰਚਣਾ ਸੀ। ਸੰਧੂ ਨੂੰ ਮੋਹਣ ਸਿੰਘ ਦੇ ਘਰੋਂ ਪਤਾ ਲੱਗਾ ਕਿ ਉਹ ਬਾਹਰ ਪਿੱਪਲ ਹੇਠ ਸ਼ਤਰੰਜ ਖੇਡ ਰਹੇ ਹਨ। ਆਬਾਦੀ ਦੇ ਘਣੇ ਪਿੱਪਲਾਂ ‘ਚੋਂ ਉਹ ਪਿੱਪਲ ਮਸਾਂ ਲੱਭਾ ਜਿਥੇ ਮੋਹਣ ਸਿੰਘ ਤੇ ਸਾਧੂ ਸਿੰਘ ਹਮਦਰਦ ਨੇ ਸ਼ਤਰੰਜ ਦੀ ਬਿਸਾਤ ਵਿਛਾਈ ਹੋਈ ਸੀ। ਉਥੇ ਗਿਆਨੀ ਸ਼ਾਦੀ ਸਿੰਘ ਵੀ ਹਾਜ਼ਰ ਸੀ। ਅੱਗੇ ਹੀ ਲੇਟ ਹੋਣ ਦੀ ਦੁਹਾਈ ਪਾ ਕੇ ਸੰਧੂ ਨੇ ਉਹ ਮਸੀਂ ਉਠਾਏ।
ਕਾਰ ਭਜਾ ਕੇ ਉਹ ਨੌਸ਼ਹਿਰੇ ਪਹੁੰਚੇ। ਲਾੜੇ ਦੀ ਉਡੀਕ ‘ਚ ਖੜ੍ਹੀ ਬਰਾਤ ਨੂੰ ਸੁਖ ਦਾ ਸਾਹ ਆਇਆ। ਤਦੇ ਬੱਕਰੀਆਂ ਨਾਲ ਭਰੇ ਟਰੱਕ ‘ਚੋਂ ਤਾਜ਼ਾ ਖਿਜ਼ਾਬ ਲਾਈ ਸੰਤ ਸਿੰਘ ਸੇਖੋਂ ਉਤਰਿਆ। ਮਾਵੇ ਵਾਲੀ ਪੱਗ, ਸੂਟ ਨਾਲ ਮੇਲ ਖਾਂਦੀ ਟਾਈ ਤੇ ਲਿਸ਼ਕਦੇ ਬੂਟ। ਆਉਂਦਾ ਹੀ ਕਹਿੰਦਾ, ਹੋਰ ਕੋਈ ਸਵਾਰੀ ਨੀ ਮਿਲੀ, ਹਾਰ ਕੇ ਬੱਕਰੀਆਂ ਵਾਲੇ ਟਰੱਕ ‘ਤੇ ਚੜ੍ਹ ਕੇ ਆਇਆਂ!
