ਸਿੱਖ ਤਾਂ ਬਣ ਲਓ ਪਹਿਲਾਂ…

ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਸਿੱਖੀ ਸਾਨੂੰ ਦਿੱਤੀ ਸੀ, ਅਸੀਂ ਅੱਜ ਉਸ ਤੋਂ ਕੋਹਾਂ ਦੂਰ ਜਾ ਚੁਕੇ ਹਾਂ ਜਿਸ ਦਾ ਜਿਉਂਦਾ ਜਾਗਦਾ ਸਬੂਤ ਸਾਡੇ ਗੁਰੂ ਘਰਾਂ ਵਿਚ ਪ੍ਰਬੰਧਕਾਂ ਦੀ ਹਉਮੈ ਹੈ। ਕਹਿਣ ਨੂੰ ਅਸੀਂ ਗੁਰੂ ਘਰ ਹਉਮੈ ਮਾਰਨ ਜਾਂਦੇ ਹਾਂ ਪਰ ਹੁੰਦਾ ਇਸ ਤੋਂ ਉਲਟ ਹੈ। ਇਸੇ ਸਭ ਉਤੇ ਇਸ ਲੇਖ ਵਿਚ ਮਾਸਟਰ ਦੀਵਾਨ ਸਿੰਘ ਨੇ ਉਂਗਲ ਧਰੀ ਹੈ।

-ਸੰਪਾਦਕ

ਮਾਸਟਰ ਦੀਵਾਨ ਸਿੰਘ
ਕਾਰਟਰੇਟ, ਨਿਊ ਜਰਸੀ
ਫੋਨ: 732-850-2719

ਪੰਦਰਵੀਂ ਸਦੀ ਦਾ ਸਮਾਂ ਸੀ, ਜਦੋਂ ਹਿੰਦੂ ਧਰਮ ਦੀਆਂ ਕੁਰੀਤੀਆਂ ਨੇ ਹਿੰਦੂਆਂ ਨੂੰ ਕਮਜ਼ੋਰ ਕਰ ਕੇ ਰੱਖ ਦਿੱਤਾ ਸੀ। ਰੱਬ ਦੀ ਪੂਜਾ ਛੱਡ ਕੇ ਲੋਕ ਲੱਖਾਂ ਦੇਵੀ-ਦੇਵਤਿਆਂ, ਪਸ਼ੂਆਂ, ਪਹਾੜਾਂ, ਪੱਥਰਾਂ ਤੇ ਸੱਪਾਂ ਆਦਿ ਦੀ ਪੂਜਾ ਕਰਨ ਲਗ ਪਏ ਸਨ। ਸਾਰਾ ਸਮਾਜ ਵਹਿਮਾਂ-ਭਰਮਾਂ ਅਤੇ ਪਖੰਡਾਂ ਵਿਚ ਫਸਿਆ ਹੋਇਆ ਸੀ। ਪੰਡਿਤ ਗਲ ਵਿਚ ਜੰਜੂ ਪਾ ਕੇ, ਮੱਥੇ ਤਿਲਕ ਲਾ ਕੇ ਤੇ ਬੋਦੀ ਰੱਖ ਕੇ ਆਪਣੇ ਆਪ ਨੂੰ ਪਵਿੱਤਰ ਤੇ ਮਹਾਨ ਸਮਝਦਾ ਸੀ। ਸ਼ੂਦਰ ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਸਨ। ਗਰੀਬ ਤੇ ਨਾਰੀ ਦੀ ਹਾਲਤ ਬਹੁਤ ਤਰਸਯੋਗ ਸੀ। ਮੁਗਲ ਰਾਜੇ ਹਿੰਦੂਆਂ ਦੀ ਫੁੱਟ ਦਾ ਫਾਇਦਾ ਉਠਾ ਕੇ ਉਨ੍ਹਾਂ ‘ਤੇ ਜਬਰ ਜ਼ੁਲਮ ਢਾਹ ਰਹੇ ਸਨ। ਉਸ ਵੇਲੇ ਦੀ ਸੜਦੀ-ਬਲਦੀ ਦੁਨੀਆਂ ਨੂੰ ਠੰਢਕ ਪਾਉਣ ਵਾਸਤੇ 1469 ਈਸਵੀ ਵਿਚ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ।
ਗੁਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਲੋਕਾਂ ਨੂੰ ਸਮਝਾਇਆ ਕਿ ਰੱਬ ਇਕ ਹੈ, ਉਹ ਮੌਤ ਤੋਂ ਰਹਿਤ ਹੈ, ਉਹ ਸਰਬ-ਸ਼ਕਤੀਮਾਨ ਹੈ, ਉਹ ਸਭ ਕੁਝ ਕਰਨ-ਕਰਾਉਣ ਵਾਲਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਦੇਵੀ-ਦੇਵਤਿਆਂ, ਪਸ਼ੂਆਂ, ਪਹਾੜਾਂ ਆਦਿ ਨੂੰ ਛੱਡ ਕੇ ਉਸ ਪਰਵਰਦਗਾਰ ਦੀ ਅਰਾਧਨਾ ਕਰੀਏ। ਇਹ ਸਾਰੇ ਪਖੰਡ ਜਿਵੇਂ ਜੰਜੂ ਪਾਉਣਾ, ਬੋਦੀ ਰੱਖਣੀ, ਸੁਆਹ ਮਲਣੀ, ਜਟਾਂ ਰੱਖਣੀਆਂ ਜਾਂ ਘਰੜ ਕਰਾਉਣਾ, ਤੀਰਥਾਂ ‘ਤੇ ਇਸ਼ਨਾਨ ਕਰਨੇ ਆਦਿ ਦਾ ਆਤਮਿਕ ਜੀਵਨ ਅਤੇ ਰੱਬ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਵਹਿਮਾਂ-ਭਰਮਾਂ ਤੇ ਪਖੰਡਾਂ ਨੂੰ ਛੱਡ ਕੇ, ਉਸ ਪਰਮਾਤਮਾ ਦਾ ਨਾਮ ਜਪਣਾ ਹੈ।
ਬਾਬੇ ਨਾਨਕ ਨੇ ਸਾਨੂੰ ਜ਼ਿੰਦਗੀ ਨੂੰ ਸਫਲ ਬਣਾਉਣ ਵਾਸਤੇ ਤਿੰਨ ਮੁਢਲੇ ਸਿਧਾਂਤ ਦਿੱਤੇ-ਨਾਮ ਜਪਣਾ, ਸੱਚ ਬੋਲਣਾ ਅਤੇ ਧਰਮ ਦੀ ਕਿਰਤ ਕਰਨੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੱਖ ਤੋਂ ਸਿੰਘ ਬਣਾ ਦਿੱਤਾ। ਉਨ੍ਹਾਂ ਸਿੱਖ ਨੂੰ ਸਿਪਾਹੀ ਦਾ ਰੂਪ ਦਿੱਤਾ ਅਤੇ ਫੌਜੀ ਵਰਦੀ ਪਹਿਨਣ ਵਾਸਤੇ ਹਦਾਇਤ ਕੀਤੀ ਤੇ ਜ਼ੁਲਮ ਵਿਰੁਧ ਲੜਨ ਲਈ ਹਰ ਵੇਲੇ ਤਿਆਰ-ਬਰ-ਤਿਆਰ ਰਹਿਣ ਲਈ ਆਖਿਆ।
