ਕਮਿਊਨਿਸਟ (ਨਕਸਲੀ) ਆਗੂ ਤੋਂ ਸਿੱਖ ਵਿਦਵਾਨ ਬਣੇ ਸ਼ ਅਜਮੇਰ ਸਿੰਘ ਵੱਲੋਂ ਇਕ ਟੀæਵੀæ ਚੈਨਲ ਨੂੰ ਦਿਤੀ ਇੰਟਰਵਿਊ ਦੇ ਪ੍ਰਸੰਗ ਵਿਚ ‘ਪੰਜਾਬ ਟਾਈਮਜ਼’ ਦੇ 7 ਜਨਵਰੀ 2017 ਦੇ ਅੰਕ ਵਿਚ ਛਪੇ ਸੀਨੀਅਰ ਪੱਤਰਕਾਰ ਤੇ ਸਿੱਖ ਵਿਦਵਾਨ ਕਰਮਜੀਤ ਸਿੰਘ ਚੰਡੀਗੜ੍ਹ ਦੇ ਲੇਖ Ḕਥਿੜਕ ਗਏ ਹਨ ਅਜਮੇਰ ਸਿੰਘ ਆਪਣੀ ਮੰਜ਼ਿਲ ਤੋਂḔ ਉਪਰੰਤ ਅਸੀਂ ਹਜਾਰਾ ਸਿੰਘ ਮਿਸੀਸਾਗਾ (ਕੈਨੇਡਾ), ਤਰਲੋਕ ਸਿੰਘ ਨਿਊ ਜਰਸੀ, ਕਮਲਜੀਤ ਸਿੰਘ ਫਰੀਮਾਂਟ, ਡਾæ ਸੰਦੀਪ ਸਿੰਘ ਅਤੇ ਅਜਮੇਰ ਸਿੰਘ ਦੇ ਸਾਥੀ ਰਹੇ ਗੁਰਬਚਨ ਸਿੰਘ ਅਤੇ ਹਾਕਮ ਸਿੰਘ ਦੇ ਵਿਚਾਰ ਛਾਪ ਚੁਕੇ ਹਾਂ।
ਇਸੇ ਲੜੀ ਵਿਚ ਐਤਕੀਂ ਹਜਾਰਾ ਸਿੰਘ ਮਿਸੀਸਾਗਾ, ਪੰਜਾਬੀ ਯੂਨੀਵਰਸਿਟੀ-ਪਟਿਆਲਾ ਵਿਚ ਗੁਰੂ ਗੰ੍ਰਥ ਸਾਹਿਬ ਵਿਭਾਗ ਦੇ ਮੁਖੀ ਰਹਿ ਚੁਕੇ ਡਾæ ਗੁਰਨਾਮ ਕੌਰ ਕੈਨੇਡਾ ਅਤੇ ਕਮਲਜੀਤ ਸਿੰਘ ਫਰੀਮਾਂਟ ਦੇ ਵਿਚਾਰ ਛਾਪ ਰਹੇ ਹਾਂ। ਸਾਡਾ ਲੇਖਕਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਾਡਾ ਮਨਸ਼ਾ ਇਸ ਮੁੱਦੇ ਉਤੇ ਸੰਜੀਦਾ ਬਹਿਸ ਚਲਾਉਣਾ ਹੈ। ਆਈਆਂ ਹੋਰ ਲਿਖਤਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬੱਸ ਇਕ ਹੀ ਬੇਨਤੀ ਹੈ ਕਿ ਧੀਰਜ ਤੇ ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ
ਹਜ਼ਾਰਾ ਸਿੰਘ
ਫੋਨ: 905-795-3428
ਪੱਤਰਕਾਰ ਸ਼ ਕਰਮਜੀਤ ਸਿੰਘ ਨੇ ਜਿਸ ਤਰਕ ਨਾਲ ਸ਼ ਅਜਮੇਰ ਸਿੰਘ ਨੂੰ ‘ਨੇਸ਼ਨ ਸਟੇਟ’ ਦੀ ਵਿਰੋਧਤਾ ਕਾਰਨ ਖਾਲਿਸਤਾਨ ਤੋਂ ਭਗੌੜਾ ਹੋਣ ਲਈ ਕੋਈ ਰਾਹ ਤਲਾਸ਼ਦੇ ਹੋਣ ਵਾਲਾ ਲਿਖਿਆ ਹੈ, ਉਸ ਤੋਂ ਦੋ ਨਤੀਜੇ ਨਿਕਲਦੇ ਹਨ-ਪਹਿਲਾ, ਇਹ ਕਿ ਖਾਲਿਸਤਾਨ ਵੀ ਇੱਕ ਨੇਸ਼ਨ ਸਟੇਟ ਹੋਏਗਾ। ਦੂਜਾ, ਕਰਮਜੀਤ ਸਿੰਘ ਸਮੇਤ ਬਹੁਤੀਆਂ ਧਿਰਾਂ ਅਜਮੇਰ ਸਿੰਘ ਨੂੰ ਖਾਲਿਸਤਾਨ ਦਾ ਸਿਧਾਂਤਕਾਰ ਮੰਨੀ ਬੈਠੀਆਂ ਸਨ।
