ਸਿੱਖ ਧਰਮ ਅਤੇ ਸਟੇਟ ਦਾ ਸੰਕਲਪ

ਪਿਆਰੇ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ।
‘ਪੰਜਾਬ ਟਾਈਮਜ਼’ ਵਿਚ ਵਿਚਾਰ-ਚਰਚਾ ਅਧੀਨ ਚਲਾਈ ਜਾ ਰਹੀ ਲੜੀ ਬਹੁਤ ਦਿਲਚਸਪ ਮੋੜ ‘ਤੇ ਆ ਗਈ ਜਾਪਦੀ ਹੈ। ਮੇਰੀ ਮੁਰਾਦ 4 ਫਰਵਰੀ 2017 ਦੇ ਅੰਕ ਵਿਚ ਸ਼ ਹਾਕਮ ਸਿੰਘ ਦੇ ਲੇਖ ਵਿਚ ਸਿੱਖ ਧਰਮ ਵਿਚੋਂ ਸਟੇਟ ਦੇ ਸੰਕਲਪ ਨੂੰ ਬਿਲਕੁਲ ਗੈਰ-ਸਿੱਖੀ ਸਾਬਤ ਕਰਨ ਨਾਲ ਹੈ।

ਉਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਿੱਖ ਧਰਮ ਤਾਂ ਹਰ ਭੌਤਿਕ ਵਸਤੂ ਜਾਂ ਪਦਾਰਥਵਾਦੀ ਜੀਵਨ ਨੂੰ ਜੜ੍ਹੋਂ ਮਨਜ਼ੂਰ ਨਹੀਂ ਕਰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਮਨੁੱਖਤਾ ਤਾਂ ਇਕੋ ਨੂਰ ਦੀ ਉਪਜ ਹੈ ਅਤੇ ਇਸ ਵਿਚ ਰਾਜਾ ਜਾਂ ਪਰਜਾ ਦਾ ਸੰਕਲਪ ਹੀ ਅਲੋਪ ਹੋ ਜਾਂਦਾ ਹੈ।
ਇਸ ਸਬੰਧ ਵਿਚ ਸੁਖਮਨੀ ਸਾਹਿਬ ਵਿਚ ਦਰਜ ‘ਮਿਥਿਆ ਰਾਜ ਜੋਬਨ ਧਨ ਮਾਲ’ ਤੁਕ ਢੁਕਵਾਂ ਸੰਦੇਸ਼ ਦਿੰਦੀ ਹੈ। ਗੁਰੂ ਸਾਹਿਬ ਨੇ ਰਾਜ ਨੂੰ ‘ਮਿਥਿਆ’ ਆਖਿਆ ਹੈ ਤੇ ਇਸ ਦੀ ਪ੍ਰਾਪਤੀ ਸਿੱਖ ਫਸਲਫੇ ਦੇ ਦਾਇਰੇ ਵਿਚ ਨਹੀਂ ਆਉਂਦੀ।
ਹਾਕਮ ਸਿੰਘ ਦੇ ਲੇਖ ਨੇ ਖਾਲਿਸਤਾਨੀਆਂ ਵਲੋਂ ਖਾਲਿਸਤਾਨ ਦੇ ਸੰਕਲਪ ਨੂੰ ਸਿੱਖ ਧਰਮ ਨਾਲ ਜੋੜਨ ਜਾਂ ਆਧਾਰ ਬਣਾਉਣ ਦੀ ਜੜ੍ਹ ਹੀ ਪੁੱਟ ਕੇ ਰੱਖ ਦਿੱਤੀ ਹੈ। ਉਨ੍ਹਾਂ ਨੇ ਦਸਮ ਗ੍ਰੰਥ ਦੇ ਹਵਾਲੇ ਨਾਲ ਖਾਲਿਸਤਾਨੀਆਂ ਦੀ ਧਾਰਮਿਕ ਓਟ ਸਰਕਾ ਦਿੱਤੀ ਹੈ।
ਹਾਲਾਂ ਕਿ ਹਾਕਮ ਸਿੰਘ ਵਲੋਂ ਆਪਣੇ ਲੇਖ ਦੇ ਪਹਿਲੇ ਪੈਰੇ ਵਿਚ ਵਰਤੀ ਗਈ ਸ਼ਬਦਾਬਲੀ ਹੀ ਸਟੇਟ ਅਤੇ ਸਿੱਖੀ ਨੂੰ ਅੱਡ ਕਰਨ ਵਿਚ ਕਾਮਯਾਬ ਹੈ ਪਰ ਅੱਗਿਓਂ ਦਸਮ ਗ੍ਰੰਥ, ਆਰæਐਸ਼ਐਸ਼, ਖਾਲਿਸਤਾਨੀਆਂ ਦੇ ਹਵਾਲੇ, ਆਰੀਆ ਸਮਾਜੀਆਂ ਵਲੋਂ ਵੇਦ ਕਾਲ ਦੇ ਸੁਪਨੇ, ਧੀਰਮੱਲੀਆਂ, ਅੰਗਰੇਜ਼ਾਂ, ਮਾਝੇ ਜਾਂ ਮਾਲਵੇ ਦੇ ਸਿੱਖਾਂ ਦੇ ਵਿਚਾਰ, 18ਵੀਂ ਸਦੀ ਦੇ ਕਾਰਨਾਮਿਆਂ ਦਾ ਭਾਰ, ਸਿੱਖ ਸਿਆਸਤ ਉਤੇ ਜਥੇਦਾਰਾਂ ਦਾ ਪ੍ਰਭਾਵ, ਗੈਰ-ਰਸਮੀ ਵਿਚਾਰਕ ਨੂੰ ਡਰਾਉਣ-ਧਮਕਾਉਣ ਦੀ ਲੜੀ ਪਰੋ ਕੇ ਲੇਖਕ ਨੇ ਖਾਲਿਸਤਾਨ ਨੂੰ ਧਰਮ ਦੇ ਚਬੂਤਰੇ ਤੋਂ ਲਾਹ ਕੇ ਜ਼ਮੀਨ ‘ਤੇ ਰੱਖ ਦਿੱਤਾ ਹੈ, ਅਤੇ ਰੱਖਿਆ ਵੀ ਸਿਆਸਤ ਦੇ ਪੈਰਾਂ ਹੇਠ।
-ਕਮਲਜੀਤ ਸਿੰਘ ਫਰੀਮਾਂਟ