ਸਿੱਖ ਇਕ ਸਿੱਖਿਆਰਥੀ ਹੈ, ਜਿਹੜਾ ਹਰ ਵੇਲੇ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਕੋਈ ਸਿੱਖ ਗੁਰੂਘਰ ਜਾਂਦਾ ਹੈ ਤਾਂ ਉਸ ਨੇ ਆਪਣੇ ਹੰਕਾਰ ਨੂੰ ਛੱਡ ਕੇ ਸੱਚ ਬੋਲਣਾ ਸਿੱਖਣਾ ਹੈ ਅਤੇ ਆਪਣੇ ਵਿਚ ਤਿਆਗ ਦੀ ਭਾਵਨਾ ਪੈਦਾ ਕਰਨੀ ਅਤੇ ਚੰਗਾ ਭਾਈਚਾਰਾ ਕਾਇਮ ਕਰਨਾ ਹੁੰਦਾ ਹੈ। ਦਸਵੇਂ ਪਾਤਸ਼ਾਹ ਨੇ ਸਾਨੂੰ ਹੁਕਮ ਦਿੱਤਾ, ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਹੈ, ਉਸ ਦਾ ਅਧਿਐਨ ਕਰਨਾ ਹੈ ਅਤੇ ਉਸ ਵਿਚ ਜੋ ਕੁਝ ਲਿਖਿਆ ਹੈ, ਉਸ ਅਨੁਸਾਰ ਆਪਣੀ ਜ਼ਿੰਦਗੀ ਢਾਲਣ ਦੀ ਕੋਸ਼ਿਸ਼ ਕਰਨੀ ਹੈ।
ਅਨੇਕਾਂ ਹੀ ਐਸੇ ਪ੍ਰਾਣੀ ਹਨ ਜੋ ਅੰਮ੍ਰਿਤਧਾਰੀ ਹਨ, ਸੱਚ ਬੋਲਦੇ ਨੇ, ਧਰਮ ਦੀ ਕਿਰਤ ਕਰਦੇ ਨੇ, ਨਾਮ ਜਪਦੇ ਨੇ, ਹੰਕਾਰ ਛੱਡ ਕੇ ਗੁਰੂ ਘਰਾਂ ਵਿਚ ਸੇਵਾ ਕਰਦੇ ਨੇ। ਉਹ ਰੱਬ ਦਾ ਰੂਪ ਨੇ ਅਤੇ ਉਹ ਪੂਜਣਯੋਗ ਨੇ, ਪਰ ਕੁਝ ਐਸੇ ਵੀ ਹਨ, ਜਿਨ੍ਹਾਂ ਦੀ ਸਿੱਖੀ ਕੇਵਲ ਬਾਣੇ ਤੱਕ ਸੀਮਤ ਹੈ, ਧਰਮ ਅਤੇ ਰੱਬ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਝੂਠ ਬੋਲਣਾ ਉਨ੍ਹਾਂ ਦਾ ਰੋਜ਼ ਦਾ ਕੰਮ ਹੈ। ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠ ਕੇ ਸ਼ਰ੍ਹੇਆਮ ਝੂਠ ਬੋਲਦੇ ਨੇ। ਬਾਣੀ ਵਿਚ ਜ਼ਿਕਰ ਆਉਂਦਾ ਹੈ, ਸਚੁ ਸਾਲਾਹੀ ਧੰਨ ਗੁਰਦੁਆਰ॥ ਉਹ ਹੀ ਗੁਰਦੁਆਰਾ ਧੰਨ ਹੈ ਜਿਥੇ ਸੱਚ ਚੱਲਦਾ ਹੈ, ਪਰ ਇਹ ਲੋਕ ਤਾਂ ਗੁਰੂ ਘਰ ਦੀ ਗੋਲਕ ਦੀ ਦੁਰਵਰਤੋਂ ਕਰਦੇ ਨੇ। ਇਨ੍ਹਾਂ ਵਾਸਤੇ ਤਾਂ ਗੁਰੂ ਘਰ ਇਮੀਗ੍ਰੇਸ਼ਨ ਦਾ ਦਫਤਰ ਹੈ ਜਿਥੋਂ ਇਹ ਆਪਣੇ ਰਿਸ਼ਤੇਦਾਰਾਂ ਅਤੇ ਕੁਝ ਹੋਰ ਲੋਕਾਂ ਨੂੰ ਅਮਰੀਕਾ ਦਾ ਵੀਜ਼ਾ ਦਿਵਾ ਕੇ ਧਨ ਕਮਾਉਂਦੇ ਨੇ। ਵੈਸੇ ਤਾਂ ਇਹ ਅੰਮ੍ਰਿਤਧਾਰੀ ਨੇ, ਇਨ੍ਹਾਂ ਨੂੰ ਸਿੰਘ ਆਖਣਾ ਚਾਹੀਦਾ ਹੈ, ਪਰ ਅਸਲ ਵਿਚ ਤਾਂ ਇਹ ਸਿੱਖ ਅਖਵਾਉਣ ਦੇ ਵੀ ਹੱਕਦਾਰ ਨਹੀਂ ਹਨ; ਕਿਉਂਕਿ ਜੇ ਕਛਹਿਰਾ ਅਤੇ ਕਿਰਪਾਨ ਨਾਲ ਸਿੱਖ ਬਣਦੇ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਨੇ ਮਿੱਟੀ ਦਾ ਤੇਲ ਪਾ ਕੇ ਮਸੰਦ ਕਿਉਂ ਫੂਕਣੇ ਸਨ। ਮਸੰਦ ਵੀ ਤਾਂ ਵੱਡੇ-ਵੱਡੇ ਕਛਹਿਰੇ ਪਾਉਂਦੇ ਸਨ, ਵੱਡੀਆਂ-ਵੱਡੀਆਂ ਕਿਰਪਾਨਾਂ ਪਹਿਨਦੇ ਸਨ।
ਗੁਰੂ ਗੋਬਿੰਦ ਸਿੰਘ ਵੇਲੇ ਚੇਤੋ ਨਾਂ ਦਾ ਮਸੰਦ ਹੁੰਦਾ ਸੀ। ਉਹ ਮਸੰਦਾਂ ਦਾ ਵੀ ਸਰਦਾਰ ਸੀ ਅਤੇ ਉਸ ਨੂੰ ਮੁਖੀ ਮਸੰਦ ਆਖਦੇ ਸਨ। ਚੇਤੋ ਨੇ ਗੁਰੂਘਰ ਦੇ ਗਹਿਣੇ ਚੋਰੀ ਕੀਤੇ ਅਤੇ ਗੁਰੂ ਜੀ ਅੱਗੇ ਝੂਠ ਬੋਲਿਆ, ਮੁੱਕਰ ਗਿਆ ਕਿ ਉਸ ਨੇ ਚੋਰੀ ਕੀਤੀ ਹੈ। ਗੁਰੂ ਜੀ ਤਾਂ ਆਪ ਜਾਣੀ-ਜਾਣ ਸਨ। ਉਨ੍ਹਾਂ ਸਿੰਘਾਂ ਨੂੰ ਹੁਕਮ ਦਿੱਤਾ ਕਿ ਪਹਿਲਾਂ ਚੇਤੋ ਦੀਆਂ ਲੱਤਾਂ ਅਤੇ ਬਾਹਾਂ ਵੱਢੀਆਂ ਜਾਣ, ਫਿਰ ਗੁੜ ਦਾ ਕੜਾਹਾ ਗਰਮ ਕੀਤਾ ਜਾਵੇ ਅਤੇ ਚੇਤੋ ਨੂੰ ਉਸ ਤਪਦੇ ਗੁੜ ਦੇ ਕੜਾਹੇ ਵਿਚ ਸੁਟ ਕੇ ਇਸ ਦੇ ਸਿਰ ਵਿਚ ਤਪਦਾ ਤਪਦਾ ਗੁੜ ਪਾ ਕੇ ਸਾੜਿਆ ਜਾਵੇ।
ਅੱਜ ਇਨ੍ਹਾਂ ਮਸੰਦਾਂ ਦੀਆਂ ਔਲਾਦਾਂ ਗੁਰੂ ਘਰਾਂ ਉਤੇ ਕਬਜ਼ਾ ਕਰ ਕੇ ਬੈਠੀਆਂ ਹਨ। ਅੱਜ ਕੱਲ੍ਹ ਵੀ ਗੁਰੂ ਘਰਾਂ ਵਿਚ ਕੁਝ ਮਸੰਦ ਹੁੰਦੇ ਹਨ ਅਤੇ ਇਕ ਉਨ੍ਹਾਂ ਦਾ ਸਰਦਾਰ ਹੁੰਦਾ ਹੈ ਜਿਸ ਨੂੰ ਅਸੀਂ ਮੁਖੀ ਮਸੰਦ ਕਹਿ ਸਕਦੇ ਹਾਂ। ਸਿੱਖ ਤਾਂ ਉਹ ਹੈ ਜੋ, ਆਪਣਾ ਵਿਚਾਰ ਵਿਰਾਨਾ ਸਾਂਢੇ। ਸਿੱਖ ਆਪਣਾ ਵਿਗਾੜ ਕੇ ਵੀ ਦੂਸਰੇ ਦਾ ਸੁਆਰਦਾ ਹੈ, ਪਰ ਇਹ ਮਸੰਦ ਤਾਂ ਗੁਰੂ ਘਰ ‘ਤੇ ਕਬਜ਼ਾ ਰੱਖਣ ਲਈ ਕੋਈ ਵੀ ਗਲਤ ਤੋਂ ਗਲਤ ਕੰਮ ਕਰਨ ਲਈ ਤਿਆਰ ਹਨ।