ਰਾਤੀਂ ਦਾਰੂ ਦਾ ਭੰਨਿਆ ਸ਼ਿਵ ਕੁਮਾਰ ਵੀ ਪੁੱਜ ਗਿਆ। ਕੁੜੀ ਵਾਲਿਆਂ ਨੇ ਸਮਝਿਆ ਮੁੰਡੇ ਵਾਲਿਆਂ ਨੇ ਕੋਈ ਗਾਉਣ ਵਾਲਾ ਲਿਆਂਦਾ ਹੋਊ। ਅਖੇ, ਸੇਵਾ ਕਰੋ ਇਹਦੀ। ਤਰਾਰੇ ‘ਚ ਕਰੋ ਇਹਨੂੰ। ਅਨੰਦ ਕਾਰਜ ਹੋਏ ਤਾਂ ਕਹਿੰਦੇ, ਪੜ੍ਹਾਓ ਸਿਹਰਾ ਹੁਣ। ਸ਼ਿਵ ਕੁਮਾਰ ‘ਲੂਣਾ’ ਵਿਚੋਂ ‘ਧੀਆਂ ਦੇ ਦੁੱਖ ਬੁਰੇ’ ਗਾਉਣ ਲੱਗਾ। ਆਵਾਜ਼ ਵਿਚ ਲੋਹੜੇ ਦਾ ਸੋਜ਼। ਧੀਆਂ ਦਾ ਦਰਦ। ਮਝੈਲਾਂ ਦੇ ਅਥਰੂ ਵਹਿ ਤੁਰੇ ਤੇ ਨਾਲ ਹੀ ਦੁਆਬੀਆਂ ਦੇ।
ਸੰਧੂ ਦੱਸਦਾ ਹੈ- ਮੋਹਣ ਸਿੰਘ, ਹਮਦਰਦ, ਵਿਰਕ ਤੇ ਬਟਾਲਵੀ ਵਰਗੇ ਲੇਖਕ ਮੇਰੇ ਮੂੰਹ ਨੂੰ ਓਨੇ ਨਹੀਂ, ਜਿੰਨੇ ਸੇਖੋਂ ਦੀ ਸੰਗਤ ਕਾਰਨ ਆਏ ਸਨ। ਸੇਖੋਂ ਨੇ ਵੀ ਮੇਰੀ ਜੰਜੇ ਆਉਣ ਦਾ ਕਸ਼ਟ ਮੇਰੇ ਲਈ ਨਹੀਂ ਸੀ ਝੱਲਿਆ, ਉਸ ਨੇ ਜਲਾਲ ਉਸਮਾ ਪਿੰਡ ਦੀ ਬੀਬੀ ਨੂੰ ਬਚਨ ਦਿੱਤਾ ਹੋਇਆ ਸੀ ਜਿਹੜੀ ਫਤਿਹਗੜ੍ਹ ਸਾਹਿਬ ਦੇ ਕਾਲਜ ਵਿਚ ਸੇਖੋਂ ਦੇ ਪ੍ਰਿੰਸੀਪਲ ਹੋਣ ਵੇਲੇ ਪ੍ਰੋਫੈਸਰ ਹੁੰਦੀ ਸੀ ਤੇ ਜਿਸ ਦੇ ਹੁਸਨਾਂ ਦੇ ਮਤਵਾਲੇ ਹੋਏ ਸੇਖੋਂ ਨੇ ਵਾਰਿਸ ਦੀ ਹੀਰ ਅੰਗਰੇਜ਼ੀ ਵਿਚ ਅਨੁਵਾਦੀ ਸੀ। ਅਗਲੇ ਦਿਨ ਅਨੰਦ ਕਾਰਜ ਤੋਂ ਪਹਿਲਾਂ ਸੇਖੋਂ ਨੇ ਸਭ ਤੋਂ ਜ਼ਰੂਰੀ ਕੰਮ ਇਹ ਕੀਤਾ ਸੀ ਕਿ ਉਸ ਬੀਬੀ ਨੂੰ ਉਸ ਦੇ ਪਿੰਡ ਜਾ ਕੇ ਆਪਣੇ ਨਾਲ ਲੈ ਆਇਆ ਸੀ। ਮੇਰੇ ਵਿਆਹ ਸਮੇਂ ਸਾਰਾ ਮਾਹੌਲ ਕੁਝ ਏਸ ਤਰ੍ਹਾਂ ਦਾ ਹੋ ਗਿਆ ਸੀ ਜਿਵੇਂ ਉਸ ਦਿਨ ਵਿਆਹ ਮੇਰਾ ਨਹੀਂ, ਸੇਖੋਂ ਦਾ ਸੀ!
ਇਕ ਦੰਦ ਕਥਾ ਅਨੁਸਾਰ, ਵਿਸ਼ਵਾਸ ਬਣਿਆ ਹੋਇਆ ਹੈ ਕਿ ਸੰਧੂਆਂ ਦੀਆਂ ਸੁੱਤਿਆਂ ਵੀ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ। ਸੁੱਤਿਆਂ ਅੱਖਾਂ ਖੁੱਲ੍ਹੀਆਂ ਰਹਿਣ ਦੀ ਗੱਲ ਭਾਵੇਂ ਸੱਚ ਹੋਵੇ ਭਾਵੇਂ ਝੂਠ, ਪਰ ਇਹ ਸੱਚ ਹੈ ਕਿ ਗੁਲਜ਼ਾਰ ਸੰਧੂ ਦੀਆਂ ਅੱਖਾਂ ਬਹੁਤੀ ਦੇਰ ਜਾਗਦੀਆਂ ਨਹੀਂ ਰਹਿ ਸਕਦੀਆਂ। ਉਹ ਕਿਸੇ ਵੀ ਥਾਂ ਵੇਲੇ ਕੁਵੇਲੇ ਸੌਂ ਜਾਣ ਦਾ ਆਦੀ ਹੈ। ਮੰਜੇ ਉਤੇ ਤਾਂ ਹਰ ਕੋਈ ਸੌਂਦਾ ਹੈ; ਉਹ ਕੁਰਸੀ, ਮੇਜ਼, ਵੱਟ-ਬੰਨੇ, ਇਥੋਂ ਤਕ ਕਿ ਕਾਰ ਚਲਾਉਂਦਾ ਵੀ ਠੌਂਕਾ ਲਾ ਲੈਂਦਾ ਹੈ। ਸ਼ੁਕਰ ਹੈ ਕਿ ਸੁੱਤਿਆਂ ਕੋਈ ਵੱਡਾ ਹਾਦਸਾ ਨਹੀਂ ਕੀਤਾ। ਅੱਖ ਮਿਚਦਿਆਂ ਹੀ ਉਹ ਕਾਰ ਸੜਕ ਤੋਂ ਲਾਹ ਲੈਂਦਾ ਹੈ ਤੇ ਸੀਟ ਉਤੇ ਹੀ ਟੇਢਾ ਹੋ ਜਾਂਦਾ ਹੈ। ‘ਦੇਸ਼ ਸੇਵਕ’ ਦੀ ਐਡੀਟਰੀ ਕਰਦਾ ਉਹ ਅਕਸਰ ਛੱਤ ‘ਤੇ ਜਾ ਸੌਂਦਾ ਸੀ। ਇਕ ਵਾਰ ਹਰਕਿਸ਼ਨ ਸਿੰਘ ਸੁਰਜੀਤ ‘ਦੇਸ਼ ਸੇਵਕ’ ਦੇ ਦਫਤਰ ਆਇਆ ਤਾਂ ਸੰਧੂ ਲੱਭੇ ਨਾ। ਕੰਮ ਜ਼ਰੂਰੀ ਸੀ। ਜਨਰਲ ਮੈਨੇਜਰ ਨੂੰ ਲੈ ਕੇ ਲੱਭਦੇ ਲਭਾਉਂਦੇ ਛੱਤ ‘ਤੇ ਚੜ੍ਹੇ ਤਾਂ ਉਹ ਧੁੱਪੇ ਸ਼ਤੀਰੀਆਂ ਜੋੜ ਕੇ ਬਣਾਏ ‘ਪਲੰਘ’ ਉਤੇ ਘੁਰਾੜੇ ਮਾਰਦਾ ਲੱਭਿਆ।
ਉਹ ਦੱਸਦਾ ਹੈ ਕਿ ਉਹਨੇ ਜਿਥੇ ਵੀ ਨੌਕਰੀ ਕੀਤੀ, ਸੌਣ ਦਾ ਪ੍ਰਬੰਧ ਪਹਿਲਾਂ ਕੀਤਾ, ਭਾਵੇਂ ਸ਼ਤੀਰੀਆਂ ਜੋੜ ਕੇ ਹੀ ਕੀਤਾ!
(ਚਲਦਾ)