ਇਹ ਦੋਵੇਂ ਨੁਕਤੇ ‘ਫਰਜ਼ ਕਰ ਲਓ’ ਦੇ ਭਾਰੀ ਭਰਕਮ ਤਰਕ ‘ਤੇ ਉਸਰੇ ਜਾਪਦੇ ਹਨ। ਖਾਲਿਸਤਾਨ ਵਿਚ ਸਟੇਟ ਦੇ ਸਰੂਪ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ। ਫਿਰ ਇਸ ਦੇ ਨੇਸ਼ਨ ਸਟੇਟ ਹੋਣ ਬਾਰੇ ਤਾਂ ਕਿਸੇ ਨੂੰ ਕੋਈ ਇਲਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਕਰਮਜੀਤ ਸਿੰਘ ਹੁਰਾਂ ਵੱਲੋਂ ‘ਫਰਜ਼ ਕਰੋ’ ਦੇ ਸਿਧਾਂਤ ਨਾਲ ‘ਨੇਸ਼ਨ ਸਟੇਟ’ ਨੂੰ ਖਾਲਿਸਤਾਨ ਨਾਲ ਜੋੜ ਕੇ ਅਜਮੇਰ ਸਿੰਘ ਨੂੰ ਦੋਸ਼ੀ ਬਣਾਉਣ ਦੀ ਇੱਕ ਸਰਲ ਵਿਧੀ ਹੈ, ਜਿਸ ਅਨੁਸਾਰ, ‘ਫਰਜ਼ ਕਰੋ’ ਖਾਲਿਸਤਾਨ ਨੇਸ਼ਨ ਸਟੇਟ ਬਣ ਜਾਂਦਾ ਹੈ ਤਾਂ ਜੋ ਅੱਜ ਨੇਸ਼ਨ ਸਟੇਟ ਦਾ ਵਿਰੋਧ ਕਰਦੇ ਹਨ, ਉਹ ਤਾਂ ਫਿਰ ਖਾਲਿਸਤਾਨ ਦੇ ਵਿਰੋਧੀ ਹੀ ਸਾਬਿਤ ਹੋਣਗੇ।
“ਬੜਾ ਚਲਾਕ ਵਕੀਲ ਸਾਡਾ, ਪਿਆ ਦਫੇ ‘ਤੇ ਦਫਾ ਸੁਣਾਏ ਸਾਨੂੰ। ਫੋਲ ਫੋਲ ਕੇ ਸਭ ਕਾਨੂੰਨ ਦੱਸੇ, ‘ਫਰਜ਼ ਕਰੋ’ ਵਿਚ ਜੇਲ੍ਹ ਪੁਚਾਏ ਸਾਨੂੰ।” ਬੱਸ ਇਸੇ ‘ਫਰਜ਼ ਕਰੋ’ ਦੇ ਤਰਕ ਨਾਲ ਹੀ ਅਜਮੇਰ ਸਿੰਘ ਨੂੰ ਖਾਲਿਸਤਾਨ ਤੋਂ ਭਗੌੜੇ ਅਤੇ ਦੂਸਰੀ ਗੁਲਾਮੀ ਦੇਣ ਵਾਲਿਆਂ ਨਾਲ ਰਲ ਜਾਣ ਦੇ ਤਮਗੇ ਤਕਰੀਬਨ ਦੇ ਹੀ ਦਿੱਤੇ ਗਏ ਹਨ। ਵੈਸੇ, ਆਪਣੀ ਲਿਖਤ, ‘ਅਜਮੇਰ ਸਿੰਘ ਰਾਹੇ ਜਾਂ ਕੁਰਾਹੇ?’ ਰਾਹੀਂ ਕਰਮਜੀਤ ਸਿੰਘ ਕਿਸ ਵਿਸ਼ੇ ਨੂੰ ਬਹਿਸ ਦਾ ਮੁੱਦਾ ਬਣਾਉਣਾ ਚਾਹੁੰਦੇ ਹਨ, ਆਮ ਪਾਠਕ ਨੂੰ ਬਹੁਤਾ ਸਪਸ਼ਟ ਨਹੀ ਹੁੰਦਾ, ਪਰ ਇਹ ਪ੍ਰਭਾਵ ਜ਼ਰੂਰ ਪੈਂਦਾ ਹੈ ਕਿ ਖਾਲਿਸਤਾਨ ਜਾਂ ਸਿੱਖ ਰਾਜ ਦੀ ਕੋਈ ਗੱਲ ਹੋ ਰਹੀ ਹੈ।
ਖਾਲਿਸਤਾਨ ਬਾਰੇ ਅਜੇ ਕਿਸੇ ਨੂੰ ਬਹੁਤਾ ਸਪਸ਼ਟ ਨਹੀ। ਇਹ ਕੇਵਲ ਨਾਹਰੇ ਤੱਕ ਹੀ ਸੀਮਤ ਹੈ। ਦੁਨਿਆਵੀ ਪ੍ਰਬੰਧ ਵਾਸਤੇ ਸਿੱਖਾਂ ਕੋਲ ਗੁਰੂਆਂ ਵੱਲੋਂ ਦਿੱਤਾ ਹੋਇਆ ਕੋਈ ਦਸਤਾਵੇਜ਼ ਨਹੀ ਹੈ। 