ਜੋਤਿ ਓਹਾ ਜੁਗਤਿ ਸਾਇ
ਸਹਿ ਕਾਇਆ ਫੇਰ ਪਲਟੀਐ॥ (ਪੰਨਾ 966)
ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ, ਸਾਰੇ ਗੁਰੂ ਇਕ ਹੀ ਜੋਤ ਹਨ। ਤਕਰੀਬਨ ਢਾਈ ਸੌ ਸਾਲ ਦੀ ਕਮਾਈ ਤੋਂ ਬਾਅਦ, ਉਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰੂ ਗ੍ਰੰਥ ਸਾਹਿਬ ਪੜ੍ਹਨ ਤੋਂ ਬਾਅਦ ਪਤਾ ਲਗਦਾ ਹੈ ਕਿ ਗੁਰੂ ਸਾਹਿਬਾਨ ਨੇ ਸੱਚ ਬੋਲਣ, ਨਾਮ ਜਪਣ, ਧਰਮ ਦੀ ਕਿਰਤ ਕਰਨ, ਨਿਮਰਤਾ ਵਿਚ ਰਹਿਣ, ਚੁਗਲੀ ਨਿੰਦਾ ਨਾ ਕਰਨ ਉਤੇ ਜ਼ੋਰ ਦਿੱਤਾ ਹੈ, ਵਹਿਮਾਂ-ਭਰਮਾਂ ਤੋਂ ਬਚਣ ਬਾਰੇ ਕਿਹਾ ਹੈ ਅਤੇ ਧਾਰਮਿਕ ਭੇਖ ਨੂੰ ਭੰਡਿਆ ਹੈ,
ਮਥੈ ਟਿਕਾ ਤੇੜਿ ਧੋਤੀ ਕਖਾਈ॥
ਹਥਿ ਛੁਰੀ ਜਗਤ ਕਾਸਾਈ॥
ਭਗਤ ਕਬੀਰ ਜੀ ਫਰਮਾਉਂਦੇ ਹਨ:
ਗੱਲੀ ਜਿਨ੍ਹਾ ਜਪਮਾਲੀਆਂ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥
ਇਹ ਲੋਕ ਗਲ ਵਿਚ ਮਾਲਾ ਪਾ ਕੇ ਅਤੇ ਹੱਥਾਂ ਵਿਚ ਲੋਟੇ ਚੁੱਕੀ ਫਿਰਦੇ ਨੇ। ਇਹ ਕੋਈ ਧਰਮੀ ਬੰਦੇ ਨਹੀਂ, ਇਹ ਤਾਂ ਬਨਾਰਸ ਦੇ ਠੱਗ ਹਨ।
ਇਨ੍ਹਾਂ ਪੰਡਿਤਾਂ ਦੀ ਜਗ੍ਹਾ ਹੁਣ ਮਸੰਦਾਂ ਨੇ ਲੈ ਲਈ ਹੈ। ਇਨ੍ਹਾਂ ਨੇ ਵੀ ਗਲਾਂ ਵਿਚ ਕਿਰਪਾਨਾਂ ਪਾ ਕੇ ਅਤੇ ਸਿਰਾਂ ਉਤੇ ਵੱਡੇ-ਵੱਡੇ ਪੱਗੜ ਬੰਨ੍ਹ ਕੇ ਗੁਰੂਘਰਾਂ ਨੂੰ ਲੁੱਟਣਾ ਸ਼ੁਰੂ ਕੀਤਾ ਹੋਇਆ ਹੈ। ਇਹ ਵੀ ਬਨਾਰਸ ਦੇ ਠੱਗਾਂ ਨਾਲੋਂ ਘੱਟ ਨਹੀਂ ਹਨ। ਇਹ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਨਹੀਂ ਮੰਨਦੇ, ਕਿਉਂਕਿ ਇਹ ਕਹਿੰਦੇ ਹਨ ਕਿ ਇਹ ਬਾਣੀ ਤਾਂ ਗੁਰੂ ਸਾਹਿਬਾਨ ਨੇ ਹਿੰਦੂਆਂ ਨੂੰ ਸਮਝਾਉਣ ਵਾਸਤੇ ਲਿਖੀ ਸੀ। ਇਹ ਮਸੰਦ ਆਪਣੇ ਆਪ ਨੂੰ ਪੱਕੇ ਸਿੱਖ ਸਮਝਦੇ ਹਨ, ਕਿਉਂਕਿ ਇਨ੍ਹਾਂ ਨੇ ਬਾਣਾ ਪਾਇਆ ਹੋਇਆ ਹੈ। ਜੇ ਕੋਈ ਹੋਰ ਸਿੱਖ, ਕਿੰਨਾ ਵੀ ਸੱਚਾ ਹੋਵੇ, ਇਨ੍ਹਾਂ ਨੂੰ ਕੋਈ ਸੁਝਾਅ ਦੇਣ ਦੀ ਕੋਸ਼ਿਸ਼ ਕਰੇ, ਤਾਂ ਇਨ੍ਹਾਂ ਕੋਲੋਂ ਉਸ ਨੂੰ ਇਹ ਸੁਣਨਾ ਪੈਂਦਾ ਹੈ, “ਸਿੱਖ ਤਾਂ ਬਣ ਲਓ ਪਹਿਲਾਂæææ ਗੁਰੂ ਵਾਲੇ ਤਾਂ ਬਣ ਲਓ ਪਹਿਲਾਂ।”
ਸਵਾਲ ਹੈ, 1699 ਈਸਵੀ ਵਿਚ ਵਿਸਾਖੀ ਵਾਲੇ ਦਿਨ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਸਿੱਖ ਨੂੰ ਸਿੰਘ ਦਾ ਰੂਪ ਦਿੱਤਾ ਸੀ, ਕੀ ਉਸ ਤੋਂ ਪਹਿਲਾਂ ਕੋਈ ਸਿੱਖ ਨਹੀਂ ਸਨ? ਕੀ ਸਾਰੇ ਹੀ ਸਿੱਖ ਬੇਗੁਰੇ ਸਨ? ਕੁਝ ਲੋਕ ਇਹ ਸਮਝਦੇ ਹਨ ਕਿ ਉਹ ਇਸ ਕਰ ਕੇ ਮਹਾਨ ਹਨ ਕਿ ਉਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ। ਉਹ ਇਸ ਦਾ ਬਹੁਤ ਹੰਕਾਰ ਕਰਦੇ ਹਨ, ਪਰ ਗੁਰੂ ਜੀ ਤਾਂ ਧਾਰਮਿਕ ਭੇਖ ਦਾ ਹੰਕਾਰ ਕਰਨ ਵਾਲਿਆਂ ‘ਤੇ ਤਕੜੀ ਚੋਟ ਮਾਰਦੇ ਹਨ,
ਭੇਖ ਕਰੈ ਬਹੁਤੁ ਚਿਤ ਡੋਲੈ
ਅੰਤਰਿ ਕਾਮੁ ਕ੍ਰੋਧੁ ਅਹੰਕਾਰੁ॥
ਅਤੇ
ਅੰਤਰਿ ਲੋਭ ਹਲਕੁ ਦੁਖੁ ਭਾਰੀ
ਬਿਨੁ ਬਿਬੇਕ ਭਰਮਾਇ॥ (ਪੰਨਾ 1132)
ਇਹ ਧਾਰਮਿਕ ਭੇਖੀ ਲੋਕ ਕੁੱਤਿਆਂ ਦੀ ਨਿਆਈਂ ਹਨ। ਇਹ ਮਾਇਆ ਦੇ ਲੋਭੀ ਬੜੇ ਹੰਕਾਰੀ ਹੋ ਚੁੱਕੇ ਹਨ ਅਤੇ ਗੁਰੂ ਘਰਾਂ ਵਿਚ ਕੁੱਤਿਆਂ ਦੀ ਤਰ੍ਹਾਂ ਭੌਂਕਦੇ ਤੇ ਲੜਦੇ ਹਨ। ਕਈ ਵਾਰ ਇਨ੍ਹਾਂ ਦੀ ਭੁੱਖ ਇੰਨੀ ਵਧ ਜਾਂਦੀ ਹੈ ਕਿ ਇਹ ਹਲਕ ਜਾਂਦੇ ਹਨ। ਆਪਣੇ-ਪਰਾਏ ਦਾ ਇਨ੍ਹਾਂ ਨੂੰ ਫਰਕ ਨਹੀਂ ਪਤਾ ਲੱਗਦਾ, ਇਹ ਆਪ ਵੀ ਦੁਖੀ ਹੁੰਦੇ ਹਨ ਅਤੇ ਦੂਜਿਆਂ ਨੂੰ ਵੀ ਵੱਢਦੇ ਹਨ।
ਕੁਰਾਨ ਸ਼ਰੀਫ ਵਿਚ ਲਿਖਿਆ ਹੈ ਕਿ ਅੱਲ੍ਹਾ ਨੇ ਹਰ ਪ੍ਰਾਣੀ ਦੇ ਗਲ ਵਿਚ ਤਖਤੀ ਪਾਈ ਹੋਈ ਹੈ ਜਿਸ ਉਤੇ ਹਰ ਰੋਜ਼ ਦਾ ਲੇਖਾ-ਜੋਖਾ ਲਿਖਿਆ ਜਾਂਦਾ ਹੈ ਅਤੇ ਇਕ ਦਿਨ ਇਸ ਦਾ ਹਿਸਾਬ ਜ਼ਰੂਰ ਹੋਣਾ ਹੈ। ਇਸ ਕਰ ਕੇ ਹਰ ਸਿੱਖ ਨੇ ਪਰਮਾਤਮਾ ਤੋਂ ਡਰ ਕੇ ਰਹਿਣਾ ਹੈ। ਮਨ ਮੂੜੇ ਦੇਖਿ ਰਹਿਉ ਪ੍ਰਭ ਸੁਆਮੀ॥ ਪਰ ਸਾਡੇ ਚੌਧਰੀਆਂ ਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਇਨ੍ਹਾਂ ਦੀਆਂ ਸਾਰੀਆਂ ਕਰਤੂਤਾਂ ਦੇਖ ਰਿਹਾ ਹੈ।
ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ ਅਤੇ ਦਸਾਂ ਗੁਰੂਆਂ ਦੀ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਹੈ, ਸਦਾ ਸੱਚ ਬੋਲਦਾ ਹੈ, ਨਾਮ ਜਪਦਾ ਹੈ, ਧਰਮ ਦੀ ਕਿਰਤ ਕਰਦਾ ਹੈ, ਹੰਕਾਰ ਨੂੰ ਆਪਣੇ ਅੰਦਰੋਂ ਕੱਢਦਾ ਹੈ। ਸਿੱਖ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ, ਪਰ ਉਸ ਨੂੰ ਮਨ ਵਿਚ ਇਹ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਇਕੱਲਾ ਬਾਣਾ ਪਾਉਣ ਨਾਲ ਪ੍ਰਾਣੀ ਅੰਮ੍ਰਿਤਧਾਰੀ ਨਹੀਂ ਬਣਦਾ। ਜਦੋਂ ਤੱਕ ਉਹ ਅੰਮ੍ਰਿਤ ਬਾਣੀ ਦੀ ਆਪਣੇ ਦਿਲ ਵਿਚ ਧਾਰਨਾ ਨਹੀਂ ਕਰਦਾ, ਬਾਣੇ ਦਾ ਆਤਮਿਕ ਜੀਵਨ ਅਤੇ ਰੱਬ ਨਾਲ ਕੋਈ ਸਬੰਧ ਨਹੀਂ ਹੈ।