26 ਸਫਿਆਂ ਦੀ ਰਹਿਤ ਮਰਿਆਦਾ ਵੀ ਵਿਵਾਦਤ ਹੈ ਅਤੇ ਵੇਲਾ ਵਿਹਾ ਚੁਕੀ ਹੈ। ਗੁਰੂ ਗ੍ਰੰਥ ਸਾਹਿਬ ਅਨੁਸਾਰ ਕੋਈ ਪੀਨਲ ਕੋਡ ਨਹੀਂ ਘੜਿਆ ਜਾ ਸਕਦਾ। ਨਾ 18ਵੀਂ ਸਦੀ ਵਾਲਾ ਨਿਜ਼ਾਮ ਬਹਾਲ ਕੀਤਾ ਜਾ ਸਕਦਾ ਹੈ। ਸਟੇਟ ਕਿਸੇ ਤਰ੍ਹਾਂ ਦੀ ਵੀ ਹੋਏ, ਲੋਕਾਂ ਨੂੰ ਦੱਸਣਾ ਪਏਗਾ ਕਿ ਖਾਲਿਸਤਾਨ ਵਿਚ ਉਨ੍ਹਾਂ ਦੇ ਕੀ ਅਧਿਕਾਰ ਹੋਣਗੇ? ਗੈਰ ਸਿੱਖਾਂ ਦੇ ਕੀ ਹੱਕ ਹੋਣਗੇ? ਨਿਰੰਕਾਰੀਆ, ਪ੍ਰੇਮੀਆਂ ਆਦਿ ਨਾਲ ਕਿਵੇਂ ਨਜਿੱਠਿਆ ਜਾਏਗਾ? ਖਾਲਸਾਈ ਰਵਾਇਤਾਂ ਅਨੁਸਾਰ ਸੋਧੇ ਜਾਣ ਦੇ ਅਰਥ ਕੀ ਹੋਣਗੇ? ਆਦਿ ਸਵਾਲਾਂ ਬਾਰੇ ਸਪਸ਼ਟ ਹੋਣਾ ਪਏਗਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮਿਸਾਲ ਨਾਲ ਕੰਮ ਨਹੀਂ ਚੱਲੇਗਾ।
ਇਨ੍ਹਾਂ ਸਵਾਲਾਂ ਦੇ ਉਤਰ ਤਾਂ ਦੂਰ ਦੀ ਗੱਲ, ਅਜੇ ਤੱਕ ਤਾਂ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਖਾਲਿਸਤਾਨ ਦਾ ਨਾਹਰਾ ਲਾਉਣ ਵਾਲੇ ਇਹ ਨਾਹਰਾ ਆਪਣੇ ਆਪ ਲਾ ਰਹੇ ਹਨ ਜਾਂ ਕਿਸੇ ਦੇ ਕਹਿਣ ‘ਤੇ ਲਾ ਰਹੇ ਹਨ, ਜਾਂ ਅਣਜਾਣੇ ਵਿਚ ਹੀ ਕਿਸੇ ਲਈ ਵਰਤੇ ਜਾ ਰਹੇ ਹਨ? ਕਿਉਂਕਿ ਇਸ ਵਰਤਾਰੇ ਤੋਂ ਉਪਜੇ ਭੰਬਲਭੂਸੇ ਕਾਰਨ ਇੱਕ ਤਾਂ ਸਿੱਖ ਭਾਈਚਾਰੇ ਅੰਦਰ ਬੌਧਿਕ ਮਾਰੂਥਲ ਪਸਰ ਗਿਆ ਹੈ ਅਤੇ ਦੂਸਰਾ ਭਾਈਚਾਰੇ ਦੀ ਰਾਜਨੀਤਕ ਹਸਤੀ ਘਟਦੀ ਘਟਦੀ ਜ਼ਮੀਨ ‘ਤੇ ਆਣ ਡਿੱਗੀ ਹੈ। ਪੰਜਾਬ ਵਿਚ ਮੌਜੂਦਾ ਵਿਧਾਨ ਸਭਾ ਚੋਣਾਂ ਇਸ ਦੀ ਮਿਸਾਲ ਹਨ। ਜਿਨ੍ਹਾਂ ਦੌਰਾਨ ਨਵੀਂ ਪਾਰਟੀ ਦੀ ਤਾਂ ਤੂਤੀ ਬੋਲਦੀ ਹੈ ਪਰ ਪੰਥਕ ਧਿਰਾਂ ਗੈਰ ਪ੍ਰਸੰਗਿਕ ਹੋ ਕੇ ਰਹਿ ਗਈਆਂ ਹਨ।
“ਕਿਸੇ ਬੇਦਰਦੀ ਆਣ ਕਸ਼ੀਸ਼ ਦਿੱਤੀ,
ਅੰਗ ਅੰਗ ਕਮਾਨ ਦੇ ਟੁੱਟ ਗਏ ਨੇ।
ਵਾਰਿਸਾ ਕਿਨ੍ਹਾਂ ਫੁਲੇਲੀਆ ਪੀੜੀਆਂ ਈ,
ਇਤਰ ਕੱਢ ਕੇ ਫੋਗ ਨੂੰ ਸੁੱਟ ਗਏ ਨੇ।”
ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਅਤੇ ਕਾਂਗਰਸ ਨੇ ਖਾਲਿਸਤਾਨ ਨੂੰ ਆਪਣੀ ਚੋਣ ਮੁਹਿੰਮ ਵਿਚ ਜਿਵੇਂ ਇੱਕ ਹਊਏ ਵਜੋਂ ਵਰਤਿਆ ਹੈ, ਉਸ ਤੋਂ ਤਾਂ ਇੰਜ ਜਾਪਦਾ ਹੈ ਜਿਵੇਂ ‘ਕਿਸੇ ਹੋਰ ਨੇ’ ਖਾਲਿਸਤਾਨ ਦਾ ਨਾਹਰਾ ਘੜਿਆ ਹੀ ਸਿੱਖਾਂ ਦੀ ਰਾਜਸੀ ਹਸਤੀ ਨੂੰ ਨੇਸਤੋ ਨਬੂਦ ਕਰਨ ਲਈ ਹੋਵੇ।
ਹੁਣ ਆਈਏ ਅਜਮੇਰ ਸਿੰਘ ਨੂੰ ਖਾਲਿਸਤਾਨੀ ਸਿਧਾਂਤਕਾਰ ਸਮਝ ਲਏ ਜਾਣ ਵਾਲੇ ਦੂਸਰੇ ਨੁਕਤੇ ਵੱਲ। ਇਸ ਵਿਚ ਅਜਮੇਰ ਸਿੰਘ ਦਾ ਦੋਸ਼ ਘੱਟ ਪਰ ਉਸ ਨੂੰ ਸਿਧਾਂਤਕਾਰ ਸਮਝਣ ਦਾ ਟਪਲਾ ਖਾਣ ਵਾਲੀਆਂ ਧਿਰਾ ਦਾ ਵੱਧ ਹੈ, ਜਿਨ੍ਹਾਂ ਇਸ ਬਾਰੇ ਪਹਿਲਾਂ ਕੋਈ ਪੜਤਾਲ ਹੀ ਨਹੀਂ ਕੀਤੀ। ਅਜਮੇਰ ਸਿੰਘ ਨੇ ਵਾਪਰ ਚੁਕੀਆਂ ਘਟਨਾਵਾਂ ਦੀ ਜਾਂਚ ਪੜਤਾਲ ਦੇ ਸਿਲਸਿਲੇ ਵਿਚ ਇੱਕ ਵਿਸ਼ਲੇਸ਼ਕ, ਸਲਾਹਕਾਰ, ਖੋਜੀ ਇਤਿਹਾਸਕਾਰ ਆਦਿ ਪੜਾਵਾਂ ਵਿਚ ਦੀ ਲੰਘ ਕੇ ਸਿੱਖ ਚਿੰਤਕ ਦੇ ਤੌਰ ‘ਤੇ ਪਛਾਣ ਬਣਾਈ। ਭਵਿੱਖ ਦੀ ਸੇਧ ਬਾਰੇ ਸਿਧਾਂਤਕਾਰੀ ਉਸ ਨੇ ਪੇਸ਼ ਨਹੀਂ ਕੀਤੀ।
ਜੇ 31 ਜਨਵਰੀ 2017 ਨੂੰ ਉਨ੍ਹਾਂ ਵੱਲੋਂ ਮਸਤੂਆਣੇ ਵਿਚ ਕੀਤੀ ਤਾਜ਼ਾ ਤਕਰੀਰ ਸੁਣੀਏ ਤਾਂ ਪਿਛਲੇ ਇਤਿਹਾਸ ਬਾਰੇ ਖੋਜ ਕਰਦਿਆਂ, ਲਿਖਦਿਆਂ, ਪ੍ਰਚਾਰਦਿਆਂ, ਬੌਧਿਕ ਅਤੇ ਰੂਹਾਨੀ ਵਿਕਾਸ ਦੇ ਪੜਾਵਾਂ ਵਿਚ ਦੀ ਲੰਘਦਿਆਂ ਇੱਕ ਸਿਧਾਂਤਕਾਰ ਦੀ ਬਜਾਏ ਅਜਮੇਰ ਸਿੰਘ ਇੱਕ ਕਥਾਕਾਰ ਜਾਂ ਪ੍ਰਫਾਰਮਰ ਦੇ ਪੜਾਅ ‘ਤੇ ਜਾ ਪਹੁੰਚਿਆ ਵਧੇਰੇ ਜਾਪਦਾ ਹੈ। ਜਿਹੜੀਆਂ ਧਿਰਾਂ ਉਸ ਨੂੰ ਖਾਲਿਸਤਾਨ ਦਾ ਸਿਧਾਂਤਕਾਰ ਸਮਝਦੀਆਂ ਰਹੀਆਂ, ਉਹ ਕੁਝ ਨਿਰਾਸ਼ ਅਤੇ ਨਾਰਾਜ਼ ਹੋ ਕੇ ਅਜਮੇਰ ਸਿੰਘ ਨੂੰ ਕੋਸ ਰਹੀਆਂ ਹਨ। ਉਨ੍ਹਾਂ ਦਾ ਰੋਸ ਸੁਭਾਵਕ ਹੈ, ਕਿਉਂਕਿ ਉਨ੍ਹਾਂ ਨਾਲ ਤਾਂ, ‘ਨਾਲੇ ਬਾਬਾ ਲੱਸੀ ਪੀ ਗਿਆ, ਨਾਲੇ ਦੇ ਗਿਆ ਦੁਆਨੀ ਖੋਟੀ’ ਵਾਲੀ ਹੋਈ।
ਸ਼ ਕਰਮਜੀਤ ਸਿੰਘ ਜਾਂ ਹੋਰ ਧਿਰਾਂ ਕਿਸ ਭੁਲੇਖੇ ਵਿਚ ਰਹੀਆਂ ਇਸ ਦਾ ਕਾਰਨ ਤਾਂ ਉਹ ਜਾਣਨ, ਪਰ ਜੋ ਨੁਕਤੇ ਹੁਣ ਉਠਾਏ ਜਾ ਰਹੇ ਹਨ, ਮੈਨੂੰ ਉਨ੍ਹਾਂ ਬਾਰੇ ਕੋਈ ਦਸ ਵਰ੍ਹੇ ਪਹਿਲਾਂ ਹੀ ਪਤਾ ਲੱਗ ਗਿਆ ਸੀ। ਹੋਇਆ ਇੰਜ ਕਿ ਨਵੰਬਰ 2007 ਵਿਚ ਅਜਮੇਰ ਸਿੰਘ ਪਹਿਲੀ ਵਾਰ ਟੋਰਾਂਟੋ ਆਏ। ਜਿਥੇ 11 ਨਵੰਬਰ 2007 ਨੂੰ ਇੱਕ ਸਮਾਗਮ ਵਿਚ ਉਨ੍ਹਾਂ ਦੀ ਪੁਸਤਕ ‘ਕਿਸ ਬਿਧ ਰੁਲੀ ਪਾਤਸ਼ਾਹੀ’ ਜਾਰੀ ਕੀਤੀ ਗਈ। ਸਮਾਗਮ ਦੌਰਾਨ ਉਨ੍ਹਾਂ ਪ੍ਰਭਾਵਸ਼ਾਲੀ ਭਾਸ਼ਣ ਵੀ ਕੀਤਾ ਅਤੇ ਸਰੋਤਿਆਂ ਦੇ ਲਿਖਤੀ ਸਵਾਲਾਂ ਦੇ ਬਣਦੇ-ਸਰਦੇ ਜਵਾਬ ਵੀ ਦਿੱਤੇ। ਆਪਣੇ ਲੈਕਚਰ ਦੌਰਾਨ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਐਸਾ ਨਾਇਕ ਸਾਬਿਤ ਕੀਤਾ, ਜਿਸ ਨੇ ਸਿੱਖੀ ਪ੍ਰਭੂਤਾ ਦੀ ਕਮਜ਼ੋਰ ਪੈਂਦੀ ਜਾ ਰਹੀ ਧਾਰਾ ਨੂੰ ਮੁੜ ਸੁਰਜੀਤ ਕਰਕੇ ਰਾਸ਼ਟਰਵਾਦ ਦੀ ਜ਼ੋਰੀਂ ਵਗ ਰਹੀ ਧਾਰਾ ਦੇ ਉਲਟ ਵਗਣ ਲਾ ਦਿੱਤਾ ਸੀ, ਜਿਸ ਨੇ ਸਟੇਟ ਦੀ ‘ਹਿੰਸਾ ਅਤੇ ਹਥਿਆਰਾਂ’ ਦੀ ਅਜ਼ਾਰੇਦਾਰੀ ਵਾਲੀ ਸ਼ਕਤੀ ਨੂੰ ਵੰਗਾਰਦਿਆਂ ਸਿੱਖਾਂ ਨੂੰ ਗੁਰੂਆਂ ਵੱਲੋਂ ਬਖਸ਼ੇ ਪਾਤਸ਼ਾਹੀ ਦੇ ਦਾਅਵੇ ਨੂੰ ਮੁੜ ਉਜਾਗਰ ਕਰ ਦਿੱਤਾ ਸੀ।
ਸਮਾਗਮ ਵਿਚ ਹੋਈ ਬ੍ਰੇਕ ਦੌਰਾਨ ਜਦ ਅਜਮੇਰ ਸਿੰਘ ਲੋਕਾਂ ਨੂੰ ਮਿਲ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਲਟੀ ਧਾਰਾ ਵਗਾਉਣ ਦਾ ਕਰੈਡਿਟ ਤਾਂ ਸੰਤਾਂ ਨੂੰ ਜਾਂਦਾ ਹੈ ਪਰ ਇਸ ਉਲਟੀ ਧਾਰਾ ਵਗਾਉਣ ਕਾਰਨ ਹੋਏ ਨੁਕਸਾਨ ਦਾ ਦੋਸ਼ ਕਿਸ ਜ਼ਿੰਮੇ ਲੱਗੇਗਾ? ਉਤਰ ਵਿਚ “ਇਹ ਤਾਂ ਆਪੋ ਆਪਣਾ ਨਜ਼ਰੀਆ ਹੈ” ਕਹਿ ਕੇ ਅਜਮੇਰ ਸਿੰਘ ਮੁੜ ਸਟੇਜ ‘ਤੇ ਜਾ ਬਿਰਾਜੇ। ਮੇਰੀ ਇੱਛਾ ਕੁਝ ਹੋਰ ਜਾਣਨ ਦੀ ਵੀ ਸੀ ਪਰ ਸਮਾਗਮ ਦੌਰਾਨ ਬਹੁਤੇ ਸਵਾਲ ਜਾਂ ਗੱਲਾਂ-ਬਾਤਾਂ ਕਰਨ ਦਾ ਮੌਕਾ ਅਸੰਭਵ ਸੀ। ਸਮਾਗਮ ਤੋਂ ਬਾਅਦ ਉਸੇ ਦਿਨ ਅਜਮੇਰ ਸਿੰਘ ਅਮਰੀਕਾ ਚਲੇ ਗਏ।
ਅਮਰੀਕਾ ਵਿਚ ਅਜਮੇਰ ਸਿੰਘ ਨਾਲ ਗੱਲਬਾਤ ਕਰਨ ਦੇ ਮਨਸ਼ੇ ਨਾਲ ਫੋਨ ਲੱਭ ਕੇ ਕਈ ਥਾਂਵਾਂ ‘ਤੇ ਕਈ ਵਾਰ ਫੋਨ ਕੀਤਾ। ਅਖੀਰ ਇੱਕ ਮਹੀਨੇ ਦੇ ਯੁੱਧ ਤੋਂ ਬਾਅਦ ਅਜਮੇਰ ਸਿੰਘ ਨਾਲ ਫੋਨ ਮਿਲਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਖੋਜ ਕਰਨੀ ਕਿੰਨਾ ਔਖਾ ਕਾਰਜ ਹੈ। ਫੋਨ ਮਿਲ ਜਾਣ ‘ਤੇ ਮੈਂ ਦਿਲੋਂ ਧੰਨਵਾਦੀ ਹੁੰਦਿਆਂ ਆਖਿਆ ਕਿ ਆਪ ਧੰਨਤਾ ਦੇ ਪਾਤਰ ਹੋ ਜੋ ਇਤਨੇ ਸਿਰੜ ਨਾਲ ਗੰਭੀਰ ਖੋਜ ਕਾਰਜ ਕਰ ਰਹੇ ਹੋ, ਮੇਰੀ ਤਾਂ ਤੁਹਾਨੂੰ ਫੋਨ ਰਾਹੀਂ ਖੋਜਦਿਆਂ ਈ ਬੱਸ ਹੋ ਗਈ ਸੀ।
ਇਸ ਤੋਂ ਬਾਅਦ ਮੈਂ ਬੇਨਤੀ ਕੀਤੀ ਕਿ ਆਪ ਲਈ ਮੇਰੇ ਕੋਲ ਦੋ ਸਵਾਲ ਹਨ, ਜੇ ਆਗਿਆ ਹੋਏ ਤਾਂ ਕਰਾਂ? ਮੈਂ ਜੋ ਪਹਿਲਾ ਸਵਾਲ ਕੀਤਾ ਉਹ ਸੀ, “ਤੁਹਾਡੇ ਜ਼ਿਲੇ ਬਠਿੰਡੇ ਵਿਚ ਸਿੱਖਾਂ ਵੱਲੋਂ ਪ੍ਰੇਮੀਆਂ ਦੇ ਘਰਾਂ ਅੰਦਰ ਜਾ ਕੇ ਜੋ ਨਾਮ ਚਰਚਾਵਾਂ ਬੰਦ ਕਰਵਾਈਆਂ ਜਾ ਰਹੀਆਂ ਹਨ, ਇਹ ਸਿੱਖੀ ਦੇ ਕਿਹੜੇ ਸਿਧਾਂਤ ਅਨੁਸਾਰ ਜਾਇਜ਼ ਹਨ?” ਉਤਰ ਵਿਚ ਸ਼ ਅਜਮੇਰ ਸਿੰਘ ਨੇ ਆਖਿਆ, “ਸਿੱਖੀ ਸਿਧਾਂਤਾਂ ਅਨੁਸਾਰ ਤਾਂ ਇਹ ਜਾਇਜ਼ ਨਹੀਂ। ਸਿੱਖੀ ਸਿਧਾਂਤ ਇਸ ਧੱਕੇ ਦੀ ਆਗਿਆ ਨਹੀਂ ਦਿੰਦੇ।”
ਸਿੱਖ ਹਲਕਿਆਂ ਵਿਚ ਐਸਾ ਬੇਬਾਕ ਅਤੇ ਸਪਸ਼ਟ ਉਤਰ ਦੇਣ ਵਾਲੇ ਅਜਮੇਰ ਸਿੰਘ ਪਹਿਲੇ ਵਿਅਕਤੀ (ਸਿਰਦਾਰ ਗੁਰਤੇਜ ਸਿੰਘ ਤੋਂ ਬਾਅਦ) ਮਿਲੇ ਸਨ। ਉਤਰ ਤਸੱਲੀਬਖਸ਼ ਹੋਣ ਕਾਰਨ ਕਿਸੇ ਕਿੰਤੂ-ਪ੍ਰੰਤੂ ਦੀ ਗੁੰਜ਼ਾਇਸ਼ ਹੀ ਨਾ ਰਹੀ। Aੁਂਜ ਥੋੜ੍ਹਾ ਸਮਾਂ ਪਹਿਲਾਂ ਸਲਾਬਤਪੁਰੇ ਵਾਲਾ ਡੇਰਾ ਬੰਦ ਕਰਾਉਣ ਦੇ ਮੋਰਚੇ ਬਾਰੇ ਸਿੱਖ ਜਥੇਬੰਦੀਆਂ ਨੂੰ ਆਪਣੀ ਸਲਾਹ ਅਤੇ ਪ੍ਰੇਰਣਾ ਦਿੰਦਿਆਂ ਅਜਮੇਰ ਸਿੰਘ ਨੇ ਸਲਾਬਤਪੁਰੇ ਨੂੰ ਦੁਸ਼ਟਤਾ ਦਾ ਪ੍ਰਤੀਕ ਦੱਸਦਿਆਂ ਇਹ ਵੀ ਆਖਿਆ ਸੀ ਕਿ ਬਾਦਲ ਨੂੰ ਢਾਹੁਣ ਲਈ ਲੰਮੇ ਸਮੇਂ ਤੋਂ ਜੋ ਯਤਨ ਹੋ ਰਹੇ ਹਨ, ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਜਿਸ ਦਿਨ ਦੁਸ਼ਟਤਾ ਦਾ ਪ੍ਰਤੀਕ ਸਲਾਬਤਪੁਰਾ ਢਹਿ ਜਾਏਗਾ, ਬਾਦਲ ਵੀ ਢਹਿ ਜਾਏਗਾ।
ਖੈਰ, ਬੜੀ ਸਖਤ ਘਾਲਣਾ ਤੋਂ ਬਾਅਦ ਮਿਲੇ ਵਿਦਵਾਨ ਨਾਲ ਬਹਿਸ ਕਰਨ ਦੀ ਥਾਂ ਸਮੇਂ ਦਾ ਲਾਹਾ ਲੈਣ ਲਈ ਮੈਂ ਆਗਿਆ ਲੈ ਕੇ ਦੂਸਰਾ ਅਤੇ ਆਖਰੀ ਸਵਾਲ ਕੀਤਾ, “ਸਿੱਖ ਲੋਕ ਆਪਣੇ ਆਪ ਨੂੰ ਭਾਰਤ ਵਿਚ ਗੁਲਾਮ ਕਹਿੰਦੇ ਹਨ। ਗੁਲਾਮ ਹੁੰਦਿਆਂ ਈ ਅਸੀਂ ਦੁਸਰਿਆਂ ਦੇ ਘਰਾਂ ਵਿਚ ਜਾ ਕੇ ਸਮਾਗਮ ਬੰਦ ਕਰਾਉਂਦੇ ਹਾਂ। ਗੁਲਾਮ ਹੁੰਦਿਆਂ ਈ ਉਨ੍ਹਾਂ ਗਰੀਬ ਲੋਕਾਂ ਦੇ ਨਾਸੀਂ ਧੂੰਆਂ ਦਿੱਤਾ ਹੋਇਆ ਹੈ। ਜੇ ਕੱਲ੍ਹ ਨੂੰ ਆਜ਼ਾਦ ਹੋ ਕੇ ਸਿੱਖਾਂ ਦਾ ਰਾਜ ਆ ਗਿਆ ਤਾਂ ਫਿਰ ਸਿੱਖ ਰਾਜ ਵਿਚਲੀਆਂ ਇਨ੍ਹਾਂ ਘੱਟਗਣਿਤੀਆਂ ਨਾਲ ਕੀ ਵਿਹਾਰ ਕੀਤਾ ਜਾਏਗਾ?” ਉਤਰ ਵਿਚ ਅਜਮੇਰ ਸਿੰਘ ਨੇ ਕਿਹਾ, “ਇਨ੍ਹਾਂ ਸਭ ਦੇ ਤੁਖਮ ਉਡਾ ਦੇਣਗੇ। ਅਜੇ ਅਸੀਂ ਰਾਜ ਕਰਨ ਦੇ ਲਾਇਕ ਨਹੀਂ। ਅਜੇ ਸਾਨੂੰ ਰਾਜ ਨਹੀਂ ਮਿਲਣਾ ਚਾਹੀਦਾ। ਅਜੇ ਸਿੱਖ ਰਾਜ ਕਰਨ ਯੋਗ ਨਹੀਂ।”
ਉਤਰ ਸੁਣ ਕੇ ਮੈਂ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਫਤਿਹ ਬੁਲਾ ਕੇ ਫੋਨ ਬੰਦ ਕਰ ਦਿੱਤਾ। ਐਸੇ ਬੇਬਾਕ, ਧਲੱੜੇਦਾਰ ਅਤੇ ਸਪਸ਼ਟ ਉਤਰ ਕਿਸੇ ਸਿੱਖ ਵਿਦਵਾਨ ਕੋਲੋਂ ਪਹਿਲੀ ਵਾਰ ਸੁਣੇ ਹੋਣ ਕਾਰਨ ਮੇਰੇ ਮਨ ਵਿਚ ਅਜਮੇਰ ਸਿੰਘ ਦਾ ਸਤਿਕਾਰ ਹੋਰ ਵਧ ਗਿਆ। ਉਤਰਾਂ ਦਾ ਸਰੂਪ ਵਿਗੜ ਜਾਣ ਦੇ ਡਰੋਂ ਸੀਨੇ ਵਿਚ ਸਾਂਭਣ ਦੀ ਬਜਾਏ ਕਾਗਜ਼ ‘ਤੇ ਉਤਾਰ ਲਏ ਤਾਂ ਜੋ ਕਿਸੇ ਢੁੱਕਵੇਂ ਸਮੇਂ ਕੰਮ ਆ ਸਕਣ। ਮੇਰੇ ਖਿਆਲ ਅਨੁਸਾਰ ਪੱਤਰਕਾਰ ਕਰਮਜੀਤ ਸਿੰਘ ਵੱਲੋਂ ਛੇੜੇ ਚਰਚੇ ਕਾਰਨ ਹੁਣ ਇਹ ਉਤਰ ਸਭ ਨਾਲ ਸਾਂਝੇ ਕਰਨ ਦਾ ਢੁੱਕਵਾਂ ਸਮਾਂ ਆ ਗਿਆ ਸੀ। ਆਸ ਹੈ, ਚੱਲ ਰਹੀ ਚਰਚਾ ਵਿਚ ਇਸ ਦਾ ਕੁਝ ਨਾ ਕੁਝ ਲਾਭ ਜ਼ਰੂਰ ਹੋਏਗਾ।
ਪੁਸਤਕ ਸਮਾਗਮ ਸਬੰਧੀ ਇੱਕ ਹੋਰ ਗੱਲ ਕਿ ਟੋਰਾਂਟੋ ਵਿਚ ਪੁਸਤਕ ਜਾਰੀ ਕਰਨ ਵਾਲੇ ਸਮਾਗਮ ਦਾ ਐਲਾਨ ਕਾਫੀ ਪਹਿਲਾਂ ਹੀ ਹੋ ਚੁੱਕਾ ਸੀ। ਪੁਸਤਕ ਵਿਚਲੇ ਵਿਸ਼ੇ ਦੇ ਮੱਦੇਨਜ਼ਰ ਪ੍ਰਤੀਕਰਮ ਵਜੋਂ ਸਮਾਗਮ ਤੋਂ ਦੋ ਦਿਨ ਪਹਿਲਾਂ 9 ਨਵੰਬਰ 2007 ਨੂੰ ਟੋਰਾਂਟੋ ਤੋਂ ਛਪਦੇ ਅਖਬਾਰ ‘ਖਬਰਨਾਮਾ’ ਵਿਚ ਮੇਰੀ ਇੱਕ ਚਿੱਠੀ, ‘ਇਸ ਬਿਧ ਰੁਲੀ ਪਾਤਸ਼ਾਹੀ’ (ਕਿਸੇ ਕਾਰਨ ਸੰਪਾਦਕ ਵੱਲੋਂ ‘ਕਿਸ ਬਿਧ’ ਦੀ ਥਾਂ ‘ਇਸ ਬਿਧ’ ਕਰ ਦਿੱਤਾ ਗਿਆ) ਦੇ ਅਨੁਵਾਨ ਹੇਠ ਛਪੀ। ਇਸ ਚਿੱਠੀ ਵਿਚ ਲਿਖਿਆ ਸੀ ਕਿ ਗੱਲ ਪਾਤਸ਼ਾਹੀ ਦੇ ਦਾਅਵੇ ਕਰਨ ਜਾਂ ਨਾਂ ਕਰਨ ਦੀ ਨਹੀਂ। ਅਸਲ ਗੱਲ ਭੱਜਦੇ-ਟੁੱਟਦੇ ਸਾਮਰਾਜਾਂ ਦੌਰਾਨ ਪੈਦਾ ਹੋਏ ਢੁਕਵੇਂ ਮੌਕੇ ਨੂੰ ਸਾਂਭ ਸਕਣ ਦੀ ਹੈ। ਇਸ ਲਈ ਪ੍ਰਤੀਕੂਲ ਹਾਲਾਤ ਵਿਚ ਹੋਂਦ ਬਚਾਈ ਰੱਖਣ ਅਤੇ ਅਨੁਕੂਲ ਹਾਲਾਤ ਵਿਚ ਪੈਦਾ ਹੋਇਆ ਸੰਭਾਵੀ ਮੌਕਾ ਸਾਂਭਣ ਲਈ ਸਮਰੱਥਾ ਪੈਦਾ ਕਰਨ ਦੀ ਲੋੜ ਹੁੰਦੀ ਹੈ। ਫੋਨ ‘ਤੇ ਹੋਈ ਗੱਲਬਾਤ ਦੌਰਾਨ ਅਜਮੇਰ ਸਿੰਘ ਨੂੰ ਇਹ ਚਿੱਠੀ ਅਖਬਾਰ ‘ਅੰਮ੍ਰਿਤਸਰ ਟਾਈਮਜ਼’ ਰਾਹੀਂ ਪ੍ਰਾਪਤ ਕਰ ਲੈਣ ਦੀ ਬੇਨਤੀ ਵੀ ਕਰ ਦਿੱਤੀ। ਮੈਨੂੰ ਬਹੁਤ ਖੁਸ਼ੀ ਹੋਈ ਜਦ ਅਜਮੇਰ ਸਿੰਘ ਨੇ ਮੌਜੂਦਾ ਚਰਚਾ ਦਾ ਆਧਾਰ ਬਣੀਆਂ ਦੋ ਟੀæਵੀæ ਮੁਲਾਕਾਤਾਂ ਵਿਚੋਂ ਦੂਸਰੀ ਵਿਚ ਮੇਰੀ ਇਸ ਚਿੱਠੀ ਦੇ ਲਫਜ਼ਾਂ ਨੂੰ ਕਿਸੇ ਵੱਡੇ ਲੇਖਕ ਦਾ ਨਾਂ ਲੈ ਕੇ ਹੂਬਹੂ ਦੁਹਰਾ ਦਿੱਤਾ। ਇਸ ਤੋਂ ਮੈਨੂੰ ਇੰਜ ਜਾਪਿਆ ਜਿਵੇਂ ਕੋਈ ਵੱਡਾ ਵਿਦਵਾਨ ਮੇਰੇ ਵੱਲੋਂ ਨੌਂ ਸਾਲ ਪਹਿਲਾ ਲਿਖੀ ਗੱਲ ਦੀ ਪ੍ਰੋੜਤਾ ਕਰ ਰਿਹਾ ਹੋਏ। ਪਲ ਭਰ ਲਈ ਮੈਨੂੰ ਇੰਜ ਜਾਪਿਆ ਕਿ ਜਿਸ ਪੜਾਅ ‘ਤੇ ਮੈਂ ਨੌਂ ਸਾਲ ਪਹਿਲਾਂ ਸਾਂ, ਅਜਮੇਰ ਸਿੰਘ ਉਥੇ ਹੁਣ ਪਹੁੰਚੇ ਹਨ। ਟੀæਵੀæ ਇੰਟਰਵਿਊ ਦੇ ਇਹ ਲਫਜ਼ ਸੁਣਦਿਆਂ ਹੀ ਅਜਮੇਰ ਸਿੰਘ ਵੱਲੋਂ ਨੌਂ ਸਾਲ ਪਹਿਲਾਂ ਕੀਤੇ ਕਥਨ, “ਅਜੇ ਅਸੀਂ ਰਾਜ ਕਰਨ ਦੇ ਲਾਇਕ ਨਹੀਂ। ਅਜੇ ਸਾਨੂੰ ਰਾਜ ਨਹੀਂ ਮਿਲਣਾ ਚਾਹੀਦਾ। ਅਜੇ ਸਿੱਖ ਰਾਜ ਕਰਨ ਯੋਗ ਨਹੀਂ।” ਇੱਕ ਵਾਰ ਫਿਰ ਮੇਰੇ ਮਨ ਅੰਦਰ ਘੁੰਮ ਗਏ।